Skip to content

Skip to table of contents

ਟ੍ਰੈਫਿਕ ਬਾਰੇ ਤੁਸੀਂ ਕੀ ਕਰ ਸਕਦੇ ਹੋ?

ਟ੍ਰੈਫਿਕ ਬਾਰੇ ਤੁਸੀਂ ਕੀ ਕਰ ਸਕਦੇ ਹੋ?

ਟ੍ਰੈਫਿਕ ਬਾਰੇ ਤੁਸੀਂ ਕੀ ਕਰ ਸਕਦੇ ਹੋ?

ਫ਼ਿਲਪੀਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕਈ ਵੱਡੇ-ਵੱਡੇ ਸ਼ਹਿਰ ਇਕ ਮਹਾਂਮਾਰੀ ਦੀ ਲਪੇਟ ਵਿਚ ਆ ਰਹੇ ਹਨ। ਇਹ ਨਾ ਤਾਂ ਕੋਈ ਛੂਤ ਦੀ ਬੀਮਾਰੀ ਹੈ ਤੇ ਨਾ ਹੀ ਇਹ ਭੁੱਖੇ ਕੀੜੇ-ਮਕੌੜਿਆਂ ਦੁਆਰਾ ਮਚਾਈ ਕੋਈ ਤਬਾਹੀ। ਪਰ ਇਹ ਖ਼ਤਰੇ ਤੋਂ ਖਾਲੀ ਨਹੀਂ ਕਿਉਂਕਿ ਇਹ ਲੱਖਾਂ-ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਆਖ਼ਰ ਇਹ ਹੈ ਕੀ? ਇਹ ਹੈ ਟ੍ਰੈਫਿਕ ਦੀ ਸਮੱਸਿਆ!

ਖੋਜਕਾਰਾਂ ਦੇ ਮੁਤਾਬਕ ਬਾਕਾਇਦਾ ਟ੍ਰੈਫਿਕ ਜਾਮ ਵਿਚ ਫਸਣ ਨਾਲ ਤੁਹਾਡੀ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਹਾਲ ਹੀ ਵਿਚ ਕੀਤੇ ਇਕ ਅਧਿਐਨ ਅਨੁਸਾਰ ਟ੍ਰੈਫਿਕ ਵਿਚ ਅੜੇ ਰਹਿਣ ਤੋਂ ਬਾਅਦ ਘੱਟੋ-ਘੱਟ ਇਕ ਘੰਟੇ ਦੇ ਅੰਦਰ-ਅੰਦਰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਅਖ਼ਬਾਰ ਨੇ ਕਿਹਾ ਕਿ “ਇਸ ਖ਼ਤਰੇ ਦੇ ਮੁੱਖ ਕਾਰਨ ਹਨ ਕਾਰਾਂ ਦਾ ਧੂੰਆਂ, ਸ਼ੋਰ ਅਤੇ ਤਣਾਅ।”

ਜ਼ਹਿਰੀਲੀ ਹਵਾ

ਜ਼ਿਆਦਾਤਰ ਮੋਟਰ-ਗੱਡੀਆਂ ਨਾਈਟ੍ਰੋਜਨ ਆਕਸਾਈਡ ਗੈਸ ਅਤੇ ਹੋਰ ਅਜਿਹੀਆਂ ਗੈਸਾਂ ਛੱਡਦੀਆਂ ਹਨ ਜਿਨ੍ਹਾਂ ਨਾਲ ਕੈਂਸਰ ਹੋ ਸਕਦਾ ਹੈ। ਡੀਜ਼ਲ ਦਾ ਧੂੰਆਂ ਵੀ ਕਾਫ਼ੀ ਖ਼ਤਰਨਾਕ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਹਰ ਸਾਲ ਤਕਰੀਬਨ 30 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਕਾਰਨ ਮੌਤ ਦਾ ਸ਼ਿਕਾਰ ਹੁੰਦੇ ਹਨ ਅਤੇ ਇਹ ਪ੍ਰਦੂਸ਼ਣ ਖ਼ਾਸ ਕਰਕੇ ਮੋਟਰ-ਗੱਡੀਆਂ ਨਾਲ ਫੈਲਦਾ ਹੈ। ਇਕ ਰਿਪੋਰਟ ਨੇ ਕਿਹਾ ਕਿ ਯੂਰਪ ਵਿਚ ਬੱਚਿਆਂ ਨੂੰ ਸਾਹ ਨਾਲ ਸੰਬੰਧਿਤ 10 ਪ੍ਰਤਿਸ਼ਤ ਬੀਮਾਰੀਆਂ ਕਾਰਾਂ ਦੇ ਧੂੰਏਂ ਕਾਰਨ ਹੁੰਦੀਆਂ ਹਨ। ਇਹ ਗਿਣਤੀ ਉਨ੍ਹਾਂ ਸ਼ਹਿਰਾਂ ਵਿਚ ਇਸ ਤੋਂ ਵੀ ਵੱਧ ਹੈ ਜਿੱਥੇ ਸੜਕਾਂ ਤੇ ਮੋਟਰ-ਗੱਡੀਆਂ ਦਾ ਜ਼ਿਆਦਾ ਭੀੜ-ਭੜੱਕਾ ਰਹਿੰਦਾ ਹੈ।

ਧਰਤੀ ਦੇ ਵਾਯੂਮੰਡਲ ਉੱਤੇ ਵੀ ਧਿਆਨ ਦਿਓ। ਮੋਟਰ-ਗੱਡੀਆਂ ਤੋਂ ਨਿਕਲਦੀਆਂ ਨਾਈਟ੍ਰੋਜਨ ਆਕਸਾਈਡ ਅਤੇ ਸਲਫ਼ਰ ਡਾਇਆਕਸਾਈਡ ਗੈਸਾਂ ਦਾ ਇਕ ਨਤੀਜਾ ਹੈ ਤੇਜ਼ਾਬੀ ਵਰਖਾ। ਇਹ ਵਰਖਾ ਨਦੀਆਂ-ਝੀਲਾਂ ਦੇ ਪਾਣੀ ਨੂੰ ਗੰਦਾ ਕਰਦੀ ਅਤੇ ਜਲਜੀਵਾਂ ਤੇ ਤਰ੍ਹਾਂ-ਤਰ੍ਹਾਂ ਦੇ ਪੇੜ-ਪੌਦਿਆਂ ਦਾ ਵੀ ਨੁਕਸਾਨ ਕਰਦੀ ਹੈ। ਇਸ ਤੋਂ ਇਲਾਵਾ ਮੋਟਰ-ਗੱਡੀਆਂ ਬਹੁਤ ਸਾਰੀ ਕਾਰਬਨ ਡਾਇਆਕਸਾਈਡ ਗੈਸ ਵੀ ਛੱਡਦੀਆਂ ਹਨ। ਇਸੇ ਗੈਸ ਨੂੰ ਧਰਤੀ ਦਾ ਤਾਪਮਾਨ ਵਧਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਕਰਕੇ ਮੰਨਿਆ ਜਾਂਦਾ ਹੈ ਕਿ ਧਰਤੀ ਤੇ ਕਈ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਜ਼ਿਆਦਾ ਹਾਦਸੇ

ਜਿੱਦਾਂ-ਜਿੱਦਾਂ ਟ੍ਰੈਫਿਕ ਵਧਦੀ ਜਾਂਦੀ ਹੈ, ਉੱਦਾਂ-ਉੱਦਾਂ ਇਨਸਾਨਾਂ ਦੀਆਂ ਜਾਨਾਂ ਨੂੰ ਖ਼ਤਰਾ ਵੀ ਵਧਦਾ ਜਾਂਦਾ ਹੈ। ਹਰ ਸਾਲ ਤਕਰੀਬਨ ਦਸ ਲੱਖ ਲੋਕ ਸੜਕਾਂ ਤੇ ਹੋਏ ਹਾਦਸਿਆਂ ਵਿਚ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਦੇ ਹਨ ਤੇ ਇਹ ਗਿਣਤੀ ਸਹਿਜੇ-ਸਹਿਜੇ ਵਧਦੀ ਜਾ ਰਹੀ ਹੈ। ਕਈ ਦੇਸ਼ਾਂ ਵਿਚ ਇਹ ਖ਼ਤਰਾ ਕਿਤੇ ਜ਼ਿਆਦਾ ਹੈ। ਮਿਸਾਲ ਲਈ, ਯੂਰਪੀ ਕਮਿਸ਼ਨ ਦੀ ਇਕ ਰਿਪੋਰਟ ਨੇ ਕਿਹਾ ਕਿ “ਜਿੱਥੇ ਸਵੀਡਨ ਦੀਆਂ ਸੜਕਾਂ ਉੱਤੇ 10 ਲੱਖ ਲੋਕਾਂ ਵਿੱਚੋਂ 120 ਲੋਕ ਮਰਦੇ ਹਨ, ਉੱਥੇ ਯੂਨਾਨ ਵਿਚ 690 ਲੋਕ ਮੌਤ ਦੇ ਸ਼ਿਕਾਰ ਹੁੰਦੇ ਹਨ।”

ਹਾਲ ਹੀ ਦੇ ਸਾਲਾਂ ਵਿਚ ਸੜਕਾਂ ਤੇ ਭੜਕੇ ਲੋਕਾਂ ਦੇ ਕ੍ਰੋਧ ਦੀਆਂ ਰਿਪੋਰਟਾਂ ਸੁਣਨ ਵਿਚ ਆਈਆਂ ਹਨ। ਡ੍ਰਾਈਵਰਾਂ ਦਾ ਦੂਜੇ ਡ੍ਰਾਈਵਰਾਂ ਉੱਤੇ ਆਪਣਾ ਗੁੱਸਾ ਕੱਢਣਾ ਅੱਜ-ਕੱਲ੍ਹ ਆਮ ਹੈ। ਪਰ ਇਸ ਗੁੱਸੇ ਦੀ ਵਜ੍ਹਾ ਕੀ ਹੈ? ਅਮਰੀਕਾ ਵਿਚ ਹਾਈਵੇ ਟ੍ਰੈਫਿਕ ਦੇ ਸੁਰੱਖਿਆ ਪ੍ਰਬੰਧ ਨੇ ਕਈ ਡ੍ਰਾਈਵਰਾਂ ਤੋਂ ਇਹ ਸਵਾਲ ਪੁੱਛਿਆ। ਉਨ੍ਹਾਂ ਦੇ ਜਵਾਬਾਂ ਤੋਂ ਪਤਾ ਲੱਗਾ ਕਿ ਇਕ ਕਾਰਨ ਹੈ “ਸੜਕਾਂ ਤੇ ਬਹੁਤ ਜ਼ਿਆਦਾ ਟ੍ਰੈਫਿਕ।”

ਭਾਰੀ ਕੀਮਤ ਚੁਕਾਉਣੀ

ਟ੍ਰੈਫਿਕ ਜਾਮਾਂ ਕਾਰਨ ਬਹੁਤ ਸਾਰਾ ਪੈਸਾ ਵੀ ਬਰਬਾਦ ਹੁੰਦਾ ਹੈ। ਇਕ ਅਧਿਐਨ ਦੇ ਅਨੁਸਾਰ ਲਾਸ ਏਂਜਲੀਜ਼, ਕੈਲੇਫ਼ੋਰਨੀਆ ਵਿਚ ਹਰ ਸਾਲ ਚਾਰ ਅਰਬ ਲੀਟਰ ਤੇਲ ਜ਼ਾਇਆ ਹੁੰਦਾ ਹੈ ਕਿਉਂਕਿ ਟ੍ਰੈਫਿਕ ਵਿਚ ਫਸੀਆਂ ਕਾਰਾਂ ਰੁਕ-ਰੁਕ ਕੇ ਚੱਲਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਨੁਕਸਾਨ ਹੁੰਦੇ ਹਨ। ਮਿਸਾਲ ਲਈ, ਬਿਜ਼ਨਿਸ ਕਰਨ ਦੇ ਮੌਕੇ ਹੱਥੋਂ ਖੁੰਝ ਜਾਂਦੇ ਹਨ, ਪ੍ਰਦੂਸ਼ਣ ਕਰਕੇ ਵਧਦੀਆਂ ਬੀਮਾਰੀਆਂ ਅਤੇ ਸੜਕਾਂ ਤੇ ਹੁੰਦੇ ਹਾਦਸਿਆਂ ਕਾਰਨ ਵੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।

ਜਦ ਇਨ੍ਹਾਂ ਸਾਰਿਆਂ ਖ਼ਰਚਿਆਂ ਨੂੰ ਜੋੜਿਆ ਜਾਂਦਾ ਹੈ, ਤਾਂ ਇਸ ਦਾ ਦੇਸ਼ ਦੀ ਆਰਥਿਕ ਹਾਲਤ ਤੇ ਵੀ ਅਸਰ ਪੈਂਦਾ ਹੈ। ਇਕ ਰਿਪੋਰਟ ਅਨੁਸਾਰ ਅਮਰੀਕੀ ਲੋਕਾਂ ਨੂੰ ਹਰ ਸਾਲ ਜ਼ਾਇਆ ਹੋਏ ਸਮੇਂ ਅਤੇ ਤੇਲ ਕਾਰਨ 68 ਅਰਬ ਡਾਲਰਾਂ ਦਾ ਘਾਟਾ ਪੈਂਦਾ ਹੈ। ਫ਼ਿਲਪੀਨ ਸਟਾਰ ਅਖ਼ਬਾਰ ਨੇ ਕਿਹਾ: ‘ਫ਼ਿਲਪੀਨ ਵਿਚ ਟ੍ਰੈਫਿਕ ਜਾਮਾਂ ਕਰਕੇ ਟੈਕਸੀ ਦੇ ਮੀਟਰ ਦੇ ਘੁੰਮਣ ਵਾਂਗ ਅਰਬਾਂ ਦਾ ਨੁਕਸਾਨ ਹੁੰਦਾ ਹੈ।’ ਅੰਦਾਜ਼ਾ ਲਾਇਆ ਗਿਆ ਹੈ ਕਿ ਯੂਰਪ ਵਿਚ ਟ੍ਰੈਫਿਕ ਜਾਮ ਦਾ ਖ਼ਰਚਾ ਸਾਲ ਵਿਚ 250 ਅਰਬ ਯੂਰੋ ਹੁੰਦਾ ਹੈ।

ਭਵਿੱਖ ਵਿਚ ਟ੍ਰੈਫਿਕ ਦਾ ਕੀ ਹੋਵੇਗਾ?

ਹੱਲ ਲੱਭਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਟ੍ਰੈਫਿਕ ਦੀ ਸਮੱਸਿਆ ਵਧਦੀ ਜਾ ਰਹੀ ਹੈ। ਟੈਕਸਸ ਆਵਾਜਾਈ ਸੰਸਥਾ ਨੇ ਅਮਰੀਕਾ ਦੇ 75 ਸ਼ਹਿਰਾਂ ਵਿਚ ਇਕ ਸਰਵੇਖਣ ਕੀਤਾ। ਇਸ ਤੋਂ ਪਤਾ ਲੱਗਾ ਕਿ 1982 ਵਿਚ ਲੋਕ ਔਸਤਨ 16 ਘੰਟੇ ਟ੍ਰੈਫਿਕ ਵਿਚ ਫਸੇ ਰਹੇ ਸਨ। ਪਰ ਸਾਲ 2000 ਵਿਚ ਲੋਕ 62 ਘੰਟੇ ਟ੍ਰੈਫਿਕ ਵਿਚ ਫਸੇ ਰਹੇ। ਜਦ ਕਿ ਪਹਿਲਾਂ ਟ੍ਰੈਫਿਕ ਕਾਰਨ ਪੂਰੇ ਦਿਨ ਦੌਰਾਨ ਕੁੱਲ 4.5 ਘੰਟੇ ਬਰਬਾਦ ਹੁੰਦੇ ਸਨ, ਪਰ ਹੁਣ 7 ਘੰਟੇ ਬਰਬਾਦ ਹੁੰਦੇ ਹਨ। ਇਸ ਰਿਪੋਰਟ ਨੇ ਕਿਹਾ ਕਿ ਇਨ੍ਹਾਂ 75 ਸ਼ਹਿਰਾਂ ਵਿਚ “ਟ੍ਰੈਫਿਕ ਬਾਰੇ ਕੀਤੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਹ ਸਮੱਸਿਆ ਘੱਟਣ ਦੀ ਬਜਾਇ ਵਧਦੀ ਜਾ ਰਹੀ ਹੈ। ਲੋਕ ਪਹਿਲਾਂ ਨਾਲੋਂ ਜ਼ਿਆਦਾ ਮੋਟਰ-ਗੱਡੀਆਂ ਚਲਾਉਂਦੇ ਹਨ ਅਤੇ ਸਫ਼ਰ ਕਰਦੇ ਹਨ ਜਿਸ ਕਰਕੇ ਸੜਕਾਂ ਮੋਟਰ-ਗੱਡੀਆਂ ਨਾਲ ਭਰੀਆਂ ਰਹਿੰਦੀਆਂ ਹਨ ਤੇ ਬਹੁਤ ਦੇਰ ਤਕ ਜਾਮ ਲੱਗਾ ਰਹਿੰਦਾ ਹੈ।”

ਹੋਰਨਾਂ ਦੇਸ਼ਾਂ ਤੋਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਮਿਲਦੀਆਂ ਹਨ। ਯੂਰਪੀ ਕਮਿਸ਼ਨ ਦੇ ਖੋਜਕਾਰਾਂ ਦਾ ਕਹਿਣਾ ਹੈ: “ਜੇ ਆਵਾਜਾਈ ਵਿਚ ਤਬਦੀਲੀਆਂ ਨਾ ਕੀਤੀਆਂ ਗਈਆਂ, ਤਾਂ ਅਗਲੇ ਦਹਾਕੇ ਵਿਚ ਸ਼ਹਿਰਾਂ ਦੇ ਸ਼ਹਿਰ ਟ੍ਰੈਫਿਕ ਵਿਚ ਫਸ ਜਾਣਗੇ।”

ਪੂਰਬੀ ਦੇਸ਼ਾਂ ਵਿਚ ਵੀ ਟ੍ਰੈਫਿਕ ਸੰਬੰਧੀ ਅਜਿਹੀਆਂ ਮੁਸ਼ਕਲਾਂ ਪਾਈਆਂ ਜਾਂਦੀਆਂ ਹਨ। ਟੋਕੀਓ ਸ਼ਹਿਰ ਟ੍ਰੈਫਿਕ ਜਾਮਾਂ ਲਈ ਮਸ਼ਹੂਰ ਹੈ ਅਤੇ ਜਪਾਨ ਦੇ ਦੂਸਰੇ ਸ਼ਹਿਰਾਂ ਵਿਚ ਵੀ ਟ੍ਰੈਫਿਕ ਵਧਦੀ ਜਾ ਰਹੀ ਹੈ। ਫ਼ਿਲਪੀਨ ਦੀਆਂ ਅਖ਼ਬਾਰਾਂ ਵਿਚ ਅਜਿਹੀਆਂ ਰਿਪੋਰਟਾਂ ਮਿਲਦੀਆਂ ਹਨ: “ਸੜਕਾਂ ਉੱਤੇ ਮੋਟਰ-ਗੱਡੀਆਂ ਦੀ ਭੀੜ ਰਹਿੰਦੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਕੰਮ ਤੇ ਆਉਣ-ਜਾਣ ਲਈ ਕਈ ਘੰਟੇ ਲੱਗ ਜਾਂਦੇ ਹਨ।”

ਇਨ੍ਹਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਵਕਤ ਟ੍ਰੈਫਿਕ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਇਕ ਲੇਖਕ ਟ੍ਰੈਫਿਕ ਸੰਬੰਧੀ ਆਪਣੀ ਕਿਤਾਬ ਵਿਚ ਕਹਿੰਦਾ ਹੈ: “ਅਗਾਹਾਂ ਨੂੰ ਸਰਕਾਰਾਂ ਮੋਟਰ-ਗੱਡੀਆਂ ਦੀ ਭੀੜ ਘਟਾਉਣ ਲਈ ਜੋ ਵੀ ਨੀਤੀਆਂ ਬਣਾਉਣਗੀਆਂ, ਉਨ੍ਹਾਂ ਨਾਲ ਟ੍ਰੈਫਿਕ ਦੀ ਸਮੱਸਿਆ ਖ਼ਤਮ ਹੋਣ ਵਾਲੀ ਨਹੀਂ, ਸਗੋਂ ਦੁਨੀਆਂ ਭਰ ਵਿਚ ਇਹ ਮੁਸੀਬਤ ਵਧਦੀ ਜਾਵੇਗੀ। ਇਸ ਲਈ ਮੇਰੀ ਸਲਾਹ ਇਹੀ ਹੈ ਕਿ ਇਸ ਸਮੱਸਿਆ ਦੇ ਆਦੀ ਹੋਣਾ ਸਿੱਖੋ।”

ਤੁਸੀਂ ਕੀ ਕਰ ਸਕਦੇ ਹੋ?

ਸਵਾਲ ਇਹ ਹੈ ਕਿ ਤੁਸੀਂ ਇਸ ਸਮੱਸਿਆ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ? ਜੇ ਤੁਸੀਂ ਟ੍ਰੈਫਿਕ ਵਿਚ ਫਸਣ ਵਾਲੇ ਕਰੋੜਾਂ ਵਿੱਚੋਂ ਇਕ ਹੋ, ਤਾਂ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਕੁਝ ਕਦਮ ਉਠਾ ਸਕਦੇ ਹੋ।

◼ ਤਿਆਰੀ ਕਰੋ। ਕਈ ਲੋਕ ਟ੍ਰੈਫਿਕ ਵਿਚ ਫਸਣ ਤੋਂ ਪਹਿਲਾਂ ਹੀ ਤਣਾਅ ਵਿਚ ਹੁੰਦੇ ਹਨ। ਉਹ ਦੇਰੀ ਨਾਲ ਉੱਠਦੇ ਹਨ। ਫਿਰ ਉਹ ਨਹਾ-ਧੋ ਕੇ ਜਲਦੀ ਨਾਲ ਨਾਸ਼ਤਾ ਕਰਦੇ ਹਨ। ਉਹ ਪਰੇਸ਼ਾਨ ਹੁੰਦੇ ਹਨ ਕਿ ਉਨ੍ਹਾਂ ਨੂੰ ਕੰਮ ਤੇ ਪਹੁੰਚਣ ਵਿਚ ਦੇਰ ਹੋ ਜਾਵੇਗੀ। ਫਿਰ ਸੜਕਾਂ ਤੇ ਟ੍ਰੈਫਿਕ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਜਾਂਦੀ ਹੈ। ਜੇ ਤੁਹਾਨੂੰ ਪਤਾ ਹੈ ਕਿ ਬਹੁਤ ਟ੍ਰੈਫਿਕ ਹੋਵੇਗੀ, ਤਾਂ ਵੇਲੇ ਸਿਰ ਘਰੋਂ ਤੁਰੋ। ਇਸ ਤਰ੍ਹਾਂ ਕਰਨ ਨਾਲ ਸ਼ਾਇਦ ਤੁਸੀਂ ਟ੍ਰੈਫਿਕ ਵਿਚ ਫਸਣ ਤੋਂ ਬਚ ਜਾਓ। ਰੋਜ਼ਾਨਾ ਆਉਣ-ਜਾਣ ਦਾ ਤਣਾਅ—ਕਾਰਨ, ਅਸਰ ਤੇ ਤਣਾਅ ਨਾਲ ਸਿੱਝਣ ਦੇ ਤਰੀਕੇ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਵਿਚ ਲਿਖਿਆ ਹੈ ਕਿ “ਟ੍ਰੈਫਿਕ ਕਾਰਨ ਹੋਣ ਵਾਲਾ ਤਣਾਅ ਘਟਾਉਣ ਦੀ ਤਿਆਰੀ ਸੜਕ ਤੇ ਜਾਣ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ।” ਇਸ ਕਿਤਾਬ ਵਿਚ ਅੱਗੇ ਕਿਹਾ ਗਿਆ ਹੈ: “ਆਪਣੇ ਅਤੇ ਬੱਚਿਆਂ ਦੇ ਕੱਪੜੇ, ਬੈਗ ਅਤੇ ਦੁਪਹਿਰ ਦਾ ਖਾਣਾ ਰਾਤ ਨੂੰ ਤਿਆਰ ਕਰਨ ਨਾਲ ਸਵੇਰ ਨੂੰ ਵਾਧੂ ਨੱਠ-ਭੱਜ ਨਹੀਂ ਹੋਵੇਗੀ।” ਰਾਤ ਨੂੰ ਨੀਂਦ ਪੂਰੀ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਜੇ ਤੁਸੀਂ ਸਵੇਰ ਨੂੰ ਵੇਲੇ ਸਿਰ ਉੱਠਣਾ ਹੈ, ਤਾਂ ਤੁਹਾਨੂੰ ਵੇਲੇ ਸਿਰ ਸੌਂ ਜਾਣਾ ਚਾਹੀਦਾ ਹੈ।

ਵੇਲੇ ਸਿਰ ਉੱਠਣ ਦੇ ਹੋਰ ਵੀ ਫ਼ਾਇਦੇ ਹਨ। ਮਿਸਾਲ ਲਈ, ਬਹੁਤ ਸਮੇਂ ਤਕ ਗੱਡੀ ਵਿਚ ਬੈਠੇ ਰਹਿਣ ਨਾਲ ਤੁਹਾਡੀਆਂ ਮਾਸ-ਪੇਸ਼ੀਆਂ ਥੱਕ ਜਾਂਦੀਆਂ ਹਨ। ਸੋ ਜੇ ਹੋ ਸਕੇ, ਤਾਂ ਕਿਉਂ ਨਾ ਸਵੇਰ ਨੂੰ ਉੱਠ ਕੇ ਕਸਰਤ ਕਰੋ? ਬਾਕਾਇਦਾ ਕਸਰਤ ਕਰਨ ਨਾਲ ਤੁਸੀਂ ਜ਼ਿਆਦਾ ਤੰਦਰੁਸਤ ਰਹੋਗੇ ਅਤੇ ਟ੍ਰੈਫਿਕ ਵਿਚ ਫਸਣ ਨਾਲ ਜੋ ਤਣਾਅ ਪੈਦਾ ਹੁੰਦਾ ਹੈ, ਉਸ ਨੂੰ ਵੀ ਸਹਿ ਪਾਓਗੇ। ਵੇਲੇ ਸਿਰ ਉੱਠਣ ਨਾਲ ਤੁਸੀਂ ਚੰਗਾ ਨਾਸ਼ਤਾ ਵੀ ਕਰ ਸਕੋਗੇ। ਉਰਾ-ਪਰਾ ਖਾਣ ਜਾਂ ਭੁੱਖੇ ਘਰੋਂ ਨਿਕਲਣ ਦੀ ਬਜਾਇ ਚੰਗਾ ਨਾਸ਼ਤਾ ਕਰਨਾ ਤੁਹਾਡੀ ਸਿਹਤ ਲਈ ਬਿਹਤਰ ਹੈ ਅਤੇ ਤੁਸੀਂ ਤਣਾਅ ਵੀ ਘੱਟ ਮਹਿਸੂਸ ਕਰੋਗੇ।

ਤੁਸੀਂ ਆਪਣੀ ਕਾਰ ਦੀ ਦੇਖ-ਰੇਖ ਕਰਨ ਨਾਲ ਵੀ ਆਪਣੇ ਤਣਾਅ ਨੂੰ ਘਟਾ ਸਕਦੇ ਹੋ। ਜੇ ਟ੍ਰੈਫਿਕ ਜਾਮ ਵਿਚ ਤੁਹਾਡੀ ਕਾਰ ਖ਼ਰਾਬ ਹੋ ਜਾਵੇ, ਤਾਂ ਤੁਹਾਡੇ ਉੱਤੇ ਵੱਡਾ ਬੋਝ ਪੈ ਸਕਦਾ ਹੈ, ਖ਼ਾਸ ਕਰਕੇ ਖ਼ਰਾਬ ਮੌਸਮ ਵਿਚ। ਇਸ ਲਈ ਦੇਖੋ ਕਿ ਕੀ ਕਾਰ ਦੀਆਂ ਬ੍ਰੇਕਾਂ ਠੀਕ ਕੰਮ ਕਰਦੀਆਂ ਹਨ, ਟਾਇਰਾਂ ਵਿਚ ਸਹੀ ਮਾਤਰਾ ਵਿਚ ਹਵਾ ਭਰੀ ਹੋਈ ਹੈ, ਏ. ਸੀ. ਠੀਕ ਚੱਲ ਰਿਹਾ ਹੈ, ਕਾਰ ਵਿਚ ਪਾਣੀ ਤੇ ਤੇਲ ਹੈ, ਵਗੈਰਾ। ਇਸ ਦੇ ਨਾਲ-ਨਾਲ ਆਪਣੀ ਕਾਰ ਦੀ ਟੈਂਕੀ ਵੀ ਪਟਰੋਲ ਨਾਲ ਭਰ ਕੇ ਰੱਖੋ। ਯਾਦ ਰੱਖੋ ਕਿ ਟ੍ਰੈਫਿਕ ਵਿਚ ਹੋਇਆ ਛੋਟਾ ਜਿਹਾ ਹਾਦਸਾ ਵੀ ਬਹੁਤ ਤਣਾਅ ਪੈਦਾ ਕਰ ਸਕਦਾ ਹੈ।

◼ ਜਾਣਕਾਰੀ ਰੱਖੋ। ਕਾਰ ਚਲਾਉਣ ਤੋਂ ਪਹਿਲਾਂ ਹੀ ਇਹ ਚੰਗਾ ਹੋਵੇਗਾ ਜੇ ਤੁਸੀਂ ਰੇਡੀਓ ਸੁਣ ਕੇ ਜਾਂ ਅਖ਼ਬਾਰ ਪੜ੍ਹ ਕੇ ਕੁਝ ਗੱਲਾਂ ਬਾਰੇ ਜਾਣਕਾਰੀ ਹਾਸਲ ਕਰੋ। ਮਿਸਾਲ ਲਈ, ਖ਼ਰਾਬ ਮੌਸਮ, ਕਿਨ੍ਹਾਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਕਿਹੜੀਆਂ ਸੜਕਾਂ ਬੰਦ ਕੀਤੀਆਂ ਹੋਈਆਂ ਹਨ, ਕਿੱਥੇ ਹਾਦਸੇ ਹੋਏ ਹਨ ਅਤੇ ਹੋਰ ਇਹੋ ਜਿਹੀਆਂ ਗੱਲਾਂ। ਤੁਸੀਂ ਇਲਾਕੇ ਦਾ ਨਕਸ਼ਾ ਵੀ ਖ਼ਰੀਦ ਸਕਦੇ ਹੋ। ਇਸ ਤਰ੍ਹਾਂ ਤੁਸੀਂ ਕਿਸੇ ਹੋਰ ਰਸਤੇ ਰਾਹੀਂ ਜਾ ਕੇ ਮੁਸ਼ਕਲਾਂ ਤੋਂ ਸ਼ਾਇਦ ਬਚ ਸਕਦੇ ਹੋ।

◼ ਆਰਾਮ ਨਾਲ ਬੈਠੋ। ਆਪਣੀ ਕਾਰ ਦੀ ਸੀਟ ਸਹੀ ਕਰੋ ਤਾਂਕਿ ਤੁਸੀਂ ਆਰਾਮ ਨਾਲ ਬੈਠ ਕੇ ਕਾਰ ਚਲਾ ਸਕੋ। ਜੇ ਤੁਹਾਡੀ ਕਾਰ ਵਿਚ ਰੇਡੀਓ, ਸੀ.ਡੀ. ਜਾਂ ਕੈਸਟ-ਪਲੇਅਰ ਹੈ, ਤਾਂ ਤੁਸੀਂ ਆਪਣਾ ਕੋਈ ਮਨ-ਪਸੰਦ ਸੰਗੀਤ ਸੁਣ ਸਕਦੇ ਹੋ। ਸੰਗੀਤ ਸੁਣ ਕੇ ਤੁਹਾਡੇ ਮਨ ਦਾ ਬੋਝ ਹਲਕਾ ਹੋ ਸਕਦਾ ਹੈ। ਇਸ ਤਰ੍ਹਾਂ ਕਰ ਕੇ ਤੁਹਾਨੂੰ ਟ੍ਰੈਫਿਕ ਦਾ ਰੌਲਾ ਘੱਟ ਸੁਣਾਈ ਦੇਵੇਗਾ। *

◼ ਆਪਣਾ ਸਮਾਂ ਬਰਬਾਦ ਨਾ ਕਰੋ। ਜੇ ਤੁਸੀਂ ਟ੍ਰੈਫਿਕ ਵਿਚ ਰੁਕੇ ਹੋ, ਤਾਂ ਤੁਸੀਂ ਚੰਗੀਆਂ ਗੱਲਾਂ ਬਾਰੇ ਸੋਚ ਸਕਦੇ ਹੋ। ਟ੍ਰੈਫਿਕ ਕਾਰਨ ਗੁੱਸੇ ਹੋਣ ਦੀ ਬਜਾਇ ਕਿਉਂ ਨਾ ਸੋਚੋ ਕਿ ਤੁਸੀਂ ਦਿਨ ਵਿਚ ਕੀ-ਕੀ ਕਰਨਾ ਹੈ ਜਾਂ ਕੀ ਕੁਝ ਕੀਤਾ ਹੈ? ਜੇ ਤੁਸੀਂ ਇਕੱਲੇ ਕਾਰ ਵਿਚ ਹੋ, ਤਾਂ ਤੁਸੀਂ ਜ਼ਰੂਰੀ ਗੱਲਾਂ ਬਾਰੇ ਸੋਚ ਕੇ ਆਪਣੇ ਫ਼ੈਸਲੇ ਕਰ ਸਕਦੇ ਹੋ।

ਜੇ ਤੁਸੀਂ ਕਾਰ ਵਿਚ ਕਿਸੇ ਦੇ ਨਾਲ ਸਫ਼ਰ ਕਰ ਰਹੇ ਹੋ, ਤਾਂ ਕਾਰਾਂ ਦੀ ਲੰਬੀ ਕਤਾਰ ਦੇਖਣ ਨਾਲ ਤੁਹਾਡਾ ਤਣਾਅ ਵਧੇਗਾ। ਕਿਉਂ ਨਾ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਕੁਝ ਕਰੋ। ਮਿਸਾਲ ਲਈ, ਤੁਸੀਂ ਕੋਈ ਪੁਸਤਕ ਜਾਂ ਅਖ਼ਬਾਰ ਪੜ੍ਹ ਸਕਦੇ ਹੋ। ਜਾਂ ਤੁਸੀਂ ਸ਼ਾਇਦ ਪਿਛਲੇ ਦਿਨ ਦੀਆਂ ਚਿੱਠੀਆਂ ਜਾਂ ਕਾਗਜ਼-ਪੱਤਰ ਪੜ੍ਹ ਸਕਦੇ ਹੋ। ਹੋਰਨਾਂ ਨੂੰ ਸ਼ਾਇਦ ਚਿੱਠੀਆਂ ਲਿਖਣਾ ਚੰਗਾ ਲੱਗੇ ਜਾਂ ਜਿਨ੍ਹਾਂ ਕੋਲ ਲੈਪਟੋਪ ਕੰਪਿਊਟਰ ਹਨ, ਉਹ ਇਸ ਤੇ ਕੋਈ ਕੰਮ ਕਰ ਸਕਦੇ ਹਨ।

◼ ਸਮੱਸਿਆ ਦਾ ਸਾਮ੍ਹਣਾ ਕਰੋ। ਜੇ ਤੁਸੀਂ ਅਜਿਹੀ ਜਗ੍ਹਾ ਰਹਿੰਦੇ ਹੋ ਜਿੱਥੇ ਸੜਕਾਂ ਤੇ ਭੀੜ-ਭੜੱਕਾ ਆਮ ਗੱਲ ਹੈ, ਤਾਂ ਕਬੂਲ ਕਰ ਲਓ ਕਿ ਤੁਸੀਂ ਟ੍ਰੈਫਿਕ ਵਿਚ ਤਾਂ ਫਸੋਗੇ ਹੀ ਤੇ ਉਸ ਦੇ ਅਨੁਸਾਰ ਫਿਰ ਕੁਝ ਕਰਨ ਬਾਰੇ ਸੋਚੋ। ਜ਼ਿਆਦਾਤਰ ਸ਼ਹਿਰਾਂ ਵਿਚ ਇਹ ਸਮੱਸਿਆ ਤਾਂ ਰਹੇਗੀ ਹੀ। ਕੰਮ ਤੇ ਆਉਣ-ਜਾਣ ਵੇਲੇ ਟ੍ਰੈਫਿਕ ਨਾਲ ਸਿੱਝਣਾ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਵਿਚ ਲਿਖਿਆ ਹੈ: “ਜਿਨ੍ਹਾਂ ਸ਼ਹਿਰਾਂ ਵਿਚ ਟ੍ਰੈਫਿਕ ਦੀ ਸਮੱਸਿਆ ਹੈ ਉੱਥੇ ਦੀਆਂ ਸੜਕਾਂ ਤੇ ਭੀੜ-ਭੜੱਕਾ ਤਾਂ ਰਹੇਗਾ ਹੀ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਮੁਸ਼ਕਲ ਖ਼ਤਮ ਹੋਣ ਵਾਲੀ ਨਹੀਂ।” ਇਸ ਲਈ ਸਵੀਕਾਰ ਕਰੋ ਕਿ ਟ੍ਰੈਫਿਕ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਜਦੋਂ ਤੁਸੀਂ ਇਸ ਵਿਚ ਫਸ ਜਾਂਦੇ ਹੋ, ਤਾਂ ਸੋਚੋ ਕਿ ਤੁਸੀਂ ਇਸ ਸਮੇਂ ਦਾ ਕਿਵੇਂ ਚੰਗਾ ਇਸਤੇਮਾਲ ਕਰ ਸਕਦੇ ਹੋ! (g05 11/22)

[ਫੁਟਨੋਟ]

^ ਪੈਰਾ 25 ਜਾਗਰੂਕ ਬਣੋ! ਦੇ ਕਈ ਪਾਠਕ ਇਸ ਰਸਾਲੇ ਅਤੇ ਪਹਿਰਾਬੁਰਜ ਰਸਾਲੇ ਦੀ ਰਿਕਾਰਡਿੰਗ ਸੁਣਨਾ ਪਸੰਦ ਕਰਦੇ ਹਨ। ਕੁਝ ਭਾਸ਼ਾਵਾਂ ਵਿਚ ਇਹ ਰਿਕਾਰਡਿੰਗ ਆਡੀਓ-ਕੈਸੇਟ, ਸੀ.ਡੀ. ਅਤੇ ਐੱਮ.ਪੀ.3 ਸੀ.ਡੀ. ਤੇ ਮਿਲ ਸਕਦੀ ਹੈ।

[ਸਫ਼ਾ 16 ਉੱਤੇ ਤਸਵੀਰ]

ਪਹਿਲਾਂ ਤਿਆਰੀ ਕਰ ਕੇ ਟ੍ਰੈਫਿਕ ਤੋਂ ਬਚੋ

[ਸਫ਼ਾ 16 ਉੱਤੇ ਤਸਵੀਰ]

ਕਾਰ ਚਲਾਉਣ ਤੋਂ ਪਹਿਲਾਂ ਸੰਗੀਤ ਸੁਣਨ ਲਈ ਕੋਈ ਚੰਗੀ ਕੈਸਟ ਜਾਂ ਸੀ. ਡੀ. ਚੁਣੋ

[ਸਫ਼ਾ 16 ਉੱਤੇ ਤਸਵੀਰ]

ਟ੍ਰੈਫਿਕ ਵਿਚ ਫਸੇ ਹੋਣ ਕਰਕੇ ਆਪਣਾ ਸਮਾਂ ਬਰਬਾਦ ਨਾ ਕਰੋ

[ਸਫ਼ਾ 16 ਉੱਤੇ ਤਸਵੀਰ]

ਜਿਸ ਹਾਲਤ ਨੂੰ ਤੁਸੀਂ ਬਦਲ ਨਹੀਂ ਸਕਦੇ, ਉਸ ਬਾਰੇ ਗੁੱਸੇ ਨਾ ਹੋਵੋ