Skip to content

Skip to table of contents

ਪਿਆਰੇ ਪਾਠਕੋ

ਪਿਆਰੇ ਪਾਠਕੋ

ਪਿਆਰੇ ਪਾਠਕੋ

ਇਸ ਅੰਕ ਤੋਂ ਤੁਸੀਂ ਜਾਗਰੂਕ ਬਣੋ! ਰਸਾਲੇ ਵਿਚ ਕੁਝ ਨਵੀਆਂ ਗੱਲਾਂ ਦੇਖੋਗੇ। ਕੁਝ ਕੁ ਨਵੀਆਂ ਗੱਲਾਂ ਤੋਂ ਇਲਾਵਾ ਰਸਾਲੇ ਦਾ ਬਾਕੀ ਹਿੱਸਾ ਪਹਿਲਾਂ ਵਰਗਾ ਹੀ ਰਹੇਗਾ।

ਜਾਗਰੂਕ ਬਣੋ! ਦਾ ਮੁੱਖ ਉਦੇਸ਼ ਉਹੀ ਰਹੇਗਾ ਜਿਸ ਉਦੇਸ਼ ਨਾਲ ਇਹ ਪਿਛਲੇ ਕਈ ਦਹਾਕਿਆਂ ਤੋਂ ਛਪਦਾ ਆਇਆ ਹੈ। ਜਿਵੇਂ ਸਫ਼ਾ 4 ਉੱਤੇ ਦੱਸਿਆ ਗਿਆ ਹੈ, “ਜਾਗਰੂਕ ਬਣੋ! ਸਮੁੱਚੇ ਪਰਿਵਾਰ ਦੀ ਗਿਆਨ-ਪ੍ਰਾਪਤੀ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ।” ਇਹ ਸੰਸਾਰ ਭਰ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ, ਵੱਖ-ਵੱਖ ਦੇਸ਼ਾਂ ਦੇ ਲੋਕਾਂ ਬਾਰੇ, ਕੁਦਰਤ ਦੇ ਅਜੂਬਿਆਂ ਬਾਰੇ ਅਤੇ ਸਿਹਤ ਸੰਬੰਧੀ ਵਿਸ਼ਿਆਂ ਉੱਤੇ ਜਾਣਕਾਰੀ ਦਿੰਦਾ ਹੈ। ਇਹ ਵਿਗਿਆਨ ਦੀਆਂ ਗੱਲਾਂ ਨੂੰ ਆਮ ਇਨਸਾਨਾਂ ਦੀ ਭਾਸ਼ਾ ਵਿਚ ਸਮਝਾਉਂਦਾ ਹੈ। ਹਾਂ, ਜਾਗਰੂਕ ਬਣੋ! ਰਸਾਲਾ ਆਪਣੇ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਦਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ।

ਅਗਸਤ 22, 1946 ਦੇ ਅੰਕ ਵਿਚ ਜਾਗਰੂਕ ਬਣੋ! ਨੇ ਇਹ ਪ੍ਰਤਿਗਿਆ ਕੀਤੀ ਸੀ: “ਪੂਰੀ ਈਮਾਨਦਾਰੀ ਨਾਲ ਸੱਚੀਆਂ ਗੱਲਾਂ ਛਾਪਣੀਆਂ ਹੀ ਇਸ ਰਸਾਲੇ ਦਾ ਮੁੱਖ ਟੀਚਾ ਹੋਵੇਗਾ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਰਸਾਲਾ ਆਪਣੇ ਵਚਨ ਤੇ ਪੱਕਾ ਰਿਹਾ ਹੈ। ਇਸ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਇਸ ਵਿਚ ਹਕੀਕੀ ਜਾਣਕਾਰੀ ਹੀ ਛਾਪੀ ਜਾਵੇ। ਇਸ ਲਈ ਲੇਖ ਲਿਖਦੇ ਵੇਲੇ ਜਾਣਕਾਰੀ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਜਾਂਚਿਆ ਜਾਂਦਾ ਹੈ। ਪਰ ਇਸ ਰਸਾਲੇ ਨੇ ਇਕ ਹੋਰ ਅਹਿਮ ਤਰੀਕੇ ਨਾਲ ਵੀ ‘ਪੂਰੀ ਈਮਾਨਦਾਰੀ ਨਾਲ ਸੱਚੀਆਂ ਗੱਲਾਂ ਛਾਪੀਆਂ ਹਨ।’

ਜਾਗਰੂਕ ਬਣੋ! ਨੇ ਹਮੇਸ਼ਾ ਆਪਣੇ ਪਾਠਕਾਂ ਦਾ ਧਿਆਨ ਬਾਈਬਲ ਵੱਲ ਖਿੱਚਿਆ ਹੈ। ਪਰ ਇਸ ਅੰਕ ਤੋਂ ਜਾਗਰੂਕ ਬਣੋ! ਵਿਚ ਹੋਰ ਜ਼ਿਆਦਾ ਬਾਈਬਲ-ਆਧਾਰਿਤ ਲੇਖ ਛਾਪੇ ਜਾਣਗੇ। (ਯੂਹੰਨਾ 17:17) ਪਹਿਲਾਂ ਦੀ ਤਰ੍ਹਾਂ, ਇਸ ਰਸਾਲੇ ਵਿਚ ਅਜਿਹੇ ਲੇਖ ਛਪਦੇ ਰਹਿਣਗੇ ਜਿਨ੍ਹਾਂ ਵਿਚ ਸਾਨੂੰ ਸੁਖਦ ਅਤੇ ਕਾਮਯਾਬ ਜ਼ਿੰਦਗੀ ਜੀਣ ਲਈ ਬਾਈਬਲ ਵਿੱਚੋਂ ਵਧੀਆ ਸਲਾਹ ਦਿੱਤੀ ਜਾਵੇਗੀ। ਉਦਾਹਰਣ ਲਈ, “ਨੌਜਵਾਨ ਪੁੱਛਦੇ ਹਨ . . .” ਅਤੇ “ਬਾਈਬਲ ਦਾ ਦ੍ਰਿਸ਼ਟੀਕੋਣ” ਨਾਮਕ ਲੇਖ-ਲੜੀਆਂ ਵਿਚ ਬਾਈਬਲ ਦੇ ਮਾਰਗ-ਦਰਸ਼ਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਜਾਗਰੂਕ ਬਣੋ! ਆਪਣੇ ਪਾਠਕਾਂ ਨੂੰ ਬਾਈਬਲ ਦੇ ਵਾਅਦੇ ਬਾਰੇ ਯਾਦ ਕਰਾਉਂਦਾ ਹੈ ਕਿ ਬਹੁਤ ਜਲਦੀ ਇਸ ਜੁਰਮ ਭਰੀ ਦੁਨੀਆਂ ਦੀ ਥਾਂ ਤੇ ਇਕ ਨਵਾਂ ਸੰਸਾਰ ਹੋਵੇਗਾ ਜਿਸ ਵਿਚ ਅਮਨ ਤੇ ਸੁਖ-ਚੈਨ ਹੋਵੇਗਾ।—ਪਰਕਾਸ਼ ਦੀ ਪੋਥੀ 21:3, 4.

ਇਸ ਰਸਾਲੇ ਵਿਚ ਹੋਰ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ? ਜਾਗਰੂਕ ਬਣੋ! ਇਸ ਸਮੇਂ 82 ਭਾਸ਼ਾਵਾਂ ਵਿਚ ਛਪ ਰਿਹਾ ਹੈ। ਜਿਨ੍ਹਾਂ ਭਾਸ਼ਾਵਾਂ ਵਿਚ ਇਹ ਪਹਿਲਾਂ ਅਰਧ-ਮਾਸਿਕ ਰਸਾਲੇ ਦੇ ਤੌਰ ਤੇ ਛਪਦਾ ਸੀ, ਹੁਣ ਇਹ ਮਾਸਿਕ ਰਸਾਲੇ ਵਜੋਂ ਛਾਪਿਆ ਜਾਵੇਗਾ। * ਸਾਲ 1946 ਤੋਂ ਛਪ ਰਿਹਾ ਲੇਖ “ਸੰਸਾਰ ਉੱਤੇ ਨਜ਼ਰ” ਦੋ ਸਫ਼ਿਆਂ ਦੀ ਬਜਾਇ ਹੁਣ ਸਿਰਫ਼ ਇਕ ਸਫ਼ੇ ਉੱਤੇ ਛਾਪਿਆ ਜਾਵੇਗਾ। ਸਫ਼ਾ 31 ਉੱਤੇ ਹੁਣ ਇਕ ਨਵਾਂ ਦਿਲਚਸਪ ਲੇਖ ਦੇਖਣ ਨੂੰ ਮਿਲੇਗਾ ਜਿਸ ਦਾ ਨਾਂ ਹੈ “ਕੀ ਤੁਹਾਨੂੰ ਪਤਾ?” ਇਸ ਵਿਚ ਕੀ ਹੋਵੇਗਾ ਅਤੇ ਅਸੀਂ ਇਸ ਤੋਂ ਕਿਵੇਂ ਲਾਭ ਲੈ ਸਕਦੇ ਹਾਂ?

“ਕੀ ਤੁਹਾਨੂੰ ਪਤਾ?” ਨਾਂ ਦਾ ਲੇਖ ਤ੍ਰੈਮਾਸਕ ਰਸਾਲਿਆਂ ਦੇ ਕੁਝ ਅੰਕਾਂ ਵਿਚ ਵੀ ਛਾਪਿਆ ਜਾਵੇਗਾ। ਇਸ ਵਿਚ ਕਈ ਸਵਾਲ ਬੱਚਿਆਂ ਨੂੰ ਦਿਲਚਸਪ ਲੱਗਣਗੇ, ਪਰ ਕਈ ਸਵਾਲ ਵੱਡਿਆਂ ਦੀ ਯਾਦਾਸ਼ਤ ਨੂੰ ਪਰਖਣਗੇ। ਇਸ ਵਿਚ “ਇਤਿਹਾਸ ਵਿਚ ਕਦੋਂ?” ਨਾਮਕ ਭਾਗ ਤੁਹਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਬਾਈਬਲ ਵਿਚ ਦੱਸੇ ਲੋਕ ਕਿਨ੍ਹਾਂ ਸਾਲਾਂ ਦੌਰਾਨ ਜੀਉਂਦੇ ਸਨ ਅਤੇ ਅਹਿਮ ਘਟਨਾਵਾਂ ਕਦੋਂ ਵਾਪਰੀਆਂ ਸਨ। “ਇਸ ਅੰਕ ਵਿੱਚੋਂ” ਨਾਮਕ ਭਾਗ ਵਿਚ ਦਿੱਤੇ ਸਵਾਲਾਂ ਦੇ ਜਵਾਬ ਤੁਹਾਨੂੰ ਉਸੇ ਅੰਕ ਵਿੱਚੋਂ ਲੱਭਣੇ ਪੈਣਗੇ, ਜਦ ਕਿ ਹੋਰ ਸਵਾਲਾਂ ਦੇ ਜਵਾਬ ਉਸੇ ਸਫ਼ੇ ਉੱਤੇ ਪੁੱਠੇ ਛਾਪੇ ਗਏ ਹੋਣਗੇ। ਜਵਾਬ ਪੜ੍ਹਨ ਤੋਂ ਪਹਿਲਾਂ ਕਿਉਂ ਨਾ ਤੁਸੀਂ ਕੁਝ ਛਾਣਬੀਣ ਕਰੋ? ਫਿਰ ਤੁਸੀਂ ਜੋ ਕੁਝ ਸਿੱਖਦੇ ਹੋ, ਉਹ ਦੂਸਰਿਆਂ ਨੂੰ ਦੱਸੋ। ਤੁਸੀਂ ਪਰਿਵਾਰ ਨਾਲ ਮਿਲ ਕੇ ਜਾਂ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਵੀ “ਕੀ ਤੁਹਾਨੂੰ ਪਤਾ?” ਲੇਖ ਉੱਤੇ ਚਰਚਾ ਕਰ ਸਕਦੇ ਹੋ।

ਤਕਰੀਬਨ 60 ਸਾਲ ਪਹਿਲਾਂ ਜਾਗਰੂਕ ਬਣੋ! ਨੇ ਇਹ ਵਾਅਦਾ ਕੀਤਾ ਸੀ: ‘ਜਿੱਥੇ ਵਿਸ਼ਿਆਂ ਦੀ ਗੱਲ ਆਉਂਦੀ ਹੈ, ਇਹ ਰਸਾਲਾ ਵਿਸ਼ੇ ਨੂੰ ਵਿਸ਼ਵ-ਵਿਆਪੀ ਨਜ਼ਰੀਏ ਤੋਂ ਪੇਸ਼ ਕਰੇਗਾ, ਨਾ ਕਿ ਸਥਾਨਕ ਨਜ਼ਰੀਏ ਤੋਂ। ਦੁਨੀਆਂ ਭਰ ਵਿਚ ਜਿੱਥੇ-ਕਿਤੇ ਵੀ ਸੱਚਾਈ ਦੇ ਪ੍ਰੇਮੀ ਹਨ, ਉਨ੍ਹਾਂ ਨੂੰ ਇਹ ਰਸਾਲਾ ਪੜ੍ਹ ਕੇ ਮਜ਼ਾ ਆਵੇਗਾ। ਛੋਟੇ-ਵੱਡੇ ਸਾਰੇ ਲੋਕ ਇਸ ਰਸਾਲੇ ਵਿਚਲੇ ਲੇਖਾਂ ਨੂੰ ਗਿਆਨਦਾਇਕ, ਸਿੱਖਿਆਦਾਇਕ ਅਤੇ ਦਿਲਚਸਪ ਪਾਉਣਗੇ।’ ਵੱਖ-ਵੱਖ ਦੇਸ਼ਾਂ ਦੇ ਪਾਠਕਾਂ ਤੋਂ ਮਿਲੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਜਾਗਰੂਕ ਬਣੋ! ਨੇ ਆਪਣਾ ਇਹ ਵਾਅਦਾ ਪੂਰਾ ਕੀਤਾ ਹੈ। ਭਰੋਸਾ ਰੱਖੋ ਕਿ ਇਹ ਅਗਾਹਾਂ ਵੀ ਆਪਣਾ ਵਾਅਦਾ ਪੂਰਾ ਕਰਦਾ ਰਹੇਗਾ। (g 1/06)

ਪ੍ਰਕਾਸ਼ਕ

[ਫੁਟਨੋਟ]

^ ਪੈਰਾ 6 ਕੁਝ ਭਾਸ਼ਾਵਾਂ ਵਿਚ ਜਾਗਰੂਕ ਬਣੋ! ਤ੍ਰੈਮਾਸਕ ਰਸਾਲੇ ਵਜੋਂ ਛਪਦਾ ਹੈ ਅਤੇ ਇਸ ਲੇਖ ਵਿਚ ਦੱਸੀਆਂ ਸਾਰੀਆਂ ਤਬਦੀਲੀਆਂ ਸ਼ਾਇਦ ਤ੍ਰੈਮਾਸਕ ਰਸਾਲੇ ਵਿਚ ਨਾ ਹੋਣ।

[ਸਫ਼ਾ 3 ਉੱਤੇ ਤਸਵੀਰ]

ਸੰਨ 1919 ਵਿਚ ਇਸ ਰਸਾਲੇ ਦਾ ਨਾਂ “ਦ ਗੋਲਡਨ ਏਜ” ਸੀ ਜੋ ਸਾਲ 1937 ਵਿਚ ਬਦਲ ਕੇ “ਕੌਨਸੋਲੇਸ਼ਨ” ਅਤੇ ਫਿਰ 1946 ਵਿਚ “ਅਵੇਕ!” (ਪੰਜਾਬੀ ਜਾਗਰੂਕ ਬਣੋ!) ਰੱਖਿਆ ਗਿਆ

[ਸਫ਼ਾ 4 ਉੱਤੇ ਤਸਵੀਰ]

“ਜਾਗਰੂਕ ਬਣੋ!” ਨੇ ਸ਼ੁਰੂ ਤੋਂ ਹੀ ਪਾਠਕਾਂ ਦਾ ਧਿਆਨ ਬਾਈਬਲ ਵੱਲ ਖਿੱਚਿਆ ਹੈ

[ਕ੍ਰੈਡਿਟ ਲਾਈਨਾਂ]

Guns: U.S. National Archives photo; starving child: WHO photo by W. Cutting