Skip to content

Skip to table of contents

ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?

ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?

ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?

ਅਗਲੇ 10, 20 ਜਾਂ 30 ਸਾਲਾਂ ਵਿਚ ਕੀ ਹੋਵੇਗਾ? ਅਸੀਂ ਉਸ ਜ਼ਮਾਨੇ ਵਿਚ ਰਹਿ ਰਹੇ ਹਾਂ ਜਿਸ ਵਿਚ ਅੱਤਵਾਦ ਦਾ ਬੋਲਬਾਲਾ ਹੈ, ਇਸ ਲਈ ਲੋਕ ਭਵਿੱਖ ਬਾਰੇ ਸੋਚਣ ਤੋਂ ਵੀ ਡਰਦੇ ਹਨ। ਤਕਨਾਲੋਜੀ ਵਿਚ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ। ਇਸ ਵਿਸ਼ਵੀਕਰਣ ਦੇ ਯੁਗ ਵਿਚ ਕਈ ਕੌਮਾਂ ਇਕ-ਦੂਜੇ ਉੱਤੇ ਨਿਰਭਰ ਕਰਨ ਲੱਗ ਪਈਆਂ ਹਨ। ਕੀ ਸੰਸਾਰ ਦੇ ਨੇਤਾ ਇਕੱਠੇ ਹੋ ਕੇ ਸਾਡਾ ਭਵਿੱਖ ਸੁਨਹਿਰਾ ਬਣਾਉਣ ਦਾ ਜਤਨ ਕਰਨਗੇ? ਕਈ ਲੋਕ ਯਕੀਨ ਕਰਦੇ ਹਨ ਕਿ ਸਾਲ 2015 ਤਕ ਦੁਨੀਆਂ ਦੇ ਨੇਤਾ ਕਾਫ਼ੀ ਸਾਰੇ ਮਸਲਿਆਂ ਨੂੰ ਸੁਲਝਾਉਣ ਵਿਚ ਕਾਮਯਾਬ ਹੋ ਜਾਣਗੇ, ਜਿਵੇਂ ਕਿ ਸੰਸਾਰ ਵਿਚ ਗ਼ਰੀਬੀ ਤੇ ਭੁੱਖ ਨੂੰ ਠੱਲ੍ਹ ਪਾ ਲਈ ਜਾਵੇਗੀ, ਏਡਜ਼ ਦੀ ਬੀਮਾਰੀ ਖ਼ਤਮ ਕਰ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਕੋਲ ਇਸ ਸਮੇਂ ਸਾਫ਼ ਪਾਣੀ ਅਤੇ ਸਾਫ਼-ਸਫ਼ਾਈ ਦੀਆਂ ਸਹੂਲਤਾਂ ਨਹੀਂ ਹਨ, ਉਨ੍ਹਾਂ ਵਿੱਚੋਂ ਘੱਟੋ-ਘੱਟ ਅੱਧੇ ਲੋਕਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਾ ਦਿੱਤੀਆਂ ਜਾਣਗੀਆਂ।—“ਟੀਚੇ ਬਨਾਮ ਅਸਲੀਅਤ” ਡੱਬੀ ਦੇਖੋ।

ਪਰ ਇਨਸਾਨ ਅਕਸਰ ਭਵਿੱਖ ਬਾਰੇ ਹਵਾ ਵਿਚ ਮਹਿਲ ਬਣਾਉਂਦਾ ਆਇਆ ਹੈ। ਮਿਸਾਲ ਲਈ, ਕਈ ਸਾਲ ਪਹਿਲਾਂ ਇਕ ਮਾਹਰ ਨੇ ਕਿਹਾ ਸੀ ਕਿ 1984 ਵਿਚ ਕਿਸਾਨ ਸਮੁੰਦਰੀ ਸਤਹ ਤੇ ਟ੍ਰੈਕਟਰਾਂ ਨਾਲ ਵਾਹੀ ਕਰ ਰਹੇ ਹੋਣਗੇ; ਇਕ ਹੋਰ ਨੇ ਕਿਹਾ ਕਿ 1995 ਵਿਚ ਕਾਰਾਂ ਵਿਚ ਐਕਸੀਡੈਂਟ ਰੋਧਕ ਕੰਪਿਊਟਰ ਲੱਗੇ ਹੋਏ ਹੋਣਗੇ; ਤੇ ਇਕ ਹੋਰ ਮਾਹਰ ਨੇ ਇਹ ਵੀ ਕਿਹਾ ਕਿ ਸਾਲ 2000 ਤਕ ਤਕਰੀਬਨ 50,000 ਲੋਕ ਪੁਲਾੜ ਵਿਚ ਰਹਿਣਗੇ ਤੇ ਕੰਮ ਕਰਦੇ ਹੋਣਗੇ। ਪਰ ਅਜਿਹੇ ਪੂਰਵ-ਅਨੁਮਾਨ ਲਗਾਉਣ ਵਾਲੇ ਲੋਕ ਹੁਣ ਸੋਚਦੇ ਹੋਣਗੇ ਕਿ ਕਾਸ਼ ਉਹ ਚੁੱਪ ਹੀ ਰਹੇ ਹੁੰਦੇ! ਇਕ ਪੱਤਰਕਾਰ ਨੇ ਲਿਖਿਆ ਕਿ “ਸਮਾਂ ਦੁਨੀਆਂ ਦੇ ਚੁਸਤ ਤੋਂ ਚੁਸਤ ਲੋਕਾਂ ਨੂੰ ਵੀ ਮੂਰਖ ਸਾਬਤ ਕਰ ਸਕਦਾ ਹੈ।”

ਰਾਹ ਦਿਖਾਉਣ ਵਾਲਾ “ਨਕਸ਼ਾ”

ਲੋਕ ਭਵਿੱਖ ਬਾਰੇ ਪੂਰਵ-ਅਨੁਮਾਨ ਲਗਾਉਂਦੇ ਰਹਿੰਦੇ ਹਨ, ਪਰ ਉਨ੍ਹਾਂ ਦੇ ਅਨੁਮਾਨ ਅਕਸਰ ਗ਼ਲਤ ਸਿੱਧ ਹੁੰਦੇ ਹਨ। ਅਸੀਂ ਭਵਿੱਖ ਦਾ ਸਹੀ-ਸਹੀ ਅਨੁਮਾਨ ਕਿਵੇਂ ਲਗਾ ਸਕਦੇ ਹਾਂ?

ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਕਲਪਨਾ ਕਰੋ ਕਿ ਤੁਸੀਂ ਵਿਦੇਸ਼ ਵਿਚ ਬੱਸ ਵਿਚ ਸਫ਼ਰ ਕਰ ਰਹੇ ਹੋ। ਅਜਨਬੀ ਹੋਣ ਕਰਕੇ ਤੁਸੀਂ ਥੋੜ੍ਹਾ-ਬਹੁਤਾ ਘਬਰਾਉਂਦੇ ਹੋ ਤੇ ਸੋਚਦੇ ਹੋ: ‘ਪਤਾ ਨਹੀਂ ਇਹ ਬੱਸ ਕਿੱਧਰ ਨੂੰ ਜਾ ਰਹੀ ਹੈ, ਉਮੀਦ ਰੱਖਦਾ ਹਾਂ ਕਿ ਇਹ ਠੀਕ ਰਾਹ ਤੇ ਹੀ ਜਾ ਰਹੀ ਹੋਵੇਗੀ! ਸਫ਼ਰ ਵਿਚ ਖਰਿਆ ਕਿੰਨਾ ਚਿਰ ਲੱਗੇਗਾ?’ ਇਕ ਵਧੀਆ ਨਕਸ਼ੇ ਦੀ ਮਦਦ ਨਾਲ ਅਤੇ ਬਾਰੀ ਵਿੱਚੋਂ ਦੀ ਬਾਹਰ ਸਾਈਨ-ਬੋਰਡ ਦੇਖਣ ਨਾਲ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ।

ਕਈਆਂ ਲੋਕਾਂ ਦੀ ਇਹੀ ਸਥਿਤੀ ਹੈ ਜੋ ਭਵਿੱਖ ਬਾਰੇ ਸੋਚ ਕੇ ਘਬਰਾਉਂਦੇ ਹਨ। ਉਹ ਸੋਚਦੇ ਹਨ ਕਿ ‘ਅਸੀਂ ਕਿੱਧਰ ਜਾ ਰਹੇ ਹਾਂ? ਕੀ ਅਸੀਂ ਸਹੀ ਰਾਹ ਤੇ ਹਾਂ ਜਿਸ ਦੇ ਅਖ਼ੀਰ ਵਿਚ ਸੁਖ-ਸ਼ਾਂਤੀ ਮਿਲੇਗੀ? ਜੇ ਰਾਹ ਠੀਕ ਹੈ, ਤਾਂ ਇਹ ਸੁਖ-ਸ਼ਾਂਤੀ ਸਾਨੂੰ ਕਦੋਂ ਮਿਲੇਗੀ?’ ਬਾਈਬਲ ਇਕ ਨਕਸ਼ੇ ਵਾਂਗ ਹੈ ਜੋ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੀ ਹੈ। ਅਸੀਂ ਇਸ ਨੂੰ ਧਿਆਨ ਨਾਲ ਪੜ੍ਹ ਕੇ ਅਤੇ ਸੰਸਾਰ ਦੀਆਂ ਘਟਨਾਵਾਂ ਦੀ ਜਾਂਚ ਕਰ ਕੇ ਜਾਣ ਸਕਦੇ ਹਾਂ ਕਿ ਅਸੀਂ ਸਮੇਂ ਦੇ ਕਿਸ ਮੋੜ ਤੇ ਆ ਪਹੁੰਚੇ ਹਾਂ ਤੇ ਕਿੱਧਰ ਜਾ ਰਹੇ ਹਾਂ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸਾਡੀਆਂ ਸਮੱਸਿਆਵਾਂ ਸ਼ੁਰੂ ਹੀ ਕਿੱਦਾਂ ਹੋਈਆਂ।

ਸ਼ੁਰੂ ਵਿਚ ਕੀ ਹੋਇਆ

ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਜਦੋਂ ਪਹਿਲੇ ਆਦਮੀ ਤੇ ਔਰਤ ਨੂੰ ਰਚਿਆ ਸੀ, ਤਾਂ ਉਹ ਬਿਲਕੁਲ ਮੁਕੰਮਲ ਸਨ ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਬਹੁਤ ਸੋਹਣੇ ਬਾਗ਼ ਵਿਚ ਰੱਖਿਆ ਸੀ। ਆਦਮ ਤੇ ਹੱਵਾਹ ਨੂੰ ਸਦਾ ਲਈ ਜੀਉਂਦੇ ਰਹਿਣ ਲਈ ਬਣਾਇਆ ਗਿਆ ਸੀ, ਨਾ ਕਿ ਸਿਰਫ਼ 70 ਜਾਂ 80 ਸਾਲਾਂ ਲਈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਪਰਮੇਸ਼ੁਰ ਚਾਹੁੰਦਾ ਸੀ ਕਿ ਆਦਮ, ਹੱਵਾਹ ਤੇ ਉਨ੍ਹਾਂ ਦੀ ਸੰਤਾਨ ਪੂਰੀ ਧਰਤੀ ਨੂੰ ਇਕ ਸੋਹਣਾ ਬਾਗ਼ ਬਣਾਉਣ।—ਉਤਪਤ 1:28; 2:8, 15, 22.

ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ। ਇਸ ਲਈ ਉਹ ਆਪਣਾ ਬਾਗ਼ ਵਰਗਾ ਘਰ ਗੁਆ ਬੈਠੇ। ਇਸ ਤੋਂ ਇਲਾਵਾ, ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਹੌਲੀ-ਹੌਲੀ ਵਿਗੜਨ ਲੱਗ ਪਈ। ਦਿਨ-ਬ-ਦਿਨ ਆਦਮ ਤੇ ਹੱਵਾਹ ਮੌਤ ਦੇ ਮੂੰਹ ਦੇ ਨੇੜੇ ਹੁੰਦੇ ਚਲੇ ਗਏ। ਇੱਦਾਂ ਕਿਉਂ ਹੋਇਆ? ਕਿਉਂਕਿ ਉਨ੍ਹਾਂ ਨੇ ਆਪਣੇ ਸ੍ਰਿਸ਼ਟੀਕਰਤਾ ਵੱਲ ਪਿੱਠ ਕੀਤੀ ਜਿਸ ਕਾਰਨ ਉਹ ਪਾਪੀ ਠਹਿਰਾਏ ਗਏ ਤੇ ਉਨ੍ਹਾਂ ਨੂੰ ਆਪਣੇ ‘ਪਾਪ ਦੀ ਮਜੂਰੀ ਮੌਤ’ ਮਿਲੀ।—ਰੋਮੀਆਂ 6:23.

ਕਈਆਂ ਪੁੱਤਰਾਂ-ਧੀਆਂ ਨੂੰ ਜਨਮ ਦੇਣ ਤੋਂ ਬਾਅਦ ਆਦਮ ਤੇ ਹੱਵਾਹ ਅਖ਼ੀਰ ਵਿਚ ਮਰ ਗਏ। ਕੀ ਉਨ੍ਹਾਂ ਦੇ ਇਹ ਬੱਚੇ ਪਰਮੇਸ਼ੁਰ ਦਾ ਮੁਢਲਾ ਮਕਸਦ ਪੂਰਾ ਕਰ ਸਕਦੇ ਸਨ? ਨਹੀਂ, ਕਿਉਂਕਿ ਉਹ ਵੀ ਆਪਣੇ ਮਾਪਿਆਂ ਵਾਂਗ ਨਾਮੁਕੰਮਲ ਤੇ ਪਾਪੀ ਸਨ। ਇਸੇ ਤਰ੍ਹਾਂ, ਆਦਮ ਦੀ ਬਾਕੀ ਸਾਰੀ ਸੰਤਾਨ ਉੱਤੇ ਵੀ ਪੀੜ੍ਹੀਓਂ-ਪੀੜ੍ਹੀ ਪਾਪ ਤੇ ਮੌਤ ਦਾ ਠੱਪਾ ਲੱਗਦਾ ਆਇਆ ਹੈ। ਅਸੀਂ ਵੀ ਉਸੇ ਕਿਸ਼ਤੀ ਵਿਚ ਸਵਾਰ ਹਾਂ। ਬਾਈਬਲ ਵਿਚ ਲਿਖਿਆ ਹੈ ਕਿ “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 3:23; 5:12.

ਅਸੀਂ ਹੁਣ ਸਮੇਂ ਦੇ ਕਿਸ ਮੋੜ ਤੇ ਆ ਪਹੁੰਚੇ ਹਾਂ?

ਆਦਮ ਤੇ ਹੱਵਾਹ ਦੇ ਪਾਪ ਨੇ ਇਨਸਾਨਾਂ ਨੂੰ ਇਕ ਲੰਬੇ ਤੇ ਮੁਸੀਬਤਾਂ ਭਰੇ ਰਾਹ ਤੇ ਪਾ ਦਿੱਤਾ। ਇਨਸਾਨ ਹਾਲੇ ਵੀ ਇਸ ਰਾਹ ਤੇ ਭਟਕ ਰਹੇ ਹਨ। ਬਾਈਬਲ ਦੇ ਇਕ ਲਿਖਾਰੀ ਨੇ ਕਿਹਾ ਕਿ ਮਨੁੱਖਜਾਤੀ “ਅਨਰਥ ਦੇ ਅਧੀਨ ਕੀਤੀ ਗਈ” ਹੈ। (ਰੋਮੀਆਂ 8:20) ਕੀ ਅੱਜ ਇਨਸਾਨਾਂ ਦਾ ਸੰਘਰਸ਼ ਇਸ ਗੱਲ ਨੂੰ ਸੱਚ ਸਾਬਤ ਨਹੀਂ ਕਰਦਾ? ਦੁਨੀਆਂ ਵਿਚ ਕਈ ਵੱਡੇ-ਵੱਡੇ ਸਾਇੰਸਦਾਨ, ਡਾਕਟਰ ਤੇ ਤਕਨਾਲੋਜੀ ਦੇ ਮਾਹਰ ਪੈਦਾ ਹੋਏ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਸੰਸਾਰ ਭਰ ਵਿਚ ਅਮਨ-ਚੈਨ ਨਹੀਂ ਲਿਆ ਸਕਿਆ ਤੇ ਨਾ ਹੀ ਸਾਰਿਆਂ ਨੂੰ ਨਰੋਈ ਸਿਹਤ ਦੇ ਸਕਿਆ ਹੈ ਜਿੱਦਾਂ ਪਰਮੇਸ਼ੁਰ ਸਾਡੇ ਲਈ ਸ਼ੁਰੂ ਤੋਂ ਚਾਹੁੰਦਾ ਸੀ।

ਆਦਮ ਅਤੇ ਹੱਵਾਹ ਦੀ ਬਗਾਵਤ ਦਾ ਅਸਰ ਸਾਡੇ ਸਾਰਿਆਂ ਉੱਤੇ ਪਿਆ ਹੈ। ਮਿਸਾਲ ਲਈ, ਸਾਡੇ ਵਿੱਚੋਂ ਕੌਣ ਹੈ ਜੋ ਬੇਇਨਸਾਫ਼ੀ ਦੇ ਡੰਗ ਤੋਂ ਬਚਿਆ ਹੋਵੇ, ਜੋ ਜੁਰਮ ਦਾ ਸ਼ਿਕਾਰ ਹੋਣ ਤੋਂ ਨਹੀਂ ਡਰਦਾ, ਜੋ ਬੀਮਾਰੀ ਨਾਲ ਨਹੀਂ ਜੂਝਦਾ, ਜਿਸ ਨੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਦਾ ਦੁੱਖ ਨਹੀਂ ਝੱਲਿਆ? ਦਰਅਸਲ ਜ਼ਿੰਦਗੀ ਵਿਚ ਸੁਖ ਦਾ ਸਾਹ ਪਲ-ਭਰ ਹੀ ਮਿਲਦਾ ਹੈ, ਫਿਰ ਕੋਈ-ਨ-ਕੋਈ ਬਿਪਤਾ ਸਾਮ੍ਹਣੇ ਆ ਖੜ੍ਹਦੀ ਹੈ। ਬੇਸ਼ੱਕ ਜ਼ਿੰਦਗੀ ਵਿਚ ਸੁਖ ਦੇ ਪਲ ਵੀ ਹੁੰਦੇ ਹਨ, ਪਰ ਪ੍ਰਾਚੀਨ ਕੁਲ-ਪਿਤਾ ਅੱਯੂਬ ਦੇ ਬੋਲ ਕਿੰਨੇ ਸੱਚ ਹਨ ਜਿਸ ਨੇ ਕਿਹਾ: “ਆਦਮੀ . . . ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.

ਮਨੁੱਖਜਾਤੀ ਦਾ ਦੁਖਦਾਈ ਅਤੀਤ ਅਤੇ ਅੱਜ ਦੇ ਭੈੜੇ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਤਾਂ ਨਹੀਂ ਕਿ ਸਾਡਾ ਭਵਿੱਖ ਸੁਨਹਿਰਾ ਹੋਵੇਗਾ। ਪਰ ਬਾਈਬਲ ਯਕੀਨ ਦਿਲਾਉਂਦੀ ਹੈ ਕਿ ਪਰਮੇਸ਼ੁਰ ਅਜਿਹੇ ਹਾਲਾਤਾਂ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ। ਇਨਸਾਨ ਲਈ ਉਸ ਦਾ ਮੁਢਲਾ ਮਕਸਦ ਪੂਰਾ ਹੋ ਕੇ ਹੀ ਰਹੇਗਾ। (ਯਸਾਯਾਹ 55:10, 11) ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ?

ਬਾਈਬਲ ਦੇ ਅਨੁਸਾਰ ਅਸੀਂ ਹੁਣ ਭੈੜੇ ਸਮਿਆਂ ਜਾਂ ‘ਅੰਤ ਦੇ ਦਿਨਾਂ’ ਵਿੱਚੋਂ ਲੰਘ ਰਹੇ ਹਾਂ। (2 ਤਿਮੋਥਿਉਸ 3:1) ਇਨ੍ਹਾਂ ਲਫ਼ਜ਼ਾਂ ਦਾ ਇਹ ਮਤਲਬ ਨਹੀਂ ਕਿ ਸਾਡੀ ਧਰਤੀ ਨਾਲੇ ਉਸ ਉੱਤੇ ਦੀ ਸਾਰੀ ਸ੍ਰਿਸ਼ਟੀ ਤਬਾਹ ਹੋ ਜਾਵੇਗੀ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਕਿ ਇਸ ‘ਜੁਗ ਦਾ ਅੰਤ’ ਹੋਣ ਦੇ ਨਾਲ-ਨਾਲ ਸਾਰੀਆਂ ਮੁਸੀਬਤਾਂ ਦਾ ਵੀ ਅੰਤ ਹੋ ਜਾਵੇਗਾ। (ਮੱਤੀ 24:3) ਬਾਈਬਲ ਸਾਫ਼-ਸਾਫ਼ ਅੰਤ ਦੇ ਦਿਨਾਂ ਵਿਚ ਹੋਣ ਵਾਲੀਆਂ ਘਟਨਾਵਾਂ ਅਤੇ ਲੋਕਾਂ ਵਿਚ ਪੈਦਾ ਹੋਏ ਔਗੁਣਾਂ ਬਾਰੇ ਦੱਸਦੀ ਹੈ। ਤੁਸੀਂ ਸਫ਼ਾ 8 ਤੇ ਕੁਝ ਔਗੁਣਾਂ ਬਾਰੇ ਪੜ੍ਹ ਸਕਦੇ ਹੋ ਤੇ ਫਿਰ ਸੰਸਾਰ ਵਿਚ ਹੋ ਰਹੀਆਂ ਘਟਨਾਵਾਂ ਉੱਤੇ ਨਜ਼ਰ ਮਾਰ ਸਕਦੇ ਹੋ। ਸਾਡਾ ਨਕਸ਼ਾ ਯਾਨੀ ਬਾਈਬਲ ਸਾਨੂੰ ਇਹ ਪਰਖਣ ਵਿਚ ਮਦਦ ਦਿੰਦੀ ਹੈ ਕਿ ਅਸੀਂ ਸਮੇਂ ਦੇ ਕਿਸ ਮੋੜ ਤੇ ਆ ਪਹੁੰਚੇ ਹਾਂ ਤੇ ਇਸ ਜੁਗ ਦਾ ਅੰਤ ਕਿੰਨਾ ਕੁ ਨੇੜੇ ਹੈ। ਪਰ ਇਸ ਦੇ ਮਗਰੋਂ ਕੀ ਹੋਵੇਗਾ?

ਅਗਲਾ ਮੋੜ

ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਤੁਰੰਤ ਬਾਅਦ ਇਕ ਰਾਜ ਸਥਾਪਿਤ ਕਰਨ ਦੇ ਪ੍ਰਬੰਧ ਬਾਰੇ ਦੱਸਿਆ ਜੋ “ਸਦਾ ਤੀਕ ਨੇਸਤ ਨਾ ਹੋਵੇਗਾ।” (ਦਾਨੀਏਲ 2:44) ਕਈ ਲੋਕਾਂ ਨੂੰ ਉਸ ਰਾਜ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਜਾਂਦੀ ਹੈ ਜੋ ਮਨੁੱਖਜਾਤੀ ਲਈ ਭਰਪੂਰ ਬਰਕਤਾਂ ਲਿਆਵੇਗਾ। ਇਸ ਪ੍ਰਾਰਥਨਾ ਨੂੰ ਆਮ ਤੌਰ ਤੇ ਪ੍ਰਭੂ ਦੀ ਪ੍ਰਾਰਥਨਾ ਕਿਹਾ ਜਾਂਦਾ ਹੈ।—ਮੱਤੀ 6:9, 10.

ਪਰਮੇਸ਼ੁਰ ਦਾ ਰਾਜ ਸਵਰਗ ਵਿਚ ਖੜ੍ਹੀ ਕੀਤੀ ਗਈ ਇਕ ਅਸਲੀ ਸਰਕਾਰ ਹੈ ਜੋ ਛੇਤੀ ਹੀ ਧਰਤੀ ਉੱਤੇ ਰਾਜ ਕਰੇਗੀ। ਜ਼ਰਾ ਗੌਰ ਕਰੋ ਕਿ ਆਪਣੇ ਰਾਜ ਦੁਆਰਾ ਪਰਮੇਸ਼ੁਰ ਕੀ ਕਰਨ ਦਾ ਵਾਅਦਾ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਪਹਿਲਾਂ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰ ਰਹੇ ਹਨ।’ (ਪਰਕਾਸ਼ ਦੀ ਪੋਥੀ 11:18) ਪਰ ਉਹ ਉਨ੍ਹਾਂ ਲਈ ਕੀ ਕਰੇਗਾ ਜੋ ਉਸ ਦੀ ਆਗਿਆ ਦੀ ਪਾਲਣਾ ਕਰਦੇ ਹਨ? ਬਾਈਬਲ ਕਹਿੰਦੀ ਹੈ ਕਿ ‘ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ (ਪਰਕਾਸ਼ ਦੀ ਪੋਥੀ 21:4) ਕੋਈ ਵੀ ਇਨਸਾਨ ਇਹ ਚੀਜ਼ਾਂ ਨਹੀਂ ਕਰ ਸਕਦਾ। ਸਿਰਫ਼ ਪਰਮੇਸ਼ੁਰ ਹੀ ਵਧੀਆ ਹਾਲਾਤ ਪੈਦਾ ਕਰ ਸਕਦਾ ਹੈ ਜੋ ਉਹ ਸ਼ੁਰੂ ਵਿਚ ਸਾਡੇ ਲਈ ਚਾਹੁੰਦਾ ਸੀ।

ਤੁਸੀਂ ਉਹ ਬਰਕਤਾਂ ਕਿਵੇਂ ਹਾਸਲ ਕਰ ਸਕਦੇ ਹੋ ਜੋ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਉੱਤੇ ਵਰਸਾਵੇਗਾ? ਯੂਹੰਨਾ 17:3 ਵਿਚ ਲਿਖਿਆ ਹੈ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਲੋਕਾਂ ਨੂੰ ਪਰਮੇਸ਼ੁਰ ਅਤੇ ਯਿਸੂ ਦੀ ਸਿੱਖਿਆ ਦੇ ਰਹੇ ਹਨ। ਉਹ ਲਗਭਗ 230 ਦੇਸ਼ਾਂ ਵਿਚ ਪ੍ਰਚਾਰ ਕਰਦੇ ਹਨ ਤੇ 400 ਭਾਸ਼ਾਵਾਂ ਵਿਚ ਪੁਸਤਕਾਂ ਤੇ ਰਸਾਲੇ ਛਾਪਦੇ ਹਨ। ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਲਿਖ ਸਕਦੇ ਹੋ। (g 1/06)

[ਸਫ਼ਾ 6 ਉੱਤੇ ਸੁਰਖੀ]

“ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ। ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ!”—ਯਾਕੂਬ 4:13, 14

[ਸਫ਼ਾ 6 ਉੱਤੇ ਸੁਰਖੀ]

ਬਾਈਬਲ ਪਹਿਲੇ ਆਦਮੀ ਅਤੇ ਔਰਤ ਦੀ ਸ੍ਰਿਸ਼ਟੀ ਦੇ ਸਮੇਂ ਤੋਂ ਮਨੁੱਖੀ ਇਤਿਹਾਸ ਬਾਰੇ ਦੱਸਦੀ ਹੈ। ਅਸੀਂ ਜਾਣ ਸਕਦੇ ਹਾਂ ਕਿ ਅਸੀਂ ਕਿੱਥੋਂ ਆਏ ਤੇ ਕਿੱਥੇ ਜਾ ਰਹੇ ਹਾਂ। ਪਰ ਬਾਈਬਲ ਨੂੰ ਸਮਝਣ ਲਈ ਸਾਨੂੰ ਇਕ ਨਕਸ਼ੇ ਦੀ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਹੈ

[ਸਫ਼ਾ 7 ਉੱਤੇ ਸੁਰਖੀ]

“ਪਾਪ” ਦਾ ਮਤਲਬ ਹੈ ਗ਼ਲਤ ਕੰਮ ਕਰਨੇ ਜਾਂ ਬੁਰਾਈ ਕਰਨ ਦੀ ਖ਼ਾਹਸ਼ ਰੱਖਣੀ। ਅਸੀਂ ਜਨਮ ਤੋਂ ਪਾਪੀ ਹਾਂ ਤੇ ਇਸ ਦਾ ਅਸਰ ਸਾਡੇ ਚਾਲ-ਚਲਣ ਉੱਤੇ ਪੈਂਦਾ ਹੈ। “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।”—ਉਪਦੇਸ਼ਕ ਦੀ ਪੋਥੀ 7:20

[ਸਫ਼ਾ 8 ਉੱਤੇ ਸੁਰਖੀ]

ਜੇ ਤੁਸੀਂ ਕਿਸੇ ਕਾਗਜ਼ ਦੀ ਫੋਟੋ-ਕਾਪੀ ਕਰਦੇ ਹੋ ਜਿਸ ਉੱਤੇ ਕਾਲਾ ਨਿਸ਼ਾਨ ਹੋਵੇ, ਤਾਂ ਉਹ ਨਿਸ਼ਾਨ ਸਾਰੀਆਂ ਕਾਪੀਆਂ ਉੱਤੇ ਵੀ ਹੋਵੇਗਾ। ਇਸੇ ਤਰ੍ਹਾਂ, ਆਦਮ ਦੀ ਸੰਤਾਨ ਹੋਣ ਕਰਕੇ ਸਾਡੇ ਸਾਰਿਆਂ ਉੱਤੇ “ਮੁਢਲੀ ਕਾਪੀ” ਆਦਮ ਦੇ ਪਾਪ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ

[ਸਫ਼ਾ 8 ਉੱਤੇ ਸੁਰਖੀ]

ਬਾਈਬਲ ਕਹਿੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਇਹੋ ਕਾਰਨ ਹੈ ਕਿ ਕਿਉਂ ਧਰਤੀ ਉੱਤੇ ਅਮਨ-ਚੈਨ ਲਿਆਉਣ ਦੇ ਮਨੁੱਖ ਦੇ ਜਤਨ ਅਸਫ਼ਲ ਰਹੇ ਹਨ। ਮਨੁੱਖ ਨੂੰ ਪਰਮੇਸ਼ੁਰ ਤੋਂ ਅਲੱਗ ਹੋ ਕੇ ਆਪਣੇ “ਕਦਮਾਂ ਨੂੰ ਕਾਇਮ” ਕਰਨ ਲਈ ਸ੍ਰਿਸ਼ਟ ਨਹੀਂ ਕੀਤਾ ਗਿਆ ਸੀ

[ਸਫ਼ਾ 9 ਉੱਤੇ ਸੁਰਖੀ]

ਬਾਈਬਲ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਨੂੰ ਕਿਹਾ ਸੀ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰਾਂ ਦੀ ਪੋਥੀ 119:105) ਜਦੋਂ ਅਸੀਂ ਅਹਿਮ ਫ਼ੈਸਲੇ ਕਰਨੇ ਹੁੰਦੇ ਹਨ, ਤਾਂ ਬਾਈਬਲ ਇਕ ਦੀਪਕ ਵਾਂਗ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਤਾਂਕਿ ਅਸੀਂ ਸਹੀ ਕਦਮ ਚੁੱਕ ਸਕੀਏ। ‘ਸਾਡੇ ਰਾਹ ਦੇ ਚਾਨਣ’ ਵਜੋਂ, ਬਾਈਬਲ ਭਵਿੱਖ ਤੇ ਰੌਸ਼ਨੀ ਪਾਉਂਦੀ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਮਨੁੱਖਜਾਤੀ ਦਾ ਭਵਿੱਖ ਕਿੱਦਾਂ ਦਾ ਹੋਵੇਗਾ

[ਸਫ਼ਾ 7 ਉੱਤੇ ਡੱਬੀ]

ਟੀਚੇ ਬਨਾਮ ਅਸਲੀਅਤ

ਸਤੰਬਰ 2000 ਵਿਚ ਸੰਯੁਕਤ ਰਾਸ਼ਟਰ-ਸੰਘ ਦੇ ਮੈਂਬਰ ਦੇਸ਼ਾਂ ਨੇ ਇਕੱਠੇ ਮਿਲ ਕੇ ਕੁਝ ਟੀਚੇ ਰੱਖੇ ਸਨ ਜਿਨ੍ਹਾਂ ਨੂੰ ਸਾਲ 2015 ਤਕ ਹਾਸਲ ਕਰਨ ਦੀ ਉਮੀਦ ਰੱਖੀ ਜਾਂਦੀ ਹੈ। ਕੁਝ ਟੀਚੇ ਹਨ:

ਭੁੱਖੇ ਲੋਕਾਂ ਅਤੇ ਇਕ ਡਾਲਰ ਤੋਂ ਘੱਟ ਆਮਦਨ ਵਾਲੇ ਲੋਕਾਂ ਦੀ ਘੱਟੋ-ਘੱਟ ਅੱਧੀ ਗਿਣਤੀ ਦੀ ਹਾਲਤ ਸੁਧਾਰਨੀ।

◼ ਇਹ ਨਿਸ਼ਚਿਤ ਕਰਨਾ ਕਿ ਹਰੇਕ ਬੱਚਾ ਘੱਟੋ-ਘੱਟ ਪ੍ਰਾਇਮਰੀ ਸਕੂਲ ਦੀ ਵਿਦਿਆ ਹਾਸਲ ਕਰੇ।

◼ ਵਿਦਿਆ ਦੇ ਮਾਮਲੇ ਵਿਚ ਮੁੰਡੇ-ਕੁੜੀਆਂ ਨੂੰ ਇੱਕੋ ਜਿਹੀ ਸਿੱਖਿਆ ਦੇਣੀ।

◼ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਦੋ-ਤਿਹਾਈ ਘਟਾਉਣਾ।

◼ ਮਾਵਾਂ ਦੀ ਮੌਤ ਦਰ 75 ਫੀ ਸਦੀ ਘਟਾਉਣੀ।

◼ ਐੱਚ. ਆਈ. ਵੀ. ਅਤੇ ਏਡਜ਼ ਦੇ ਨਾਲ-ਨਾਲ ਮਲੇਰੀਏ ਵਰਗੀਆਂ ਬੀਮਾਰੀਆਂ ਦੇ ਫੈਲਾਅ ਨੂੰ ਰੋਕਣਾ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ।

ਜਿਨ੍ਹਾਂ ਲੋਕਾਂ ਕੋਲ ਇਸ ਸਮੇਂ ਸਾਫ਼ ਪਾਣੀ ਦੀ ਸਹੂਲਤ ਨਹੀਂ ਹੈ, ਉਨ੍ਹਾਂ ਵਿੱਚੋਂ ਅੱਧੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣਾ।

ਕੀ ਇਹ ਟੀਚੇ ਹਾਸਲ ਕੀਤੇ ਜਾ ਸਕਦੇ ਹਨ? ਸਾਲ 2004 ਵਿਚ ਦੁਨੀਆਂ ਦੀ ਹਾਲਤ ਉੱਤੇ ਗੌਰ ਕਰਨ ਤੋਂ ਬਾਅਦ ਸੰਸਾਰ ਭਰ ਦੇ ਸਿਹਤ ਅਧਿਕਾਰੀ ਇਸ ਸਿੱਟੇ ਤੇ ਪਹੁੰਚੇ ਸਨ ਕਿ ਆਸ਼ਾਵਾਦੀ ਹੋਣਾ ਗ਼ਲਤ ਨਹੀਂ ਹੈ, ਲੇਕਿਨ ਉਹ ਅਸਲੀਅਤ ਤੋਂ ਵੀ ਅੱਖਾਂ ਨਹੀਂ ਮੀਟ ਸਕਦੇ। ਸੰਸਾਰ ਦੀ ਹਾਲਤ 2005 (ਅੰਗ੍ਰੇਜ਼ੀ) ਰਿਪੋਰਟ ਦੇ ਮੁਖਬੰਧ ਵਿਚ ਕਿਹਾ ਗਿਆ ਹੈ ਕਿ “ਦੁਨੀਆਂ ਦੇ ਕਈ ਹਿੱਸਿਆਂ ਵਿਚ ਗ਼ਰੀਬੀ ਨੇ ਤਰੱਕੀ ਦੇ ਪੈਰਾਂ ਨੂੰ ਬੇੜੀਆਂ ਨਾਲ ਜਕੜਿਆ ਹੋਇਆ ਹੈ। ਐੱਚ. ਆਈ. ਵੀ. ਅਤੇ ਏਡਜ਼ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ ਤੇ ਕਈਆਂ ਦੇਸ਼ਾਂ ਵਿਚ ਇਹ ਮਹਾਂਮਾਰੀਆਂ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਪਿਛਲੇ ਪੰਜ ਸਾਲਾਂ ਵਿਚ ਤਕਰੀਬਨ ਦੋ ਕਰੋੜ ਬੱਚੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਨਾਲ ਮਰੇ ਹਨ ਜੋ ਬੀਮਾਰੀਆਂ ਰੋਕੀਆਂ ਜਾ ਸਕਦੀਆਂ ਸਨ। ਕਰੋੜਾਂ ਲੋਕ ਸਾਫ਼ ਪਾਣੀ ਤੇ ਸਫ਼ਾਈ ਦੀਆਂ ਸਹੂਲਤਾਂ ਦੀ ਕਮੀ ਕਰਕੇ ਗੰਦੀਆਂ ਹਾਲਤਾਂ ਵਿਚ ਦਿਨ ਕੱਟਦੇ ਹਨ।”

[ਸਫ਼ੇ 8, 9 ਉੱਤੇ ਡੱਬੀ/ਤਸਵੀਰਾਂ]

“ਅੰਤ ਦਿਆਂ ਦਿਨਾਂ” ਦੇ ਕੁਝ ਚਿੰਨ੍ਹ

ਪਹਿਲਾਂ ਨਾਲੋਂ ਭਿਆਨਕ ਲੜਾਈਆਂ।—ਮੱਤੀ 24:7; ਪਰਕਾਸ਼ ਦੀ ਪੋਥੀ 6:4.

ਕਾਲ।—ਮੱਤੀ 24:7; ਪਰਕਾਸ਼ ਦੀ ਪੋਥੀ 6:5, 6, 8.

ਮਰੀਆਂ।—ਲੂਕਾ 21:11; ਪਰਕਾਸ਼ ਦੀ ਪੋਥੀ 6:8.

ਕੁਧਰਮ ਵਿਚ ਵਾਧਾ।—ਮੱਤੀ 24:12.

ਧਰਤੀ ਦਾ ਵਿਗਾੜ।—ਪਰਕਾਸ਼ ਦੀ ਪੋਥੀ 11:18.

ਵੱਡੇ ਭੁਚਾਲ।—ਲੂਕਾ 21:11.

ਭੈੜੇ ਸਮੇਂ।—2 ਤਿਮੋਥਿਉਸ 3:1.

ਮਾਇਆ ਦਾ ਲੋਭ।—2 ਤਿਮੋਥਿਉਸ 3:2.

ਮਾਪਿਆਂ ਪ੍ਰਤੀ ਅਣਆਗਿਆਕਾਰੀ।—2 ਤਿਮੋਥਿਉਸ 3:2.

ਨਿਰਮੋਹ।—2 ਤਿਮੋਥਿਉਸ 3:3.

ਪਰਮੇਸ਼ੁਰ ਦੀ ਥਾਂ ਭੋਗ ਬਿਲਾਸ ਨਾਲ ਪ੍ਰੇਮ।—2 ਤਿਮੋਥਿਉਸ 3:4.

ਸੰਜਮ ਦੀ ਕਮੀ।—2 ਤਿਮੋਥਿਉਸ 3:3.

ਨੇਕੀ ਨਾਲ ਵੈਰ।—2 ਤਿਮੋਥਿਉਸ 3:3.

ਸਿਰ ਤੇ ਮੰਡਲਾ ਰਹੇ ਖ਼ਤਰੇ ਪ੍ਰਤੀ ਲਾਪਰਵਾਹੀ।—ਮੱਤੀ 24:39.

ਠੱਠੇ ਕਰਨ ਵਾਲੇ ਲੋਕ ਅੰਤ ਦੇ ਦਿਨਾਂ ਦੇ ਸਬੂਤ ਨੂੰ ਅਣਗੌਲਿਆਂ ਕਰਦੇ ਹਨ।—2 ਪਤਰਸ 3:3, 4.

ਸੰਸਾਰ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ।—ਮੱਤੀ 24:14.

[ਕ੍ਰੈਡਿਟ ਲਾਈਨਾਂ]

© G.M.B. Akash/Panos Pictures

© Paul Lowe/Panos Pictures

[ਸਫ਼ਾ 9 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਮਸ਼ਹੂਰ ਹਨ