Skip to content

Skip to table of contents

ਟੇਮਜ਼ ਦਰਿਆ ਇੰਗਲੈਂਡ ਦੀ ਅਨਮੋਲ ਵਿਰਾਸਤ

ਟੇਮਜ਼ ਦਰਿਆ ਇੰਗਲੈਂਡ ਦੀ ਅਨਮੋਲ ਵਿਰਾਸਤ

ਟੇਮਜ਼ ਦਰਿਆ ਇੰਗਲੈਂਡ ਦੀ ਅਨਮੋਲ ਵਿਰਾਸਤ

ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਦੱਖਣੀ-ਕੇਂਦਰੀ ਇੰਗਲੈਂਡ ਵਿਚ ਕਾਟਸਵੌਲਡ ਨਾਂ ਦੀਆਂ ਪਹਾੜੀਆਂ ਬਹੁਤ ਮਨਭਾਉਣੀਆਂ ਹਨ। ਇੱਥੇ ਚਾਰ ਪਹਾੜੀ ਚਸ਼ਮਿਆਂ ਦਾ ਸੰਗਮ ਹੁੰਦਾ ਹੈ ਜਿਸ ਤੋਂ ਟੇਮਜ਼ ਦਰਿਆ ਵਹਿਣਾ ਸ਼ੁਰੂ ਹੁੰਦਾ ਹੈ। ਇਹ ਦਰਿਆ ਵਿੰਗਵਲਾਵੇਂ ਖਾਂਦਾ ਹੋਇਆ ਪੂਰਬ ਵੱਲ 350 ਕਿਲੋਮੀਟਰ ਵਹਿੰਦਾ ਹੈ ਤੇ ਇਸ ਵਿਚ ਹੋਰ ਦਰਿਆ ਵੀ ਆ ਮਿਲਦੇ ਹਨ। ਅਖ਼ੀਰ ਵਿਚ ਇਹ 29 ਕਿਲੋਮੀਟਰ ਚੌੜੇ ਨਦੀ ਮੁਹਾਣੇ ਰਾਹੀਂ ਉੱਤਰੀ ਸਾਗਰ ਵਿਚ ਜਾ ਮਿਲਦਾ ਹੈ। ਆਓ ਆਪਾਂ ਦੇਖੀਏ ਕਿ ਬਰਤਾਨਵੀ ਇਤਿਹਾਸ ਉੱਤੇ ਇਸ ਛੋਟੇ ਦਰਿਆ ਦਾ ਕੀ ਅਸਰ ਪਿਆ।

ਲ ਗਭਗ 55 ਈਸਵੀ ਪੂਰਵ ਵਿਚ ਰੋਮੀ ਸ਼ਾਸਕ ਜੂਲੀਅਸ ਕੈਸਰ ਨੇ ਇੰਗਲੈਂਡ ਉੱਤੇ ਪਹਿਲੀ ਚੜ੍ਹਾਈ ਕੀਤੀ ਸੀ। ਜਦੋਂ ਉਹ ਅਗਲੇ ਸਾਲ ਦੂਸਰੀ ਵਾਰ ਇੰਗਲੈਂਡ ਆਇਆ, ਤਾਂ ਉਸ ਨੂੰ ਇਕ ਦਰਿਆ ਕਰਕੇ ਅੱਗੇ ਵਧਣ ਵਿਚ ਰੁਕਾਵਟ ਆਈ। ਉਸ ਨੇ ਇਸ ਦਰਿਆ ਨੂੰ ਟਾਮੈਸਿੱਸ ਕਿਹਾ ਜਿਸ ਨੂੰ ਅਸੀਂ ਅੱਜ ਟੇਮਜ਼ ਦੇ ਨਾਂ ਤੋਂ ਜਾਣਦੇ ਹਾਂ। ਫਿਰ 90 ਸਾਲਾਂ ਬਾਅਦ ਰੋਮੀ ਸਮਰਾਟ ਕਲੋਡਿਅਸ ਨੇ ਆ ਕੇ ਇਸ ਦੇਸ਼ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਕਰ ਲਿਆ।

ਉਸ ਸਮੇਂ ਟੇਮਜ਼ ਦਰਿਆ ਦੇ ਆਲੇ-ਦੁਆਲੇ ਦੀ ਜ਼ਮੀਨ ਦਲਦਲੀ ਹੁੰਦੀ ਸੀ ਤੇ ਇਹ ਦਲਦਲ ਦਰਿਆ ਦੇ ਮੁਹਾਣੇ ਤੋਂ 50 ਕਿਲੋਮੀਟਰ ਦੂਰ ਤਕ ਫੈਲੀ ਹੋਈ ਸੀ ਜਿੱਥੇ ਸਮੁੰਦਰ ਦਾ ਪਾਣੀ ਦਰਿਆ ਵਿਚ ਆ ਕੇ ਮਿਲਦਾ ਸੀ। ਪਰ ਜਿੱਥੇ ਦਲਦਲੀ ਜ਼ਮੀਨ ਖ਼ਤਮ ਹੁੰਦੀ ਸੀ, ਉੱਥੇ ਰੋਮੀ ਫ਼ੌਜਾਂ ਨੇ ਲੱਕੜ ਦਾ ਇਕ ਪੁਲ ਬਣਾਇਆ। ਉੱਥੇ ਉਨ੍ਹਾਂ ਨੇ ਦਰਿਆ ਦੇ ਉੱਤਰੀ ਕਿਨਾਰੇ ਤੇ ਇਕ ਬੰਦਰਗਾਹ ਬਣਾਈ ਜਿਸ ਨੂੰ ਉਨ੍ਹਾਂ ਨੇ ਲੌਂਡੈਨਿਅਮ ਨਾਂ ਦਿੱਤਾ। *

ਅਗਲੀਆਂ ਚਾਰ ਸਦੀਆਂ ਦੌਰਾਨ ਰੋਮੀ ਲੋਕ ਯੂਰਪ ਦੇ ਦੂਸਰੇ ਦੇਸ਼ਾਂ ਨਾਲ ਵਣਜ-ਵਪਾਰ ਕਰਨ ਲੱਗ ਪਏ। ਉਨ੍ਹਾਂ ਨੇ ਭੂਮੱਧ ਸਾਗਰ ਦੁਆਲੇ ਦੇ ਦੇਸ਼ਾਂ ਤੋਂ ਸੁੱਖ-ਸਾਧਨ ਦੀਆਂ ਅਨੇਕਾਂ ਵਧੀਆ-ਵਧੀਆ ਚੀਜ਼ਾਂ ਮੰਗਵਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਲੇਬਨਾਨ ਤੋਂ ਇਮਾਰਤੀ ਲੱਕੜ ਵੀ ਮੰਗਵਾਈ। ਉਹ ਟੇਮਜ਼ ਦਰਿਆ ਦੁਆਰਾ ਇੰਗਲੈਂਡ ਦੇ ਹੋਰਨਾਂ ਹਿੱਸਿਆਂ ਤੋਂ ਵੀ ਲੰਡਨ ਵਿਚ ਮਾਲ ਢੋਣ ਲੱਗ ਪਏ। ਫਿਰ ਇਸ ਸ਼ਹਿਰ ਦੇ ਗੱਭਿਓਂ ਸ਼ੁਰੂ ਹੋਣ ਵਾਲੀਆਂ ਵੱਡੀਆਂ ਸੜਕਾਂ ਸਦਕਾ ਇਹ ਇਲਾਕਾ ਵਣਜ-ਵਪਾਰ ਦਾ ਮੁੱਖ ਕੇਂਦਰ ਬਣ ਗਿਆ।

ਬਾਦਸ਼ਾਹ ਵਿਲਿਅਮ ਪਹਿਲੇ ਦਾ ਪ੍ਰਭਾਵ

ਰੋਮੀ ਸਾਮਰਾਜ ਖ਼ਤਮ ਹੋਣ ਤੇ 410 ਈਸਵੀ ਵਿਚ ਰੋਮੀ ਫ਼ੌਜਾਂ ਬਰਤਾਨੀਆ ਛੱਡ ਗਈਆਂ। ਲੰਡਨ ਅਣਗੌਲਿਆਂ ਹੋ ਗਿਆ ਤੇ ਸੁਭਾਵਕ ਹੀ ਇਸ ਨਾਲ ਟੇਮਜ਼ ਦਰਿਆ ਤੇ ਵਪਾਰ ਘੱਟ ਗਿਆ। ਲੰਡਨ ਤੋਂ 19 ਕਿਲੋਮੀਟਰ ਉੱਤਰ ਵੱਲ ਕਿੰਗਸਟਨ ਨਾਂ ਦੀ ਇਕ ਜਗ੍ਹਾ ਹੈ ਜਿੱਥੇ ਟੇਮਜ਼ ਸੌਖਿਆਂ ਹੀ ਪਾਰ ਕੀਤਾ ਜਾ ਸਕਦਾ ਸੀ। ਇਸ ਜਗ੍ਹਾ ਐਂਗਲੋ-ਸੈਕਸਨ ਰਾਜਿਆਂ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ। ਪਰ 11ਵੀਂ ਸਦੀ ਵਿਚ ਨੋਰਮੰਡੀ ਦੇ ਵਿਲਿਅਮ ਪਹਿਲੇ ਨੇ ਇੰਗਲੈਂਡ ਉੱਤੇ ਚੜ੍ਹਾਈ ਕੀਤੀ। ਸੰਨ 1066 ਵਿਚ ਵੈਸਟਮਿੰਸਟਰ ਵਿਚ ਆਪਣੀ ਤਾਜਪੋਸ਼ੀ ਤੋਂ ਬਾਅਦ ਉਸ ਨੇ ਲੰਡਨ ਸ਼ਹਿਰ ਦੀਆਂ ਦੀਵਾਰਾਂ ਦੇ ਅੰਦਰ ਟਾਵਰ ਆਫ਼ ਲੰਡਨ ਬਣਾਇਆ ਤਾਂਕਿ ਵਪਾਰ, ਵਪਾਰੀਆਂ ਅਤੇ ਬੰਦਰਗਾਹ ਉੱਤੇ ਉਸ ਦਾ ਕੰਟ੍ਰੋਲ ਰਹੇ। ਇਵੇਂ ਲੰਡਨ ਦੇ ਵਣਜ-ਵਪਾਰ ਵਿਚ ਨਵੇਂ ਸਿਰਿਓਂ ਜਾਨ ਪਈ ਅਤੇ ਸ਼ਹਿਰ ਦੀ ਆਬਾਦੀ ਤਕਰੀਬਨ 30,000 ਹੋ ਗਈ।

ਵਿਲਿਅਮ ਪਹਿਲੇ ਨੇ 35 ਕੁ ਕਿਲੋਮੀਟਰ ਦੂਰ ਲੰਡਨ ਦੇ ਪੱਛਮ ਵਿਚ ਇਕ ਕਿਲਾ ਬਣਾਇਆ। ਇਸ ਨੂੰ ਅੱਜ ਵਿੰਡਸਰ ਕਾਸਲ ਕਿਹਾ ਜਾਂਦਾ ਹੈ। ਇਸ ਥਾਂ ਤੇ ਪਹਿਲਾਂ ਇਕ ਸ਼ਾਹੀ ਸੈਕਸਨ ਮਹਿਲ ਹੁੰਦਾ ਸੀ। ਤੁਸੀਂ ਇਸ ਕਿਲੇ ਤੋਂ ਟੇਮਜ਼ ਦਰਿਆ ਦਾ ਦਿਲਕਸ਼ ਨਜ਼ਾਰਾ ਦੇਖ ਸਕਦੇ ਹੋ। ਇਸ ਦੇ ਬਣਾਏ ਜਾਣ ਤੋਂ ਬਾਅਦ ਕਈ ਵਾਰ ਇਸ ਵਿਚ ਹੋਰ ਕਈ ਹਿੱਸੇ ਜੋੜੇ ਗਏ। ਬਰਤਾਨੀਆ ਵਿਚ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।

ਸੰਨ 1209 ਈਸਵੀ ਵਿਚ ਲੰਡਨ ਵਿਚ ਟੇਮਜ਼ ਉੱਪਰ ਪੱਥਰ ਦਾ ਇਕ ਪੁਲ ਬਣਾਇਆ ਗਿਆ ਜਿਸ ਨੂੰ ਬਣਾਉਣ ਵਿਚ 30 ਸਾਲ ਲੱਗੇ। ਯੂਰਪ ਵਿਚ ਇਸ ਪ੍ਰਕਾਰ ਦਾ ਇਹ ਸਭ ਤੋਂ ਪਹਿਲਾ ਪੁਲ ਸੀ। ਇਸ ਅਨੋਖੇ ਪੁਲ ਉੱਤੇ ਦੁਕਾਨਾਂ, ਘਰ ਤੇ ਇੱਥੋਂ ਤਕ ਇਕ ਚਰਚ ਵੀ ਬਣਾਇਆ ਗਿਆ ਸੀ। ਇਸ ਪੁਲ ਦੇ ਦੋਵੇਂ ਹਿੱਸੇ ਉੱਪਰ ਨੂੰ ਚੁੱਕ ਕੇ ਖੋਲ੍ਹੇ ਜਾ ਸਕਦੇ ਸਨ ਤੇ ਪੁਲ ਦੇ ਦੱਖਣੀ ਪਾਸੇ ਤੇ ਸਦੱਕ ਨਾਂ ਦੇ ਇਲਾਕੇ ਦੇ ਬਚਾਅ ਲਈ ਇਕ ਮੀਨਾਰ ਵੀ ਬਣਾਇਆ ਗਿਆ ਹੈ।

ਇੰਗਲੈਂਡ ਦੇ ਬਾਦਸ਼ਾਹ ਜੌਨ (1167-1216) ਨੇ 1215 ਈਸਵੀ ਵਿਚ ਵਿੰਡਸਰ ਦੇ ਲਾਗੇ ਟੇਮਜ਼ ਉੱਤੇ ਰਨੀਮੀਡ ਸ਼ਹਿਰ ਵਿਚ ਹੀ ਮਸ਼ਹੂਰ ਮੈਗਨਾ ਕਾਰਟਾ ਉੱਤੇ ਆਪਣੀ ਮੁਹਰ ਲਗਾਈ ਸੀ। ਇਹ ਮੁਹਰ ਲਗਾ ਕੇ ਉਸ ਨੂੰ ਨਾ ਸਿਰਫ਼ ਅੰਗ੍ਰੇਜ਼ਾਂ ਨੂੰ ਨਾਗਰਿਕ ਹੱਕ ਹੀ ਦੇਣੇ ਪਏ, ਸਗੋਂ ਉਸ ਨੂੰ ਖ਼ਾਸ ਤੌਰ ਤੇ ਲੰਡਨ ਸ਼ਹਿਰ ਨੂੰ ਆਜ਼ਾਦੀ ਅਤੇ ਇਸ ਦੀ ਬੰਦਰਗਾਹ ਅਤੇ ਵਪਾਰੀਆਂ ਨੂੰ ਕਾਰੋਬਾਰ ਕਰਨ ਦੀ ਆਜ਼ਾਦੀ ਵੀ ਦੇਣੀ ਪਈ।

ਕਮਾਈ ਦਾ ਸਾਧਨ

ਬਾਅਦ ਦੀਆਂ ਕਈ ਸਦੀਆਂ ਦੌਰਾਨ ਟੇਮਜ਼ ਸਦਕਾ ਵਪਾਰ ਤੋਂ ਬਹੁਤ ਕਮਾਈ ਹੋਣ ਲੱਗ ਪਈ। ਸਮੇਂ ਦੇ ਬੀਤਣ ਨਾਲ ਦਰਿਆ ਉੱਤੇ ਆਵਾਜਾਈ ਹੱਦੋਂ ਵਧ ਗਈ। ਇਸ ਤੋਂ ਦੋ ਸਦੀਆਂ ਪਹਿਲਾਂ, ਟੇਮਜ਼ ਦਰਿਆ ਦੀਆਂ ਬੰਦਰਗਾਹਾਂ ਤੇ ਸਿਰਫ਼ 600 ਜਹਾਜ਼ ਖੜ੍ਹੇ ਕਰਨ ਦੀ ਜਗ੍ਹਾ ਸੀ, ਪਰ ਕਦੀ-ਕਦੀ ਉੱਥੇ 1,775 ਜਹਾਜ਼ ਆਪਣਾ ਮਾਲ ਉਤਾਰਨ ਲਈ ਠਹਿਰੇ ਹੋਏ ਦੇਖੇ ਜਾਂਦੇ ਸਨ। ਇਸ ਭੀੜ-ਭੜੱਕੇ ਕਾਰਨ ਬਹੁਤ ਚੋਰੀਆਂ ਹੋਣ ਲੱਗ ਪਈਆਂ। ਚੋਰ ਰਾਤ ਨੂੰ ਜਹਾਜ਼ਾਂ ਨਾਲੋਂ ਸੰਗਲ ਕੱਟ ਦਿੰਦੇ ਸਨ ਅਤੇ ਉਨ੍ਹਾਂ ਵਿੱਚੋਂ ਲੁੱਟਿਆ ਮਾਲ ਛੋਟੀਆਂ ਕਿਸ਼ਤੀਆਂ ਵਿਚ ਸਮਗਲ ਕਰ ਲੈਂਦੇ ਸਨ। ਇਹ ਉਨ੍ਹਾਂ ਨੇ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਸੀ। ਇਹ ਸਮੱਸਿਆ ਹੱਲ ਕਰਨ ਲਈ ਲੰਡਨ ਨੇ ਸੰਸਾਰ ਵਿਚ ਸਭ ਤੋਂ ਪਹਿਲੀ ਦਰਿਆ-ਪੁਲਿਸ ਸਥਾਪਿਤ ਕੀਤੀ। ਇਹ ਪੁਲਿਸ ਹਾਲੇ ਵੀ ਬੰਦਰਗਾਹਾਂ ਦੀ ਰਾਖੀ ਕਰਦੀ ਹੈ।

ਬੰਦਰਗਾਹਾਂ ਉੱਤੇ ਸਹੂਲਤਾਂ ਵਧਾਉਣ ਦੀ ਵੀ ਲੋੜ ਸੀ। ਇਸ ਲਈ 19ਵੀਂ ਸਦੀ ਦੌਰਾਨ ਬਰਤਾਨਵੀ ਪਾਰਲੀਮੈਂਟ ਦੇ ਮੈਂਬਰਾਂ ਨੇ ਦਰਿਆ ਦੇ ਦੋਵੇਂ ਪਾਸਿਆਂ ਤੇ ਨੀਵੀਂ ਜ਼ਮੀਨ ਉੱਤੇ ਘਾਟਾਂ ਬਣਾਉਣ ਦਾ ਫ਼ੈਸਲਾ ਕੀਤਾ ਜਿੱਥੇ ਕਿਸ਼ਤੀਆਂ ਜਾਂ ਜਹਾਜ਼ਾਂ ਵਿਚ ਸਾਮਾਨ ਲਾਹਿਆ ਜਾਂ ਲੱਦਿਆ ਜਾਂਦਾ ਹੈ। ਘਾਟਾਂ ਦੁਆਲੇ ਵਾੜਾਂ ਲਗਾਉਣ ਦਾ ਸੰਸਾਰ ਵਿਚ ਸਭ ਤੋਂ ਵੱਡਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸ਼ੁਰੂ-ਸ਼ੁਰੂ ਵਿਚ ਸਰੀ ਕਮਰਸ਼ੀਅਲ ਘਾਟ, ਲੰਡਨ ਘਾਟ, ਤੇ ਵੈਸਟ ਅਤੇ ਈਸਟ ਇੰਡੀਆ ਘਾਟ ਸਭ ਤੋਂ ਪਹਿਲਾਂ ਬਣਾਏ ਗਏ। ਇਨ੍ਹਾਂ ਤੋਂ ਬਾਅਦ 1855 ਵਿਚ ਰਾਇਲ ਵਿਕਟੋਰੀਆ ਘਾਟ ਤੇ 1880 ਵਿਚ ਰਾਇਲ ਆਲਬਰਟ ਘਾਟ ਪੂਰਾ ਕੀਤਾ ਗਿਆ। ਦੁਨੀਆਂ ਵਿਚ ਇੰਨੇ ਘਾਟ ਹੋਰ ਕਿਤੇ ਵੀ ਨਹੀਂ ਸਨ।

ਪਿਤਾ-ਪੁੱਤਰ, ਮਾਰਕ ਅਤੇ ਇਸੰਬਾਰਡ ਕੇ. ਬਰੂਨੈਲ ਦੋ ਇੰਜੀਨੀਅਰ ਸਨ ਜਿਨ੍ਹਾਂ ਨੇ 1840 ਵਿਚ ਪਾਣੀ ਹੇਠ ਸੰਸਾਰ ਦੀ ਸਭ ਤੋਂ ਪਹਿਲੀ ਸੁਰੰਗ ਬਣਾ ਕੇ ਟੇਮਜ਼ ਦੇ ਦੋ ਕਿਨਾਰਿਆਂ ਨੂੰ ਇਕ-ਦੂਜੇ ਨਾਲ ਜੋੜਿਆ। ਇਹ ਸੁਰੰਗ 459 ਮੀਟਰ ਲੰਬੀ ਹੈ ਤੇ ਹੁਣ ਇਹ ਲੰਡਨ ਦੇ ਬਾਹਰਲੇ ਇਲਾਕਿਆਂ ਲਈ ਜ਼ਮੀਨਦੋਜ਼ ਰੇਲਵੇ ਦਾ ਹਿੱਸਾ ਹੈ। ਸੰਨ 1894 ਵਿਚ ਟਾਵਰ ਬ੍ਰਿਜ ਦਾ ਕੰਮ ਪੂਰਾ ਹੋਇਆ ਜਿਸ ਨੂੰ ਅੱਜ-ਕੱਲ੍ਹ ਬਹੁਤ ਸੈਲਾਨੀ ਦੇਖਣ ਆਉਂਦੇ ਹਨ। ਪੁਲ ਦੇ ਦੋਵੇਂ ਹਿੱਸੇ ਖੋਲ੍ਹਣ ਤੇ ਇਸ ਦੇ ਦੋਹਾਂ ਮੀਨਾਰਾਂ ਵਿਚਾਲਿਓਂ ਵੱਡੇ-ਵੱਡੇ ਜਹਾਜ਼ਾਂ ਦੇ ਲੰਘਣ ਲਈ 76 ਮੀਟਰ ਚੌੜਾ ਰਾਹ ਬਣ ਜਾਂਦਾ ਹੈ। ਜੇ ਤੁਸੀਂ 300 ਪੌੜੀਆਂ ਚੜ੍ਹਨ ਲਈ ਤਿਆਰ ਹੋ, ਤਾਂ ਤੁਸੀਂ ਬ੍ਰਿਜ ਦੇ ਉੱਪਰਲੇ ਲਾਂਘੇ ਤੇ ਪਹੁੰਚ ਕੇ ਦਰਿਆ ਦੇ ਸ਼ਾਨਦਾਰ ਨਜ਼ਾਰੇ ਦੇਖ ਸਕਦੇ ਹੋ।

ਵੀਹਵੀਂ ਸਦੀ ਤਕ ਭਾਫ਼ ਨਾਲ ਚੱਲਣ ਵਾਲੇ ਵੱਡੇ-ਵੱਡੇ ਸਮੁੰਦਰੀ ਜਹਾਜ਼ਾਂ ਦੇ ਆਉਣ-ਜਾਣ ਲਈ ਲੰਡਨ ਦੇ ਘਾਟਾਂ ਉੱਤੇ ਚੰਗੇ ਪ੍ਰਬੰਧ ਕੀਤੇ ਜਾ ਚੁੱਕੇ ਸਨ ਅਤੇ ਸ਼ਹਿਰ ਵਿਚ ਬਣਾਏ ਮਾਲ ਦੀ ਢੋਆ-ਢੁਆਈ ਕਰਨੀ ਸੌਖੀ ਹੋ ਗਈ। ਸੰਨ 1921 ਵਿਚ ਅਖ਼ੀਰਲਾ ਘਾਟ, ਜਿਸ ਨੂੰ ਕਿੰਗ ਜਾਰਜ ਪੰਜਵੇਂ ਦਾ ਨਾਂ ਦਿੱਤਾ ਗਿਆ, ਪੂਰਾ ਹੋਣ ਤਕ ਲੰਡਨ ਦੀ “ਬੰਦਰਗਾਹ ਸੰਸਾਰ ਦੀ ਸਭ ਤੋਂ ਵੱਡੀ ਤੇ ਧਨੀ ਬੰਦਰਗਾਹ ਬਣ ਗਈ ਸੀ।”

ਮਹਿਲਾਂ, ਸ਼ਾਹੀ ਘਰਾਣੇ ਅਤੇ ਸਮਾਰੋਹਾਂ ਦੀ ਥਾਂ—ਟੇਮਜ਼

ਲੰਡਨ ਦੇ ਵਿਕਾਸ ਦੌਰਾਨ ਸ਼ਹਿਰ ਦੀਆਂ ਸੜਕਾਂ ਕੱਚੀਆਂ ਹੀ ਰਹੀਆਂ ਜਿਸ ਕਰਕੇ ਸਰਦੀਆਂ ਵਿਚ ਅਕਸਰ ਇਨ੍ਹਾਂ ਉੱਤੋਂ ਦੀ ਲੰਘਣਾ ਮੁਸ਼ਕਲ ਹੁੰਦਾ ਸੀ। ਇਸ ਲਈ ਸਫ਼ਰ ਕਰਨ ਵਾਸਤੇ ਸਭ ਤੋਂ ਤੇਜ਼ ਤੇ ਸੌਖਾ ਜ਼ਰੀਆ ਟੇਮਜ਼ ਦਰਿਆ ਹੀ ਸੀ ਜਿਸ ਕਰਕੇ ਆਵਾਜਾਈ ਬੇਹੱਦ ਵਧ ਗਈ। ਪੁਰਾਣੇ ਸਮਿਆਂ ਵਿਚ ਮਲਾਹ ਦਰਿਆ ਦੇ ਕਿਨਾਰਿਆਂ ਤੇ ਬਣੀਆਂ ਪੌੜੀਆਂ ਤੋਂ ਮੁਸਾਫ਼ਰਾਂ ਨੂੰ ਕਿਸ਼ਤੀਆਂ ਵਿਚ ਬੈਠਣ ਲਈ ਬੁਲਾਉਂਦੇ ਸਨ ਅਤੇ ਉਨ੍ਹਾਂ ਨੂੰ ਟੇਮਜ਼ ਅਤੇ ਉਸ ਦੀਆਂ ਕਈ ਉਪ-ਨਦੀਆਂ ਉੱਤੇ ਲੈ ਜਾਂਦੇ ਸਨ। ਉਸ ਜ਼ਮਾਨੇ ਦੀਆਂ ਕਈ ਉਪ-ਨਦੀਆਂ ਹੁਣ ਲੰਡਨ ਦੀਆਂ ਸੜਕਾਂ ਹੇਠ ਦੱਬੀਆਂ ਹੋਈਆਂ ਹਨ। ਅੱਜ ਵੀ ਕਈ ਸੜਕਾਂ ਉਨ੍ਹਾਂ ਨਦੀਆਂ ਦੇ ਨਾਵਾਂ ਤੋਂ ਜਾਣੀਆਂ ਜਾਂਦੀਆਂ ਹਨ ਜਿਵੇਂ ਫਲੀਟ ਤੇ ਵਾਲਬਰੁਕ।

ਸਮੇਂ ਦੇ ਬੀਤਣ ਨਾਲ ਲੰਡਨ ਕਈਆਂ ਤਰੀਕਿਆਂ ਨਾਲ ਵੈਨਿਸ ਵਾਂਗ ਦਿੱਸਣ ਲੱਗ ਪਿਆ। ਦਰਿਆ ਤੇ ਸਥਿਤ ਕਈ ਸ਼ਾਹੀ ਮਹਿਲਾਂ ਦੀਆਂ ਪੌੜੀਆਂ ਸਿੱਧੀਆਂ ਪਾਣੀ ਤਕ ਪਹੁੰਚਦੀਆਂ ਸਨ। ਸ਼ਾਹੀ ਘਰਾਣਿਆਂ ਦੇ ਮੈਂਬਰ ਟੇਮਜ਼ ਦੇ ਕੰਢਿਆਂ ਤੇ ਰਹਿਣ ਦੇ ਸ਼ੌਕੀਨ ਸਨ ਜਿਵੇਂ ਕਿ ਗ੍ਰੈਿਨੱਚ, ਵਾਇਟਹਾਲ, ਵੈਸਟਮਿੰਸਟਰ ਦੇ ਮਹਿਲਾਂ ਤੋਂ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੈਂਪਟਨ ਕੋਰਟ ਇੰਗਲੈਂਡ ਦੇ ਰਾਜੇ-ਰਾਣੀਆਂ ਦਾ ਸ਼ਾਹੀ ਘਰ ਹੁੰਦਾ ਸੀ ਤੇ ਦਰਿਆ ਦੀ ਉੱਤਰ ਦਿਸ਼ਾ ਵਿਚ ਵਿੰਡਸਰ ਕਾਸਲ ਹੁਣ ਸ਼ਾਹੀ ਪਰਿਵਾਰ ਦੀ ਰਿਹਾਇਸ਼ ਹੈ।

ਸਾਲ 1717 ਵਿਚ ਜਾਰਜ ਫ੍ਰੈਡਰਿਕ ਹੈਂਡਲ ਨੇ ਰਾਜਾ ਜਾਰਜ ਪਹਿਲੇ ਦੇ ਮਨੋਰੰਜਨ ਲਈ ਦਰਿਆ ਉੱਤੇ ਇਕ ਸ਼ਾਹੀ ਪਿਕਨਿਕ ਦੇ ਅਵਸਰ ਤੇ “ਵਾਟਰ ਮਿਊਜ਼ਿਕ” ਨਾਂ ਦਾ ਸੰਗੀਤ ਤਿਆਰ ਕੀਤਾ ਸੀ। ਉਸ ਸਮੇਂ ਦੇ ਇਕ ਅਖ਼ਬਾਰ ਨੇ ਦੱਸਿਆ ਕਿ ਰਾਜੇ ਦੇ ਜਹਾਜ਼ ਦੇ ਆਲੇ-ਦੁਆਲੇ “ਇੰਨੀਆਂ ਕਿਸ਼ਤੀਆਂ ਸਨ ਕਿ ਤਕਰੀਬਨ ਸਾਰੇ ਦਾ ਸਾਰਾ ਦਰਿਆ ਕਿਸ਼ਤੀਆਂ ਨਾਲ ਭਰਿਆ ਲੱਗਦਾ ਸੀ।” ਸ਼ਾਹੀ ਜਹਾਜ਼ ਦੇ ਨਾਲੋ-ਨਾਲ ਜਾ ਰਹੀ ਇਕ ਕਿਸ਼ਤੀ ਵਿਚ 50 ਸੰਗੀਤਕਾਰ ਸਨ ਜਿਨ੍ਹਾਂ ਨੇ ਵੈਸਟਮਿੰਸਟਰ ਤੋਂ ਚੈਲਸੀ ਤਕ ਅੱਠ ਕਿਲੋਮੀਟਰ ਦੇ ਸਫ਼ਰ ਦੌਰਾਨ ਹੈਂਡਲ ਦਾ ਤਿਆਰ ਕੀਤਾ ਹੋਇਆ ਸੰਗੀਤ ਤਿੰਨ ਵਾਰ ਸੁਣਾਇਆ।

ਮਨ-ਪਰਚਾਵੇ ਦਾ ਸਥਾਨ

ਜਦ ਤਕ 1740 ਵਿਚ ਵੈਸਟਮਿੰਸਟਰ ਬ੍ਰਿਜ ਨਹੀਂ ਬਣਿਆ, ਟੇਮਜ਼ ਦਰਿਆ ਸਿਰਫ਼ ਲੰਡਨ ਬ੍ਰਿਜ ਉੱਤੇ ਤੁਰ ਕੇ ਹੀ ਪਾਰ ਕੀਤਾ ਜਾ ਸਕਦਾ ਸੀ ਜਿਸ ਨੂੰ ਬਾਅਦ ਵਿਚ 1820 ਦੇ ਦਹਾਕੇ ਦੌਰਾਨ ਨਵਾਂ ਰੂਪ ਦਿੱਤਾ ਗਿਆ ਸੀ। ਲੰਡਨ ਬ੍ਰਿਜ ਦੇ ਪੱਥਰ ਦੇ ਥੰਮ੍ਹ 19 ਡਾਟਾਂ ਨੂੰ ਸਹਾਰਾ ਦਿੰਦੇ ਹਨ; ਇਹ ਥੰਮ੍ਹ ਦਰਿਆ ਦੇ ਵਹਾਅ ਨੂੰ ਕਾਫ਼ੀ ਘਟਾ ਦਿੰਦੇ ਸਨ। ਨਤੀਜੇ ਵਜੋਂ, ਤਕਰੀਬਨ 600 ਸਾਲਾਂ ਦੇ ਦੌਰਾਨ, ਟੇਮਜ਼ ਦਰਿਆ ਘੱਟੋ-ਘੱਟ ਅੱਠ ਵਾਰ ਜੰਮ ਗਿਆ ਸੀ। ਜਦੋਂ ਇਵੇਂ ਹੁੰਦਾ ਸੀ, ਤਾਂ ਜੰਮੇ ਹੋਏ ਟੇਮਜ਼ ਦਰਿਆ ਉੱਤੇ “ਮੇਲੇ” ਲੱਗਦੇ ਸਨ ਜਿਨ੍ਹਾਂ ਵਿਚ ਖੇਡਾਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਬਲਦ ਭੁੰਨੇ ਜਾਂਦੇ ਸਨ ਤੇ ਸ਼ਾਹੀ ਲੋਕ ਗੋਸ਼ਤ ਖਾਂਦੇ ਦੇਖੇ ਜਾਂਦੇ ਸਨ। “ਟੇਮਜ਼ ਤੋਂ ਖ਼ਰੀਦਿਆ” ਨਾਂ ਦੇ ਲੇਬਲ ਲੱਗੀਆਂ ਚੀਜ਼ਾਂ ਜਿਵੇਂ ਕਿ ਕਿਤਾਬਾਂ ਤੇ ਖਿਡੌਣੇ ਫਟਾਫਟ ਵਿਕ ਜਾਂਦੇ ਸਨ। ਅਖ਼ਬਾਰਾਂ ਅਤੇ ਪ੍ਰਭੂ ਦੀ ਪ੍ਰਾਰਥਨਾ ਦੀਆਂ ਕਾਪੀਆਂ ਵੀ ਜੰਮੇ ਹੋਏ ਦਰਿਆ ਉੱਤੇ ਲਾਈਆਂ ਪ੍ਰੈੱਸਾਂ ਵਿਚ ਛਾਪੀਆਂ ਜਾਂਦੀਆਂ ਸਨ।

ਹੁਣ ਹਰ ਸਾਲ ਬਸੰਤ ਦੀ ਰੁੱਤ ਵਿਚ ਆਕਸਫ਼ੋਰਡ ਅਤੇ ਕੇਮਬ੍ਰਿਜ ਯੂਨੀਵਰਸਿਟੀਆਂ ਵਿਚਕਾਰ ਕਿਸ਼ਤੀ-ਦੌੜ ਹੁੰਦੀ ਹੈ। ਲੋਕ ਟੇਮਜ਼ ਦਰਿਆ ਦੇ ਕੰਢੇ ਤੇ ਖੜ੍ਹੇ ਹੋ ਕੇ ਦੌੜ ਵਿਚ ਹਿੱਸਾ ਲੈਣ ਵਾਲਿਆਂ ਨੂੰ ਹੱਲਾ-ਸ਼ੇਰੀ ਦਿੰਦੇ ਹਨ। ਦੌੜ ਪਟਨੀ ਅਤੇ ਮੋਟਲੇਕ ਸ਼ਹਿਰਾਂ ਵਿਚਕਾਰ ਸਿਰਫ਼ ਸੱਤ ਕੁ ਕਿਲੋਮੀਟਰ ਦੀ ਹੁੰਦੀ ਹੈ ਤੇ 20 ਕੁ ਮਿੰਟਾਂ ਵਿਚ ਪੂਰੀ ਕੀਤੀ ਜਾਂਦੀ ਹੈ। ਪਹਿਲੀ ਦੌੜ ਸੰਨ 1829 ਵਿਚ ਹੈਨਲੀ ਨਗਰ ਵਿਚ ਹੋਈ ਸੀ। ਜਦੋਂ ਇਹ ਦੌੜ ਨਦੀ ਦੇ ਹੇਠਲੇ ਹਿੱਸੇ ਵਿਚ ਕੀਤੀ ਜਾਣ ਲੱਗ ਪਈ, ਤਾਂ ਹੈਨਲੀ ਦੇ ਲੋਕਾਂ ਨੇ ਹੈਨਲੀ ਵਿਚ ਹੀ ਦੌੜ ਸ਼ੁਰੂ ਕਰ ਲਈ ਜਿਸ ਨੂੰ ਰਾਇਲ ਰਿਗਾਟਾ ਕਿਹਾ ਜਾਂਦਾ ਹੈ। ਇਹ ਦੌੜ ਯੂਰਪ ਵਿਚ ਸਭ ਤੋਂ ਵਿਸ਼ੇਸ਼ ਤੇ ਪੁਰਾਣੀ ਦੌੜ ਹੈ। ਇਸ ਦੌੜ ਵਿਚ ਸੰਸਾਰ ਭਰ ਦੇ ਵਧੀਆ ਤੋਂ ਵਧੀਆ ਆਦਮੀ ਅਤੇ ਔਰਤਾਂ ਮਲਾਹ ਹਿੱਸਾ ਲੈਂਦੇ ਹਨ। ਇਹ ਦੌੜਾਂ ਦਰਿਆ ਦੇ 1600 ਮੀਟਰ ਫ਼ਾਸਲੇ ਉੱਤੇ ਹੁੰਦੀਆਂ ਹਨ। ਇਹ ਵੱਡਾ ਪ੍ਰਚਲਿਤ ਮੇਲਾ ਗਰਮੀਆਂ ਵਿਚ ਲੱਗਦਾ ਹੈ ਤੇ ਬੜੇ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ।

ਬਰਤਾਨੀਆ ਬਾਰੇ ਸੈਲਾਨੀਆਂ ਲਈ ਇਕ ਪੁਸਤਕ ਕਹਿੰਦੀ ਹੈ ਕਿ ‘ਟੇਮਜ਼ ਦਰਿਆ ਅਜਿਹੇ ਦਿਹਾਤੀ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਵੰਨ-ਸੁਵੰਨੇ ਨਜ਼ਾਰੇ ਪੇਸ਼ ਕਰਦਾ ਹੈ ਜਿੱਥੇ ਨੀਵੀਆਂ ਪਹਾੜੀਆਂ, ਜੰਗਲ, ਚਰਾਗਾਹਾਂ, ਟਾਵੇਂ-ਟਾਵੇਂ ਘਰ, ਸੋਹਣੇ-ਸੋਹਣੇ ਪਿੰਡ ਤੇ ਛੋਟੇ-ਛੋਟੇ ਕਸਬੇ ਹਨ। ਦਰਿਆ ਦੇ ਕਈਆਂ ਕਿਨਾਰਿਆਂ ਲਾਗੇ ਕੋਈ ਵੀ ਸੜਕ ਨਹੀਂ ਹੈ, ਪਰ ਸਿਰਫ਼ ਪਗਡੰਡੀਆਂ ਹਨ। ਇਸ ਕਰਕੇ ਭਾਵੇਂ ਗੱਡੀਆਂ ਵਾਲੇ ਲੋਕ ਸ਼ਹਿਰਾਂ ਵਿੱਚੋਂ ਦੀ ਲੰਘਦੇ ਹੋਏ ਦਰਿਆ ਦੀ ਪ੍ਰਸ਼ੰਸਾ ਕਰਦੇ ਹਨ, ਪਰ ਟੇਮਜ਼ ਦੀ ਖ਼ੂਬਸੂਰਤੀ ਸਿਰਫ਼ ਕਿਸ਼ਤੀ ਜਾਂ ਪੈਦਲ ਤੁਰ ਕੇ ਹੀ ਮਾਣੀ ਜਾ ਸਕਦੀ ਹੈ।’

ਕੀ ਤੁਹਾਡੀ ਇੰਗਲੈਂਡ ਆਉਣ ਦੀ ਸਲਾਹ ਹੈ? ਤਾਂ ਫਿਰ ਤੁਹਾਨੂੰ ਟੇਮਜ਼ ਦਰਿਆ ਜ਼ਰੂਰ ਦੇਖਣਾ ਚਾਹੀਦਾ ਹੈ ਤੇ ਇਸ ਦਾ ਇਤਿਹਾਸ ਜਾਣਨਾ ਚਾਹੀਦਾ ਹੈ। ਧੁਰ ਕਾਟਸਵੌਲਡ ਦੀ ਕੁਦਰਤੀ ਸੁੰਦਰਤਾ ਤੋਂ ਲੈ ਕੇ ਲੰਡਨ ਵਿਚ ਭੀੜ-ਭੜੱਕੇ ਵਾਲੇ ਸ਼ਹਿਰ ਤਕ, ਤੁਸੀਂ ਬਹੁਤ ਕੁਝ ਦੇਖ, ਕਰ ਤੇ ਸਿੱਖ ਸਕਦੇ ਹੋ! ਤੁਸੀਂ ਇੰਗਲੈਂਡ ਦੀ ਅਨਮੋਲ ਵਿਰਾਸਤ ਟੇਮਜ਼ ਦਰਿਆ ਦੇਖ ਕੇ ਹੈਰਾਨ ਰਹਿ ਜਾਓਗੇ! (g 2/06)

[ਫੁਟਨੋਟ]

^ ਪੈਰਾ 5 ਭਾਵੇਂ ਲੰਡਨ ਨਾਂ ਲਾਤੀਨੀ ਸ਼ਬਦ ਲੌਂਡੈਨਿਅਮ ਤੋਂ ਪਿਆ, ਪਰ ਇਹ ਸ਼ਾਇਦ ਕੈੱਲਟਿਕ ਭਾਸ਼ਾ ਦੇ ਦੋ ਸ਼ਬਦਾਂ ਲਿੰਨ ਅਤੇ ਡਿੰਨ ਦੇ ਮੇਲ ਨਾਲ ਬਣਿਆ ਹੈ। ਇਨ੍ਹਾਂ ਦੋਵਾਂ ਸ਼ਬਦਾਂ ਦਾ ਅਰਥ ਹੈ “ਝੀਲ ਉੱਤੇ ਸਥਿਤ ਨਗਰ [ਜਾਂ ਕਿਲਾ]।”

[ਸਫ਼ਾ 25 ਉੱਤੇ ਡੱਬੀ]

ਸਾਹਿੱਤ ਅਤੇ ਟੇਮਜ਼ ਦਰਿਆ

ਜਰੋਮ ਕੇ. ਜਰੋਮ ਨਾਂ ਦੇ ਲਿਖਾਰੀ ਨੇ ਆਪਣੀ ਪੁਸਤਕ ਥ੍ਰੀ ਮੈੱਨ ਇਨ ਏ ਬੋਟ (ਅੰਗ੍ਰੇਜ਼ੀ) ਵਿਚ ਟੇਮਜ਼ ਦਰਿਆ ਦਾ ਸ਼ਾਂਤਮਈ ਮਾਹੌਲ ਦੱਸਿਆ ਹੈ। ਇਸ ਕਿਤਾਬ ਵਿਚ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਦਰਿਆ ਤੇ ਛੁੱਟੀਆਂ ਮਨਾਉਣ ਲਈ ਆਪਣੇ ਕੁੱਤੇ ਸਮੇਤ ਕਿੰਗਸਟਨ ਤੋਂ ਆਕਸਫ਼ੋਰਡ ਤਕ ਚੱਪੂਆਂ ਨਾਲ ਚੱਲਣ ਵਾਲੀ ਕਿਸ਼ਤੀ ਵਿਚ ਸਫ਼ਰ ਕਰ ਰਹੇ ਸਨ। ਇਹ ਪੁਸਤਕ 1889 ਵਿਚ ਲਿਖੀ ਗਈ ਸੀ ਤੇ ਇਸ ਦਾ ਤਰਜਮਾ ਕਈਆਂ ਭਾਸ਼ਾਵਾਂ ਵਿਚ ਹੋ ਚੁੱਕਾ ਹੈ। ਇਹ “ਹਾਸੇ-ਮਖੌਲ ਦੀ ਇਕ ਕਲਾਸਿਕ” ਲੋਕਪ੍ਰਿਯ ਪੁਸਤਕ ਮੰਨੀ ਜਾਂਦੀ ਹੈ।

ਇਕ ਹੋਰ ਪੁਸਤਕ ਹੈ ਦ ਵਿੰਡ ਇਨ ਦ ਵਿਲੋਸ (ਅੰਗ੍ਰੇਜ਼ੀ) ਜਿਸ ਨੂੰ ਦੋਵੇਂ ਨਿਆਣੇ ਤੇ ਸਿਆਣੇ ਪਸੰਦ ਕਰਦੇ ਹਨ। ਇਹ ਪੁਸਤਕ 1908 ਵਿਚ ਕੈੱਨਥ ਗ੍ਰੇਅਮ ਨੇ ਲਿਖੀ ਸੀ ਜੋ ਪੈਨਬੋਰਨ ਸ਼ਹਿਰ ਵਿਚ ਰਹਿੰਦਾ ਸੀ। ਇਹ ਪਸ਼ੂਆਂ ਬਾਰੇ ਕਾਲਪਨਿਕ ਕਹਾਣੀ ਹੈ ਜੋ ਟੇਮਜ਼ ਦਰਿਆ ਵਿਚ ਜਾਂ ਉਸ ਦੇ ਕਿਨਾਰਿਆਂ ਤੇ ਰਹਿੰਦੇ ਹਨ।

[ਸਫ਼ਾ 25 ਉੱਤੇ ਡੱਬੀ/ਤਸਵੀਰ]

ਟੇਮਜ਼ ਤੇ ਬਾਦਸ਼ਾਹ ਦਾ ਮੁਕਾਬਲਾ

ਸਤਾਰਵੀਂ ਸਦੀ ਦੇ ਮੁਢਲੇ ਹਿੱਸੇ ਵਿਚ ਰਾਜ ਕਰਦੇ ਬਾਦਸ਼ਾਹ ਜੇਮਜ਼ ਪਹਿਲੇ ਨੇ ਇਕ ਵਾਰ ਲੰਡਨ ਦੀ ਕਾਰਪੋਰੇਸ਼ਨ ਤੋਂ 20,000 ਪੌਂਡ ਮੰਗੇ ਸਨ। ਜਦੋਂ ਸ਼ਹਿਰ ਦੇ ਮੇਅਰ ਨੇ ਇਹ ਮੰਗ ਪੂਰੀ ਕਰਨ ਤੋਂ ਇਨਕਾਰ ਕੀਤਾ, ਤਾਂ ਬਾਦਸ਼ਾਹ ਨੇ ਧਮਕੀ ਦਿੱਤੀ: “ਮੈਂ ਤੈਨੂੰ ਤੇ ਤੇਰੇ ਸ਼ਹਿਰ ਨੂੰ ਹਮੇਸ਼ਾ ਲਈ ਬਰਬਾਦ ਕਰ ਦੇਵਾਂਗਾ। ਮੈਂ ਆਪਣੀਆਂ ਕਚਹਿਰੀਆਂ, ਨਾਲੇ ਆਪਣਾ ਨਿਵਾਸ ਤੇ ਪਾਰਲੀਮੈਂਟ ਵੀ ਵਿਨਚੈਸਟਰ ਸ਼ਹਿਰ ਜਾਂ ਆਕਸਫ਼ੋਰਡ ਲੈ ਜਾਵਾਂਗਾ; ਮੈਂ ਵੈਸਟਮਿੰਸਟਰ ਨੂੰ ਉਜਾੜ ਬਣਾ ਦੇਵਾਂਗਾ, ਤੇ ਸੋਚ ਲੈ ਫਿਰ ਤੇਰਾ ਕੀ ਬਣੇਗਾ!” ਮੇਅਰ ਨੇ ਉਸ ਨੂੰ ਜਵਾਬ ਵਿਚ ਕਿਹਾ ਕਿ “ਲੰਡਨ ਦੇ ਵਪਾਰੀਆਂ ਨੂੰ ਇਸ ਗੱਲ ਦੀ ਪੂਰੀ ਤਸੱਲੀ ਹੈ ਕਿ ਬਾਦਸ਼ਾਹ ਸਲਾਮਤ ਟੇਮਜ਼ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੇ।”

[ਕ੍ਰੈਡਿਟ ਲਾਈਨ]

From the book Ridpath’s History of the World (Vol. VI)

[ਸਫ਼ਾ 22 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਇੰਗਲੈਂਡ

ਲੰਡਨ

ਟੇਮਜ਼ ਦਰਿਆ

[ਕ੍ਰੈਡਿਟ ਲਾਈਨ]

Map: Mountain High Maps® Copyright © 1997 Digital Wisdom, Inc.

[ਸਫ਼ੇ 22, 23 ਉੱਤੇ ਤਸਵੀਰ]

ਬਿੱਗ ਬੈਨ ਤੇ ਪਾਰਲੀਮੈਂਟ ਭਵਨ, ਵੈਸਟਮਿੰਸਟਰ, ਲੰਡਨ

[ਸਫ਼ਾ 23 ਉੱਤੇ ਤਸਵੀਰ]

ਪੱਥਰ ਦਾ ਬਣਿਆ ਹੋਇਆ ਲੰਡਨ ਬ੍ਰਿਜ, 1756

[ਕ੍ਰੈਡਿਟ ਲਾਈਨ]

From the book Old and New London: A Narrative of Its History, Its People, and Its Places (Vol. II)

[ਸਫ਼ਾ 24 ਉੱਤੇ ਤਸਵੀਰ]

1803 ਦੀ ਤਸਵੀਰ ਵਿਚ ਲੰਡਨ ਦੇ ਘਾਟ ਤੇ ਖੜ੍ਹੇ ਸੈਂਕੜੇ ਜਹਾਜ਼

[ਕ੍ਰੈਡਿਟ ਲਾਈਨ]

Corporation of London, London Metropolitan Archive

[ਸਫ਼ੇ 24, 25 ਉੱਤੇ ਤਸਵੀਰ]

1683 ਵਿਚ ਬਰਫ਼ ਨਾਲ ਜੰਮੇ ਹੋਏ ਟੇਮਜ਼ ਦਰਿਆ ਤੇ ਲੱਗੇ ਮੇਲੇ ਦੀ ਤਸਵੀਰ

[ਕ੍ਰੈਡਿਟ ਲਾਈਨ]

From the book Old and New London: A Narrative of Its History, Its People, and Its Places (Vol. III)