Skip to content

Skip to table of contents

ਪਿਲਗ੍ਰਿਮ ਅਤੇ ਪਿਉਰਿਟਨ ਈਸਾਈ—ਉਹ ਕੌਣ ਸਨ?

ਪਿਲਗ੍ਰਿਮ ਅਤੇ ਪਿਉਰਿਟਨ ਈਸਾਈ—ਉਹ ਕੌਣ ਸਨ?

ਪਿਲਗ੍ਰਿਮ ਅਤੇ ਪਿਉਰਿਟਨ ਈਸਾਈ—ਉਹ ਕੌਣ ਸਨ?

ਅਮਰੀਕਾ ਦੇ ਮੈਸੇਚਿਉਸੇਟਸ ਰਾਜ ਵਿਚ ਪਲੀਮਥ ਸ਼ਹਿਰ ਦੇ ਸਮੁੰਦਰੀ ਕਿਨਾਰੇ ਉੱਤੇ ਇਕ ਵੱਡਾ ਗ੍ਰੇਨਾਈਟ ਪੱਥਰ ਲੱਗਾ ਹੋਇਆ ਹੈ ਅਤੇ ਇਸ ਉੱਤੇ 1620 ਖੁਣਿਆ ਹੋਇਆ ਹੈ। ਇਸ ਨੂੰ ਪਲੀਮਥ ਪੱਥਰ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਉਸ ਜਗ੍ਹਾ ਦੇ ਲਾਗੇ ਹੈ ਜਿੱਥੇ ਲਗਭਗ 400 ਸਾਲ ਪਹਿਲਾਂ ਯੂਰਪੀਆਂ ਨਾਲ ਭਰਿਆ ਇਕ ਜਹਾਜ਼ ਇਸ ਕਿਨਾਰੇ ਤੇ ਲੱਗਿਆ ਸੀ। ਤੁਹਾਨੂੰ ਸ਼ਾਇਦ ਉਨ੍ਹਾਂ ਬਾਰੇ ਪਤਾ ਹੋਵੇ, ਉਨ੍ਹਾਂ ਨੂੰ ਪਿਲਗ੍ਰਿਮ ਜਾਂ ਪਿਲਗ੍ਰਿਮ ਫ਼ਾਦਰਜ਼ ਕਿਹਾ ਜਾਂਦਾ ਸੀ।

ਬਹੁਤ ਸਾਰੇ ਲੋਕ ਮਹਿਮਾਨਨਿਵਾਜ਼ ਪਿਲਗ੍ਰਿਮਾਂ ਬਾਰੇ ਜਾਣਦੇ ਹਨ ਕਿ ਉਹ ਵਾਢੀ ਤੋਂ ਬਾਅਦ ਆਪਣੇ ਰੈੱਡ ਇੰਡੀਅਨ ਦੋਸਤਾਂ ਨਾਲ ਦਾਅਵਤਾਂ ਦਾ ਮਜ਼ਾ ਲੈਂਦੇ ਸਨ। ਪਰ ਇਹ ਪਿਲਗ੍ਰਿਮ ਈਸਾਈ ਕੌਣ ਸਨ ਅਤੇ ਉੱਤਰੀ ਅਮਰੀਕਾ ਕਿਉਂ ਆਏ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਸਾਨੂੰ ਇੰਗਲੈਂਡ ਦੇ ਰਾਜਾ ਹੈਨਰੀ ਅੱਠਵੇਂ ਦੇ ਸਮੇਂ ਵਿਚ ਜਾਣਾ ਪਵੇਗਾ।

ਇੰਗਲੈਂਡ ਵਿਚ ਧਾਰਮਿਕ ਉਥਲ-ਪੁਥਲ

ਪਿਲਗ੍ਰਿਮ ਈਸਾਈਆਂ ਦੇ ਅਮਰੀਕਾ ਆਉਣ ਤੋਂ ਤਕਰੀਬਨ 100 ਸਾਲ ਪਹਿਲਾਂ ਇੰਗਲੈਂਡ ਵਿਚ ਰੋਮਨ ਕੈਥੋਲਿਕ ਧਰਮ ਨੂੰ ਮੰਨਿਆ ਜਾਂਦਾ ਸੀ। ਅਤੇ ਪੋਪ ਨੇ ਰਾਜਾ ਹੈਨਰੀ ਅੱਠਵੇਂ ਨੂੰ ‘ਨਿਹਚਾ ਦੇ ਰਾਖੇ’ ਦੇ ਖ਼ਿਤਾਬ ਨਾਲ ਨਿਵਾਜਿਆ ਸੀ। ਪਰ ਰਾਜੇ ਤੇ ਪੋਪ ਦੇ ਸੰਬੰਧਾਂ ਵਿਚ ਦਰਾੜ ਆ ਗਈ ਜਦੋਂ ਪੋਪ ਕਲੀਮੰਟ ਸੱਤਵੇਂ ਨੇ ਹੈਨਰੀ ਨੂੰ ਆਪਣੀ ਪਹਿਲੀ ਪਤਨੀ ਕੈਥਰੀਨ ਨੂੰ ਤਲਾਕ ਦੇਣ ਦੀ ਇਜਾਜ਼ਤ ਨਹੀਂ ਦਿੱਤੀ।

ਜਦੋਂ ਹੈਨਰੀ ਆਪਣੀਆਂ ਘਰੇਲੂ ਸਮੱਸਿਆਵਾਂ ਵਿਚ ਉਲਝਿਆ ਹੋਇਆ ਸੀ, ਉਦੋਂ ਪ੍ਰੋਟੈਸਟੈਂਟ ਸੁਧਾਰਕ ਪੂਰੇ ਯੂਰਪ ਵਿਚ ਰੋਮਨ ਕੈਥੋਲਿਕ ਚਰਚ ਵਿਚ ਉਥਲ-ਪੁਥਲ ਮਚਾ ਰਹੇ ਸਨ। ਕੈਥੋਲਿਕ ਚਰਚ ਨੇ ਹੈਨਰੀ ਨੂੰ ਜੋ ਮਾਣ ਬਖ਼ਸ਼ਿਆ ਸੀ, ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ, ਇਸ ਲਈ ਉਸ ਨੇ ਪ੍ਰੋਟੈਸਟੈਂਟ ਸੁਧਾਰਕਾਂ ਨੂੰ ਪਹਿਲਾਂ-ਪਹਿਲ ਇੰਗਲੈਂਡ ਵਿਚ ਵੜਨ ਨਹੀਂ ਦਿੱਤਾ। ਪਰ ਬਾਅਦ ਵਿਚ ਉਸ ਨੇ ਆਪਣਾ ਮਨ ਬਦਲ ਲਿਆ। ਕੈਥੋਲਿਕ ਚਰਚ ਨੇ ਉਸ ਨੂੰ ਆਪਣੀ ਪਤਨੀ ਨੂੰ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਲਈ ਉਸ ਨੇ ਕੈਥੋਲਿਕ ਚਰਚ ਨੂੰ ਹੀ ਛੱਡ ਦਿੱਤਾ। ਸੰਨ 1534 ਵਿਚ ਉਸ ਨੇ ਇੰਗਲੈਂਡ ਵਿਚ ਕੈਥੋਲਿਕ ਧਰਮ ਉੱਤੋਂ ਪੋਪ ਦਾ ਅਧਿਕਾਰ ਖ਼ਤਮ ਕਰ ਦਿੱਤਾ ਤੇ ਆਪਣੇ ਆਪ ਨੂੰ ਚਰਚ ਆਫ਼ ਇੰਗਲੈਂਡ ਦਾ ਮੁਖੀ ਘੋਸ਼ਿਤ ਕਰ ਦਿੱਤਾ। ਉਸ ਨੇ ਤੁਰੰਤ ਕੈਥੋਲਿਕ ਮਠਾਂ ਨੂੰ ਬੰਦ ਕਰ ਦਿੱਤਾ ਤੇ ਉਨ੍ਹਾਂ ਦੀ ਸਾਰੀ ਜ਼ਮੀਨ-ਜਾਇਦਾਦ ਵੇਚ ਦਿੱਤੀ। ਜਦੋਂ ਸੰਨ 1547 ਵਿਚ ਹੈਨਰੀ ਦੀ ਮੌਤ ਹੋਈ, ਉਦੋਂ ਤਕ ਇੰਗਲੈਂਡ ਵਿਚ ਪ੍ਰੋਟੈਸਟੈਂਟ ਧਰਮ ਸਥਾਪਿਤ ਹੋ ਚੁੱਕਾ ਸੀ।

ਹੈਨਰੀ ਦੇ ਪੁੱਤਰ ਐਡਵਰਡ ਛੇਵੇਂ ਨੇ ਵੀ ਰੋਮਨ ਕੈਥੋਲਿਕ ਚਰਚ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ। ਸੰਨ 1553 ਵਿਚ ਐਡਵਰਡ ਦੀ ਮੌਤ ਤੋਂ ਬਾਅਦ ਮੈਰੀ ਇੰਗਲੈਂਡ ਦੀ ਰਾਣੀ ਬਣ ਗਈ। ਮੈਰੀ ਹੈਨਰੀ ਦੀ ਪਹਿਲੀ ਪਤਨੀ ਕੈਥਰੀਨ ਤੋਂ ਪੈਦਾ ਹੋਈ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਰੋਮਨ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ ਸੀ। ਇਸੇ ਲਈ ਉਸ ਨੇ ਦੁਬਾਰਾ ਇੰਗਲੈਂਡ ਨੂੰ ਪੋਪ ਦੇ ਅਧਿਕਾਰ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਬਹੁਤ ਸਾਰੇ ਪ੍ਰੋਟੈਸਟੈਂਟਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਤੇ 300 ਤੋਂ ਉੱਪਰ ਲੋਕਾਂ ਨੂੰ ਸੂਲੀ ਤੇ ਸਾੜ ਦਿੱਤਾ। ਇਸ ਕਰਕੇ ਉਸ ਨੂੰ ਬੇਰਹਿਮ ਮੈਰੀ ਕਿਹਾ ਜਾਣ ਲੱਗਾ। ਪਰ ਇੰਨੇ ਜ਼ੁਲਮ ਢਾਹੁਣ ਦੇ ਬਾਵਜੂਦ ਵੀ ਉਹ ਪ੍ਰੋਟੈਸਟੈਂਟ ਧਰਮ ਦੀ ਲਹਿਰ ਨੂੰ ਰੋਕ ਨਾ ਸਕੀ। ਸੰਨ 1558 ਵਿਚ ਮੈਰੀ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਸ ਦੀ ਮਤਰੇਈ ਭੈਣ ਅਲੀਜ਼ਬਥ ਪਹਿਲੀ ਇੰਗਲੈਂਡ ਦੇ ਸਿੰਘਾਸਣ ਤੇ ਬੈਠੀ। ਉਸ ਨੇ ਪੋਪ ਨੂੰ ਇੰਗਲੈਂਡ ਦੇ ਧਰਮ ਤੋਂ ਦੂਰ ਹੀ ਰੱਖਣ ਦੀ ਕੋਸ਼ਿਸ਼ ਕੀਤੀ।

ਪਰ ਕੁਝ ਪ੍ਰੋਟੈਸਟੈਂਟ ਮਹਿਸੂਸ ਕਰਦੇ ਸਨ ਕਿ ਰੋਮਨ ਕੈਥੋਲਿਕ ਚਰਚ ਨਾਲੋਂ ਰਿਸ਼ਤਾ ਤੋੜਨਾ ਹੀ ਕਾਫ਼ੀ ਨਹੀਂ ਸੀ, ਸਗੋਂ ਇਸ ਧਰਮ ਦੇ ਸਾਰੇ ਰੀਤੀ-ਰਿਵਾਜਾਂ ਨੂੰ ਛੱਡਣਾ ਵੀ ਜ਼ਰੂਰੀ ਸੀ। ਉਹ ਚਰਚ ਵਿਚ “ਸ਼ੁੱਧ” ਭਗਤੀ ਕਰਨੀ ਚਾਹੁੰਦੇ ਸਨ ਜਿਸ ਕਰਕੇ ਉਹ ਸ਼ੁੱਧਤਾਵਾਦੀ ਜਾਂ ਪਿਉਰਿਟਨ ਦੇ ਨਾਂ ਤੋਂ ਜਾਣੇ ਜਾਣ ਲੱਗੇ। ਕੁਝ ਪਿਉਰਿਟਨਾਂ ਨੇ ਚਰਚਾਂ ਵਿਚ ਬਿਸ਼ਪਾਂ ਦੀ ਲੋੜ ਨਹੀਂ ਸਮਝੀ। ਉਹ ਚਾਹੁੰਦੇ ਸਨ ਕਿ ਹਰ ਕਲੀਸਿਯਾ ਚਰਚ ਆਫ਼ ਇੰਗਲੈਂਡ ਤੋਂ ਵੱਖ ਰਹਿ ਕੇ ਆਪ ਆਪਣੇ ਕਾਰ-ਵਿਹਾਰ ਚਲਾਏ। ਇਸ ਕਰਕੇ ਉਨ੍ਹਾਂ ਨੂੰ ਵੱਖਵਾਦੀ ਜਾਂ ਸੈਪਰਿਟਸਟ ਦਾ ਨਾਂ ਦਿੱਤਾ ਗਿਆ।

ਅਲੀਜ਼ਬਥ ਦੇ ਰਾਜ ਦੌਰਾਨ ਪਿਉਰਿਟਨ ਈਸਾਈ ਖੁੱਲ੍ਹੇ-ਆਮ ਆਪਣੇ ਧਰਮ ਨੂੰ ਮੰਨਣ ਲੱਗੇ। ਉਨ੍ਹਾਂ ਵਿੱਚੋਂ ਕੁਝ ਪਾਦਰੀਆਂ ਨੇ ਪਾਦਰੀਆਂ ਵਾਲਾ ਪਹਿਰਾਵਾ ਪਾਉਣਾ ਛੱਡ ਦਿੱਤਾ ਸੀ। ਇਸ ਗੱਲ ਤੋਂ ਰਾਣੀ ਖਿੱਝ ਗਈ ਤੇ ਉਸ ਨੇ ਸੰਨ 1564 ਵਿਚ ਕੈਂਟਰਬਰੀ ਦੇ ਆਰਚਬਿਸ਼ਪ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਚਰਚਾਂ ਦੇ ਪਾਦਰੀਆਂ ਲਈ ਖ਼ਾਸ ਪਹਿਰਾਵਾ ਨਿਸ਼ਚਿਤ ਕਰੇ। ਪਿਉਰਿਟਨ ਈਸਾਈਆਂ ਨੇ ਦੇਖਿਆ ਕਿ ਇਸ ਹੁਕਮ ਨਾਲ ਕੈਥੋਲਿਕ ਪਾਦਰੀਆਂ ਵਾਲਾ ਪਹਿਰਾਵਾ ਪਾਉਣ ਦਾ ਰਿਵਾਜ ਫਿਰ ਤੋਂ ਸ਼ੁਰੂ ਹੋ ਜਾਣਾ ਸੀ, ਇਸ ਲਈ ਉਨ੍ਹਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਚਰਚ ਵਿਚ ਬਿਸ਼ਪਾਂ ਤੇ ਆਰਚਬਿਸ਼ਪਾਂ ਦੇ ਅਧਿਕਾਰ ਤੇ ਵੀ ਝਗੜਾ ਖੜ੍ਹਾ ਹੋ ਗਿਆ। ਅਲੀਜ਼ਬਥ ਨੇ ਬਿਸ਼ਪਾਂ ਨੂੰ ਉਨ੍ਹਾਂ ਦੀ ਪਦਵੀ ਤੇ ਲਾਈ ਰੱਖਿਆ ਤੇ ਉਨ੍ਹਾਂ ਤੋਂ ਸਹੁੰ ਚੁਕਾਈ ਕਿ ਉਹ ਉਸ ਨੂੰ ਚਰਚ ਦੀ ਮੁਖੀ ਸਮਝ ਕੇ ਉਸ ਦੀ ਆਗਿਆਕਾਰੀ ਕਰਨਗੇ।

ਸੈਪਰਿਟਸਟ ਤੋਂ ਪਿਲਗ੍ਰਿਮ

ਅਲੀਜ਼ਬਥ ਤੋਂ ਬਾਅਦ ਜੇਮਜ਼ ਪਹਿਲਾ ਸੰਨ 1603 ਵਿਚ ਰਾਜਾ ਬਣਿਆ ਤੇ ਉਸ ਨੇ ਸੈਪਰਿਟਸਟਾਂ ਨੂੰ ਆਪਣੇ ਅਧਿਕਾਰ ਅਧੀਨ ਆਉਣ ਲਈ ਮਜਬੂਰ ਕੀਤਾ। ਸੰਨ 1608 ਵਿਚ ਸਕਰੂਬੀ ਸ਼ਹਿਰ ਦੀ ਸੈਪਰਿਟਸਟ ਕਲੀਸਿਯਾ ਹਾਲੈਂਡ ਭੱਜ ਗਈ ਕਿਉਂਕਿ ਉੱਥੇ ਲੋਕਾਂ ਨੂੰ ਆਪੋ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਸੀ। ਪਰ ਦੂਜੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਤੇ ਲੋਕਾਂ ਦੇ ਮਾੜੇ ਚਾਲ-ਚਲਣ ਕਰਕੇ ਹਾਲੈਂਡ ਵਿਚ ਰਹਿਣਾ ਸੈਪਰਿਟਸਟ ਈਸਾਈਆਂ ਲਈ ਇੰਗਲੈਂਡ ਨਾਲੋਂ ਵੀ ਜ਼ਿਆਦਾ ਮੁਸ਼ਕਲ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਯੂਰਪ ਛੱਡ ਕੇ ਉੱਤਰੀ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਆਪਣੇ ਵਿਸ਼ਵਾਸਾਂ ਦੀ ਖ਼ਾਤਰ ਆਪਣੇ ਘਰ-ਬਾਰ ਛੱਡ ਕੇ ਇੰਨੀ ਦੂਰ ਜਾਣ ਲਈ ਤਿਆਰ ਹੋਣ ਕਰਕੇ ਹੌਲੀ-ਹੌਲੀ ਸੈਪਰਿਟਸਟਾਂ ਦਾ ਨਾਂ ਪਿਲਗ੍ਰਿਮ ਪੈ ਗਿਆ।

ਪਿਲਗ੍ਰਿਮ ਈਸਾਈਆਂ ਨੇ, ਜਿਸ ਵਿਚ ਬਹੁਤ ਸਾਰੇ ਸੈਪਰਿਟਸਟ ਪੰਥ ਦੇ ਮੈਂਬਰ ਵੀ ਸਨ, ਅਮਰੀਕਾ ਵਿਚ ਬਰਤਾਨਵੀ ਬਸਤੀ ਵਰਜੀਨੀਆ ਵਿਚ ਵਸਣ ਦੀ ਇਜਾਜ਼ਤ ਲੈ ਲਈ। ਫਿਰ ਉਹ ਸਤੰਬਰ 1620 ਵਿਚ ਮੇਫਲਾਵਰ ਨਾਂ ਦੇ ਸਮੁੰਦਰੀ ਜਹਾਜ਼ ਰਾਹੀਂ ਅਮਰੀਕਾ ਲਈ ਰਵਾਨਾ ਹੋਏ। ਉੱਤਰੀ ਅੰਧ ਮਹਾਂਸਾਗਰ ਦੇ ਤੂਫ਼ਾਨਾਂ ਨੂੰ ਪਾਰ ਕਰ ਕੇ ਤਕਰੀਬਨ 100 ਨਿਆਣੇ-ਸਿਆਣੇ ਦੋ ਮਹੀਨਿਆਂ ਬਾਅਦ ਕੇਪ ਕੌਡ ਪਹੁੰਚੇ ਜੋ ਵਰਜੀਨੀਆ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ। ਉੱਥੇ ਉਨ੍ਹਾਂ ਨੇ ਮੇਫਲਾਵਰ ਸੰਧੀ ਤਿਆਰ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਇਕ ਭਾਈਚਾਰੇ ਵਿਚ ਰਹਿਣਗੇ ਤੇ ਇਸ ਦੇ ਕਾਨੂੰਨਾਂ ਦੀ ਪਾਲਣਾ ਕਰਨਗੇ। ਉਹ 21 ਦਸੰਬਰ 1620 ਨੂੰ ਪਲੀਮਥ ਵਿਚ ਵਸ ਗਏ।

ਅਮਰੀਕਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ

ਇਨ੍ਹਾਂ ਲੋਕਾਂ ਨੂੰ ਅਮਰੀਕਾ ਦੀਆਂ ਸਰਦੀਆਂ ਬਾਰੇ ਪਤਾ ਨਹੀਂ ਸੀ, ਇਸ ਲਈ ਉਹ ਸਰਦੀਆਂ ਵਾਸਤੇ ਕੋਈ ਇੰਤਜ਼ਾਮ ਕਰ ਕੇ ਨਹੀਂ ਆਏ ਸਨ। ਠੰਢ ਕਰਕੇ ਕੁਝ ਹੀ ਮਹੀਨਿਆਂ ਵਿਚ ਅੱਧੇ ਕੁ ਲੋਕ ਮਰ ਗਏ। ਫਿਰ ਠੰਢ ਘੱਟਣ ਨਾਲ ਇਨ੍ਹਾਂ ਨੂੰ ਰਾਹਤ ਮਿਲੀ। ਬਚੇ ਹੋਏ ਲੋਕਾਂ ਨੇ ਘਰ ਬਣਾਏ ਤੇ ਰੈੱਡ ਇੰਡੀਅਨਾਂ ਕੋਲੋਂ ਅਨਾਜ ਵਗੈਰਾ ਦੀ ਖੇਤੀ ਕਰਨੀ ਸਿੱਖੀ। ਸੰਨ 1621 ਦੀ ਪਤਝੜ ਤਕ ਪਿਲਗ੍ਰਿਮ ਈਸਾਈ ਇੰਨੇ ਮਾਲਾਮਾਲ ਹੋ ਗਏ ਕਿ ਉਨ੍ਹਾਂ ਨੇ ਬਰਕਤਾਂ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਵਾਸਤੇ ਇਕ ਖ਼ਾਸ ਦਿਨ ਰੱਖਿਆ। ਉਸ ਸਮੇਂ ਤੋਂ ਥੈਂਕਸਗਿਵਿੰਗ ਹਾਲੀਡੇ ਨਾਂ ਦਾ ਤਿਉਹਾਰ ਸ਼ੁਰੂ ਹੋਇਆ ਜੋ ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਯੂਰਪ ਤੋਂ ਹੋਰ ਪਿਲਗ੍ਰਿਮ ਵੀ ਅਮਰੀਕਾ ਆ ਗਏ ਤੇ 15 ਸਾਲਾਂ ਦੇ ਅੰਦਰ-ਅੰਦਰ ਪਲੀਮਥ ਵਿਚ ਉਨ੍ਹਾਂ ਦੀ ਗਿਣਤੀ 2,000 ਤੋਂ ਉੱਪਰ ਹੋ ਗਈ।

ਇਸ ਸਮੇਂ ਦੌਰਾਨ ਇੰਗਲੈਂਡ ਵਿਚ ਕੁਝ ਪਿਉਰਿਟਨਾਂ ਨੇ ਵੀ ਸੈਪਰਿਟਸਟਾਂ ਵਾਂਗ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਧਰਮ ਉੱਤੇ ਚੱਲਣ ਦੀ ਆਜ਼ਾਦੀ ਅਮਰੀਕਾ ਵਿਚ ਹੀ ਮਿਲੇਗੀ। ਇਸ ਲਈ ਸੰਨ 1630 ਵਿਚ ਪਿਉਰਿਟਨਾਂ ਦਾ ਇਕ ਸਮੂਹ ਪਲੀਮਥ ਦੇ ਉੱਤਰ ਵਿਚ ਮੈਸੇਚਿਉਸੇਟਸ ਬੇ ਪਹੁੰਚਿਆ ਤੇ ਉਨ੍ਹਾਂ ਨੇ ਉੱਥੇ ਆਪਣੀ ਕਲੋਨੀ ਸਥਾਪਿਤ ਕੀਤੀ। ਸੰਨ 1640 ਤਕ 20,000 ਲੋਕ ਇੰਗਲੈਂਡ ਤੋਂ ਆ ਕੇ ਅਮਰੀਕਾ ਵਿਚ ਰਹਿ ਰਹੇ ਸਨ। ਸੰਨ 1691 ਵਿਚ ਮੈਸੇਚਿਉਸੇਟਸ ਬੇ ਕਲੋਨੀ ਪਲੀਮਥ ਨਾਲ ਮਿਲ ਗਈ। ਇਸ ਤੋਂ ਬਾਅਦ ਸੈਪਰਿਟਸਟ ਤੇ ਪਿਲਗ੍ਰਿਮਾਂ ਦਰਮਿਆਨ ਇੰਨਾ ਫ਼ਰਕ ਨਾ ਰਿਹਾ। ਜਿਉਂ-ਜਿਉਂ ਪਿਉਰਿਟਨ ਈਸਾਈਆਂ ਦਾ ਧਰਮ ਪ੍ਰਚਲਿਤ ਹੁੰਦਾ ਚਲਾ ਗਿਆ ਤਿਉਂ-ਤਿਉਂ ਉਸ ਇਲਾਕੇ ਦਾ ਬੋਸਟਨ ਸ਼ਹਿਰ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਪਰ ਉਹ ਭਗਤੀ ਕਿਵੇਂ ਕਰਦੇ ਸਨ?

ਪਿਉਰਿਟਨਾਂ ਦੀ ਭਗਤੀ

ਅਮਰੀਕਾ ਵਿਚ ਪਿਉਰਿਟਨਾਂ ਨੇ ਪਹਿਲਾਂ ਲੱਕੜ ਦੇ ਸਭਾ-ਘਰ ਬਣਾਏ ਜਿਨ੍ਹਾਂ ਵਿਚ ਉਹ ਹਰ ਐਤਵਾਰ ਸਵੇਰ ਸਭਾਵਾਂ ਕਰਦੇ ਸਨ। ਚੰਗੇ ਮੌਸਮ ਦੌਰਾਨ ਤਾਂ ਸਭਾ-ਘਰ ਵਿਚ ਬੈਠਣਾ ਆਸਾਨ ਸੀ, ਪਰ ਸਰਦੀਆਂ ਵਿਚ ਠੰਢ ਕੱਟੜ ਤੋਂ ਕੱਟੜ ਪਿਉਰਿਟਨ ਦੀ ਸਹਿਣਸ਼ੀਲਤਾ ਪਰਖਦੀ ਸੀ। ਸਭਾ-ਘਰ ਨੂੰ ਗਰਮ ਰੱਖਣ ਦਾ ਕੋਈ ਇੰਤਜ਼ਾਮ ਨਾ ਹੋਣ ਕਰਕੇ ਸਭਾ ਵਿਚ ਆਏ ਲੋਕ ਜਲਦੀ ਹੀ ਠਰ-ਠਰ ਕਰਨ ਲੱਗ ਪੈਂਦੇ ਸਨ। ਭਾਸ਼ਣ ਦੇਣ ਵਾਲੇ ਅਕਸਰ ਦਸਤਾਨੇ ਪਾਉਂਦੇ ਸਨ ਤਾਂਕਿ ਹਾਵ-ਭਾਵ ਕਰਨ ਵੇਲੇ ਉਨ੍ਹਾਂ ਦੇ ਹੱਥ ਠੰਢੀ ਸੀਤ ਹਵਾ ਵਿਚ ਸੁੰਨ ਨਾ ਹੋ ਜਾਣ।

ਪਿਉਰਿਟਨਾਂ ਦੀਆਂ ਸਿੱਖਿਆਵਾਂ ਫਰਾਂਸੀਸੀ ਪ੍ਰੋਟੈਸਟੈਂਟ ਸੁਧਾਰਕ ਜੌਨ ਕੈਲਵਿਨ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਸਨ। ਉਹ ਕਿਸਮਤ ਵਿਚ ਵਿਸ਼ਵਾਸ ਰੱਖਦੇ ਸਨ ਤੇ ਮੰਨਦੇ ਸਨ ਕਿ ਪਰਮੇਸ਼ੁਰ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਕਿਨ੍ਹਾਂ ਨੂੰ ਬਚਾਏਗਾ ਤੇ ਕਿਨ੍ਹਾਂ ਨੂੰ ਨਰਕਾਂ ਦੀ ਭੱਠੀ ਵਿਚ ਝੋਖੇਗਾ। ਉਹ ਮੰਨਦੇ ਸੀ ਕਿ ਲੋਕ ਭਾਵੇਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜੋ ਮਰਜ਼ੀ ਕਰਨ, ਉਹ ਆਪਣੀ ਕਿਸਮਤ ਨਹੀਂ ਬਦਲ ਸਕਦੇ ਸਨ। ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਮਰਨ ਤੋਂ ਬਾਅਦ ਉਹ ਸਵਰਗ ਵਿਚ ਠੰਢੀਆਂ ਛਾਵਾਂ ਮਾਣੇਗਾ ਜਾਂ ਫਿਰ ਨਰਕ ਦੀ ਅੱਗ ਵਿਚ ਬਲਦਾ ਰਹੇਗਾ।

ਪਰ ਸਮੇਂ ਦੇ ਬੀਤਣ ਨਾਲ ਪਿਉਰਿਟਨ ਪਾਦਰੀ ਤੋਬਾ ਦਾ ਸੰਦੇਸ਼ ਵੀ ਦੇਣ ਲੱਗ ਪਏ। ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਭਾਵੇਂ ਪਰਮੇਸ਼ੁਰ ਰਹਿਮਦਿਲ ਹੈ, ਪਰ ਜੋ ਉਸ ਦੇ ਹੁਕਮ ਤੋੜੇਗਾ ਉਸ ਨੂੰ ਨਰਕਾਂ ਦੇ ਦਰ ਤੇ ਸੁੱਟਿਆ ਜਾਵੇਗਾ। ਉਨ੍ਹਾਂ ਪ੍ਰਚਾਰਕਾਂ ਨੇ ਲੋਕਾਂ ਨੂੰ ਆਪਣੀ ਮੁੱਠੀ ਵਿਚ ਰੱਖਣ ਲਈ ਨਰਕ ਦੀ ਅੱਗ ਨੂੰ ਬੁੱਝਣ ਨਹੀਂ ਦਿੱਤਾ ਤੇ ਇਸ ਨੂੰ ਬਲਦੀ ਰੱਖਿਆ। ਜੋਨਾਥਨ ਐਡਵਰਡਜ਼ ਨਾਂ ਦੇ ਇਕ 18ਵੀਂ ਸਦੀ ਦੇ ਪ੍ਰਚਾਰਕ ਨੇ “ਕ੍ਰੋਧੀ ਪਰਮੇਸ਼ੁਰ ਦੇ ਹੱਥਾਂ ਵਿਚ ਪਾਪੀ” ਨਾਂ ਦੇ ਵਿਸ਼ੇ ਤੇ ਭਾਸ਼ਣ ਦਿੱਤਾ। ਭਾਸ਼ਣ ਵਿਚ ਉਸ ਨੇ ਨਰਕ ਦੀ ਇੰਨੀ ਭਿਆਨਕ ਤਸਵੀਰ ਬਣਾਈ ਕਿ ਲੋਕਾਂ ਦੇ ਦਿਲ ਦਹਿਲ ਗਏ ਤੇ ਦੂਸਰੇ ਪਾਦਰੀਆਂ ਨੂੰ ਪਰੇਸ਼ਾਨ ਲੋਕਾਂ ਨੂੰ ਹੌਸਲਾ ਦੇਣਾ ਪਿਆ।

ਦੂਸਰੇ ਇਲਾਕਿਆਂ ਤੋਂ ਆ ਕੇ ਮੈਸੇਚਿਉਸੇਟਸ ਵਿਚ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਸਰਕਾਰੀ ਅਧਿਕਾਰੀਆਂ ਨੇ ਕੁਏਕਰ ਨਾਂ ਦੀ ਈਸਾਈ ਪੰਥ ਦੀ ਪ੍ਰਚਾਰਕ ਮੈਰੀ ਡਾਇਰ ਨੂੰ ਤਿੰਨ ਵਾਰ ਉੱਥੋਂ ਕੱਢਿਆ, ਪਰ ਉਹ ਵਾਪਸ ਆਉਂਦੀ ਰਹੀ ਤੇ ਆਪਣੇ ਵਿਚਾਰਾਂ ਦਾ ਖੁੱਲ੍ਹੇ-ਆਮ ਪ੍ਰਚਾਰ ਕਰਦੀ ਰਹੀ। ਅਧਿਕਾਰੀਆਂ ਨੇ 1 ਜੂਨ 1660 ਨੂੰ ਬੋਸਟਨ ਵਿਚ ਉਸ ਨੂੰ ਫਾਹੇ ਲਾ ਦਿੱਤਾ। ਇਕ ਹੋਰ ਜੋਸ਼ੀਲਾ ਪ੍ਰਚਾਰਕ ਫਿਲਿੱਪ ਰੈਟਕਲਿਫ਼ ਸੀ। ਉਹ ਇਹ ਗੱਲ ਭੁੱਲ ਗਿਆ ਸੀ ਕਿ ਪਿਉਰਿਟਨ ਆਗੂ ਆਪਣੇ ਵਿਰੋਧੀਆਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆਉਂਦੇ ਸਨ। ਉਸ ਨੇ ਸਰਕਾਰ ਅਤੇ ਸੇਲਮ ਦੇ ਚਰਚ ਖ਼ਿਲਾਫ਼ ਭਾਸ਼ਣ ਦਿੱਤੇ ਜਿਸ ਕਰਕੇ ਉਸ ਨੂੰ ਕੋਰੜੇ ਮਾਰੇ ਗਏ ਤੇ ਜੁਰਮਾਨਾ ਕੀਤਾ ਗਿਆ। ਇਹ ਪੱਕਾ ਕਰਨ ਲਈ ਕਿ ਉਹ ਇਹ ਗੱਲ ਕਦੀ ਨਾ ਭੁੱਲੇ, ਉਨ੍ਹਾਂ ਨੇ ਉਸ ਦੇ ਦੋਵੇਂ ਕੰਨ ਕੱਟ ਦਿੱਤੇ। ਪਿਉਰਿਟਨ ਦੀ ਦੂਜੇ ਪੰਥਾਂ ਪ੍ਰਤੀ ਅਸਹਿਣਸ਼ੀਲਤਾ ਕਰਕੇ ਲੋਕ ਮੈਸੇਚਿਉਸੇਟਸ ਛੱਡ ਕੇ ਦੂਸਰੀਆਂ ਬਸਤੀਆਂ ਵਿਚ ਜਾ ਕੇ ਰਹਿਣ ਲੱਗ ਪਏ।

ਹੈਂਕੜ ਬਣੀ ਕਤਲਾਮ ਦੀ ਵਜ੍ਹਾ

ਪਿਉਰਿਟਨ ਆਪਣੇ ਆਪ ਨੂੰ ਪਰਮੇਸ਼ੁਰ ਦੇ ‘ਚੁਣੇ ਹੋਏ ਲੋਕ’ ਮੰਨਦੇ ਸਨ, ਜਿਸ ਕਰਕੇ ਉਨ੍ਹਾਂ ਨੇ ਰੈੱਡ ਇੰਡੀਅਨਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਫਸਾਦ ਦੀ ਜੜ੍ਹ ਬਣੀ ਤੇ ਕੁਝ ਰੈੱਡ ਇੰਡੀਅਨਾਂ ਨੇ ਉਨ੍ਹਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਲਈ ਪਿਉਰਿਟਨ ਆਗੂਆਂ ਨੇ ਸਬਤ ਦੇ ਨਿਯਮ ਵਿਚ ਥੋੜ੍ਹੀ ਛੂਟ ਦੇ ਦਿੱਤੀ ਤਾਂਕਿ ਆਦਮੀ ਸਭਾ ਵਿਚ ਆਉਂਦੇ ਵੇਲੇ ਆਪਣੇ ਨਾਲ ਬੰਦੂਕਾਂ ਰੱਖ ਸਕਣ। ਫਿਰ 1675 ਵਿਚ ਪਾਣੀ ਸਿਰੋਂ ਲੰਘ ਗਿਆ।

ਵਾਮਪਨੋਅਗ ਨਾਂ ਦੇ ਰੈੱਡ ਇੰਡੀਅਨਾਂ ਦੇ ਰਾਜੇ ਮੈਟਾਕੋਮਟ ਉਰਫ਼ ਰਾਜਾ ਫ਼ਿਲਿਪ ਨੇ ਜਦੋਂ ਦੇਖਿਆ ਕਿ ਉਸ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਸਨ, ਤਾਂ ਉਸ ਨੇ ਪਿਉਰਿਟਨਾਂ ਦੀਆਂ ਬਸਤੀਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਉਨ੍ਹਾਂ ਦੇ ਘਰ ਫੂਕ ਦਿੱਤੇ ਤੇ ਲੋਕਾਂ ਨੂੰ ਜਾਨੋਂ ਮਾਰ ਦਿੱਤਾ। ਪਿਉਰਿਟਨਾਂ ਨੇ ਵੀ ਹਥਿਆਰ ਚੁੱਕੇ ਤੇ ਇਹ ਲੜਾਈ ਕਈ ਮਹੀਨਿਆਂ ਤਕ ਚੱਲਦੀ ਰਹੀ। ਅਗਸਤ 1676 ਵਿਚ ਪਿਉਰਿਟਨਾਂ ਨੇ ਰ੍ਹੋਡ ਟਾਪੂ ਉੱਤੇ ਰਾਜਾ ਫ਼ਿਲਿਪ ਨੂੰ ਫੜ ਲਿਆ। ਉਨ੍ਹਾਂ ਨੇ ਉਸ ਦਾ ਸਿਰ ਕਲਮ ਕਰ ਦਿੱਤਾ ਤੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ। ਇਸ ਤਰ੍ਹਾਂ ਰਾਜਾ ਫ਼ਿਲਿਪ ਦੀ ਲੜਾਈ ਅਤੇ ਅਮਰੀਕਾ ਵਿਚ ਰੈੱਡ ਇੰਡੀਅਨਾਂ ਦੀ ਆਜ਼ਾਦੀ ਖ਼ਤਮ ਹੋ ਗਈ।

ਅਠਾਰਵੀਂ ਸਦੀ ਦੌਰਾਨ ਪਿਉਰਿਟਨਾਂ ਨੇ ਇਕ ਹੋਰ ਖੇਤਰ ਵਿਚ ਆਪਣਾ ਜੋਸ਼ ਦਿਖਾਉਣਾ ਸ਼ੁਰੂ ਕਰ ਦਿੱਤਾ। ਮੈਸੇਚਿਉਸੇਟਸ ਵਿਚ ਕੁਝ ਪਾਦਰੀਆਂ ਨੇ ਬਰਤਾਨਵੀ ਰਾਜ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਦੇ ਮਨਾਂ ਵਿਚ ਆਜ਼ਾਦੀ ਦੀ ਚਾਹਤ ਪੈਦਾ ਕੀਤੀ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਰਾਜਨੀਤੀ ਤੇ ਧਰਮ ਨੂੰ ਮਿਲਾ ਦਿੱਤਾ।

ਪਿਉਰਿਟਨ ਸਖ਼ਤ ਮਿਹਨਤ ਕਰਨ ਵਾਲੇ, ਦਲੇਰ ਤੇ ਆਪਣੇ ਧਰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ। ਲੋਕ ਅਜੇ ਵੀ ਉਨ੍ਹਾਂ ਦੇ ਚੰਗੇ ਚਾਲ-ਚਲਣ ਤੇ ਈਮਾਨਦਾਰੀ ਦੀ ਮਿਸਾਲ ਦਿੰਦੇ ਹਨ। ਪਰ ਉਹ ਕਈ ਝੂਠੀਆਂ ਸਿੱਖਿਆਵਾਂ ਨੂੰ ਵੀ ਮੰਨਦੇ ਸਨ। ਉਨ੍ਹਾਂ ਨੇ ਧਰਮ ਤੇ ਰਾਜਨੀਤੀ ਨੂੰ ਆਪਸ ਵਿਚ ਮਿਲਾ ਦਿੱਤਾ ਜੋ ਯਿਸੂ ਮਸੀਹ ਨੇ ਕਦੇ ਨਹੀਂ ਕੀਤਾ ਸੀ। (ਯੂਹੰਨਾ 6:15; 18:36) ਉਨ੍ਹਾਂ ਦੀ ਬੇਰਹਿਮੀ ਬਾਈਬਲ ਦੀ ਇਸ ਅਹਿਮ ਸੱਚਾਈ ਦੇ ਬਿਲਕੁਲ ਉਲਟ ਹੈ ਕਿ “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।”—1 ਯੂਹੰਨਾ 4:8.

ਕੀ ਤੁਹਾਡੇ ਧਰਮ ਵਿਚ ਨਰਕ, ਕਿਸਮਤ ਤੇ ਪੁਨਰ-ਜਨਮ ਵਰਗੀਆਂ ਝੂਠੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ? ਕੀ ਤੁਹਾਡੇ ਧਰਮ ਗੁਰੂ ਰਾਜਨੀਤਿਕ ਕੰਮਾਂ ਵਿਚ ਹਿੱਸਾ ਲੈਂਦੇ ਹਨ? ਪਰਮੇਸ਼ੁਰ ਦੇ ਬਚਨ ਬਾਈਬਲ ਦਾ ਲਗਨ ਨਾਲ ਅਧਿਐਨ ਕਰੋ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ “ਸ਼ੁੱਧ ਅਤੇ ਨਿਰਮਲ ਭਗਤੀ” ਕਿੱਦਾਂ ਕਰ ਸਕਦੇ ਹੋ।—ਯਾਕੂਬ 1:27. (g 2/06)

[ਸਫ਼ਾ 29 ਉੱਤੇ ਡੱਬੀ/ਤਸਵੀਰ]

ਪਿਉਰਿਟਨ ਤੇ ਨਰਕ

ਪਿਉਰਿਟਨਾਂ ਨੇ ਨਰਕ ਦੀ ਸਿੱਖਿਆ ਦਿੱਤੀ ਜੋ ਬਾਈਬਲ ਵਿਚ ਨਹੀਂ ਪਾਈ ਜਾਂਦੀ। ਬਾਈਬਲ ਸਿਖਾਉਂਦੀ ਹੈ ਕਿ ਮਰੇ ਹੋਏ ਲੋਕ ਅਚੇਤ ਹਨ, ਉਹ ਨਾ ਤਾਂ ਦੁੱਖ ਸਹਿੰਦੇ ਹਨ ਤੇ ਨਾ ਹੀ ਸੁਖ ਭੋਗਦੇ ਹਨ। (ਉਪਦੇਸ਼ਕ ਦੀ ਪੋਥੀ 9:5, 10) ਇਸ ਤੋਂ ਇਲਾਵਾ, ਇਹ ਗੱਲ ਕਦੀ ਸੱਚੇ ਪਰਮੇਸ਼ੁਰ ਦੇ ‘ਮਨ ਵਿੱਚ ਹੀ ਨਹੀਂ ਆਈ’ ਕਿ ਇਨਸਾਨ ਨੂੰ ਨਰਕ ਦੀ ਅੱਗ ਵਿਚ ਤਸੀਹੇ ਦਿੱਤੇ ਜਾਣ। (ਯਿਰਮਿਯਾਹ 19:5; 1 ਯੂਹੰਨਾ 4:8) ਉਹ ਇਨਸਾਨਾਂ ਨੂੰ ਗੁਜ਼ਾਰਸ਼ ਕਰਦਾ ਹੈ ਕਿ ਉਹ ਗ਼ਲਤ ਕੰਮ ਛੱਡਣ। ਉਹ ਤਾਂ ਤੋਬਾ ਨਾ ਕਰਨ ਵਾਲੇ ਲੋਕਾਂ ਨਾਲ ਵੀ ਦਇਆ ਨਾਲ ਪੇਸ਼ ਆਉਂਦਾ ਹੈ। (ਹਿਜ਼ਕੀਏਲ 33:11) ਪਰ ਪਿਉਰਿਟਨਾਂ ਨੇ ਪਰਮੇਸ਼ੁਰ ਦੇ ਇਨ੍ਹਾਂ ਚੰਗੇ ਗੁਣਾਂ ਦੀ ਸਿੱਖਿਆ ਦੇਣ ਦੀ ਬਜਾਇ ਲੋਕਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਜ਼ਾਲਮ ਸੀ ਤੇ ਬਦਲਾ ਲਏ ਬਿਨਾਂ ਨਹੀਂ ਰਹਿੰਦਾ। ਉਨ੍ਹਾਂ ਨੂੰ ਜ਼ਿੰਦਗੀ ਦੀ ਕੋਈ ਕਦਰ ਨਹੀਂ ਸੀ ਤੇ ਆਪਣੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਉਹ ਹਿੰਸਾ ਦਾ ਸਹਾਰਾ ਲੈਂਦੇ ਸਨ।

[ਸਫ਼ਾ 26 ਉੱਤੇ ਤਸਵੀਰ]

ਉੱਤਰੀ ਅਮਰੀਕਾ ਪਹੁੰਚੇ ਪਿਲਗ੍ਰਿਮ, 1620

[ਕ੍ਰੈਡਿਟ ਲਾਈਨ]

Harper’s Encyclopædia of United States History

[ਸਫ਼ਾ 28 ਉੱਤੇ ਤਸਵੀਰ]

ਪਹਿਲਾ ਥੈਂਕਸਗੀਵਿੰਗ ਤਿਉਹਾਰ ਮਨਾਉਂਦੇ ਹੋਏ, 1621

[ਸਫ਼ਾ 28 ਉੱਤੇ ਤਸਵੀਰ]

ਪਿਉਰਿਟਨ ਸਭਾ-ਘਰ, ਮੈਸੇਚਿਉਸੇਟਸ

[ਸਫ਼ਾ 28 ਉੱਤੇ ਤਸਵੀਰ]

ਜੌਨ ਕੈਲਵਿਨ

[ਸਫ਼ਾ 28 ਉੱਤੇ ਤਸਵੀਰ]

ਜੋਨਾਥਨ ਐਡਵਰਡਜ਼

[ਸਫ਼ਾ 29 ਉੱਤੇ ਤਸਵੀਰ]

ਬੰਦੂਕ ਲੈ ਕੇ ਇਕ ਪਿਉਰਿਟਨ ਜੋੜਾ ਚਰਚ ਜਾਂਦਾ ਹੋਇਆ

[ਸਫ਼ਾ 27 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Library of Congress, Prints & Photographs Division

[ਸਫ਼ਾ 28 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Top left: Snark/Art Resource, NY; top right: Harper’s Encyclopædia of United States History; John Calvin: Portrait in Paul Henry’s Life of Calvin, from the book The History of Protestantism (Vol. II); Jonathan Edwards: Dictionary of American Portraits/Dover

[ਸਫ਼ਾ 29 ਤਸਵੀਰ ਦੀ ਕ੍ਰੈਡਿਟ ਲਾਈਨ]

Photos: North Wind Picture Archives