ਸਾਡੇ ਪਾਠਕਾਂ ਵੱਲੋਂ
ਸਾਡੇ ਪਾਠਕਾਂ ਵੱਲੋਂ
ਮਾਵਾਂ “ਸਿੱਖਿਆ ਦੇਣ ਵਿਚ ਮਾਵਾਂ ਦੀ ਭੂਮਿਕਾ” ਨਾਂ ਦੀ ਲੇਖ-ਲੜੀ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। (ਅਪ੍ਰੈਲ-ਜੂਨ 2005) ਇਨ੍ਹਾਂ ਲੇਖਾਂ ਨੇ ਸੱਚ-ਮੁੱਚ ਮੇਰੇ ਦਿਲ ਨੂੰ ਛੂਹ ਲਿਆ। ਇਸ ਨੂੰ ਪੜ੍ਹਨ ਤੋਂ ਬਾਅਦ ਮੈਂ ਆਪਣੀ ਮਾਂ ਨਾਲ ਗੱਲ ਕਰਨ ਲਈ ਉਤਾਵਲੀ ਹੋ ਉੱਠੀ। ਮੇਰੀ ਮਾਂ ਨੇ ਮੇਰੀ ਅਤੇ ਮੇਰੇ ਭਰਾ ਦੀ ਇਕੱਲਿਆਂ ਹੀ ਪਰਵਰਿਸ਼ ਕੀਤੀ। ਉਸ ਨੇ ਕੰਮ ਕਰਨ ਦੇ ਨਾਲ-ਨਾਲ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਤਾਂਕਿ ਉਹ ਚੰਗੀ ਨੌਕਰੀ ਲੱਭ ਕੇ ਸਾਡੀ ਪਰਵਰਿਸ਼ ਕਰ ਸਕੇ। ਉਸ ਨੇ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਅਸੀਂ ਸਾਰੀਆਂ ਮੀਟਿੰਗਾਂ ਤੇ ਹਾਜ਼ਰ ਰਹੀਏ ਅਤੇ ਪ੍ਰਚਾਰ ਤੇ ਜਾਈਏ। ਉਸ ਦੀ ਮਿਹਨਤ ਰੰਗ ਲਿਆਈ। ਉਸ ਦੀ ਸ਼ਾਨਦਾਰ ਮਿਸਾਲ ਦੀ ਯਾਦ ਦਿਲਾਉਣ ਲਈ ਤੁਹਾਡਾ ਬੇਹੱਦ ਸ਼ੁਕਰੀਆ।
ਐੱਮ. ਐੱਸ., ਅਮਰੀਕਾ
ਇਸ ਰਸਾਲੇ ਨੂੰ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਨੇ ਮੈਨੂੰ ਪਰਮੇਸ਼ੁਰ ਦਾ ਗਿਆਨ ਅਤੇ ਚੰਗੇ ਸੰਸਕਾਰ ਦੇਣ ਵਿਚ ਕਿੰਨੀ ਮਿਹਨਤ ਕੀਤੀ। ਮੇਰੀ ਮਾਂ ਨੂੰ ਮੇਰੇ ਪਿਤਾ ਤੋਂ ਨਾ ਪੈਸਾ ਮਿਲਿਆ ਤੇ ਨਾ ਹੀ ਪਿਆਰ। ਇਸ ਦੇ ਬਾਵਜੂਦ ਉਸ ਨੇ ਮੈਨੂੰ ਯਹੋਵਾਹ ਨੂੰ ਪਿਆਰ ਕਰਨਾ ਸਿਖਾਇਆ। ਇੱਥੋਂ ਤਕ ਕਿ ਉਸ ਨੇ ਮੈਨੂੰ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਸਿਖਾਈ। ਇਸ ਤੋਂ ਪਹਿਲਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਨੂੰ ਪਾਲਣ-ਪੋਸਣ ਵਿਚ ਮੇਰੀ ਮਾਂ ਨੂੰ ਕਿੰਨੀ ਮਿਹਨਤ ਕਰਨੀ ਪਈ। ਜਿਵੇਂ ਇਸ ਲੇਖ ਵਿਚ ਕਿਹਾ ਗਿਆ ਹੈ, ਮੇਰੀ ਮਾਂ ਵੀ ਵਾਕਈ ਤਾਰੀਫ਼ ਦੀ ਹੱਕਦਾਰ ਹੈ। ਮੈਂ ਫ਼ੋਨ ਕਰ ਕੇ ਉਸ ਦਾ ਧੰਨਵਾਦ ਕੀਤਾ।
ਸੀ. ਐੱਚ. ਕੇ., ਕੋਰੀਆ ਗਣਰਾਜ
ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹ ਨਹੀਂ ਹਨ। ਮੰਮੀ ਨੇ ਹੀ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਮੇਰੀ ਪਰਵਰਿਸ਼ ਕੀਤੀ। (ਅਫ਼ਸੀਆਂ 6:4) ਉਨ੍ਹਾਂ ਲਈ ਇੰਜ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਮੈਂ ਕਾਫ਼ੀ ਢੀਠ ਹੁੰਦੀ ਸੀ। ਹੁਣ ਮੈਂ 24 ਸਾਲਾਂ ਦੀ ਹਾਂ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੰਮੀ ਨੇ ਮੇਰੇ ਤੋਂ ਤੰਗ ਆ ਕੇ ਮੈਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣੀਆਂ ਨਹੀਂ ਛੱਡੀਆਂ।
ਡੀ. ਐੱਮ., ਇਟਲੀ (g05 12/8)
ਟਮਾਟਰ ਮੈਂ 12 ਸਾਲਾਂ ਦੀ ਹਾਂ ਤੇ ਮੈਨੂੰ “ਟਮਾਟਰ—‘ਸਬਜ਼ੀਆਂ’ ਦਾ ਸਰਦਾਰ” ਲੇਖ ਬਹੁਤ ਪਸੰਦ ਆਇਆ। (ਅਪ੍ਰੈਲ-ਜੂਨ 2005) ਯਹੋਵਾਹ ਇੰਨਾ ਚੰਗਾ ਹੈ ਕਿ ਉਸ ਨੇ ਸਾਡੇ ਲਈ ਇੰਨੀਆਂ ਸਾਰੀਆਂ ਸੁਆਦੀ ਸਬਜ਼ੀਆਂ ਬਣਾਈਆਂ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਧਾਰੀਆਂ ਵਾਲੇ ਟਮਾਟਰ ਵੀ ਹੁੰਦੇ ਹਨ! ਇਸ ਤਰ੍ਹਾਂ ਦੇ ਵਧੀਆ ਲੇਖ ਲਿਖਣ ਲਈ ਸ਼ੁਕਰੀਆ।
ਐੱਮ. ਐੱਫ਼., ਲਾਤਵੀਆ
ਮਗਰਮੱਛ “ਕੀ ਮਗਰਮੱਛ ਨਾਲ ਦੋਸਤੀ ਮੁਮਕਿਨ ਹੈ” ਲੇਖ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। (ਅਪ੍ਰੈਲ-ਜੂਨ 2005) ਹਮੇਸ਼ਾ ਤੋਂ ਹੀ ਮੈਂ ਮਗਰਮੱਛ ਨੂੰ ਸ਼ਾਨਦਾਰ ਪ੍ਰਾਣੀ ਸਮਝਿਆ ਹੈ। ਮੈਨੂੰ ਮਗਰਮੱਛ ਬਾਰੇ ਦਿਲਚਸਪ ਗੱਲਾਂ ਪੜ੍ਹ ਕੇ ਬਹੁਤ ਚੰਗਾ ਲੱਗਾ। ਇਸ ਜਾਣਕਾਰੀ ਨੂੰ ਪੜ੍ਹ ਕੇ ਹੋ ਸਕਦਾ ਕਿ ਕਈ ਹੋਰ ਲੋਕ ਮੇਰੇ ਵਾਂਗ ਮਗਰਮੱਛ ਨੂੰ ਪਸੰਦ ਕਰਨ ਲੱਗ ਪੈਣ। ਮੈਂ ਯਹੋਵਾਹ ਦੇ ਨਵੇਂ ਸੰਸਾਰ ਦੀ ਬੇਤਾਬੀ ਨਾਲ ਉਡੀਕ ਕਰ ਰਹੀ ਹਾਂ ਜਦੋਂ ਅਸੀਂ ਮਗਰਮੱਛ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਸਕਾਂਗੇ!
ਐੱਲ. ਆਈ., ਅਮਰੀਕਾ
ਸਾਡੇ ਪਾਠਕਾਂ ਵੱਲੋਂ ਮੈਨੂੰ ਜਨਮ ਤੋਂ ਹੀ ਹੱਡੀਆਂ ਦਾ ਰੋਗ ਹੈ। “ਮਾਈਲੀਨ ਲਈ ਨਵਾਂ ਚਿਹਰਾ” ਨਾਂ ਦੇ ਲੇਖ ਬਾਰੇ ਪਾਠਕਾਂ ਦੀਆਂ ਕੁਝ ਚਿੱਠੀਆਂ ਛਪੀਆਂ ਸਨ ਜਿਨ੍ਹਾਂ ਨੇ ਮੇਰੇ ਦਿਲ ਨੂੰ ਛੋਹਿਆ ਤੇ ਮੈਨੂੰ ਹੌਸਲਾ ਦਿੱਤਾ। (ਜੁਲਾਈ-ਸਤੰਬਰ 2004) ਇਨ੍ਹਾਂ ਨੂੰ ਪੜ੍ਹ ਕੇ ਮੇਰੀਆਂ ਅੱਖਾਂ ਭਰ ਆਈਆਂ। (ਅਪ੍ਰੈਲ-ਜੂਨ 2005) ਹਰ ਖ਼ਤ ਮੇਰੀ ਜ਼ਿੰਦਗੀ ਦੀ ਹਕੀਕਤ ਨਾਲ ਜੁੜਿਆ ਸੀ। ਇਨ੍ਹਾਂ ਵਿੱਚੋਂ ਮੈਂ ਕਈ ਗੱਲਾਂ ਸਿੱਖੀਆਂ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੀ ਹਾਂ।
ਐੱਮ. ਜੇ., ਬ੍ਰਿਟੇਨ (g05 12/22)
ਬੱਚੇ ਮੈਂ ਹਾਲ ਹੀ ਵਿਚ “ਬਚਪਨ ਦੇ ਸ਼ੁਰੂਆਤੀ ਸਾਲ—ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ” ਲੇਖ ਪੜ੍ਹੇ। (ਜਨਵਰੀ-ਮਾਰਚ 2005) ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਮੈਂ ਇੰਨੀ ਪ੍ਰਭਾਵਿਤ ਹੋਈ ਕਿ ਮੈਂ ਤੁਹਾਨੂੰ ਚਿੱਠੀ ਲਿਖਣ ਬਾਰੇ ਸੋਚਿਆ। ਮੇਰੀ ਕੁੜੀ ਪੰਜਾਂ ਸਾਲਾਂ ਦੀ ਹੋਣ ਵਾਲੀ ਹੈ। ਮੈਂ ਸੋਚਿਆ ਕਰਦੀ ਸੀ ਕਿ ਮੈਨੂੰ ਹਰ ਪਲ ਉਸ ਦੇ ਨਾਲ ਗੁਜ਼ਾਰਨਾ ਚਾਹੀਦਾ ਹੈ। ਪਰ ਮੈਂ ਇਸ ਰਸਾਲੇ ਤੋਂ ਸਿੱਖਿਆ ਕਿ ਜਦ ਬੱਚਾ ਸਹਿਜ-ਸੁਭਾਅ ਖੇਡਦਾ ਹੈ, ਤਾਂ ਉਸ ਦਾ ਦਿਮਾਗ਼ ਤੇਜ਼ ਹੁੰਦਾ ਹੈ, ਉਹ ਨਵੀਆਂ-ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ ਤੇ ਉਸ ਵਿਚ ਮਿਲਣ-ਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਚੰਗੇ ਸੁਭਾਅ ਦਾ ਬਣਦਾ ਹੈ। ਇਸ ਤਰ੍ਹਾਂ ਦੇ ਲੇਖ ਲਿਖਦੇ ਰਹੋ! ਤੁਹਾਡਾ ਬਹੁਤ-ਬਹੁਤ ਸ਼ੁਕਰੀਆ!
ਆਈ. ਕੇ., ਰੂਸ
ਜਦ ਮੈਂ ਇਹ ਲੇਖ ਪੜ੍ਹੇ, ਤਾਂ ਮੈਂ ਆਪਣੇ ਹੰਝੂ ਰੋਕ ਨਾ ਸਕੀ। ਮੈਨੂੰ 29 ਸਾਲ ਪਹਿਲਾਂ ਦੀ ਉਹ ਘੜੀ ਯਾਦ ਆ ਗਈ ਜਦ ਮੇਰੇ ਬੱਚਾ ਹੋਇਆ ਸੀ, ਪਰ ਅਫ਼ਸੋਸ ਕਿ ਮੇਰੇ ਕੋਲ ਉਦੋਂ ਯਹੋਵਾਹ ਦਾ ਗਿਆਨ ਨਹੀਂ ਸੀ। ਮੈਂ ਆਪਣੇ ਬੱਚੇ ਦੀ ਪਰਵਰਿਸ਼ ਕਰਨ ਵਿਚ ਕਈ ਗ਼ਲਤੀਆਂ ਕੀਤੀਆਂ। ਪਰ ਮੇਰੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ ਜਦ ਹਫ਼ਤਾ ਪਹਿਲਾਂ ਮੇਰੀ ਕੁੜੀ ਦੇ ਪਹਿਲਾ ਬੱਚਾ ਹੋਇਆ। ਮੈਂ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਦੋਹਤੇ ਦੇ ਮਾਂ-ਬਾਪ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਹ ਇਸ ਤਰ੍ਹਾਂ ਦੇ ਲੇਖਾਂ ਤੋਂ ਕਈ ਗੱਲਾਂ ਸਿੱਖ ਸਕਦੇ ਹਨ।
ਈ. ਐੱਚ., ਅਮਰੀਕਾ (g05 8/8)