Skip to content

Skip to table of contents

ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ?

ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ?

ਬਾ ਈਬਲ ਵਿਚ ਕਈ ਦੇਵੀ-ਦੇਵਤਿਆਂ ਦੇ ਨਾਂ ਪਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਹਨ ਮੋਲਕ, ਅਸ਼ਤਾਰੋਥ, ਬਆਲ, ਦਾਗੋਨ, ਮਰੋਦਾਕ, ਦਿਔਸ, ਹਰਮੇਸ ਅਤੇ ਅਰਤਿਮਿਸ। (ਲੇਵੀਆਂ 18:21; ਨਿਆਈਆਂ 2:13; 16:23; ਯਿਰਮਿਯਾਹ 50:2; ਰਸੂਲਾਂ ਦੇ ਕਰਤੱਬ 14:12; 19:24) ਪਰ ਬਾਈਬਲ ਵਿਚ ਸਿਰਫ਼ ਯਹੋਵਾਹ ਨੂੰ ਹੀ ਅੱਤ ਮਹਾਨ ਪਰਮੇਸ਼ੁਰ ਕਿਹਾ ਗਿਆ ਹੈ। ਇਕ ਫਤਹਿ ਦੇ ਗੀਤ ਵਿਚ ਮੂਸਾ ਨੇ ਗਾਇਆ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ?”—ਕੂਚ 15:11.

ਬਾਈਬਲ ਯਹੋਵਾਹ ਨੂੰ ਉਹ ਦਰਜਾ ਦਿੰਦੀ ਹੈ ਜੋ ਕਿਸੇ ਹੋਰ ਦੇਵੀ-ਦੇਵਤੇ ਨੂੰ ਨਹੀਂ ਦਿੱਤਾ ਜਾਂਦਾ। ਤਾਂ ਫਿਰ, ਉਨ੍ਹਾਂ ਦੇਵੀ-ਦੇਵਤਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਪੂਜਾ ਲੋਕ ਸਦੀਆਂ ਤੋਂ ਕਰਦੇ ਆਏ ਹਨ? ਕੀ ਇਹ ਅਣਗਿਣਤ ਦੇਵਤੇ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੇ ਅਧੀਨ ਹਨ?

ਇਨਸਾਨ ਦੇ ਮਨ ਦੀ ਕਲਪਨਾ

ਬਾਈਬਲ ਦੱਸਦੀ ਹੈ ਕਿ ਇਕੱਲਾ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। (ਜ਼ਬੂਰਾਂ ਦੀ ਪੋਥੀ 83:18; ਯੂਹੰਨਾ 17:3) ਨਬੀ ਯਸਾਯਾਹ ਨੇ ਯਹੋਵਾਹ ਪਰਮੇਸ਼ੁਰ ਦੇ ਇਹ ਸ਼ਬਦ ਦਰਜ ਕੀਤੇ: “ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ।”—ਯਸਾਯਾਹ 43:10, 11.

ਦੂਸਰੇ ਸਾਰੇ ਦੇਵੀ-ਦੇਵਤੇ ਯਹੋਵਾਹ ਤੋਂ ਸਿਰਫ਼ ਨੀਵੇਂ ਹੀ ਨਹੀਂ, ਬਲਕਿ ਉਹ ਹੋਂਦ ਵਿਚ ਹੀ ਨਹੀਂ ਹਨ। ਉਹ ਸਿਰਫ਼ ਇਨਸਾਨਾਂ ਦੇ ਮਨ ਦੀ ਕਲਪਨਾ ਹੀ ਹਨ। ਬਾਈਬਲ ਇਨ੍ਹਾਂ ਦੇਵਤਿਆਂ ਬਾਰੇ ਕਹਿੰਦੀ ਹੈ ਕਿ ਇਹ ‘ਆਦਮੀ ਦੇ ਹੱਥਾਂ ਦੇ ਬਣਾਏ ਹੋਏ ਹਨ ਜਿਹੜੇ ਨਾ ਵੇਖਦੇ, ਨਾ ਸੁਣਦੇ, ਨਾ ਖਾਂਦੇ, ਨਾ ਸੁੰਘਦੇ ਹਨ।’ (ਬਿਵਸਥਾ ਸਾਰ 4:28) ਬਾਈਬਲ ਸਾਫ਼-ਸਾਫ਼ ਸਿਖਾਉਂਦੀ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।

ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਵਿਚ ਯਹੋਵਾਹ ਤੋਂ ਇਲਾਵਾ ਹੋਰ ਕਿਸੇ ਵੀ ਦੇਵੀ-ਦੇਵਤੇ ਦੀ ਪੂਜਾ ਕਰਨ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਮਿਸਾਲ ਲਈ, ਮੂਸਾ ਨੂੰ ਦਿੱਤੇ ਗਏ ਦਸ ਹੁਕਮਾਂ ਵਿੱਚੋਂ ਪਹਿਲਾ ਇਹ ਸੀ ਕਿ ਇਸਰਾਏਲੀ ਦੂਸਰਿਆਂ ਦੇਵਤਿਆਂ ਦੀ ਪੂਜਾ ਨਾ ਕਰਨ। (ਕੂਚ 20:3) ਪਰ ਕਿਉਂ?

ਪਹਿਲੀ ਗੱਲ ਹੈ ਕਿ ਜੋ ਦੇਵੀ-ਦੇਵਤੇ ਹੋਂਦ ਵਿਚ ਹੀ ਨਹੀਂ ਹਨ, ਉਨ੍ਹਾਂ ਦੀ ਪੂਜਾ ਕਰ ਕੇ ਅਸੀਂ ਆਪਣੇ ਸ੍ਰਿਸ਼ਟੀਕਰਤਾ ਦਾ ਅਪਮਾਨ ਕਰਦੇ ਹਾਂ। ਝੂਠੇ ਦੇਵਤਿਆਂ ਦੇ ਪੁਜਾਰੀਆਂ ਬਾਰੇ ਬਾਈਬਲ ਕਹਿੰਦੀ ਹੈ: “ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ . . . ਨੂੰ ਛੱਡ ਕੇ ਸਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ।” (ਰੋਮੀਆਂ 1:25) ਅਕਸਰ ਇਨ੍ਹਾਂ ਕਾਲਪਨਿਕ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਬੁੱਤ ਅਜਿਹੀਆਂ ਚੀਜ਼ਾਂ ਦੇ ਬਣਾਏ ਜਾਂਦੇ ਹਨ ਜੋ ਕੁਦਰਤ ਵਿਚ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਧਾਤ ਅਤੇ ਲੱਕੜ। ਕਈ ਦੇਵੀ-ਦੇਵਤੇ ਕੁਦਰਤੀ ਚੀਜ਼ਾਂ ਨਾਲ ਸੰਬੰਧ ਰੱਖਦੇ ਹਨ ਜਿਵੇਂ ਕਿ ਬੱਦਲਾਂ ਦੀ ਗਰਜ ਨਾਲ, ਸਮੁੰਦਰ ਨਾਲ ਅਤੇ ਹਵਾ ਨਾਲ। ਅਸੀਂ ਅਜਿਹੇ ਬਣਾਉਟੀ ਤੇ ਝੂਠੇ ਦੇਵੀ-ਦੇਵਤਿਆਂ ਦਾ ਮਾਣ-ਸਨਮਾਨ ਕਰ ਕੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਅਪਮਾਨ ਕਰ ਰਹੇ ਹੋਵਾਂਗੇ।

ਸ੍ਰਿਸ਼ਟੀਕਰਤਾ ਦੀਆਂ ਨਜ਼ਰਾਂ ਵਿਚ ਇਹ ਸਭ ਝੂਠੇ ਦੇਵਤੇ ਤੇ ਇਨ੍ਹਾਂ ਦੀਆਂ ਮੂਰਤੀਆਂ ਘਿਣਾਉਣੀਆਂ ਹਨ। ਪਰ, ਪਰਮੇਸ਼ੁਰ ਦੇ ਗੁੱਸੇ ਭਰੇ ਸ਼ਬਦ ਖ਼ਾਸ ਕਰ ਕੇ ਉਨ੍ਹਾਂ ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੇ ਇਨ੍ਹਾਂ ਝੂਠੇ ਦੇਵਤਿਆਂ ਨੂੰ ਬਣਾਇਆ ਹੈ। ਯਹੋਵਾਹ ਪਰਮੇਸ਼ੁਰ ਨੇ ਆਪਣੇ ਜਜ਼ਬਾਤ ਇਨ੍ਹਾਂ ਸ਼ਬਦਾਂ ਰਾਹੀਂ ਜ਼ਾਹਰ ਕੀਤੇ: “ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ। ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਕੰਨ ਨਹੀਂ ਲਾਉਂਦੇ, ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ! ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ!”—ਜ਼ਬੂਰਾਂ ਦੀ ਪੋਥੀ 135:15-18.

ਇਕ ਹੋਰ ਕਾਰਨ ਵੀ ਹੈ ਜਿਸ ਕਰਕੇ ਬਾਈਬਲ ਸਾਨੂੰ ਯਹੋਵਾਹ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਪੂਜਾ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੰਦੀ ਹੈ। ਦੇਵੀ-ਦੇਵਤਿਆਂ ਦੀ ਪੂਜਾ ਕਰਨ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਨਬੀ ਯਸਾਯਾਹ ਨੇ ਕਿਹਾ ਸੀ: “ਕਿਸੇ ਧਾਤ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਨ ਨਾਲ ਕੋਈ ਲਾਭ ਨਹੀਂ ਹੈ।” (ਯਸਾਯਾਹ 44:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਇਹ ਵੀ ਕਹਿੰਦੀ ਹੈ ਕਿ “ਪਰਾਈਆਂ ਕੌਮਾਂ ਦੇ ਸਾਰੇ ਦੇਵਤੇ, ਵਿਅਰਥ ਹਨ।” (ਜ਼ਬੂਰ 96:5, ਈਜ਼ੀ ਟੂ ਰੀਡ ਵਰਯਨ) ਇਸ ਲਈ, ਜਿਨ੍ਹਾਂ ਦੇਵੀ-ਦੇਵਤਿਆਂ ਦਾ ਵਜੂਦ ਹੀ ਨਹੀਂ ਹੈ, ਉਨ੍ਹਾਂ ਦੀ ਪੂਜਾ ਕਰਨੀ ਵਿਅਰਥ ਹੈ।

ਯਿਸੂ, ਫ਼ਰਿਸ਼ਤੇ ਅਤੇ ਸ਼ਤਾਨ

ਕਿਤੇ-ਕਿਤੇ ਬਾਈਬਲ ਵਿਚ ਵਿਅਕਤੀਆਂ ਨੂੰ ਵੀ ਪਰਮੇਸ਼ੁਰ ਜਾਂ ਈਸ਼ਵਰ ਕਿਹਾ ਗਿਆ ਹੈ। ਪਰ, ਬਾਈਬਲ ਦੀ ਮੁਢਲੀ ਭਾਸ਼ਾ ਵਿਚ ਇਨ੍ਹਾਂ ਥਾਵਾਂ ਤੇ ਸ਼ਬਦ “ਪਰਮੇਸ਼ੁਰ” ਜਾਂ ਈਸ਼ਵਰ ਕਿਸੇ ਸ਼ਕਤੀਸ਼ਾਲੀ ਵਿਅਕਤੀ ਲਈ ਵਰਤਿਆ ਗਿਆ ਸੀ ਜਾਂ ਅਜਿਹੇ ਸ਼ਖ਼ਸ ਲਈ ਜੋ ਪਰਮੇਸ਼ੁਰ ਵਰਗਾ ਹੈ ਜਾਂ ਉਸ ਨਾਲ ਨਜ਼ਦੀਕੀ ਸੰਬੰਧ ਰੱਖਦਾ ਹੈ। ਇਸ ਸ਼ਬਦ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਵਿਅਕਤੀਆਂ ਨੂੰ ਪਰਮੇਸ਼ੁਰ ਦਾ ਅਹੁਦਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਇਨ੍ਹਾਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ।

ਮਿਸਾਲ ਲਈ, ਬਾਈਬਲ ਦੇ ਕੁਝ ਹਵਾਲਿਆਂ ਤੋਂ ਲੱਗਦਾ ਹੈ ਕਿ ਯਿਸੂ ਮਸੀਹ ਪਰਮੇਸ਼ੁਰ ਹੈ। (ਯਸਾਯਾਹ 9:6, 7; ਯੂਹੰਨਾ 1:1, 18) ਤਾਂ ਫਿਰ, ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਉਸ ਦੀ ਪੂਜਾ ਕਰਨੀ ਚਾਹੀਦੀ ਹੈ? ਨਹੀਂ! ਯਿਸੂ ਨੇ ਖ਼ੁਦ ਕਿਹਾ ਸੀ: “ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਲੂਕਾ 4:8) ਭਾਵੇਂ ਯਿਸੂ ਸ਼ਕਤੀਸ਼ਾਲੀ ਤੇ ਪਰਮੇਸ਼ੁਰ ਵਰਗਾ ਹੈ, ਪਰ ਬਾਈਬਲ ਵਿਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਸਾਨੂੰ ਉਸ ਦੀ ਪੂਜਾ ਕਰਨੀ ਚਾਹੀਦੀ ਹੈ।

ਬਾਈਬਲ ਵਿਚ ਫ਼ਰਿਸ਼ਤਿਆਂ ਨੂੰ ਵੀ “ਪਰਮੇਸ਼ੁਰ” ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 8:5; ਇਬਰਾਨੀਆਂ 2:7) ਲੇਕਿਨ, ਬਾਈਬਲ ਵਿਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਫ਼ਰਿਸ਼ਤਿਆਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਦਰਅਸਲ, ਇਕ ਵਾਰ ਯੂਹੰਨਾ ਰਸੂਲ ਇਕ ਫ਼ਰਿਸ਼ਤੇ ਨੂੰ ਦੇਖ ਕੇ ਇੰਨਾ ਘਬਰਾ ਗਿਆ ਕਿ ਉਹ ਉਸ ਦੇ ਪੈਰਾਂ ਵਿਚ ਡਿੱਗ ਪਿਆ। ਪਰ, ਫ਼ਰਿਸ਼ਤੇ ਨੇ ਕਿਹਾ: “ਇਉਂ ਨਾ ਕਰ! . . . ਪਰਮੇਸ਼ੁਰ ਨੂੰ ਮੱਥਾ ਟੇਕ!”—ਪਰਕਾਸ਼ ਦੀ ਪੋਥੀ 19:10.

ਪੌਲੁਸ ਰਸੂਲ ਨੇ ਸ਼ਤਾਨ ਨੂੰ ‘ਇਸ ਜੁੱਗ ਦਾ ਈਸ਼ੁਰ’ ਕਿਹਾ ਸੀ। (2 ਕੁਰਿੰਥੀਆਂ 4:4) “ਇਸ ਜਗਤ ਦਾ ਸਰਦਾਰ” ਹੋਣ ਤੇ ਨਾਤੇ ਸ਼ਤਾਨ ਨੇ ਅਣਗਿਣਤ ਦੇਵੀ-ਦੇਵਤਿਆਂ ਦੀ ਪੂਜਾ ਨੂੰ ਅੱਗੇ ਵਧਾਇਆ ਹੈ। (ਯੂਹੰਨਾ 12:31) ਇਸ ਲਈ, ਇਨਸਾਨਾਂ ਦੇ ਬਣਾਏ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਅਸਲ ਵਿਚ ਸ਼ਤਾਨ ਦੀ ਪੂਜਾ ਕਰਨੀ ਹੈ। ਪਰ ਸ਼ਤਾਨ ਸਾਡੀ ਉਪਾਸਨਾ ਦਾ ਹੱਕਦਾਰ ਨਹੀਂ ਹੈ। ਉਹ ਤਾਂ ਧੱਕੇ ਨਾਲ ਰਾਜਾ ਬਣੀ ਬੈਠਾ ਹੈ। ਲੇਕਿਨ, ਬਹੁਤ ਜਲਦ ਉਸ ਦਾ ਅਤੇ ਝੂਠੇ ਧਰਮਾਂ ਦਾ ਅੰਤ ਕੀਤਾ ਜਾਵੇਗਾ। ਉਸ ਸਮੇਂ ਸਾਰੀ ਸ੍ਰਿਸ਼ਟੀ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਨੂੰ ਸੱਚਾ ਅਤੇ ਜੀਉਂਦਾ ਪਰਮੇਸ਼ੁਰ ਮੰਨੇਗੀ।—ਯਿਰਮਿਯਾਹ 10:10. (g 2/06)

ਕੀ ਤੁਸੀਂ ਕਦੀ ਸੋਚਿਆ ਹੈ ਕਿ

◼ ਬਾਈਬਲ ਮੂਰਤੀ-ਪੂਜਾ ਬਾਰੇ ਕੀ ਸਿਖਾਉਂਦੀ ਹੈ?—ਜ਼ਬੂਰਾਂ ਦੀ ਪੋਥੀ 135:15-18.

◼ ਕੀ ਯਿਸੂ ਅਤੇ ਫ਼ਰਿਸ਼ਤਿਆਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ?—ਲੂਕਾ 4:8.

◼ ਸੱਚਾ ਪਰਮੇਸ਼ੁਰ ਕੌਣ ਹੈ?—ਯੂਹੰਨਾ 17:3.

[ਸਫ਼ੇ 14, 15 ਉੱਤੇ ਤਸਵੀਰਾਂ]

ਖੱਬੇ ਤੋਂ ਸੱਜੇ ਮੂਰਤੀਆਂ: ਮਰਿਯਮ, ਇਟਲੀ; ਮਾਇਆ ਮੇਜ਼ ਦੇਵ, ਮੈਕਸੀਕੋ ਅਤੇ ਕੇਂਦਰੀ ਅਮਰੀਕਾ; ਅਸ਼ਤਾਰੋਥ, ਕਨਾਨ; ਜਾਦੂਈ ਸ਼ਕਤੀ ਰੱਖਣ ਵਾਲੀ ਇਕ ਮੂਰਤੀ, ਸੀਅਰਾ ਲਿਓਨ; ਬੁੱਧਾ, ਜਪਾਨ; ਚੀਕੋਮਕੋਔਟਲ, ਐਜ਼ਟੈਕ, ਮੈਕਸੀਕੋ; ਹੋਰਸ ਬਾਜ਼, ਮਿਸਰ; ਜ਼ੂਸ, ਯੂਨਾਨ

[ਕ੍ਰੈਡਿਟ ਲਾਈਨ]

Maize god, Horus falcon, and Zeus: Photograph taken by courtesy of the British Museum