Skip to content

Skip to table of contents

ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?

ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?

ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?

“ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” —ਪਰਕਾਸ਼ ਦੀ ਪੋਥੀ 4:11.

ਚਾਰਲਸ ਡਾਰਵਿਨ ਦੁਆਰਾ ਆਪਣੇ ਵਿਕਾਸਵਾਦ ਦੇ ਸਿਧਾਂਤ ਨੂੰ ਮਸ਼ਹੂਰ ਕਰਨ ਤੋਂ ਕੁਝ ਸਮੇਂ ਬਾਅਦ ਹੀ ਈਸਾਈ ਧਰਮ ਦੇ ਬਹੁਤ ਸਾਰੇ ਗੁੱਟ ਵਿਕਾਸਵਾਦ ਦੇ ਸਿਧਾਂਤ ਨੂੰ ਅਪਣਾਉਣ ਦੇ ਤਰੀਕੇ ਲੱਭਣ ਲੱਗੇ।

ਅੱਜ ਜ਼ਿਆਦਾਤਰ ਮੁੱਖ “ਈਸਾਈ” ਧਾਰਮਿਕ ਗੁੱਟ ਇਸ ਗੱਲ ਨੂੰ ਮੰਨਦੇ ਹਨ ਕਿ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ। ਕੁਝ ਧਾਰਮਿਕ ਗੁੱਟ ਇਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਤਾਂਕਿ ਬੇਜਾਨ ਰਸਾਇਣਾਂ ਦਾ ਵਿਕਾਸ ਹੋ ਕੇ ਜਾਨਦਾਰ ਚੀਜ਼ਾਂ ਬਣ ਜਾਣ ਅਤੇ ਉਨ੍ਹਾਂ ਤੋਂ ਅਖ਼ੀਰ ਵਿਚ ਆਦਮਜਾਤ। ਜੋ ਲੋਕ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਦੇ ਹਨ, ਉਹ ਕਹਿੰਦੇ ਹਨ ਕਿ ਵਿਕਾਸਵਾਦ ਦੀ ਪ੍ਰਕ੍ਰਿਆ ਸ਼ੁਰੂ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ। ਹੋਰ ਕਈ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਜ਼ਿਆਦਾਤਰ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਵਿਕਾਸ ਹੋਣ ਦਿੱਤਾ, ਪਰ ਸਮੇਂ-ਸਮੇਂ ਤੇ ਦਖ਼ਲਅੰਦਾਜ਼ੀ ਕਰਦਾ ਰਿਹਾ, ਤਾਂਕਿ ਇਹ ਪ੍ਰਕ੍ਰਿਆ ਸਹੀ ਤਰੀਕੇ ਨਾਲ ਚੱਲਦੀ ਰਹੇ।

ਕੀ ਇਨ੍ਹਾਂ ਸਿੱਖਿਆਵਾਂ ਦਾ ਕੋਈ ਮੇਲ ਹੈ?

ਕੀ ਵਿਕਾਸਵਾਦ ਦੇ ਸਿਧਾਂਤ ਦਾ ਬਾਈਬਲ ਦੀਆਂ ਸਿੱਖਿਆਵਾਂ ਨਾਲ ਕੋਈ ਮੇਲ ਹੈ? ਜੇ ਵਿਕਾਸਵਾਦ ਦਾ ਸਿਧਾਂਤ ਸਹੀ ਹੈ, ਤਾਂ ਬਾਈਬਲ ਵਿਚ ਦਿੱਤੀ ਪਹਿਲੇ ਆਦਮੀ ਆਦਮ ਦੀ ਸ੍ਰਿਸ਼ਟੀ ਦਾ ਵਰਣਨ ਸਿਰਫ਼ ਨੈਤਿਕ ਸਿੱਖਿਆ ਦੇਣ ਵਾਲੀ ਇਕ ਮਨਘੜਤ ਕਹਾਣੀ ਹੀ ਰਹਿ ਜਾਂਦੀ ਹੈ। (ਉਤਪਤ 1:26, 27; 2:18-24) ਕੀ ਯਿਸੂ ਨੇ ਵੀ ਇਸ ਬਿਰਤਾਂਤ ਨੂੰ ਮਨਘੜਤ ਕਹਾਣੀ ਸਮਝਿਆ ਸੀ? ਨਹੀਂ। ਯਿਸੂ ਨੇ ਕਿਹਾ ਸੀ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:4-6.

ਯਿਸੂ ਨੇ ਇੱਥੇ ਉਤਪਤ ਦੇ ਦੂਜੇ ਅਧਿਆਇ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਵਿੱਚੋਂ ਹਵਾਲਾ ਦਿੱਤਾ ਸੀ। ਜੇ ਯਿਸੂ ਵਿਸ਼ਵਾਸ ਕਰਦਾ ਹੁੰਦਾ ਕਿ ਪਹਿਲਾ ਵਿਆਹ ਮਨਘੜਤ ਕਹਾਣੀ ਸੀ, ਤਾਂ ਕੀ ਉਹ ਵਿਆਹੁਤਾ ਬੰਧਨ ਦੀ ਪਵਿੱਤਰਤਾ ਉੱਤੇ ਜ਼ੋਰ ਦੇਣ ਲਈ ਇਸ ਦਾ ਹਵਾਲਾ ਦਿੰਦਾ? ਨਹੀਂ। ਯਿਸੂ ਨੇ ਇਸ ਬਿਰਤਾਂਤ ਦਾ ਹਵਾਲਾ ਇਸ ਕਰਕੇ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ।—ਯੂਹੰਨਾ 17:17.

ਯਿਸੂ ਦੇ ਚੇਲੇ ਵੀ ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸਹੀ ਮੰਨਦੇ ਸਨ। ਉਦਾਹਰਣ ਲਈ, ਲੂਕਾ ਦੀ ਇੰਜੀਲ ਵਿਚ ਆਦਮ ਤੋਂ ਲੈ ਕੇ ਯਿਸੂ ਤਕ ਦੀ ਪੂਰੀ ਵੰਸ਼ਾਵਲੀ ਦਿੱਤੀ ਗਈ ਹੈ। (ਲੂਕਾ 3:23-38) ਜੇ ਆਦਮ ਸੱਚ-ਮੁੱਚ ਨਾ ਹੋਇਆ ਹੁੰਦਾ, ਤਾਂ ਇਹ ਵੰਸ਼ਾਵਲੀ ਦੀ ਸੂਚੀ ਹਕੀਕਤ ਨਹੀਂ ਸੀ ਹੋਣੀ। ਜੇ ਇਹ ਵੰਸ਼ਾਵਲੀ ਮਨਘੜਤ ਸੀ, ਤਾਂ ਯਿਸੂ ਕਿੱਦਾਂ ਪੂਰੇ ਵਿਸ਼ਵਾਸ ਨਾਲ ਦਾਅਵਾ ਕਰ ਸਕਦਾ ਸੀ ਕਿ ਉਹੀ ਮਸੀਹਾ ਸੀ ਤੇ ਉਸ ਨੇ ਦਾਊਦ ਦੇ ਘਰਾਣੇ ਵਿਚ ਜਨਮ ਲਿਆ ਸੀ? (ਮੱਤੀ 1:1) ਲੂਕਾ ਨੇ ‘ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕੀਤੀ।’ ਲੂਕਾ ਵੀ ਉਤਪਤ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦਾ ਸੀ।—ਲੂਕਾ 1:3.

ਯਿਸੂ ਉੱਤੇ ਪੌਲੁਸ ਦੇ ਵਿਸ਼ਵਾਸ ਦਾ ਆਧਾਰ ਸ੍ਰਿਸ਼ਟੀ ਦਾ ਬਿਰਤਾਂਤ ਸੀ। ਉਸ ਨੇ ਲਿਖਿਆ: “ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ। ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” (1 ਕੁਰਿੰਥੀਆਂ 15:21, 22) ਜੇ ਆਦਮ ਹਕੀਕਤ ਵਿਚ ਪਹਿਲਾ ਇਨਸਾਨ ਨਹੀਂ ਸੀ ਜਿਸ ਦੁਆਰਾ “ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ,” ਤਾਂ ਇਸ ਪਾਪ ਨੂੰ ਮਿਟਾਉਣ ਲਈ ਯਿਸੂ ਨੂੰ ਕਿਉਂ ਮਰਨਾ ਪਿਆ?—ਰੋਮੀਆਂ 5:12; 6:23.

ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਝੂਠ ਕਹਿਣ ਦਾ ਮਤਲਬ ਹੈ ਮਸੀਹੀ ਵਿਸ਼ਵਾਸ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ। ਵਿਕਾਸਵਾਦ ਦੇ ਸਿਧਾਂਤ ਅਤੇ ਮਸੀਹ ਦੀਆਂ ਸਿੱਖਿਆਵਾਂ ਵਿਚ ਕੋਈ ਮੇਲ ਨਹੀਂ ਹੈ। ਜੇ ਕੋਈ ਇਨ੍ਹਾਂ ਦੋਵਾਂ ਨੂੰ ਰਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਨਾਲ ਲੋਕ ਉਲਝਣ ਵਿਚ ਪੈ ਜਾਣਗੇ ਅਤੇ ‘ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਨਗੇ।’—ਅਫ਼ਸੀਆਂ 4:14.

ਸੱਚਾਈ ਤੇ ਆਧਾਰਿਤ ਨਿਹਚਾ

ਸਦੀਆਂ ਤੋਂ ਬਾਈਬਲ ਦੀ ਆਲੋਚਨਾ ਹੁੰਦੀ ਆਈ ਹੈ। ਬਾਈਬਲ ਵਾਰ-ਵਾਰ ਸੱਚ ਸਾਬਤ ਹੋਈ ਹੈ। ਬਾਈਬਲ ਵਿਚ ਦਰਜ ਇਤਿਹਾਸ, ਸਿਹਤ ਤੇ ਸਾਇੰਸ ਸੰਬੰਧੀ ਗੱਲਾਂ ਹਮੇਸ਼ਾ ਸਹੀ ਸਾਬਤ ਹੋਈਆਂ ਹਨ। ਇਸ ਵਿਚ ਮਨੁੱਖੀ ਰਿਸ਼ਤਿਆਂ ਬਾਰੇ ਦਿੱਤੀ ਸਲਾਹ ਤੋਂ ਅੱਜ ਵੀ ਫ਼ਾਇਦਾ ਹੁੰਦਾ ਹੈ। ਹਰੇ ਘਾਹ ਵਾਂਗ ਮਨੁੱਖੀ ਫ਼ਲਸਫ਼ੇ ਤੇ ਸਿਧਾਂਤ ਵਧਦੇ ਹਨ ਅਤੇ ਸਮੇਂ ਦੇ ਬੀਤਣ ਨਾਲ ਮੁਰਝਾ ਜਾਂਦੇ ਹਨ, ਪਰ ਪਰਮੇਸ਼ੁਰ ਦਾ ਬਚਨ ‘ਸਦਾ ਤੀਕ ਕਾਇਮ ਰਹਿੰਦਾ ਹੈ।’—ਯਸਾਯਾਹ 40:8.

ਵਿਕਾਸਵਾਦ ਦੀ ਸਿੱਖਿਆ ਸਿਰਫ਼ ਇਕ ਵਿਗਿਆਨਕ ਥਿਊਰੀ ਹੀ ਨਹੀਂ ਹੈ। ਅਸਲ ਵਿਚ ਇਹ ਇਕ ਇਨਸਾਨੀ ਫ਼ਲਸਫ਼ਾ ਹੈ ਜੋ ਕਈ ਦਹਾਕਿਆਂ ਤੋਂ ਜ਼ੋਰ ਫੜ ਰਿਹਾ ਹੈ। ਪਰ ਹਾਲ ਹੀ ਦੇ ਸਾਲਾਂ ਵਿਚ, ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਦਾ ਵੀ ਵਿਕਾਸ ਹੁੰਦਾ ਰਿਹਾ ਹੈ। ਵਿਕਾਸਵਾਦੀਆਂ ਨੇ ਕੁਦਰਤ ਦੀਆਂ ਚੀਜ਼ਾਂ ਵਿਚ ਪਾਏ ਜਾਂਦੇ ਡੀਜ਼ਾਈਨ ਬਾਰੇ ਆਪਣੇ ਦਾਅਵਿਆਂ ਨੂੰ ਸਿੱਧ ਕਰਨ ਲਈ ਮੁਢਲੇ ਵਿਕਾਸਵਾਦ ਦੇ ਸਿਧਾਂਤ ਵਿਚ ਕਈ ਤਬਦੀਲੀਆਂ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਓ। ਇਸ ਅੰਕ ਦੇ ਦੂਸਰੇ ਲੇਖ ਪੜ੍ਹ ਕੇ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਸਫ਼ੇ ਉੱਤੇ ਅਤੇ ਸਫ਼ਾ 32 ਉੱਤੇ ਦਿਖਾਈਆਂ ਕਿਤਾਬਾਂ ਵੀ ਪੜ੍ਹ ਸਕਦੇ ਹੋ।

ਇਸ ਵਿਸ਼ੇ ਬਾਰੇ ਹੋਰ ਪੜ੍ਹ ਕੇ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਜੋ ਬੀਤੇ ਸਮੇਂ ਬਾਰੇ ਲਿਖਿਆ ਹੈ, ਉਹ ਸਹੀ ਹੈ। ਇਸ ਤੋਂ ਇਲਾਵਾ, ਚੰਗੇ ਭਵਿੱਖ ਬਾਰੇ ਬਾਈਬਲ ਵਿਚ ਜੋ ਵਾਅਦੇ ਦਰਜ ਹਨ, ਉਨ੍ਹਾਂ ਉੱਤੇ ਵੀ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। (ਇਬਰਾਨੀਆਂ 11:1) ਤੁਹਾਡਾ ਦਿਲ ਆਕਾਸ਼ ਤੇ ਧਰਤੀ ਦੇ ਸ੍ਰਿਸ਼ਟੀਕਰਤਾ, ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਵੀ ਪ੍ਰੇਰਿਤ ਹੋਵੇਗਾ।—ਜ਼ਬੂਰਾਂ ਦੀ ਪੋਥੀ 146:6. (g 9/06)

ਹੋਰ ਕਿਤਾਬਾਂ

ਤਮਾਮ ਲੋਕਾਂ ਲਈ ਇਕ ਪੁਸਤਕ ਇਸ ਬਰੋਸ਼ਰ ਵਿਚ ਬਾਈਬਲ ਦੇ ਸਹੀ ਹੋਣ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ

ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਇਸ ਵਿਚ ਹੋਰ ਵਿਗਿਆਨਕ ਸਬੂਤ ਪੜ੍ਹੋ ਅਤੇ ਦੇਖੋ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਰਹਿਣ ਦਿੱਤਾ ਹੈ

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਦੱਸਿਆ ਹੈ ਕਿ ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ

[ਸਫ਼ਾ 10 ਉੱਤੇ ਸੁਰਖੀ]

ਯਿਸੂ ਨੇ ਉਤਪਤ ਦੀ ਕਿਤਾਬ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਿਆ ਸੀ। ਕੀ ਉਸ ਨੂੰ ਗ਼ਲਤੀ ਲੱਗੀ ਸੀ?

[ਸਫ਼ਾ 9 ਉੱਤੇ ਤਸਵੀਰ]

ਵਿਕਾਸਵਾਦ ਕੀ ਹੈ?

“ਵਿਕਾਸ” ਦਾ ਇਕ ਅਰਥ ਹੈ, ‘ਕਿਸੇ ਖ਼ਾਸ ਰੂਪ ਵਿਚ ਬਦਲਣ ਦੀ ਪ੍ਰਕ੍ਰਿਆ।’ ਪਰ ਇਹ ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਉਦਾਹਰਣ ਲਈ, ਇਹ ਬੇਜਾਨ ਚੀਜ਼ਾਂ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਬ੍ਰਹਿਮੰਡ ਦਾ ਵਿਕਾਸ। ਇਸ ਤੋਂ ਇਲਾਵਾ, ਇਹ ਸ਼ਬਦ ਜਾਨਦਾਰ ਚੀਜ਼ਾਂ ਵਿਚ ਹੋਣ ਵਾਲੀਆਂ ਛੋਟੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਆਪਣੇ ਵਾਤਾਵਰਣ ਅਨੁਸਾਰ ਢਲ ਜਾਣਾ। ਪਰ ਜ਼ਿਆਦਾ ਕਰਕੇ ਇਹ ਸ਼ਬਦ ਇਸ ਸਿਧਾਂਤ ਲਈ ਵਰਤਿਆ ਜਾਂਦਾ ਹੈ ਕਿ ਜੀਵਨ ਦੀ ਸ਼ੁਰੂਆਤ ਬੇਜਾਨ ਰਸਾਇਣਾਂ ਤੋਂ ਹੋਈ, ਜੋ ਹੌਲੀ-ਹੌਲੀ ਸੈੱਲ ਵਿਚ ਵਿਕਸਿਤ ਹੋ ਗਏ। ਇਹ ਸੈੱਲ ਆਪ ਆਪਣੇ ਵਰਗੇ ਸੈੱਲ ਬਣਾਉਣ ਲੱਗ ਪਏ ਅਤੇ ਸਮੇਂ ਦੇ ਬੀਤਣ ਨਾਲ ਇਨ੍ਹਾਂ ਸੈੱਲਾਂ ਦਾ ਹੌਲੀ-ਹੌਲੀ ਵਿਕਾਸ ਹੁੰਦਾ ਗਿਆ ਅਤੇ ਜੀਵ-ਜੰਤੂ ਬਣਦੇ ਗਏ ਜਿਨ੍ਹਾਂ ਵਿੱਚੋਂ ਇਨਸਾਨ ਸਭ ਤੋਂ ਅਕਲਮੰਦ ਹੈ। ਇਸ ਲੇਖ ਵਿਚ “ਵਿਕਾਸਵਾਦ” ਇਸੇ ਤੀਸਰੇ ਅਰਥ ਵਿਚ ਵਰਤਿਆ ਗਿਆ ਹੈ।

[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Space photo: J. Hester and P. Scowen (AZ State Univ.), NASA