Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਦਾ ਸਭ ਤੋਂ ਮਨ-ਭਾਉਂਦਾ ਜਾਨਵਰ

ਕਈਆਂ ਦੇਸ਼ਾਂ ਵਿਚ ‘ਕੁੱਤੇ ਨੂੰ ਇਨਸਾਨ ਦਾ ਸਭ ਤੋਂ ਪੱਕਾ ਦੋਸਤ’ ਮੰਨਿਆ ਜਾਂਦਾ ਹੈ। ਪਰ ਲੰਡਨ ਦੀ ਅਖ਼ਬਾਰ ਦੀ ਇੰਡੀਪੇਨਡੰਟ ਦੀ ਇਕ ਰਿਪੋਰਟ ਮੁਤਾਬਕ “ਬਾਘ ਸੰਸਾਰ ਦਾ ਸਭ ਤੋਂ ਮਨ-ਭਾਉਂਦਾ ਜਾਨਵਰ ਹੈ।” ਟੈਲੀਵਿਯਨ ਤੇ 10 ਵੱਖੋ-ਵੱਖਰੇ ਜਾਨਵਰਾਂ ਤੇ ਬਣੀ ਲੜੀਵਾਰ ਡਾਕੂਮੈਂਟਰੀ ਦਿਖਾਉਣ ਤੋਂ ਬਾਅਦ ਇਕ ਸਰਵੇਖਣ ਵਿਚ ਤਕਰੀਬਨ 73 ਦੇਸ਼ਾਂ ਦੇ 52,000 ਲੋਕਾਂ ਨੇ ਬਾਘ ਨੂੰ ਕੁੱਤੇ ਨਾਲੋਂ ਜ਼ਿਆਦਾ ਮਨ-ਪਸੰਦ ਜਾਨਵਰ ਕਿਹਾ। ਕੁੱਤੇ ਅਤੇ ਬਾਘ ਵਿਚਕਾਰ ਸਿਰਫ਼ 17 ਵੋਟਾਂ ਦਾ ਫ਼ਰਕ ਸੀ। ਤੀਜੇ ਨੰਬਰ ਤੇ ਡਾਲਫਿਨ ਸੀ, ਫਿਰ ਘੋੜਾ, ਸ਼ੇਰ, ਸੱਪ, ਹਾਥੀ, ਚਿੰਪੈਂਜ਼ੀ, ਓਰਾਂਗੁਟੈਂਗ ਅਤੇ ਵੇਲ ਮੱਛੀ। ਪਸ਼ੂਆਂ ਦੇ ਸੁਭਾਅ ਦਾ ਅਧਿਐਨ ਕਰਨ ਵਾਲੀ ਇਕ ਮਾਹਰ ਨੇ ਕਿਹਾ ਕਿ ਲੋਕਾਂ ਨੇ “ਬਾਘ ਨੂੰ ਇਸ ਲਈ ਪਸੰਦ ਕੀਤਾ ਕਿਉਂਕਿ ਉਹ ਦੇਖਣ ਨੂੰ ਵਹਿਸ਼ੀ ਤੇ ਰੋਅਬਦਾਰ ਲੱਗਦਾ ਹੈ, ਪਰ ਉਹ ਅੰਦਰੋਂ ਸ਼ਾਂਤ ਸੁਭਾਅ ਦਾ ਹੁੰਦਾ ਹੈ। ਦੂਸਰੇ ਪਾਸੇ, ਕੁੱਤੇ ਵਿਚ ਵਫ਼ਾਦਾਰੀ ਤੇ ਆਦਰ ਆਦਿ ਗੁਣ ਹੋਣ ਕਰਕੇ ਉਹ ਲੋਕਾਂ ਨਾਲ ਬੜੇ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦਾ ਹੈ।” ਜਾਨਵਰਾਂ ਦੀ ਰਾਖੀ ਕਰਨ ਵਾਲੇ ਲੋਕ ਬਾਘ ਦੀ ਜਿੱਤ ਤੋਂ ਬਹੁਤ ਖ਼ੁਸ਼ ਹੋਏ। ਜੀਵ-ਜੰਤੂਆਂ ਲਈ ਵਿਸ਼ਵ-ਵਿਆਪੀ ਫ਼ੰਡ ਨਾਮਕ ਸੰਸਥਾ ਦੇ ਅਧਿਕਾਰੀ ਕੈਲਮ ਰੈਨਕਿਨ ਨੇ ਕਿਹਾ: “ਜੇ ਲੋਕ ਬਾਘ ਨੂੰ ਸਭ ਤੋਂ ਮਨ-ਪਸੰਦ ਜਾਨਵਰ ਕਰਾਰ ਦਿੰਦੇ ਹਨ, ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਉਸ ਨੂੰ ਅਹਿਮ ਸਮਝਦੇ ਹਨ; ਉਮੀਦ ਹੈ ਕਿ ਉਹ ਬਾਘ ਨੂੰ ਅਲੋਪ ਹੋ ਜਾਣ ਤੋਂ ਬਚਾਉਣ ਵਿਚ ਸਾਡੀ ਮਦਦ ਕਰਨਗੇ।” ਦੁਨੀਆਂ ਭਰ ਵਿਚ ਅੰਦਾਜ਼ਨ 5,000 ਬਾਘ ਬਾਕੀ ਰਹਿ ਗਏ ਹਨ। (g05 12/22)

ਮੂੰਹ ਦੇ ਰੋਗਾਣੂਆਂ ਦਾ ਸਿਹਤ ਨਾਲ ਤਅੱਲਕ

ਸਾਇੰਸ ਰਸਾਲੇ ਦੇ ਅਨੁਸਾਰ “ਮੂੰਹ ਇਕ ਬਹੁਤ ਹੀ ਗੁੰਝਲਦਾਰ ਅੰਗ ਹੈ।” ਇਸ ਰਸਾਲੇ ਵਿਚ ਇਹ ਵੀ ਲਿਖਿਆ ਹੈ: “ਪਿਛਲੇ 40 ਸਾਲਾਂ ਤੋਂ ਜੀਵ-ਵਿਗਿਆਨੀ ਦੰਦਾਂ, ਮਸੂੜਿਆਂ ਅਤੇ ਜੀਭ ਦੁਆਲੇ ਤੇਜ਼ੀ ਨਾਲ ਵਧਦੇ ਰੋਗਾਣੂਆਂ ਦੀ ਜਾਂਚ ਕਰਦੇ ਆਏ ਹਨ।” ਵਿਗਿਆਨੀ ਕਾਫ਼ੀ ਸਮੇਂ ਤੋਂ ਇਹ ਜਾਣਦੇ ਹਨ ਕਿ ਮੂੰਹ ਵਿਚ ਪਾਇਆ ਜਾਂਦਾ ਬੈਕਟੀਰੀਆ ਸਰੀਰ ਦੇ ਦੂਸਰੇ ਹਿੱਸਿਆਂ ਵਿਚ ਜਾ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮੂੰਹ ਦੇ ਬੈਕਟੀਰੀਏ ਦਾ ਦਿਲ ਦੇ ਰੋਗਾਂ ਨਾਲ ਸੰਬੰਧ ਜੋੜਿਆ ਗਿਆ ਹੈ। ਹੋਰ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਮੂੰਹ ਦੇ ਬੈਕਟੀਰੀਏ ਕਾਰਨ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ। ਪਰ ਹਾਨੀਕਾਰਕ ਬੈਕਟੀਰੀਆ ਮੂੰਹ ਵਿਚ ਜ਼ਿਆਦਾਤਰ ਨੁਕਸਾਨ ਕਰਦਾ ਹੈ। ਮਿਸਾਲ ਲਈ, ਜੇ ਇਹ ਮੂੰਹ ਦੇ ਲਾਭਦਾਇਕ ਬੈਕਟੀਰੀਏ ਨਾਲੋਂ ਵੱਧ ਜਾਣ, ਤਾਂ ਦੰਦਾਂ ਦੀ ਖੋੜ, ਮਸੂੜਿਆਂ ਤੋਂ ਲਹੂ ਵਹਿਣਾ ਤੇ ਮੂੰਹ ਤੋਂ ਬਦਬੂ ਆਉਣੀ ਆਦਿ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸੇ ਰਿਪੋਰਟ ਅਨੁਸਾਰ “65 ਸਾਲਾਂ ਤੋਂ ਉੱਪਰ ਦੇ ਦਸਾਂ ਲੋਕਾਂ ਵਿੱਚੋਂ ਤਿੰਨ ਲੋਕ ਬੋੜੇ ਹਨ। ਅਮਰੀਕਾ ਵਿਚ ਬਾਲਗਾਂ ਦੀ ਅੱਧੀ ਗਿਣਤੀ ਨੂੰ ਮਸੂੜਿਆਂ ਦਾ ਰੋਗ ਹੈ ਜਾਂ ਉਨ੍ਹਾਂ ਦੇ ਦੰਦਾਂ ਨੂੰ ਕੀੜਾ ਲੱਗਾ ਹੋਇਆ ਹੈ।” ਇਸ ਬੈਕਟੀਰੀਏ ਦਾ ਅਧਿਐਨ ਕਰ ਕੇ ਵਿਗਿਆਨੀ ਇਸ ਤਰ੍ਹਾਂ ਦਾ “ਮਾਊਥ ਵਾਸ਼ ਬਣਾਉਣ ਦੀ ਉਮੀਦ ਰੱਖਦੇ ਹਨ ਜੋ ਸਿਰਫ਼ ਹਾਨੀਕਾਰਕ ਰੋਗਾਣੂਆਂ ਦੀ ਹੀ ਰੋਕਥਾਮ ਕਰੇਗਾ।” (g05 12/22)

ਕੰਗਾਰੂਆਂ ਵਾਂਗ ਬੱਚਿਆਂ ਦੀ ਦੇਖ-ਭਾਲ ਕਰੋ

ਜਪਾਨ ਦੀ ਡੇਲੀ ਯੋਮੀਉਰੀ ਅਖ਼ਬਾਰ ਨੇ ਕਿਹਾ ਕਿ “ਜਿਨ੍ਹਾਂ ਬਾਲਾਂ ਦੀ ਕੰਗਾਰੂਆਂ ਵਾਂਗ ਦੇਖ-ਭਾਲ ਕੀਤੀ ਜਾਂਦੀ ਹੈ, ਉਹ ਜ਼ਿਆਦਾ ਸੌਂਦੇ, ਚੰਗੀ ਤਰ੍ਹਾਂ ਸਾਹ ਲੈਂਦੇ ਤੇ ਉਨ੍ਹਾਂ ਦਾ ਭਾਰ ਵੀ ਛੇਤੀ ਵਧਦਾ ਹੈ।” ਲੇਕਿਨ “ਕੰਗਾਰੂਆਂ” ਵਾਂਗ ਦੇਖ-ਭਾਲ ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਮਾਂ ਜਾਂ ਬਾਪ ਮੰਜੇ ਉੱਤੇ ਲੇਟ ਕੇ ਨਿਆਣੇ ਨੂੰ ਆਪਣੀ ਨੰਗੀ ਛਾਤੀ ਉੱਤੇ ਇਕ-ਦੋ ਘੰਟਿਆਂ ਲਈ ਲਿਟਾਉਂਦੇ ਹਨ। ਟੋਕੀਓ ਮੈਟ੍ਰੋਪੌਲਿਟਨ ਬੋਕੁਟੋ ਹਸਪਤਾਲ ਵਿਚ ਨਵੇਂ ਜੰਮੇ ਬੱਚਿਆਂ ਦੇ ਵਿਭਾਗ ਦੀ ਪ੍ਰਧਾਨ ਨੇ ਕਿਹਾ: “ਕੰਗਾਰੂਆਂ ਵਾਂਗ ਦੇਖ-ਭਾਲ ਕਰਨੀ ਕੋਲੰਬੀਆ ਵਿਚ ਸ਼ੁਰੂ ਹੋਈ ਸੀ ਕਿਉਂਕਿ ਉੱਥੇ ਇਨਕਿਊਬੇਟਰਾਂ ਦੀ ਬਹੁਤ ਕਮੀ ਹੈ। ਯੂਨੀਸੈਫ਼ ਨੂੰ ਪਤਾ ਚੱਲਿਆ ਕਿ ਇਵੇਂ ਕਰਨ ਨਾਲ ਨਿਆਣੇ ਬੇਵਕਤੀ ਮੌਤ ਨਹੀਂ ਮਰਦੇ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਵੀ ਘੱਟ ਸਮਾਂ ਰਹਿਣ ਦੀ ਲੋੜ ਪੈਂਦੀ ਹੈ।” ਇਸ ਅਖ਼ਬਾਰ ਨੇ ਅੱਗੇ ਦੱਸਿਆ ਕਿ “ਹੁਣ ਅਮੀਰ ਦੇਸ਼ਾਂ ਵਿਚ ਵੀ ਵਕਤ ਤੋਂ ਪਹਿਲਾਂ ਅਤੇ ਵਕਤ ਸਿਰ ਜੰਮੇ ਨਿਆਣਿਆਂ ਦੀ ਇਸ ਤਰ੍ਹਾਂ ਦੇਖ-ਭਾਲ ਕਰਨੀ ਮਸ਼ਹੂਰ ਹੋ ਰਹੀ ਹੈ।” ਸਰੀਰ ਨਾਲ ਸਰੀਰ ਲਾਉਣ ਦੇ ਬਹੁਤ ਲਾਭ ਹਨ। ਇਸ ਨਾਲ ਮਾਪੇ ਤੇ ਬੱਚੇ ਵਿਚਕਾਰ ਪਿਆਰ ਵਧਦਾ ਹੈ। ਇਸ ਤੋਂ ਇਲਾਵਾ, ਨਾ ਕੋਈ ਖ਼ਰਚਾ ਹੁੰਦਾ ਤੇ ਨਾ ਹੀ ਕਿਸੇ ਖ਼ਾਸ ਸਾਜ਼-ਸਾਮਾਨ ਦੀ ਲੋੜ ਪੈਂਦੀ ਹੈ। (g05 12/22)

ਸੌਣ ਦੀਆਂ ਆਦਤਾਂ

ਅਲ-ਜਜ਼ੀਰਾ ਨਾਂ ਦੇ ਨਿਊਜ਼ ਚੈਨਲ ਅਨੁਸਾਰ “ਸੌਣ ਦੀਆਂ ਆਦਤਾਂ ਬਾਰੇ ਸੰਸਾਰ ਭਰ ਵਿਚ ਕੀਤੇ ਇਕ ਸਰਵੇ ਤੋਂ ਪਤਾ ਚੱਲਿਆ ਹੈ ਕਿ ਅਮਰੀਕੀ ਅਤੇ ਯੂਰਪੀ ਲੋਕਾਂ ਨਾਲੋਂ ਏਸ਼ੀਆ ਦੇ ਲੋਕ ਦੇਰ ਨਾਲ ਸੌਂਦੇ ਤੇ ਜਲਦੀ ਉੱਠਦੇ ਹਨ।” ਅਠਾਈ ਦੇਸ਼ਾਂ ਵਿਚ 14,000 ਤੋਂ ਜ਼ਿਆਦਾ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਸੌਂਦੇ ਤੇ ਕਦੋਂ ਉੱਠਦੇ ਹਨ। ਪੁਰਤਗਾਲ ਵਿਚ ਹਰ ਚਾਰ ਬੰਦਿਆਂ ਵਿੱਚੋਂ ਤਿੰਨ ਅੱਧੀ ਰਾਤ ਤੋਂ ਬਾਅਦ ਸੌਂਦੇ ਹਨ। ਏਸ਼ੀਆ ਦੇ ਲੋਕ ਸਾਰਿਆਂ ਤੋਂ ਪਹਿਲਾਂ ਉੱਠਦੇ ਹਨ ਜਿਨ੍ਹਾਂ ਵਿੱਚੋਂ ਇੰਡੋਨੇਸ਼ੀਆ ਦੇ “91 ਫੀ ਸਦੀ ਲੋਕਾਂ ਨੇ ਕਿਹਾ ਕਿ ਉਹ ਸਵੇਰੇ 7 ਵਜੇ ਤੋਂ ਪਹਿਲਾਂ ਉੱਠ ਜਾਂਦੇ ਹਨ।” ਜਪਾਨੀ ਲੋਕ ਸਭ ਤੋਂ ਘੱਟ ਸੌਂਦੇ ਹਨ। ਉਨ੍ਹਾਂ ਵਿੱਚੋਂ 40 ਫੀ ਸਦੀ ਸਿਰਫ਼ ਛੇ ਕੁ ਘੰਟੇ ਹੀ ਸੌਂਦੇ ਹਨ। ਆਸਟ੍ਰੇਲੀਆ ਦੇ ਲੋਕ ਸਭ ਤੋਂ ਜ਼ਿਆਦਾ ਸੌਂਦੇ ਹਨ। ਇਹ ਲੋਕ ਆਮ ਤੌਰ ਤੇ 10 ਵਜੇ ਤੋਂ ਪਹਿਲਾਂ ਹੀ ਸੌਂ ਜਾਂਦੇ ਹਨ ਅਤੇ ਉਹ ਔਸਤਨ ਨੌਂ ਤੋਂ ਜ਼ਿਆਦਾ ਘੰਟੇ ਸੌਂਦੇ ਹਨ। (g05 12/22)

ਨੌਜਵਾਨ ਅਤੇ ਮੋਬਾਈਲ

ਲੰਡਨ ਦੀ ਡੇਲੀ ਟੈਲੀਗ੍ਰਾਫ਼ ਨੇ ਰਿਪੋਰਟ ਕੀਤਾ ਕਿ “ਜੇ ਬ੍ਰਿਟੇਨ ਦੇ ਨੌਜਵਾਨਾਂ ਤੋਂ ਉਨ੍ਹਾਂ ਦੇ ਮੋਬਾਈਲ ਲੈ ਲਏ ਜਾਣ, ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਉਥਲ-ਪੁਥਲ ਹੋ ਜਾਣਗੀਆਂ।” ਖੋਜਕਾਰਾਂ ਨੇ ਦੋ ਹਫ਼ਤਿਆਂ ਲਈ 15-24 ਸਾਲਾਂ ਦੇ ਨੌਜਵਾਨਾਂ ਤੋਂ ਉਨ੍ਹਾਂ ਦੇ ਮੋਬਾਈਲ ਲੈ ਲਏ। ਰਿਪੋਰਟ ਅਨੁਸਾਰ ਇਸ ਦਾ ਨਤੀਜਾ ਇਹ ਹੋਇਆ ਕਿ “ਉਹ ਸਾਰੇ ਬੜੇ ਘੜਮੱਸ ਵਿਚ ਪੈ ਗਏ। ਨੌਜਵਾਨਾਂ ਨੂੰ ਆਪਣੇ ਮਾਪਿਆਂ ਨਾਲ ਗੱਲਬਾਤ ਕਰਨੀ, ਆਪਣੇ ਦੋਸਤਾਂ-ਮਿੱਤਰਾਂ ਦੇ ਦਰਵਾਜ਼ੇ ਖੜਕਾਉਣੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਣਾ ਬਹੁਤ ਅਜੀਬ ਲੱਗਾ।” ਇੰਗਲੈਂਡ ਦੀ ਲੈਂਕਾਸਟਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਈਕਲ ਹਯੂਮ ਨੇ ਕਿਹਾ ਕਿ ਆਮ ਤੌਰ ਤੇ ਨੌਜਵਾਨ ਆਪਣੇ ਸੈੱਲ ਫੋਨ ਨਾਲ “ਆਪਣੀ ਪਛਾਣ ਬਣਾਉਂਦੇ ਹਨ ਤੇ ਉਸ ਤੋਂ ਬਗ਼ੈਰ ਉਹ ਗੁਆਚੇ-ਗੁਆਚੇ ਮਹਿਸੂਸ ਕਰਦੇ ਹਨ।” ਇਸ ਰਿਪੋਰਟ ਨੇ ਦੱਸਿਆ ਕਿ ਆਪਣੇ ਮੋਬਾਈਲ ਤੋਂ ਬਿਨਾਂ “ਇਕ ਕੁੜੀ ਬੜੀ ਪਰੇਸ਼ਾਨ ਦਿਖਾਈ ਦਿੱਤੀ।” ਇਕ ਮੁੰਡਾ ਬੜਾ ਨਿਰਾਸ਼ ਹੋਇਆ ਕਿਉਂਕਿ ‘ਉਹ ਪਹਿਲਾਂ ਵਾਂਗ ਆਪਣੇ ਦੋਸਤਾਂ ਨਾਲ ਜਦ ਚਾਹੇ ਮੋਬਾਈਲ ਤੇ ਗੱਲਬਾਤ ਨਹੀਂ ਕਰ ਸਕਦਾ ਸੀ, ਸਗੋਂ ਹੁਣ ਉਸ ਨੂੰ ਪਹਿਲਾਂ ਤੈਅ ਕਰਨਾ ਪੈਂਦਾ ਸੀ ਕਿ ਉਹ ਕਦੋਂ ਤੇ ਕਿੱਥੇ ਉਨ੍ਹਾਂ ਨੂੰ ਮਿਲੇਗਾ।’ (g05 11/8)

“ਘਰਾਂ ਦੀ ਉੱਤਮ ਸਜਾਵਟ”?

ਲੰਡਨ ਦੀ ਅਖ਼ਬਾਰ ਦ ਸੰਡੇ ਟੈਲੀਗ੍ਰਾਫ਼ ਨੇ ਦੱਸਿਆ ਕਿ “ਪੱਛਮੀ ਦੇਸ਼ਾਂ ਤੋਂ ਆਉਂਦੇ ਸੈਲਾਨੀ ਅਤੇ ਵਪਾਰੀ ਚੀਨ ਵਿਚ ਗ਼ੈਰ-ਕਾਨੂੰਨੀ ਤੌਰ ਤੇ ਬਾਘਾਂ ਦੀਆਂ ਖੱਲਾਂ ਖ਼ਰੀਦਦੇ ਹਨ ਜਿਸ ਕਰਕੇ ਉਹੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਪਏ ਜਾਨਵਰਾਂ ਦੀ ਹੱਤਿਆ ਦੇ ਜ਼ਿੰਮੇਵਾਰ ਹਨ।” ਸੌ ਕੁ ਸਾਲ ਪਹਿਲਾਂ ਜੰਗਲਾਂ ਵਿਚ 1,00,000 ਬਾਘ ਹੁੰਦੇ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ ਤਕਰੀਬਨ 5,000 ਰਹਿ ਗਈ ਹੈ। ਜ਼ਿਆਦਾਤਰ ਬਾਘ ਭਾਰਤ ਵਿਚ ਹਨ, ਪਰ ਇਹ ਦੱਖਣੀ ਏਸ਼ੀਆ ਅਤੇ ਪੂਰਬੀ ਦੇਸ਼ਾਂ ਵਿਚ ਵੀ ਪਾਏ ਜਾਂਦੇ ਹਨ। ਲੰਡਨ ਦੀ ਇਕ ਵਾਤਾਵਰਣ ਸੰਬੰਧਿਤ ਏਜੰਸੀ ਨੇ ਦੱਸਿਆ ਕਿ ਲੋਕ ਇਨ੍ਹਾਂ ਖੱਲਾਂ ਨੂੰ ‘ਘਰਾਂ ਦੀ ਉੱਤਮ ਸਜਾਵਟ ਸਮਝਦੇ ਹਨ, ਪਰ ਉਹ ਇਹ ਨਹੀਂ ਸੋਚਦੇ ਕਿ ਉਹ ਬਾਘਾਂ ਨੂੰ ਖ਼ਤਮ ਕਰ ਰਹੇ ਹਨ। ਇਹ ਜਾਨਵਰ ਇੰਨੇ ਖ਼ਤਰੇ ਵਿਚ ਹਨ ਕਿ ਇਕ-ਇਕ ਬਾਘ ਦੀ ਜਾਨ ਬਚਾਉਣੀ ਲਾਜ਼ਮੀ ਹੋ ਗਈ ਹੈ।’ ਸੰਨ 1994 ਤੋਂ ਲੈ ਕੇ 2003 ਤਕ 684 ਖੱਲਾਂ ਜ਼ਬਤ ਕੀਤੀਆਂ ਗਈਆਂ, ਪਰ ਅਸਲੀਅਤ ਇਹ ਹੈ ਕਿ ਸਮਗਲ ਕੀਤੀਆਂ ਜਾਂਦੀਆਂ ਖੱਲਾਂ ਦੇ ਮੁਕਾਬਲੇ ਇਹ ਕੁਝ ਵੀ ਨਹੀਂ ਹਨ। (g05 11/8)

ਹੱਸਣ ਦੇ ਫ਼ਾਇਦੇ

ਇਕ ਪੋਲਿਸ਼ ਰਸਾਲੇ ਨੇ ਕਿਹਾ ਕਿ “ਵਿਗਿਆਨੀਆਂ ਮੁਤਾਬਕ ਸਿਰਫ਼ ਅੱਧੇ ਕੁ ਮਿੰਟ ਲਈ ਖੁੱਲ੍ਹ ਕੇ ਹੱਸਣਾ 45 ਮਿੰਟਾਂ ਲਈ ਆਰਾਮ ਕਰਨ ਦੇ ਬਰਾਬਰ ਹੈ।” ਇਸ ਰਸਾਲੇ ਨੇ ਅੱਗੇ ਕਿਹਾ: “ਖਿੜਖਿੜਾ ਕੇ ਹੱਸਣਾ ਤਿੰਨ ਮਿੰਟਾਂ ਦੀ ਕਸਰਤ ਦੇ ਬਰਾਬਰ ਹੈ ਤੇ ਦਸ ਵਾਰ ਮੁਸਕਰਾਉਣਾ ਦਸ ਮਿੰਟਾਂ ਲਈ ਚੱਪੂ ਚਲਾਉਣ ਦੇ ਬਰਾਬਰ ਹੈ।” ਹਾਸੇ ਦੇ ਕੁਝ ਹੋਰ ਲਾਭ ਹਨ: ਫੇਫੜਿਆਂ ਵਿਚ ਆਮ ਨਾਲੋਂ ਤਿੰਨ ਗੁਣਾਂ ਜ਼ਿਆਦਾ ਹਵਾ ਜਾਣੀ, ਖ਼ੂਨ ਦਾ ਦੌਰਾ ਤੇਜ਼ ਹੋਣਾ, ਵਧੀਆ ਹਾਜ਼ਮਾ, ਤੇਜ਼ ਦਿਮਾਗ਼ ਤੇ ਸਰੀਰ ਅੰਦਰਲੇ ਨੁਕਸਾਨਦੇਹ ਪਦਾਰਥਾਂ ਦਾ ਨਾਸ਼ ਹੋਣਾ। ਇਹ ਰਸਾਲਾ ਸੁਝਾਅ ਦਿੰਦਾ ਹੈ ਕਿ ਚੰਗੇ ਮੂਡ ਵਿਚ ਆਉਣ ਲਈ ਸਾਨੂੰ ਸਵੇਰ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਵੱਲ, ਆਪਣੇ ਪਤੀ ਜਾਂ ਪਤਨੀ ਵੱਲ ਅਤੇ ਆਪਣੇ ਬੱਚਿਆਂ ਵੱਲ ਦੇਖ ਕੇ ਮੁਸਕਰਾਉਣਾ ਚਾਹੀਦਾ ਹੈ। ਇਸ ਰਸਾਲੇ ਨੇ ਇਹ ਵੀ ਕਿਹਾ ਕਿ “ਆਪਣੇ-ਆਪ ਉੱਤੇ ਹੱਸਣਾ ਸਿੱਖੋ ਅਤੇ ਮੁਸ਼ਕਲਾਂ ਦੌਰਾਨ ਵੀ ਕੁਝ ਅਜਿਹੀ ਗੱਲ ਦੇਖੋ ਜਿਸ ਉੱਤੇ ਤੁਸੀਂ ਹੱਸ ਸਕੋ।” (g05 10/22)