ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ?
ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ?
ਕੀ ਤੁਹਾਡੇ ਖ਼ਿਆਲ ਵਿਚ ਜੀਵਨ ਦਾ ਕੋਈ ਮਕਸਦ ਹੈ? ਜੇ ਵਿਕਾਸਵਾਦ ਦੀ ਥਿਊਰੀ ਹਕੀਕਤ ਹੁੰਦੀ, ਤਾਂ ਅਮਰੀਕਾ ਦੇ ਇਕ ਵਿਗਿਆਨਕ ਰਸਾਲੇ ਦੀ ਇਹ ਗੱਲ ਸੱਚ ਹੁੰਦੀ: “ਵਿਕਾਸਵਾਦ ਬਾਰੇ ਜਾਣ ਕੇ ਅਸੀਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਜੀਵਨ ਦਾ ਕੋਈ ਮਕਸਦ ਨਹੀਂ ਹੈ।”
ਜ਼ਰਾ ਇਨ੍ਹਾਂ ਸ਼ਬਦਾਂ ਦੇ ਮਤਲਬ ਬਾਰੇ ਸੋਚੋ। ਜੇ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ, ਤਾਂ ਤੁਸੀਂ ਸਿਰਫ਼ ਇਸ ਲਈ ਹੋਂਦ ਵਿਚ ਹੋ ਕਿ ਤੁਸੀਂ ਕੁਝ ਚੰਗੇ ਕੰਮ ਕਰੋ ਅਤੇ ਆਪਣੀ ਪੀੜ੍ਹੀ ਨੂੰ ਅੱਗੇ ਤੋਰੋ। ਮਰਨ ਤੇ ਤੁਸੀਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਓਗੇ। ਤੁਹਾਡਾ ਦਿਮਾਗ਼, ਇਸ ਦੀ ਸੋਚਣ, ਤਰਕ ਕਰਨ ਅਤੇ ਮਨਨ ਕਰਨ ਦੀ ਸ਼ਕਤੀ, ਇਹ ਸਭ ਇਤਫ਼ਾਕ ਨਾਲ ਪੈਦਾ ਹੋਏ ਹਨ।
ਪਰ ਸਿਰਫ਼ ਇੰਨਾ ਹੀ ਨਹੀਂ। ਵਿਕਾਸਵਾਦ ਦੀ ਥਿਊਰੀ ਵਿਚ ਵਿਸ਼ਵਾਸ ਕਰਨ ਵਾਲੇ ਜ਼ਿਆਦਾਤਰ ਲੋਕ ਦਾਅਵਾ ਕਰਦੇ ਹਨ ਕਿ ਰੱਬ ਹੈ ਹੀ ਨਹੀਂ ਜਾਂ ਰੱਬ ਇਨਸਾਨ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਵੇਗਾ। ਇਸ ਦਾ ਮਤਲਬ ਹੈ ਕਿ ਸਾਡਾ ਭਵਿੱਖ ਇਨਸਾਨੀ ਆਗੂਆਂ ਦੇ ਹੱਥਾਂ ਵਿਚ ਹੈ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਦੇ ਹੱਥਾਂ ਵਿਚ ਦੁਨੀਆਂ ਦੀ ਵਾਗਡੋਰ ਹੋਣ ਕਾਰਨ ਲੜਾਈਆਂ-ਝਗੜੇ ਅਤੇ ਭ੍ਰਿਸ਼ਟਾਚਾਰ ਜਾਰੀ ਰਹਿਣਗੇ। ਜੇ ਵਿਕਾਸਵਾਦ ਦੀ ਸਿੱਖਿਆ ਸੱਚ ਹੁੰਦੀ, ਤਾਂ ਜੀਵਨ ਦਾ ਇਹ ਮਾਟੋ ਹੁੰਦਾ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।”—1 ਕੁਰਿੰਥੀਆਂ 15:32.
ਪਰ ਤੁਸੀਂ ਇਸ ਗੱਲ ਤੇ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦੇ ਗਵਾਹ ਉੱਪਰ ਲਿਖੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਕਰਦੇ। ਨਾ ਹੀ ਯਹੋਵਾਹ ਦੇ ਗਵਾਹ ਵਿਕਾਸਵਾਦ ਦੀ ਥਿਊਰੀ ਨੂੰ ਮੰਨਦੇ ਹਨ ਜਿਸ ਉੱਤੇ ਇਹ ਸਾਰੀਆਂ ਗੱਲਾਂ ਟਿਕੀਆਂ ਹੋਈਆਂ ਹਨ। ਇਸ ਦੀ ਬਜਾਇ, ਯਹੋਵਾਹ ਦੇ ਸੇਵਕ ਮੰਨਦੇ ਹਨ ਕਿ ਬਾਈਬਲ ਹੀ ਸੱਚਾਈ ਦੱਸਦੀ ਹੈ। (ਯੂਹੰਨਾ 17:17) ਉਹ ਬਾਈਬਲ ਦੀ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਹੀ ਜੀਵਨ ਦਾ ਸੋਮਾ ਹੈ। (ਜ਼ਬੂਰਾਂ ਦੀ ਪੋਥੀ 36:9) ਇਨ੍ਹਾਂ ਸ਼ਬਦਾਂ ਦਾ ਬਹੁਤ ਹੀ ਡੂੰਘਾ ਅਰਥ ਹੈ।
ਜ਼ਿੰਦਗੀ ਦਾ ਇਕ ਮਕਸਦ ਹੈ। ਸ੍ਰਿਸ਼ਟੀਕਰਤਾ ਦੀ ਇੱਛਾ ਅਨੁਸਾਰ ਜੀਉਣ ਵਾਲੇ ਸਾਰੇ ਲੋਕ ਉਸ ਦੇ ਮਕਸਦ ਤੋਂ ਫ਼ਾਇਦਾ ਉਠਾ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:13) ਪਰਮੇਸ਼ੁਰ ਦਾ ਮਕਸਦ ਹੈ ਕਿ ਦੁਨੀਆਂ ਲੜਾਈਆਂ-ਝਗੜਿਆਂ, ਭ੍ਰਿਸ਼ਟਾਚਾਰ ਅਤੇ ਇੱਥੋਂ ਤਕ ਕਿ ਮੌਤ ਤੋਂ ਵੀ ਆਜ਼ਾਦ ਹੋ ਜਾਵੇ। (ਯਸਾਯਾਹ 2:4; 25:6-8) ਦੁਨੀਆਂ ਭਰ ਵਿਚ ਲੱਖਾਂ ਯਹੋਵਾਹ ਦੇ ਗਵਾਹ ਪੂਰੇ ਯਕੀਨ ਨਾਲ ਕਹਿ ਸਕਦੇ ਹਨ ਕਿ ਪਰਮੇਸ਼ੁਰ ਬਾਰੇ ਸਿੱਖ ਕੇ ਅਤੇ ਉਸ ਦੀ ਮਰਜ਼ੀ ਤੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਸੁਧਰ ਗਈ ਹੈ। ਹਾਂ, ਉਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਮਿਲ ਗਿਆ ਹੈ।—ਯੂਹੰਨਾ 17:3.
ਤਾਂ ਫਿਰ, ਇਸ ਗੱਲ ਦਾ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਕਿਉਂਕਿ ਇਸ ਦਾ ਅਸਰ ਤੁਹਾਡੇ ਅੱਜ ਤੇ ਅਤੇ ਆਉਣ ਵਾਲੇ ਕੱਲ੍ਹ ਤੇ ਵੀ ਪੈਂਦਾ ਹੈ। ਤੁਹਾਨੂੰ ਖ਼ੁਦ ਫ਼ੈਸਲਾ ਕਰਨ ਦੀ ਲੋੜ ਹੈ ਕਿ ਤੁਸੀਂ ਕੀ ਮੰਨੋਗੇ। ਕੀ ਤੁਸੀਂ ਉਸ ਥਿਊਰੀ ਨੂੰ ਮੰਨੋਗੇ ਜਿਸ ਨੇ ਸ੍ਰਿਸ਼ਟੀ ਦੇ ਡੀਜ਼ਾਈਨ ਵਿਰੁੱਧ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤਾ? ਜਾਂ ਕੀ ਤੁਸੀਂ ਬਾਈਬਲ ਦੀ ਗੱਲ ਮੰਨੋਗੇ ਕਿ ਧਰਤੀ ਅਤੇ ਹਰ ਜੀਉਂਦੀ ਚੀਜ਼ ਮਹਾਨ ਡੀਜ਼ਾਈਨਕਾਰ ਯਹੋਵਾਹ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ।—ਪਰਕਾਸ਼ ਦੀ ਪੋਥੀ 4:11. (g 9/06)