ਮੈਂ ਸਕੂਲੇ ਸੈਕਸ ਦੀਆਂ ਗੱਲਾਂ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ?
ਨੌਜਵਾਨ ਪੁੱਛਦੇ ਹਨ . . .
ਮੈਂ ਸਕੂਲੇ ਸੈਕਸ ਦੀਆਂ ਗੱਲਾਂ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ?
“ਹਰ ਰੋਜ਼ ਮੁੰਡੇ-ਕੁੜੀਆਂ ਸਕੂਲੇ ਸੈਕਸ ਦੀਆਂ ਗੱਲਾਂ ਕਰਦੇ ਹਨ। ਕੁੜੀਆਂ ਖ਼ੁਦ ਜਾ ਕੇ ਮੁੰਡਿਆਂ ਨਾਲ ਗੱਲ ਛੇੜ ਲੈਂਦੀਆਂ ਹਨ ਅਤੇ ਉਹ ਉੱਥੇ ਸਕੂਲੇ ਹੀ ਸੈਕਸ ਕਰਦੇ ਹਨ।”—ਆਈਲੀਨ, 16.
“ਮੇਰੇ ਸਕੂਲੇ, ਕੁੜੀਆਂ ਕੁੜੀਆਂ ਨਾਲ ਅਤੇ ਮੁੰਡੇ ਮੁੰਡਿਆਂ ਨਾਲ ਸ਼ਰੇਆਮ ਗ਼ਲਤ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਇਸ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆਉਂਦੀ।”—ਮਾਈਕਲ, 15. *
ਕੀ ਤੁਹਾਡੀ ਕਲਾਸ ਵਿਚ ਹਮੇਸ਼ਾ ਸੈਕਸ ਬਾਰੇ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਹਨ? ਕੀ ਕੁਝ ਮੁੰਡੇ-ਕੁੜੀਆਂ ਸਿਰਫ਼ ਗੱਲਾਂ ਹੀ ਨਹੀਂ ਸਗੋਂ ਸੈਕਸ ਕਰਦੇ ਵੀ ਹਨ? ਜੇਕਰ ਹਾਂ, ਤਾਂ ਸ਼ਾਇਦ ਤੁਸੀਂ ਵੀ ਇਸ ਨੌਜਵਾਨ ਕੁੜੀ ਵਾਂਗ ਮਹਿਸੂਸ ਕਰਦੇ ਹੋਵੋ ਜਿਸ ਨੇ ਕਿਹਾ ਕਿ ਕਦੀ-ਕਦੀ ਇੱਦਾਂ ਲੱਗਦਾ ਹੈ ਕਿ ਮੈਂ ਸਕੂਲ ਨਹੀਂ, ਪਰ “ਅਜਿਹੀ ਜਗ੍ਹਾ ਜਾ ਰਹੀ ਹਾਂ ਜਿੱਥੇ ਗੰਦੀਆਂ ਫ਼ਿਲਮਾਂ ਬਣ ਰਹੀਆਂ ਹੋਣ।” ਹਾਂ, ਸਕੂਲੇ ਬੱਚਿਆਂ ਨੂੰ ਹਰ ਰੋਜ਼ ਸੈਕਸ ਬਾਰੇ ਗੱਲਾਂ ਸੁਣਨ-ਸੁਣਾਉਣ ਦਾ ਮੌਕਾ ਮਿਲਦਾ ਹੈ, ਕਈਆਂ ਨੂੰ ਤਾਂ ਸੈਕਸ ਕਰਨ ਦਾ ਮੌਕਾ ਵੀ ਮਿਲਦਾ ਹੈ।
ਤੁਹਾਡੀ ਆਪਣੀ ਕਲਾਸ ਦੇ ਮੁੰਡੇ-ਕੁੜੀਆਂ “ਹੁਕਿੰਗ ਅੱਪ” ਬਾਰੇ ਵੀ ਗੱਲਾਂ ਕਰਦੇ ਹੋਣੇ। “ਹੁਕਿੰਗ ਅੱਪ” ਦਾ ਮਤਲਬ ਹੈ ਕਿਸੇ ਨਾਲ ਜਜ਼ਬਾਤੀ ਰਿਸ਼ਤਾ ਰੱਖੇ ਬਿਨਾਂ ਸੈਕਸ ਕਰਨਾ। ਕਦੀ-ਕਦੀ ਮੁੰਡੇ-ਕੁੜੀਆਂ ਅਜਿਹੇ ਲੋਕਾਂ ਨਾਲ ਹੁਕ ਅੱਪ ਹੁੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਮਾੜੀ-ਮੋਟੀ ਜਾਣ-ਪਛਾਣ ਹੁੰਦੀ ਹੈ। ਪਰ ਕਦੀ-ਕਦੀ ਉਹ ਇੰਟਰਨੈੱਟ ਤੇ ਮਿਲੇ ਕਿਸੇ ਅਜਨਬੀ ਨਾਲ ਵੀ ਸੈਕਸ ਕਰਦੇ ਹਨ। ਚਾਹੇ ਜੋ ਵੀ ਹੋਵੇ, ਹੁਕਿੰਗ ਅੱਪ ਦਾ ਮਤਲਬ ਹੈ ਕਿਸੇ ਨਾਲ ਸੈਕਸ ਕਰਨਾ, ਪਰ ਇਸ ਵਿਚ ਪਿਆਰ ਦੇ ਜਜ਼ਬੇ ਨੂੰ ਨਾ ਲਿਆਉਣਾ। ਉੱਨੀਆਂ ਸਾਲਾਂ ਦੀ ਡਾਨਿਏਲ ਕਹਿੰਦੀ ਹੈ ਕਿ “ਇਸ ਵਿਚ ਦੋ ਇਨਸਾਨ ਸਿਰਫ਼ ਆਪਣੀ ਹਵਸ ਮਿਟਾਉਂਦੇ ਹਨ, ਹੋਰ ਕੁਝ ਨਹੀਂ।”
ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਈ ਸਕੂਲਾਂ ਵਿਚ ਹਰ ਮੁੰਡੇ-ਕੁੜੀ ਦੀ ਜ਼ਬਾਨ ਤੇ ਹੁਕਿੰਗ ਅੱਪ ਦੀਆਂ ਹੀ ਗੱਲਾਂ ਹੁੰਦੀਆਂ ਹਨ। ਸਤਾਰਾਂ ਸਾਲਾਂ ਦੀ ਇਕ ਕੁੜੀ ਨੇ ਆਪਣੇ ਸਕੂਲ ਦੀ ਅਖ਼ਬਾਰ ਵਿਚ ਲਿਖਿਆ: “ਹਰ ਹਫ਼ਤੇ ਸੋਮਵਾਰ ਨੂੰ ਸਕੂਲ ਵਿਚ ਹਰ ਪਾਸੇ ਇਹੀ ਗੱਲ ਹੁੰਦੀ ਹੈ ਕਿ ਕਿਸ ਨੇ ਕਿਸ ਨਾਲ ਸੈਕਸ ਕੀਤਾ। ਉਹ ਦੋਸਤ-ਮਿੱਤਰਾਂ ਨੂੰ ਖੋਲ੍ਹ ਕੇ ਸਾਰੀਆਂ ਗੱਲਾਂ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਸਾਥੀ ਨਾਲ ਕੀ-ਕੀ ਕੀਤਾ।”
ਜੇਕਰ ਤੁਸੀਂ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸ਼ਾਇਦ ਤੁਸੀਂ ਇਕੱਲੇ ਮਹਿਸੂਸ ਕਰੋ ਕਿਉਂਕਿ ਤੁਹਾਡੇ ਆਲੇ-ਦੁਆਲੇ ਸਾਰੇ ਸਿਰਫ਼ ਸੈਕਸ ਬਾਰੇ ਹੀ ਗੱਲਾਂ ਕਰਨੀਆਂ ਚਾਹੁੰਦੇ ਹਨ। ਜੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਵਿਚ ਸ਼ਾਮਲ ਨਹੀਂ ਹੁੰਦੇ, ਤਾਂ ਸ਼ਾਇਦ ਉਹ ਤੁਹਾਡਾ ਮਖੌਲ ਉਡਾਉਣ। ਪਰ ਯਾਦ ਰੱਖੋ ਕਿ ਬਾਈਬਲ ਇਹੀ ਕਹਿੰਦੀ ਹੈ ਕਿ ਜਦ ਦੂਸਰੇ ਤੁਹਾਡੇ ਮਿਆਰਾਂ ਨੂੰ ਨਹੀਂ ਸਮਝਦੇ, ਤਦ “ਓਹ ਤਹਾਡੀ ਨਿੰਦਿਆ ਕਰਦੇ ਹਨ।” (1 ਪਤਰਸ 4:3, 4) ਫਿਰ ਵੀ, ਸਾਡੇ ਵਿੱਚੋਂ ਕੋਈ ਵੀ ਨਹੀਂ ਚਾਹੇਗਾ ਕਿ ਸਾਡਾ ਮਜ਼ਾਕ ਉਡਾਇਆ ਜਾਵੇ। ਤਾਂ ਫਿਰ ਤੁਸੀਂ ਇਨ੍ਹਾਂ ਗੱਲਾਂ ਤੋਂ ਦੂਰ ਰਹਿ ਕੇ ਵੀ ਕਿਵੇਂ ਆਪਣਾ ਸਿਰ ਫ਼ਖ਼ਰ ਨਾਲ ਉੱਚਾ ਰੱਖ ਸਕਦੇ ਹੋ? ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਵਾਨੀ ਦੌਰਾਨ ਮੁੰਡੇ-ਕੁੜੀਆਂ ਦਾ ਸੈਕਸ ਵੱਲ ਇੰਨਾ ਜ਼ਿਆਦਾ ਝੁਕਾਅ ਕਿਉਂ ਹੁੰਦਾ ਹੈ।
ਆਪਣੇ ਆਪ ਨੂੰ ਸਮਝੋ
ਚੜ੍ਹਦੀ ਜਵਾਨੀ ਵਿਚ ਤੁਹਾਡੇ ਸਰੀਰ ਅਤੇ ਜਜ਼ਬਾਤਾਂ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਨਾਜ਼ੁਕ ਸਾਲਾਂ ਦੌਰਾਨ ਤੁਹਾਡੇ ਅੰਦਰ ਲਿੰਗੀ ਇੱਛਾਵਾਂ ਪੈਦਾ ਹੁੰਦੀਆਂ ਹਨ। ਪਰ ਇਸ ਵਿਚ ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਕੁਦਰਤੀ ਗੱਲ ਹੈ। ਜੇ ਸਕੂਲੇ ਤੁਹਾਡਾ ਦਿਲ ਕਿਸੇ ਤੇ ਆ ਜਾਂਦਾ ਹੈ, ਤਾਂ ਇਹ ਨਾ ਸਮਝੋ ਕਿ ਤੁਸੀਂ ਕੋਈ ਪਾਪ ਕਰ ਬੈਠੇ ਹੋ ਜਾਂ ਚੰਗਾ ਚਾਲ-ਚਲਣ ਕਾਇਮ ਰੱਖਣਾ ਤੁਹਾਡੇ ਵੱਸ ਦੀ ਗੱਲ ਨਹੀਂ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਸ਼ੁੱਧ ਅਤੇ ਬੇਦਾਗ਼ ਰਹਿ ਸਕਦੇ ਹੋ!
ਪਰ ਜਵਾਨੀ ਦੇ ਦਿਨਾਂ ਵਿਚ ਅੰਦਰ ਹੀ ਅੰਦਰ ਚੱਲ ਰਹੇ ਇਸ ਸੰਘਰਸ਼ ਦੇ ਨਾਲ-ਨਾਲ ਇਕ ਹੋਰ ਗੱਲ ਵੀ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ। ਅਸੀਂ ਸਾਰੇ ਨਾਮੁਕੰਮਲ ਹਾਂ, ਇਸ ਲਈ ਸਾਰਿਆਂ ਇਨਸਾਨਾਂ ਵਿਚ ਬੁਰਾਈ ਕਰਨ ਦਾ ਝੁਕਾਅ ਹੈ। ਇਹ ਗੱਲ ਸਵੀਕਾਰ ਕਰਦੇ ਹੋਏ ਪੌਲੁਸ ਰਸੂਲ ਨੇ ਵੀ ਕਿਹਾ ਸੀ: “ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” ਆਪਣੀਆਂ ਕਮਜ਼ੋਰੀਆਂ ਕਾਰਨ ਪੌਲੁਸ ਆਪਣੇ ਆਪ ਨੂੰ ਇਕ “ਮੰਦਭਾਗੀ” ਮਨੁੱਖ ਸਮਝਦਾ ਸੀ। (ਰੋਮੀਆਂ 7:23, 24) ਪਰ ਉਸ ਨੇ ਇਹ ਲੜਾਈ ਜਿੱਤ ਲਈ ਸੀ ਅਤੇ ਤੁਸੀਂ ਵੀ ਇਸ ਨੂੰ ਜਿੱਤ ਸਕਦੇ ਹੋ!
ਦੂਸਰੇ ਵਿਦਿਆਰਥੀਆਂ ਨੂੰ ਸਮਝੋ
ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਤੁਹਾਡੀ ਕਲਾਸ ਦੇ ਕੁਝ ਵਿਦਿਆਰਥੀ ਸ਼ਾਇਦ ਹਮੇਸ਼ਾ ਸੈਕਸ ਬਾਰੇ ਹੀ ਗੱਲਾਂ ਕਰਦੇ ਰਹਿੰਦੇ ਹਨ ਜਾਂ ਫਿਰ ਇਹ ਸ਼ੇਖ਼ੀਆਂ ਮਾਰਦੇ ਹਨ ਕਿ ਉਨ੍ਹਾਂ ਨੇ ਕਿਸ ਨਾਲ ਸੈਕਸ ਕੀਤਾ ਸੀ। ਉਨ੍ਹਾਂ ਦੀਆਂ ਗੱਲਾਂ ਤੁਹਾਡੇ ਉੱਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ, ਇਸ ਲਈ ਤੁਹਾਨੂੰ ਉਨ੍ਹਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। (1 ਕੁਰਿੰਥੀਆਂ 15:33) ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝੋ। ਤਾਂ ਫਿਰ ਉਨ੍ਹਾਂ ਤੋਂ ਬਚ ਕੇ ਰਹਿਣ ਦਾ ਮਤਲਬ ਕੀ ਹੈ?
ਤੁਹਾਡੇ ਹਾਣੀਆਂ ਦੀਆਂ ਇੱਛਾਵਾਂ ਬਿਲਕੁਲ ਤੁਹਾਡੇ ਵਰਗੀਆਂ ਹਨ। ਉਨ੍ਹਾਂ ਵਿਚ ਵੀ ਗ਼ਲਤ ਕੰਮ ਕਰਨ ਦਾ ਝੁਕਾਅ ਹੈ। ਪਰ ਤੁਹਾਡੇ ਤੋਂ ਉਲਟ ਉਨ੍ਹਾਂ ਵਿੱਚੋਂ ਕਈ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿਚ ਮੋਹ-ਪਿਆਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। (2 ਤਿਮੋਥਿਉਸ 3:1-4) ਅਤੇ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਨੇਕ ਚਾਲ-ਚਲਣ ਰੱਖਣ ਦੀ ਸਿੱਖਿਆ ਹੀ ਨਾ ਦਿੱਤੀ ਹੋਵੇ।—ਅਫ਼ਸੀਆਂ 6:4.
ਤੁਹਾਡੇ ਕੋਲ ਪਰਮੇਸ਼ੁਰ ਦਾ ਬਚਨ, ਬਾਈਬਲ ਹੈ ਜਿਸ ਤੋਂ ਤੁਸੀਂ ਵਧੀਆ ਸਿਖਲਾਈ ਤੇ ਬੁੱਧ ਹਾਸਲ ਕਰ ਸਕਦੇ ਹੋ। ਪਰ ਤੁਹਾਡੇ ਹਾਣੀਆਂ ਕੋਲ ਇਹ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਇਹ ਨਾ ਪਤਾ ਹੋਵੇ ਕਿ ਆਪਣੀਆਂ ਇੱਛਾਵਾਂ ਨੂੰ ਗ਼ਲਤ ਤਰੀਕੇ ਨਾਲ ਪੂਰੀਆਂ ਕਰਨ ਦੇ ਕਿਹੜੇ ਬੁਰੇ ਅੰਜਾਮ ਹੋ ਸਕਦੇ ਹਨ। (ਰੋਮੀਆਂ 1:26, 27) ਉਨ੍ਹਾਂ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਕ ਬਹੁਤ ਹੀ ਤੇਜ਼ ਕਾਰ ਤਾਂ ਖ਼ਰੀਦ ਕੇ ਦੇ ਦਿੱਤੀ, ਪਰ ਕਾਰ ਚਲਾਉਣੀ ਨਹੀਂ ਸਿਖਾਈ। ਅਤੇ ਉਨ੍ਹਾਂ ਨੂੰ ਹਾਈਵੇ ਤੇ ਭੇਜ ਦਿੱਤਾ ਜਿੱਥੇ ਬਹੁਤ ਟ੍ਰੈਫਿਕ ਹੈ। ਹੋ ਸਕਦਾ ਹੈ ਕਿ ਪਹਿਲਾਂ-ਪਹਿਲ ਉਨ੍ਹਾਂ ਨੂੰ ਗੱਡੀ ਚਲਾਉਣ ਵਿਚ ਬੜਾ ਮਜ਼ਾ ਆਵੇ। ਪਰ ਇਸ ਪਲ ਦੋ ਪਲ ਦੇ ਮਜ਼ੇ ਦਾ ਅੰਜਾਮ ਹਾਦਸਾ ਹੋਵੇਗਾ। ਤਾਂ ਫਿਰ ਜਦ ਤੁਹਾਡੇ ਹਾਣੀ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਹਨ ਜਾਂ ਗ਼ਲਤ ਕੰਮ ਕਰਨ ਲਈ ਤੁਹਾਡੇ ਉੱਤੇ ਦਬਾਅ ਪਾਉਂਦੇ ਹਨ, ਤਾਂ ਤੁਸੀਂ ਕੀ ਕਰ ਸਕਦੇ ਹੋ?
ਗੰਦੀਆਂ ਗੱਲਾਂ ਨੂੰ ਉਸੇ ਵੇਲੇ ਰੋਕ ਦਿਓ
ਜਦ ਤੁਹਾਡੇ ਹਾਣੀ ਗੰਦੀਆਂ ਗੱਲਾਂ ਕਰਨ ਲੱਗਦੇ ਹਨ, ਤਾਂ ਸ਼ਾਇਦ ਤੁਹਾਡਾ ਵੀ ਉਨ੍ਹਾਂ ਨਾਲ ਬੈਠ ਕੇ ਗੱਲਾਂ ਕਰਨ ਦਾ ਜੀਅ ਕਰੇ। ਸ਼ਾਇਦ ਤੁਸੀਂ ਬਾਕੀ ਵਿਦਿਆਰਥੀਆਂ ਨਾਲੋਂ ਵੱਖਰੇ ਨਜ਼ਰ ਨਹੀਂ ਆਉਣਾ ਚਾਹੁੰਦੇ। ਪਰ ਜ਼ਰਾ ਸੋਚੋ ਜੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਸੁਣੋਗੇ ਜਾਂ ਉਨ੍ਹਾਂ ਦੀਆਂ ਗੱਲਾਂ ਵਿਚ ਹਿੱਸਾ ਲਵੋਗੇ, ਤਾਂ ਉਹ ਤੁਹਾਡੇ ਬਾਰੇ ਕੀ ਸੋਚਣਗੇ? ਕੀ ਉਨ੍ਹਾਂ ਦੀਆਂ ਗੱਲਾਂ ਵਿਚ ਤੁਹਾਡੀ ਦਿਲਚਸਪੀ ਇਹ ਨਹੀਂ ਦਿਖਾਵੇਗੀ ਕਿ ਅਸਲ ਵਿਚ ਤੁਸੀਂ ਵੀ ਉਨ੍ਹਾਂ ਵਰਗੇ ਹੀ ਹੋ?
ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜਦ ਗੱਲਬਾਤ ਦਾ ਰੁੱਖ ਸੈਕਸ ਵੱਲ ਮੁੜਦਾ ਹੈ? ਕੀ ਸਾਨੂੰ ਉੱਠ ਕੇ ਚਲੇ ਜਾਣਾ ਚਾਹੀਦਾ ਹੈ? ਬਿਲਕੁਲ! (ਅਫ਼ਸੀਆਂ 5:3, 4) ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਹਾਂ, ਗੱਲਬਾਤ ਨੂੰ ਛੱਡ ਕੇ ਜਾਣ ਨਾਲ ਤੁਸੀਂ ਬਦਤਮੀਜ਼ੀ ਜਾਂ ਗੁਸਤਾਖ਼ੀ ਨਹੀਂ ਕਰ ਰਹੇ, ਬਲਕਿ ਸਿਆਣਪ ਦਿਖਾ ਰਹੇ ਹੋ।
ਜਦ ਦੂਸਰੇ ਗੰਦੀਆਂ ਗੱਲਾਂ ਕਰ ਰਹੇ ਹੋਣ, ਤਾਂ ਉੱਠ ਕੇ ਜਾਣ ਵਿਚ ਸ਼ਰਮਿੰਦਗੀ ਨਾ ਮਹਿਸੂਸ ਕਰੋ। ਜ਼ਰਾ ਸੋਚੋ, ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਾਂ ਵਿਸ਼ੇ ਹਨ ਜਿਨ੍ਹਾਂ ਵਿਚ ਤੁਹਾਨੂੰ ਕੋਈ ਦਿਲਚਸਪੀ ਨਹੀਂ ਹੈ ਜਾਂ ਜਿਨ੍ਹਾਂ ਵਿਚ ਤੁਸੀਂ ਹਿੱਸਾ ਨਹੀਂ ਲੈਣਾ ਚਾਹੁੰਦੇ। ਜਦੋਂ ਅਜਿਹੀਆਂ ਗੱਲਾਂ
ਚੱਲ ਰਹੀਆਂ ਹੋਣ, ਤਾਂ ਤੁਸੀਂ ਬਿਨਾਂ ਝਿਜਕੇ ਉੱਠ ਕੇ ਚਲੇ ਜਾਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ। ਮਿਸਾਲ ਲਈ, ਜੇ ਤੁਹਾਡੀ ਕਲਾਸ ਦੇ ਕੁਝ ਵਿਦਿਆਰਥੀ ਡਾਕਾ ਮਾਰਨ ਦਾ ਪਲੈਨ ਬਣਾ ਰਹੇ ਹੋਣ, ਤਾਂ ਕੀ ਤੁਸੀਂ ਬੈਠ ਕੇ ਉਨ੍ਹਾਂ ਦਾ ਪਲੈਨ ਸੁਣੋਗੇ? ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਤੁਹਾਨੂੰ ਵੀ ਉਨ੍ਹਾਂ ਦਾ ਇਕ ਸਾਥੀ ਸਮਝਿਆ ਜਾਵੇਗਾ। ਇਸ ਲਈ ਤੁਸੀਂ ਸਮਝਦਾਰੀ ਵਰਤਦੇ ਹੋਏ ਉੱਥੋਂ ਉੱਠ ਕੇ ਚਲੇ ਜਾਵੋਗੇ। ਇਸੇ ਤਰ੍ਹਾਂ ਜਦ ਗੱਲਬਾਤ ਸੈਕਸ ਵੱਲ ਮੁੜਦੀ ਹੈ, ਤਾਂ ਤੁਹਾਨੂੰ ਸਮਝਦਾਰੀ ਨਾਲ ਉੱਥੋਂ ਚਲੇ ਜਾਣਾ ਚਾਹੀਦਾ ਹੈ। ਆਪਣੇ ਆਪ ਵੱਲ ਜ਼ਿਆਦਾ ਧਿਆਨ ਖਿੱਚੇ ਬਗੈਰ ਤੁਸੀਂ ਕਿਸੇ-ਨ-ਕਿਸੇ ਬਹਾਨੇ ਉੱਠ ਕੇ ਜਾ ਸਕਦੇ ਹੋ।ਪਰ ਇਹ ਵੀ ਸੱਚ ਹੈ ਕਿ ਕਦੀ-ਕਦੀ ਉੱਠ ਕੇ ਜਾਣਾ ਮੁਮਕਿਨ ਨਹੀਂ ਹੁੰਦਾ। ਮਿਸਾਲ ਲਈ, ਸ਼ਾਇਦ ਕਲਾਸ ਵਿਚ ਤੁਹਾਡੇ ਨਾਲ ਦੀ ਸੀਟ ਤੇ ਬੈਠੇ ਵਿਦਿਆਰਥੀ ਸੈਕਸ ਦੀਆਂ ਗੱਲਾਂ ਕਰਨ ਲੱਗ ਪੈਣ। ਅਜਿਹੇ ਮਾਮਲੇ ਵਿਚ ਤੁਸੀਂ ਉਨ੍ਹਾਂ ਨੂੰ ਅਦਬ ਨਾਲ ਬੇਨਤੀ ਕਰ ਸਕਦੇ ਹੋ ਕਿ ਉਹ ਤੁਹਾਨੂੰ ਪੜ੍ਹਾਈ ਕਰਨ ਦੇਣ। ਜੇ ਉਹ ਨਾ ਮੰਨਣ, ਤਾਂ ਤੁਸੀਂ ਬ੍ਰੈਂਡਾ ਵਾਂਗ ਕਰ ਸਕਦੇ ਹੋ। ਉਹ ਕਹਿੰਦੀ ਹੈ: “ਮੈਂ ਟੀਚਰ ਨੂੰ ਬੇਨਤੀ ਕੀਤੀ ਕਿ ਉਹ ਮੇਰੀ ਸੀਟ ਬਦਲ ਦੇਵੇ।”
ਸਮਝਦਾਰੀ ਵਰਤੋ
ਕਦੀ-ਨ-ਕਦੀ ਤੁਹਾਡੇ ਹਾਣੀ ਇਹ ਜਾਣਨਾ ਚਾਹੁਣਗੇ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਵਿਚ ਸ਼ਾਮਲ ਕਿਉਂ ਨਹੀਂ ਹੁੰਦੇ। ਜੇ ਉਹ ਤੁਹਾਨੂੰ ਤੁਹਾਡੇ ਨੇਕ-ਚਲਣ ਬਾਰੇ ਪੁੱਛਣ, ਤਾਂ ਸੋਚ-ਸਮਝ ਕੇ ਜਵਾਬ ਦਿਓ। ਕਈ ਸ਼ਾਇਦ ਤੁਹਾਡੇ ਵਿਚਾਰ ਨੂੰ ਸਮਝਣ ਲਈ ਨਹੀਂ, ਬਲਕਿ ਤੁਹਾਡਾ ਮਜ਼ਾਕ ਉਡਾਉਣ ਲਈ ਸਵਾਲ ਪੁੱਛਣਗੇ। ਪਰ ਜੇ ਉਹ ਸੱਚ-ਮੁੱਚ ਜਾਣਨਾ ਚਾਹੁੰਦੇ ਹਨ, ਤਾਂ ਪੂਰੇ ਮਾਣ ਨਾਲ ਆਪਣੇ ਵਿਸ਼ਵਾਸਾਂ ਬਾਰੇ ਸਮਝਾਓ। ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਦੀ ਮਦਦ ਨਾਲ ਕਈ ਨੌਜਵਾਨਾਂ ਨੇ ਆਪਣੇ ਹਾਣੀਆਂ ਨੂੰ ਸਮਝਾਇਆ ਹੈ ਕਿ ਬਾਈਬਲ ਦੇ ਮਿਆਰਾਂ ਅਨੁਸਾਰ ਚੱਲਣ ਦੇ ਕੀ ਲਾਭ ਹਨ। *
ਨਾ ਕਰਨ ਦੀ ਠਾਣ ਲਵੋ
ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਕੋਈ ਬੇਸ਼ਰਮੀ ਨਾਲ ਤੁਹਾਨੂੰ ਹੱਥ ਲਾਉਣ ਜਾਂ ਚੁੰਮਣ ਦੀ ਕੋਸ਼ਿਸ਼ ਕਰੇ? ਜੇ ਤੁਸੀਂ ਉਸ ਨੂੰ ਨਹੀਂ ਰੋਕਦੇ, ਤਾਂ ਤੁਸੀਂ ਗ਼ਲਤ ਕੰਮ ਕਰਨ ਲਈ ਉਸ ਨੂੰ ਸ਼ਹਿ ਦੇ ਰਹੇ ਹੋਵੋਗੇ। ਬਾਈਬਲ ਵਿਚ ਅਜਿਹੇ ਨੌਜਵਾਨ ਬਾਰੇ ਦੱਸਿਆ ਹੈ ਜਿਸ ਨੂੰ ਇਕ ਬਦਚਲਣ ਤੀਵੀਂ ਨੇ ਫੜ ਕੇ ਚੁੰਮ ਲਿਆ ਸੀ। ਉਸ ਨੌਜਵਾਨ ਨੇ ਤੀਵੀਂ ਨੂੰ ਲੁਭਾਉਣ ਵਾਲੀਆਂ ਗੰਦੀਆਂ ਗੱਲਾਂ ਕਰਨ ਤੋਂ ਨਾ ਰੋਕਿਆ। ਇਸ ਦਾ ਕੀ ਨਤੀਜਾ ਨਿਕਲਿਆ? ‘ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ ਜਾਵੇ।’—ਕਹਾਉਤਾਂ 7:13-23.
ਇਸ ਦੀ ਤੁਲਨਾ ਵਿਚ ਜ਼ਰਾ ਯੂਸੁਫ਼ ਬਾਰੇ ਸੋਚੋ। ਜਦ ਉਸ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ, ਤਾਂ ਉਸ ਨੇ ਕੀ ਕੀਤਾ ਸੀ? ਉਸ ਦੇ ਮਾਲਕ ਦੀ ਪਤਨੀ ਨੇ ਵਾਰ-ਵਾਰ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਾਫ਼ ਇਨਕਾਰ ਕਰਦਾ ਰਿਹਾ। ਜਦ ਉਸ ਤੀਵੀਂ ਨੇ ਜ਼ਬਰਦਸਤੀ ਯੂਸੁਫ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਇਕਦਮ ਉੱਥੋਂ ਭੱਜ ਗਿਆ।—ਉਤਪਤ 39:7-12.
ਜੇ ਤੁਹਾਡਾ ਕੋਈ ਹਾਣੀ ਜਾਂ ਹੋਰ ਕੋਈ ਤੁਹਾਨੂੰ ਛੇੜਨ ਦੀ ਕੋਸ਼ਿਸ਼ ਕਰੇ, ਤਾਂ ਸ਼ਾਇਦ ਤੁਹਾਨੂੰ ਵੀ ਯੂਸੁਫ਼ ਵਾਂਗ ਇਕਦਮ ਕਦਮ ਚੁੱਕਣਾ ਪਵੇ। ਆਈਲੀਨ ਕਹਿੰਦੀ ਹੈ ਕਿ “ਜੇ ਕੋਈ ਮੁੰਡਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਂ ਸਾਫ਼ ਕਹਿ ਦਿੰਦੀ ਹਾਂ ਕਿ ਉਹ ਮੈਨੂੰ ਹੱਥ ਨਾ ਲਾਵੇ। ਪਰ ਜੇ ਉਹ ਫਿਰ ਵੀ ਨਾ ਮੰਨੇ, ਤਾਂ ਮੈਂ ਗੁੱਸੇ ਵਿਚ ਉਸ ਨੂੰ ਕਹਿੰਦੀ ਹਾਂ ਕਿ ‘ਖ਼ਬਰਦਾਰ ਜੇ ਮੈਨੂੰ ਹੱਥ ਲਾਇਆ ਤਾਂ।’” ਸਕੂਲ ਦੇ ਮੁੰਡਿਆਂ ਬਾਰੇ ਆਈਲੀਨ ਕਹਿੰਦੀ ਹੈ: “ਉਹ ਉੱਨਾ ਚਿਰ ਤੁਹਾਡੀ ਇੱਜ਼ਤ ਨਹੀਂ ਕਰਨਗੇ ਜਿੰਨਾ ਚਿਰ ਤੁਸੀਂ ਉਨ੍ਹਾਂ ਨੂੰ ਤੁਹਾਡੀ ਇੱਜ਼ਤ ਕਰਨ ਲਈ ਮਜਬੂਰ ਨਹੀਂ ਕਰਦੇ।”
ਤੁਹਾਡੇ ਕਲਾਸ ਦੇ ਹਾਣੀ ਤੁਹਾਡੀ ਇੱਜ਼ਤ ਜ਼ਰੂਰ ਕਰਨਗੇ ਜੇਕਰ ਤੁਸੀਂ ਗੰਦੀਆਂ ਗੱਲਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰੋਗੇ, ਆਪਣੇ ਨੇਕ-ਚਲਣ ਬਾਰੇ ਅਦਬ ਨਾਲ ਸਮਝਾਓਗੇ ਅਤੇ ਗ਼ਲਤ ਕੰਮਾਂ ਵਿਚ ਹਿੱਸਾ ਨਾ ਲੈਣ ਦੀ ਠਾਣੋਗੇ। ਇਸ ਦੇ ਨਾਲ-ਨਾਲ ਤੁਹਾਨੂੰ ਖ਼ੁਦ ਪੂਰੀ ਤਸੱਲੀ ਹੋਵੇਗੀ ਕਿ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ। ਅਤੇ ਸਭ ਤੋਂ ਅਹਿਮ ਗੱਲ ਹੈ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰ ਰਹੇ ਹੋਵੋਗੇ।—ਕਹਾਉਤਾਂ 27:11. (g 3/06)
[ਫੁਟਨੋਟ]
^ ਪੈਰਾ 4 ਕੁਝ ਨਾਂ ਬਦਲ ਦਿੱਤੇ ਗਏ ਹਨ।
^ ਪੈਰਾ 22 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
ਇਸ ਬਾਰੇ ਸੋਚੋ
◼ ਜਦੋਂ ਗੰਦੀਆਂ ਗੱਲਾਂ ਚੱਲ ਰਹੀਆਂ ਹੋਣ, ਤਾਂ ਤੁਸੀਂ ਕਿੱਦਾਂ ਇਨ੍ਹਾਂ ਤੋਂ ਦੂਰ ਹੋਵੋਗੇ?
◼ ਤੁਸੀਂ ਕੀ ਕਹੋਗੇ ਅਤੇ ਕਰੋਗੇ ਜੇ ਤੁਹਾਡਾ ਕੋਈ ਹਾਣੀ ਤੁਹਾਨੂੰ ਛੇੜਨ ਦੀ ਕੋਸ਼ਿਸ਼ ਕਰੇ?
[ਸਫ਼ਾ 17 ਉੱਤੇ ਤਸਵੀਰ]
ਜੇ ਗੱਲਬਾਤ ਦਾ ਰੁੱਖ ਸੈਕਸ ਵੱਲ ਮੁੜ ਜਾਂਦਾ ਹੈ, ਤਾਂ ਉੱਠ ਕੇ ਚਲੇ ਜਾਓ
[ਸਫ਼ਾ 18 ਉੱਤੇ ਤਸਵੀਰ]
ਜੇ ਤੁਹਾਨੂੰ ਕੋਈ ਗ਼ਲਤ ਕੰਮ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰੇ, ਤਾਂ ਸਾਫ਼ ਇਨਕਾਰ ਕਰੋ