Skip to content

Skip to table of contents

ਕੁਦਰਤੀ ਆਫ਼ਤਾਂ ਅਤੇ ਇਨ੍ਹਾਂ ਪਿੱਛੇ ਇਨਸਾਨ ਦਾ ਹੱਥ

ਕੁਦਰਤੀ ਆਫ਼ਤਾਂ ਅਤੇ ਇਨ੍ਹਾਂ ਪਿੱਛੇ ਇਨਸਾਨ ਦਾ ਹੱਥ

ਕੁਦਰਤੀ ਆਫ਼ਤਾਂ ਅਤੇ ਇਨ੍ਹਾਂ ਪਿੱਛੇ ਇਨਸਾਨ ਦਾ ਹੱਥ

ਜੇ ਤੁਸੀਂ ਹਮੇਸ਼ਾ ਆਪਣੀ ਕਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹੋ, ਤਾਂ ਇਹ ਆਵਾਜਾਈ ਦਾ ਵਧੀਆ ਸਾਧਨ ਸਾਬਤ ਹੁੰਦੀ ਹੈ। ਲੇਕਿਨ ਜੇ ਤੁਸੀਂ ਇਸ ਨੂੰ ਸੰਭਾਲ ਕੇ ਨਹੀਂ ਚਲਾਉਂਦੇ, ਤਾਂ ਤੁਸੀਂ ਜ਼ਰੂਰ ਖ਼ਤਰਾ ਸਹੇੜ ਰਹੇ ਹੋਵੋਗੇ। ਕੁਝ ਹੱਦ ਤਕ ਇਹ ਗੱਲ ਸਾਡੀ ਧਰਤੀ ਉੱਤੇ ਵੀ ਲਾਗੂ ਹੁੰਦੀ ਹੈ।

ਕਈ ਸਾਇੰਸਦਾਨਾਂ ਅਨੁਸਾਰ ਧਰਤੀ ਦੇ ਵਾਯੂਮੰਡਲ ਅਤੇ ਮਹਾਂਸਾਗਰਾਂ ਵਿਚ ਆਈਆਂ ਤਬਦੀਲੀਆਂ ਪਿੱਛੇ ਇਨਸਾਨ ਦਾ ਹੱਥ ਹੈ ਜਿਸ ਕਰਕੇ ਭਿਆਨਕ ਕੁਦਰਤੀ ਆਫ਼ਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਹੈ। ਸਾਇੰਸ ਰਸਾਲੇ ਨੇ ਮੌਸਮ ਵਿਚ ਤਬਦੀਲੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਇੱਕੋ-ਇਕ ਧਰਤੀ ਨੂੰ ਅੰਨ੍ਹੇਵਾਹ ਤਬਾਹ ਕਰ ਰਹੇ ਹਾਂ।

ਇਹ ਸਮਝਣ ਲਈ ਕਿ ਵਧ ਰਹੀਆਂ ਕੁਦਰਤੀ ਆਫ਼ਤਾਂ ਅਤੇ ਉਨ੍ਹਾਂ ਦੁਆਰਾ ਢਾਹੇ ਜਾਂਦੇ ਕਹਿਰ ਵਿਚ ਇਨਸਾਨ ਕਿੰਨਾ ਕੁ ਹਿੱਸਾ ਪਾ ਰਹੇ ਹਨ, ਸਾਨੂੰ ਮੌਸਮ ਦੀ ਕੁਦਰਤੀ ਪ੍ਰਕ੍ਰਿਆ ਬਾਰੇ ਕੁਝ ਜਾਣਕਾਰੀ ਲੈਣ ਦੀ ਲੋੜ ਹੈ। ਮਿਸਾਲ ਲਈ, ਤੂਫ਼ਾਨ ਕਿਵੇਂ ਪੈਦਾ ਹੁੰਦੇ ਹਨ?

ਤਾਪ ਦਾ ਵਟਾਂਦਰਾ

ਧਰਤੀ ਦਾ ਵਾਯੂਮੰਡਲ ਇਕ ਅਜਿਹੀ ਮਸ਼ੀਨ ਵਾਂਗ ਹੈ ਜੋ ਸੂਰਜ ਤੋਂ ਮਿਲੀ ਊਰਜਾ ਨੂੰ ਤਾਪ ਵਿਚ ਬਦਲ ਕੇ ਸਾਰੀ ਧਰਤੀ ਉੱਤੇ ਖਿਲਾਰਦੀ ਹੈ। ਤਪਤਖੰਡੀ ਦੇਸ਼ਾਂ ਨੂੰ ਜ਼ਿਆਦਾ ਸੂਰਜੀ ਗਰਮੀ ਮਿਲਦੀ ਹੈ ਜਿਸ ਕਰਕੇ ਇੱਥੇ ਦਾ ਵਾਯੂਮੰਡਲ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸ ਕਾਰਨ ਵਾਯੂਮੰਡਲ ਵਿਚ ਹਲਚਲ ਪੈਦਾ ਹੋ ਜਾਂਦੀ ਹੈ। * ਫਿਰ ਧਰਤੀ ਦੇ ਆਪਣੇ ਧੁਰੇ ਦੁਆਲੇ ਰੋਜ਼ਾਨਾ ਚੱਕਰ ਕੱਢਣ ਕਾਰਨ ਇਹ ਨਮੀ ਨਾਲ ਭਰੀਆਂ ਹਵਾਵਾਂ ਗੋਲ-ਗੋਲ ਘੁੰਮਣ ਲੱਗਦੀਆਂ ਹਨ ਤੇ ਕੁਝ ਇਲਾਕਿਆਂ ਵਿਚ ਹਵਾ ਦੇ ਦਬਾਅ ਨੂੰ ਘਟਾ ਦਿੰਦੀਆਂ ਹਨ। ਇਹ ਹਵਾਵਾਂ ਹੀ ਬਾਅਦ ਵਿਚ ਚੱਕਰਵਾਤਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ।

ਜੇ ਤੁਸੀਂ ਜਾਂਚ ਕਰੋ, ਤਾਂ ਤੁਸੀਂ ਦੇਖੋਗੇ ਕਿ ਤੂਫ਼ਾਨ ਆਮ ਤੌਰ ਤੇ ਭੂਮੱਧ-ਰੇਖਾ ਦੇ ਗਰਮ ਇਲਾਕਿਆਂ ਤੋਂ ਉੱਪਰਲੀ ਜਾਂ ਹੇਠਲੀ ਦਿਸ਼ਾ ਵਿਚ ਠੰਡਿਆਂ ਇਲਾਕਿਆਂ ਨੂੰ ਜਾਂਦੇ ਹਨ। ਇਸ ਤਰ੍ਹਾਂ ਤੂਫ਼ਾਨ ਸੂਰਜ ਦੀ ਗਰਮੀ ਨੂੰ ਗਰਮ ਇਲਾਕਿਆਂ ਤੋਂ ਠੰਢੇ ਇਲਾਕਿਆਂ ਵਿਚ ਲੈ ਜਾਂਦੇ ਹਨ ਜਿਸ ਨਾਲ ਤਾਪਮਾਨ ਦਰਮਿਆਨਾ ਬਣਿਆ ਰਹਿੰਦਾ ਹੈ। ਪਰ ਜਦੋਂ ਮਹਾਂਸਾਗਰ ਦੀ ਸਤਹ ਤੇ ਪਾਣੀ ਦਾ ਤਾਪਮਾਨ 27 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਜਾਂਦਾ ਹੈ, ਤਾਂ ਤੂਫ਼ਾਨੀ ਹਵਾਵਾਂ ਵਿਚ ਇੰਨੀ ਊਰਜਾ ਆ ਸਕਦੀ ਹੈ ਕਿ ਇਹ ਚੱਕਰਵਾਤ ਦਾ ਰੂਪ ਧਾਰ ਸਕਦੀਆਂ ਹਨ।

ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵਿਨਾਸ਼ਕਾਰੀ ਕੁਦਰਤੀ ਆਫ਼ਤ 8 ਸਤੰਬਰ 1900 ਨੂੰ ਟੈਕਸਸ ਦੇ ਗਾਲਵੈਸਟਨ ਟਾਪੂ ਉੱਤੇ ਆਇਆ ਭਿਆਨਕ ਹਰਿਕੇਨ ਸੀ। ਇਸ ਸ਼ਹਿਰ ਵਿਚ ਵਿਸ਼ਾਲ ਸਮੁੰਦਰੀ ਲਹਿਰਾਂ ਨੇ 6,000 ਤੋਂ 8,000 ਤਕ ਬੰਦੇ ਮਾਰੇ ਅਤੇ ਲਾਗਲੇ ਇਲਾਕਿਆਂ ਵਿੱਚੋਂ 4,000 ਹੋਰ। ਤਕਰੀਬਨ 3,600 ਘਰ ਵੀ ਤਬਾਹ ਕੀਤੇ ਗਏ ਸਨ। ਅਸਲ ਵਿਚ ਗਾਲਵੈਸਟਨ ਸ਼ਹਿਰ ਵਿਚ ਕੋਈ ਵੀ ਇਮਾਰਤ ਇਸ ਤੂਫ਼ਾਨ ਦੇ ਕਹਿਰ ਤੋਂ ਬਚ ਨਾ ਸਕੀ।

ਜਿਸ ਤਰ੍ਹਾਂ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਹੈ, ਹਾਲ ਹੀ ਦੇ ਸਮੇਂ ਵਿਚ ਬਹੁਤ ਵੱਡੇ-ਵੱਡੇ ਤੂਫ਼ਾਨ ਆਏ ਹਨ। ਸਾਇੰਸਦਾਨ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਸ ਦਾ ਧਰਤੀ ਦੇ ਤਾਪਮਾਨ ਵਧਣ (global warming) ਨਾਲ ਕੋਈ ਸੰਬੰਧ ਹੈ ਜੋ ਤੂਫ਼ਾਨਾਂ ਨੂੰ ਜ਼ਿਆਦਾ ਊਰਜਾ ਦੇ ਰਹੇ ਹਨ। ਲੇਕਿਨ ਤੂਫ਼ਾਨਾਂ ਤੋਂ ਇਲਾਵਾ ਧਰਤੀ ਦਾ ਤਾਪਮਾਨ ਵਧਣ ਦੇ ਹੋਰ ਵੀ ਖ਼ਤਰਨਾਕ ਨਤੀਜੇ ਹੋ ਸਕਦੇ ਹਨ।

ਸਮੁੰਦਰਾਂ ਵਿਚ ਪਾਣੀ ਦਾ ਵਧ ਰਿਹਾ ਪੱਧਰ ਅਤੇ ਜੰਗਲਾਂ ਦੀ ਕਟਾਈ

ਸਾਇੰਸ ਨਾਂ ਦੇ ਰਸਾਲੇ ਅਨੁਸਾਰ “ਪਿਛਲੇ ਸੌ ਸਾਲਾਂ ਦੌਰਾਨ ਸਮੁੰਦਰਾਂ ਵਿਚ ਪਾਣੀ ਦਾ ਪੱਧਰ ਚਾਰ ਤੋਂ ਅੱਠ ਇੰਚ ਉੱਚਾ ਹੋ ਗਿਆ ਹੈ ਅਤੇ ਲੱਗਦਾ ਹੈ ਕਿ ਇਹ ਹੋਰ ਵੀ ਉੱਚਾ ਹੋਵੇਗਾ।” ਧਰਤੀ ਦੇ ਤਾਪਮਾਨ ਦੇ ਵਧਣ ਦਾ ਇਸ ਨਾਲ ਕੀ ਸੰਬੰਧ ਹੈ? ਖੋਜਕਾਰਾਂ ਅਨੁਸਾਰ ਦੋ ਤਰੀਕਿਆਂ ਨਾਲ ਸੰਬੰਧ ਹੋ ਸਕਦਾ ਹੈ। ਇਕ ਹੋ ਸਕਦਾ ਹੈ ਧਰਤੀ ਉੱਤੇ ਧਰੁਵੀ ਬਰਫ਼ ਅਤੇ ਗਲੇਸ਼ੀਅਰਾਂ ਦਾ ਪਿਘਲਣਾ ਜਿਸ ਨਾਲ ਸਮੁੰਦਰਾਂ ਵਿਚ ਹੋਰ ਵੀ ਜ਼ਿਆਦਾ ਪਾਣੀ ਜਮ੍ਹਾ ਹੋ ਰਿਹਾ ਹੈ। ਦੂਸਰਾ ਹੋ ਸਕਦਾ ਹੈ ਕਿ ਜਿਉਂ-ਜਿਉਂ ਮਹਾਂਸਾਗਰਾਂ ਦਾ ਪਾਣੀ ਨਿੱਘਾ ਹੁੰਦਾ ਹੈ, ਤਿਉਂ-ਤਿਉਂ ਪਾਣੀ ਫੈਲਦਾ ਹੈ ਤੇ ਇਸ ਦਾ ਪੱਧਰ ਉੱਚਾ ਹੁੰਦਾ ਜਾਂਦਾ ਹੈ।

ਸ਼ਾਂਤ ਮਹਾਂਸਾਗਰ ਵਿਚ ਟੂਵਾਲੂ ਨਾਂ ਦੇ ਟਾਪੂ ਉੱਤੇ ਪਾਣੀ ਦੇ ਵਧ ਰਹੇ ਪੱਧਰ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਸਮਿਥਸੋਨੀਅਨ ਰਸਾਲੇ ਦੇ ਅਨੁਸਾਰ ਫੁਨਾਫੁਟੀ ਨਾਂ ਦੇ ਟਾਪੂ ਤੇ ਕੀਤੀ ਗਈ ਜਾਂਚ ਤੋਂ ਪਤਾ ਚੱਲਦਾ ਹੈ ਕਿ ‘ਪਿਛਲੇ ਦਹਾਕੇ ਵਿਚ ਉੱਥੇ ਸਮੁੰਦਰੀ ਪਾਣੀ ਦਾ ਪੱਧਰ ਹਰ ਸਾਲ ਔਸਤਨ ਤੌਰ ਤੇ ਲਗਭਗ 6 ਮਿਲੀਮੀਟਰ ਚੜ੍ਹਿਆ।’

ਸੰਸਾਰ ਦੀ ਵਧ ਰਹੀ ਆਬਾਦੀ ਦੇ ਨਤੀਜੇ ਵਜੋਂ ਸ਼ਹਿਰਾਂ ਦਾ ਘੇਰਾ ਫੈਲ ਰਿਹਾ ਹੈ, ਝੁੱਗੀਆਂ-ਝੌਂਪੜੀਆਂ ਵਿਚ ਵਾਧਾ ਹੋ ਰਿਹਾ ਹੈ ਤੇ ਜੰਗਲੀ ਇਲਾਕੇ ਖ਼ਤਮ ਹੁੰਦੇ ਜਾ ਰਹੇ ਹਨ। ਇਨ੍ਹਾਂ ਹਾਲਾਤਾਂ ਦੀ ਵਜ੍ਹਾ ਕਰਕੇ ਵੀ ਕੁਦਰਤੀ ਤਬਾਹੀਆਂ ਜ਼ਿਆਦਾ ਘਾਤਕ ਸਾਬਤ ਹੁੰਦੀਆਂ ਹਨ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।

ਹੈਟੀ ਨਾਂ ਦੇ ਟਾਪੂ ਦੀ ਆਬਾਦੀ ਕਾਫ਼ੀ ਜ਼ਿਆਦਾ ਹੈ ਤੇ ਉੱਥੇ ਬਹੁਤ ਚਿਰ ਤੋਂ ਜੰਗਲਾਂ ਦੀ ਕਟਾਈ ਹੋ ਰਹੀ ਹੈ। ਹਾਲ ਹੀ ਦੀ ਇਕ ਰਿਪੋਰਟ ਨੇ ਕਿਹਾ ਕਿ ਹੈਟੀ ਨੂੰ ਆਪਣੇ ਮਾੜੇ ਆਰਥਿਕ, ਰਾਜਨੀਤਿਕ ਤੇ ਸਮਾਜਕ ਹਾਲਾਤਾਂ ਨਾਲੋਂ ਜੰਗਲਾਂ ਦੀ ਕਟਾਈ ਕਾਰਨ ਜ਼ਿਆਦਾ ਖ਼ਤਰਾ ਹੈ। ਅਫ਼ਸੋਸ, ਇਹ ਖ਼ਤਰਾ 2004 ਵਿਚ ਅਸਲੀਅਤ ਬਣ ਗਿਆ ਜਦੋਂ ਜ਼ੋਰਦਾਰ ਬਰਸਾਤਾਂ ਕਾਰਨ ਚਿੱਕੜ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ।

ਏਸ਼ੀਆ ਦੇ ਟਾਈਮ ਰਸਾਲੇ ਨੇ ਦੱਖਣੀ ਏਸ਼ੀਆ ਵਿਚ ਕੁਦਰਤੀ ਤਬਾਹੀਆਂ ਦੇ ਵਧ ਜਾਣ ਦੇ ਕੁਝ ਕਾਰਨ ਦੱਸੇ: “ਧਰਤੀ ਦਾ ਤਾਪਮਾਨ ਵਧਣਾ, ਡੈਮਾਂ ਦੀ ਉਸਾਰੀ, ਜੰਗਲਾਂ ਦੀ ਕਟਾਈ ਤੇ ਖੇਤੀ-ਬਾੜੀ ਕਰਨ ਲਈ ਜੰਗਲੀ ਇਲਾਕੇ ਦੀ ਸਾੜਨਾ।” ਇਕ ਹੋਰ ਦੁਖਦਾਈ ਗੱਲ ਇਹ ਹੈ ਕਿ ਜੰਗਲਾਂ ਦੀ ਕਟਾਈ ਨਾਲ ਜ਼ਮੀਨ ਜਲਦੀ ਸੁੱਕ ਜਾਂਦੀ ਹੈ ਜਿਸ ਕਰਕੇ ਸੋਕੇ ਵਧ ਸਕਦੇ ਹਨ। ਹਾਲ ਹੀ ਦੇ ਸਾਲਾਂ ਵਿਚ ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਵਿਚ ਸੋਕਾ ਪੈਣ ਕਾਰਨ ਉਨ੍ਹਾਂ ਜੰਗਲਾਂ ਨੂੰ ਅੱਗ ਲੱਗੀ ਹੈ ਜੋ ਪਹਿਲਾਂ ਬਹੁਤ ਸਿੱਲ੍ਹੇ ਹੋਣ ਕਰਕੇ ਅੱਗ ਤੋਂ ਬਚੇ ਹੋਏ ਸਨ। ਲੇਕਿਨ ਸਿਰਫ਼ ਮੌਸਮ ਵਿਚ ਵਿਗਾੜ ਆਉਣ ਕਰਕੇ ਹੀ ਕੁਦਰਤੀ ਆਫ਼ਤਾਂ ਨਹੀਂ ਆਉਂਦੀਆਂ, ਸਗੋਂ ਕਈਆਂ ਦੇਸ਼ਾਂ ਵਿਚ ਧਰਤੀ ਦੇ ਗਰਭ ਵਿੱਚੋਂ ਹੀ ਕਹਿਰ ਫੁੱਟਦਾ ਹੈ।

ਜਦੋਂ ਜ਼ਮੀਨ ਹਿੱਲਦੀ ਹੈ

ਧਰਤੀ ਦੀ ਬਾਹਰਲੀ ਪਰਤ ਵੱਡੀਆਂ-ਵੱਡੀਆਂ ਪਲੇਟਾਂ ਨਾਲ ਬਣੀ ਹੋਈ ਹੈ ਤੇ ਇਹ ਪਲੇਟਾਂ ਹਮੇਸ਼ਾ ਹਰਕਤ ਵਿਚ ਰਹਿੰਦੀਆਂ ਹਨ। ਅਸਲ ਵਿਚ ਇਹ ਪਰਤਾਂ ਇੰਨੀਆਂ ਗਤੀਸ਼ੀਲ ਰਹਿੰਦੀਆਂ ਹਨ ਕਿ ਹਰ ਸਾਲ ਲੱਖਾਂ ਹੀ ਭੁਚਾਲ ਆਉਂਦੇ ਹਨ, ਪਰ ਅਸੀਂ ਉਨ੍ਹਾਂ ਨੂੰ ਮਹਿਸੂਸ ਨਹੀਂ ਕਰਦੇ।

ਕਿਹਾ ਜਾਂਦਾ ਹੈ ਕਿ 90 ਫੀ ਸਦੀ ਭੁਚਾਲ ਪਲੇਟਾਂ ਦੇ ਕਿਨਾਰਿਆਂ ਦੁਆਲੇ ਦੀਆਂ ਉੱਚੀਆਂ-ਨੀਵੀਆਂ ਥਾਵਾਂ ਤੇ ਆਉਂਦੇ ਹਨ। ਪਰ ਕਦੇ-ਕਦੇ ਵੱਡੇ ਭੁਚਾਲ ਪਲੇਟਾਂ ਦੇ ਵਿਚ-ਵਿਚਾਲੇ ਵੀ ਆਉਂਦੇ ਹਨ, ਪਰ ਇਵੇਂ ਘੱਟ ਹੀ ਹੁੰਦਾ ਹੈ। ਲੇਕਿਨ ਜਦੋਂ ਇਹ ਭੁਚਾਲ ਆਉਂਦੇ ਹਨ, ਤਾਂ ਇਹ ਬਹੁਤ ਹੀ ਤਬਾਹਕੁਨ ਸਾਬਤ ਹੁੰਦੇ ਹਨ। ਅੰਦਾਜ਼ਾ ਹੈ ਕਿ ਇਤਿਹਾਸ ਦਾ ਸਭ ਤੋਂ ਭਿਆਨਕ ਭੁਚਾਲ ਸੰਨ 1556 ਵਿਚ ਚੀਨ ਦੇ ਤਿੰਨ ਸੂਬਿਆਂ ਵਿਚ ਆਇਆ ਸੀ। ਇਸ ਨੇ ਸ਼ਾਇਦ 8,30,000 ਲੋਕਾਂ ਦੀਆਂ ਜਾਨਾਂ ਲਈਆਂ ਸਨ!

ਭੁਚਾਲਾਂ ਤੋਂ ਬਾਅਦ ਵੀ ਬਹੁਤ ਮੌਤਾਂ ਹੁੰਦੀਆਂ ਹਨ। ਮਿਸਾਲ ਲਈ, 1 ਨਵੰਬਰ 1755 ਨੂੰ ਇਕ ਭੁਚਾਲ ਨੇ ਪੁਰਤਗਾਲ ਵਿਚ ਲਿਸਬਨ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ ਜਿਸ ਦੀ ਆਬਾਦੀ 2,75,000 ਸੀ। ਪਰ ਤਬਾਹੀ ਇੱਥੇ ਹੀ ਖ਼ਤਮ ਨਹੀਂ ਹੋਈ। ਇਸ ਭੁਚਾਲ ਤੋਂ ਬਾਅਦ ਸ਼ਹਿਰ ਵਿਚ ਕਈ ਥਾਵਾਂ ਤੇ ਅੱਗ ਲੱਗ ਗਈ ਅਤੇ ਅੰਧ ਮਹਾਂਸਾਗਰ ਵਿਚ ਅੰਦਾਜ਼ਨ 15 ਮੀਟਰ (50 ਫੁੱਟ) ਉੱਚੀਆਂ-ਉੱਚੀਆਂ ਸੁਨਾਮੀ ਲਹਿਰਾਂ ਵੀ ਤੇਜ਼ੀ ਨਾਲ ਉੱਠੀਆਂ। ਇਸ ਆਫ਼ਤ ਕਾਰਨ 60,000 ਤੋਂ ਜ਼ਿਆਦਾ ਲੋਕ ਮਾਰੇ ਗਏ।

ਦੇਖਿਆ ਜਾਵੇ, ਤਾਂ ਅਜਿਹੀਆਂ ਵੱਡੀਆਂ ਆਫ਼ਤਾਂ ਵਿਚ ਹੋਣ ਵਾਲੇ ਨੁਕਸਾਨ ਪਿੱਛੇ ਵੀ ਕਾਫ਼ੀ ਹੱਦ ਤਕ ਇਨਸਾਨ ਦੀਆਂ ਆਪਣੀਆਂ ਗ਼ਲਤੀਆਂ ਹਨ। ਇਕ ਗੱਲ ਇਹ ਹੈ ਕਿ ਕਾਫ਼ੀ ਲੋਕ ਖ਼ਤਰਨਾਕ ਇਲਾਕਿਆਂ ਵਿਚ ਰਹਿੰਦੇ ਹਨ। ਇਕ ਲੇਖਕ ਐਂਡਰੂ ਰਾਬਿਨਸਨ ਦਾ ਕਹਿਣਾ ਹੈ: “ਸੰਸਾਰ ਦੇ ਵੱਡੇ ਸ਼ਹਿਰਾਂ ਵਿੱਚੋਂ ਅੱਧੇ ਭੁਚਾਲਾਂ ਵਾਲੇ ਖ਼ਤਰਨਾਕ ਇਲਾਕਿਆਂ ਵਿਚ ਸਥਿਤ ਹੈ।” ਇਕ ਹੋਰ ਚੀਜ਼ ਜ਼ਿੰਮੇਵਾਰ ਹੈ ਇਮਾਰਤਾਂ ਦਾ ਨਿਰਮਾਣ ਕਰਨ ਵਿਚ ਵਰਤੀ ਜਾਂਦੀ ਸਾਮੱਗਰੀ ਤੇ ਇਨ੍ਹਾਂ ਨੂੰ ਬਣਾਉਣ ਦਾ ਢੰਗ। ਅਫ਼ਸੋਸ, ਇਹ ਕਹਾਵਤ ਵਾਰ-ਵਾਰ ਸੱਚ ਸਾਬਤ ਹੋਈ ਹੈ ਕਿ “ਲੋਕ ਭੁਚਾਲਾਂ ਕਰਕੇ ਨਹੀਂ ਸਗੋਂ ਇਮਾਰਤਾਂ ਦੇ ਢਹਿ-ਢੇਰੀ ਹੋਣ ਨਾਲ ਮਰਦੇ ਹਨ।” ਪਰ ਬੇਚਾਰੇ ਗ਼ਰੀਬ ਲੋਕ ਭੁਚਾਲ ਤੋਂ ਸੁਰੱਖਿਅਤ ਘਰ ਕਿੱਦਾਂ ਬਣਾਉਣ?

ਜੁਆਲਾਮੁਖੀ ਨਾਸ਼ ਹੀ ਨਹੀਂ, ਸਗੋਂ ਉਸਾਰੀ ਵੀ ਕਰਦੇ ਹਨ

ਅਮਰੀਕਾ ਵਿਚ ਸਮਿਥਸੋਨੀਅਨ ਇੰਸਟੀਚਿਊਟ ਦੀ ਇਕ ਰਿਪੋਰਟ ਅਨੁਸਾਰ “ਜਦੋਂ ਤੁਸੀਂ ਇਹ ਸ਼ਬਦ ਪੜ੍ਹ ਰਹੇ ਹੋਵੋਗੇ, ਤਾਂ ਦੁਨੀਆਂ ਵਿਚ ਕਿਤੇ ਨਾ ਕਿਤੇ ਘੱਟ ਤੋਂ ਘੱਟ 20 ਜੁਆਲਾਮੁਖੀ ਫੱਟ ਰਹੇ ਹੋਣਗੇ।” ਟੇਕਟੌਨਿਕ ਪਲੇਟਾਂ ਦੀ ਆਮ ਥਿਊਰੀ ਦੇ ਅਨੁਸਾਰ ਭੁਚਾਲ ਤੇ ਜੁਆਲਾਮੁਖੀ ਇੱਕੋ ਥਾਂ ਹੁੰਦੇ ਹਨ, ਯਾਨੀ ਧਰਤੀ ਦੀਆਂ ਵੱਡੀਆਂ ਤ੍ਰੇੜਾਂ ਵਿਚ, ਖਾਸ ਕਰਕੇ ਮਹਾਂਸਾਗਰਾਂ ਦੇ ਤਲ ਵਿਚ ਮੌਜੂਦ ਡੂੰਘੀਆਂ ਖੱਡਾਂ ਵਿਚ; ਧਰਤੀ ਦੀ ਉੱਪਰਲੀ ਤਹਿ (crust) ਵਿਚ ਜਿੱਥੇ ਤ੍ਰੇੜਾਂ ਰਾਹੀਂ ਪਿਘਲੇ ਹੋਏ ਪੱਥਰ (magma) ਨਿਕਲਦੇ ਹਨ; ਅਤੇ ਉੱਥੇ ਵੀ ਜਿੱਥੇ ਇਕ ਪਲੇਟ ਦੂਜੀ ਦੇ ਹੇਠ ਖਿਸਕ ਜਾਂਦੀ ਹੈ।

ਇਕ ਪਲੇਟ ਦੂਜੀ ਪਲੇਟ ਦੇ ਥੱਲੇ ਖਿਸਕ ਜਾਣ ਤੇ ਕਾਫ਼ੀ ਤਬਾਹੀ ਮਚਦੀ ਹੈ ਤੇ ਆਬਾਦ ਇਲਾਕਿਆਂ ਨੂੰ ਇਸ ਤੋਂ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਦੇਖਿਆ ਗਿਆ ਹੈ ਕਿ ਇਸ ਸਥਿਤੀ ਵਿਚ ਜ਼ਿਆਦਾ ਜੁਆਲਾਮੁਖੀ ਫੱਟਦੇ ਹਨ ਤੇ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾਣ ਦਾ ਡਰ ਹੁੰਦਾ ਹੈ। ਸ਼ਾਂਤ ਮਹਾਂਸਾਗਰ ਦੇ ਆਲੇ-ਦੁਆਲੇ ਦੇ ਦੇਸ਼ਾਂ ਨੂੰ ਅੱਗ ਦੇ ਘੇਰੇ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਸੈਂਕੜੇ ਹੀ ਜੁਆਲਾਮੁਖੀ ਫੱਟਦੇ ਹਨ। ਕੁਝ ਜੁਆਲਾਮੁਖੀ ਪਲੇਟਾਂ ਦੇ ਕਿਨਾਰਿਆਂ ਤੋਂ ਦੂਰ ਵੀ ਫੱਟਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਹਵਾਈ ਟਾਪੂ, ਅਜ਼ੋਰਸ ਟਾਪੂ, ਗਲੌਪਗਸ ਟਾਪੂ ਤੇ ਸੋਸਾਇਟੀ ਟਾਪੂ ਜੁਆਲਾਮੁਖੀਆਂ ਦੀ ਵਜ੍ਹਾ ਕਰਕੇ ਹੀ ਬਣੇ ਹਨ।

ਅਸਲ ਵਿਚ ਜੁਆਲਾਮੁਖੀ ਬਹੁਤ ਚਿਰ ਤੋਂ ਹੀ ਧਰਤੀ ਦੇ ਰੂਪ ਨੂੰ ਬਦਲਦੇ ਆਏ ਹਨ। ਇਕ ਯੂਨੀਵਰਸਿਟੀ ਦੀ ਵੈੱਬ ਸਾਈਟ ਦੇ ਅਨੁਸਾਰ “ਜੁਆਲਾਮੁਖੀਆਂ ਦੇ ਕਾਰਨ 90 ਫੀ ਸਦੀ ਮਹਾਂਦੀਪ ਅਤੇ ਮਹਾਂਸਾਗਰਾਂ ਦੇ ਕੁੰਡ ਬਣੇ ਹਨ।” ਪਰ ਹੋਰਨਾਂ ਦੀ ਤੁਲਨਾ ਵਿਚ ਕੁਝ ਜੁਆਲਾਮੁਖੀਆਂ ਦੇ ਵਿਸਫੋਟ ਇੰਨੇ ਜ਼ਬਰਦਸਤ ਕਿਉਂ ਹੁੰਦੇ ਹਨ?

ਜਦੋਂ ਧਰਤੀ ਦੇ ਅੰਦਰਲੇ ਅਤਿ ਗਰਮ ਹਿੱਸੇ ਵਿੱਚੋਂ ਮੈਗਮਾ ਬਾਹਰ ਆਉਂਦਾ ਹੈ, ਤਾਂ ਇਹ ਜੁਆਲਾਮੁਖੀ ਦਾ ਆਰੰਭ ਹੁੰਦਾ ਹੈ । ਕੁਝ ਜੁਆਲਾਮੁਖੀਆਂ ਵਿੱਚੋਂ ਸਿਰਫ਼ ਲਾਵਾ ਹੀ ਨਿਕਲਦਾ ਹੈ। ਇਸ ਦੇ ਹੌਲੀ-ਹੌਲੀ ਵਗਣ ਕਰਕੇ ਲੋਕਾਂ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਮਿਲ ਜਾਂਦਾ ਹੈ। ਪਰ ਕਈ ਜੁਆਲਾਮੁਖੀ ਫੱਟਣ ਤੇ ਨਿਊਕਲੀ ਬੰਬਾਂ ਨਾਲੋਂ ਜ਼ਿਆਦਾ ਊਰਜਾ ਛੱਡਦੇ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਧਰਤੀ ਵਿਚ ਪਿਘਲੀ ਹੋਈ ਸਾਮੱਗਰੀ ਕਿੰਨੀ ਚਿਪਕਵੀਂ ਹੈ ਤੇ ਇਸ ਵਿਚ ਗੈਸ ਤੇ ਉਬਲਦੇ ਪਾਣੀ ਦਾ ਕਿੰਨਾ ਮਿਸ਼ਰਣ ਹੈ। ਜਿਉਂ-ਜਿਉਂ ਮੈਗਮਾ ਧਰਤੀ ਦੀ ਸਤਹ ਨੇੜੇ ਆਉਂਦਾ ਜਾਂਦਾ ਹੈ, ਤਾਂ ਦਬਾਅ ਘੱਟ ਹੋਣ ਕਰਕੇ ਇਸ ਵਿਚਲਾ ਪਾਣੀ ਤੇ ਗੈਸਾਂ ਫੈਲ ਜਾਂਦੀਆਂ ਹਨ। ਮੈਗਮੇ ਵਿਚ ਪਾਣੀ ਤੇ ਗੈਸਾਂ ਦਾ ਸਹੀ ਮਿਸ਼ਰਣ ਹੋਣ ਤੇ ਇਹ ਇਸ ਤਰ੍ਹਾਂ ਫੱਟਦਾ ਹੈ ਜਿਵੇਂ ਇਕ ਸੋਡੇ ਦੀ ਬੋਤਲ ਨੂੰ ਹਿਲਾ ਕੇ ਖੋਲ੍ਹਣ ਨਾਲ ਸੋਡਾ ਉੱਪਰ ਨੂੰ ਉੱਠ ਜਾਂਦਾ ਹੈ।

ਪਰ ਚੰਗੀ ਗੱਲ ਇਹ ਹੈ ਕਿ ਜੁਆਲਾਮੁਖੀ ਦੇ ਫੱਟਣ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਸੰਨ 1902 ਵਿਚ ਕੈਰੀਬੀਅਨ ਦੇ ਮਾਰਟਨੀਕ ਟਾਪੂ ਉੱਤੇ ਪੈਲੇ ਨਾਂ ਦੇ ਜੁਆਲਾਮੁਖੀ ਪਹਾੜ ਉੱਤੇ ਗੌਰ ਕਰੋ। ਲਾਗੇ ਦੇ ਸੈਨ ਪੀਏ ਸ਼ਹਿਰ ਵਿਚ ਚੋਣਾਂ ਹੋਣ ਵਾਲੀਆਂ ਸਨ। ਰਾਜਨੀਤਿਕ ਨੇਤਾਵਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਚਲੇ ਜਾਣ ਦੀ ਬਜਾਇ, ਉੱਥੇ ਹੀ ਰਹਿਣ ਦੀ ਹੱਲਾ-ਸ਼ੇਰੀ ਦਿੱਤੀ, ਭਾਵੇਂ ਕਿ ਸ਼ਹਿਰ ਵਿਚ ਸੁਆਹ ਡਿੱਗ ਰਹੀ ਸੀ, ਬੀਮਾਰੀ ਫੈਲ ਰਹੀ ਸੀ ਤੇ ਡਰ ਛਾਇਆ ਹੋਇਆ ਸੀ। ਅਸਲ ਵਿਚ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਦੁਕਾਨਾਂ ਕਈਆਂ ਦਿਨਾਂ ਤੋਂ ਬੰਦ ਸਨ!

ਇਸ ਟਾਪੂ ਤੇ 8 ਮਈ ਨੂੰ ਲੋਕ ਯਿਸੂ ਦੇ ਸਵਰਗ ਜਾਣ ਦਾ ਤਿਉਹਾਰ ਮਨਾਉਂਦੇ ਹਨ। ਉਸ ਦਿਨ ਕਈ ਕੈਥੋਲਿਕ ਲੋਕ ਜੁਆਲਾਮੁਖੀ ਤੋਂ ਬਚਣ ਲਈ ਚਰਚ ਵਿਚ ਪ੍ਰਾਰਥਨਾ ਕਰਨ ਗਏ ਹੋਏ ਸਨ। ਉਸ ਦਿਨ ਸਵੇਰੇ 8 ਵਜੇ ਤੋਂ ਥੋੜ੍ਹਾ ਪਹਿਲਾਂ ਪੈਲੇ ਪਹਾੜ ਵਿਚ ਵਿਸਫੋਟ ਹੋਇਆ ਤੇ ਇਸ ਨਾਲ ਆਕਾਸ਼ ਵਿਚ ਗਰਮ ਸੁਆਹ, ਅੱਗ, ਕੱਚ, ਰੋੜੀ ਤੇ ਹੱਦੋਂ ਵੱਧ ਗਰਮ ਗੈਸਾਂ ਫੈਲਰ ਗਈਆਂ ਜਿਨ੍ਹਾਂ ਦਾ ਤਾਪਮਾਨ 200 ਤੋਂ ਲੈ ਕੇ 500 ਡਿਗਰੀ ਸੈਲਸੀਅਸ ਤਕ ਸੀ। ਮੌਤ ਦਾ ਇਹ ਘਾਤਕ ਬੱਦਲ ਪਹਾੜ ਦੀ ਢਲਾਣ ਤੋਂ ਤੇਜ਼ੀ ਨਾਲ ਥੱਲੇ ਨੂੰ ਆਇਆ। ਸਾਰਾ ਸ਼ਹਿਰ ਇਸ ਨਾਲ ਭਰ ਗਿਆ ਤੇ ਇਸ ਨੇ 30,000 ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਚਰਚ ਦੇ ਘੰਟੇ ਨੂੰ ਪਿਘਲਾ ਦਿੱਤਾ ਅਤੇ ਬੰਦਰਗਾਹ ਤੇ ਖੜ੍ਹੇ ਜਹਾਜ਼ਾਂ ਨੂੰ ਵੀ ਅੱਗ ਲਗਾ ਦਿੱਤੀ। ਇਹ ਵੀਹਵੀਂ ਸਦੀ ਦਾ ਸਭ ਤੋਂ ਘਾਤਕ ਵਿਸਫੋਟ ਸੀ। ਪਰ ਜੇ ਚੇਤਾਵਨੀਆਂ ਵੱਲ ਧਿਆਨ ਦਿੱਤਾ ਗਿਆ ਹੁੰਦਾ, ਤਾਂ ਇੰਨੇ ਲੋਕਾਂ ਨੇ ਨਹੀਂ ਮਰਨਾ ਸੀ।

ਕੀ ਕੁਦਰਤੀ ਆਫ਼ਤਾਂ ਵਧਦੀਆਂ ਜਾਣਗੀਆਂ?

ਰੈੱਡ ਕਰਾਸ ਤੇ ਰੈੱਡ ਕਰੈਸੈਂਟ ਸੋਸਾਇਟੀਆਂ ਦੀ ਅੰਤਰਰਾਸ਼ਟਰੀ ਫੈੱਡਰੇਸ਼ਨ ਨੇ ਆਪਣੀ 2004 ਵਿਸ਼ਵ ਤਬਾਹੀਆਂ ਦੀ ਰਿਪੋਰਟ (ਅੰਗ੍ਰੇਜ਼ੀ) ਵਿਚ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਧਰਤੀ ਦੀ ਅੰਦਰੂਨੀ ਹਲਚਲ ਅਤੇ ਮੌਸਮ ਵਿਚ ਆਈਆਂ ਤਬਦੀਲੀਆਂ ਕਰਕੇ ਕੁਦਰਤੀ ਆਫ਼ਤਾਂ ਵਿਚ 60 ਫੀ ਸਦੀ ਵਾਧਾ ਹੋਇਆ ਹੈ ਅਤੇ ਇਹ ਕਾਫ਼ੀ ਚਿਰ ਤੋਂ ਵਧਦਾ ਹੀ ਰਿਹਾ ਹੈ। ਇਹ ਰਿਪੋਰਟ ਹਿੰਦ ਮਹਾਂਸਾਗਰ ਵਿਚ 26 ਦਸੰਬਰ ਨੂੰ ਸੁਨਾਮੀ ਲਹਿਰਾਂ ਉੱਠਣ ਤੋਂ ਪਹਿਲਾਂ ਛਪੀ ਸੀ। ਕੋਈ ਸ਼ੱਕ ਨਹੀਂ ਹੈ ਕਿ ਜੇ ਖ਼ਤਰਿਆਂ ਵਾਲੇ ਇਲਾਕਿਆਂ ਵਿਚ ਆਬਾਦੀ ਵਧਦੀ ਗਈ ਤੇ ਜੰਗਲ ਘੱਟਦੇ ਗਏ, ਤਾਂ ਅਸੀਂ ਆਫ਼ਤਾਂ ਦੇ ਘਟਣ ਦੀ ਆਸ ਨਹੀਂ ਰੱਖ ਸਕਦੇ।

ਇਸ ਤੋਂ ਇਲਾਵਾ, ਕਈ ਉਦਯੋਗਿਕ ਦੇਸ਼ ਵਾਯੂਮੰਡਲ ਵਿਚ ਅੱਗੇ ਨਾਲੋਂ ਜ਼ਿਆਦਾ ਜ਼ਹਿਰੀਲੀਆਂ ਗੈਸਾਂ ਛੱਡ ਰਹੇ ਹਨ। ਸਾਇੰਸ ਰਸਾਲੇ ਨੇ ਕਿਹਾ ਕਿ ਜੇ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਨੂੰ ਜਲਦੀ ਹੀ ਨਾ ਘਟਾਇਆ ਗਿਆ, ਤਾਂ ਸਾਡੀ ਸਥਿਤੀ “ਛੂਤ ਦੀ ਬੀਮਾਰੀ ਦੇ ਉਸ ਮਰੀਜ਼ ਵਰਗੀ ਹੋਵੇਗੀ ਜੋ ਦਵਾਈ ਲੈਣ ਤੋਂ ਇਨਕਾਰ ਕਰਦਾ ਹੈ। ਕੋਈ ਸ਼ੱਕ ਨਹੀਂ ਕਿ ਇਸ ਦੇਰੀ ਕਾਰਨ ਬਾਅਦ ਵਿਚ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ।” ਇਸ ਬਾਰੇ ਇਕ ਕੈਨੇਡੀਆਈ ਰਿਪੋਰਟ ਨੇ ਕਿਹਾ: “ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ।”

ਪਰ ਲੋਕ ਤਾਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੁੰਦੇ ਕਿ ਇਨਸਾਨ ਦੇ ਕੰਮਾਂ ਕਰਕੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਇਸ ਸਮੱਸਿਆ ਨੂੰ ਸੁਲਝਾਉਣ ਦੀ ਗੱਲ ਤਾਂ ਇਕ ਪਾਸੇ ਰਹੀ। ਇਹ ਹਾਲਾਤ ਸਾਨੂੰ ਬਾਈਬਲ ਵਿਚ ਦੱਸੀ ਸੱਚਾਈ ਯਾਦ ਦਿਲਾਉਂਦੇ ਹਨ: ‘ਏਹ ਮਨੁੱਖ ਦੇ ਵੱਸ ਨਹੀਂ ਕਿ ਉਹ ਆਪਣੇ ਕਦਮਾਂ ਨੂੰ ਕਾਇਮ ਕਰੇ।’ (ਯਿਰਮਿਯਾਹ 10:23) ਲੇਕਿਨ ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਅਸੀਂ ਚੰਗੇ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ। ਅਸਲ ਵਿਚ ਅੱਜ ਵਧ ਰਹੀਆਂ ਕੁਦਰਤੀ ਆਫ਼ਤਾਂ ਅਤੇ ਦੁਨੀਆਂ ਵਿਚ ਮਚੀ ਹਲਚਲ ਇਹੀ ਸਾਬਤ ਕਰਦੀ ਹੈ ਕਿ ਉਹ ਸਮਾਂ ਨੇੜੇ ਹੈ। (g05 7/22)

[ਫੁਟਨੋਟ]

^ ਪੈਰਾ 6 ਵੱਖਰੇ-ਵੱਖਰੇ ਇਲਾਕਿਆਂ ਵਿਚ ਤਾਪਮਾਨ ਘੱਟ-ਵੱਧ ਹੋਣ ਕਾਰਨ ਮਹਾਂਸਾਗਰਾਂ ਵਿਚ ਤਰੰਗਾਂ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਤਰੰਗਾਂ ਨਾਲ ਸੂਰਜੀ ਊਰਜਾ ਠੰਡਿਆਂ ਇਲਾਕਿਆਂ ਵਿਚ ਵੀ ਚਲੀ ਜਾਂਦੀ ਹੈ।

[ਸਫ਼ਾ 6 ਉੱਤੇ ਡੱਬੀ/ਤਸਵੀਰ]

ਜਦੋਂ ਖੇਤਾਂ ਵਿਚ ਮੱਕੀ ਦੀ ਥਾਂ ਕੁਝ ਹੋਰ ਉੱਗਿਆ

ਇਹ ਸੰਨ 1943 ਦੀ ਗੱਲ ਹੈ। ਮੈਕਸੀਕੋ ਵਿਚ ਇਕ ਕਿਸਾਨ ਨੂੰ ਆਪਣੇ ਖੇਤਾਂ ਵਿਚ ਮੱਕੀ ਦੀ ਥਾਂ ਕੁਝ ਹੋਰ ਹੀ ਉੱਗਦਾ ਨਜ਼ਰ ਆਇਆ। ਉਸ ਨੇ ਜ਼ਮੀਨ ਵਿਚ ਤ੍ਰੇੜਾਂ ਦੇਖੀਆਂ। ਅਗਲੇ ਦਿਨ ਇਹ ਤ੍ਰੇੜਾਂ ਇਕ ਛੋਟਾ ਜਿਹਾ ਜੁਆਲਾਮੁਖੀ ਬਣ ਗਈਆਂ। ਫਿਰ ਅਗਲੇ ਹਫ਼ਤੇ ਦੌਰਾਨ ਇਹ ਪਹਾੜੀ 150 ਮੀਟਰ (500 ਫੁੱਟ) ਉੱਚੀ ਹੋ ਗਈ ਤੇ ਇਕ ਸਾਲ ਬਾਅਦ ਇਹ 360 ਮੀਟਰ (1,200 ਫੁੱਟ) ਉਚਾਈ ਤਕ ਪਹੁੰਚ ਗਈ। ਅੱਜ ਇਸ ਕੋਨ-ਰੂਪੀ ਜੁਆਲਾਮੁਖੀ ਪਹਾੜ ਦੀ ਉਚਾਈ 430 ਮੀਟਰ (1,400 ਫੁੱਟ) ਹੈ ਅਤੇ ਇਹ ਸਮੁੰਦਰ ਤਲ ਤੋਂ 2,775 ਮੀਟਰ (9,100 ਫੁੱਟ) ਦੀ ਉਚਾਈ ਤੇ ਸਥਿਤ ਹੈ। ਸੰਨ 1952 ਵਿਚ ਅਚਾਨਕ ਹੀ ਪਾਰੀਕੁਟੀਨ ਨਾਂ ਦਾ ਇਹ ਜੁਆਲਾਮੁਖੀ ਫੱਟਣ ਤੋਂ ਰੁਕ ਗਿਆ ਤੇ ਉਦੋਂ ਤੋਂ ਸ਼ਾਂਤ ਹੈ।

[ਕ੍ਰੈਡਿਟ ਲਾਈਨ]

U. S. Geological Survey/Photo by R. E. Wilcox

[ਸਫ਼ਾ 8 ਉੱਤੇ ਡੱਬੀ/ਤਸਵੀਰ]

ਜਦੋਂ ਪਰਮੇਸ਼ੁਰ ਨੇ ਦੇਸ਼ਾਂ ਨੂੰ ਕੁਦਰਤੀ ਆਫ਼ਤ ਤੋਂ ਬਚਾਇਆ ਸੀ

ਕਾਲ ਇਕ ਕੁਦਰਤੀ ਆਫ਼ਤ ਹੈ। ਕਈ ਸੌ ਸਦੀਆਂ ਪਹਿਲਾਂ ਯਾਕੂਬ ਯਾਨੀ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਜ਼ਮਾਨੇ ਵਿਚ ਪ੍ਰਾਚੀਨ ਮਿਸਰ ਵਿਚ ਕਾਲ ਪਿਆ ਸੀ। ਇਹ ਕਾਲ ਸੱਤ ਸਾਲ ਤਕ ਪਿਆ ਰਿਹਾ ਤੇ ਇਸ ਦਾ ਅਸਰ ਮਿਸਰ, ਕਨਾਨ ਤੇ ਹੋਰਨਾਂ ਦੇਸ਼ਾਂ ਉੱਤੇ ਵੀ ਪਿਆ ਸੀ। ਲੇਕਿਨ ਇਸ ਕਾਲ ਵਿਚ ਜ਼ਿਆਦਾ ਲੋਕਾਂ ਦੀ ਜਾਨ ਨਹੀਂ ਗਈ ਕਿਉਂਕਿ ਯਹੋਵਾਹ ਨੇ ਇਸ ਕਾਲ ਬਾਰੇ ਸੱਤ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਕਾਲ ਤੋਂ ਪਹਿਲਾਂ ਦੇ ਸੱਤਾਂ ਸਾਲਾਂ ਦੌਰਾਨ ਮਿਸਰ ਵਿਚ ਭਰਪੂਰ ਫ਼ਸਲ ਹੋਵੇਗੀ। ਪਰਮੇਸ਼ੁਰ ਨੇ ਆਪਣੇ ਸੱਚੇ ਭਗਤ ਯੂਸੁਫ਼ ਨੂੰ ਪਹਿਲਾਂ ਹੀ ਮਿਸਰ ਦਾ ਪ੍ਰਧਾਨ ਮੰਤਰੀ ਅਤੇ ਅਨਾਜ ਮੰਤਰੀ ਬਣਾ ਦਿੱਤਾ ਸੀ। ਉਸ ਦੀ ਪ੍ਰਧਾਨਗੀ ਅਧੀਨ ਮਿਸਰੀਆਂ ਨੇ ਇੰਨਾ ਅੰਨ ਇਕੱਠਾ ਕਰ ਲਿਆ ਕਿ “ਉਨ੍ਹਾਂ ਨੇ ਲੇਖਾ ਕਰਨਾ ਛੱਡ ਦਿੱਤਾ।” ਇਸ ਤਰ੍ਹਾਂ ਮਿਸਰ ਆਪਣੇ ਲੋਕਾਂ ਨੂੰ ਹੀ ਨਹੀਂ, ਸਗੋਂ ‘ਸਾਰੇ ਸੰਸਾਰ’ ਨੂੰ ਭੋਜਨ ਖੁਆ ਸਕਿਆ ਜਿਸ ਵਿਚ ਯੂਸੁਫ਼ ਦਾ ਪਰਿਵਾਰ ਵੀ ਸੀ।—ਉਤਪਤ 41:49, 57; 47:11, 12.

[ਸਫ਼ਾ 7 ਉੱਤੇ ਤਸਵੀਰ]

ਹੈਟੀ 2004: ਹੜ੍ਹ ਆਉਣ ਕਰਕੇ ਪਾਣੀ ਨਾਲ ਭਰੀਆਂ ਸੜਕਾਂ ਤੇ ਮੁੰਡੇ ਪੀਣ ਵਾਲਾ ਪਾਣੀ ਢੋਂਹਦੇ ਹੋਏ। ਹੱਦੋਂ ਵੱਧ ਜੰਗਲਾਂ ਦੀ ਕਟਾਈ ਦੇ ਕਾਰਨ ਚਿੱਕੜ ਹੜ੍ਹ ਆਏ

[ਕ੍ਰੈਡਿਟ ਲਾਈਨਾਂ]

ਪਿੱਠ-ਭੂਮੀ: Sophia Pris/EPA/Sipa Press; ਪਾਣੀ ਢੋਂਹਦੇ ਹੋਏ ਮੁੰਡੇ: Carl Juste/Miami Herald/Sipa Press

[ਸਫ਼ਾ 9 ਉੱਤੇ ਤਸਵੀਰ]

ਕਈ ਉਦਯੋਗਿਕ ਦੇਸ਼ ਵਾਯੂਮੰਡਲ ਵਿਚ ਜ਼ਹਿਰੀਲੀਆਂ ਗੈਸਾਂ ਛੱਡੀ ਜਾ ਰਹੇ ਹਨ

[ਕ੍ਰੈਡਿਟ ਲਾਈਨ]

© Mark Henley/Panos Pictures