Skip to content

Skip to table of contents

ਮਕਬਰੇ—ਅਤੀਤ ਅੰਦਰ ਝਾਤੀ ਮਾਰਨ ਦੇ ਝਰੋਖੇ

ਮਕਬਰੇ—ਅਤੀਤ ਅੰਦਰ ਝਾਤੀ ਮਾਰਨ ਦੇ ਝਰੋਖੇ

ਮਕਬਰੇ​—ਅਤੀਤ ਅੰਦਰ ਝਾਤੀ ਮਾਰਨ ਦੇ ਝਰੋਖੇ

ਕਲਪਨਾ ਕਰੋ ਕਿ ਤੁਸੀਂ ਹਜ਼ਾਰਾਂ ਸਾਲ ਪਹਿਲਾਂ ਬੈਬੀਲੋਨੀਆ ਦੇ ਅਮੀਰ ਸ਼ਹਿਰ ਊਰ ਵਿਚ ਹੋ। ਸੁਮੇਰੀ ਲੋਕਾਂ ਦਾ ਇਕ ਵੱਡਾ ਜਲੂਸ ਸ਼ਹਿਰੋਂ ਬਾਹਰ ਜਾ ਰਿਹਾ ਹੈ। ਸ਼ਹਿਰੋਂ ਬਾਹਰ ਜਾ ਕੇ ਉਹ ਇਕ ਕਬਰਸਤਾਨ ਵਿਚ ਜ਼ਮੀਨ ਅੰਦਰ ਬਣੇ ਮਕਬਰੇ ਵਿਚ ਉੱਤਰਦੇ ਹਨ। ਮਕਬਰੇ ਦੀਆਂ ਕੰਧਾਂ ਤੇ ਫ਼ਰਸ਼ ਉੱਤੇ ਗਲੀਚੇ ਵਿਛਾਏ ਹੋਏ ਹਨ ਅਤੇ ਮਕਬਰਾ ਸੁਮੇਰੀ ਕਲਾ ਦੇ ਸ਼ਾਨਦਾਰ ਨਮੂਨਿਆਂ ਨਾਲ ਸਜਿਆ ਹੋਇਆ ਹੈ। ਸੰਗੀਤਕਾਰ, ਫ਼ੌਜੀ, ਨੌਕਰ ਤੇ ਤੀਵੀਆਂ ਸਾਰੇ ਮਕਬਰੇ ਵਿਚ ਜਾਂਦੇ ਹਨ। ਸਾਰਿਆਂ ਨੇ ਸੋਹਣੇ-ਸੋਹਣੇ ਕੱਪੜੇ ਪਾਏ ਹੋਏ ਹਨ। ਫ਼ੌਜੀ ਸਿਪਾਹਸਲਾਰ ਆਪਣੇ ਰੁਤਬੇ ਮੁਤਾਬਕ ਬਿੱਲੇ ਲਾਈ ਸ਼ਾਨ ਨਾਲ ਤੁਰ ਰਹੇ ਹਨ। ਸਾਈਸ ਇਸ ਰੰਗ-ਬਰੰਗੇ ਜਲੂਸ ਵਿਚ ਬਲਦ ਜਾਂ ਗਧੇ ਨਾਲ ਖਿੱਚੇ ਜਾ ਰਹੇ ਰਥਾਂ ਦੇ ਅੱਗੇ-ਅੱਗੇ ਤੁਰ ਰਹੇ ਹਨ। ਸਾਰੇ ਜਣੇ ਆਪੋ-ਆਪਣੀ ਜਗ੍ਹਾ ਖੜ੍ਹ ਜਾਂਦੇ ਹਨ। ਸੰਗੀਤ ਦੀ ਧੁਨ ਨਾਲ ਇਕ ਧਾਰਮਿਕ ਰਸਮ ਪੂਰੀ ਕੀਤੀ ਜਾਂਦੀ ਹੈ।

ਇਹ ਰਸਮ ਖ਼ਤਮ ਹੋਣ ਤੇ ਸੰਗੀਤਕਾਰ ਤੋਂ ਲੈ ਕੇ ਨੌਕਰ ਤਕ ਹਰ ਕੋਈ ਤਾਂਬੇ ਦੇ ਭਾਂਡੇ ਵਿੱਚੋਂ ਖ਼ਾਸ ਤੌਰ ਤੇ ਤਿਆਰ ਕੀਤਾ ਜ਼ਹਿਰ ਦਾ ਪਿਆਲਾ ਭਰ ਕੇ ਪੀਂਦਾ ਹੈ। ਫਿਰ ਸਾਰੇ ਜਣੇ ਪੂਰੇ ਇਤਮੀਨਾਨ ਨਾਲ ਲੇਟ ਜਾਂਦੇ ਹਨ ਤੇ ਹੌਲੀ-ਹੌਲੀ ਮੌਤ ਦੀ ਆਗੋਸ਼ ਵਿਚ ਚਲੇ ਜਾਂਦੇ ਹਨ। ਕੋਈ ਜਣਾ ਫਟਾਫਟ ਜਾਨਵਰਾਂ ਨੂੰ ਝਟਕਾਉਂਦਾ ਹੈ ਅਤੇ ਦੂਸਰੇ ਮਕਬਰੇ ਦਾ ਦਰਵਾਜ਼ਾ ਬਾਹਰੋਂ ਸੀਲ ਕਰ ਦਿੰਦੇ ਹਨ। ਇਹ ਸੁਮੇਰੀ ਲੋਕ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦਾ ਦੇਵ-ਰਾਜਾ ਆਪਣੇ ਰਥ ਤੇ ਸਵਾਰ ਹੋ ਕੇ ਆਪਣੇ ਨੌਕਰਾਂ-ਚਾਕਰਾਂ ਤੇ ਪਹਿਰੇਦਾਰਾਂ ਨਾਲ ਪੂਰੀ ਸ਼ਾਨੋ-ਸ਼ੌਕਤ ਨਾਲ ਪਰਲੋਕ ਵਿਚ ਜਾ ਰਿਹਾ ਹੈ।

ਦੱਖਣੀ ਇਰਾਕ ਵਿਚ ਖੁਦਾਈ ਕਰਦੇ ਵੇਲੇ ਪੁਰਾਤੱਤਵ-ਵਿਗਿਆਨੀ ਸਰ ਲੈਨੱਡ ਵੁਲੀ ਨੂੰ ਪ੍ਰਾਚੀਨ ਊਰ ਸ਼ਹਿਰ ਵਿਚ 16 ਸ਼ਾਹੀ ਮਕਬਰੇ ਮਿਲੇ। ਇਹ ਮਕਬਰੇ ਇਕ ਮਹੱਤਵਪੂਰਣ ਖੋਜ ਸਨ। “ਜਿੰਨਾ ਖ਼ਜ਼ਾਨਾ ਇਨ੍ਹਾਂ ਮਕਬਰਿਆਂ ਵਿਚ ਮਿਲਿਆ, ਉੱਨਾ ਖ਼ਜ਼ਾਨਾ ਪਹਿਲਾਂ ਕਦੀ ਮੈਸੋਪੋਟੇਮੀਆ ਦੀਆਂ ਪ੍ਰਾਚੀਨ ਥਾਵਾਂ ਵਿਚ ਨਹੀਂ ਮਿਲਿਆ। ਇਨ੍ਹਾਂ ਵਿਚ ਸੁਮੇਰੀ ਕਲਾ ਦੇ ਕੁਝ ਉੱਤਮ ਨਮੂਨੇ ਹਨ ਜੋ ਅੱਜ ਬ੍ਰਿਟਿਸ਼ ਮਿਊਜ਼ੀਅਮ ਅਤੇ ਪੈਨਸਿਲਵੇਨੀਆ ਦੀ ਯੂਨੀਵਰਸਿਟੀ ਦੇ ਮਿਊਜ਼ੀਅਮ ਦੀ ਸਜਾਵਟ ਬਣੇ ਹੋਏ ਹਨ,” ਪੌਲ ਬਾਨ ਆਪਣੀ ਕਿਤਾਬ ਮਕਬਰੇ, ਕਬਰਾਂ ਤੇ ਮੱਮੀਜ਼ (ਅੰਗ੍ਰੇਜ਼ੀ) ਵਿਚ ਦੱਸਦਾ ਹੈ।

ਪਰ ਪ੍ਰਾਚੀਨ ਊਰ ਸ਼ਹਿਰ ਦੇ ਮਕਬਰੇ ਅਨੋਖੇ ਨਹੀਂ ਸਨ ਤੇ ਨਾ ਹੀ ਇਨਸਾਨਾਂ ਤੇ ਜਾਨਵਰਾਂ ਦੀਆਂ ਕੁਰਬਾਨੀਆਂ ਦਾ ਖ਼ੌਫ਼ਨਾਕ ਰਿਵਾਜ। ਬਹੁਤ ਸਾਰੀਆਂ ਪੁਰਾਣੀਆਂ ਸਭਿਅਤਾਵਾਂ ਵਿਚ ਰਾਜੇ-ਮਹਾਰਾਜੇ ਤੇ ਅਮੀਰ ਲੋਕ ਆਪਣੇ ਕਫ਼ਨਾਉਣ-ਦਫ਼ਨਾਉਣ ਅਤੇ ਅਗਲੀ ਜ਼ਿੰਦਗੀ ਵਿਚ ਐਸ਼ੋ-ਆਰਾਮ ਦਾ ਪ੍ਰਬੰਧ ਕਰਨ ਲਈ ਬੇਅੰਤ ਪੈਸਾ ਖ਼ਰਚ ਕਰਦੇ ਸਨ ਅਤੇ ਕਈ ਵਾਰ ਬੇਰਹਿਮੀ ਨਾਲ ਲੋਕਾਂ ਦੀਆਂ ਕੁਰਬਾਨੀਆਂ ਵੀ ਦਿੰਦੇ ਸਨ। ਸੋਹਣੀਆਂ-ਸੋਹਣੀਆਂ ਚੀਜ਼ਾਂ ਤੇ ਖ਼ਜ਼ਾਨੇ ਨਾਲ ਭਰੇ ਉਨ੍ਹਾਂ ਦੇ ਮਕਬਰੇ ਉਨ੍ਹਾਂ ਦੇ ਮਹਿਲਾਂ ਨਾਲੋਂ ਘੱਟ ਨਹੀਂ ਸਨ ਹੁੰਦੇ ਜਿਨ੍ਹਾਂ ਵਿਚ ਉਹ ਜੀਉਂਦੇ-ਜੀ ਰਹਿੰਦੇ ਸਨ। ਪਰ ਅੱਜ ਇਨ੍ਹਾਂ ਮਕਬਰਿਆਂ ਅਤੇ ਹੋਰ ਸਾਧਾਰਣ ਕਬਰਾਂ ਦੇ ਝਰੋਖਿਆਂ ਵਿੱਚੋਂ ਦੀ ਅਸੀਂ ਅਤੀਤ ਉੱਤੇ ਝਾਤੀ ਮਾਰ ਸਕਦੇ ਹਾਂ ਅਤੇ ਪ੍ਰਾਚੀਨ ਲੋਕਾਂ ਤੇ ਅਲੋਪ ਹੋ ਚੁੱਕੀਆਂ ਸਭਿਅਤਾਵਾਂ ਦੇ ਵਿਸ਼ਵਾਸਾਂ, ਸਭਿਆਚਾਰਾਂ, ਕਲਾ ਤੇ ਤਕਨੀਕੀ ਗੁਣਾਂ ਬਾਰੇ ਜਾਣ ਸਕਦੇ ਹਾਂ।

ਸ਼ਾਨੋ-ਸ਼ੌਕਤ ਨਾਲ ਗਲ਼-ਸੜ ਰਹੇ ਸ਼ਾਹੀ ਲੋਕ

ਸੰਨ 1974 ਵਿਚ ਚੀਨ ਦੇ ਸਿਆਨ ਸ਼ਹਿਰ ਵਿਚ ਕੁਝ ਕਿਸਾਨ ਇਕ ਖੂਹ ਪੁੱਟ ਰਹੇ ਸਨ। ਖੂਹ ਪੁੱਟਣ ਤੇ ਉਨ੍ਹਾਂ ਨੂੰ ਪਾਣੀ ਤਾਂ ਨਹੀਂ ਮਿਲਿਆ, ਪਰ ਉਨ੍ਹਾਂ ਨੂੰ ਮਿੱਟੀ ਦੀਆਂ ਮੂਰਤੀਆਂ ਦੇ ਟੁਕੜੇ ਅਤੇ ਤਾਂਬੇ ਦੇ ਤੀਰ-ਕਮਾਨ ਜ਼ਰੂਰ ਮਿਲੇ। ਉਹ ਸਬੱਬੀਂ ਹੀ ਚੀਨ ਦੇ ਸਭ ਤੋਂ ਵੱਡੇ ਸ਼ਾਹੀ ਮਕਬਰੇ ਨੂੰ ਪੁੱਟਣ ਲੱਗ ਪਏ ਸਨ ਜਿੱਥੇ 2,100 ਸਾਲ ਪੁਰਾਣੀਆਂ 7,000 ਤੋਂ ਜ਼ਿਆਦਾ ਫ਼ੌਜੀਆਂ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਅਤੇ ਘੋੜਿਆਂ ਦੀਆਂ ਮੂਰਤਾਂ ਮਿੱਟੀ ਵਿਚ ਦੱਬੀਆਂ ਹੋਈਆਂ ਸਨ। ਇਹ ਸਾਰੇ ਫ਼ੌਜੀ ਆਪਣੇ ਰੁਤਬੇ ਮੁਤਾਬਕ ਪਾਲ ਵਿਚ ਖੜ੍ਹੇ ਸਨ। ਮੂਰਤੀਆਂ ਦੀ ਇਹ ਫ਼ੌਜ ਚੀਨ ਦੇ ਸਾਰੇ ਸੂਬਿਆਂ ਨੂੰ 221 ਈ. ਪੂ. ਵਿਚ ਇਕਮੁੱਠ ਕਰਨ ਵਾਲੇ ਸਮਰਾਟ ਚਿਨ ਸ਼ੀ ਹਵਾਂਗ ਡੀ ਦੇ ਨਾਂ ਤੋਂ ਜਾਣੀ ਜਾਣ ਲੱਗੀ।

ਚਿਨ ਦਾ ਇਹ ਮਕਬਰਾ ਅਸਲ ਵਿਚ ਜ਼ਮੀਨ ਦੇ ਹੇਠਾਂ ਇਕ ਮਹਿਲ ਹੈ। ਪਰ ਉਸ ਦੇ ਨਾਲ ਇਹ ਫ਼ੌਜ ਕਿਉਂ? ਦ ਕਿਨ ਟੈਰਾ-ਕੋਟਾ ਆਰਮੀ ਨਾਮਕ ਆਪਣੀ ਕਿਤਾਬ ਵਿਚ ਜਾਨ ਵਨਲੀ ਦੱਸਦਾ ਹੈ ਕਿ ਚਿਨ ਦਾ ‘ਮਕਬਰਾ ਕਿਨ ਸਾਮਰਾਜ ਦੀ ਨਿਸ਼ਾਨੀ ਹੈ ਅਤੇ ਇਹ ਮਕਬਰਾ ਕਿਨ ਸ਼ੀ ਹਵਾਂਗਡੀ [ਚਿਨ ਸ਼ੀ ਹਵਾਂਗ ਡੀ] ਨੂੰ ਉਸ ਦੀ ਮੌਤ ਤੋਂ ਬਾਅਦ ਉਹੀ ਸ਼ਾਨੋ-ਸ਼ੌਕਤ ਤੇ ਤਾਕਤ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਸੀ ਜੋ ਉਸ ਦੇ ਜੀਉਂਦੇ-ਜੀ ਸੀ।’ ਇਹ ਮਕਬਰਾ ਹੁਣ ਇਕ ਵੱਡੇ ਮਿਊਜ਼ੀਅਮ ਦਾ ਹਿੱਸਾ ਹੈ ਜਿਸ ਵਿਚ ਹੋਰ 400 ਮਕਬਰੇ ਅਤੇ ਭੋਰੇ ਹਨ।

ਜਾਨ ਵਨਲੀ ਦੱਸਦਾ ਹੈ ਕਿ ਇਸ ਮਕਬਰੇ ਨੂੰ ਬਣਾਉਣ ਲਈ “ਪੂਰੇ ਸਾਮਰਾਜ ਵਿੱਚੋਂ 7,00,000 ਤੋਂ ਜ਼ਿਆਦਾ ਲੋਕਾਂ ਨੂੰ ਕੰਮ ਤੇ ਲਾਇਆ ਗਿਆ ਸੀ।” ਸੰਨ 210 ਈ. ਪੂ. ਵਿਚ ਚਿਨ ਦੀ ਮੌਤ ਹੋ ਗਈ, ਪਰ ਇਸ ਤੋਂ ਬਾਅਦ 38 ਸਾਲ ਇਸ ਮਕਬਰੇ ਤੇ ਕੰਮ ਚੱਲਦਾ ਰਿਹਾ। ਚਿਨ ਦੇ ਨਾਲ ਸਿਰਫ਼ ਮਿੱਟੀ ਦੀਆਂ ਮੂਰਤੀਆਂ ਹੀ ਨਹੀਂ ਦਫ਼ਨਾਈਆਂ ਗਈਆਂ ਸਨ। ਉਸ ਤੋਂ ਬਾਅਦ ਬਣੇ ਰਾਜੇ ਨੇ ਹੁਕਮ ਦਿੱਤਾ ਸੀ ਕਿ ਚਿਨ ਦੀਆਂ ਬੇਔਲਾਦ ਰਖੇਲਾਂ ਨੂੰ ਵੀ ਉਸ ਨਾਲ ਦਫ਼ਨਾਇਆ ਜਾਵੇ। ਇਤਿਹਾਸਕਾਰ ਦੱਸਦੇ ਹਨ ਕਿ ਇਸ ਕਰਕੇ ਉਸ ਵੇਲੇ “ਬਹੁਤ ਵੱਡੀ” ਗਿਣਤੀ ਵਿਚ ਤੀਵੀਆਂ ਨੂੰ ਦਫ਼ਨਾਇਆ ਗਿਆ ਸੀ। ਪਰ ਇਸ ਤਰ੍ਹਾਂ ਦੀਆਂ ਗੱਲਾਂ ਅਨੋਖੀਆਂ ਨਹੀਂ ਸਨ।

ਮੈਕਸੀਕੋ ਸ਼ਹਿਰ ਦੇ ਉੱਤਰ-ਪੂਰਬ ਵਿਚ ਪ੍ਰਾਚੀਨ ਸ਼ਹਿਰ ਟੇਓਟੀਵਾਕਾਨ ਦੇ ਖੰਡਰਾਤ ਹਨ। ਇਸ ਸ਼ਹਿਰ ਵਿਚ ਇਕ ਗਲੀ ਹੈ ਜਿਸ ਦਾ ਨਾਂ ਹੈ “ਮੋਇਆਂ ਦੀ ਗਲੀ।” ਲੇਖਕ ਪੌਲ ਬਾਨ ਲਿਖਦਾ ਹੈ: “ਇਸ ਗਲੀ ਵਿਚ ਦੁਨੀਆਂ ਦੇ ਕੁਝ ਸਭ ਤੋਂ ਸ਼ਾਨਦਾਰ ਮਕਬਰੇ ਹਨ।” ਇਸ ਵਿਚ ਹਨ ਸੂਰਜ ਦਾ ਪਿਰਾਮਿਡ ਤੇ ਚੰਨ ਦਾ ਪਿਰਾਮਿਡ ਜੋ ਪਹਿਲੀ ਸਦੀ ਈਸਵੀ ਵਿਚ ਬਣਾਏ ਗਏ ਸਨ ਅਤੇ ਕੈਟਸਲਕੋਆਟਲ ਮੰਦਰ ਦੇ ਖੰਡਰਾਤ।

ਸੂਰਜ ਦੇ ਪਿਰਾਮਿਡ ਦੇ ਅੰਦਰ ਵੱਡੇ-ਵੱਡੇ ਮੰਤਰੀਆਂ ਤੇ ਸ਼ਾਇਦ ਪੁਜਾਰੀਆਂ ਨੂੰ ਦਫ਼ਨਾਉਣ ਦਾ ਕਮਰਾ ਸੀ। ਇਸ ਦੇ ਨੇੜੇ ਕਬਰਾਂ ਵਿੱਚੋਂ ਮਿਲੇ ਇਨਸਾਨੀ ਪਿੰਜਰਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਮੰਤਰੀਆਂ ਦੀ ਰੱਖਿਆ ਲਈ ਸ਼ਾਇਦ ਫ਼ੌਜੀਆਂ ਦੀਆਂ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਸਨ। ਜਿਸ ਤਰੀਕੇ ਨਾਲ ਇਨ੍ਹਾਂ ਕਬਰਾਂ ਵਿਚ ਮੁਰਦਿਆਂ ਨੂੰ ਦਫ਼ਨਾਇਆ ਗਿਆ ਹੈ, ਉਸ ਨੂੰ ਦੇਖ ਕੇ ਪੁਰਾਤੱਤਵ-ਵਿਗਿਆਨੀ ਮੰਨਦੇ ਹਨ ਕਿ ਇਸ ਜਗ੍ਹਾ ਤਕਰੀਬਨ 200 ਲੋਕਾਂ ਦੇ ਪਿੰਜਰ ਹਨ। ਇਨ੍ਹਾਂ ਵਿਚ ਬੱਚਿਆਂ ਦੇ ਵੀ ਪਿੰਜਰ ਹਨ ਜਿਨ੍ਹਾਂ ਦੀ ਮਕਬਰਿਆਂ ਦੀ ਚੱਠ ਵੇਲੇ ਸ਼ਾਇਦ ਬਲੀ ਚੜ੍ਹਾਈ ਗਈ ਸੀ।

ਕਿਸ਼ਤੀ ਵਿਚ ਜਾਂ ਘੋੜੇ ਤੇ ਸਵਾਰ ਹੋ ਕੇ ਅਗਲੀ ਦੁਨੀਆਂ ਵਿਚ ਜਾਣਾ

ਇਕ ਹਜ਼ਾਰ ਸਾਲ ਪਹਿਲਾਂ ਯੂਰਪ ਵਿਚ ਦਹਿਸ਼ਤ ਫੈਲਾਉਣ ਵਾਲੇ ਵਾਈਕਿੰਗ ਨਾਂ ਦੇ ਸਮੁੰਦਰੀ ਡਾਕੂ ਵੀ ਮੌਤ ਤੋਂ ਬਾਅਦ ਜ਼ਿੰਦਗੀ ਦੇ ਮਜ਼ੇ ਲੈਣ ਦੀ ਉਮੀਦ ਰੱਖਦੇ ਸਨ। ਉਹ ਮੰਨਦੇ ਸਨ ਕਿ ਮਰੇ ਲੋਕ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਜਾਂ ਲੰਬੀਆਂ ਕਿਸ਼ਤੀਆਂ ਵਿਚ ਬੈਠ ਕੇ ਅਗਲੀ ਦੁਨੀਆਂ ਵਿਚ ਜਾਂਦੇ ਸਨ। ਇਸ ਲਈ ਵਾਈਕਿੰਗਾਂ ਦੀਆਂ ਕਬਰਾਂ ਵਿਚ ਘਾਤ ਕੀਤੇ ਘੋੜਿਆਂ ਦੇ ਪਿੰਜਰ ਜਾਂ ਲੰਬੀਆਂ ਕਿਸ਼ਤੀਆਂ ਦੀਆਂ ਗਲ਼ੀਆਂ-ਸੜੀਆਂ ਲੱਕੜਾਂ ਮਿਲੀਆਂ ਹਨ। ਵਾਈਕਿੰਗਾਂ ਦਾ ਇਤਿਹਾਸ (ਅੰਗ੍ਰੇਜ਼ੀ) ਵਿਚ ਗਵਿਨ ਜੋਨਜ਼ ਲਿਖਦਾ ਹੈ: “ਮਰਨ ਤੇ ਆਦਮੀ ਜਾਂ ਔਰਤ ਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ ਤਾਂਕਿ ਉਹ ਅਗਲੀ ਦੁਨੀਆਂ ਵਿਚ ਵੀ ਆਰਾਮਦਾਇਕ ਤੇ ਇੱਜ਼ਤਦਾਰ ਜ਼ਿੰਦਗੀ ਜੀ ਸਕੇ . . . ਡੈਨਮਾਰਕ ਦੇ ਸ਼ਹਿਰ ਲੇਥਬੁ ਵਿਚ [ਦੱਬੇ] ਜਹਾਜ਼ ਦਾ ਲੰਗਰ ਜਹਾਜ਼ ਦੇ ਇਕ ਪਾਸੇ ਰੱਖਿਆ ਹੋਇਆ ਸੀ ਜਿਸ ਨੂੰ ਉਸ ਦੇ ਮਾਲਕ ਦੀ ਯਾਤਰਾ ਖ਼ਤਮ ਹੋਣ ਤੇ ਪਾਣੀ ਵਿਚ ਸੁੱਟਿਆ ਜਾਵੇ।”

ਲੜਾਕਿਆਂ ਦੀ ਕੌਮ ਵਾਈਕਿੰਗ ਮੰਨਦੇ ਸਨ ਕਿ ਜੇ ਉਹ ਲੜਾਈ ਵਿਚ ਮਾਰੇ ਗਏ, ਤਾਂ ਉਹ ਆਪਣੇ ਦੇਵਤਿਆਂ ਦੇ ਘਰ ਅਸਗਾਰਡ ਨੂੰ ਜਾਣਗੇ। “ਉੱਥੇ ਉਹ ਸਾਰਾ ਦਿਨ ਲੜ ਸਕਦੇ ਸੀ ਤੇ ਸਾਰੀ ਰਾਤ ਖਾ-ਪੀ ਸਕਦੇ ਸੀ,” ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ। ਵਾਈਕਿੰਗਾਂ ਦੇ ਦਫ਼ਨਾਉਣ ਵੇਲੇ ਇਨਸਾਨਾਂ ਦੀਆਂ ਬਲੀਆਂ ਵੀ ਚੜ੍ਹਾਈਆਂ ਜਾਂਦੀਆਂ ਸਨ। “ਜੇ ਕੋਈ ਮੁਖੀਆ ਮਰ ਜਾਂਦਾ ਸੀ, ਤਾਂ ਉਸ ਦੇ ਗ਼ੁਲਾਮਾਂ ਤੇ ਨੌਕਰਾਂ ਨੂੰ ਪੁੱਛਿਆ ਜਾਂਦਾ ਸੀ ਕਿ ਕੌਣ ਉਸ ਦੇ ਨਾਲ ਮਰਨਾ ਚਾਹੇਗਾ,” ਕਿਤਾਬ ਦ ਵਾਈਕਿੰਗ ਦੱਸਦੀ ਹੈ।

ਉੱਤਰੀ ਯੂਰਪ ਦੇ ਪ੍ਰਾਚੀਨ ਕੈੱਲਟ ਲੋਕ ਇਹ ਵੀ ਮੰਨਦੇ ਸਨ ਕਿ ਕਰਜ਼ਾ ਅਗਲੀ ਦੁਨੀਆਂ ਵਿਚ ਵੀ ਉਤਾਰਿਆ ਜਾ ਸਕਦਾ ਸੀ, ਸ਼ਾਇਦ ਇਹ ਕਰਜ਼ਾ ਨਾ ਦੇਣ ਦਾ ਵਧੀਆ ਬਹਾਨਾ ਸੀ। ਮੈਸੋਪੋਟਾਮੀਆ ਵਿਚ ਬੱਚਿਆਂ ਨਾਲ ਉਨ੍ਹਾਂ ਦੇ ਖਿਡਾਉਣੇ ਦਫ਼ਨਾਏ ਜਾਂਦੇ ਸਨ। ਪ੍ਰਾਚੀਨ ਬ੍ਰਿਟੇਨ ਦੇ ਕੁਝ ਹਿੱਸਿਆਂ ਵਿਚ ਫ਼ੌਜੀਆਂ ਨਾਲ ਭੋਜਨ ਵਸਤਾਂ, ਜਿਵੇਂ ਲੇਲੇ ਦੀਆਂ ਲੱਤਾਂ ਵੀ ਦੱਬੀਆਂ ਜਾਂਦੀਆਂ ਸਨ ਤਾਂਕਿ ਉਹ ਅਗਲੀ ਦੁਨੀਆਂ ਵਿਚ ਭੁੱਖੇ ਨਾ ਜਾਣ। ਕੇਂਦਰੀ ਅਮਰੀਕਾ ਵਿਚ ਮਾਇਆ ਲੋਕਾਂ ਦੇ ਸ਼ਾਹੀ ਮਕਬਰਿਆਂ ਵਿਚ ਜੇਡ ਨਾਂ ਦੇ ਗੂੜ੍ਹੇ ਹਰੇ ਰੰਗ ਦੇ ਕੀਮਤੀ ਪੱਥਰਾਂ ਦੀਆਂ ਬਣੀਆਂ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸਨ। ਉਹ ਮੰਨਦੇ ਸਨ ਕਿ ਇਸ ਪੱਥਰ ਵਿਚ ਗਾੜ੍ਹੀ ਨਮੀ ਤੇ ਹਵਾ ਹੁੰਦੀ ਸੀ। ਇਸ ਪੱਥਰ ਨੂੰ ਦਫ਼ਨਾਉਣ ਦਾ ਸ਼ਾਇਦ ਮਕਸਦ ਸੀ ਕਿ ਮਰਿਆ ਵਿਅਕਤੀ ਮੌਤ ਤੋਂ ਬਾਅਦ ਵੀ ਜੀਉਂਦਾ ਰਹੇ।

ਸੰਨ 1,000 ਈ. ਪੂ. ਤੋਂ ਬਾਅਦ ਕਿਸੇ ਸਮੇਂ ਤੇ ਥ੍ਰੇਸੀਅਨ ਨਾਂ ਦੀ ਦਹਿਸ਼ਤਗਰਦ ਕੌਮ ਰਹਿੰਦੀ ਸੀ। ਇਹ ਉਸ ਇਲਾਕੇ ਵਿਚ ਰਹਿੰਦੀ ਸੀ ਜੋ ਅੱਜ ਬੁਲਗੇਰੀਆ, ਉੱਤਰੀ ਯੂਨਾਨ ਅਤੇ ਤੁਰਕੀ ਦਾ ਹਿੱਸਾ ਹੈ। ਇਹ ਕੌਮ ਸੋਨੇ ਦੀਆਂ ਚੀਜ਼ਾਂ ਬਣਾਉਣ ਵਿਚ ਬਹੁਤ ਮਾਹਰ ਸੀ। ਥ੍ਰੇਸੀਅਨਾਂ ਦੇ ਮਕਬਰਿਆਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਮੁਖੀਆਂ ਨਾਲ ਰਥ, ਘੋੜੇ, ਵਧੀਆ ਹਥਿਆਰ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਦਫ਼ਨਾਈਆਂ ਗਈਆਂ ਸਨ। ਅਸਲ ਵਿਚ ਥ੍ਰੇਸੀਅਨ ਤੀਵੀਂ ਲਈ ਆਪਣੇ ਪਤੀ ਦੀ ਮੌਤ ਤੇ ਮਰਨਾ ਅਤੇ ਉਸ ਦੇ ਨਾਲ ਦਫ਼ਨਾਏ ਜਾਣਾ ਮਾਣ ਦੀ ਗੱਲ ਸੀ।

ਇਸ ਤੋਂ ਕੁਝ ਸਮੇਂ ਬਾਅਦ ਕਾਲਾ ਸਾਗਰ ਦੇ ਉੱਤਰ ਵਿਚ ਸਿਥੀਅਨ ਨਾਂ ਦੇ ਲੋਕ ਰਹਿੰਦੇ ਸਨ। ਇਹ ਲੜਾਈ-ਪਸੰਦ ਲੋਕ ਆਪਣੇ ਸ਼ਿਕਾਰਾਂ ਦੀਆਂ ਖੋਪਰੀਆਂ ਨੂੰ ਪਿਆਲਿਆਂ ਵਜੋਂ ਵਰਤਦੇ ਸਨ ਤੇ ਖੋਪਰੀਆਂ ਉੱਤਲੀ ਖੱਲ ਨਾਲ ਬਣੇ ਕੱਪੜੇ ਪਾਉਂਦੇ ਸਨ। ਇਕ ਮਕਬਰੇ ਵਿਚ ਇਕ ਤੀਵੀਂ ਦੇ ਪਿੰਜਰ ਦੇ ਨਾਲ ਕੁਝ ਭੰਗ ਵੀ ਮਿਲੀ। ਉਸ ਦੀ ਖੋਪਰੀ ਵਿਚ ਤਿੰਨ ਛੇਕ ਕੀਤੇ ਗਏ ਸਨ, ਸ਼ਾਇਦ ਸੋਜ ਤੇ ਸਿਰਦਰਦ ਘਟਾਉਣ ਲਈ। ਉਸ ਦੇ ਨਾਲ ਭੰਗ ਸ਼ਾਇਦ ਇਸ ਕਰਕੇ ਰੱਖੀ ਗਈ ਸੀ ਤਾਂਕਿ ਉਹ ਅਗਲੀ ਦੁਨੀਆਂ ਵਿਚ ਇਸ ਨਾਲ ਸਿਰਦਰਦ ਤੋਂ ਰਾਹਤ ਪਾ ਸਕੇ।

ਮਿਸਰੀਆਂ ਦੀ ਅਗਲੀ ਦੁਨੀਆਂ

ਕਹਿਰਾ ਨੇੜੇ ਮਿਸਰ ਦੇ ਪਿਰਾਮਿਡ ਅਤੇ ਲੱਕਸੋਰ ਨੇੜੇ ਰਾਜਿਆਂ ਦੀ ਘਾਟੀ ਵਿਚ ਬਣੇ ਮਕਬਰੇ ਦੁਨੀਆਂ ਦੇ ਸਭ ਤੋਂ ਮਸ਼ਹੂਰ ਪ੍ਰਾਚੀਨ ਮਕਬਰੇ ਹਨ। ਮਿਸਰੀ ਭਾਸ਼ਾ ਵਿਚ “ਮਕਬਰੇ” ਅਤੇ “ਘਰ” ਲਈ ਇੱਕੋ ਸ਼ਬਦ ਪਾਰ ਸੀ। “ਇਸ ਲਈ ਇਕ ਵਿਅਕਤੀ ਕੋਲ ਜੀਉਂਦੇ-ਜੀ ਇਕ ਘਰ ਹੁੰਦਾ ਸੀ ਤੇ ਮਰਨ ਤੋਂ ਬਾਅਦ ਵੀ ਇਕ ਘਰ ਹੁੰਦਾ ਸੀ,” ਕ੍ਰਿਸਟੀਨ ਐਲ ਮਾਹਡੀ ਆਪਣੀ ਕਿਤਾਬ ਵਿਚ ਲਿਖਦੀ ਹੈ। ਉਹ ਇਹ ਵੀ ਦੱਸਦੀ ਹੈ ਕਿ “[ਮਿਸਰੀ] ਵਿਸ਼ਵਾਸਾਂ ਅਨੁਸਾਰ, ਸਰੀਰ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਸੀ ਤਾਂਕਿ ਦੂਸਰੇ ਵਜੂਦ ਕਾ, ਬਾ ਤੇ ਆਖ਼ ਵੀ ਬਚਾਏ ਜਾ ਸਕਣ।”—ਮੱਮੀਜ਼, ਮਿੱਥ ਐਂਡ ਮੈਜਿਕ ਇਨ ਏਸ਼ੰਟ ਈਜਿਪਟ।

ਕਾ ਸਰੀਰ ਦਾ ਆਤਮਿਕ ਰੂਪ ਸੀ ਅਤੇ ਇਸ ਵਿਚ ਵਿਅਕਤੀ ਦੀਆਂ ਆਸਾਂ, ਇੱਛਾਵਾਂ ਤੇ ਲੋੜਾਂ ਸਮਾਈਆਂ ਸਨ। ਮੌਤ ਹੋਣ ਤੇ ਕਾ ਸਰੀਰ ਤਿਆਗ ਕੇ ਮਕਬਰੇ ਵਿਚ ਰਹਿੰਦਾ ਸੀ। ਕਿਉਂਕਿ ਕਾ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਸੀ ਜੋ ਜੀਉਂਦੇ ਵਿਅਕਤੀ ਨੂੰ ਹੁੰਦੀ ਸੀ, ਇਸ ਲਈ “ਮਕਬਰੇ ਵਿਚ ਮੁੱਖ ਤੌਰ ਤੇ ਉਸ ਦੀ ਲੋੜ ਦੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸਨ,” ਕ੍ਰਿਸਟੀਨ ਐਲ ਮਾਹਡੀ ਲਿਖਦੀ ਹੈ। ਬਾ ਦੀ ਤੁਲਨਾ ਵਿਅਕਤੀ ਦੇ ਸੁਭਾਅ ਜਾਂ ਸ਼ਖ਼ਸੀਅਤ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਇਨਸਾਨੀ ਸਿਰ ਵਾਲੇ ਇਕ ਪੰਛੀ ਰਾਹੀਂ ਦਰਸਾਇਆ ਜਾਂਦਾ ਹੈ। ਬਾ ਜਨਮ ਵੇਲੇ ਸਰੀਰ ਵਿਚ ਦਾਖ਼ਲ ਹੁੰਦਾ ਸੀ ਅਤੇ ਮੌਤ ਵੇਲੇ ਸਰੀਰ ਨੂੰ ਤਿਆਗ ਦਿੰਦਾ ਸੀ। ਤੀਸਰਾ ਵਜੂਦ ਆਖ਼ ਮੱਮੀ ਵਿੱਚੋਂ ਉਤਪੰਨ ਹੁੰਦਾ ਸੀ ਜਦੋਂ ਮੱਮੀ ਉੱਤੇ ਕੁਝ ਜਾਦੂ-ਮੰਤਰ ਫੂਕਿਆ ਜਾਂਦਾ ਸੀ। * ਆਖ਼ ਦਾ ਬਸੇਰਾ ਦੇਵਤਿਆਂ ਦੀ ਦੁਨੀਆਂ ਵਿਚ ਹੁੰਦਾ ਸੀ।

ਇਕ ਆਦਮੀ ਨੂੰ ਤਿੰਨ ਵਜੂਦਾਂ ਵਿਚ ਵੰਡ ਕੇ ਮਿਸਰੀ ਲੋਕ ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰਾਂ ਨਾਲੋਂ ਇਕ ਕਦਮ ਅੱਗੇ ਨਿਕਲ ਗਏ। ਯੂਨਾਨੀ ਫ਼ਿਲਾਸਫ਼ਰਾਂ ਨੇ ਇਨਸਾਨ ਨੂੰ ਦੋ ਵਜੂਦਾਂ ਵਿਚ ਵੰਡਿਆ ਸੀ—ਸਰੀਰ ਅਤੇ “ਆਤਮਾ।” ਅੱਜ ਵੀ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ, ਪਰ ਬਾਈਬਲ ਇਸ ਸਿੱਖਿਆ ਦੀ ਹਾਮੀ ਨਹੀਂ ਭਰਦੀ। ਬਾਈਬਲ ਕਹਿੰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।”—ਉਪਦੇਸ਼ਕ ਦੀ ਪੋਥੀ 9:5.

ਮੌਤ ਵਿਚ ਇੰਨੀ ਦਿਲਚਸਪੀ ਕਿਉਂ?

ਆਪਣੀ ਕਿਤਾਬ ਪ੍ਰਾਚੀਨ ਧਰਮ (ਅੰਗ੍ਰੇਜ਼ੀ) ਵਿਚ ਈ. ਓ. ਜੇਮਜ਼ ਲਿਖਦਾ ਹੈ: “ਇਨਸਾਨ ਨੂੰ ਜਿੰਨੇ ਵੀ . . . ਤਜਰਬੇ ਹੋਏ ਹਨ, ਉਨ੍ਹਾਂ ਵਿੱਚੋਂ ਮੌਤ ਸਭ ਤੋਂ ਵੱਧ ਦੁਖਦਾਈ ਤੇ ਤਬਾਹਕੁਨ ਸਾਬਤ ਹੋਈ ਹੈ। . . . ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੁਰਦਿਆਂ ਦੀ ਪੂਜਾ ਮਨੁੱਖੀ ਸਮਾਜ ਦਾ ਮਹੱਤਵਪੂਰਣ ਹਿੱਸਾ ਰਹੀ ਹੈ।”

ਸੱਚੀ ਬੁੱਧ ਦੀ ਸਭ ਤੋਂ ਪੁਰਾਣੀ ਕਿਤਾਬ ਬਾਈਬਲ ਮੌਤ ਨੂੰ ਇਨਸਾਨ ਦਾ ਵੈਰੀ ਕਹਿੰਦੀ ਹੈ। (1 ਕੁਰਿੰਥੀਆਂ 15:26) ਬਿਲਕੁਲ ਸਹੀ! ਹਰ ਕਬੀਲੇ ਤੇ ਸਭਿਅਤਾ ਨੇ ਇਸ ਵਿਚਾਰ ਦਾ ਜ਼ੋਰਾਂ-ਸ਼ੋਰਾਂ ਨਾਲ ਵਿਰੋਧ ਕੀਤਾ ਹੈ ਕਿ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ। ਦੂਜੇ ਪਾਸੇ ਉਤਪਤ 3:19 ਵਿਚ ਬਾਈਬਲ ਹਕੀਕਤ ਦੱਸਦੀ ਹੈ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਕਬਰਾਂ ਵਿਚ ਪਏ ਬਹੁਤ ਸਾਰੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। ਭਾਵੇਂ ਕਬਰਾਂ ਵਿਚ ਉਨ੍ਹਾਂ ਦੇ ਸਰੀਰ ਗਲ਼-ਸੜ ਚੁੱਕੇ ਹਨ, ਮਿੱਟੀ ਬਣ ਚੁੱਕੇ ਹਨ, ਪਰ ਉਹ ਪਰਮੇਸ਼ੁਰ ਦੀ ਯਾਦ ਵਿਚ ਅਜੇ ਵੀ ਜੀਉਂਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੇਵੇਗਾ।—ਯੂਹੰਨਾ 5:28, 29.

ਉਦੋਂ ਤਕ ਮੁਰਦੇ ਬੇਸੁਧ ਹਨ। ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। (ਯੂਹੰਨਾ 11:11-14) ਮਰੇ ਹੋਏ ਆਦਮੀ ਨੂੰ ਚੀਜ਼ਾਂ ਜਾਂ ਨੌਕਰਾਂ ਦੀ ਕੋਈ ਲੋੜ ਨਹੀਂ। ਅਸਲ ਵਿਚ, ਮਕਬਰਿਆਂ ਵਿਚ ਦੱਬੀਆਂ ਬੇਸ਼ਕੀਮਤੀ ਚੀਜ਼ਾਂ ਤੋਂ ਮੁਰਦਿਆਂ ਨੂੰ ਨਹੀਂ, ਸਗੋਂ ਜੀਉਂਦਿਆਂ ਨੂੰ ਯਾਨੀ ਮਕਬਰੇ ਲੁੱਟਣ ਵਾਲਿਆਂ ਨੂੰ ਫ਼ਾਇਦਾ ਹੁੰਦਾ ਹੈ। ਇਸ ਲਈ ਬਾਈਬਲ ਮੁਰਦਿਆਂ ਦੀ ਹਾਲਤ ਬਾਰੇ ਕਹਿੰਦੀ ਹੈ: “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ।” (1 ਤਿਮੋਥਿਉਸ 6:7) ਮਸੀਹੀ ਇਸ ਸਿੱਖਿਆ ਲਈ ਕਿੰਨੇ ਸ਼ੁਕਰਗੁਜ਼ਾਰ ਹਨ ਜੋ ਉਨ੍ਹਾਂ ਨੂੰ ਪੁਰਾਣੇ ਲੋਕਾਂ ਦੇ ਕਰੂਰ ਤੇ ਜ਼ਾਲਮਾਨਾ ਰਿਵਾਜਾਂ ਤੋਂ ਵੀ ਆਜ਼ਾਦ ਕਰਦੀ ਹੈ! ਇਨ੍ਹਾਂ ਵਿੱਚੋਂ ਕੁਝ ਰਿਵਾਜ ਕਈ ਵਾਰ ਮੌਜੂਦਾ ਸਮੇਂ ਵਿਚ ਵੀ ਮਨਾਏ ਜਾਂਦੇ ਹਨ।—ਯੂਹੰਨਾ 8:32.

ਭਾਵੇਂ ਇਹ ਰਿਵਾਜ ਵਿਅਰਥ ਸਨ, ਪਰ ਇਹ ਪ੍ਰਾਚੀਨ ਸ਼ਾਨਦਾਰ ਮਕਬਰੇ ਪੂਰੀ ਤਰ੍ਹਾਂ ਵਿਅਰਥ ਨਹੀਂ ਹਨ। ਮਕਬਰਿਆਂ ਵਿੱਚੋਂ ਮਿਲੀਆਂ ਚੀਜ਼ਾਂ ਤੇ ਪਿੰਜਰਾਂ ਦੀ ਮਦਦ ਤੋਂ ਬਿਨਾਂ ਪ੍ਰਾਚੀਨ ਇਤਿਹਾਸ ਅਤੇ ਕੁਝ ਅਲੋਪ ਹੋ ਚੁੱਕੀਆਂ ਸਭਿਅਤਾਵਾਂ ਬਾਰੇ ਸਾਡੀ ਜਾਣਕਾਰੀ ਅਧੂਰੀ ਹੁੰਦੀ। (g05 12/8)

[ਫੁਟਨੋਟ]

^ ਪੈਰਾ 20 ਸ਼ਬਦ “ਮੱਮੀ” ਅਰਬੀ ਸ਼ਬਦ ਮੂਮੀਆ ਤੋਂ ਆਇਆ ਹੈ ਤੇ ਇਸ ਦਾ ਮਤਲਬ ਹੈ “ਬਿਟੂਮਨ” ਜਾਂ “ਰਾਲ।” ਮੂਲ ਰੂਪ ਵਿਚ ਇਹ ਸ਼ਬਦ ਰਾਲ ਨਾਲ ਲੱਥ-ਪੱਥ ਲੋਥਾਂ ਲਈ ਵਰਤਿਆ ਜਾਂਦਾ ਸੀ ਕਿਉਂਕਿ ਇਹ ਦੇਖਣ ਵਿਚ ਕਾਲੀਆਂ ਨਜ਼ਰ ਆਉਂਦੀਆਂ ਸਨ। ਹੁਣ ਇਹ ਸ਼ਬਦ ਸੰਭਾਲ ਕੇ ਰੱਖੀ ਗਈ ਜਾਂ ਕੁਦਰਤੀ ਤੌਰ ਤੇ ਖ਼ਰਾਬ ਹੋਣ ਤੋਂ ਬਚੀ ਕਿਸੇ ਵੀ ਲੋਥ ਲਈ ਵਰਤਿਆ ਜਾਂਦਾ ਹੈ, ਚਾਹੇ ਉਹ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ।

[ਸਫ਼ਾ 24 ਉੱਤੇ ਡੱਬੀ/ਤਸਵੀਰਾਂ]

ਪ੍ਰਾਚੀਨ ਲੋਕ ਕਿੰਨੇ ਕੁ ਸਿਹਤਮੰਦ ਸਨ?

ਵਿਗਿਆਨੀਆਂ ਨੇ ਮਕਬਰਿਆਂ ਜਾਂ ਧਰਤੀ ਅੰਦਰ ਕੱਚੇ ਕੋਲੇ ਦੀਆਂ ਪਰਤਾਂ, ਰੇਗਿਸਤਾਨਾਂ ਅਤੇ ਬਰਫ਼ ਵਿੱਚੋਂ ਮਿਲੀਆਂ ਲੋਥਾਂ ਦੀ ਜਾਂਚ ਕਰ ਕੇ ਪ੍ਰਾਚੀਨ ਲੋਕਾਂ ਦੀ ਸਿਹਤ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਕੀਤੀ ਹੈ। ਖ਼ਾਸ ਤੌਰ ਤੇ ਜਨੈਟਿਕ ਖੇਤਰ ਵਿਚ ਤਰੱਕੀ ਹੋਣ ਕਰਕੇ ਵਿਗਿਆਨੀਆਂ ਨੇ ਮਿਸਰ ਦੇ ਸ਼ਾਹੀ ਘਰਾਣਿਆਂ ਬਾਰੇ, ਇੰਕਾ ਸਭਿਅਤਾ ਦੀਆਂ ਕੁਆਰੀਆਂ ਦੇ ਬਲੱਡ ਗਰੁੱਪਾਂ ਬਾਰੇ ਅਤੇ ਕਈ ਹੋਰ ਗੱਲਾਂ ਬਾਰੇ ਪਤਾ ਲਗਾਇਆ ਹੈ। ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਪ੍ਰਾਚੀਨ ਲੋਕਾਂ ਨੂੰ ਵੀ ਉਹ ਬੀਮਾਰੀਆਂ ਲੱਗਦੀਆਂ ਸਨ ਜੋ ਅੱਜ ਲੋਕਾਂ ਨੂੰ ਲੱਗਦੀਆਂ ਹਨ, ਜਿਵੇਂ ਕਿ ਗਠੀਆ ਤੇ ਮੱਸੇ।

ਖ਼ਾਸ ਤੌਰ ਤੇ ਪ੍ਰਾਚੀਨ ਮਿਸਰੀ ਜ਼ਿਆਦਾ ਬੀਮਾਰ ਹੁੰਦੇ ਸਨ ਕਿਉਂਕਿ ਨੀਲ ਦਰਿਆ ਦੇ ਪਾਣੀ ਨਾਲ ਉਨ੍ਹਾਂ ਦੇ ਸਰੀਰ ਵਿਚ ਗਿਨੀ ਵਰਮ, ਟੇਪਵਰਮ ਤੇ ਹੋਰ ਪਰਜੀਵੀ ਚਲੇ ਜਾਂਦੇ ਸਨ। ਇਸ ਤੋਂ ਪਰਮੇਸ਼ੁਰ ਦੇ ਸ਼ਬਦ ਯਾਦ ਆਉਂਦੇ ਹਨ ਜੋ ਉਸ ਨੇ 1513 ਈ. ਪੂ. ਵਿਚ ਮਿਸਰ ਤੋਂ ਇਸਰਾਏਲੀਆਂ ਦੇ ਆਜ਼ਾਦ ਹੋਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕਹੇ ਸਨ: “ਯਹੋਵਾਹ . . . ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੁਹਾਨੂੰ ਨਾ ਲਾਵੇਗਾ।”—ਬਿਵਸਥਾ ਸਾਰ 7:15.

[ਕ੍ਰੈਡਿਟ ਲਾਈਨ]

© R Sheridan/ANCIENT ART & ARCHITECTURE COLLECTION LTD

[ਸਫ਼ਾ 20 ਉੱਤੇ ਤਸਵੀਰ]

ਇਕ ਸੁਮੇਰੀ ਨੌਕਰਾਣੀ ਦਾ ਮੁਕਟ ਅਤੇ ਗਹਿਣੇ ਜੋ ਊਰ ਦੇ ਇਕ ਸ਼ਾਹੀ ਮਕਬਰੇ ਵਿੱਚੋਂ ਮਿਲੇ

[ਕ੍ਰੈਡਿਟ ਲਾਈਨ]

© The British Museum

[ਸਫ਼ਾ 21 ਉੱਤੇ ਤਸਵੀਰਾਂ]

ਚਿਨ ਟੈਰਾ-ਕੋਟਾ ਫ਼ੌਜ—ਹਰ ਫ਼ੌਜੀ ਦੇ ਚਿਹਰੇ ਦੇ ਨੈਣ-ਨਕਸ਼ ਦੂਜਿਆਂ ਤੋਂ ਵੱਖਰੇ ਬਣਾਏ ਗਏ ਸਨ

[ਕ੍ਰੈਡਿਟ ਲਾਈਨ]

ਛੋਟੀ ਫੋਟੋ: Erich Lessing/Art Resource, NY; © Joe Carini / Index Stock Imagery

[ਸਫ਼ਾ 23 ਉੱਤੇ ਤਸਵੀਰ]

ਟੇਓਟੀਵਾਕਾਨ, ਮੈਕਸੀਕੋ ਵਿਚ ਸੂਰਜ ਦਾ ਪਿਰਾਮਿਡ ਅਤੇ ਮੋਇਆਂ ਦੀ ਗਲੀ

[ਕ੍ਰੈਡਿਟ ਲਾਈਨ]

ਉੱਪਰ: © Philip Baird www.anthroarcheart.org; painting: Pictorial Archive (Near Eastern History) Est.

[ਸਫ਼ਾ 23 ਉੱਤੇ ਤਸਵੀਰਾਂ]

ਸੱਜੇ: ਮਿਸਰੀ ਰਾਜੇ ਟੂਟੰਕਾਮਨ ਦਾ ਕੁੰਦਨ ਸੋਨੇ ਦਾ ਨਕਾਬ ਜੋ ਉਸ ਦੀ ਮੌਤ ਤੇ ਪਹਿਨਾਇਆ ਗਿਆ ਸੀ। ਥੱਲੇ: ਮਕਬਰੇ ਵਿਚ ਕੀਤੀ ਚਿੱਤਰਕਾਰੀ ਜਿਸ ਵਿਚ ਇਨਸਾਨੀ ਸਿਰ ਵਾਲੇ ਪੰਛੀ ਬਾ ਨੂੰ ਦਿਖਾਇਆ ਗਿਆ ਹੈ