Skip to content

Skip to table of contents

ਸਾਰੀਆਂ ਕੁਦਰਤੀ ਆਫ਼ਤਾਂ ਦਾ ਜਲਦ ਹੀ ਅੰਤ

ਸਾਰੀਆਂ ਕੁਦਰਤੀ ਆਫ਼ਤਾਂ ਦਾ ਜਲਦ ਹੀ ਅੰਤ

ਸਾਰੀਆਂ ਕੁਦਰਤੀ ਆਫ਼ਤਾਂ ਦਾ ਜਲਦ ਹੀ ਅੰਤ

‘ਹੇ ਲੋਕੋ, ਧਿਆਨ ਨਾਲ ਗੱਲ ਸੁਣੋ! ਇਹ ਪਹਾੜ ਹੁਣ ਕਿਸੇ ਵੀ ਸਮੇਂ ਤੇ ਅੱਗ ਉਗਲ ਸਕਦਾ ਹੈ। ਪਰ ਇਸ ਤੋਂ ਪਹਿਲਾਂ ਪਹਾੜ ਗਰਜੇਗਾ ਅਤੇ ਧਰਤੀ ਭੁਚਾਲ ਨਾਲ ਕੰਬੇਗੀ। ਪਹਾੜ ਦੀ ਟੀਸੀ ਤੋਂ ਅੱਗ ਦੀਆਂ ਲਾਟਾਂ ਲਿਸ਼ਕਣਗੀਆਂ, ਧੂੰਏਂ ਅਤੇ ਰਾਖ ਦੀ ਵਰਖਾ ਹੋਵੇਗੀ। ਉਸ ਘੜੀ ਢਿਲ-ਮੱਠ ਨਾ ਕਰਿਓ, ਸਗੋਂ ਭੱਜਣ ਦੀ ਕਰਿਓ ਤੇ ਆਪਣੀਆਂ ਜਾਨਾਂ ਬਚਾਇਓ। ਜੇ ਤੁਹਾਨੂੰ ਆਪਣੀ ਜਾਨ ਨਾਲੋਂ ਘਰ ਪਿਆਰੇ ਹਨ, ਤਾਂ ਇਹ ਪਹਾੜ ਤੁਹਾਨੂੰ ਜਿੰਦਾ ਨਹੀਂ ਛੱਡੇਗਾ। ਲਾਪਰਵਾਹੀ ਅਤੇ ਲਾਲਚ ਤੁਹਾਨੂੰ ਮਹਿੰਗੇ ਪੈਣਗੇ। ਆਪਣੇ ਘਰਾਂ ਦਾ ਨਾ ਸੋਚਿਓ, ਭੱਜ ਜਾਇਓ ਤੇ ਪਿੱਛੇ ਮੁੜ ਕੇ ਨਾ ਦੇਖਿਓ।’

ਇਹ ਚੇਤਾਵਨੀ ਐਂਡਰੂ ਰਾਬਿਨਸੰਨ ਦੀ ਅਰਥ ਸ਼ੌਕ (ਧਰਤੀ ਦੇ ਝਟਕੇ) ਨਾਂ ਦੀ ਪੁਸਤਕ ਵਿਚ ਦਰਜ ਹੈ। ਸੰਨ 1631 ਵਿਚ ਇਟਲੀ ਵਿਚ ਵਿਸੂਵੀਅਸ ਨਾਂ ਦੇ ਜੁਆਲਾਮੁਖੀ ਦੇ ਫੱਟਣ ਤੋਂ ਬਾਅਦ ਇਹ ਚੇਤਾਵਨੀ ਉਸੇ ਪਰਬਤ ਦੇ ਨੇੜੇ ਸਥਿਤ ਪੋਰਟੀਚੀ ਨਾਂ ਦੇ ਸ਼ਹਿਰ ਵਿਚ ਇਕ ਸਮਾਰਕ ਪੱਥਰ ਤੇ ਲਿਖੀ ਗਈ ਸੀ। ਇਸ ਜੁਆਲਾਮੁਖੀ ਨੇ 4,000 ਲੋਕਾਂ ਦੀਆਂ ਜਾਨਾਂ ਲਈਆਂ ਸਨ। ਰਾਬਿਨਸੰਨ ਨੇ ਕਿਹਾ: ‘ਸੰਨ 1631 ਵਿਚ ਇਸ ਜੁਆਲਾਮੁਖੀ ਦੇ ਫੱਟਣ ਕਾਰਨ ਦੁਨੀਆਂ ਵਿਚ ਵਿਸੂਵੀਅਸ ਨਾਂ ਮਸ਼ਹੂਰ ਹੋ ਗਿਆ।’ ਉਹ ਕਿਵੇਂ? ਪੋਰਟੀਚੀ ਦੀ ਮੁੜ ਉਸਾਰੀ ਦੌਰਾਨ ਹਰਕੁਲੈਨੀਅਮ ਅਤੇ ਪੌਂਪੇ ਸ਼ਹਿਰ ਲੱਭੇ। ਜਦੋਂ ਸੰਨ 79 ਈ. ਵਿਚ ਵਿਸੂਵੀਅਸ ਜੁਆਲਾਮੁਖੀ ਫਟਿਆ ਸੀ, ਤਾਂ ਇਹ ਦੋਵੇਂ ਸ਼ਹਿਰ ਪੂਰੀ ਤਰ੍ਹਾਂ ਮਲਬੇ ਹੇਠ ਦੱਬੇ ਗਏ ਸਨ।

ਪਲੀਨੀ ਛੋਟੇ ਦੇ ਨਾਂ ਤੋਂ ਮਸ਼ਹੂਰ ਇਕ ਰੋਮੀ ਗਵਰਨਰ ਇਸ ਤਬਾਹੀ ਵਿੱਚੋਂ ਬਚ ਗਿਆ ਸੀ। ਉਸ ਨੇ ਕੁਝ ਅਨੋਖੀਆਂ ਨਿਸ਼ਾਨੀਆਂ ਤੇ ਧਰਤੀ ਦੇ ਕੰਬਣ ਬਾਰੇ ਲਿਖਿਆ। ਉਹ, ਉਸ ਦੀ ਮਾਤਾ ਤੇ ਉਸ ਦੇ ਨਾਲ ਦੇ ਹੋਰ ਲੋਕ ਇਸ ਇਲਾਕੇ ਤੋਂ ਦੂਰ ਚਲੇ ਗਏ ਸਨ ਜਿਸ ਕਰਕੇ ਉਹ ਬਚ ਗਏ ਸਨ।

ਖ਼ਤਰੇ ਦੀ ਨਿਸ਼ਾਨੀ ਨੂੰ ਪਛਾਣੋ

ਜਲਦੀ ਹੀ ਉਹ ਸਮਾਂ ਆ ਰਿਹਾ ਹੈ ਜਦੋਂ ਦੁਨੀਆਂ ਦੀ ਆਰਥਿਕ, ਸਮਾਜਕ ਤੇ ਰਾਜਨੀਤਿਕ ਵਿਵਸਥਾ ਦਾ ਖ਼ਾਤਮਾ ਹੋਵੇਗਾ। ਸਾਨੂੰ ਇਹ ਗੱਲ ਕਿੱਥੋਂ ਪਤਾ ਲੱਗੀ ਹੈ? ਯਿਸੂ ਮਸੀਹ ਨੇ ਉਨ੍ਹਾਂ ਅਨੇਕ ਘਟਨਾਵਾਂ ਬਾਰੇ ਦੱਸਿਆ ਸੀ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਪਰਮੇਸ਼ੁਰ ਦਾ ਲੇਖਾ ਲੈਣ ਦਾ ਦਿਨ ਨੇੜੇ ਹੈ। ਜਿਵੇਂ ਜੁਆਲਾਮੁਖੀ ਗਰਜਦਾ ਹੈ, ਧੂੰਆਂ ਛੱਡਦਾ ਹੈ, ਰਾਖ ਵਰ੍ਹਾਉਂਦਾ ਹੈ, ਉਵੇਂ ਹੀ ਇਸ ਦੁਨੀਆਂ ਦੇ ਅੰਤ ਦੀਆਂ ਕੁਝ ਨਿਸ਼ਾਨੀਆਂ ਹਨ ਮਹਾਂ-ਯੁੱਧ, ਭੁਚਾਲ, ਕਾਲ ਤੇ ਮਹਾਂ-ਮਾਰੀਆਂ। ਸੰਨ 1914 ਤੋਂ ਇਨ੍ਹਾਂ ਸਾਰੀਆਂ ਆਫ਼ਤਾਂ ਨੇ ਦੁਨੀਆਂ ਵਿਚ ਇੰਨੀ ਤਬਾਹੀ ਮਚਾਈ ਹੈ ਜਿੰਨੀ ਪਹਿਲਾਂ ਕਦੇ ਵੀ ਨਹੀਂ ਮਚੀ ਸੀ।—ਮੱਤੀ 24:3-8; ਲੂਕਾ 21:10, 11; ਪਰਕਾਸ਼ ਦੀ ਪੋਥੀ 6:1-8.

ਲੇਕਿਨ ਯਿਸੂ ਦੀ ਇਸ ਚੇਤਾਵਨੀ ਵਿਚ ਉਮੀਦ ਦੀ ਕਿਰਨ ਵੀ ਨਜ਼ਰ ਆਉਂਦੀ ਹੈ। ਉਸ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਧਿਆਨ ਦਿਓ ਕਿ ਯਿਸੂ ਨੇ “ਖ਼ੁਸ਼ ਖ਼ਬਰੀ” ਦਾ ਜ਼ਿਕਰ ਕੀਤਾ ਸੀ। ਖ਼ੁਸ਼ ਖ਼ਬਰੀ ਇਹੀ ਹੈ ਕਿ ਪਰਮੇਸ਼ੁਰ ਦਾ ਰਾਜ ਯਾਨੀ ਉਸ ਦੀ ਸਵਰਗੀ ਸਰਕਾਰ ਦੀ ਵਾਗਡੋਰ ਯਿਸੂ ਮਸੀਹ ਦੇ ਹੱਥਾਂ ਵਿਚ ਹੈ ਅਤੇ ਇਹ ਰਾਜ ਇਨਸਾਨਾਂ ਦੁਆਰਾ ਕੀਤੇ ਨੁਕਸਾਨ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ, ਇਹ ਕੁਦਰਤੀ ਆਫ਼ਤਾਂ ਦਾ ਵੀ ਅੰਤ ਕਰੇਗਾ।—ਲੂਕਾ 4:43; ਪਰਕਾਸ਼ ਦੀ ਪੋਥੀ 21:3, 4.

ਅਸਲ ਵਿਚ ਜਦੋਂ ਯਿਸੂ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਸੀ, ਤਾਂ ਉਸ ਨੇ ਇਕ ਤੂਫ਼ਾਨ ਨੂੰ ਸ਼ਾਂਤ ਕਰ ਕੇ ਆਪਣੀ ਸ਼ਕਤੀ ਦਿਖਾਈ ਸੀ। ਇਹ ਦੇਖ ਕੇ ਉਸ ਦੇ ਚੇਲੇ ਬਹੁਤ ਡਰ ਗਏ ਸਨ ਤੇ ਉਨ੍ਹਾਂ ਨੇ ਹੈਰਾਨ ਹੋ ਕੇ ਪੁੱਛਿਆ: “ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ?” (ਲੂਕਾ 8:22-25) ਅੱਜ ਯਿਸੂ ਇਨਸਾਨ ਨਹੀਂ ਹੈ, ਸਗੋਂ ਇਕ ਸ਼ਕਤੀਸ਼ਾਲੀ ਸਵਰਗੀ ਪ੍ਰਾਣੀ ਹੈ। ਇਸ ਲਈ ਕੁਦਰਤੀ ਤੱਤਾਂ ਉੱਤੇ ਕੰਟ੍ਰੋਲ ਰੱਖ ਕੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਉਸ ਲਈ ਕੋਈ ਔਖੀ ਗੱਲ ਨਹੀਂ ਹੋਵੇਗੀ।—ਜ਼ਬੂਰਾਂ ਦੀ ਪੋਥੀ 2:6-9; ਪਰਕਾਸ਼ ਦੀ ਪੋਥੀ 11:15.

ਕਈ ਸ਼ਾਇਦ ਕਹਿਣ ਕਿ ਇਹ ਤਾਂ ਇਕ ਸੁਪਨਾ ਹੀ ਹੈ। ਪਰ ਯਾਦ ਰੱਖੋ ਕਿ ਬਾਈਬਲ ਦੀ ਭਵਿੱਖਬਾਣੀ ਵਿਚ ਅਤੇ ਇਨਸਾਨਾਂ ਦੇ ਵਾਅਦਿਆਂ ਤੇ ਅਨੁਮਾਨਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ ਜਿਨ੍ਹਾਂ ਵਿਚ ਉਹ ਭਵਿੱਖਬਾਣੀਆਂ ਵੀ ਸ਼ਾਮਲ ਹਨ ਜੋ 1914 ਤੋਂ ਪੂਰੀਆਂ ਹੋ ਰਹੀਆਂ ਹਨ। (ਯਸਾਯਾਹ 46:10; 55:10, 11) ਜੀ ਹਾਂ, ਭਵਿੱਖ ਵਿਚ ਪੂਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ। ਅਸੀਂ ਉਹ ਦਿਨ ਦੇਖ ਸਕਾਂਗੇ ਜੇ ਅਸੀਂ ਬਾਈਬਲ ਉੱਤੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੀਏ, ਨਾਲੇ ਧਰਤੀ ਉੱਤੇ ਵਾਪਰਨ ਵਾਲੀਆਂ ਖ਼ਤਰਨਾਕ ਘਟਨਾਵਾਂ ਬਾਰੇ ਦਿੱਤੀਆਂ ਚੇਤਾਵਨੀਆਂ ਵੱਲ ਪੂਰਾ ਧਿਆਨ ਦੇਈਏ।—ਮੱਤੀ 24:42, 44; ਯੂਹੰਨਾ 17:3. (g05 7/22)

[ਸਫ਼ਾ 11 ਉੱਤੇ ਡੱਬੀ/ਤਸਵੀਰ]

ਸਾਡੇ ਮਰ ਚੁੱਕੇ ਅਜ਼ੀਜ਼ਾਂ ਲਈ ਕੀ ਆਸ ਹੈ?

ਜਦੋਂ ਮੌਤ ਸਾਡੇ ਕਿਸੇ ਅਜ਼ੀਜ਼ ਨੂੰ ਸਾਡੇ ਤੋਂ ਖੋਹ ਲੈਂਦੀ ਹੈ, ਤਾਂ ਅਸੀਂ ਗਮ ਵਿਚ ਡੁੱਬ ਜਾਂਦੇ ਹਾਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਜਦੋਂ ਯਿਸੂ ਦਾ ਪਿਆਰਾ ਮਿੱਤਰ ਲਾਜ਼ਰ ਮਰ ਗਿਆ ਸੀ, ਤਾਂ ਯਿਸੂ ਰੋਇਆ ਸੀ। ਪਰ ਚੰਦ ਹੀ ਮਿੰਟਾਂ ਬਾਅਦ ਯਿਸੂ ਨੇ ਚਮਤਕਾਰ ਕਰ ਕੇ ਲਾਜ਼ਰ ਨੂੰ ਮੁੜ ਜ਼ਿੰਦਾ ਕਰ ਦਿੱਤਾ ਸੀ! (ਯੂਹੰਨਾ 11:32-44) ਇਹ ਚਮਤਕਾਰ ਕਰ ਕੇ ਯਿਸੂ ਨੇ ਸਾਰੀ ਮਨੁੱਖਜਾਤੀ ਨੂੰ ਉਸ ਅਸਚਰਜ ਵਾਅਦੇ ਵਿਚ ਨਿਹਚਾ ਕਰਨ ਦਾ ਪੱਕਾ ਕਾਰਨ ਦਿੱਤਾ ਜੋ ਵਾਅਦਾ ਉਸ ਨੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਕੀਤਾ ਸੀ। ਉਸ ਨੇ ਕਿਹਾ ਸੀ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸੋਹਣੀ ਧਰਤੀ ਉੱਤੇ ਦੁਬਾਰਾ ਜੀ ਉੱਠਣ ਦੀ ਉਮੀਦ ਤੋਂ ਉਨ੍ਹਾਂ ਸਾਰਿਆਂ ਨੂੰ ਹੌਸਲਾ ਮਿਲੇ ਜਿਨ੍ਹਾਂ ਦੇ ਅਜ਼ੀਜ਼ ਮੌਤ ਦੇ ਮੂੰਹ ਵਿਚ ਚਲੇ ਗਏ ਹਨ।—ਰਸੂਲਾਂ ਦੇ ਕਰਤੱਬ 24:15.

[ਸਫ਼ਾ 10 ਉੱਤੇ ਤਸਵੀਰਾਂ]

ਕੀ ਤੁਸੀਂ ਇਸ ਚੇਤਾਵਨੀ ਵੱਲ ਧਿਆਨ ਦੇ ਰਹੇ ਹੋ ਕਿ ਸੰਸਾਰ ਦਾ ਅੰਤ ਹੋਣ ਵਾਲਾ ਹੈ?

[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

USGS, David A. Johnston, Cascades Volcano Observatory