ਗੁਲਾਬੀ ਝੀਲ?
ਗੁਲਾਬੀ ਝੀਲ?
ਸੈਨੇਗਾਲ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਕੀ ਝੀਲ ਵੀ ਗੁਲਾਬੀ ਹੋ ਸਕਦੀ ਹੈ? ਰੈੱਟਬਾ ਝੀਲ ਨੂੰ ਗੁਲਾਬੀ ਝੀਲ ਕਿਹਾ ਜਾਂਦਾ ਹੈ। ਇਹ ਪੱਛਮੀ ਅਫ਼ਰੀਕਾ ਵਿਚ ਸੈਨੇਗਾਲ ਦੇ ਸ਼ਹਿਰ ਡਾਕਾਰ ਵਿਚ ਸਾਡੇ ਘਰ ਤੋਂ ਸਿਰਫ਼ 30 ਕਿਲੋਮੀਟਰ ਦੂਰ ਹੈ। ਇਸ ਲਈ ਅਸੀਂ ਇਸ ਝੀਲ ਨੂੰ ਦੇਖਣ ਦਾ ਮਨ ਬਣਾਇਆ। ਅਸੀਂ ਦੇਖਣਾ ਚਾਹੁੰਦੇ ਸਾਂ ਕਿ ਇਹ ਝੀਲ ਆਪਣੇ ਨਾਂ ਤੇ ਖਰੀ ਉੱਤਰਦੀ ਹੈ ਕਿ ਨਹੀਂ। ਉੱਥੇ ਪਹੁੰਚ ਕੇ ਅਸੀਂ ਝੀਲ ਦੇ ਪਾਣੀ ਨੂੰ ਧੁੱਪ ਵਿਚ ਚਮਚਮਾਉਂਦੇ ਦੇਖਿਆ। ਜੀ ਹਾਂ, ਇਹ ਆਪਣੇ ਨਾਂ ਅਨੁਸਾਰ ਗੁਲਾਬੀ ਭਾਹ ਮਾਰਦੀ ਹੈ। ਸਾਡੇ ਗਾਈਡ ਨੇ ਦੱਸਿਆ ਕਿ ਪਾਣੀ ਵਿਚਲੇ ਸੂਖਮ-ਜੀਵ ਸੂਰਜ ਦੀ ਰੌਸ਼ਨੀ ਨਾਲ ਪ੍ਰਤਿਕ੍ਰਿਆ ਕਰਦੇ ਹਨ ਜਿਸ ਨਾਲ ਇਹ ਸ਼ੋਖ ਰੰਗ ਪੈਦਾ ਹੁੰਦਾ ਹੈ। ਪਰ ਗੁਲਾਬੀ ਰੰਗ ਤੋਂ ਇਲਾਵਾ ਇਸ ਝੀਲ ਦੀ ਇਕ ਹੋਰ ਖੂਬੀ ਵੀ ਹੈ।
ਝੀਲ ਦੇ ਅੰਦਰ ਲੂਣ ਦੀ ਇਕ ਤਹਿ ਵਿਛੀ ਹੋਈ ਹੈ। ਪਾਣੀ ਇੰਨਾ ਖਾਰਾ ਹੈ ਕਿ ਤੁਸੀਂ ਬਿਨਾਂ ਹੱਥ-ਪੈਰ ਮਾਰੇ ਇਸ ਵਿਚ ਤੈਰ ਸਕਦੇ ਹੋ। ਅਸੀਂ ਕੁਝ ਸੈਲਾਨੀਆਂ ਨੂੰ ਤੈਰਦੇ ਹੋਏ ਦੇਖਿਆ।
ਇਹ ਗੁਲਾਬੀ ਝੀਲ ਸੈਂਕੜੇ ਲੋਕਾਂ ਦੀ ਆਮਦਨੀ ਦਾ ਸਾਧਨ ਹੈ—1. ਝੀਲ ਦੇ ਕੋਲ ਹੀ ਕੁਝ ਲੋਕ ਟਰੱਕਾਂ ਵਿਚ ਲੂਣ ਲੱਦ ਰਹੇ ਸਨ। ਅਸੀਂ ਕੁਝ ਦੇਰ ਰੁਕ ਕੇ ਉੱਥੇ ਲੋਕਾਂ ਨੂੰ ਝੀਲ ਵਿੱਚੋਂ ਲੂਣ ਕੱਢਦਿਆਂ ਦੇਖਿਆ। ਝੀਲ ਦਾ ਪਾਣੀ ਆਦਮੀਆਂ ਦੀ ਛਾਤੀ ਤਕ ਸੀ ਜੋ ਲੰਬੀਆਂ-ਲੰਬੀਆਂ ਗੈਂਤੀਆਂ ਨਾਲ ਝੀਲ ਅੰਦਰ ਲੂਣ ਦੀ ਤਹਿ ਤੋੜ ਰਹੇ ਸਨ। ਉਹ ਟੋਕਰੀਆਂ ਨਾਲ ਲੂਣ ਨੂੰ ਕਿਸ਼ਤੀਆਂ ਤੇ ਲੱਦ ਰਹੇ ਸਨ। ਇਕ ਆਦਮੀ ਨੇ ਦੱਸਿਆ ਕਿ ਇਕ ਟਨ ਲੂਣ ਕੱਢਣ ਵਿਚ ਤਿੰਨ ਘੰਟੇ ਲੱਗਦੇ ਹਨ। ਕਿਸ਼ਤੀਆਂ ਵਿਚ ਇੰਨਾ ਲੂਣ ਲੱਦਿਆ ਹੋਇਆ ਸੀ ਕਿ ਉਹ ਮਸਾਂ ਹੀ ਤੈਰ ਰਹੀਆਂ ਸਨ—2. ਜਦ ਕਿਸ਼ਤੀਆਂ ਕਿਨਾਰੇ ਤੇ ਪਹੁੰਚੀਆਂ, ਤਾਂ ਬਾਕੀ ਕੰਮ ਤੀਵੀਆਂ ਨੇ ਸੰਭਾਲ ਲਿਆ। ਉਨ੍ਹਾਂ ਨੇ ਬਾਲਟੀਆਂ ਵਿਚ ਲੂਣ ਨੂੰ ਆਪਣੇ ਸਿਰਾਂ ਤੇ ਢੋਣਾ ਸ਼ੁਰੂ ਕਰ ਦਿੱਤਾ—3. ਉਹ ਇਕ ਤੋਂ ਬਾਅਦ ਦੂਜੀ ਨੂੰ ਅੱਗੇ ਤੋਂ ਅੱਗੇ ਬਾਲਟੀਆਂ ਫੜਾਉਂਦੀਆਂ ਜਾਂਦੀਆਂ ਸਨ।
ਗੁਲਾਬੀ ਝੀਲ ਦਾ ਸਫ਼ਰ ਬਹੁਤ ਮਜ਼ੇਦਾਰ ਰਿਹਾ। ਧਰਤੀ ਨੂੰ ਸ਼ਿੰਗਾਰਨ ਵਾਲੇ ਬਹੁਤ ਸਾਰੇ ਅਜੂਬਿਆਂ ਵਿਚ ਗੁਲਾਬੀ ਝੀਲ ਵੀ ਇਕ ਅਜੂਬਾ ਹੈ ਜੋ ਯਹੋਵਾਹ ਵੱਲੋਂ ਇਨਸਾਨਾਂ ਨੂੰ ਬੇਸ਼ਕੀਮਤੀ ਤੋਹਫ਼ਾ ਹੈ।—ਜ਼ਬੂਰਾਂ ਦੀ ਪੋਥੀ 115:16. (g05 9/22)
[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photo by Jacques CLEMENT, Clichy, FRANCE at http://community.webshots.com/user/pfjc