ਕੀ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?
ਕੀ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?
ਬਹੁਤ ਸਾਰੇ ਲੋਕ ਭਵਿੱਖ ਬਾਰੇ ਜਾਣਨਾ ਚਾਹੁੰਦੇ ਹਨ। ਸਾਡੇ ਵਿੱਚੋਂ ਕੌਣ ਹੈ ਜੋ ਇਹ ਨਹੀਂ ਜਾਣਨਾ ਚਾਹੁੰਦਾ ਕਿ ਅਸੀਂ ਅਗਲੇ ਮਹੀਨੇ, ਅਗਲੇ ਸਾਲ ਜਾਂ ਅੱਜ ਤੋਂ ਦਸਾਂ ਸਾਲਾਂ ਬਾਅਦ ਕੀ ਕਰ ਰਹੇ ਹੋਵਾਂਗੇ? ਦੂਰ ਦੀ ਸੋਚੀਏ, ਤਾਂ 10, 20 ਜਾਂ 30 ਸਾਲਾਂ ਬਾਅਦ ਸਾਡਾ ਸੰਸਾਰ ਕਿਸ ਤਰ੍ਹਾਂ ਦਾ ਹੋਵੇਗਾ?
ਕੀ ਤੁਸੀਂ ਚੰਗੇ ਭਵਿੱਖ ਦੀ ਆਸ਼ਾ ਰੱਖਦੇ ਹੋ? ਸੰਸਾਰ ਵਿਚ ਕਰੋੜਾਂ ਹੀ ਲੋਕ ਚੰਗੇ ਭਵਿੱਖ ਦੀ ਆਸ਼ਾ ਰੱਖਦੇ ਹਨ। ਇਹ ਲੋਕ ਦੋ ਗਰੁੱਪਾਂ ਵਿਚ ਵੰਡੇ ਜਾ ਸਕਦੇ ਹਨ: ਇਕ ਗਰੁੱਪ ਜੋ ਕਹਿੰਦਾ ਹੈ ਕਿ ਉਨ੍ਹਾਂ ਕੋਲ ਬਿਹਤਰ ਭਵਿੱਖ ਵਿਚ ਯਕੀਨ ਰੱਖਣ ਦੇ ਠੋਸ ਕਾਰਨ ਹਨ। ਦੂਜਾ ਗਰੁੱਪ ਜੋ ਉਮੀਦ ਰੱਖਦਾ ਹੈ ਕਿ ਭਵਿੱਖ ਚੰਗਾ ਹੀ ਹੋਵੇਗਾ ਕਿਉਂਕਿ ਉਹ ਅਸਲੀਅਤ ਦਾ ਸਾਮ੍ਹਣਾ ਕਰਨ ਤੋਂ ਡਰਦੇ ਹਨ।
ਬੇਸ਼ੱਕ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਭਵਿੱਖ ਵਿਚ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਕਈ ਧਰਮ-ਪ੍ਰਚਾਰਕਾਂ ਨੂੰ ਇਹ ਕਹਿੰਦਿਆਂ ਕੋਈ ਸੰਕੋਚ ਨਹੀਂ ਹੁੰਦਾ ਕਿ ਇਸ ਧਰਤੀ ਦਾ ਸਰਬਨਾਸ਼ ਹੋਣ ਵਾਲਾ ਹੈ, ਯਾਨੀ ਕਿਆਮਤ ਦਾ ਦਿਨ ਆ ਪੁੱਜਾ ਹੈ। ਉਨ੍ਹਾਂ ਅਨੁਸਾਰ ਇਸ ਕਹਿਰ ਵਿਚ ਸ਼ਾਇਦ ਟਾਵੇਂ-ਟਾਵੇਂ ਲੋਕ ਬਚਣਗੇ, ਇਹ ਵੀ ਹੋ ਸਕਦਾ ਕਿ ਕੋਈ ਬਚੇ ਹੀ ਨਾ।
ਭਵਿੱਖ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਤੁਸੀਂ ਆਸ਼ਾਵਾਦੀ ਹੋ ਜਾਂ ਨਿਰਾਸ਼ਾਵਾਦੀ? ਜੇ ਤੁਸੀਂ ਆਸ਼ਾਵਾਦੀ ਹੋ, ਤਾਂ ਤੁਸੀਂ ਕਿਸ ਆਧਾਰ ਤੇ ਚੰਗੇ ਭਵਿੱਖ ਦੀ ਉਮੀਦ ਰੱਖਦੇ ਹੋ: ਕਿਤੇ ਤੁਸੀਂ ਹਵਾ ਵਿਚ ਮਹਿਲ ਤਾਂ ਨਹੀਂ ਖੜ੍ਹੇ ਕਰ ਰਹੇ ਜਾਂ ਕੀ ਤੁਹਾਡੇ ਵਿਸ਼ਵਾਸ ਦੀ ਕੋਈ ਪੱਕੀ ਬੁਨਿਆਦ ਹੈ?
ਕਿਆਮਤ ਦੇ ਪੈਗੰਬਰਾਂ ਦਾ ਕਹਿਣਾ ਹੈ ਕਿ ਮਨੁੱਖਜਾਤੀ ਤਬਾਹ ਹੋਣ ਵਾਲੀ ਹੈ। ਪਰ ਜਾਗਰੂਕ ਬਣੋ! ਰਸਾਲੇ ਦੇ ਪ੍ਰਕਾਸ਼ਕਾਂ ਦਾ ਇਹ ਵਿਸ਼ਵਾਸ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਉੱਤੇ ਇਹੋ ਜਿਹੇ ਵਧੀਆ ਹਾਲਾਤ ਹੋਣਗੇ ਜਿਨ੍ਹਾਂ ਦੀ ਅਸੀਂ ਸ਼ਾਇਦ ਕਲਪਨਾ ਵੀ ਨਾ ਕੀਤੀ ਹੋਵੇ। (g 1/06)
[ਸਫ਼ਾ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
U.S. Department of Energy photograph