Skip to content

Skip to table of contents

‘ਮੈਂ ਮਰਨ ਤੋਂ ਪਹਿਲਾਂ ਰੱਬ ਦੀ ਸੇਵਾ ਕਰਨੀ ਚਾਹੁੰਦੀ ਹਾਂ’

‘ਮੈਂ ਮਰਨ ਤੋਂ ਪਹਿਲਾਂ ਰੱਬ ਦੀ ਸੇਵਾ ਕਰਨੀ ਚਾਹੁੰਦੀ ਹਾਂ’

‘ਮੈਂ ਮਰਨ ਤੋਂ ਪਹਿਲਾਂ ਰੱਬ ਦੀ ਸੇਵਾ ਕਰਨੀ ਚਾਹੁੰਦੀ ਹਾਂ’

ਮੇਮੀ ਫ੍ਰੀ ਦੀ ਕਹਾਣੀ

ਸਾਲ 1990 ਵਿਚ ਲਾਈਬੀਰੀਆ ਵਿਚ ਘਰੇਲੂ ਯੁੱਧ ਛਿੜ ਪਿਆ। ਇਸ ਯੁੱਧ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਕ੍ਰਾਹਨ ਕਬੀਲੇ ਦੀ 12 ਸਾਲਾਂ ਦੀ ਕੁੜੀ ਮੇਮੀ ਤੇ ਉਸ ਦਾ ਪਰਿਵਾਰ ਆਪਣੇ ਘਰ ਵਿਚ ਹੀ ਕੈਦੀ ਬਣ ਕੇ ਰਹਿ ਗਏ। ਉਹ ਲਾਈਬੀਰੀਆ ਦੀ ਰਾਜਧਾਨੀ ਮਨਰੋਵੀਆ ਵਿਚ ਰਹਿੰਦੇ ਸਨ। ਮੇਮੀ ਦੱਸਦੀ ਹੈ: “ਨਾਲ ਦੇ ਘਰ ਤੋਂ ਵੱਡੇ ਧਮਾਕੇ ਦੀ ਆਵਾਜ਼ ਆਈ। ਗੁਆਂਢੀਆਂ ਦੇ ਘਰ ਵਿਚ ਮਿਜ਼ਾਈਲ ਵੱਜਣ ਨਾਲ ਅੱਗ ਲੱਗ ਗਈ ਸੀ। ਛੇਤੀ ਹੀ ਅੱਗ ਦੀਆਂ ਲਪਟਾਂ ਨੇ ਸਾਡੇ ਘਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।” ਸੋ ਮੇਮੀ ਨੂੰ ਆਪਣੀ ਮਾਂ ਤੇ ਮਾਮੇ ਨਾਲ ਮਜਬੂਰਨ ਘਰੋਂ ਬਾਹਰ ਭੱਜਣਾ ਪਿਆ, ਜਦ ਕਿ ਹਰ ਪਾਸੇ ਗੋਲਾਬਾਰੀ ਹੋ ਰਹੀ ਸੀ।

“ਅਚਾਨਕ ਮੇਰੇ ਕੁਝ ਵੱਜਾ,” ਮੇਮੀ ਚੇਤੇ ਕਰਦੀ ਹੈ।

ਮੇਰੀ ਮਾਂ ਨੇ ਪੁੱਛਿਆ, “ਕੀ ਹੋਇਆ?”।

“ਲੱਗਦਾ ਮੇਰੇ ਗੋਲੀ ਵੱਜੀ ਹੈ,” ਮੈਂ ਜਵਾਬ ਦਿੱਤਾ।

ਅਸਹਿ ਪੀੜ ਕਾਰਨ ਮੇਮੀ ਜ਼ਮੀਨ ਤੇ ਡਿੱਗ ਪਈ। ਉਸ ਨੇ ਪਰਮੇਸ਼ੁਰ ਨੂੰ ਦੁਹਾਈ ਦਿੱਤੀ: “ਹੇ ਰੱਬਾ, ਮੇਰੀ ਸੁਣ ਲੈ। ਮੈਂ ਮਰਨ ਵਾਲੀ ਹਾਂ, ਪਰ ਮੈਂ ਮਰਨ ਤੋਂ ਪਹਿਲਾਂ ਤੇਰੀ ਸੇਵਾ ਕਰਨੀ ਚਾਹੁੰਦੀ ਹਾਂ।” ਇੰਨਾ ਕਹਿ ਕੇ ਉਹ ਬੇਹੋਸ਼ ਹੋ ਗਈ।

ਮੇਮੀ ਨੂੰ ਮਰੀ ਸਮਝ ਕੇ ਗੁਆਂਢੀ ਉਸ ਨੂੰ ਨੇੜੇ ਹੀ ਸਮੁੰਦਰ ਦੇ ਕੰਢੇ ਤੇ ਦਫ਼ਨਾ ਦੇਣਾ ਚਾਹੁੰਦੇ ਸਨ। ਪਰ ਉਸ ਦੀ ਮਾਂ ਨੇ ਮੇਮੀ ਨੂੰ ਹਸਪਤਾਲ ਲੈ ਜਾਣ ਦੀ ਜ਼ਿੱਦ ਕੀਤੀ। ਹਸਪਤਾਲ ਪਹਿਲਾਂ ਹੀ ਫੱਟੜ ਆਦਮੀਆਂ, ਔਰਤਾਂ ਤੇ ਬੱਚਿਆਂ ਨਾਲ ਭਰਿਆ ਪਿਆ ਸੀ। ਮੇਮੀ ਵਾਂਗ ਉਸ ਦਾ ਮਾਮਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਤੇ ਉਹ ਉਸੇ ਰਾਤ ਦਮ ਤੋੜ ਗਿਆ। ਮੇਮੀ ਬਚ ਤਾਂ ਗਈ, ਪਰ ਉਸ ਦੇ ਲੱਕ ਤੋਂ ਹੇਠਾਂ ਦੇ ਹਿੱਸੇ ਨੂੰ ਲਕਵਾ ਹੋ ਗਿਆ।

ਮੇਮੀ ਦੇ ਸਰੀਰ ਅੰਦਰਲੇ ਜ਼ਖ਼ਮਾਂ ਤੋਂ ਖ਼ੂਨ ਵਹਿੰਦਾ ਰਿਹਾ ਤੇ ਉਹ ਪੀੜ ਨਾਲ ਤੜਫ਼ਦੀ ਰਹੀ। ਚਾਰ ਮਹੀਨਿਆਂ ਬਾਅਦ ਡਾਕਟਰਾਂ ਨੇ ਉਸ ਦਾ ਐਕਸਰੇ ਲਿਆ ਤੇ ਇਸ ਤੋਂ ਪਤਾ ਲੱਗਾ ਕਿ ਗੋਲੀ ਉਸ ਦੇ ਦਿਲ ਤੇ ਫੇਫੜਿਆਂ ਵਿਚਕਾਰ ਫਸੀ ਹੋਈ ਸੀ। ਇਸ ਨੂੰ ਕੱਢਣ ਲਈ ਓਪਰੇਸ਼ਨ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਸੀ, ਇਸ ਲਈ ਮੇਮੀ ਦੀ ਮਾਂ ਉਸ ਨੂੰ ਨੀਮ-ਹਕੀਮ ਕੋਲ ਲੈ ਗਈ। ਮੇਮੀ ਚੇਤੇ ਕਰਦੀ ਹੈ: “ਉਸ ਹਕੀਮ ਨੇ ਮੇਰੀ ਚਮੜੀ ਨੂੰ ਬਲੇਡ ਨਾਲ ਚੀਰਿਆ ਅਤੇ ਫਿਰ ਉਹ ਜ਼ਖ਼ਮ ਨਾਲ ਮੂੰਹ ਲਗਾ ਕੇ ਗੋਲੀ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਨ ਲੱਗਾ। ਫਿਰ ਆਪਣੇ ਮੂੰਹ ਵਿੱਚੋਂ ਇਕ ਗੋਲੀ ਕੱਢਦੇ ਹੋਏ ਉਸ ਨੇ ਕਿਹਾ, ‘ਨਿਕਲ ਆਈ ਗੋਲੀ।’ ਅਸੀਂ ਉਸ ਦੀ ਫੀਸ ਦੇ ਕੇ ਘਰ ਮੁੜ ਆਈਆਂ।”

ਪਰ ਉਸ ਫਰੇਬੀ ਹਕੀਮ ਨੇ ਝੂਠ ਬੋਲਿਆ ਸੀ। ਦੁਬਾਰਾ ਐਕਸਰੇ ਕਰਾਉਣ ਤੇ ਪਤਾ ਲੱਗਾ ਕਿ ਗੋਲੀ ਉੱਥੇ ਦੀ ਉੱਥੇ ਹੀ ਸੀ। ਇਹ ਜਾਣ ਕੇ ਮੇਮੀ ਆਪਣੀ ਮਾਂ ਨਾਲ ਉਸੇ ਹਕੀਮ ਕੋਲ ਵਾਪਸ ਗਈ। ਪਰ ਉਸ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਗੋਲੀ ਤਾਂ ਉਸ ਨੇ ਕੱਢ ਦਿੱਤੀ ਸੀ, ਪਰ ਇਹ ਨੌਂ ਮਹੀਨਿਆਂ ਤਕ ਐਕਸਰੇ ਵਿਚ ਨਜ਼ਰ ਆਉਂਦੀ ਰਹੇਗੀ। ਉਸ ਤੇ ਵਿਸ਼ਵਾਸ ਕਰ ਕੇ ਮੇਮੀ ਘਰ ਆ ਗਈ ਤੇ ਠੀਕ ਹੋਣ ਦੀ ਉਡੀਕ ਕਰਨ ਲੱਗੀ। ਨਾਲ ਹੀ ਪੀੜ ਨੂੰ ਸਹਾਰਨ ਲਈ ਮੇਮੀ ਵੱਖ-ਵੱਖ ਦਵਾਈਆਂ ਲੈਂਦੀ ਰਹੀ। ਪਰ ਨੌਂ ਮਹੀਨਿਆਂ ਬਾਅਦ ਐਕਸਰੇ ਲੈਣ ਤੇ ਪਤਾ ਲੱਗਾ ਕਿ ਗੋਲੀ ਅਜੇ ਵੀ ਉੱਥੇ ਦੀ ਉੱਥੇ ਹੀ ਸੀ। ਜਦੋਂ ਉਹ ਵਾਪਸ ਹਕੀਮ ਕੋਲ ਗਈਆਂ, ਤਾਂ ਉਹ ਉੱਥੋਂ ਰਫ਼ੂ ਚੱਕਰ ਹੋ ਚੁੱਕਾ ਸੀ।

ਹੁਣ ਤਕ ਮੇਮੀ ਨੂੰ ਗੋਲੀ ਲੱਗੇ 18 ਮਹੀਨੇ ਹੋ ਚੁੱਕੇ ਸਨ। ਫਿਰ ਇਕ ਰਿਸ਼ਤੇਦਾਰ ਉਸ ਨੂੰ ਜਾਦੂ-ਟੂਣਾ ਕਰਨ ਵਾਲੀ ਕੋਲ ਲੈ ਗਿਆ। ਪਰ ਮੇਮੀ ਨੂੰ ਚੰਗਾ ਕਰਨ ਦੀ ਬਜਾਇ ਉਸ ਨੇ ਕਿਹਾ ਕਿ ਮੇਮੀ ਜਾਂ ਉਸ ਦੀ ਮਾਂ ਦੱਸੇ ਹੋਏ ਦਿਨ ਤੇ ਮਰ ਜਾਵੇਗੀ। ਮੇਮੀ ਉਦੋਂ 13 ਸਾਲ ਦੀ ਸੀ। ਉਹ ਕਹਿੰਦੀ ਹੈ: “ਇਹ ਸੁਣ ਕੇ ਮੈਂ ਬਹੁਤ ਰੋਈ। ਪਰ ਉਸ ਤੀਵੀਂ ਦੁਆਰਾ ਦੱਸਿਆ ਦਿਨ ਆ ਕੇ ਚਲਾ ਗਿਆ ਤੇ ਕੋਈ ਨਾ ਮਰਿਆ।”

ਇਸ ਤੋਂ ਬਾਅਦ ਮੇਮੀ ਦਾ ਚਾਚਾ ਉਸ ਨੂੰ ਇਕ ਚਰਚ ਦੇ ਧਰਮ ਗੁਰੂ ਕੋਲ ਲੈ ਗਿਆ। ਗੁਰੂ ਨੇ ਕਿਹਾ ਕਿ ਉਸ ਨੇ ਇਕ ਦਰਸ਼ਣ ਵਿਚ ਦੇਖਿਆ ਕਿ ਮੇਮੀ ਗੋਲੀ ਵੱਜਣ ਕਰਕੇ ਅਪੰਗ ਨਹੀਂ ਹੋਈ ਸੀ, ਸਗੋਂ ਕਿਸੇ ਨੇ ਉਸ ਤੇ ਜਾਦੂ ਕਰ ਦਿੱਤਾ ਸੀ। ਉਸ ਦਾ ਦਾਅਵਾ ਸੀ ਕਿ ਜੇ ਮੇਮੀ ਉਸ ਦੀਆਂ ਦੱਸੀਆਂ ਰੀਤਾਂ-ਰਸਮਾਂ ਨੂੰ ਨਿਭਾਵੇ, ਤਾਂ ਉਹ ਹਫ਼ਤੇ ਵਿਚ ਹੀ ਤੁਰਨ-ਫਿਰਨ ਲੱਗ ਪਵੇਗੀ। ਅੱਗੇ ਜੋ ਹੋਇਆ, ਉਸ ਬਾਰੇ ਮੇਮੀ ਦੱਸਦੀ ਹੈ: “ਮੈਂ ਉਸ ਦੇ ਕਹੇ ਅਨੁਸਾਰ ਬਾਕਾਇਦਾ ਸਮੁੰਦਰ ਦੇ ਪਾਣੀ ਨਾਲ ਇਸ਼ਨਾਨ ਕੀਤਾ, ਵਰਤ ਰੱਖੇ ਅਤੇ ਅੱਧੀ-ਅੱਧੀ ਰਾਤ ਨੂੰ ਘੰਟਿਆਂ ਬੱਧੀ ਫ਼ਰਸ਼ ਤੇ ਲੇਟ ਕੇ ਰਿੜ੍ਹਦੀ ਰਹੀ। ਪਰ ਫਿਰ ਵੀ ਮੇਰੀ ਹਾਲਤ ਵਿਚ ਕੋਈ ਸੁਧਾਰ ਨਾ ਆਇਆ।”

ਅਖ਼ੀਰ ਜਦ ਮੇਮੀ ਦੇ ਸ਼ਹਿਰ ਵਿਚ ਹੋਰ ਜ਼ਿਆਦਾ ਮੈਡੀਕਲ ਸਹੂਲਤਾਂ ਉਪਲਬਧ ਹੋ ਗਈਆਂ, ਤਾਂ ਡਾਕਟਰਾਂ ਨੇ ਓਪਰੇਸ਼ਨ ਕਰ ਕੇ ਗੋਲੀ ਕੱਢ ਦਿੱਤੀ। ਮੇਮੀ ਦੋ ਸਾਲ ਤਕ ਲਗਾਤਾਰ ਪੀੜ ਨਾਲ ਜੂਝਦੀ ਰਹੀ ਸੀ। ਉਹ ਯਾਦ ਕਰਦੀ ਹੈ: “ਓਪਰੇਸ਼ਨ ਤੋਂ ਬਾਅਦ ਮੈਨੂੰ ਪੀੜ ਤੋਂ ਰਾਹਤ ਮਿਲ ਗਈ ਤੇ ਸਾਹ ਲੈਣਾ ਵੀ ਅੱਗੇ ਨਾਲੋਂ ਸੌਖਾ ਹੋ ਗਿਆ ਸੀ। ਹਾਲਾਂਕਿ ਮੈਂ ਅਜੇ ਵੀ ਪੂਰੀ ਤਰ੍ਹਾਂ ਨਾਲ ਤੁਰ-ਫਿਰ ਨਹੀਂ ਸਕਦੀ ਸੀ, ਪਰ ਮੈਂ ਸੋਟੀ ਦੇ ਸਹਾਰੇ ਨਾਲ ਖੜ੍ਹੀ ਹੋ ਸਕਦੀ ਸਾਂ।”

ਯਹੋਵਾਹ ਦੇ ਗਵਾਹਾਂ ਨਾਲ ਮੁਲਾਕਾਤ

ਓਪਰੇਸ਼ਨ ਦੇ ਕੁਝ ਹਫ਼ਤਿਆਂ ਬਾਅਦ ਮੇਮੀ ਦੀ ਮਾਂ ਨੂੰ ਯਹੋਵਾਹ ਦੇ ਦੋ ਗਵਾਹ ਮਿਲੇ। ਮੇਮੀ ਨੂੰ ਬਾਈਬਲ ਪੜ੍ਹਨੀ ਬਹੁਤ ਪਸੰਦ ਸੀ, ਇਸ ਲਈ ਉਸ ਦੀ ਮਾਂ ਨੇ ਗਵਾਹਾਂ ਨੂੰ ਘਰ ਆਉਣ ਲਈ ਕਿਹਾ। ਮੇਮੀ ਨੇ ਤੁਰੰਤ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਫਿਰ ਤੋਂ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਜਿਸ ਕਰਕੇ ਉਸ ਦਾ ਗਵਾਹਾਂ ਨਾਲੋਂ ਸੰਪਰਕ ਟੁੱਟ ਗਿਆ।

ਤਾਂ ਵੀ ਮੇਮੀ ਦੀ ਬਾਈਬਲ ਦਾ ਗਿਆਨ ਲੈਣ ਦੀ ਪਿਆਸ ਬਰਕਰਾਰ ਰਹੀ। ਸੋ ਜਦੋਂ ਇਕ ਗਿਰਜੇ ਦੇ ਧਰਮ ਆਗੂ ਨੇ ਉਸ ਨੂੰ ਬਾਈਬਲ ਸਿਖਾਉਣ ਦੀ ਪੇਸ਼ਕਸ਼ ਕੀਤੀ, ਤਾਂ ਮੇਮੀ ਨੇ ਇਸ ਨੂੰ ਫ਼ੌਰਨ ਸਵੀਕਾਰ ਕਰ ਲਿਆ। ਉਹ ਹਰ ਐਤਵਾਰ ਨੂੰ ਧਾਰਮਿਕ ਕਲਾਸਾਂ ਵਿਚ ਜਾਣ ਲੱਗ ਪਈ। ਇਕ ਵਾਰ ਇਕ ਵਿਦਿਆਰਥੀ ਨੇ ਅਧਿਆਪਕ ਨੂੰ ਪੁੱਛਿਆ: “ਕੀ ਯਿਸੂ ਪਰਮੇਸ਼ੁਰ ਦੇ ਬਰਾਬਰ ਹੈ?”

ਅਧਿਆਪਕ ਨੇ ਕਿਹਾ: “ਹਾਂ, ਉਹ ਹਰ ਗੱਲੋਂ ਪਰਮੇਸ਼ੁਰ ਦੇ ਬਰਾਬਰ ਹੈ, ਪਰ ਪੂਰੀ ਤਰ੍ਹਾਂ ਨਹੀਂ।”

ਇਹ ਸੁਣ ਕੇ ਮੇਮੀ ਸੋਚਾਂ ਵਿਚ ਪੈ ਗਈ: ‘ਹਰ ਗੱਲੋਂ ਬਰਾਬਰ ਹੈ, ਪਰ ਪੂਰੀ ਤਰ੍ਹਾਂ ਨਹੀਂ? ਇਹ ਕਿੱਦਾਂ ਹੋ ਸਕਦਾ? ਇੱਥੇ ਕੁਝ ਤਾਂ ਗੜਬੜ ਹੈ।’ ਮੇਮੀ ਸਮਝ ਗਈ ਕਿ ਉਸ ਨੂੰ ਇੱਥੇ ਬਾਈਬਲ ਦਾ ਸਹੀ ਗਿਆਨ ਨਹੀਂ ਮਿਲਣਾ ਸੀ, ਸੋ ਉਸ ਨੇ ਧਾਰਮਿਕ ਕਲਾਸਾਂ ਤੇ ਜਾਣਾ ਹੀ ਛੱਡ ਦਿੱਤਾ।

ਸੰਨ 1996 ਵਿਚ ਮਨਰੋਵੀਆ ਵਿਚ ਇਕ ਵਾਰ ਫਿਰ ਹਿੰਸਾ ਦੀ ਲਹਿਰ ਦੌੜ ਗਈ। ਮੇਮੀ ਦੇ ਘਰ ਦੇ ਦੋ ਹੋਰ ਮੈਂਬਰ ਮਾਰੇ ਗਏ ਅਤੇ ਉਸ ਦੇ ਘਰ ਨੂੰ ਇਕ ਵਾਰ ਫਿਰ ਅੱਗ ਲੱਗ ਗਈ। ਕੁਝ ਮਹੀਨਿਆਂ ਬਾਅਦ ਦੋ ਗਵਾਹ ਘਰ-ਘਰ ਪ੍ਰਚਾਰ ਕਰਦੀਆਂ ਮੇਮੀ ਦੇ ਘਰ ਆਈਆਂ। ਮੇਮੀ ਨੇ ਦੁਬਾਰਾ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਪਹਿਲੀ ਵਾਰ ਗਵਾਹਾਂ ਦੀ ਸਭਾ ਵਿਚ ਗਈ, ਤਾਂ ਉਹ ਇਹ ਦੇਖ ਕੇ ਦੰਗ ਰਹਿ ਗਈ ਕਿ ਕਲੀਸਿਯਾ ਦੇ ਨਿਗਾਹਬਾਨ ਵੀ ਬਾਕੀਆਂ ਨਾਲ ਮਿਲ ਕੇ ਕਿੰਗਡਮ ਹਾਲ ਦੀ ਸਫ਼ਾਈ ਕਰ ਰਹੇ ਸਨ। ਉਸ ਸਾਲ ਮੇਮੀ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰੀ ਸ਼ਾਂਤੀ ਦੇ ਸੰਦੇਸ਼ਵਾਹਕ” ਨਾਮਕ ਜ਼ਿਲ੍ਹਾ ਸੰਮੇਲਨ ਵਿਚ ਵੀ ਗਈ।

ਆਪਣੇ ਤਜਰਬੇ ਬਾਰੇ ਮੇਮੀ ਦੱਸਦੀ ਹੈ: “ਇਸ ਸੰਮੇਲਨ ਨੇ ਮੇਰੇ ਦਿਲ ਨੂੰ ਛੂਹ ਲਿਆ। ਇੱਥੇ ਮੈਂ ਦੇਖਿਆ ਕਿ ਵੱਖ-ਵੱਖ ਕਬੀਲਿਆਂ ਦੇ ਹੋਣ ਦੇ ਬਾਵਜੂਦ ਵੀ ਸਾਰੇ ਗਵਾਹ ਇਕ-ਦੂਜੇ ਨਾਲ ਦਿਲੋਂ ਪਿਆਰ ਕਰਦੇ ਸਨ। ਪੂਰੇ ਪ੍ਰੋਗ੍ਰਾਮ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ।”

ਪਰਮੇਸ਼ੁਰ ਦੀ ਸੇਵਾ ਕਰਨ ਦੀ ਚਾਹਤ ਪੂਰੀ ਹੋਈ

ਸੰਨ 1998 ਵਿਚ ਦੁਬਾਰਾ ਘਰੇਲੂ ਯੁੱਧ ਛਿੜਨ ਕਰਕੇ ਮੇਮੀ ਤੇ ਉਸ ਦੀ ਮਾਂ ਨੂੰ ਆਪਣਾ ਸ਼ਹਿਰ ਛੱਡ ਕੇ ਨੇੜਲੇ ਕੋਟ ਡਿਵੁਆਰ ਨੂੰ ਭੱਜਣਾ ਪਿਆ। ਉੱਥੇ ਉਹ 6,000 ਹੋਰ ਲਾਈਬੀਰੀਆਈ ਸ਼ਰਨਾਰਥੀਆਂ ਸਮੇਤ ਪੀਸ ਟਾਊਨ ਰਫਿਊਜੀ ਕੈਂਪ ਵਿਚ ਰਹਿਣ ਲੱਗ ਪਈਆਂ। ਮੇਮੀ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਰਹੀ ਤੇ ਪਰਮੇਸ਼ੁਰ ਵਿਚ ਉਸ ਦੀ ਨਿਹਚਾ ਪੱਕੀ ਹੁੰਦੀ ਗਈ। ਜਦੋਂ ਉਸ ਨੇ ਦੂਸਰਿਆਂ ਨੂੰ ਵੀ ਬਾਈਬਲ ਦੀ ਖ਼ੁਸ਼ ਖ਼ਬਰੀ ਸੁਣਾਉਣ ਦੀ ਇੱਛਾ ਜ਼ਾਹਰ ਕੀਤੀ, ਤਾਂ ਗਵਾਹਾਂ ਨੇ ਉਸ ਨੂੰ ਵ੍ਹੀਲ-ਚੇਅਰ ਤੇ ਬਿਠਾ ਕੇ ਪ੍ਰਚਾਰ ਕਰਨ ਲਈ ਲੈ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਮੇਮੀ ਬਹੁਤ ਸਾਰੇ ਰਫਿਊਜੀਆਂ ਨੂੰ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਸੁਣਾ ਸਕੀ।

ਕਿੰਗਡਮ ਹਾਲ ਰਫਿਊਜੀ ਕੈਂਪ ਤੋਂ ਛੇ ਕਿਲੋਮੀਟਰ ਦੂਰ ਹੋਣ ਕਰਕੇ ਮੇਮੀ ਲਈ ਸਭਾਵਾਂ ਵਿਚ ਆਉਣਾ-ਜਾਣਾ ਬਹੁਤ ਔਖਾ ਸੀ। ਫਿਰ ਵੀ ਅਪਾਹਜ ਹੋਣ ਦੇ ਬਾਵਜੂਦ ਉਹ ਸਾਰੀਆਂ ਸਭਾਵਾਂ ਵਿਚ ਜਾਂਦੀ ਰਹੀ। ਸੰਨ 2000 ਵਿਚ 14 ਮਈ ਨੂੰ ਉਹ 190 ਕਿਲੋਮੀਟਰ ਦਾ ਸਫ਼ਰ ਤੈ ਕਰ ਕੇ ਇਕ ਦਿਨ ਦੇ ਖ਼ਾਸ ਸੰਮੇਲਨ ਵਿਚ ਗਈ ਅਤੇ ਇਸੇ ਸੰਮੇਲਨ ਵਿਚ ਉਸ ਨੇ ਬਪਤਿਸਮਾ ਲਿਆ। (ਮੱਤੀ 28:19, 20) ਜਦੋਂ ਮੇਮੀ ਨੂੰ ਚੁੱਕ ਕੇ ਨਦੀ ਵਿਚ ਬਪਤਿਸਮਾ ਦਿੱਤਾ ਗਿਆ, ਤਾਂ ਕਈਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ। ਬਪਤਿਸਮਾ ਲੈ ਕੇ ਜਦ ਮੇਮੀ ਪਾਣੀ ਵਿੱਚੋਂ ਬਾਹਰ ਨਿਕਲੀ, ਤਾਂ ਉਸ ਦਾ ਚਿਹਰਾ ਖ਼ੁਸ਼ੀ ਨਾਲ ਖਿੜ ਉੱਠਿਆ।

ਮੇਮੀ ਇਸ ਵੇਲੇ ਘਾਨਾ ਦੇ ਇਕ ਰਫਿਊਜੀ ਕੈਂਪ ਵਿਚ ਰਹਿ ਰਹੀ ਹੈ। ਉਹ ਪਾਇਨੀਅਰ ਬਣ ਕੇ ਪੂਰਾ ਸਮਾਂ ਪ੍ਰਚਾਰ ਕਰਨਾ ਚਾਹੁੰਦੀ ਹੈ। ਹੁਣ ਉਸ ਦੀ ਮਾਂ ਵੀ ਬਾਈਬਲ ਸਟੱਡੀ ਕਰ ਰਹੀ ਹੈ ਤੇ ਸਿੱਖੀਆਂ ਗੱਲਾਂ ਦੂਸਰਿਆਂ ਨਾਲ ਸਾਂਝੀਆਂ ਕਰ ਰਹੀ ਹੈ। ਦੋਵੇਂ ਮਾਂ-ਧੀ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ ਜਦੋਂ ਪਰਮੇਸ਼ੁਰ ਦੇ ਵਾਅਦੇ ਅਨੁਸਾਰ “ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5-7. (g 3/06)

[ਸਫ਼ਾ 20 ਉੱਤੇ ਤਸਵੀਰ]

ਮੇਮੀ ਦੇ ਸਰੀਰ ਵਿੱਚੋਂ ਕੱਢੀ ਗਈ ਗੋਲੀ

[ਸਫ਼ਾ 21 ਉੱਤੇ ਤਸਵੀਰ]

ਮੇਮੀ ਨੂੰ ਬਪਤਿਸਮਾ ਦੇਣ ਲਈ ਨਦੀ ਵਿਚ ਲੈ ਜਾਂਦੇ ਹੋਏ

[ਸਫ਼ਾ 21 ਉੱਤੇ ਤਸਵੀਰ]

ਆਪਣੀ ਮਾਂ ਏਮਾ ਨਾਲ ਬਾਈਬਲ ਦੀ ਸਟੱਡੀ ਕਰਦੀ ਹੋਈ