Skip to content

Skip to table of contents

ਲਹੂ ਦੇ ਲਾਲ ਸੈੱਲ ਕਮਾਲ ਦੀ ਚੀਜ਼

ਲਹੂ ਦੇ ਲਾਲ ਸੈੱਲ ਕਮਾਲ ਦੀ ਚੀਜ਼

ਲਹੂ ਦੇ ਲਾਲ ਸੈੱਲ ਕਮਾਲ ਦੀ ਚੀਜ਼

ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਲਹੂ ਵਿਚ ਲਾਲ ਸੈੱਲ ਭਰਪੂਰ ਮਾਤਰਾ ਵਿਚ ਹੁੰਦੇ ਹਨ ਤੇ ਇਨ੍ਹਾਂ ਕਰਕੇ ਹੀ ਲਹੂ ਦਾ ਰੰਗ ਲਾਲ ਹੁੰਦਾ ਹੈ। ਲਹੂ ਦੇ ਇਕ ਤੁਪਕੇ ਵਿਚ ਕਰੋੜਾਂ ਲਾਲ ਸੈੱਲ ਹੁੰਦੇ ਹਨ। ਮਾਈਕ੍ਰੋਸਕੋਪ ਵਿਚ ਦੇਖਣ ਤੇ ਲਾਲ ਸੈੱਲ ਗੁਲਗੁਲੇ ਵਰਗੇ ਦਿਖਾਈ ਦਿੰਦੇ ਹਨ ਜਿਨ੍ਹਾਂ ਦੇ ਗੱਭੇ ਡੂੰਘ ਹੁੰਦਾ ਹੈ। ਹਰ ਇਕ ਸੈੱਲ ਵਿਚ ਕਰੋੜਾਂ ਹੀਮੋਗਲੋਬਿਨ ਅਣੂ ਹੁੰਦੇ ਹਨ। ਹਰ ਹੀਮੋਗਲੋਬਿਨ ਅਣੂ ਸੋਹਣੇ ਗੋਲ ਆਕਾਰ ਦਾ ਹੁੰਦਾ ਹੈ ਅਤੇ ਹਾਈਡ੍ਰੋਜਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਗੰਧਕ ਦੇ 10,000 ਅਣੂਆਂ ਅਤੇ ਲੋਹੇ ਦੇ ਚਾਰ ਭਾਰੇ ਅਣੂਆਂ ਨਾਲ ਬਣਿਆ ਹੁੰਦਾ ਹੈ। ਇਨ੍ਹਾਂ ਅਣੂਆਂ ਤੋਂ ਹੀ ਲਹੂ ਨੂੰ ਸਰੀਰ ਦੇ ਵੱਖੋ-ਵੱਖਰੇ ਹਿੱਸਿਆਂ ਤਕ ਆਕਸੀਜਨ ਪਹੁੰਚਾਉਣ ਦੀ ਤਾਕਤ ਮਿਲਦੀ ਹੈ। ਹੀਮੋਗਲੋਬਿਨ ਕਰਕੇ ਕਾਰਬਨ ਡਾਈਆਕਸਾਈਡ ਟਿਸ਼ੂਆਂ ਵਿੱਚੋਂ ਨਿਕਲ ਕੇ ਫੇਫੜਿਆਂ ਵਿਚ ਚਲੀ ਜਾਂਦੀ ਹੈ ਜਿੱਥੋਂ ਇਹ ਸਾਹ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ।

ਲਾਲ ਸੈੱਲ ਦਾ ਇਕ ਹੋਰ ਜ਼ਰੂਰੀ ਹਿੱਸਾ ਹੈ ਇਸ ਦੀ ਚਮੜੀ। ਇਸ ਕਮਾਲ ਦੀ ਚਮੜੀ ਕਰਕੇ ਲਾਲ ਸੈੱਲ ਪਤਲੇ ਆਕਾਰ ਵਿਚ ਫੈਲ ਸਕਦੇ ਹਨ ਜਿਸ ਕਰਕੇ ਇਹ ਪਤਲੀਆਂ ਤੋਂ ਪਤਲੀਆਂ ਰੱਤ-ਨਾੜਾਂ ਵਿੱਚੋਂ ਦੀ ਲੰਘ ਜਾਂਦੇ ਹਨ ਤੇ ਸਰੀਰ ਦੇ ਹਰ ਹਿੱਸੇ ਨੂੰ ਜੀਉਂਦਾ ਰੱਖਦੇ ਹਨ।

ਲਾਲ ਸੈੱਲ ਹੱਡੀਆਂ ਦੀ ਮਿੱਝ ਵਿਚ ਬਣਦੇ ਹਨ। ਜਦੋਂ ਨਵਾਂ ਲਾਲ ਸੈੱਲ ਲਹੂ ਵਿਚ ਆਉਂਦਾ ਹੈ, ਤਾਂ ਇਹ ਤੁਹਾਡੇ ਦਿਲ ਵਿੱਚੋਂ ਦੀ ਹੋ ਕੇ ਪੂਰੇ ਸਰੀਰ ਦਾ 1,00,000 ਵਾਰੀ ਚੱਕਰ ਲਾਉਂਦਾ ਹੈ। ਦੂਸਰੇ ਸੈੱਲਾਂ ਤੋਂ ਉਲਟ ਲਾਲ ਸੈੱਲ ਦਾ ਨਿਊਕਲੀਅਸ ਨਹੀਂ ਹੁੰਦਾ। ਨਿਊਕਲੀਅਸ ਨਾ ਹੋਣ ਕਰਕੇ ਇਸ ਵਿਚ ਆਕਸੀਜਨ ਲੈ ਜਾਣ ਲਈ ਜ਼ਿਆਦਾ ਜਗ੍ਹਾ ਹੁੰਦੀ ਹੈ ਅਤੇ ਇਹ ਭਾਰ ਵਿਚ ਵੀ ਹਲਕਾ ਹੁੰਦਾ ਹੈ ਜਿਸ ਕਰਕੇ ਦਿਲ ਲਈ ਕਰੋੜਾਂ ਲਾਲ ਸੈੱਲ ਪੂਰੇ ਸਰੀਰ ਵਿਚ ਪਹੁੰਚਾਉਣੇ ਆਸਾਨ ਹੋ ਜਾਂਦੇ ਹਨ। ਪਰ ਨਿਊਕਲੀਅਸ ਨਾ ਹੋਣ ਕਰਕੇ ਇਹ ਆਪਣੇ ਅੰਦਰੂਨੀ ਹਿੱਸਿਆਂ ਨੂੰ ਨਵਿਆਂ ਨਹੀਂ ਬਣਾ ਸਕਦੇ। ਇਸ ਲਈ ਤਕਰੀਬਨ 120 ਦਿਨਾਂ ਬਾਅਦ ਲਾਲ ਸੈੱਲਾਂ ਵਿਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਲਚਕਦਾਰ ਨਹੀਂ ਰਹਿੰਦੇ। ਵੱਡੇ ਚਿੱਟੇ ਸੈੱਲ ਇਨ੍ਹਾਂ ਹੰਢ ਚੁੱਕੇ ਸੈੱਲਾਂ ਨੂੰ ਨਿਗਲ ਲੈਂਦੇ ਹਨ ਤੇ ਉਨ੍ਹਾਂ ਵਿੱਚੋਂ ਲੋਹੇ ਦੇ ਅਣੂ ਨੂੰ ਛੱਡ ਦਿੰਦੇ ਹਨ। ਇਹ ਲੋਹੇ ਦੇ ਅਣੂ ਪਲਾਜ਼ਮਾ ਪ੍ਰੋਟੀਨ ਨਾਲ ਚਿੰਬੜ ਜਾਂਦੇ ਹਨ ਜੋ ਇਨ੍ਹਾਂ ਨੂੰ ਹੱਡੀਆਂ ਦੀ ਮਿੱਝ ਵਿਚ ਲੈ ਜਾਂਦੇ ਹਨ। ਉੱਥੇ ਇਨ੍ਹਾਂ ਨੂੰ ਨਵੇਂ ਲਾਲ ਸੈੱਲ ਬਣਾਉਣ ਲਈ ਵਰਤਿਆ ਜਾਂਦਾ ਹੈ। ਹੱਡੀਆਂ ਦੀ ਮਿੱਝ ਵਿੱਚੋਂ ਹਰ ਸਕਿੰਟ ਵਿਚ 20 ਤੋਂ 30 ਲੱਖ ਲਾਲ ਸੈੱਲ ਬਣ ਕੇ ਲਹੂ ਵਿਚ ਮਿਲਦੇ ਹਨ!

ਜੇ ਤੁਹਾਡੇ ਅਰਬਾਂ ਲਾਲ ਸੈੱਲ ਇਕਦਮ ਕੰਮ ਕਰਨਾ ਬੰਦ ਕਰ ਦੇਣ, ਤਾਂ ਮਿੰਟਾਂ ਵਿਚ ਹੀ ਤੁਹਾਡੀ ਮੌਤ ਹੋ ਜਾਵੇਗੀ। ਸਾਨੂੰ ਯਹੋਵਾਹ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਇਹ ਕਮਾਲ ਦੀ ਚੀਜ਼ ਬਣਾਈ ਜੋ ਸਾਨੂੰ ਜੀਉਂਦਾ ਰੱਖਦੀ ਹੈ। ਯਕੀਨਨ ਤੁਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੋਵੋਗੇ ਜਿਸ ਨੇ ਲਿਖਿਆ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”—ਜ਼ਬੂਰਾਂ ਦੀ ਪੋਥੀ 139:1, 14. (g 1/06)

[ਸਫ਼ਾ 30 ਉੱਤੇ ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਲਹੂ ਦਾ ਲਾਲ ਸੈੱਲ

ਚਮੜੀ

ਹੀਮੋਗਲੋਬਿਨ (ਵੱਡਾ ਕਰ ਕੇ ਦਿਖਾਇਆ)

ਆਕਸੀਜਨ