Skip to content

Skip to table of contents

ਅੱਤਵਾਦ ਦੇ ਸਾਏ ਹੇਠ ਸਹਿਮਿਆ ਬਚਪਨ

ਅੱਤਵਾਦ ਦੇ ਸਾਏ ਹੇਠ ਸਹਿਮਿਆ ਬਚਪਨ

ਅੱਤਵਾਦ ਦੇ ਸਾਏ ਹੇਠ ਸਹਿਮਿਆ ਬਚਪਨ

ਸੂਰਜ ਦੇ ਡੁੱਬਦਿਆਂ ਸਾਰ ਉੱਤਰੀ ਯੂਗਾਂਡਾ ਵਿਚ ਹਜ਼ਾਰਾਂ ਹੀ ਬੱਚੇ ਨੰਗੇ ਪੈਰੀਂ ਸੜਕਾਂ ਤੇ ਨਿਕਲ ਤੁਰਦੇ ਹਨ। ਉਹ ਰਾਤ ਪੈਣ ਤੋਂ ਪਹਿਲਾਂ-ਪਹਿਲਾਂ ਪਿੰਡਾਂ ਵਿਚ ਆਪਣੇ ਘਰ ਛੱਡ ਕੇ ਗੂਲੂ, ਕਿਚਗੂਮ ਤੇ ਲੀਰਾ ਵਰਗੇ ਵੱਡੇ ਸ਼ਹਿਰਾਂ ਵੱਲ ਨੂੰ ਹੋ ਤੁਰਦੇ ਹਨ। ਸ਼ਹਿਰ ਪਹੁੰਚਦਿਆਂ ਹੀ ਉਹ ਇਮਾਰਤਾਂ, ਬੱਸ ਅੱਡਿਆਂ, ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ਤੇ ਖਿੰਡਰ-ਪੁੰਡਰ ਜਾਂਦੇ ਹਨ। ਸੂਰਜ ਚੜ੍ਹਦਿਆਂ ਹੀ ਉਹ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ। ਉਹ ਹਰ ਰੋਜ਼ ਇਸ ਤਰ੍ਹਾਂ ਕਿਉਂ ਕਰਦੇ ਹਨ?

ਕੁਝ ਲੋਕ ਕਹਿੰਦੇ ਹਨ ਕਿ ਉਹ ਰਾਤ ਨੂੰ ਕੰਮ ਤੇ ਜਾਣ ਲਈ ਇਹ ਸਫ਼ਰ ਕਰਦੇ ਹਨ। ਪਰ ਇਸ ਤਰ੍ਹਾਂ ਨਹੀਂ ਹੈ। ਉਹ ਸ਼ਾਮ ਪੈਂਦਿਆਂ ਹੀ ਘਰੋਂ ਚਲੇ ਜਾਂਦੇ ਹਨ ਕਿਉਂਕਿ ਹਨੇਰਾ ਹੋਣ ਤੇ ਉਨ੍ਹਾਂ ਦਾ ਘਰ ਉਨ੍ਹਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ।

ਤਕਰੀਬਨ 20 ਸਾਲਾਂ ਤੋਂ ਅੱਤਵਾਦੀ ਪਿੰਡਾਂ ਤੇ ਧਾਵਾ ਬੋਲ ਕੇ ਬੱਚਿਆਂ ਨੂੰ ਅਗਵਾ ਕਰ ਰਹੇ ਹਨ। ਹਰ ਸਾਲ ਉਹ ਹਜ਼ਾਰਾਂ ਮੁੰਡੇ-ਕੁੜੀਆਂ ਨੂੰ ਉਨ੍ਹਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਹਨ ਤੇ ਸੰਘਣੇ ਜੰਗਲਾਂ ਵਿਚ ਅਲੋਪ ਹੋ ਜਾਂਦੇ ਹਨ। ਬੱਚਿਆਂ ਨੂੰ ਖ਼ਾਸ ਕਰਕੇ ਰਾਤ ਨੂੰ ਚੁੱਕਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਸਿਪਾਹੀਆਂ ਅਤੇ ਕੁਲੀਆਂ ਵਜੋਂ ਵਰਤਿਆ ਜਾਂਦਾ ਤੇ ਕੁੜੀਆਂ ਨੂੰ ਵੇਸਵਾਵਾਂ ਬਣਾ ਦਿੱਤਾ ਜਾਂਦਾ ਹੈ। ਜੇ ਇਹ ਬੱਚੇ ਉਨ੍ਹਾਂ ਦੀ ਗੱਲ ਨਹੀਂ ਮੰਨਦੇ, ਤਾਂ ਉਨ੍ਹਾਂ ਦੇ ਨੱਕ-ਬੁੱਲ੍ਹ ਕੱਟ ਦਿੱਤੇ ਜਾਂਦੇ ਹਨ। ਜਿਹੜੇ ਬੱਚੇ ਭੱਜਣ ਦੀ ਕੋਸ਼ਿਸ਼ ਕਰਦਿਆਂ ਫੜੇ ਜਾਂਦੇ ਹਨ, ਉਨ੍ਹਾਂ ਨੂੰ ਭਿਆਨਕ ਮੌਤੇ ਮਾਰਿਆ ਜਾਂਦਾ ਹੈ।

ਹੋਰ ਵੀ ਬੱਚੇ ਅੱਤਵਾਦ ਦੇ ਸ਼ਿਕਾਰ ਹਨ। ਸੀਅਰਾ ਲਿਓਨ ਵਿਚ ਅਜਿਹੇ ਲੰਗੜੇ-ਲੂਲ੍ਹੇ ਅੱਲ੍ਹੜ ਉਮਰ ਦੇ ਬੱਚੇ ਹਨ ਜਿਨ੍ਹਾਂ ਦੇ ਛੋਟੇ ਹੁੰਦਿਆਂ ਹੀ ਗੁੰਡਿਆਂ ਨੇ ਵੱਡੇ-ਵੱਡੇ ਦਾਤਾਂ ਨਾਲ ਹੱਥ-ਪੈਰ ਵੱਢ ਦਿੱਤੇ ਸਨ। ਅਫ਼ਗਾਨਿਸਤਾਨ ਵਿਚ ਮੁੰਡੇ-ਕੁੜੀਆਂ ਅਜਿਹੇ ਤਿੱਤਲੀਆਂ ਵਰਗੇ ਬਾਰੂਦ ਨਾਲ ਭਰੇ ਰੰਗਦਾਰ ਪਲਾਸਟਿਕ ਬੰਬਾਂ ਨਾਲ ਖੇਡਦੇ ਹਨ ਜਿਨ੍ਹਾਂ ਦੇ ਫਟਣ ਤੇ ਬੱਚੇ ਆਪਣੀਆਂ ਉਂਗਲੀਆਂ ਅਤੇ ਅੱਖਾਂ ਗੁਆ ਬੈਠਦੇ ਹਨ।

ਕੁਝ ਬੱਚਿਆਂ ਦੀ ਪਲਾਂ ਵਿਚ ਹੀ ਜਾਨ ਨਿਕਲ ਜਾਂਦੀ ਹੈ। ਮਿਸਾਲ ਲਈ, ਅਮਰੀਕਾ ਦੇ ਓਕਲਾਹੋਮਾ ਸਿਟੀ ਉੱਤੇ 1995 ਵਿਚ ਹੋਏ ਹਮਲੇ ਵਿਚ 168 ਲੋਕਾਂ ਦੀਆਂ ਜਾਨਾਂ ਗਈਆਂ ਜਿਨ੍ਹਾਂ ਵਿਚ 19 ਬੱਚੇ ਸਨ। ਕੁਝ ਬੱਚੇ ਤਾਂ ਬਹੁਤ ਹੀ ਛੋਟੇ ਸਨ। ਜਿਵੇਂ ਹਵਾ ਦਾ ਇਕ ਤੇਜ਼ ਬੁੱਲਾ ਮੋਮਬੱਤੀ ਨੂੰ ਬੁਝਾ ਦਿੰਦਾ ਹੈ, ਉਸੇ ਤਰ੍ਹਾਂ ਬੰਬ ਫਟਣ ਨਾਲ ਇਨ੍ਹਾਂ ਨੰਨ੍ਹੀਆਂ ਜਾਨਾਂ ਦਾ ਅੰਤ ਹੋ ਗਿਆ। ਅੱਤਵਾਦੀਆਂ ਨੇ ਇਹ ਵਾਰਦਾਤ ਕਰ ਕੇ ਬੱਚਿਆਂ ਤੋਂ ਹੱਸਣ-ਖੇਡਣ ਅਤੇ ਮਾਂ-ਬਾਪ ਦੇ ਲਾਡ-ਪਿਆਰ ਦਾ ਹੱਕ ਖੋਹ ਲਿਆ।

ਇਹ ਘਟਨਾਵਾਂ ਹਾਲ ਹੀ ਵਿਚ ਹੋਈਆਂ ਹਨ, ਪਰ ਮਨੁੱਖਜਾਤੀ ਤਾਂ ਸਦੀਆਂ ਤੋਂ ਹੀ ਅੱਤਵਾਦ ਦਾ ਸ਼ਿਕਾਰ ਹੁੰਦੀ ਆਈ ਹੈ ਜਿਵੇਂ ਆਪਾਂ ਅਗਲੇ ਲੇਖਾਂ ਵਿਚ ਦੇਖਾਂਗੇ। (g 6/06)

[ਸਫ਼ਾ 3 ਉੱਤੇ ਡੱਬੀ]

ਬੱਚੇ ਦੇ ਮਰਨ ਦੇ ਡਰ ਕਾਰਨ ਪਹਿਲਾਂ ਤੋਂ ਤਿਆਰੀਆਂ

“ਸਵੇਰੇ ਜਦੋਂ ਮੈਂ ਆਪਣੇ 11 ਸਾਲਾਂ ਦੇ ਮੁੰਡੇ ਨੂੰ ਜਗਾਇਆ, ਤਾਂ ਉਸ ਨੇ ਪੁੱਛਿਆ, ‘ਕੀ ਅੱਤਵਾਦੀ ਅੱਜ ਹਮਲਾ ਕਰ ਚੁੱਕੇ ਹਨ?’” ਇਹ ਸ਼ਬਦ ਲੇਖਕ ਡੇਵਿਡ ਗਰੋਸਮਨ ਨੇ ਆਪਣੇ ਦੇਸ਼ ਵਿਚ ਹੁੰਦੀ ਹਿੰਸਾ ਬਾਰੇ ਲਿਖੇ ਸਨ। ਅੱਗੇ ਉਸ ਨੇ ਕਿਹਾ: “ਮੇਰਾ ਪੁੱਤਰ ਬਹੁਤ ਡਰਿਆ ਹੋਇਆ ਹੈ।”

ਹਾਲ ਹੀ ਵਿਚ ਅੱਤਵਾਦੀ ਹਮਲਿਆਂ ਵਿਚ ਇੰਨੇ ਸਾਰੇ ਬੱਚਿਆਂ ਦੀ ਮੌਤ ਹੋਈ ਕਿ ਕੁਝ ਮਾਪੇ ਆਪਣੇ ਬੱਚੇ ਦੀ ਮੌਤ ਦੇ ਡਰ ਕਾਰਨ ਪਹਿਲਾਂ ਤੋਂ ਹੀ ਤਿਆਰੀਆਂ ਕਰਨ ਲੱਗੇ ਹਨ। ਗਰੋਸਮਨ ਨੇ ਲਿਖਿਆ: “ਮੈਂ ਇਕ ਨੌਜਵਾਨ ਜੋੜੇ ਦੀ ਗੱਲ ਕਦੇ ਨਹੀਂ ਭੁੱਲ ਸਕਦਾ ਜਿਨ੍ਹਾਂ ਨੇ ਇਕ ਵਾਰ ਮੈਨੂੰ ਭਵਿੱਖ ਬਾਰੇ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ। ਉਹ ਵਿਆਹ ਕਰਨ ਅਤੇ ਤਿੰਨ ਬੱਚੇ ਪੈਦਾ ਕਰਨ ਬਾਰੇ ਸੋਚ ਰਹੇ ਸਨ। ਉਹ ਇਸ ਲਈ ਤਿੰਨ ਬੱਚੇ ਪੈਦਾ ਕਰਨੇ ਚਾਹੁੰਦੇ ਸਨ ਕਿ ਜੇ ਇਕ ਮਰ ਗਿਆ, ਤਾਂ ਉਨ੍ਹਾਂ ਦੇ ਦੋ ਬੱਚੇ ਜ਼ਿੰਦਾ ਹੋਣਗੇ।”

ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਜੇ ਉਨ੍ਹਾਂ ਦੇ ਦੋ ਜਾਂ ਤਿੰਨੇ ਹੀ ਬੱਚੇ ਮਰ ਗਏ, ਤਾਂ ਉਹ ਕੀ ਕਰਨਗੇ। *

[ਫੁਟਨੋਟ]

^ ਪੈਰਾ 12 ਇਸ ਡੱਬੀ ਵਿਚਲੇ ਹਵਾਲੇ ਡੇਵਿਡ ਗਰੋਸਮਨ ਦੀ ਕਿਤਾਬ ਜ਼ਿੰਦਗੀ ਉੱਤੇ ਮੌਤ ਦਾ ਰਾਜ (ਅੰਗ੍ਰੇਜ਼ੀ) ਵਿੱਚੋਂ ਲਏ ਗਏ ਹਨ।

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Sven Torfinn/​Panos Pictures