Skip to content

Skip to table of contents

ਸਰੀਰਕ ਜਾਂ ਦਿਮਾਗ਼ੀ ਨੁਕਸ ਵਾਲੇ ਬੱਚਿਆਂ ਦੀ ਦੇਖ-ਭਾਲ

ਸਰੀਰਕ ਜਾਂ ਦਿਮਾਗ਼ੀ ਨੁਕਸ ਵਾਲੇ ਬੱਚਿਆਂ ਦੀ ਦੇਖ-ਭਾਲ

ਸਰੀਰਕ ਜਾਂ ਦਿਮਾਗ਼ੀ ਨੁਕਸ ਵਾਲੇ ਬੱਚਿਆਂ ਦੀ ਦੇਖ-ਭਾਲ

ਫਿਨਲੈਂਡ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਵੀਹ ਸਾਲ ਦਾ ਮਾਰਕਸ (ਜਿਸ ਦੀ ਤਸਵੀਰ ਖੱਬੇ ਪਾਸੇ ਦਿੱਤੀ ਹੈ) ਬਿਨਾਂ ਕਿਸੇ ਦੀ ਮਦਦ ਦੇ ਨਾ ਖਾ-ਪੀ ਸਕਦਾ ਹੈ ਤੇ ਨਾ ਹੀ ਨਹਾ ਸਕਦਾ ਹੈ। ਰਾਤ ਨੂੰ ਉਹ ਕਈ ਵਾਰ ਉੱਠ ਜਾਂਦਾ ਹੈ ਤੇ ਹਰ ਵੇਲੇ ਕਿਸੇ ਨੂੰ ਉਸ ਕੋਲ ਰਹਿਣਾ ਪੈਂਦਾ ਹੈ। ਉਸ ਨੂੰ ਅਕਸਰ ਸੱਟਾਂ ਵੀ ਲੱਗਦੀਆਂ ਰਹਿੰਦੀਆਂ ਹਨ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਮਾਰਕਸ ਦੇ ਮਾਤਾ-ਪਿਤਾ ਉਸ ਤੇ ਜਾਨ ਵਾਰਦੇ ਹਨ ਕਿਉਂਕਿ ਮਾਰਕਸ ਬਹੁਤ ਹੀ ਪਿਆਰਾ ਤੇ ਮੁਹੱਬਤੀ ਸੁਭਾਅ ਦਾ ਮੁੰਡਾ ਹੈ ਤੇ ਉਸ ਦੇ ਮਾਪਿਆਂ ਨੂੰ ਉਸ ਤੇ ਫ਼ਖ਼ਰ ਹੈ।

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਦੁਨੀਆਂ ਦੇ ਲਗਭਗ 3 ਪ੍ਰਤਿਸ਼ਤ ਲੋਕ ਕਿਸੇ-ਨਾ-ਕਿਸੇ ਦਿਮਾਗ਼ੀ ਨੁਕਸ ਤੋਂ ਪੀੜਿਤ ਹਨ। ਅਜਿਹੇ ਨੁਕਸ ਜਮਾਂਦਰੂ ਹੋ ਸਕਦੇ ਹਨ ਜਾਂ ਇਹ ਜਨਮ ਵੇਲੇ ਦਿਮਾਗ਼ ਨੂੰ ਸੱਟ ਲੱਗਣ, ਛੋਟੇ ਹੁੰਦਿਆਂ ਦਿਮਾਗ਼ ਵਿਚ ਇਨਫ਼ੈਕਸ਼ਨ ਹੋਣ ਜਾਂ ਚੰਗੀ ਖ਼ੁਰਾਕ ਦੀ ਘਾਟ ਹੋਣ ਕਰਕੇ ਹੋ ਸਕਦੇ ਹਨ। ਇਸ ਦੇ ਹੋਰ ਵੀ ਕਈ ਕਾਰਨ ਹਨ ਜਿਵੇਂ ਗਰਭ-ਅਵਸਥਾ ਦੌਰਾਨ ਮਾਂ ਦਾ ਨਸ਼ੇ ਕਰਨਾ, ਬਹੁਤੀ ਸ਼ਰਾਬ ਪੀਣੀ ਜਾਂ ਨੁਕਸਾਨਦੇਹ ਰਸਾਇਣਕ ਪਦਾਰਥਾਂ ਦੇ ਸੰਪਰਕ ਵਿਚ ਆਉਣਾ। ਪਰ ਬੱਚਿਆਂ ਵਿਚ ਦਿਮਾਗ਼ੀ ਨੁਕਸ ਕਿਉਂ ਪੈਦਾ ਹੁੰਦਾ ਹੈ, ਇਸ ਬਾਰੇ ਅਕਸਰ ਕੁਝ ਕਿਹਾ ਨਹੀਂ ਜਾ ਸਕਦਾ। ਆਓ ਆਪਾਂ ਦੇਖੀਏ ਕਿ ਲਾਚਾਰ ਬੱਚਿਆਂ ਦੀ ਚੌਵੀ ਘੰਟੇ ਦੇਖ-ਭਾਲ ਕਰਨ ਵਾਲੇ ਮਾਪਿਆਂ ਤੇ ਕੀ ਗੁਜ਼ਰਦੀ ਹੈ? ਦੂਸਰੇ ਲੋਕ ਇਨ੍ਹਾਂ ਮਾਪਿਆਂ ਦੀ ਕਿਵੇਂ ਹੌਸਲਾ-ਅਫ਼ਜ਼ਾਈ ਕਰ ਸਕਦੇ ਹਨ?

ਜਦੋਂ ਡਾਕਟਰ ਬੁਰੀ ਖ਼ਬਰ ਦਿੰਦੇ ਹਨ

ਮਾਪਿਆਂ ਦੀਆਂ ਮੁਸ਼ਕਲਾਂ ਉਦੋਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਡਾਕਟਰ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦਾ ਬੱਚਾ ਦਿਮਾਗ਼ੀ ਤੌਰ ਤੇ ਤੰਦਰੁਸਤ ਨਹੀਂ ਹੈ। ਸਰਖ਼ਾ ਦੀ ਹੀ ਮਿਸਾਲ ਲੈ ਲਓ। ਉਹ ਯਾਦ ਕਰਦੀ ਹੈ: “ਜਦੋਂ ਮੈਨੂੰ ਤੇ ਮੇਰੇ ਪਤੀ ਨੂੰ ਪਤਾ ਲੱਗਾ ਕਿ ਸਾਡੀ ਧੀ ਨੂੰ ਡਾਊਨ ਸਿੰਡਰੋਮ ਦੀ ਬੀਮਾਰੀ ਹੈ, ਤਾਂ ਸਾਡੀ ਤਾਂ ਦੁਨੀਆਂ ਹੀ ਉਜੜ ਗਈ।” ਇਸੇ ਤਰ੍ਹਾਂ ਮਾਰਕਸ ਦੀ ਮਾਂ ਐਨੀ ਵੀ ਕਹਿੰਦੀ ਹੈ: “ਜਦੋਂ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰਾ ਮੁੰਡਾ ਮਾਨਸਿਕ ਤੌਰ ਤੇ ਕਮਜ਼ੋਰ ਹੈ, ਤਾਂ ਮੇਰੇ ਮਨ ਵਿਚ ਪਹਿਲਾ ਖ਼ਿਆਲ ਇਹੋ ਆਇਆ ਕਿ ਦੂਸਰੇ ਕੀ ਸੋਚਣਗੇ। ਪਰ ਜਲਦੀ ਹੀ ਮੈਂ ਹਕੀਕਤ ਨੂੰ ਸਵੀਕਾਰ ਕਰ ਲਿਆ ਤੇ ਮਾਰਕਸ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਉਸ ਦੀ ਦੇਖ-ਭਾਲ ਕਰਨ ਵਿਚ ਜੁੱਟ ਗਈ।” ਈਰਮਗਾਰਡ ਨੇ ਵੀ ਇਹੋ ਕੀਤਾ। ਉਹ ਦੱਸਦੀ ਹੈ: “ਜਦੋਂ ਡਾਕਟਰਾਂ ਨੇ ਸਾਨੂੰ ਯੂਨੀਕੇ ਦੀ ਮਾਨਸਿਕ ਦਸ਼ਾ ਬਾਰੇ ਦੱਸਿਆ, ਤਾਂ ਮੇਰੇ ਮਨ ਵਿਚ ਇੱਕੋ ਖ਼ਿਆਲ ਸੀ ਕਿ ਮੈਂ ਆਪਣੀ ਬੱਚੀ ਦੀ ਕਿਵੇਂ ਮਦਦ ਕਰਾਂ।” ਮਾਨਸਿਕ ਜਾਂ ਸਰੀਰਕ ਤੌਰ ਤੇ ਲਾਚਾਰ ਬੱਚਿਆਂ ਦੇ ਮਾਪੇ ਆਪਣੇ ਲਾਡਲਿਆਂ ਦੀ ਚੰਗੀ ਦੇਖ-ਭਾਲ ਕਿਵੇਂ ਕਰ ਸਕਦੇ ਹਨ?

ਲਾਚਾਰ ਤੇ ਅਪਾਹਜ ਬੱਚਿਆਂ ਬਾਰੇ ਜਾਣਕਾਰੀ ਦੇਣ ਵਾਲਾ ਇਕ ਅਮਰੀਕੀ ਕੇਂਦਰ ਇਹ ਸਲਾਹ ਦਿੰਦਾ ਹੈ: “ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਵੀ ਪਤਾ ਲਗਾਉਣਾ ਚਾਹੀਦਾ ਹੈ ਕਿ ਅਜਿਹੀਆਂ ਬੀਮਾਰੀਆਂ ਵਾਲੇ ਬੱਚਿਆਂ ਲਈ ਕਿਹੜੀਆਂ ਸੇਵਾਵਾਂ ਉਪਲਬਧ ਹਨ ਅਤੇ ਬੱਚੇ ਦੇ ਵਿਕਾਸ ਵਿਚ ਮਦਦ ਕਰਨ ਲਈ ਉਹ ਕੀ-ਕੀ ਕਰ ਸਕਦੇ ਹਨ।” ਅਜਿਹੀ ਜਾਣਕਾਰੀ ਹਾਸਲ ਕਰਨ ਨਾਲ ਮਾਪੇ ਆਪਣੇ ਬੱਚਿਆਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਕਰ ਸਕਣਗੇ। ਉਨ੍ਹਾਂ ਦੀ ਤੁਲਨਾ ਇਕ ਲੰਬੇ ਸਫ਼ਰ ਤੇ ਨਿਕਲੇ ਮੁਸਾਫ਼ਰ ਨਾਲ ਕੀਤੀ ਜਾ ਸਕਦੀ ਹੈ। ਜਿਉਂ-ਜਿਉਂ ਮੁਸਾਫ਼ਰ ਇਕ ਤੋਂ ਬਾਅਦ ਇਕ ਮੀਲ-ਪੱਥਰ ਨੂੰ ਪਾਰ ਕਰਦਾ ਜਾਂਦਾ ਹੈ, ਤਿਉਂ-ਤਿਉਂ ਉਸ ਨੂੰ ਆਪਣੀ ਮੰਜ਼ਲ ਵੱਲ ਵਧਦੇ ਜਾਣ ਦਾ ਹੌਸਲਾ ਮਿਲਦਾ ਹੈ।

ਆਸ਼ਾ ਦੀ ਕਿਰਨ

ਦਿਮਾਗ਼ੀ ਤੌਰ ਤੇ ਅਪੰਗ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਮਾਪਿਆਂ ਨੂੰ ਭਾਵੇਂ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ, ਪਰ ਉਨ੍ਹਾਂ ਨੂੰ ਕਈ ਗੱਲਾਂ ਵਿਚ ਖ਼ੁਸ਼ੀਆਂ ਵੀ ਮਿਲਦੀਆਂ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਮਾਪਿਆਂ ਨੂੰ ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਉਨ੍ਹਾਂ ਦੇ ਬੱਚੇ ਦੁਖੀ ਨਹੀਂ ਹਨ। ਡਾਕਟਰ ਰੌਬਰਟ ਆਇਜ਼ੈਕਸਨ ਆਪਣੀ ਕਿਤਾਬ ਵਿਚ ਦਿਮਾਗ਼ੀ ਤੌਰ ਤੇ ਬੀਮਾਰ ਬੱਚਿਆਂ ਬਾਰੇ ਲਿਖਦਾ ਹੈ: “ਅਜਿਹੇ ਬੱਚੇ ਅਕਸਰ ਖ਼ੁਸ਼ ਰਹਿੰਦੇ ਹਨ। ਉਹ ਦੂਸਰਿਆਂ ਨਾਲ ਮਿਲਣ-ਗਿਲਣ, ਸੰਗੀਤ, ਖੇਡਾਂ, ਸੁਆਦੀ ਪਕਵਾਨਾਂ ਅਤੇ ਦੋਸਤਾਂ-ਮਿੱਤਰਾਂ ਦੀ ਸੰਗਤ ਦਾ ਆਨੰਦ ਮਾਣਦੇ ਹਨ।” ਭਾਵੇਂ ਉਹ ਆਮ ਬੱਚਿਆਂ ਵਾਂਗ ਪੜ੍ਹ-ਲਿਖ ਨਹੀਂ ਸਕਦੇ ਜਾਂ ਖੇਡ-ਕੁੱਦ ਨਹੀਂ ਸਕਦੇ, ਪਰ ਅਕਸਰ ਉਹ ਆਪਣੀ “ਛੋਟੀ ਜਿਹੀ ਦੁਨੀਆਂ” ਵਿਚ ਤੰਦਰੁਸਤ ਬੱਚਿਆਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ।

ਸਰੀਰਕ ਜਾਂ ਦਿਮਾਗ਼ੀ ਨੁਕਸ ਵਾਲੇ ਬੱਚਿਆਂ ਲਈ ਆਮ ਜਿਹੇ ਕੰਮ ਕਰਨੇ ਵੀ ਪਹਾੜ ਚੜ੍ਹਨ ਦੇ ਬਰਾਬਰ ਹੁੰਦੇ ਹਨ। ਸੋ ਜਦੋਂ ਉਹ ਕੋਈ ਕੰਮ ਕਰਨਾ ਸਿੱਖ ਜਾਂਦੇ ਹਨ, ਤਾਂ ਉਨ੍ਹਾਂ ਦੇ ਮਾਪੇ ਇਸ ਤਰੱਕੀ ਨੂੰ ਦੇਖ ਕੇ ਫੁੱਲੇ ਨਹੀਂ ਸਮਾਉਂਦੇ। ਮਿਸਾਲ ਲਈ, ਬਰਾਏਨ ਨੂੰ ਅਜਿਹੀ ਬੀਮਾਰੀ (tuberous sclerosis) ਹੈ ਜਿਸ ਕਰਕੇ ਉਸ ਦੇ ਦਿਮਾਗ਼ ਵਿਚ ਤੇ ਹੋਰ ਅੰਗਾਂ ਵਿਚ ਰਸੌਲੀਆਂ ਬਣਦੀਆਂ ਹਨ। ਨਤੀਜੇ ਵਜੋਂ, ਉਸ ਨੂੰ ਦੌਰੇ ਪੈਂਦੇ ਹਨ। ਉਹ ਔਟੀਜ਼ਮ ਦਾ ਵੀ ਸ਼ਿਕਾਰ ਹੈ ਜਿਸ ਕਰਕੇ ਉਸ ਵਿਚ ਦੂਸਰਿਆਂ ਪ੍ਰਤੀ ਮੋਹ-ਪਿਆਰ ਵਰਗੀਆਂ ਭਾਵਨਾਵਾਂ ਨਹੀਂ ਹਨ ਅਤੇ ਉਹ ਆਪਣੀ ਹੀ ਅਲੱਗ ਦੁਨੀਆਂ ਵਿਚ ਰਹਿੰਦਾ ਹੈ। ਭਾਵੇਂ ਉਹ ਸਭ ਕੁਝ ਸਮਝਦਾ ਹੈ, ਪਰ ਉਹ ਬੋਲ ਨਹੀਂ ਸਕਦਾ ਤੇ ਨਾ ਹੀ ਆਪਣੇ ਹੱਥਾਂ ਨੂੰ ਮਰਜ਼ੀ ਅਨੁਸਾਰ ਹਿਲਾ ਸਕਦਾ ਹੈ। ਪਰ ਹੌਲੀ-ਹੌਲੀ ਉਸ ਨੇ ਆਪ ਕੱਪ ਫੜ ਕੇ ਦੁੱਧ ਪੀਣਾ ਸਿੱਖ ਲਿਆ ਹੈ।

ਬਰਾਏਨ ਦੇ ਮਾਤਾ-ਪਿਤਾ ਜਾਣਦੇ ਹਨ ਕਿ ਦੁੱਧ ਡੋਲ੍ਹੇ ਬਿਨਾਂ ਕੱਪ ਨੂੰ ਫੜਨ ਲਈ ਬਰਾਏਨ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਸ ਦੀ ਮਾਂ ਲੌਰੀ ਕਹਿੰਦੀ ਹੈ: “ਸਾਡਾ ਮੁੰਡਾ ਜੰਗਲ ਵਿਚ ਲੱਗੇ ਮਜ਼ਬੂਤ ਲੱਕੜ ਵਾਲੇ ਦਰਖ਼ਤ ਵਰਗਾ ਹੈ। ਭਾਵੇਂ ਇਹ ਬਾਕੀ ਦਰਖ਼ਤਾਂ ਦੇ ਮੁਕਾਬਲੇ ਹੌਲੀ-ਹੌਲੀ ਵਧਦਾ ਹੈ, ਪਰ ਇਸ ਦੀ ਲੱਕੜ ਬਹੁਤ ਕੀਮਤੀ ਹੈ। ਇਸੇ ਤਰ੍ਹਾਂ, ਭਾਵੇਂ ਕਿ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ ਤੇਜ਼ੀ ਨਾਲ ਨਹੀਂ ਵਧਦੇ, ਪਰ ਮਾਪਿਆਂ ਦੀ ਨਜ਼ਰ ਵਿਚ ਉਹ ਅਨਮੋਲ ਹਨ।”

ਮਾਪਿਆਂ ਨੂੰ ਇਕ ਹੋਰ ਗੱਲ ਤੋਂ ਵੀ ਬੜੀ ਖ਼ੁਸ਼ੀ ਮਿਲਦੀ ਹੈ। ਇਹ ਹੈ ਉਨ੍ਹਾਂ ਦੇ ਬੱਚੇ ਦਾ ਪਿਆਰ। ਈਰਮਗਾਰਡ ਕਹਿੰਦੀ ਹੈ: “ਯੂਨੀਕੇ ਰਾਤ ਨੂੰ ਛੇਤੀ ਸੌਣਾ ਪਸੰਦ ਕਰਦੀ ਹੈ, ਪਰ ਉਹ ਸੌਣ ਤੋਂ ਪਹਿਲਾਂ ਹਮੇਸ਼ਾ ਘਰ ਦੇ ਹਰ ਇਕ ਜੀਅ ਨੂੰ ਚੁੰਮਦੀ ਹੈ। ਜੇ ਕਿਤੇ ਉਹ ਸਾਡੇ ਘਰ ਆਉਣ ਤੋਂ ਪਹਿਲਾਂ ਸੌਂ ਜਾਂਦੀ ਹੈ, ਤਾਂ ਉਹ ਇਕ ਕਾਗਜ਼ ਤੇ ਲਿਖ ਕੇ ਮਾਫ਼ੀ ਮੰਗਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਅਗਲੇ ਦਿਨ ਸਵੇਰ ਨੂੰ ਸਾਡੇ ਚਿਹਰੇ ਦੇਖਣ ਨੂੰ ਤਰਸ ਰਹੀ ਹੈ।”

ਮਾਰਕਸ ਬੋਲ ਤਾਂ ਨਹੀਂ ਸਕਦਾ, ਪਰ ਉਸ ਨੇ ਪੂਰੀ ਵਾਹ ਲਾ ਕੇ ਸੈਨਤ ਭਾਸ਼ਾ ਦੇ ਕੁਝ ਲਫ਼ਜ਼ ਸਿੱਖੇ ਹਨ ਤਾਂਕਿ ਉਹ ਆਪਣੇ ਮਾਤਾ-ਪਿਤਾ ਨੂੰ ਦੱਸ ਸਕੇ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ। ਟੀਯਾ ਦੀ ਸਰੀਰਕ ਤੇ ਦਿਮਾਗ਼ੀ ਬੀਮਾਰੀ ਦੇ ਬਾਵਜੂਦ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ “ਉਸ ਨੇ ਸਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ, ਪਿਆਰ ਤੇ ਹਾਸੇ ਨਾਲ ਭਰ ਦਿੱਤਾ ਹੈ।” ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਮੌਕੇ ਤੇ ਆਪਣੇ ਬੱਚਿਆਂ ਨਾਲ ਲਾਡ-ਪਿਆਰ ਕਰਨ।

ਮਸੀਹੀ ਮਾਪੇ ਉਦੋਂ ਵੀ ਬਹੁਤ ਖ਼ੁਸ਼ ਹੁੰਦੇ ਹਨ ਜਦੋਂ ਉਨ੍ਹਾਂ ਦਾ ਬੱਚਾ ਪਰਮੇਸ਼ੁਰ ਵਿਚ ਆਪਣੀ ਨਿਹਚਾ ਜ਼ਾਹਰ ਕਰਦਾ ਹੈ। ਜੂਹਾ ਦੀ ਹੀ ਉਦਾਹਰਣ ਲੈ ਲਓ। ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵੇਲੇ ਉਸ ਨੇ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕਰਨ ਦੀ ਇਜਾਜ਼ਤ ਮੰਗੀ। ਸਾਰੇ ਬਹੁਤ ਹੈਰਾਨ ਹੋਏ ਜਦੋਂ ਜੂਹਾ ਨੇ ਪ੍ਰਾਰਥਨਾ ਵਿਚ ਕਿਹਾ ਕਿ ਉਸ ਦੇ ਪਿਤਾ ਜੀ ਪਰਮੇਸ਼ੁਰ ਦੀ ਯਾਦ ਵਿਚ ਹਨ ਅਤੇ ਸਮਾਂ ਆਉਣ ਤੇ ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜੀ ਉਠਾਏਗਾ। ਫਿਰ ਉਸ ਨੇ ਆਪਣੇ ਘਰ ਦੇ ਹਰ ਮੈਂਬਰ ਦਾ ਨਾਂ ਲੈ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਦੇਵੇ।

ਯੂਨੀਕੇ ਦੇ ਮਾਪੇ ਵੀ ਉਸ ਦੀ ਨਿਹਚਾ ਦੇਖ ਕੇ ਬਹੁਤ ਖ਼ੁਸ਼ ਹਨ। ਭਾਵੇਂ ਕਿ ਯੂਨੀਕੇ ਨੂੰ ਬਾਈਬਲ ਦੀ ਹਰ ਗੱਲ ਸਮਝ ਨਹੀਂ ਆਉਂਦੀ, ਪਰ ਉਹ ਬਾਈਬਲ ਵਿਚ ਦੱਸੇ ਕਈ ਲੋਕਾਂ ਦੇ ਨਾਂ ਤੇ ਕਹਾਣੀਆਂ ਜਾਣਦੀ ਹੈ। ਮੁਸ਼ਕਲ ਸਿਰਫ਼ ਇਹ ਹੈ ਕਿ ਯੂਨੀਕੇ ਵੱਖ-ਵੱਖ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਹੀਂ ਸਮਝ ਸਕਦੀ। ਪਰ ਉਹ ਇੰਨੀ ਗੱਲ ਜ਼ਰੂਰ ਸਮਝਦੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਜਲਦੀ ਹੀ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ। ਯੂਨੀਕੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਰਹਿਣ ਦੇ ਸੁਪਨੇ ਦੇਖਦੀ ਹੈ ਜਦੋਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਵੇਗੀ।

ਬੱਚਿਆਂ ਨੂੰ ਆਪ ਕੰਮ ਕਰਨਾ ਸਿਖਾਓ

ਮਾਨਸਿਕ ਤੌਰ ਤੇ ਕਮਜ਼ੋਰ ਬੱਚੇ ਹਮੇਸ਼ਾ ਬੱਚੇ ਹੀ ਨਹੀਂ ਰਹਿੰਦੇ। ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਜਿੱਥੋਂ ਤਕ ਹੋ ਸਕੇ ਉਹ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੇ ਕੰਮ ਆਪ ਕਰਨੇ ਸਿਖਾਉਣ। ਮਾਰਕਸ ਦੀ ਮਾਂ ਐਨੀ ਕਹਿੰਦੀ ਹੈ: “ਭਾਵੇਂ ਕਿ ਸਾਡੇ ਲਈ ਮਾਰਕਸ ਦੇ ਸਾਰੇ ਕੰਮ ਕਰਨੇ ਜ਼ਿਆਦਾ ਆਸਾਨ ਸਨ, ਪਰ ਅਸੀਂ ਉਸ ਦੀ ਮਦਦ ਕੀਤੀ ਕਿ ਜਿੱਥੋਂ ਤਕ ਹੋ ਸਕੇ ਉਹ ਆਪਣੇ ਕੰਮ ਆਪ ਕਰੇ।” ਯੂਨੀਕੇ ਦੀ ਮਾਂ ਵੀ ਕਹਿੰਦੀ ਹੈ: “ਯੂਨੀਕੇ ਵਿਚ ਕਈ ਖੂਬੀਆਂ ਹਨ, ਪਰ ਕਦੀ-ਕਦੀ ਉਹ ਬੜੀ ਢੀਠ ਵੀ ਹੋ ਜਾਂਦੀ ਹੈ। ਜੇ ਉਸ ਨੂੰ ਕੋਈ ਕੰਮ ਪਸੰਦ ਨਾ ਹੋਵੇ, ਤਾਂ ਉਸ ਕੋਲੋਂ ਉਹ ਕੰਮ ਕਰਾਉਣਾ ਬੜਾ ਹੀ ਔਖਾ ਹੁੰਦਾ ਹੈ। ਉਦੋਂ ਅਸੀਂ ਉਸ ਨੂੰ ਆਪਣੇ ਪਿਆਰ ਦਾ ਵਾਸਤਾ ਦੇ-ਦੇ ਕੇ ਉਸ ਤੋਂ ਕੰਮ ਕਰਾਉਂਦੇ ਹਾਂ। ਜੇ ਉਹ ਕੋਈ ਕੰਮ ਕਰਨ ਨੂੰ ਮੰਨ ਵੀ ਜਾਂਦੀ ਹੈ, ਤਾਂ ਵੀ ਸਾਨੂੰ ਉਸ ਨੂੰ ਵਾਰ-ਵਾਰ ਬਹਿਲਾ-ਫੁਸਲਾ ਕੇ ਕੰਮ ਪੂਰਾ ਕਰਾਉਣਾ ਪੈਂਦਾ ਹੈ।”

ਬਰਾਏਨ ਦੀ ਮਾਂ ਲੌਰਾ ਉਸ ਨੂੰ ਕੁਝ-ਨਾ-ਕੁਝ ਨਵਾਂ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਤਿੰਨ ਸਾਲਾਂ ਦੌਰਾਨ ਬਰਾਏਨ ਦੇ ਮਾਤਾ-ਪਿਤਾ ਨੇ ਉਸ ਨੂੰ ਟਾਈਪਿੰਗ ਕਰਨੀ ਸਿਖਾਈ। ਬਰਾਏਨ ਹੁਣ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਈ-ਮੇਲ ਘੱਲ ਕੇ ਬਹੁਤ ਖ਼ੁਸ਼ ਹੁੰਦਾ ਹੈ। ਪਰ ਟਾਈਪ ਕਰਨ ਵੇਲੇ ਕਿਸੇ ਨੂੰ ਉਸ ਦੇ ਗੁੱਟ ਨੂੰ ਸਹਾਰਾ ਦੇਣਾ ਪੈਂਦਾ ਹੈ। ਹੁਣ ਬਰਾਏਨ ਦੇ ਮਾਪੇ ਕੋਸ਼ਿਸ਼ ਕਰ ਰਹੇ ਹਨ ਕਿ ਬਰਾਏਨ ਆਪਣੇ ਗੁੱਟ ਦੀ ਥਾਂ ਕੂਹਣੀ ਨੂੰ ਟਿਕਾ ਕੇ ਟਾਈਪਿੰਗ ਕਰਨੀ ਸਿੱਖ ਜਾਵੇ। ਇਸ ਤਰ੍ਹਾਂ ਉਸ ਨੂੰ ਟਾਈਪ ਕਰਨ ਵਿਚ ਦੂਸਰਿਆਂ ਦੀ ਮਦਦ ਦੀ ਲੋੜ ਨਹੀਂ ਪਵੇਗੀ।

ਪਰ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖਣ ਤੇ ਨਾ ਹੀ ਉਨ੍ਹਾਂ ਉੱਤੇ ਬਹੁਤਾ ਦਬਾਅ ਪਾਉਣ। ਕੋਈ ਵੀ ਦੋ ਬੱਚੇ ਇੱਕੋ ਜਿਹੇ ਨਹੀਂ ਹੁੰਦੇ। ਸਰੀਰਕ ਤੇ ਮਾਨਸਿਕ ਨੁਕਸ ਵਾਲੇ ਬੱਚਿਆਂ ਬਾਰੇ ਇਕ ਅੰਗ੍ਰੇਜ਼ੀ ਕਿਤਾਬ ਇਹ ਸਲਾਹ ਦਿੰਦੀ ਹੈ: “ਯਾਦ ਰੱਖੋ ਕਿ ਬੱਚੇ ਨੂੰ ਆਪ ਕੰਮ ਕਰਨਾ ਸਿਖਾਉਣਾ ਚੰਗੀ ਗੱਲ ਹੈ, ਪਰ ਲੋੜ ਅਨੁਸਾਰ ਬੱਚੇ ਦੀ ਮਦਦ ਵੀ ਕਰਨੀ ਚਾਹੀਦੀ ਹੈ ਤਾਂਕਿ ਉਹ ਮਾਯੂਸ ਨਾ ਹੋ ਜਾਵੇ।”

ਯਹੋਵਾਹ ਤੇ ਭੈਣਾਂ-ਭਰਾਵਾਂ ਦਾ ਸਹਾਰਾ

ਮਾਨਸਿਕ ਜਾਂ ਸਰੀਰਕ ਨੁਕਸ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਧੀਰਜ ਦੀ ਸਖ਼ਤ ਲੋੜ ਹੁੰਦੀ ਹੈ। ਇਕ ਤੋਂ ਬਾਅਦ ਇਕ ਮੁਸ਼ਕਲ ਦਾ ਸਾਮ੍ਹਣਾ ਕਰਨ ਕਰਕੇ ਉਨ੍ਹਾਂ ਵਿਚ ਨਿਰਾਸ਼ਾ ਤੇ ਗੁੱਸੇ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਆਪਣੇ ਬੱਚੇ ਦੀ 24 ਘੰਟੇ ਦੇਖ-ਭਾਲ ਕਰ ਕੇ ਉਹ ਥੱਕ-ਟੁੱਟ ਜਾਂਦੇ ਹਨ। ਕਦੀ-ਕਦੀ ਤਾਂ ਉਹ ਇੰਨੇ ਮਾਯੂਸ ਹੋ ਜਾਂਦੇ ਹਨ ਕਿ ਉਹ ਰੋਣ ਲੱਗ ਪੈਂਦੇ ਹਨ। ਅਜਿਹੀ ਹਾਲਤ ਵਿਚ ਮਾਪੇ ਕੀ ਕਰ ਸਕਦੇ ਹਨ?

ਮਾਪੇ ਯਹੋਵਾਹ ਤੋਂ ਮਦਦ ਮੰਗ ਸਕਦੇ ਹਨ ਜੋ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਉਹ ਤੁਹਾਨੂੰ ਧੀਰਜ, ਹੌਸਲਾ ਤੇ ਸਹਿਣ ਦੀ ਤਾਕਤ ਦੇਵੇਗਾ। (1 ਇਤਹਾਸ 29:12; ਜ਼ਬੂਰਾਂ ਦੀ ਪੋਥੀ 27:14) ਉਹ ਤੁਹਾਡੇ ਦਰਦ-ਭਰੇ ਦਿਲਾਂ ਨੂੰ ਸਕੂਨ ਦੇਵੇਗਾ ਤਾਂਕਿ ਤੁਸੀਂ ਬਾਈਬਲ ਵਿਚ ਦਿੱਤੀ “ਆਸਾ ਵਿੱਚ ਅਨੰਦ” ਕਰ ਸਕੋ। (ਰੋਮੀਆਂ 12:12; 15:4, 5; 2 ਕੁਰਿੰਥੀਆਂ 1:3, 4) ਯਹੋਵਾਹ ਨੂੰ ਮੰਨਣ ਵਾਲੇ ਮਾਪੇ ਭਰੋਸਾ ਰੱਖ ਸਕਦੇ ਹਨ ਕਿ ਜਦੋਂ ਭਵਿੱਖ ਵਿਚ ‘ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਬੋਲਿਆਂ ਦੇ ਕੰਨ ਖੁਲ੍ਹ ਜਾਣਗੇ, ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ,’ ਉਦੋਂ ਉਨ੍ਹਾਂ ਦੇ ਲਾਡਲੇ ਵੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਗੇ।—ਯਸਾਯਾਹ 35:5, 6; ਜ਼ਬੂਰਾਂ ਦੀ ਪੋਥੀ 103:2, 3. (g 4/06)

ਮਾਪੇ ਕੀ ਕਰ ਸਕਦੇ ਹਨ?

ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣਕਾਰੀ ਲਓ।

ਹੌਸਲਾ ਨਾ ਹਾਰੋ।

ਜਿੰਨਾ ਸੰਭਵ ਹੋਵੇ, ਆਪਣੇ ਬੱਚੇ ਨੂੰ ਆਪ ਕੰਮ ਕਰਨੇ ਸਿਖਾਓ।

ਪਰਮੇਸ਼ੁਰ ਤੋਂ ਧੀਰਜ, ਹੌਸਲਾ ਤੇ ਤਾਕਤ ਮੰਗੋ।

ਦੂਸਰੇ ਕੀ ਕਰ ਸਕਦੇ ਹਨ?

ਬੱਚੇ ਵਿਚ ਦਿਲਚਸਪੀ ਲੈਂਦੇ ਹੋਏ ਉਸ ਨਾਲ ਸਮਝਦਾਰੀ ਦੀਆਂ ਗੱਲਾਂ ਕਰੋ।

ਮਾਪਿਆਂ ਨਾਲ ਉਨ੍ਹਾਂ ਦੇ ਬੱਚੇ ਬਾਰੇ ਗੱਲ ਕਰੋ ਤੇ ਉਨ੍ਹਾਂ ਦੀ ਤਾਰੀਫ਼ ਕਰੋ।

ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝੋ ਤੇ ਉਨ੍ਹਾਂ ਦਾ ਹੌਸਲਾ ਵਧਾਓ।

ਮਨੋਰੰਜਨ ਜਾਂ ਹੋਰ ਕੰਮਾਂ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਸ਼ਾਮਲ ਕਰੋ।

[ਸਫ਼ਾ 18 ਉੱਤੇ ਡੱਬੀ/ਤਸਵੀਰ]

ਦੂਜੇ ਕਿਵੇਂ ਮਦਦ ਕਰ ਸਕਦੇ ਹਨ?

ਲੋਕ ਲੰਬੀ ਦੌੜ ਦੌੜਨ ਵਾਲਿਆਂ ਦੇ ਸਬਰ ਤੇ ਹੌਸਲੇ ਦੀ ਬਹੁਤ ਤਾਰੀਫ਼ ਕਰਦੇ ਹਨ। ਉਸੇ ਤਰ੍ਹਾਂ ਤੁਸੀਂ ਵੀ ਸ਼ਾਇਦ ਉਨ੍ਹਾਂ ਮਾਪਿਆਂ ਦਾ ਜਿਗਰਾ ਤੇ ਹਿੰਮਤ ਦੇਖ ਕੇ ਹੈਰਾਨ ਹੁੰਦੇ ਹੋਣੇ ਜੋ 24 ਘੰਟੇ ਆਪਣੇ ਬੀਮਾਰ ਬੱਚੇ ਦੀ ਦੇਖ-ਰੇਖ ਵਿਚ ਲੱਗੇ ਰਹਿੰਦੇ ਹਨ। ਦੌੜਨ ਵਾਲਿਆਂ ਨੂੰ ਰਾਹ ਵਿਚ ਲੋਕ ਪਾਣੀ ਪਿਲਾਉਂਦੇ ਹਨ ਤਾਂਕਿ ਉਨ੍ਹਾਂ ਨੂੰ ਦੌੜਦੇ ਰਹਿਣ ਦੀ ਤਾਕਤ ਮਿਲੇ। ਕੀ ਤੁਸੀਂ ਮਾਨਸਿਕ ਤੌਰ ਤੇ ਅਪਾਹਜ ਬੱਚੇ ਦੇ ਮਾਪਿਆਂ ਦਾ ਹੌਸਲਾ ਵਧਾ ਸਕਦੇ ਹੋ?

ਅਜਿਹੇ ਮਾਪਿਆਂ ਦੀ ਹੌਸਲਾ-ਅਫ਼ਜ਼ਾਈ ਕਰਨ ਦਾ ਇਕ ਤਰੀਕਾ ਹੈ ਉਨ੍ਹਾਂ ਦੇ ਪੁੱਤ ਜਾਂ ਧੀ ਨਾਲ ਗੱਲਬਾਤ ਕਰਨੀ। ਤੁਸੀਂ ਸ਼ਾਇਦ ਬੱਚੇ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹੋ ਕਿਉਂਕਿ ਉਹ ਅੱਗੋਂ ਕੋਈ ਜਵਾਬ ਨਹੀਂ ਦਿੰਦਾ। ਪਰ ਯਾਦ ਰੱਖੋ ਕਿ ਅਜਿਹੇ ਬੱਚੇ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੁੰਦੇ ਹਨ। ਹੋ ਸਕਦਾ ਕਿ ਉਹ ਮਨ ਹੀ ਮਨ ਵਿਚ ਤੁਹਾਡੀਆਂ ਗੱਲਾਂ ਤੇ ਗਹਿਰਾਈ ਨਾਲ ਸੋਚ-ਵਿਚਾਰ ਵੀ ਕਰਨ। ਆਮ ਤੌਰ ਤੇ ਉਨ੍ਹਾਂ ਦੇ ਚਿਹਰਿਆਂ ਤੋਂ ਉਨ੍ਹਾਂ ਦੇ ਦਿਲ ਦੀਆਂ ਭਾਵਨਾਵਾਂ ਦਾ ਪਤਾ ਨਹੀਂ ਲੱਗਦਾ। ਇਕ ਤਰੀਕੇ ਨਾਲ ਉਨ੍ਹਾਂ ਦਾ ਮਨ ਸਮੁੰਦਰ ਵਿਚ ਤੈਰ ਰਹੇ ਬਰਫ਼ ਦੇ ਤੋਦਿਆਂ ਵਾਂਗ ਹੁੰਦਾ ਹੈ ਜਿਨ੍ਹਾਂ ਦਾ ਵੱਡਾ ਸਾਰਾ ਹਿੱਸਾ ਪਾਣੀ ਹੇਠ ਹੋਣ ਕਰਕੇ ਨਜ਼ਰ ਨਹੀਂ ਆਉਂਦਾ। *

ਬੱਚਿਆਂ ਵਿਚ ਤੰਤੂ ਸੰਬੰਧੀ ਬੀਮਾਰੀਆਂ ਦੀ ਇਕ ਡਾਕਟਰ ਦੱਸਦੀ ਹੈ ਕਿ ਅਜਿਹੀਆਂ ਬੀਮਾਰੀਆਂ ਤੋਂ ਪੀੜਿਤ ਬੱਚਿਆਂ ਨਾਲ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ: “ਉਨ੍ਹਾਂ ਦੇ ਘਰਦਿਆਂ ਬਾਰੇ ਗੱਲ ਕਰੋ ਜਾਂ ਪੁੱਛੋ ਕਿ ਉਹ ਕੀ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਨਾਦਾਨ ਬੱਚੇ ਨਾ ਸਮਝੋ, ਸਗੋਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਗੱਲਾਂ ਕਰੋ। ਇਕ ਸਮੇਂ ਤੇ ਇੱਕੋ ਵਿਸ਼ੇ ਤੇ ਗੱਲ ਕਰੋ ਅਤੇ ਛੋਟੇ-ਛੋਟੇ ਵਾਕ ਵਰਤੋ। ਕੁਝ ਬੋਲ ਕੇ ਥੋੜ੍ਹੀ ਦੇਰ ਰੁਕੋ ਤੇ ਬੱਚੇ ਨੂੰ ਸੋਚਣ ਦਾ ਸਮਾਂ ਦਿਓ।”

ਬੀਮਾਰ ਬੱਚਿਆਂ ਦੇ ਮਾਪਿਆਂ ਨੂੰ ਵੀ ਤੁਹਾਡੀ ਹਮਦਰਦੀ ਤੇ ਪਿਆਰ ਦੀ ਲੋੜ ਹੈ। ਉਨ੍ਹਾਂ ਨਾਲ ਗੱਲਾਂ ਕਰੋ ਤੇ ਜਾਣਨ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਦੇ ਦਿਲਾਂ ਤੇ ਕੀ ਬੀਤ ਰਹੀ ਹੈ। ਮਿਸਾਲ ਲਈ, ਮਾਰਕਸ ਦੀ ਮਾਂ ਐਨੀ ਆਪਣੇ ਮੁੰਡੇ ਦੇ ਦਿਲ ਦੀ ਗੱਲ ਜਾਣਨ ਲਈ ਤਰਸਦੀ ਹੈ। ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਮਾਰਕਸ ਉਸ ਨਾਲ ਗੱਲ ਨਹੀਂ ਕਰ ਸਕਦਾ। ਐਨੀ ਨੂੰ ਇਹ ਗੱਲ ਅੰਦਰੋ-ਅੰਦਰ ਖਾਈ ਜਾਂਦੀ ਹੈ ਕਿ ਜੇ ਉਹ ਮਾਰਕਸ ਤੋਂ ਪਹਿਲਾਂ ਮਰ ਗਈ, ਤਾਂ ਉਸ ਨੂੰ ਕੌਣ ਸੰਭਾਲੇਗਾ।

ਮਾਪੇ ਭਾਵੇਂ ਆਪਣੇ ਬੀਮਾਰ ਬੱਚੇ ਲਈ ਜਿੰਨਾ ਮਰਜ਼ੀ ਕਰਨ, ਫਿਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਾਫ਼ੀ ਨਹੀਂ ਹੈ। ਮਿਸਾਲ ਲਈ, ਜਦੋਂ ਲੌਰੀ ਆਪਣੇ ਮੁੰਡੇ ਬਰਾਏਨ ਦੀ ਦੇਖ-ਰੇਖ ਵਿਚ ਕੋਈ ਗ਼ਲਤੀ ਕਰ ਬੈਠਦੀ ਹੈ, ਤਾਂ ਉਹ ਆਪਣੇ ਆਪ ਨੂੰ ਬਹੁਤ ਕੋਸਦੀ ਹੈ। ਉਸ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਉਹ ਆਪਣੇ ਹੋਰ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ। ਅਜਿਹੇ ਮਾਪਿਆਂ ਵਿਚ ਦਿਲਚਸਪੀ ਲਓ ਤੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਉਨ੍ਹਾਂ ਦਾ ਹੌਸਲਾ ਵਧਾ ਸਕੋਗੇ। ਇਸ ਬਾਰੇ ਈਰਮਗਾਰਡ ਕਹਿੰਦੀ ਹੈ: “ਭੈਣ-ਭਰਾ ਆ ਕੇ ਮੇਰੇ ਨਾਲ ਯੂਨੀਕੇ ਬਾਰੇ ਗੱਲ ਕਰਦੇ ਹਨ ਤੇ ਮੇਰੇ ਨਾਲ ਦੁੱਖ-ਸੁੱਖ ਕਰਦੇ ਹਨ। ਇਸ ਕਰਕੇ ਭੈਣ-ਭਰਾਵਾਂ ਲਈ ਮੇਰਾ ਦਿਲ ਪਿਆਰ ਨਾਲ ਭਰ ਜਾਂਦਾ ਹੈ।”

ਅਜਿਹੇ ਪਰਿਵਾਰਾਂ ਦੀ ਮਦਦ ਕਰਨ ਦੇ ਹੋਰ ਵੀ ਕਈ ਛੋਟੇ-ਵੱਡੇ ਤਰੀਕੇ ਹਨ। ਮਿਸਾਲ ਲਈ, ਤੁਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾ ਸਕਦੇ ਹੋ ਜਾਂ ਉਨ੍ਹਾਂ ਨਾਲ ਮਿਲ ਕੇ ਮਨੋਰੰਜਨ ਕਰ ਸਕਦੇ ਹੋ। ਹੋ ਸਕੇ ਤਾਂ ਤੁਸੀਂ ਕੁਝ ਘੰਟਿਆਂ ਲਈ ਬੱਚੇ ਦੀ ਦੇਖ-ਭਾਲ ਵੀ ਕਰ ਸਕਦੇ ਹੋ ਤਾਂਕਿ ਮਾਪਿਆਂ ਨੂੰ ਥੋੜ੍ਹਾ-ਬਹੁਤ ਆਰਾਮ ਕਰਨ ਦੀ ਫੁਰਸਤ ਮਿਲ ਸਕੇ।

[ਫੁਟਨੋਟ]

[ਸਫ਼ਾ 18 ਉੱਤੇ ਤਸਵੀਰ]

ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਦਿਲਚਸਪੀ ਲਓ ਤੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਣ ਦਾ ਜਤਨ ਕਰੋ

[ਸਫ਼ਾ 19 ਉੱਤੇ ਤਸਵੀਰ]

ਯੂਨੀਕੇ ਵਰਗੇ ਲਾਚਾਰ ਬੱਚਿਆਂ ਨੂੰ ਵੱਡੇ ਹੋ ਕੇ ਵੀ ਲਾਡ-ਪਿਆਰ ਦੀ ਲੋੜ ਹੁੰਦੀ ਹੈ

[ਸਫ਼ਾ 20 ਉੱਤੇ ਤਸਵੀਰ]

ਲੌਰਾ ਨੇ ਆਪਣੇ ਮੁੰਡੇ ਬਰਾਏਨ ਨੂੰ ਟਾਈਪਿੰਗ ਸਿਖਾਈ