Skip to content

Skip to table of contents

ਆਪਣੀ ਧੀ ਨੂੰ ਪਹਿਲੀ ਮਾਹਵਾਰੀ ਵਾਸਤੇ ਤਿਆਰ ਕਰੋ

ਆਪਣੀ ਧੀ ਨੂੰ ਪਹਿਲੀ ਮਾਹਵਾਰੀ ਵਾਸਤੇ ਤਿਆਰ ਕਰੋ

ਆਪਣੀ ਧੀ ਨੂੰ ਪਹਿਲੀ ਮਾਹਵਾਰੀ ਵਾਸਤੇ ਤਿਆਰ ਕਰੋ

ਜਵਾਨੀ ਵਿਚ ਪੈਰ ਰੱਖਦਿਆਂ ਹੀ ਸਰੀਰ ਵਿਚ ਕਈ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀਆਂ ਦੇ ਸਰੀਰਕ ਵਿਕਾਸ ਦੇ ਇਸ ਦੌਰ ਦੌਰਾਨ ਇਕ ਕੁਦਰਤੀ ਗੱਲ ਵਾਪਰਦੀ ਹੈ ਯਾਨੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ।

ਪਹਿਲੀ ਵਾਰ ਮਾਹਵਾਰੀ ਆਉਣ ਤੇ ਕੁੜੀਆਂ ਤਣਾਅ ਵਿਚ ਆ ਸਕਦੀਆਂ ਹਨ ਤੇ ਉਨ੍ਹਾਂ ਦੇ ਮਨਾਂ ਵਿਚ ਅਕਸਰ ਰਲਵੇਂ-ਮਿਲਵੇਂ ਵਿਚਾਰ ਆਉਂਦੇ ਹਨ। ਜਵਾਨੀ ਦਾ ਆਗਾਜ਼ ਹੋਣ ਤੇ ਕਈ ਹੋਰਨਾਂ ਤਬਦੀਲੀਆਂ ਦੀ ਤਰ੍ਹਾਂ ਇਹ ਤਬਦੀਲੀ ਵੀ ਉਨ੍ਹਾਂ ਨੂੰ ਉਲਝਣ ਵਿਚ ਪਾ ਸਕਦੀ ਹੈ। ਕਈ ਕੁੜੀਆਂ ਪਹਿਲੀ ਮਾਹਵਾਰੀ ਆਉਣ ਤੇ ਡਰ ਜਾਂਦੀਆਂ ਹਨ ਤੇ ਚਿੰਤਾ ਕਰਨ ਲੱਗਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ ਜਾਂ ਫਿਰ ਉਨ੍ਹਾਂ ਨੂੰ ਕਿਸੇ ਨੇ ਇਸ ਬਾਰੇ ਕੁਝ ਦੱਸਿਆ ਨਹੀਂ ਹੁੰਦਾ।

ਜਿਹੜੀਆਂ ਕੁੜੀਆਂ ਇਸ ਵਾਸਤੇ ਤਿਆਰ ਹੁੰਦੀਆਂ ਹਨ, ਉਹ ਅਕਸਰ ਤਣਾਅ ਦੀਆਂ ਘੱਟ ਸ਼ਿਕਾਰ ਹੁੰਦੀਆਂ ਹਨ। ਪਰ ਅਧਿਐਨ ਦਿਖਾਉਂਦੇ ਹਨ ਕਿ ਬਹੁਤ ਸਾਰੀਆਂ ਕੁੜੀਆਂ ਇਸ ਵਾਸਤੇ ਤਿਆਰ ਨਹੀਂ ਹੁੰਦੀਆਂ। ਤੇਈ ਦੇਸ਼ਾਂ ਵਿਚ ਕੀਤੇ ਇਕ ਸਰਵੇ ਤੋਂ ਪਤਾ ਲੱਗਾ ਕਿ ਤਕਰੀਬਨ ਇਕ-ਤਿਹਾਈ ਕੁੜੀਆਂ ਨੂੰ ਪਹਿਲੀ ਮਾਹਵਾਰੀ ਆਉਣ ਤੋਂ ਪਹਿਲਾਂ ਕੁਝ ਵੀ ਨਹੀਂ ਦੱਸਿਆ ਗਿਆ ਸੀ। ਅਚਾਨਕ ਹੀ ਮਾਹਵਾਰੀ ਸ਼ੁਰੂ ਹੋਣ ਤੇ ਉਨ੍ਹਾਂ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰਨ।

ਕੁਝ ਔਰਤਾਂ ਨੇ ਦੱਸਿਆ ਕਿ ਪਹਿਲੀ ਮਾਹਵਾਰੀ ਆਉਣ ਤੇ ਉਨ੍ਹਾਂ ਨੂੰ ਬਹੁਤ ਮੁਸ਼ਕਲ ਹੋਈ ਕਿਉਂਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਇਕ ਅਧਿਐਨ ਦੌਰਾਨ ਆਪਣੀ ਪਹਿਲੀ ਮਾਹਵਾਰੀ ਬਾਰੇ ਦੱਸਦਿਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ “ਸਦਮਾ” ਪਹੁੰਚਿਆ ਤੇ ਉਹ “ਭੈਭੀਤ ਤੇ ਸ਼ਰਮਿੰਦਾ” ਵੀ ਹੋਈਆਂ। ਕਈਆਂ ਨੇ ਤਾਂ “ਡਰ” ਦੇ ਮਾਰੇ ਆਪਣੀ ਪਹਿਲੀ ਮਾਹਵਾਰੀ ਬਾਰੇ ਕਿਸੇ ਨੂੰ ਨਹੀਂ ਦੱਸਿਆ।

ਖ਼ੂਨ ਦੇਖ ਕੇ ਆਮ ਤੌਰ ਤੇ ਲੋਕ ਡਰ ਜਾਂਦੇ ਹਨ ਕਿਉਂਕਿ ਉਹ ਖ਼ੂਨ ਵਹਿਣ ਦਾ ਸੰਬੰਧ ਅਕਸਰ ਕਿਸੇ ਤਕਲੀਫ਼ ਜਾਂ ਸੱਟ ਲੱਗਣ ਨਾਲ ਜੋੜਦੇ ਹਨ। ਇਸ ਲਈ ਕੁੜੀਆਂ ਨੂੰ ਸਹੀ ਜਾਣਕਾਰੀ ਨਾ ਦੇਣ ਜਾਂ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰ ਨਾ ਕਰਨ ਕਰਕੇ ਜਾਂ ਲੋਕ-ਧਾਰਨਾਵਾਂ ਜਾਂ ਅਗਿਆਨਤਾ ਕਾਰਨ ਕੁੜੀਆਂ ਮਾਹਵਾਰੀ ਨੂੰ ਕਿਸੇ ਬੀਮਾਰੀ ਜਾਂ ਸੱਟ ਦਾ ਨਤੀਜਾ ਜਾਂ ਸ਼ਰਮ ਦਾ ਕਾਰਨ ਸਮਝ ਸਕਦੀਆਂ ਹਨ।

ਤੁਹਾਡੀ ਧੀ ਨੂੰ ਇਹ ਜਾਣਨ ਦੀ ਲੋੜ ਹੈ ਕਿ ਮਾਹਵਾਰੀ ਇਕ ਕੁਦਰਤੀ ਵਰਤਾਰਾ ਹੈ ਜੋ ਸਾਰੀਆਂ ਸਿਹਤਮੰਦ ਕੁੜੀਆਂ ਨਾਲ ਹੁੰਦਾ ਹੈ। ਮਾਪੇ ਹੋਣ ਦੇ ਨਾਤੇ ਤੁਸੀਂ ਉਸ ਦੀ ਚਿੰਤਾ ਜਾਂ ਉਸ ਦੇ ਡਰ ਨੂੰ ਘਟਾਉਣ ਵਿਚ ਉਸ ਦੀ ਕਿਵੇਂ ਮਦਦ ਕਰ ਸਕਦੇ ਹੋ?

ਮਾਪਿਆਂ ਦੀ ਅਹਿਮ ਭੂਮਿਕਾ

ਮਾਹਵਾਰੀ ਬਾਰੇ ਅਧਿਆਪਕਾਂ, ਡਾਕਟਰ-ਨਰਸਾਂ, ਕਿਤਾਬਾਂ-ਰਸਾਲਿਆਂ ਅਤੇ ਸਿੱਖਿਆਦਾਇਕ ਫ਼ਿਲਮਾਂ ਤੋਂ ਜਾਣਕਾਰੀ ਮਿਲ ਸਕਦੀ ਹੈ। ਬਹੁਤ ਸਾਰੇ ਮਾਂ-ਬਾਪ ਜਾਣਦੇ ਹਨ ਕਿ ਅਜਿਹੇ ਸੋਮਿਆਂ ਦੀ ਮਦਦ ਨਾਲ ਸਮਝਾਇਆ ਜਾ ਸਕਦਾ ਹੈ ਕਿ ਮਾਹਵਾਰੀ ਕਿਉਂ ਹੁੰਦੀ ਹੈ ਅਤੇ ਮਾਹਵਾਰੀ ਦੌਰਾਨ ਜਣਨ ਅੰਗਾਂ ਦੀ ਸਫ਼ਾਈ ਕਿਵੇਂ ਰੱਖੀ ਜਾ ਸਕਦੀ ਹੈ। ਫਿਰ ਵੀ ਕੁੜੀਆਂ ਦੇ ਕਈ ਸਵਾਲ ਅਤੇ ਲੋੜਾਂ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਇਹ ਸੋਮੇ ਕੋਈ ਜਾਣਕਾਰੀ ਨਹੀਂ ਦਿੰਦੇ। ਕੁਝ ਕੁੜੀਆਂ ਨੂੰ ਭਾਵੇਂ ਪਤਾ ਹੁੰਦਾ ਹੈ ਕਿ ਮਾਹਵਾਰੀ ਆਉਣ ਤੇ ਕੀ ਕਰਨਾ ਹੈ, ਪਰ ਅਕਸਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਕਾਰਨ ਪੈਦਾ ਹੁੰਦੀਆਂ ਵੱਖੋ-ਵੱਖਰੀਆਂ ਭਾਵਨਾਵਾਂ ਨਾਲ ਕਿਵੇਂ ਸਿੱਝਣਾ ਹੈ।

ਦਾਦੀਆਂ-ਨਾਨੀਆਂ, ਵੱਡੀਆਂ ਭੈਣਾਂ ਅਤੇ ਖ਼ਾਸਕਰ ਮਾਵਾਂ ਕੁੜੀਆਂ ਨੂੰ ਲੋੜੀਂਦੀ ਜਾਣਕਾਰੀ ਅਤੇ ਜਜ਼ਬਾਤੀ ਤੌਰ ਤੇ ਸਹਾਰਾ ਦੇ ਕੇ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ। ਮਾਹਵਾਰੀ ਬਾਰੇ ਸਹੀ ਜਾਣਕਾਰੀ ਲਈ ਕੁੜੀਆਂ ਜ਼ਿਆਦਾ ਕਰਕੇ ਆਪਣੀਆਂ ਮਾਵਾਂ ਤੇ ਭਰੋਸਾ ਕਰਦੀਆਂ ਹਨ।

ਪਿਤਾਵਾਂ ਬਾਰੇ ਕੀ? ਕਈ ਕੁੜੀਆਂ ਆਪਣੇ ਪਿਤਾਵਾਂ ਨਾਲ ਮਾਹਵਾਰੀ ਬਾਰੇ ਗੱਲ ਕਰਨ ਤੋਂ ਸ਼ਰਮਾਉਂਦੀਆਂ ਹਨ। ਕੁਝ ਕੁੜੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪਿਤਾ ਬਿਨਾਂ ਕੁਝ ਪੁੱਛੇ ਸਮਝਦਾਰੀ ਦਿਖਾਉਣ ਤੇ ਉਨ੍ਹਾਂ ਦੀ ਮਦਦ ਕਰਨ, ਪਰ ਕੁਝ ਕੁੜੀਆਂ ਆਪਣੇ ਪਿਤਾਵਾਂ ਦੀ ਮਦਦ ਨਹੀਂ ਲੈਣੀ ਚਾਹੁੰਦੀਆਂ।

ਪਿਛਲੇ ਕੁਝ ਦਹਾਕਿਆਂ ਤੋਂ ਕਈ ਦੇਸ਼ਾਂ ਵਿਚ ਉਨ੍ਹਾਂ ਪਿਤਾਵਾਂ ਦੀ ਗਿਣਤੀ ਵਧ ਗਈ ਹੈ ਜੋ ਇਕੱਲਿਆਂ ਹੀ ਬੱਚਿਆਂ ਦੀ ਦੇਖ-ਭਾਲ ਕਰਦੇ ਹਨ। * ਇਨ੍ਹਾਂ ਪਿਤਾਵਾਂ ਨੂੰ ਸਿੱਖਣ ਦੀ ਲੋੜ ਹੈ ਕਿ ਉਹ ਆਪਣੀਆਂ ਧੀਆਂ ਨੂੰ ਮਾਹਵਾਰੀ ਬਾਰੇ ਕਿਵੇਂ ਸਿੱਖਿਆ ਦੇ ਸਕਦੇ ਹਨ। ਉਨ੍ਹਾਂ ਨੂੰ ਮਾਹਵਾਰੀ ਬਾਰੇ ਬੁਨਿਆਦੀ ਤੱਥਾਂ ਅਤੇ ਆਪਣੀਆਂ ਧੀਆਂ ਵਿਚ ਹੋ ਰਹੀਆਂ ਸਰੀਰਕ ਤੇ ਭਾਵਾਤਮਕ ਤਬਦੀਲੀਆਂ ਤੋਂ ਜਾਣੂ ਹੋਣ ਦੀ ਲੋੜ ਹੈ। ਅਜਿਹੇ ਪਿਤਾ ਆਪਣੀਆਂ ਮਾਵਾਂ ਜਾਂ ਭੈਣਾਂ ਤੋਂ ਸਲਾਹ ਲੈ ਕੇ ਆਪਣੀਆਂ ਧੀਆਂ ਦੀ ਮਦਦ ਕਰ ਸਕਦੇ ਹਨ।

ਬੱਚੀ ਨੂੰ ਕਿੰਨੀ ਕੁ ਉਮਰ ਤੇ ਜਾਣਕਾਰੀ ਦੇਈਏ

ਉਦਯੋਗਿਕ ਦੇਸ਼ਾਂ ਜਿਵੇਂ ਅਮਰੀਕਾ, ਦੱਖਣੀ ਕੋਰੀਆ ਅਤੇ ਪੱਛਮੀ ਯੂਰਪ ਦੇ ਕੁਝ ਹਿੱਸਿਆਂ ਵਿਚ ਆਮ ਕਰਕੇ 12-13 ਸਾਲਾਂ ਦੀਆਂ ਕੁੜੀਆਂ ਨੂੰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਇਹ 8 ਸਾਲ ਦੀ ਛੋਟੀ ਉਮਰ ਵਿਚ ਜਾਂ ਦੇਰੀ ਨਾਲ 16 ਜਾਂ 17 ਸਾਲ ਦੀ ਉਮਰ ਵਿਚ ਵੀ ਸ਼ੁਰੂ ਹੋ ਸਕਦੀ ਹੈ। ਅਫ਼ਰੀਕਾ ਅਤੇ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਕੁੜੀਆਂ ਨੂੰ ਮਾਹਵਾਰੀ ਦੇਰ ਨਾਲ ਸ਼ੁਰੂ ਹੁੰਦੀ ਹੈ। ਮਿਸਾਲ ਲਈ, ਨਾਈਜੀਰੀਆ ਵਿਚ ਔਸਤਨ ਉਮਰ 15 ਸਾਲ ਹੈ। ਪਹਿਲੀ ਮਾਹਵਾਰੀ ਦੀ ਸ਼ੁਰੂਆਤ ਦੀ ਉਮਰ ਵਿਚ ਇੰਨਾ ਫ਼ਰਕ ਕਿਉਂ ਹੈ? ਇਸ ਦੀ ਵਜ੍ਹਾ ਜਮਾਂਦਰੂ ਹੋ ਸਕਦੀ ਹੈ ਜਾਂ ਖ਼ੁਰਾਕ ਤੇ ਇਲਾਕਾ।

ਚੰਗਾ ਹੋਵੇਗਾ ਜੇ ਤੁਸੀਂ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਧੀ ਨਾਲ ਗੱਲ ਕਰੋ। ਸਰੀਰਕ ਤਬਦੀਲੀਆਂ ਅਤੇ ਮਾਹਵਾਰੀ ਬਾਰੇ ਉਸ ਨਾਲ ਤੁਹਾਨੂੰ ਜਲਦੀ ਹੀ ਗੱਲ ਕਰਨੀ ਚਾਹੀਦੀ ਹੈ, ਸ਼ਾਇਦ ਜਦੋਂ ਉਹ ਅੱਠਾਂ ਸਾਲਾਂ ਦੀ ਹੋ ਜਾਂਦੀ ਹੈ। ਤੁਸੀਂ ਸ਼ਾਇਦ ਕਹੋ ਕਿ ਇਹ ਤਾਂ ਬਹੁਤ ਜਲਦੀ ਹੈ, ਪਰ ਜੇ ਤੁਹਾਡੀ ਧੀ ਦੀ ਉਮਰ ਅੱਠ ਤੋਂ ਦਸ ਸਾਲ ਦੇ ਵਿਚਕਾਰ ਹੈ, ਤਾਂ ਸਮਝ ਲਓ ਕਿ ਹਾਰਮੋਨਜ਼ ਦੇ ਰਿਸਾਵ ਕਾਰਨ ਉਸ ਦੇ ਜਣਨ-ਅੰਗਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਹੈ। ਜਵਾਨੀ ਦੇ ਆਗਾਜ਼ ਨਾਲ ਸੰਬੰਧਿਤ ਤੁਹਾਨੂੰ ਬਾਹਰੀ ਤਬਦੀਲੀਆਂ ਨਜ਼ਰ ਆਉਣਗੀਆਂ ਜਿਵੇਂ ਛਾਤੀਆਂ ਦਾ ਵਿਕਾਸ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਵਾਲਾਂ ਦਾ ਆਉਣਾ। ਮਾਹਵਾਰੀ ਸ਼ੁਰੂ ਹੋਣ ਤੋਂ ਇਕਦਮ ਪਹਿਲਾਂ ਕੁੜੀਆਂ ਦਾ ਤੇਜ਼ੀ ਨਾਲ ਸਰੀਰਕ ਵਿਕਾਸ ਹੁੰਦਾ ਹੈ ਜਿਵੇਂ ਕੱਦ ਦਾ ਵਧਣਾ ਤੇ ਸਰੀਰ ਭਾਰਾ ਹੋ ਜਾਣਾ।

ਮਾਹਵਾਰੀ ਬਾਰੇ ਗੱਲ ਕਿਵੇਂ ਸ਼ੁਰੂ ਕਰੀਏ

ਪਹਿਲੀ ਮਾਹਵਾਰੀ ਆਉਣ ਤੋਂ ਪਹਿਲਾਂ ਕੁੜੀਆਂ ਇਹ ਜਾਣਨ ਲਈ ਉਤਸੁਕ ਰਹਿੰਦੀਆਂ ਹਨ ਕਿ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਸਕੂਲ ਦੀਆਂ ਹੋਰਨਾਂ ਕੁੜੀਆਂ ਨੂੰ ਇਸ ਬਾਰੇ ਗੱਲ ਕਰਦਿਆਂ ਸੁਣਿਆ ਹੋਵੇਗਾ। ਇਸ ਲਈ ਉਨ੍ਹਾਂ ਦੇ ਮਨਾਂ ਵਿਚ ਕੁਝ ਸਵਾਲ ਤਾਂ ਹੁੰਦੇ ਹੀ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਇਸ ਬਾਰੇ ਪੁੱਛਣ ਕਿੱਦਾਂ। ਸ਼ਾਇਦ ਉਹ ਇਸ ਵਿਸ਼ੇ ਬਾਰੇ ਪੁੱਛਣ ਤੋਂ ਸ਼ਰਮਾਉਂਦੀਆਂ ਹਨ।

ਮਾਪੇ ਵੀ ਇਸੇ ਕਸ਼ਮਕਸ਼ ਵਿਚ ਹੋ ਸਕਦੇ ਹਨ। ਹਾਲਾਂਕਿ ਮਾਵਾਂ ਮਾਹਵਾਰੀ ਬਾਰੇ ਚੰਗੀ ਜਾਣਕਾਰੀ ਦੇ ਸਕਦੀਆਂ ਹਨ, ਪਰ ਕਈ ਵਾਰ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਚੰਗੀ ਨਹੀਂ ਲੱਗਦੀ ਜਾਂ ਉਹ ਸੋਚਦੀਆਂ ਕਿ ਉਹ ਇਸ ਵਿਸ਼ੇ ਬਾਰੇ ਗੱਲ ਨਹੀਂ ਕਰ ਪਾਉਣਗੀਆਂ। ਸ਼ਾਇਦ ਤੁਸੀਂ ਵੀ ਇਵੇਂ ਸੋਚਦੇ ਹੋਵੋਗੇ। ਸੋ ਤੁਸੀਂ ਆਪਣੀ ਧੀ ਨਾਲ ਮਾਹਵਾਰੀ ਬਾਰੇ ਗੱਲ ਕਿਵੇਂ ਸ਼ੁਰੂ ਕਰ ਸਕਦੇ ਹੋ?

ਤੇਰਾਂ ਸਾਲਾਂ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਜ਼ਰੂਰੀ ਜਾਣਕਾਰੀ ਸਰਲ ਤਰੀਕੇ ਨਾਲ ਸਮਝਾਉਣੀ ਚੰਗੀ ਗੱਲ ਹੋਵੇਗੀ। ਜਾਣਕਾਰੀ ਦੇਣ ਲੱਗਿਆਂ ਉਨ੍ਹਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਮਾਹਵਾਰੀ ਆਉਣ ਤੇ ਕੀ ਕੀਤਾ ਜਾ ਸਕਦਾ ਹੈ, ਇਹ ਹਰ ਮਹੀਨੇ ਆਉਂਦੀ ਹੈ, ਕਿੰਨੇ ਦਿਨ ਚੱਲਦੀ ਤੇ ਕਿੰਨਾ ਕੁ ਖ਼ੂਨ ਵਹਿੰਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਤੁਸੀਂ ਕੀ ਕਹੋਗੇ ਜੇ ਤੁਹਾਡੀ ਧੀ ਨੇ ਤੁਹਾਨੂੰ ਪੁੱਛਿਆ ਕਿ ‘ਮਾਹਵਾਰੀ ਆਉਣ ਤੇ ਕੀ-ਕੀ ਹੁੰਦਾ ਹੈ ਜਾਂ ਮੈਨੂੰ ਕਿਵੇਂ ਲੱਗੇਗਾ?’

ਬਾਅਦ ਵਿਚ ਤੁਸੀਂ ਮਾਹਵਾਰੀ ਆਉਣ ਦੇ ਕਾਰਨ ਬਾਰੇ ਗੱਲ ਕਰ ਸਕਦੇ ਹੋ। ਤੁਸੀਂ ਡਾਕਟਰਾਂ-ਨਰਸਾਂ, ਲਾਇਬ੍ਰੇਰੀਆਂ ਜਾਂ ਦੁਕਾਨਾਂ ਤੋਂ ਇਸ ਸੰਬੰਧੀ ਕਿਤਾਬਾਂ ਲੈ ਸਕਦੇ ਹੋ। ਅਜਿਹੀਆਂ ਕਿਤਾਬਾਂ ਸ਼ਾਇਦ ਮਾਹਵਾਰੀ ਬਾਰੇ ਸਮਝਾਉਣ ਵਿਚ ਤੁਹਾਡੀ ਮਦਦ ਕਰ ਸਕਣ। ਕੁਝ ਕੁੜੀਆਂ ਖ਼ੁਦ ਇਸ ਜਾਣਕਾਰੀ ਨੂੰ ਪੜ੍ਹਨਾ ਪਸੰਦ ਕਰਦੀਆਂ ਹਨ। ਪਰ ਕੁਝ ਸ਼ਾਇਦ ਚਾਹੁਣ ਕਿ ਤੁਸੀਂ ਉਨ੍ਹਾਂ ਨਾਲ ਬੈਠ ਕੇ ਇਹ ਜਾਣਕਾਰੀ ਪੜ੍ਹੋ।

ਤੁਸੀਂ ਕਿਸੇ ਸ਼ਾਂਤ ਥਾਂ ਤੇ ਬੈਠ ਕੇ ਇਸ ਬਾਰੇ ਗੱਲ ਕਰ ਸਕਦੇ ਹੋ। ਗੱਲ ਸ਼ੁਰੂ ਕਰਨ ਲਈ ਤੁਸੀਂ ਉਸ ਨਾਲ ਬਚਪਨ ਤੋਂ ਬਾਅਦ ਜਵਾਨੀ ਵਿਚ ਪੈਰ ਰੱਖਣ ਬਾਰੇ ਗੱਲ ਕਰ ਸਕਦੇ ਹੋ। ਸ਼ਾਇਦ ਤੁਸੀਂ ਕਹਿ ਸਕਦੇ ਹੋ: “ਕੁਝ ਸਮੇਂ ਬਾਅਦ ਤੇਰੇ ਵਿਚ ਇਕ ਨਵੀਂ ਤੇ ਆਮ ਜਿਹੀ ਤਬਦੀਲੀ ਆਵੇਗੀ ਜੋ ਸਾਰੀਆਂ ਕੁੜੀਆਂ ਵਿਚ ਆਉਂਦੀ ਹੈ। ਤੈਨੂੰ ਪਤਾ ਕੀ?” ਜਾਂ ਮਾਂ ਆਪਣੇ ਬਾਰੇ ਦੱਸਦਿਆਂ ਇਸ ਤਰ੍ਹਾਂ ਗੱਲ ਸ਼ੁਰੂ ਕਰ ਸਕਦੀ ਹੈ: “ਜਦ ਮੈਂ ਤੇਰੀ ਉਮਰ ਦੀ ਸੀ, ਤਾਂ ਮੈਂ ਸੋਚਦੀ ਹੁੰਦੀ ਸੀ ਕਿ ਮਾਹਵਾਰੀ ਕੀ ਬਲਾ ਹੈ। ਸਕੂਲ ਵਿਚ ਮੈਂ ਤੇ ਮੇਰੀਆਂ ਸਹੇਲੀਆਂ ਇਸ ਬਾਰੇ ਗੱਲਾਂ ਕਰਦੀਆਂ ਹੁੰਦੀਆਂ ਸੀ। ਕੀ ਤੇਰੀਆਂ ਸਹੇਲੀਆਂ ਵੀ ਇਸ ਬਾਰੇ ਕੋਈ ਗੱਲ ਕਰਦੀਆਂ ਹਨ?” ਆਪਣੀ ਧੀ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਮਾਹਵਾਰੀ ਬਾਰੇ ਕੀ ਕੁਝ ਜਾਣਦੀ ਹੈ। ਜੇ ਉਸ ਨੂੰ ਕੋਈ ਗ਼ਲਤਫ਼ਹਿਮੀ ਹੈ, ਤਾਂ ਉਸ ਨੂੰ ਦੂਰ ਕਰੋ। ਸ਼ੁਰੂ-ਸ਼ੁਰੂ ਵਿਚ ਹੋ ਸਕਦਾ ਹੈ ਕਿ ਸਾਰੀ ਗੱਲ ਤੁਹਾਨੂੰ ਹੀ ਕਰਨੀ ਪਵੇ।

ਔਰਤ ਹੋਣ ਦੇ ਨਾਤੇ ਤੁਸੀਂ ਵੀ ਮਾਹਵਾਰੀ ਆਉਣ ਤੋਂ ਪਹਿਲਾਂ ਕਈ ਚਿੰਤਾਵਾਂ ਦਾ ਸ਼ਿਕਾਰ ਹੋਏ ਹੋਵੋਗੇ। ਮਾਹਵਾਰੀ ਬਾਰੇ ਗੱਲ ਕਰਨ ਲੱਗਿਆਂ ਤੁਸੀਂ ਆਪਣੇ ਇਸ ਤਜਰਬੇ ਦਾ ਖੁਲਾਸਾ ਕਰ ਸਕਦੇ ਹੋ। ਤੁਹਾਨੂੰ ਕਿਸ ਜਾਣਕਾਰੀ ਦੀ ਲੋੜ ਸੀ? ਤੁਸੀਂ ਕੀ ਜਾਣਨਾ ਚਾਹੁੰਦੇ ਸੀ? ਕਿਹੜੀ ਜਾਣਕਾਰੀ ਤੁਹਾਡੇ ਲਈ ਮਦਦਗਾਰ ਸਾਬਤ ਹੋਈ? ਮਾਹਵਾਰੀ ਦੇ ਮਕਸਦ ਅਤੇ ਇਸ ਨਾਲ ਸੰਬੰਧਿਤ ਤਕਲੀਫ਼ਾਂ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਓ। ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹੋ।

ਬਾਕਾਇਦਾ ਜਾਣਕਾਰੀ ਦਿੰਦੇ ਰਹੋ

ਮਾਹਵਾਰੀ ਬਾਰੇ ਇੱਕੋ ਵਾਰ ਸਭ ਕੁਝ ਦੱਸਣ ਦੀ ਬਜਾਇ ਆਪਣੀ ਧੀ ਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹੋ। ਇੱਕੋ ਵਾਰ ਵਿਚ ਬਹੁਤ ਜ਼ਿਆਦਾ ਜਾਣਕਾਰੀ ਮਿਲਣ ਕਰਕੇ ਤੁਹਾਡੀ ਧੀ ਘਬਰਾ ਸਕਦੀ ਹੈ। ਬੱਚੇ ਹੌਲੀ-ਹੌਲੀ ਸਿੱਖਦੇ ਹਨ। ਵੱਖ-ਵੱਖ ਸਮਿਆਂ ਤੇ ਜਾਣਕਾਰੀ ਨੂੰ ਦੁਹਰਾਉਣ ਦੀ ਵੀ ਲੋੜ ਪੈ ਸਕਦੀ ਹੈ। ਜਿੱਦਾਂ-ਜਿੱਦਾਂ ਕੁੜੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ, ਉਹ ਹੋਰ ਜਾਣਕਾਰੀ ਨੂੰ ਗ੍ਰਹਿਣ ਕਰ ਸਕਣਗੀਆਂ।

ਇਕ ਹੋਰ ਗੱਲ ਹੈ ਕਿ ਕਿਸ਼ੋਰ-ਅਵਸਥਾ ਦੇ ਪੜਾਅ ਵਿੱਚੋਂ ਲੰਘਦਿਆਂ ਮਾਹਵਾਰੀ ਬਾਰੇ ਕੁੜੀਆਂ ਦਾ ਰਵੱਈਆ ਬਦਲ ਜਾਂਦਾ ਹੈ। ਸਮੇਂ ਦੇ ਬੀਤਣ ਨਾਲ ਉਸ ਦੇ ਮਨ ਵਿਚ ਨਵੇਂ ਵਿਚਾਰ ਤੇ ਸਵਾਲ ਉੱਠਣਗੇ। ਇਸ ਲਈ ਤੁਹਾਨੂੰ ਉਸ ਨਾਲ ਜਾਣਕਾਰੀ ਸਾਂਝੀ ਕਰਦੇ ਰਹਿਣ ਅਤੇ ਉਸ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿਣ ਦੀ ਲੋੜ ਹੈ। ਆਪਣੀ ਧੀ ਦੀ ਉਮਰ ਅਤੇ ਸਮਝ ਦੇ ਅਨੁਸਾਰ ਹੀ ਉਸ ਨੂੰ ਫ਼ਾਇਦੇਮੰਦ ਤੇ ਢੁਕਵੀਆਂ ਗੱਲਾਂ ਦੱਸੋ।

ਪਹਿਲ ਤੁਸੀਂ ਕਰੋ

ਪਰ ਤੁਸੀਂ ਕੀ ਕਰੋਗੇ ਜੇ ਤੁਹਾਡੀ ਧੀ ਨੂੰ ਇਸ ਵਿਸ਼ੇ ਵਿਚ ਕੋਈ ਰੁਚੀ ਨਹੀਂ ਹੈ? ਹੋ ਸਕਦਾ ਹੈ ਕਿ ਉਹ ਨਿੱਜੀ ਮਾਮਲਿਆਂ ਬਾਰੇ ਤੁਹਾਡੇ ਨਾਲ ਗੱਲ ਕਰਨ ਤੋਂ ਝਿਜਕਦੀ ਹੋਵੇ। ਜਾਂ ਸ਼ਾਇਦ ਉਸ ਨੂੰ ਸ਼ਰਮ ਆਉਂਦੀ ਹੈ ਜਿਸ ਕਰਕੇ ਉਹ ਕੋਈ ਸਵਾਲ ਨਹੀਂ ਪੁੱਛਦੀ ਹੈ। ਉਹ ਇਹ ਵੀ ਕਹਿ ਸਕਦੀ ਹੈ ਕਿ ਇਸ ਬਾਰੇ ਉਸ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੈ।

ਇਕ ਅਧਿਐਨ ਮੁਤਾਬਕ ਅਮਰੀਕਾ ਵਿਚ ਛੇਵੀਂ ਕਲਾਸ ਦੀਆਂ ਜ਼ਿਆਦਾਤਰ ਕੁੜੀਆਂ ਸਮਝਦੀਆਂ ਹਨ ਕਿ ਉਹ ਪਹਿਲੀ ਮਾਹਵਾਰੀ ਵਾਸਤੇ ਤਿਆਰ ਹਨ। ਪਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਪਤਾ ਚੱਲ ਗਿਆ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਨ੍ਹਾਂ ਨੇ ਲੋਕਾਂ ਦੀਆਂ ਆਮ ਧਾਰਨਾਵਾਂ ਦੇ ਆਧਾਰ ਤੇ ਕਈ ਗ਼ਲਤ ਖ਼ਿਆਲਾਂ ਨੂੰ ਸੱਚ ਮੰਨ ਲਿਆ ਸੀ। ਸੋ ਭਾਵੇਂ ਤੁਹਾਡੀ ਧੀ ਕਹਿੰਦੀ ਹੈ ਕਿ ਉਹ ਪਹਿਲੀ ਮਾਹਵਾਰੀ ਲਈ ਤਿਆਰ ਹੈ, ਫਿਰ ਵੀ ਤੁਹਾਨੂੰ ਇਸ ਬਾਰੇ ਉਸ ਨਾਲ ਗੱਲ ਕਰਨ ਦੀ ਲੋੜ ਹੈ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮਾਹਵਾਰੀ ਬਾਰੇ ਗੱਲ ਕਰਨ ਵਿਚ ਪਹਿਲ ਕਰਨ ਤੇ ਬਾਕਾਇਦਾ ਜਾਣਕਾਰੀ ਦਿੰਦੇ ਰਹਿਣ। ਮਾਪਿਓ, ਇਹ ਤੁਹਾਡੀ ਹੀ ਜ਼ਿੰਮੇਵਾਰੀ ਹੈ। ਤੁਹਾਡੀ ਧੀ ਨੂੰ ਤੁਹਾਡੀ ਮਦਦ ਦੀ ਲੋੜ ਹੈ, ਭਾਵੇਂ ਉਹ ਕਹੀ ਜਾਵੇ ਕਿ ਉਸ ਨੂੰ ਤੁਹਾਡੀ ਮਦਦ ਦੀ ਲੋੜ ਨਹੀਂ। ਭਾਵੇਂ ਤੁਹਾਨੂੰ ਲੱਗੇ ਕਿ ਤੁਸੀਂ ਇਸ ਬਾਰੇ ਉਸ ਨਾਲ ਗੱਲ ਨਹੀਂ ਕਰ ਪਾਓਗੇ ਜਾਂ ਤੁਸੀਂ ਇਹ ਜਾਣਕਾਰੀ ਦੇਣ ਦੇ ਕਾਬਲ ਨਹੀਂ ਹੋ, ਪਰ ਹਿੰਮਤ ਨਾ ਹਾਰੋ। ਧੀਰਜ ਰੱਖੋ। ਸਮੇਂ ਦੇ ਬੀਤਣ ਨਾਲ ਤੁਹਾਡੀ ਧੀ ਤੁਹਾਡੇ ਜਤਨਾਂ ਦੀ ਬਹੁਤ ਕਦਰ ਕਰੇਗੀ। (g 5/06)

[ਫੁਟਨੋਟ]

^ ਪੈਰਾ 12 ਜਪਾਨ ਵਿਚ 2003 ਵਿਚ ਅਜਿਹੇ ਪਿਤਾਵਾਂ ਦੀ ਗਿਣਤੀ ਸਿਖਰ ਤੇ ਪੁੱਜ ਗਈ। ਅਮਰੀਕਾ ਵਿਚ ਇਕੱਲੀ ਮਾਤਾ ਜਾਂ ਪਿਤਾ ਵਾਲੇ 6 ਪਰਿਵਾਰਾਂ ਵਿੱਚੋਂ 1 ਪਰਿਵਾਰ ਅਜਿਹਾ ਹੁੰਦਾ ਹੈ ਜਿੱਥੇ ਸਿਰਫ਼ ਪਿਤਾ ਹੀ ਬੱਚਿਆਂ ਦੀ ਦੇਖ-ਭਾਲ ਕਰਦਾ ਹੈ।

[ਸਫ਼ਾ 11 ਉੱਤੇ ਸੁਰਖੀ]

ਪਹਿਲੀ ਮਾਹਵਾਰੀ ਆਉਣ ਤੋਂ ਪਹਿਲਾਂ ਹੀ ਆਪਣੀ ਧੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਚੰਗੀ ਗੱਲ ਹੈ

[ਸਫ਼ਾ 13 ਉੱਤੇ ਡੱਬੀ]

ਮਾਹਵਾਰੀ ਬਾਰੇ ਆਪਣੀ ਧੀ ਨਾਲ ਕਿਵੇਂ ਗੱਲ ਕਰੀਏ?

ਪਤਾ ਕਰੋ ਕਿ ਉਸ ਨੂੰ ਕਿੰਨੀ ਕੁ ਜਾਣਕਾਰੀ ਹੈ। ਉਸ ਦੀਆਂ ਗ਼ਲਤਫ਼ਹਿਮੀਆਂ ਨੂੰ ਦੂਰ ਕਰੋ। ਪੱਕਾ ਕਰੋ ਕਿ ਤੁਹਾਨੂੰ ਤੇ ਉਸ ਨੂੰ ਮਾਹਵਾਰੀ ਬਾਰੇ ਸਹੀ ਜਾਣਕਾਰੀ ਹੈ।

ਆਪਣਾ ਤਜਰਬਾ ਸਾਂਝਾ ਕਰੋ। ਪਹਿਲੀ ਮਾਹਵਾਰੀ ਬਾਰੇ ਆਪਣਾ ਤਜਰਬਾ ਆਪਣੀ ਧੀ ਨਾਲ ਸਾਂਝਾ ਕਰਨ ਨਾਲ ਤੁਸੀਂ ਉਸ ਦੀ ਜਜ਼ਬਾਤੀ ਤੌਰ ਤੇ ਮਦਦ ਕਰ ਸਕਦੇ ਹੋ।

ਸਵਾਲਾਂ ਦੇ ਜਵਾਬ ਦਿਓ। ਤੁਹਾਡੀ ਧੀ ਇਹ ਸਵਾਲ ਪੁੱਛ ਸਕਦੀ ਹੈ: “ਜੇ ਸਕੂਲੇ ਮਾਹਵਾਰੀ ਆ ਗਈ, ਤਾਂ ਮੈਂ ਕੀ ਕਰਾਂਗੀ?” “ਮੈਨੂੰ ਸੈਨੇਟਰੀ ਪੈਡ ਵਜੋਂ ਕਿਹੜੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ?” “ਮੈਂ ਉਨ੍ਹਾਂ ਨੂੰ ਕਿਵੇਂ ਵਰਤਾਂ?”

ਸਰਲ ਢੰਗ ਨਾਲ ਸਮਝਾਓ। ਜਾਣਕਾਰੀ ਨੂੰ ਆਪਣੀ ਧੀ ਦੀ ਉਮਰ ਅਤੇ ਸਮਝ ਅਨੁਸਾਰ ਢਾਲ਼ੋ।

ਜਾਣਕਾਰੀ ਦਿੰਦੇ ਰਹੋ। ਪਹਿਲੀ ਮਾਹਵਾਰੀ ਆਉਣ ਤੋਂ ਪਹਿਲਾਂ ਹੀ ਆਪਣੀ ਧੀ ਨਾਲ ਇਸ ਬਾਰੇ ਗੱਲ ਕਰੋ ਅਤੇ ਮਾਹਵਾਰੀ ਆਉਣ ਤੋਂ ਬਾਅਦ ਵੀ ਉਸ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਰਹੋ।

[ਸਫ਼ੇ 12, 13 ਉੱਤੇ ਤਸਵੀਰ]

ਸਮਝਦਾਰੀ ਵਰਤੋ। ਤੁਹਾਡੀ ਧੀ ਸ਼ਾਇਦ ਆਪਣੇ ਨਿੱਜੀ ਮਾਮਲਿਆਂ ਬਾਰੇ ਗੱਲਬਾਤ ਕਰਨ ਤੋਂ ਝਿਜਕਦੀ ਹੋਵੇ