ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
◼ ਸਾਲ 2000 ਦੌਰਾਨ ਦੁਨੀਆਂ ਭਰ ਵਿਚ ਲਗਭਗ 83 ਲੱਖ ਲੋਕਾਂ ਨੂੰ ਟੀ.ਬੀ. ਹੋਈ ਤੇ ਉਸੇ ਸਾਲ ਤਕਰੀਬਨ 20 ਲੱਖ ਟੀ.ਬੀ. ਦੇ ਸ਼ਿਕਾਰ ਲੋਕ ਮਰੇ ਸਨ ਜੋ ਜ਼ਿਆਦਾ ਕਰਕੇ ਘੱਟ ਆਮਦਨੀ ਵਾਲੇ ਦੇਸ਼ਾਂ ਦੇ ਸਨ। —ਮੈਡੀਕਲ ਜਰਨਲ ਆਫ਼ ਆਸਟ੍ਰੇਲੀਆ। (g 1/06)
◼ ਇਕ ਅਧਿਐਨ ਮੁਤਾਬਕ, 30 ਸਾਲ ਦੀ ਉਮਰ ਵਿਚ ਸਿਗਰਟਾਂ ਪੀਣ ਨਾਲ ਪੁਰਸ਼ਾਂ ਦੀ ਉਮਰ ਸਾਢੇ ਪੰਜ ਸਾਲ ਅਤੇ ਤੀਵੀਆਂ ਦੀ ਉਮਰ ਸਾਢੇ ਛੇ ਸਾਲ ਘੱਟ ਜਾਂਦੀ ਹੈ। ਪਰ ਜੇ ਕੋਈ ਵਿਅਕਤੀ 30 ਸਾਲ ਦੀ ਉਮਰ ਤੇ ਸਿਗਰਟਾਂ ਪੀਣੀਆਂ ਛੱਡ ਦੇਵੇ, ਤਾਂ ਉਸ ਦੀ ਤਮਾਖੂ ਨਾਲ ਲੱਗਣ ਵਾਲੀਆਂ ਬੀਮਾਰੀਆਂ ਕਾਰਨ ਮਰਨ ਦੀ ਸੰਭਾਵਨਾ ਕਾਫ਼ੀ ਘੱਟ ਜਾਵੇਗੀ। —ਦ ਟਾਈਮਜ਼, ਇੰਗਲੈਂਡ। (g 2/06)
◼ ਸਾਲ 2004 ਦੌਰਾਨ ਸੰਸਾਰ ਭਰ ਵਿਚ ਤੇਲ ਦੀ ਕੁੱਲ ਖਪਤ 8 ਕਰੋੜ 24 ਲੱਖ ਬੈਰਲ ਪ੍ਰਤਿ ਦਿਨ ਸੀ ਜੋ ਕਿ ਪਿਛਲੇ ਸਾਲ ਨਾਲੋਂ 3.4 ਪ੍ਰਤਿਸ਼ਤ ਜ਼ਿਆਦਾ ਸੀ। ਇਸ ਵਿੱਚੋਂ 50 ਫੀ ਸਦੀ ਵਾਧੇ ਲਈ ਅਮਰੀਕਾ ਤੇ ਚੀਨ ਜ਼ਿੰਮੇਵਾਰ ਹਨ। ਅਮਰੀਕਾ ਇਸ ਸਮੇਂ ਹਰ ਦਿਨ 2 ਕਰੋੜ 5 ਲੱਖ ਬੈਰਲ ਤੇਲ ਅਤੇ ਚੀਨ 66 ਲੱਖ ਬੈਰਲ ਤੇਲ ਦੀ ਖਪਤ ਕਰ ਰਹੇ ਹਨ। —ਵਾਇਟਲ ਸਾਇੰਜ਼ 2005, ਵਰਲਡ ਵਾਚ ਇੰਸਟੀਚਿਊਟ। (g 2/06)
“ਮਾਂ ਦੀ ਕਦਰ ਕਰੋ”
ਮਜ਼ਦੂਰੀ-ਪੇਸ਼ੇ ਦੇ ਵਿਸ਼ਲੇਸ਼ਕਾਂ ਮੁਤਾਬਕ, ਜੇ ਇਕ ਕਨੇਡੀਆਈ ਸੁਆਣੀ ਆਪਣੇ ਦੋ ਸਕੂਲ ਜਾਂਦੇ ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਘਰ ਦਾ ਸਾਰਾ ਕੰਮ-ਕਾਜ ਵੀ ਸੰਭਾਲਦੀ ਹੈ, ਤਾਂ ਓਵਰ-ਟਾਈਮ ਨੂੰ ਮਿਲਾ ਕੇ ਉਸ ਦੀ ਸਾਲਾਨਾ ਮਜ਼ਦੂਰੀ 1,63,852 ਕਨੇਡੀਆਈ ਡਾਲਰ (ਲਗਭਗ 58 ਲੱਖ ਰੁਪਏ) ਬਣਦੀ ਹੈ। ਵੈਨਕੂਵਰ ਸਨ ਅਖ਼ਬਾਰ ਦਾ ਕਹਿਣਾ ਹੈ ਕਿ ਅੱਜ ਦੇ ਹਿਸਾਬ ਨਾਲ ਇੰਨੀ ਤਨਖ਼ਾਹ ਉਸ ਇਨਸਾਨ ਨੂੰ ਮਿਲਦੀ ਹੈ ਜੋ “ਹਫ਼ਤੇ ਵਿਚ 100 ਘੰਟੇ ਯਾਨੀ ਛੇ ਦਿਨ 15-15 ਘੰਟੇ ਅਤੇ ਇਕ ਦਿਨ 10 ਘੰਟੇ ਕੰਮ ਕਰਦਾ ਹੈ।” ਮਾਵਾਂ ਕੀ-ਕੀ ਕੰਮ ਕਰਦੀਆਂ ਹਨ? ਉਹ ਬੱਚਿਆਂ ਦੀ ਦੇਖ-ਭਾਲ, ਘਰ ਦੀ ਸਾਫ਼-ਸਫ਼ਾਈ ਤੇ ਸਾਂਭ-ਸੰਭਾਲ ਕਰਨ ਤੋਂ ਇਲਾਵਾ ਅਧਿਆਪਕਾ, ਡ੍ਰਾਈਵਰ, ਰਸੋਈਏ ਅਤੇ ਨਰਸ ਦੀ ਵੀ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਇਹ ਅਖ਼ਬਾਰ ਲੋਕਾਂ ਨੂੰ ਸਲਾਹ ਦਿੰਦੀ ਹੈ: “ਮਾਂ ਦੀ ਕਦਰ ਕਰੋ: ਉਸ ਦੀ ਮਿਹਨਤ-ਮਜ਼ਦੂਰੀ ਦਾ ਕੋਈ ਮੁੱਲ ਨਹੀਂ।” (g 2/06)
ਵਹਿਮਾਂ-ਭਰਮਾਂ ਦਾ ਬੋਲਬਾਲਾ
ਇਕ ਜਰਮਨ ਰਾਇਸ਼ੁਮਾਰੀ ਸੰਸਥਾ ਦੀ ਰਿਪੋਰਟ ਮੁਤਾਬਕ, “ਤਕਨੀਕੀ ਤੇ ਵਿਗਿਆਨਕ ਤਰੱਕੀ ਦੇ ਇਸ ਜ਼ਮਾਨੇ ਵਿਚ ਲੋਕ ਅਜੇ ਵੀ ਵਹਿਮਾਂ-ਭਰਮਾਂ ਵਿਚ ਵਿਸ਼ਵਾਸ ਕਰਦੇ ਹਨ।” ਲੰਬੇ ਸਮੇਂ ਤੋਂ ਕੀਤੇ ਜਾ ਰਹੇ ਇਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ “ਜਰਮਨ ਲੋਕ ਸ਼ੁਭ-ਅਸ਼ੁਭ ਸ਼ਗਨਾਂ ਨੂੰ ਬਹੁਤ ਮੰਨਦੇ ਹਨ ਤੇ ਇਹ ਰੁਝਾਨ ਪਿਛਲੇ 25 ਸਾਲਾਂ ਵਿਚ ਹੋਰ ਜ਼ਿਆਦਾ ਵਧ ਗਿਆ ਹੈ।” ਮਿਸਾਲ ਲਈ, 1970 ਦੇ ਦਹਾਕੇ ਵਿਚ 22 ਪ੍ਰਤਿਸ਼ਤ ਲੋਕ ਮੰਨਦੇ ਸਨ ਕਿ ਟੁੱਟਦੇ ਤਾਰੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਹਨ। ਅੱਜ 40 ਪ੍ਰਤਿਸ਼ਤ ਲੋਕ ਇਹ ਗੱਲ ਮੰਨਦੇ ਹਨ। ਤਿੰਨਾਂ ਵਿੱਚੋਂ ਸਿਰਫ਼ ਇਕ ਵਿਅਕਤੀ ਹੀ ਅਜਿਹਾ ਹੋਵੇਗਾ ਜੋ ਇਸ ਤਰ੍ਹਾਂ ਦੇ ਭਰਮਜਾਲ ਤੋਂ ਮੁਕਤ ਹੈ। ਜਰਮਨ ਯੂਨੀਵਰਸਿਟੀ ਦੇ 1,000 ਵਿਦਿਆਰਥੀਆਂ ਉੱਤੇ ਕੀਤੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਵਿੱਚੋਂ ਇਕ-ਤਿਹਾਈ ਨੌਜਵਾਨ ਸ਼ੁਭ ਮੰਨੀਆਂ ਜਾਂਦੀਆਂ ਚੀਜ਼ਾਂ ਨੂੰ ਆਪਣੀਆਂ ਕਾਰਾਂ ਵਿਚ ਰੱਖਦੇ ਹਨ ਜਾਂ ਚਾਬੀ ਦੇ ਛੱਲੇ ਵਿਚ ਪਾ ਕੇ ਰੱਖਦੇ ਹਨ। (g 1/06)
ਅੱਜ ਦੇ ਜ਼ਮਾਨੇ ਵਿਚ ਗ਼ੁਲਾਮੀ
ਸੰਯੁਕਤ ਰਾਸ਼ਟਰ ਸੰਘ ਦੇ ਇਕ ਕੌਮਾਂਤਰੀ ਮਜ਼ਦੂਰੀ ਸੰਗਠਨ ਦੁਆਰਾ ਕੀਤੇ ਅਧਿਐਨ ਤੋਂ ਜ਼ਾਹਰ ਹੁੰਦਾ ਹੈ ਕਿ “ਦੁਨੀਆਂ ਭਰ ਵਿਚ ਘੱਟੋ-ਘੱਟ 1 ਕਰੋੜ 23 ਲੱਖ ਲੋਕਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।” ਇਨ੍ਹਾਂ ਵਿੱਚੋਂ 24 ਲੱਖ ਲੋਕਾਂ ਨੂੰ ਦੂਸਰਿਆਂ ਦੇ ਹੱਥ ਵੇਚ ਦਿੱਤਾ ਗਿਆ ਸੀ। ਜਬਰੀ ਮਜ਼ਦੂਰੀ ਦਾ ਮਤਲਬ ਹੈ ਕਿਸੇ ਦੀ ਮਰਜ਼ੀ ਦੇ ਖ਼ਿਲਾਫ਼ ਜਾਂ ਡਰਾ-ਧਮਕਾ ਕੇ ਉਸ ਤੋਂ ਕੰਮ ਕਰਾਉਣਾ। ਇਸ ਵਿਚ ਜਿਸਮਫਰੋਸ਼ੀ ਤੇ ਜਬਰੀ ਫ਼ੌਜੀ ਸੇਵਾ ਵਰਗੇ ਕੰਮ ਸ਼ਾਮਲ ਹਨ। ਕਈ ਲੋਕ ਕਰਜ਼ ਦੇਣ ਵਾਲਿਆਂ ਦੇ ਗ਼ੁਲਾਮ ਬਣ ਜਾਂਦੇ ਹਨ ਅਤੇ ਕਰਜ਼ਾ ਉਤਾਰਨ ਲਈ ਬਹੁਤ ਘੱਟ ਜਾਂ ਫਿਰ ਬਿਨਾਂ ਪੈਸਿਆਂ ਤੋਂ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਕੌਮਾਂਤਰੀ ਮਜ਼ਦੂਰੀ ਸੰਗਠਨ ਦੇ ਡਾਇਰੈਕਟਰ ਜਨਰਲ ਹੁਵਾਨ ਸੋਮਾਵੀਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਮਜ਼ਦੂਰੀ “ਇਨਸਾਨ ਦੇ ਬੁਨਿਆਦੀ ਹੱਕਾਂ ਤੇ ਮਾਣ-ਮਰਯਾਦਾ ਦੇ ਖ਼ਿਲਾਫ਼ ਹੈ।” (g 3/06)
ਖੜ੍ਹੀਆਂ ਗੱਡੀਆਂ ਵਿਚ ਤਾਪਮਾਨ
ਇਕ ਰਸਾਲੇ ਮੁਤਾਬਕ, ਅਮਰੀਕਾ ਵਿਚ ਸਾਲ 2004 ਦੌਰਾਨ ਖੜ੍ਹੀਆਂ ਗੱਡੀਆਂ ਵਿਚ ਬੈਠੇ 35 ਬੱਚੇ ਅਤਿਅੰਤ ਗਰਮੀ ਦੀ ਬਲੀ ਚੜ੍ਹ ਗਏ। ਕਈ ਅਧਿਐਨ ਦਿਖਾਉਂਦੇ ਹਨ ਕਿ ਜਦੋਂ ਹਵਾ ਦਾ ਆਮ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੁੰਦਾ ਹੈ, ਤਾਂ ਖੜ੍ਹੀ ਗੱਡੀ ਦਾ ਅੰਦਰਲਾ ਤਾਪਮਾਨ ਤੇਜ਼ੀ ਨਾਲ 57-68 ਡਿਗਰੀ ਤਕ ਪਹੁੰਚ ਸਕਦਾ ਹੈ। ਜੇ ਬਾਹਰਲਾ ਤਾਪਮਾਨ 22 ਡਿਗਰੀ ਹੋਵੇ, ਤਾਂ ਵੀ 15-30 ਮਿੰਟਾਂ ਵਿਚ ਗੱਡੀ ਦਾ ਅੰਦਰਲਾ ਤਾਪਮਾਨ ਵਧ ਕੇ ਲਗਭਗ 44 ਡਿਗਰੀ ਹੋ ਸਕਦਾ ਹੈ। ਗੱਡੀ ਦੀਆਂ ਬਾਰੀਆਂ ਨੂੰ ਚਾਰ ਸੈਂਟੀਮੀਟਰ ਖੁੱਲ੍ਹਾ ਰੱਖਣ ਜਾਂ ਗੱਡੀ ਰੋਕਣ ਤੋਂ ਪਹਿਲਾਂ ਏਅਰ-ਕੰਡੀਸ਼ਨਰ ਦੇ ਚਾਲੂ ਰਹਿਣ ਨਾਲ ਵੀ ਜ਼ਿਆਦਾ ਫ਼ਰਕ ਨਹੀਂ ਪੈਂਦਾ। ਇਸ ਲੇਖ ਨੂੰ ਲਿਖਣ ਵਾਲਿਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਇਸ ਖ਼ਤਰੇ ਬਾਰੇ ਸਚੇਤ ਕਰਨ ਨਾਲ ਕਈ ਜਾਨਾਂ ਬਚ ਸਕਦੀਆਂ ਹਨ। (g 3/06)