Skip to content

Skip to table of contents

ਉੱਲੀ ਦੇ ਫ਼ਾਇਦੇ ਤੇ ਨੁਕਸਾਨ

ਉੱਲੀ ਦੇ ਫ਼ਾਇਦੇ ਤੇ ਨੁਕਸਾਨ

ਉੱਲੀ ਦੇ ਫ਼ਾਇਦੇ ਤੇ ਨੁਕਸਾਨ

ਸਵੀਡਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਉੱਲੀ ਦੀਆਂ ਕੁਝ ਕਿਸਮਾਂ ਜਾਨ ਬਚਾਉਂਦੀਆਂ ਹਨ ਅਤੇ ਕੁਝ ਜਾਨ ਲੈਂਦੀਆਂ ਹਨ। ਕੁਝ ਕਿਸਮਾਂ ਪਨੀਰ ਅਤੇ ਵਾਈਨ ਦੇ ਸੁਆਦ ਨੂੰ ਨਿਰਾਲਾ ਬਣਾਉਂਦੀਆਂ ਤੇ ਕੁਝ ਭੋਜਨ ਨੂੰ ਜ਼ਹਿਰੀਲਾ ਬਣਾਉਂਦੀਆਂ ਹਨ। ਉੱਲੀ ਲੱਕੜ, ਬਾਥਰੂਮ ਅਤੇ ਕਿਤਾਬਾਂ ਤੇ ਵੀ ਲੱਗਦੀ ਹੈ। ਦਰਅਸਲ, ਉੱਲੀ ਸਾਡੇ ਚਾਰੇ ਤਰਫ਼ ਹੈ। ਹੋ ਸਕਦਾ ਹੈ ਕਿ ਇਨ੍ਹਾਂ ਸ਼ਬਦਾਂ ਨੂੰ ਪੜ੍ਹਦੇ ਵਕਤ, ਉੱਲੀ ਦੇ ਿਨੱਕੇ-ਿਨੱਕੇ ਬੀਜ ਤੁਹਾਡੀਆਂ ਨਾਸਾਂ ਵਿਚ ਦੀ ਲੰਘ ਰਹੇ ਹੋਣ।

ਕੀ ਤੁਹਾਨੂੰ ਕੋਈ ਸ਼ੱਕ ਹੈ ਕਿ ਉੱਲੀ ਸਾਡੇ ਚਾਰੇ ਤਰਫ਼ ਹੈ? ਜੇਕਰ ਹੈ, ਤਾਂ ਇਕ ਕੰਮ ਕਰੋ। ਡਬਲਰੋਟੀ ਦਾ ਇਕ ਟੁਕੜਾ ਮੇਜ਼ ਉੱਤੇ ਜਾਂ ਫਰਿੱਜ ਵਿਚ ਰੱਖ ਦਿਓ। ਕੁਝ ਹੀ ਦਿਨਾਂ ਵਿਚ ਉਸ ਉੱਤੇ ਚਿੱਟਾ ਜਿਹਾ ਜਾਲਾ ਆ ਜਾਵੇਗਾ। ਹਾਂ, ਉਸ ਨੂੰ ਉੱਲੀ ਲੱਗ ਜਾਵੇਗੀ।

ਉੱਲੀ ਕੀ ਹੈ?

ਉੱਲੀ ਬਨਸਪਤੀ ਦਾ ਇਕ ਹਿੱਸਾ ਹੈ ਅਤੇ ਇਸ ਦੀਆਂ 1,00,000 ਤੋਂ ਜ਼ਿਆਦਾ ਕਿਸਮਾਂ ਹਨ। ਖੁੰਬਾਂ, ਬੂਟਿਆਂ ਦੇ ਜ਼ੰਗਾਲ ਅਤੇ ਖ਼ਮੀਰ ਉੱਲੀ ਦੀਆਂ ਕੁਝ ਕਿਸਮਾਂ ਹਨ। ਪਰ ਉੱਲੀ ਦੀਆਂ ਸਿਰਫ਼ 100 ਕੁ ਕਿਸਮਾਂ ਤੋਂ ਹੀ ਇਨਸਾਨਾਂ ਅਤੇ ਜਾਨਵਰਾਂ ਨੂੰ ਬੀਮਾਰੀਆਂ ਲੱਗ ਸਕਦੀਆਂ ਹਨ। ਉੱਲੀ ਦੀਆਂ ਕਈ ਕਿਸਮਾਂ ਦੇ ਫ਼ਾਇਦੇ ਵੀ ਹਨ। ਜਦੋਂ ਕੋਈ ਜੀਵ ਮਰ ਜਾਂਦਾ ਹੈ, ਤਾਂ ਉੱਲੀ ਉਸ ਦੇ ਸਰੀਰ ਨੂੰ ਗਾਲ ਦਿੰਦੀ ਹੈ। ਸਰੀਰ ਦੇ ਗਲਣ ਸਮੇਂ ਉਸ ਵਿੱਚੋਂ ਚੰਗੇ ਤੱਤ ਨਿਕਲ ਕੇ ਮਿੱਟੀ ਵਿਚ ਰਲ ਜਾਂਦੇ ਹਨ। ਇਸ ਤਰ੍ਹਾਂ ਪੇੜ-ਪੌਦੇ ਮਿੱਟੀ ਤੋਂ ਇਹ ਜ਼ਰੂਰੀ ਤੱਤ ਹਾਸਲ ਕਰਦੇ ਹਨ। ਉੱਲੀ ਦੀਆਂ ਹੋਰ ਕਿਸਮਾਂ ਪੌਦਿਆਂ ਨਾਲ ਮਿਲ ਕੇ ਰਹਿੰਦੀਆਂ ਹਨ। ਪੌਦਾ ਉੱਲੀ ਨਾਲ ਆਪਣੀ ਖ਼ੁਰਾਕ ਵੰਡਦਾ ਹੈ ਅਤੇ ਇਸ ਦੇ ਬਦਲੇ ਉੱਲੀ ਉਸ ਨੂੰ ਨਮੀ ਦਿੰਦੀ ਹੈ ਅਤੇ ਉਸ ਨੂੰ ਸੁੱਕਣ ਤੋਂ ਬਚਾਉਂਦੀ ਹੈ। ਇਸ ਦੇ ਨਾਲ-ਨਾਲ ਉੱਲੀ ਦੀਆਂ ਕੁਝ ਕਿਸਮਾਂ ਪਰਜੀਵੀ ਹਨ।

ਉੱਲੀ ਦੀ ਸ਼ੁਰੂਆਤ ਇਕ ਿਨੱਕੇ ਜਿਹੇ ਬੀਜ (spore) ਤੋਂ ਹੁੰਦੀ ਹੈ ਜੋ ਹਵਾ ਵਿਚ ਉੱਡਦਾ-ਫਿਰਦਾ ਰਹਿੰਦਾ ਹੈ। ਜੇ ਇਹ ਬੀਜ ਅਜਿਹੀ ਕਿਸੇ ਚੀਜ਼ ਉੱਤੇ ਬੈਠ ਜਾਵੇ ਜਿਸ ਦਾ ਤਾਪਮਾਨ ਸਹੀ ਹੋਵੇ ਅਤੇ ਜੋ ਸਿੱਲ੍ਹੀ ਹੋਵੇ, ਤਾਂ ਇਹ ਪੁੰਗਰ ਜਾਂਦਾ ਹੈ। ਇਸ ਦੀਆਂ ਲੰਬੀਆਂ ਜੜ੍ਹਾਂ ਨੂੰ ਹਾਈਫ਼ੀ ਕਿਹਾ ਜਾਂਦਾ ਹੈ। ਜਦੋਂ ਇਨ੍ਹਾਂ ਜੜ੍ਹਾਂ ਦਾ ਜਾਲਾ ਬਣ ਜਾਂਦਾ ਹੈ, ਤਾਂ ਇਸ ਨੂੰ ਮਾਈਸਿਲੀਅਮ ਕਿਹਾ ਜਾਂਦਾ ਹੈ। ਇਹ ਉਹ ਉੱਲੀ ਹੈ ਜੋ ਸਾਨੂੰ ਦਿੱਸਦੀ ਹੈ। ਕਦੀ-ਕਦੀ ਉੱਲੀ ਦੇਖਣ ਨੂੰ ਗੰਦ ਜਾਂ ਦਾਗ਼ ਵਾਂਗ ਲੱਗਦੀ ਹੈ। ਮਿਸਾਲ ਲਈ, ਇਸ ਤਰ੍ਹਾਂ ਦੀ ਉੱਲੀ ਬਾਥਰੂਮ ਦੀਆਂ ਟਾਇਲਾਂ ਦੇ ਸੀਮਿੰਟ ਨੂੰ ਲੱਗਦੀ ਹੈ।

ਉੱਲੀ ਬਹੁਤ ਹੀ ਤੇਜ਼ੀ ਨਾਲ ਵਧਦੀ ਹੈ। ਡਬਲਰੋਟੀ ਤੇ ਲੱਗਣ ਵਾਲੀ ਉੱਲੀ ਨੂੰ ਰਾਈਜ਼ੋਪਸ ਸਟੋਲਨਿਫਰ ਕਿਹਾ ਜਾਂਦਾ ਹੈ। ਇਸ ਦੀਆਂ ਨਿੱਕੀਆਂ-ਨਿੱਕੀਆਂ ਕਾਲੀਆਂ ਡੋਡੀਆਂ ਨੂੰ ਸਪੋਰੈਂਜੀਆ ਕਹਿੰਦੇ ਹਨ। ਇਕ ਡੋਡੀ ਵਿਚ 50,000 ਤੋਂ ਜ਼ਿਆਦਾ ਬੀਜ ਹੁੰਦੇ ਹਨ। ਇਸ ਦਾ ਹਰੇਕ ਬੀਜ ਕੁਝ ਹੀ ਦਿਨਾਂ ਦੇ ਅੰਦਰ-ਅੰਦਰ ਕਰੋੜਾਂ ਹੀ ਨਵੇਂ ਬੀਜ ਪੈਦਾ ਕਰ ਸਕਦਾ ਹੈ! ਜੇ ਤਾਪਮਾਨ ਸਹੀ ਹੋਵੇ, ਤਾਂ ਉੱਲੀ ਕਿਤਾਬ, ਜੁੱਤੀ, ਵਾਲ-ਪੇਪਰ, ਜੰਗਲ ਵਿਚ ਲੱਕੜ ਆਦਿ ਕਿਸੇ ਵੀ ਚੀਜ਼ ਨੂੰ ਲੱਗ ਸਕਦੀ ਹੈ।

ਤਾਂ ਫਿਰ ਉੱਲੀ ਨੂੰ ਖ਼ੁਰਾਕ ਕਿੱਥੋਂ ਮਿਲਦੀ ਹੈ? ਜਾਨਵਰਾਂ ਤੇ ਇਨਸਾਨ ਖਾਣਾ ਪਹਿਲਾਂ ਖਾਂਦੇ ਤੇ ਫਿਰ ਉਸ ਨੂੰ ਹਜ਼ਮ ਕਰਦੇ ਹਨ। ਪਰ ਉੱਲੀ ਦੇ ਖਾਣ ਦਾ ਤਰੀਕਾ ਇਸ ਤੋਂ ਬਿਲਕੁਲ ਉਲਟ ਹੈ। ਜਦੋਂ ਅਣੂ ਗ੍ਰਹਿਣ ਕਰਨ ਲਈ ਜ਼ਿਆਦਾ ਵੱਡੇ ਹੁੰਦੇ ਹਨ, ਤਾਂ ਉੱਲੀ ਉਨ੍ਹਾਂ ਨੂੰ ਹਜ਼ਮ ਕਰਨ ਲਈ ਐਨਜ਼ਾਇਮ ਛੱਡਦੀ ਹੈ। ਇਸ ਤਰ੍ਹਾਂ ਅਣੂਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਤਾਂਕਿ ਉੱਲੀ ਇਨ੍ਹਾਂ ਨੂੰ ਗ੍ਰਹਿਣ ਕਰ ਸਕੇ। ਇਸ ਦੇ ਨਾਲ-ਨਾਲ, ਉੱਲੀ ਜਾਨਵਰਾਂ ਤੇ ਇਨਸਾਨਾਂ ਵਾਂਗ ਇੱਧਰ-ਉੱਧਰ ਜਾ ਕੇ ਖਾਣਾ ਨਹੀਂ ਲੱਭ ਸਕਦੀ ਇਸ ਲਈ ਉਹ ਆਪਣੀ ਖ਼ੁਰਾਕ ਵਿਚ ਹੀ ਜੜ੍ਹ ਫੜ ਕੇ ਰਹਿੰਦੀ ਹੈ।

ਉੱਲੀ ਜ਼ਹਿਰੀਲੇ ਪਦਾਰਥ ਵੀ ਪੈਦਾ ਕਰ ਸਕਦੀ ਹੈ ਜੋ ਇਨਸਾਨਾਂ ਤੇ ਜਾਨਵਰਾਂ ਲਈ ਹਾਨੀਕਾਰਕ ਹੋ ਸਕਦੇ ਹਨ। ਇਨ੍ਹਾਂ ਨੂੰ ਮਾਇਕੋਟੌਕਸਿਨ ਕਿਹਾ ਜਾਂਦਾ ਹੈ। ਇਹ ਸਾਡੇ ਤੇ ਕਈ ਤਰੀਕਿਆਂ ਨਾਲ ਅਸਰ ਕਰ ਸਕਦੇ ਹਨ ਜਿਵੇਂ ਕਿ ਜਦ ਅਸੀਂ ਸਾਹ ਲੈਂਦੇ, ਕੁਝ ਖਾਂਦੇ ਜਾਂ ਜਦ ਇਹ ਸਾਡੀ ਚਮੜੀ ਨੂੰ ਲੱਗਦੇ ਹਨ। ਪਰ ਉੱਲੀ ਸਿਰਫ਼ ਹਾਨੀਕਾਰਕ ਹੀ ਨਹੀਂ ਹੈ, ਇਸ ਦੀਆਂ ਕੁਝ ਕਿਸਮਾਂ ਬਹੁਤ ਹੀ ਫ਼ਾਇਦੇਮੰਦ ਵੀ ਹਨ।

ਉੱਲੀ ਦੇ ਫ਼ਾਇਦੇ

ਸਾਲ 1928 ਵਿਚ ਐਲੇਗਜ਼ੈਂਡਰ ਫਲੇਮਿੰਗ ਨਾਂ ਦੇ ਇਕ ਵਿਗਿਆਨੀ ਨੂੰ ਇਤਫ਼ਾਕ ਨਾਲ ਪਤਾ ਲੱਗਾ ਕਿ ਹਰੀ ਉੱਲੀ ਵਿਚ ਰੋਗਾਣੂ ਮਾਰਨ ਦੀ ਸ਼ਕਤੀ ਹੁੰਦੀ ਹੈ। ਇਸ ਹਰੀ ਉੱਲੀ ਨੂੰ ਪੈਨਿਸਿਲੀਅਮ ਨੌਟਾਟੰਮ ਨਾਂ ਦਿੱਤਾ ਗਿਆ ਸੀ। ਇਹ ਉੱਲੀ ਬੈਕਟੀਰੀਆ ਲਈ ਵਿਨਾਸ਼ਕ ਪਰ ਇਨਸਾਨਾਂ ਤੇ ਜਾਨਵਰਾਂ ਲਈ ਲਾਭਦਾਇਕ ਸਾਬਤ ਹੋਈ। ਇਸ ਉੱਲੀ ਤੋਂ ਪੈਨਿਸਿਲੀਨ ਨਾਂ ਦੀ ਦਵਾਈ ਬਣਾਈ ਗਈ, ਜਿਸ ਨੂੰ “ਮੌਤ ਦੇ ਮੂੰਹ ਵਿੱਚੋਂ ਬਚਾਉਣ ਵਾਲੀ ਸਭ ਤੋਂ ਚੰਗੀ ਦਵਾਈ” ਮੰਨਿਆ ਜਾਂਦਾ ਹੈ। ਫਲੇਮਿੰਗ ਅਤੇ ਉਸ ਦੇ ਸਾਥੀ ਡਾਕਟਰਾਂ ਹਾਵਡ ਫਲੋਰੀ ਅਤੇ ਅਰਨਸਟ ਚੇਨ ਨੂੰ ਉਨ੍ਹਾਂ ਦੀ ਇਸ ਲੱਭਤ ਲਈ 1945 ਵਿਚ ਦਵਾਈਆਂ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਉੱਲੀ ਕਈ ਦਵਾਈਆਂ ਵਿਚ ਵਰਤੀ ਜਾਣ ਲੱਗੀ। ਇਨ੍ਹਾਂ ਵਿੱਚੋਂ ਕੁਝ ਦਵਾਈਆਂ ਲਹੂ ਦੇ ਗਤਲਿਆਂ, ਸਿਰਦਰਦ ਅਤੇ ਪਾਰਕਿੰਸਨ ਰੋਗ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।

ਉੱਲੀ ਨੇ ਖ਼ੁਰਾਕ ਉੱਤੇ ਵੀ ਅਨੋਖਾ ਪ੍ਰਭਾਵ ਪਾਇਆ ਹੈ। ਮਿਸਾਲ ਲਈ ਪਨੀਰ ਦੀ ਗੱਲ ਲੈ ਲਓ। ਕੀ ਤੁਹਾਨੂੰ ਪਤਾ ਹੈ ਕਿ ਬ੍ਰੀ, ਕੈਮੰਬੈਰ, ਡੈਨਿਸ਼ ਬਲੂ, ਗੋਰਗਨਜ਼ੋਲਾ, ਰੋਕਫੋਰਟ ਅਤੇ ਸਟਿਲਟਨ ਨਾਂ ਦੇ ਪਨੀਰ ਦੇ ਅਨੋਖੇ ਤੇ ਨਿਰਾਲੇ ਸੁਆਦ ਪੈਨਿਸਿਲੀਅਮ ਉੱਲੀ ਦੀਆਂ ਵੱਖੋ-ਵੱਖਰੀਆਂ ਕਿਸਮਾਂ ਦੀ ਬਦੌਲਤ ਹਨ? ਇਸੇ ਤਰ੍ਹਾਂ ਸਲਾਮੀ, ਸੋਇਆ ਸਾਸ ਅਤੇ ਬੀਅਰ ਦੇ ਨਿਰਾਲਿਆਂ ਸੁਆਦਾਂ ਪਿੱਛੇ ਉੱਲੀ ਦਾ ਹੀ ਹੱਥ ਹੈ।

ਇਹੀ ਗੱਲ ਵਾਈਨ ਬਾਰੇ ਵੀ ਸੱਚ ਹੈ। ਜਦੋਂ ਕੁਝ ਅੰਗੂਰਾਂ ਨੂੰ ਉੱਲੀ ਲੱਗਣ ਤੋਂ ਬਾਅਦ ਸਹੀ ਸਮੇਂ ਤੇ ਤੋੜਿਆ ਜਾਂਦਾ ਹੈ, ਤਾਂ ਇਨ੍ਹਾਂ ਦੀ ਬਹੁਤ ਹੀ ਵਧੀਆ ਵਾਈਨ ਬਣਦੀ ਹੈ। ਬੋਟਰੀਟਿਸ ਸਿਨੇਰੀਆ ਨਾਂ ਦੀ ਉੱਲੀ ਅੰਗੂਰਾਂ ਦੀ ਮਿਠਾਸ ਨੂੰ ਵਧਾਉਂਦੀ ਹੈ ਜਿਸ ਕਾਰਨ ਅੰਗੂਰਾਂ ਦਾ ਸੁਆਦ ਹੋਰ ਵੀ ਨਿਰਾਲਾ ਹੋ ਜਾਂਦਾ ਹੈ। ਵਾਈਨ ਦੇ ਤਹਿਖ਼ਾਨੇ ਵਿਚ ਜਦ ਵਾਈਨ ਨੂੰ ਪੱਕਣ ਲਈ ਰੱਖਿਆ ਜਾਂਦਾ ਹੈ, ਤਾਂ ਕਲੈਡਸਪੋਰੀਅਮ ਸੈਲਰ ਨਾਂ ਦੀ ਉੱਲੀ ਉਸ ਦੇ ਸੁਆਦ ਨੂੰ ਹੋਰ ਵੀ ਵਧਾ ਦਿੰਦੀ ਹੈ। ਹੰਗਰੀ ਦੀ ਭਾਸ਼ਾ ਵਿਚ ਵਾਈਨ ਬਣਾਉਣ ਵਾਲਿਆਂ ਦੀ ਇਕ ਕਹਾਵਤ ਹੈ ਕਿ “ਚੰਗੀ ਉੱਲੀ ਬਣਾਵੇ ਚੰਗੀ ਵਾਈਨ।”

ਉੱਲੀ ਦੇ ਖ਼ਤਰੇ

ਉੱਲੀ ਦੀਆਂ ਕੁਝ ਕਿਸਮਾਂ ਹਾਨੀਕਾਰਕ ਵੀ ਹਨ ਅਤੇ ਇਹ ਕਾਫ਼ੀ ਸਮੇਂ ਤੋਂ ਲੋਕਾਂ ਉੱਤੇ ਅਸਰ ਪਾਉਂਦੀਆਂ ਆਈਆਂ ਹਨ। ਛੇਵੀਂ ਸਦੀ ਈ. ਪੂ. ਵਿਚ ਅੱਸ਼ੂਰ ਦੇ ਲੋਕ ਆਪਣੇ ਦੁਸ਼ਮਣਾਂ ਦੇ ਖੂਹਾਂ ਵਿਚ ਕਲੈਵਿਸੇਪਜ਼ ਪਰਪੁਰੀਆ ਨਾਂ ਦੀ ਉੱਲੀ ਸੁੱਟ ਦਿੰਦੇ ਸਨ ਜੋ ਪਾਣੀ ਨੂੰ ਜ਼ਹਿਰੀਲਾ ਕਰ ਦਿੰਦੀ ਸੀ। ਇਹ ਪੁਰਾਣੇ ਜ਼ਮਾਨੇ ਦੀ ਇਕ ਕਿਸਮ ਦਾ ਬਾਇਓਲਾਜੀਕਲ ਹਥਿਆਰ ਸੀ। ਇਹ ਉੱਲੀ ਕਦੀ-ਕਦੀ ਰਾਈ ਨੂੰ ਵੀ ਲੱਗਦੀ ਹੈ। ਮੱਧਕਾਲ ਦੌਰਾਨ ਇਸੇ ਉੱਲੀ ਕਾਰਨ ਕਈਆਂ ਲੋਕਾਂ ਨੂੰ ਮਿਰਗੀ ਦੇ ਦੌਰੇ ਪੈਣ ਲੱਗ ਪਏ, ਸਰੀਰ ਵਿਚ ਸਾੜ ਪੈਣ ਲੱਗ ਪਿਆ, ਗੈਂਗਰੀਨ ਹੋ ਗਈ ਅਤੇ ਕਈ ਵਾਰ ਹੋਸ਼ੋ-ਹਵਾਸ ਗਵਾਉਣ ਕਾਰਨ ਉਨ੍ਹਾਂ ਨੂੰ ਅਜੀਬੋ-ਗ਼ਰੀਬ ਚੀਜ਼ਾਂ ਨਜ਼ਰ ਆਉਣ ਲੱਗ ਪਈਆਂ। ਉਨ੍ਹੀਂ ਦਿਨੀਂ ਇਸ ਰੋਗ ਨੂੰ ਸੇਂਟ ਐਂਥਨੀਜ਼ ਫਾਇਰ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਰੋਗ ਤੋਂ ਪੀੜਿਤ ਲੋਕ ਫਰਾਂਸ ਵਿਚ ਸੰਤ ਐਂਥਨੀ ਦੀ ਚਰਚ ਨੂੰ ਜਾਂਦੇ ਸਨ। ਉਹ ਵਿਸ਼ਵਾਸ ਕਰਦੇ ਸਨ ਕਿ ਉੱਥੇ ਜਾ ਕੇ ਉਨ੍ਹਾਂ ਨੂੰ ਇਸ ਰੋਗ ਤੋਂ ਛੁਟਕਾਰਾ ਮਿਲੇਗਾ। ਅੱਜ-ਕੱਲ੍ਹ ਇਹ ਅਰਗਟ ਰੋਗ ਨਾਂ ਤੋਂ ਜਾਣਿਆ ਜਾਂਦਾ ਹੈ।

ਉੱਲੀ ਦਾ ਤਅੱਲਕ ਕੈਂਸਰ ਨਾਲ ਵੀ ਹੈ। ਕਿਵੇਂ? ਕੈਂਸਰ ਦਾ ਸਭ ਤੋਂ ਵੱਡਾ ਕਾਰਨ ਐਫਲਾਟੌਕਸਿਨ ਹੈ ਜੋ ਉੱਲੀ ਤੋਂ ਬਣਦਾ ਹੈ। ਇਕ ਏਸ਼ੀਆਈ ਦੇਸ਼ ਵਿਚ ਹਰ ਸਾਲ 20,000 ਮੌਤਾਂ ਐਫਲਾਟੌਕਸਿਨ ਕਾਰਨ ਹੁੰਦੀਆਂ ਹਨ। ਇਸ ਜਾਨ-ਲੇਵਾ ਪਦਾਰਥ ਨੂੰ ਅੱਜ-ਕੱਲ੍ਹ ਬਾਇਓਲਾਜੀਕਲ ਹਥਿਆਰਾਂ ਵਿਚ ਵੀ ਵਰਤਿਆ ਜਾਂਦਾ ਹੈ।

ਪਰ ਜੋ ਉੱਲੀ ਅਸੀਂ ਹਰ ਰੋਜ਼ ਦੇਖਦੇ ਹਾਂ, ਉਹ ਘੱਟ ਖ਼ਤਰਨਾਕ ਹੁੰਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਐੱਟ ਬਾਰਕਲੀ ਵੈੱਲਨੇਸ ਲੈੱਟਰ ਕਹਿੰਦੀ ਹੈ: “ਉੱਲੀ ਦੀਆਂ ਜ਼ਿਆਦਾਤਰ ਕਿਸਮਾਂ ਹਾਨੀਕਾਰਕ ਨਹੀਂ ਹਨ। ਇਹ ਗੱਲ ਉਨ੍ਹਾਂ ਕਿਸਮਾਂ ਬਾਰੇ ਵੀ ਸੱਚ ਹੈ ਜਿਨ੍ਹਾਂ ਤੋਂ ਮੁਸ਼ਕ ਆਉਂਦਾ ਹੈ।” ਜੋ ਲੋਕ ਉੱਲੀ ਕਾਰਨ ਬੀਮਾਰ ਹੁੰਦੇ ਹਨ, ਉਨ੍ਹਾਂ ਨੂੰ ਅਕਸਰ ਅਲਰਜੀਆਂ, ਸਰੀਰ ਦੀ ਕਮਜ਼ੋਰ ਇਮਯੂਨ ਸਿਸਟਮ ਜਾਂ ਫਿਰ ਦਮੇ ਵਰਗੇ ਫੇਫੜਿਆਂ ਦੇ ਰੋਗਾਂ ਦੀ ਸ਼ਿਕਾਇਤ ਹੁੰਦੀ ਹੈ। ਖੇਤੀ-ਬਾੜੀ ਕਰਨ ਵਾਲੇ ਲੋਕਾਂ ਨੂੰ ਵੀ ਉੱਲੀ ਕਾਰਨ ਬੀਮਾਰੀਆਂ ਲੱਗਦੀਆਂ ਹਨ ਕਿਉਂਕਿ ਖੇਤਾਂ ਵਿਚ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਉੱਲੀ ਹੁੰਦੀ ਹੈ। ਛੋਟੇ ਬੱਚਿਆਂ ਅਤੇ ਸਿਆਣਿਆਂ ਲੋਕਾਂ ਉੱਤੇ ਵੀ ਉੱਲੀ ਦੇ ਬੁਰੇ ਅਸਰ ਪੈ ਸਕਦੇ ਹਨ।

ਅਮਰੀਕਾ ਵਿਚ ਕੈਲੇਫ਼ੋਰਨੀਆ ਦੇ ਸਿਹਤ ਸੇਵਾ ਵਿਭਾਗ ਮੁਤਾਬਕ ਉੱਲੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀ ਤਕਲੀਫ਼ ਹੋ ਸਕਦੀ ਹੈ ਜਿਵੇਂ ਕਿ ‘ਸਾਹ ਔਖਾ ਆਉਣਾ, ਸਾਹ ਚੜ੍ਹਨਾ, ਨੱਕ ਬੰਦ ਹੋਣਾ; ਅੱਖਾਂ ਵਿਚ ਜਲਣ ਹੋਣੀ (ਅੱਖਾਂ ਵਿੱਚੋਂ ਪਾਣੀ ਨਿਕਲਣਾ ਜਾਂ ਅੱਖਾਂ ਲਾਲ ਹੋਣੀਆਂ); ਸੁੱਕੀ ਖੰਘ; ਨੱਕ ਜਾਂ ਗਲੇ ਵਿਚ ਤਕਲੀਫ਼; ਸਰੀਰ ਤੇ ਧੱਫੜ ਜਾਂ ਖਾਜ।’

ਉੱਲੀ ਅਤੇ ਮਕਾਨ

ਕਈ ਦੇਸ਼ਾਂ ਵਿਚ ਉੱਲੀ ਦੀ ਸਮੱਸਿਆ ਹੱਲ ਕਰਨ ਲਈ ਸਕੂਲਾਂ ਨੂੰ ਬੰਦ ਕਰਨਾ ਜਾਂ ਕਿਸੇ ਘਰ ਜਾਂ ਦਫ਼ਤਰ ਨੂੰ ਖਾਲੀ ਕਰਨਾ ਕੋਈ ਅਨੋਖੀ ਗੱਲ ਨਹੀਂ ਹੈ। ਸਾਲ 2002 ਦੇ ਸ਼ੁਰੂ ਵਿਚ, ਸਵੀਡਨ ਦੇ ਸਟਾਕਹੋਮ ਸ਼ਹਿਰ ਵਿਚ ਇਕ ਆਰਟ ਮਿਊਜ਼ੀਅਮ ਨੂੰ ਉੱਲੀ ਕਾਰਨ ਬੰਦ ਕਰਨਾ ਪਿਆ ਸੀ ਭਾਵੇਂ ਕਿ ਉਸ ਨੂੰ ਖੋਲ੍ਹਿਆਂ ਥੋੜ੍ਹਾ ਹੀ ਚਿਰ ਹੋਇਆ ਸੀ। ਉੱਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਗਭਗ 22.5 ਕਰੋੜ ਰੁਪਏ ਲੱਗੇ! ਪਰ ਇਹ ਸਮੱਸਿਆ ਹਾਲ ਹੀ ਵਿਚ ਇੰਨੀ ਕਿਉਂ ਵਧ ਗਈ ਹੈ?

ਇਸ ਦੇ ਦੋ ਕਾਰਨ ਹਨ। ਪਹਿਲਾ ਕਾਰਨ ਹੈ ਉਸਾਰੀ ਦਾ ਸਾਮਾਨ ਅਤੇ ਦੂਸਰਾ ਮਕਾਨਾਂ ਦਾ ਡੀਜ਼ਾਈਨ। ਹਾਲ ਹੀ ਦੇ ਦਹਾਕਿਆਂ ਵਿਚ ਉਸਾਰੀ ਲਈ ਅਜਿਹੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਉੱਲੀ ਛੇਤੀ ਲੱਗ ਜਾਂਦੀ ਹੈ। ਮਿਸਾਲ ਲਈ, ਪੱਕੀਆਂ ਕੰਧਾਂ ਦੀ ਜਗ੍ਹਾ ਗੱਤੇ ਤੇ ਪਲਾਸਟਰ ਦੇ ਬਣੇ ਜਿਪਸਮ ਬੋਰਡ ਵਰਤੇ ਜਾਂਦੇ ਹਨ। ਪਰ ਗੱਤੇ ਤੇ ਪਲਾਸਟਰ ਦੀਆਂ ਤਹਿਆਂ ਵਿਚਕਾਰ ਸਲ੍ਹਾਬਾ ਰਹਿ ਜਾਂਦਾ ਹੈ। ਜ਼ਿਆਦਾ ਦੇਰ ਸਲ੍ਹਾਬੇ ਰਹਿਣ ਕਾਰਨ ਬੋਰਡਾਂ ਨੂੰ ਉੱਲੀ ਲੱਗ ਜਾਂਦੀ ਹੈ। ਵਾਲ-ਪੇਪਰ ਤੋਂ ਖ਼ੁਰਾਕ ਮਿਲਣ ਕਰਕੇ ਉੱਲੀ ਵਧਣ ਲੱਗ ਪੈਂਦੀ ਹੈ।

ਅੱਜ-ਕੱਲ੍ਹ ਮਕਾਨਾਂ ਦੇ ਡੀਜ਼ਾਈਨ ਵੀ ਬਦਲ ਗਏ ਹਨ। ਸਾਲ 1970 ਤੋਂ ਪਹਿਲਾਂ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਮਕਾਨਾਂ ਵਿਚ ਇੰਨੀ ਇੰਸੁਲੇਸ਼ਨ ਨਹੀਂ ਹੁੰਦੀ ਸੀ ਅਤੇ ਮਕਾਨ ਖੁੱਲ੍ਹੇ ਤੇ ਹਵਾਦਾਰ ਹੁੰਦੇ ਸਨ। ਪਰ ਹੁਣ ਹਵਾ ਅਤੇ ਗਰਮੀ ਨੂੰ ਅੰਦਰ-ਬਾਹਰ ਜਾਣ ਤੋਂ ਰੋਕਣ ਲਈ ਨਵੇਂ-ਨਵੇਂ ਡੀਜ਼ਾਈਨਾਂ ਨਾਲ ਮਕਾਨ ਬਣਨੇ ਸ਼ੁਰੂ ਹੋ ਗਏ ਹਨ। ਇਸ ਲਈ ਸਲ੍ਹਾਬਾ ਅੰਦਰ ਦਾ ਅੰਦਰ ਰਹਿ ਜਾਂਦਾ ਜਿਸ ਕਰਕੇ ਉੱਲੀ ਲੱਗ ਜਾਂਦੀ ਹੈ। ਕੀ ਇਸ ਸਮੱਸਿਆ ਦਾ ਕੋਈ ਹੱਲ ਹੈ?

ਇਸ ਸਮੱਸਿਆ ਨੂੰ ਸੁਲਝਾਉਣ ਜਾਂ ਘਟਾਉਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਸਲ੍ਹਾਬੇ ਨੂੰ ਘਟਾਉਣਾ ਅਤੇ ਘਰ ਦੀਆਂ ਚੀਜ਼ਾਂ ਸਾਫ਼-ਸੁਥਰੀਆਂ ਤੇ ਸੁੱਕੀਆਂ ਰੱਖਣੀਆਂ। ਜੇ ਘਰ ਵਿਚ ਕਿਤੇ ਸਲ੍ਹਾਬਾ ਆ ਜਾਵੇ, ਤਾਂ ਫ਼ੌਰਨ ਉਸ ਜਗ੍ਹਾ ਨੂੰ ਸੁਕਾਓ ਅਤੇ ਸਲ੍ਹਾਬੇ ਨੂੰ ਰੋਕਣ ਲਈ ਜਲਦ ਤੋਂ ਜਲਦ ਲੋੜੀਂਦੀ ਕਾਰਵਾਈ ਕਰੋ। ਮਿਸਾਲ ਲਈ, ਛੱਤ ਅਤੇ ਪਰਨਾਲਿਆਂ ਨੂੰ ਸਾਫ਼ ਰੱਖੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਡੇ ਘਰ ਵੱਲ ਨੂੰ ਢਾਲਵੀਂ ਜਗ੍ਹਾ ਨਾ ਹੋਵੇ ਤਾਂਕਿ ਪਾਣੀ ਤੁਹਾਡੇ ਘਰ ਦੀ ਨੀਂਹ ਦੁਆਲੇ ਨਾ ਜਮ੍ਹਾ ਹੋਵੇ। ਜੇ ਤੁਹਾਡੇ ਘਰ ਏਅਰ-ਕੰਡੀਸ਼ਨ ਲੱਗਾ ਹੋਇਆ ਹੈ, ਤਾਂ ਉਸ ਦੇ ਪਾਣੀ ਵਾਲੇ ਡੱਬੇ ਅਤੇ ਪਾਈਪਾਂ ਨੂੰ ਸਾਫ਼ ਰੱਖੋ।

ਇਕ ਅਧਿਕਾਰੀ ਕਹਿੰਦਾ ਹੈ: “ਸਲ੍ਹਾਬੇ ਉੱਤੇ ਕਾਬੂ ਰੱਖਣ ਦਾ ਮਤਲਬ ਹੈ ਉੱਲੀ ਉੱਤੇ ਕਾਬੂ ਰੱਖਣਾ।” ਇਨ੍ਹਾਂ ਕੁਝ ਤਰੀਕਿਆਂ ਨਾਲ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਉੱਲੀ ਦੇ ਖ਼ਤਰਿਆਂ ਤੋਂ ਬਚਾ ਸਕਦੇ ਹੋ। ਅਸੀਂ ਕਹਿ ਸਕਦੇ ਹਾਂ ਕਿ ਉੱਲੀ ਅੱਗ ਵਰਗੀ ਹੈ ਜਿਸ ਦੇ ਫ਼ਾਇਦੇ ਵੀ ਹਨ ਤੇ ਨੁਕਸਾਨ ਵੀ। ਜੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਵਰਤੀਏ, ਤਾਂ ਇਹ ਸਾਡੇ ਲਈ ਲਾਭਦਾਇਕ ਹੋ ਸਕਦੀ ਹੈ। ਪਰ ਉੱਲੀ ਬਾਰੇ ਹੋਰ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ। ਪਰਮੇਸ਼ੁਰ ਦੀ ਅਦਭੁਤ ਸ੍ਰਿਸ਼ਟੀ ਬਾਰੇ ਸਿੱਖ ਕੇ ਸਾਨੂੰ ਕਿੰਨਾ ਲਾਭ ਹੁੰਦਾ ਹੈ। (g 1/06)

[ਸਫ਼ਾ 12 ਉੱਤੇ ਡੱਬੀ/ਤਸਵੀਰ]

ਬਾਈਬਲ ਉੱਲੀ ਬਾਰੇ ਕੀ ਕਹਿੰਦੀ ਹੈ?

ਬਾਈਬਲ ਜਦ ‘ਘਰ ਵਿੱਚ ਕੋਹੜ ਦੇ ਰੋਗ’ ਦੀ ਗੱਲ ਕਰਦੀ ਹੈ, ਤਾਂ ਇਹ ਅਸਲ ਵਿਚ ਮਕਾਨ ਨੂੰ ਹੋਏ ਕੋੜ੍ਹ ਦੀ ਗੱਲ ਕਰਦੀ ਹੈ। (ਲੇਵੀਆਂ 14:34-48) ਇਹ ਕਿਹਾ ਗਿਆ ਹੈ ਕਿ ਇਹ ਕੋੜ੍ਹ ਜਿਸ ਨੂੰ ਬਾਈਬਲ “ਘਰ ਵਿੱਚ ਵਧਣ ਵਾਲਾ ਕੋਹੜ” ਵੀ ਕਹਿੰਦੀ ਹੈ ਇਕ ਕਿਸਮ ਦੀ ਉੱਲੀ ਸੀ। ਪਰ ਇਸ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜੋ ਵੀ ਹੋਵੇ, ਯਹੋਵਾਹ ਨੇ ਬਿਵਸਥਾ ਵਿਚ ਘਰ ਦੇ ਮਾਲਕਾਂ ਨੂੰ ਕਿਹਾ ਸੀ ਕਿ ਜਦ ਮਕਾਨ ਨੂੰ ਕੋੜ੍ਹ ਹੋ ਜਾਵੇ, ਤਾਂ ਉਨ੍ਹਾਂ ਨੂੰ ਅਸ਼ੁੱਧ ਪੱਥਰਾਂ ਨੂੰ ਕੱਢਣਾ, ਮਕਾਨ ਨੂੰ ਅੰਦਰੋਂ ਖੁਰਚਣਾ ਅਤੇ ਅਜਿਹੀ ਕਿਸੇ ਵੀ ਚੀਜ਼ ਨੂੰ ਜਿਸ ਨੂੰ ਕੋੜ੍ਹ ਹੋਇਆ ਹੋਵੇ, ਸ਼ਹਿਰੋਂ ਬਾਹਰ ‘ਅਸ਼ੁੱਧ ਥਾਂ ਵਿੱਚ ਸੁੱਟਣਾ’ ਚਾਹੀਦਾ ਸੀ। ਪਰ ਜੇ ਇਹ ਰੋਗ ਮਕਾਨ ਨੂੰ ਫਿਰ ਲੱਗ ਜਾਵੇ, ਤਾਂ ਉਸ ਨੂੰ ਅਸ਼ੁੱਧ ਕਰਾਰ ਦਿੱਤਾ ਜਾਣਾ ਚਾਹੀਦਾ ਸੀ ਅਤੇ ਢਾਹ ਕੇ ਮਲਬੇ ਨੂੰ ਸ਼ਹਿਰੋਂ ਬਾਹਰ ਕਿਸੇ ਅਸ਼ੁੱਧ ਥਾਂ ਵਿਚ ਸੁੱਟਿਆ ਜਾਣਾ ਚਾਹੀਦਾ ਸੀ। ਯਹੋਵਾਹ ਦੇ ਇਸ ਹੁਕਮ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਆਪਣੇ ਲੋਕਾਂ ਨਾਲ ਬੇਹੱਦ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦਾ ਸੀ।

[ਸਫ਼ਾ 11 ਉੱਤੇ ਤਸਵੀਰ]

ਉੱਲੀ ਤੋਂ ਬਣਾਈਆਂ ਗਈਆਂ ਦਵਾਈਆਂ ਨੇ ਕਈ ਜਾਨਾਂ ਬਚਾਈਆਂ ਹਨ

[ਸਫ਼ਾ 13 ਉੱਤੇ ਤਸਵੀਰ]

ਗੱਤੇ ਤੇ ਪਲਾਸਟਰ ਦੀਆਂ ਬਣੀਆਂ ਕੰਧਾਂ ਵਿਚ ਸਲ੍ਹਾਬਾ ਰਹਿ ਜਾਂਦਾ ਹੈ ਜਿਸ ਕਾਰਨ ਕੰਧਾਂ ਨੂੰ ਉੱਲੀ ਲੱਗ ਜਾਂਦੀ ਹੈ