Skip to content

Skip to table of contents

ਕੀ ਵਿਕਾਸਵਾਦ ਹਕੀਕਤ ਹੈ?

ਕੀ ਵਿਕਾਸਵਾਦ ਹਕੀਕਤ ਹੈ?

ਕੀ ਵਿਕਾਸਵਾਦ ਹਕੀਕਤ ਹੈ?

ਵਿਕਾਸਵਾਦ ਦੇ ਵਿਗਿਆਨੀ ਪ੍ਰੋਫ਼ੈਸਰ ਰਿਚਰਡ ਡੌਕਿੰਨਸ ਦਾ ਦਾਅਵਾ ਹੈ: “ਸੂਰਜ ਤੋਂ ਗਰਮੀ ਮਿਲਦੀ ਹੈ—ਇਹ ਹਕੀਕਤ ਹੈ। ਇਸੇ ਤਰ੍ਹਾਂ ਵਿਕਾਸਵਾਦ ਵੀ ਇਕ ਹਕੀਕਤ ਹੈ।” ਇਸ ਗੱਲ ਦੇ ਪੱਕੇ ਸਬੂਤ ਹਨ ਕਿ ਸੂਰਜ ਤੋਂ ਸਾਨੂੰ ਗਰਮੀ ਮਿਲਦੀ ਹੈ। ਪਰ ਕੀ ਵਿਕਾਸਵਾਦ ਨੂੰ ਵੀ ਸੱਚ ਸਾਬਤ ਕਰਨ ਲਈ ਕੋਈ ਠੋਸ ਸਬੂਤ ਹੈ?

ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਇਸ ਸਿੱਖਿਆ ਦੇ ਜਨਮਦਾਤਾ ਚਾਰਲਜ਼ ਡਾਰਵਿਨ ਅਤੇ ਹੋਰਨਾਂ ਵਿਗਿਆਨੀਆਂ ਅਨੁਸਾਰ ਸਮੇਂ ਦੇ ਬੀਤਣ ਨਾਲ ਜਾਨਵਰਾਂ ਤੇ ਪੌਦਿਆਂ ਦੀਆਂ ਪੀੜ੍ਹੀ-ਦਰ-ਪੀੜ੍ਹੀ ਛੋਟੀਆਂ-ਛੋਟੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਤਜਰਬਿਆਂ ਅਤੇ ਅਧਿਐਨਾਂ ਤੋਂ ਵੀ ਇਸ ਗੱਲ ਦਾ ਸਬੂਤ ਮਿਲਦਾ ਹੈ। ਪੌਦਿਆਂ ਅਤੇ ਜਾਨਵਰਾਂ ਦੇ ਪਾਲਕਾਂ ਨੇ ਵੀ ਆਪਣੀਆਂ ਖੋਜਾਂ ਵਿਚ ਅਜਿਹੀਆਂ ਤਬਦੀਲੀਆਂ ਦੇਖੀਆਂ ਹਨ। * ਇਹ ਹਕੀਕਤ ਹੈ ਕਿ ਅਜਿਹੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਹੁੰਦੀਆਂ ਹਨ। ਪਰ ਵਿਗਿਆਨੀ ਇਨ੍ਹਾਂ ਤਬਦੀਲੀਆਂ ਨੂੰ ਮਾਈਕ੍ਰੋ-ਈਵਲੂਸ਼ਨ ਦਾ ਨਾਂ ਦੇ ਕੇ ਇਹ ਦਾਅਵਾ ਕਰਦੇ ਹਨ ਕਿ ਜੇ ਜੀਵਾਂ ਵਿਚ ਅਜਿਹੀਆਂ ਛੋਟੀਆਂ ਤਬਦੀਲੀਆਂ ਆ ਸਕਦੀਆਂ ਹਨ, ਤਾਂ ਲੰਬਾ ਸਮਾਂ ਬੀਤਣ ਨਾਲ ਵੱਡੀਆਂ ਤਬਦੀਲੀਆਂ ਵੀ ਆ ਸਕਦੀਆਂ ਹਨ ਜਿਸ ਨੂੰ ਉਹ ਮੈਕ੍ਰੋ-ਈਵਲੂਸ਼ਨ ਕਹਿੰਦੇ ਹਨ। ਲੇਕਿਨ ਵਿਗਿਆਨੀਆਂ ਨੇ ਹਾਲੇ ਤਕ ਅਜਿਹੀਆਂ ਵੱਡੀਆਂ ਤਬਦੀਲੀਆਂ ਹੁੰਦੀਆਂ ਨਹੀਂ ਦੇਖੀਆਂ।

ਡਾਰਵਿਨ ਨੇ ਵਿਕਾਸਵਾਦ ਦੀ ਥਿਊਰੀ ਪੇਸ਼ ਕਰਦੇ ਹੋਏ ਆਪਣੀ ਮਸ਼ਹੂਰ ਕਿਤਾਬ ਵਿਚ ਲਿਖਿਆ: “ਮੇਰੇ ਖ਼ਿਆਲ ਵਿਚ ਸਾਰੀਆਂ ਚੀਜ਼ਾਂ ਨੂੰ ਇਕ-ਇਕ ਕਰ ਕੇ ਨਹੀਂ ਸ੍ਰਿਸ਼ਟ ਕੀਤਾ ਗਿਆ, ਸਗੋਂ ਸਾਰੀਆਂ ਚੀਜ਼ਾਂ ਦਾ ਵਿਕਾਸ ਕੁਝ ਜੀਵਾਂ ਤੋਂ ਹੋਇਆ ਹੈ।” (The Origin of Species) ਡਾਰਵਿਨ ਦਾ ਕਹਿਣਾ ਸੀ ਕਿ ਸਦੀਆਂ ਦੌਰਾਨ ਇਨ੍ਹਾਂ ਜੀਵਾਂ ਦਾ ਹੌਲੀ-ਹੌਲੀ ਵਿਕਾਸ ਹੁੰਦਾ ਗਿਆ। ਇਨ੍ਹਾਂ ਜੀਵਾਂ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਹੁਣ ਧਰਤੀ ਤੇ ਕਰੋੜਾਂ ਹੀ ਭਾਂਤ-ਭਾਂਤ ਦੇ ਜੀਵ ਹਨ। ਵਿਕਾਸਵਾਦੀ ਸਿਖਾਉਂਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਨ੍ਹਾਂ ਜੀਵਾਂ ਵਿਚ ਬਹੁਤ ਹੀ ਵੱਡੀਆਂ ਤਬਦੀਲੀਆਂ ਵੀ ਆਈਆਂ ਸਨ। ਮਿਸਾਲ ਲਈ, ਮੱਛੀਆਂ ਤੋਂ ਐਂਫੀਬੀਅਨਸ ਯਾਨੀ ਜਲਥਲੀ ਜੀਵ ਬਣੇ ਅਤੇ ਬਾਂਦਰਾਂ ਤੋਂ ਇਨਸਾਨ ਬਣੇ। ਇਨ੍ਹਾਂ ਵੱਡੀਆਂ ਤਬਦੀਲੀਆਂ ਨੂੰ ਮੈਕ੍ਰੋ-ਈਵਲੂਸ਼ਨ ਕਿਹਾ ਜਾਂਦਾ ਹੈ। ਕਈ ਲੋਕ ਇਸ ਗੱਲ ਨੂੰ ਜਾਇਜ਼ ਸਮਝਦੇ ਹਨ। ਉਹ ਸੋਚਦੇ ਹਨ ਕਿ ਜੇ ਜੀਵਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਆ ਸਕਦੀਆਂ ਹਨ, ਤਾਂ ਲੰਬਾ ਸਮਾਂ ਬੀਤਣ ਨਾਲ ਵੱਡੀਆਂ ਤਬਦੀਲੀਆਂ ਕਿਉਂ ਨਹੀਂ ਆ ਸਕਦੀਆਂ?

ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਇਨ੍ਹਾਂ ਤਿੰਨ ਖ਼ਾਸ ਗੱਲਾਂ ਤੇ ਟਿਕੀ ਹੋਈ ਹੈ:

1. ਮਿਊਟੇਸ਼ਨ ਯਾਨੀ ਜੀਨਾਂ ਵਿਚ ਤਬਦੀਲੀਆਂ ਕਾਰਨ ਨਵੀਆਂ ਨਸਲਾਂ ਪੈਦਾ ਹੁੰਦੀਆਂ ਹਨ। *

2. ਕੁਦਰਤੀ ਚੋਣ ਕਾਰਨ ਨਵੀਆਂ ਨਸਲਾਂ ਪੈਦਾ ਹੁੰਦੀਆਂ ਹਨ।

3. ਫਾਸਿਲ ਰਿਕਾਰਡ ਯਾਨੀ ਪਥਰਾਟਾਂ ਤੋਂ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਦਾ ਸਬੂਤ ਮਿਲਦਾ ਹੈ।

ਕੀ ਮੈਕ੍ਰੋ-ਈਵਲੂਸ਼ਨ ਦਾ ਸਬੂਤ ਇੰਨਾ ਠੋਸ ਹੈ ਕਿ ਇਸ ਨੂੰ ਹਕੀਕਤ ਮੰਨਿਆ ਜਾ ਸਕਦਾ ਹੈ?

ਕੀ ਮਿਊਟੇਸ਼ਨ ਕਾਰਨ ਨਵੀਆਂ ਨਸਲਾਂ ਪੈਦਾ ਹੋ ਸਕਦੀਆਂ ਹਨ?

ਪੌਦਿਆਂ ਤੇ ਜਾਨਵਰਾਂ ਦੇ ਹਰ ਸੈੱਲ ਦੇ ਨਿਊਕਲੀਅਸ ਵਿਚ ਜਨੈਟਿਕ ਕੋਡ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਜਦ ਕਿਸੇ ਪੌਦੇ ਜਾਂ ਜਾਨਵਰ ਦੇ ਜਨੈਟਿਕ ਕੋਡ ਵਿਚ ਤਬਦੀਲੀਆਂ ਆਉਂਦੀਆਂ ਹਨ, ਤਾਂ ਇਸ ਤੋਂ ਪੈਦਾ ਹੋਏ ਪੌਦੇ ਤੇ ਜਾਨਵਰ ਵਿਚ ਵੀ ਤਬਦੀਲੀਆਂ ਆ ਸਕਦੀਆਂ ਹਨ। * ਨੋਬਲ ਪੁਰਸਕਾਰ ਵਿਜੇਤਾ ਅਤੇ ਮਿਊਟੇਸ਼ਨ ਜੀਨਾਂ ਦੀ ਖੋਜ ਦੇ ਮੋਢੀ ਹਰਮਨ ਜੇ. ਮੂਲਰ ਨੇ ਦਾਅਵਾ ਕੀਤਾ: “ਵਿਗਿਆਨੀ ਪੌਦਿਆਂ ਤੇ ਜਾਨਵਰਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਲਿਆ ਕੇ ਉਨ੍ਹਾਂ ਨੂੰ ਸੁਧਾਰ ਸਕੇ ਹਨ। ਇਸੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਕੁਦਰਤੀ ਚੋਣ ਅਤੇ ਵਿਕਾਸਵਾਦ ਦੁਆਰਾ ਵੀ ਤਬਦੀਲੀਆਂ ਜ਼ਰੂਰ ਹੋਈਆਂ ਹਨ।”

ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਇਸ ਗੱਲ ਤੇ ਟਿਕੀ ਹੋਈ ਹੈ ਕਿ ਜੀਵਾਂ ਵਿਚ ਜੋ ਤਬਦੀਲੀਆਂ ਆਉਂਦੀਆਂ ਹਨ, ਉਨ੍ਹਾਂ ਕਾਰਨ ਸਿਰਫ਼ ਨਵੀਆਂ ਕਿਸਮਾਂ ਹੀ ਨਹੀਂ, ਸਗੋਂ ਨਵੀਆਂ ਨਸਲਾਂ ਵੀ ਪੈਦਾ ਹੋ ਸਕਦੀਆਂ ਹਨ। ਕੀ ਇਸ ਗੱਲ ਦਾ ਕੋਈ ਸਬੂਤ ਹੈ? ਆਓ ਆਪਾਂ ਦੇਖੀਏ ਕਿ 100 ਸਾਲਾਂ ਤੋਂ ਜਾਰੀ ਜੀਨਾਂ ਦੇ ਅਧਿਐਨ ਤੋਂ ਕੀ ਪਤਾ ਲੱਗਾ ਹੈ।

ਤਕਰੀਬਨ 70 ਸਾਲ ਪਹਿਲਾਂ ਵਿਗਿਆਨੀਆਂ ਨੂੰ ਇਵੇਂ ਲੱਗਾ ਕਿ ਜੇ ਕੁਦਰਤੀ ਤਬਦੀਲੀਆਂ ਕਾਰਨ ਪੌਦਿਆਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਸਕਦੀਆਂ ਹਨ, ਤਾਂ ਵਿਗਿਆਨ ਦੀ ਮਦਦ ਨਾਲ ਵੀ ਤਬਦੀਲੀਆਂ ਲਿਆਈਆਂ ਜਾ ਸਕਦੀਆਂ ਹਨ। ਇਸ ਬਾਰੇ ਵਿਗਿਆਨੀਆਂ ਨੇ ਕੀ ਸੋਚਿਆ? ਜਦ ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ ਵੁਲਫ਼-ਏਕਾਹਾਰਟ ਲੌਨਿਗ ਦੀ ਇੰਟਰਵਿਊ ਲਈ, ਤਾਂ ਉਸ ਨੇ ਇਵੇਂ ਦੱਸਿਆ ਕਿ “ਜੀਵ-ਵਿਗਿਆਨੀਆਂ, ਜਨੈਟਿਕ-ਵਿਗਿਆਨੀਆਂ ਅਤੇ ਖ਼ਾਸ ਕਰਕੇ ਨਸਲ-ਪਾਲਕਾਂ ਲਈ ਇਹ ਵੱਡੀ ਖ਼ੁਸ਼-ਖ਼ਬਰੀ ਸੀ।” (ਲੌਨਿਗ ਜਰਮਨੀ ਵਿਚ ਪੌਦਿਆਂ ਦੀ ਰਿਸਰਚ ਸੰਸਥਾ ਵਿਚ ਕੰਮ ਕਰਦਾ ਹੈ।) ਉਹ ਇੰਨੇ ਖ਼ੁਸ਼ ਕਿਉਂ ਸਨ? ਲੌਨਿਗ ਨੇ 28 ਸਾਲ ਪੌਦਿਆਂ ਦੀਆਂ ਜੀਨਾਂ ਵਿਚ ਤਬਦੀਲੀਆਂ ਕਰਨ ਸੰਬੰਧੀ ਅਧਿਐਨ ਕੀਤਾ ਹੈ। ਉਸ ਨੇ ਇਸ ਬਾਰੇ ਕਿਹਾ: “ਵਿਗਿਆਨੀ ਸੋਚ ਰਹੇ ਸਨ ਕਿ ਹੁਣ ਉਹ ਪੌਦਿਆਂ ਤੇ ਜਾਨਵਰਾਂ ਦੇ ਪਾਲਣ-ਪੋਸਣ ਦੇ ਤਰੀਕੇ ਨੂੰ ਬਿਲਕੁਲ ਬਦਲ ਸਕਦੇ ਸਨ। ਉਨ੍ਹਾਂ ਨੇ ਸੋਚਿਆ ਕਿ ਹੁਣ ਉਹ ਪੌਦਿਆਂ ਤੇ ਜਾਨਵਰਾਂ ਦੀਆਂ ਨਵੀਆਂ ਤੇ ਬਿਹਤਰ ਕਿਸਮਾਂ ਪੈਦਾ ਕਰ ਸਕਣਗੇ।” *

ਅਮਰੀਕਾ, ਏਸ਼ੀਆ ਅਤੇ ਯੂਰਪ ਦੇ ਵਿਗਿਆਨੀਆਂ ਨੇ ਅਜਿਹੇ ਰਿਸਰਚ ਪ੍ਰੋਗ੍ਰਾਮ ਚਾਲੂ ਕੀਤੇ ਜਿਨ੍ਹਾਂ ਦੁਆਰਾ ਉਨ੍ਹਾਂ ਨੇ ਉਮੀਦ ਦਿੱਤੀ ਕਿ ਉਹ ਵਿਕਾਸ ਦੀ ਰਫ਼ਤਾਰ ਨੂੰ ਵਧਾ ਸਕਣਗੇ। ਤਕਰੀਬਨ 40 ਸਾਲਾਂ ਤਕ ਡੂੰਘੀ ਰਿਸਰਚ ਕਰਨ ਤੋਂ ਬਾਅਦ ਨਤੀਜਾ ਕੀ ਨਿਕਲਿਆ? ਖੋਜਕਾਰ ਪੀਟਰ ਵਾਨ ਜ਼ੇਨਬੂਸ਼ ਦੱਸਦਾ ਹੈ: ‘ਬਹੁਤ ਜ਼ਿਆਦਾ ਖ਼ਰਚਾ ਕਰਨ ਦੇ ਬਾਵਜੂਦ, ਉਹ ਹੋਰ ਨਸਲਾਂ ਪੈਦਾ ਕਰਨ ਵਿਚ ਕਾਮਯਾਬ ਨਹੀਂ ਹੋਏ।’ ਲੌਨਿਗ ਦਾ ਕਹਿਣਾ ਹੈ: “ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਪੱਛਮੀ ਦੇਸ਼ਾਂ ਵਿਚ 1980 ਦੇ ਦਹਾਕੇ ਵਿਚ ਮਿਊਟੇਸ਼ਨ ਦੁਆਰਾ ਬਿਹਤਰ ਨਸਲਾਂ ਪੈਦਾ ਕਰਨ ਦੇ ਪ੍ਰੋਗ੍ਰਾਮ ਰੋਕ ਦਿੱਤੇ ਗਏ। ਆਪਣੀ ਰਿਸਰਚ ਦੁਆਰਾ ਉਨ੍ਹਾਂ ਨੇ ਜੋ ਵੀ ਜੀਵ ਪੈਦਾ ਕੀਤੇ, ਉਹ ਜੀਵ ਜਾਂ ਤਾਂ ਮਰ ਗਏ ਜਾਂ ਕੁਦਰਤੀ ਜੀਵਾਂ ਤੋਂ ਕਮਜ਼ੋਰ ਨਿਕਲੇ।” *

ਮਿਊਟੇਸ਼ਨ ਉੱਤੇ 100 ਸਾਲ ਰਿਸਰਚ ਕਰਨ ਅਤੇ 70 ਸਾਲਾਂ ਦੌਰਾਨ ਨਵੀਆਂ ਕਿਸਮਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਵਿਗਿਆਨੀਆਂ ਨੇ ਕੀ ਸਿੱਟਾ ਕੱਢਿਆ ਹੈ? ਧਿਆਨ ਦਿਓ ਕਿ ਇਸ ਬਾਰੇ ਲੌਨਿਗ ਕੀ ਕਹਿੰਦਾ ਹੈ: ‘ਮਿਊਟੇਸ਼ਨ ਰਾਹੀਂ ਅਸੀਂ ਕੁਦਰਤੀ ਜੀਵਾਂ ਦੀਆਂ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ। ਜੋ ਵੀ ਰਿਸਰਚ ਅਤੇ ਖੋਜਾਂ 20ਵੀਂ ਸਦੀ ਵਿਚ ਕੀਤੀਆਂ ਗਈਆਂ ਹਨ, ਉਨ੍ਹਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਨਵੀਆਂ ਨਸਲਾਂ ਪੈਦਾ ਕਰਨ ਦੀ ਕੋਈ ਸੰਭਾਵਨਾ ਨਹੀਂ। ਇਨਸਾਨ ਦੇ ਕੁਝ ਵੀ ਕਰਨ ਤੇ ਪੌਦਿਆਂ ਅਤੇ ਜਾਨਵਰਾਂ ਦੀਆਂ ਕੁਦਰਤੀ ਨਸਲਾਂ ਬਦਲੀਆਂ ਨਹੀਂ ਜਾ ਸਕਦੀਆਂ।’

ਜਦ ਤਜਰਬੇਕਾਰ ਵਿਗਿਆਨੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ, ਤਾਂ ਕੀ ਇਹ ਸੰਭਵ ਹੈ ਕਿ ਇਹ ਨਸਲਾਂ ਆਪਣੇ ਆਪ ਪੈਦਾ ਹੋ ਗਈਆਂ ਸਨ? ਜੇ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਮਿਊਟੇਸ਼ਨ ਦੁਆਰਾ ਨਵੀਆਂ ਨਸਲਾਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ, ਤਾਂ ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਕਿੱਦਾਂ ਸੱਚ ਹੋ ਸਕਦੀ ਹੈ? ਬਾਂਦਰਾਂ ਤੋਂ ਇਨਸਾਨ ਕਿੱਦਾਂ ਬਣ ਸਕਦੇ ਸਨ?

ਕੀ ਕੁਦਰਤੀ ਚੋਣ ਕਾਰਨ ਨਵੀਆਂ ਨਸਲਾਂ ਪੈਦਾ ਹੋ ਸਕਦੀਆਂ ਹਨ?

ਡਾਰਵਿਨ ਮੁਤਾਬਕ ਜਿਨ੍ਹਾਂ ਜਾਨਵਰਾਂ ਨੂੰ ਆਪਣੇ ਵਿਕਾਸ ਲਈ ਠੀਕ ਵਾਤਾਵਰਣ ਨਹੀਂ ਮਿਲਦਾ, ਉਹ ਮਰ ਜਾਂਦੇ ਹਨ। ਪਰ ਜੋ ਜਾਨਵਰ ਬਦਲਦੇ ਵਾਤਾਵਰਣ ਮੁਤਾਬਕ ਢਲ ਜਾਂਦੇ ਹਨ, ਉਹ ਜੀਉਂਦੇ ਰਹਿੰਦੇ ਹਨ। ਇਸ ਨੂੰ ਡਾਰਵਿਨ ਨੇ “ਕੁਦਰਤੀ ਚੋਣ” ਕਿਹਾ। ਅੱਜ ਵਿਗਿਆਨੀ ਇਹ ਸਿਖਾਉਂਦੇ ਹਨ ਕਿ ਨਵੇਂ ਵਾਤਾਵਰਣ ਵਿਚ ਸਿਰਫ਼ ਉਹੀ ਜੀਵ ਜੀਉਂਦੇ ਰਹਿੰਦੇ ਹਨ, ਜੋ ਉਸ ਵਾਤਾਵਰਣ ਅਨੁਸਾਰ ਢਲਣ ਲਈ ਆਪਣੇ ਵਿਚ ਤਬਦੀਲੀਆਂ ਲਿਆ ਸਕਦੇ ਹਨ। ਨਤੀਜੇ ਵਜੋਂ, ਵਿਕਾਸਵਾਦੀ ਇਹ ਦਾਅਵਾ ਕਰਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਨ੍ਹਾਂ ਜਾਨਵਰਾਂ ਦੀਆਂ ਬਿਲਕੁਲ ਨਵੀਆਂ ਨਸਲਾਂ ਪੈਦਾ ਹੋ ਜਾਂਦੀਆਂ ਹਨ।

ਜਿਵੇਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ, ਰਿਸਰਚ ਤੋਂ ਪੱਕਾ ਸਬੂਤ ਮਿਲਦਾ ਹੈ ਕਿ ਮਿਊਟੇਸ਼ਨ ਤੋਂ ਜਾਨਵਰਾਂ ਤੇ ਪੌਦਿਆਂ ਦੀਆਂ ਨਵੀਆਂ ਨਸਲਾਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ। ਤਾਂ ਫਿਰ, ਵਿਕਾਸਵਾਦੀ ਕੁਦਰਤੀ ਚੋਣ ਦੀ ਸਿੱਖਿਆ ਨੂੰ ਸੱਚ ਸਾਬਤ ਕਰਨ ਲਈ ਕੀ ਸਬੂਤ ਪੇਸ਼ ਕਰਦੇ ਹਨ? ਅਮਰੀਕਾ ਵਿਚ 1999 ਵਿਚ ਵਿਗਿਆਨ ਬਾਰੇ ਛਾਪੇ ਗਏ ਇਕ ਬਰੋਸ਼ਰ ਨੇ ਕਿਹਾ: “ਗਲਾਪਾਗੋਸ ਟਾਪੂ ਤੇ ਡਾਰਵਿਨ ਨੇ ਫਿੰਚ ਨਾਮਕ ਚਿੜੀਆਂ ਦੀਆਂ 13 ਕਿਸਮਾਂ ਦਾ ਅਧਿਐਨ ਕੀਤਾ। ਵਿਕਾਸਵਾਦ ਤੋਂ ਪੈਦਾ ਹੋਣ ਵਾਲੀਆਂ ਨਵੀਆਂ ਨਸਲਾਂ ਦੀ ਇਹ ਇਕ ਖ਼ਾਸ ਉਦਾਹਰਣ ਸੀ। ਇਨ੍ਹਾਂ ਚਿੜੀਆਂ ਨੂੰ ਡਾਰਵਿਨ ਦੀਆਂ ਚਿੜੀਆਂ ਕਿਹਾ ਜਾਂਦਾ ਹੈ।”

ਪੀਟਰ ਅਤੇ ਰੋਜ਼ਮੇਰੀ ਗ੍ਰਾਂਟ ਦੀ ਨਿਗਰਾਨੀ ਅਧੀਨ 1970 ਦੇ ਦਹਾਕੇ ਦੌਰਾਨ ਕੁਝ ਵਿਗਿਆਨੀਆਂ ਨੇ ਇਨ੍ਹਾਂ ਫਿੰਚ ਚਿੜੀਆਂ ਦਾ ਅਧਿਐਨ ਕੀਤਾ। ਇਸ ਅਧਿਐਨ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਸਾਲ ਦੇ ਸੋਕੇ ਤੋਂ ਬਾਅਦ ਵੱਡੀ ਚੁੰਝ ਵਾਲੀਆਂ ਚਿੜੀਆਂ ਬਚ ਗਈਆਂ, ਜਦ ਕਿ ਛੋਟੀ ਚੁੰਝ ਵਾਲੀਆਂ ਮਰ ਗਈਆਂ। ਆਮ ਤੌਰ ਤੇ ਫਿੰਚਾਂ ਦੀਆਂ ਵੱਖੋ-ਵੱਖ ਕਿਸਮਾਂ ਉਨ੍ਹਾਂ ਦੀ ਚੁੰਝ ਦੇ ਆਕਾਰ ਤੋਂ ਪਛਾਣੀਆਂ ਜਾਂਦੀਆਂ ਹਨ। ਇਸ ਲਈ ਜਦ ਖੋਜਕਾਰਾਂ ਨੇ ਆਪਣੇ ਅਧਿਐਨ ਤੋਂ ਦੇਖਿਆ ਕਿ ਵੱਡੀ ਚੁੰਝ ਵਾਲੀਆਂ ਫਿੰਚਾਂ ਬਚ ਗਈਆਂ, ਤਾਂ ਇਹ ਵਿਗਿਆਨੀਆਂ ਲਈ ਬਹੁਤ ਵੱਡੀ ਗੱਲ ਸੀ। ਬਰੋਸ਼ਰ ਦੱਸਦਾ ਹੈ ਕਿ “ਪੀਟਰ ਤੇ ਰੋਜ਼ਮੇਰੀ ਗ੍ਰਾਂਟ ਨੇ ਅੰਦਾਜ਼ਾ ਲਗਾਇਆ ਕਿ ਜੇ ਇਸ ਟਾਪੂ ਤੇ ਹਰ 10 ਸਾਲਾਂ ਵਿਚ ਇਕ ਵਾਰ ਸੋਕਾ ਪਵੇ, ਤਾਂ ਸਿਰਫ਼ 200 ਸਾਲਾਂ ਦੇ ਅੰਦਰ ਫਿੰਚਾਂ ਦੀ ਇਕ ਬਿਲਕੁਲ ਨਵੀਂ ਨਸਲ ਪੈਦਾ ਹੋ ਜਾਵੇਗੀ।”

ਲੇਕਿਨ ਇਸ ਬਰੋਸ਼ਰ ਵਿਚ ਵਿਗਿਆਨੀ ਕੁਝ ਜ਼ਰੂਰੀ ਗੱਲਾਂ ਦਾ ਜ਼ਿਕਰ ਕਰਨਾ ਭੁੱਲ ਗਏ। ਸੋਕੇ ਤੋਂ ਬਾਅਦ ਦੇ ਸਾਲਾਂ ਵਿਚ ਛੋਟੀ ਚੁੰਝ ਵਾਲੀਆਂ ਫਿੰਚਾਂ ਦੀ ਗਿਣਤੀ ਵੱਡੀ ਚੁੰਝ ਵਾਲੀਆਂ ਦੀ ਗਿਣਤੀ ਨਾਲੋਂ ਵਧ ਗਈ। ਇਸ ਲਈ, ਪੀਟਰ ਗ੍ਰਾਂਟ ਤੇ ਲਾਇਲ ਗਿਬਜ਼ ਨੇ 1987 ਵਿਚ ਕੁਦਰਤ ਬਾਰੇ ਇਕ ਰਸਾਲੇ ਵਿਚ ਲਿਖਿਆ ਕਿ ਉਨ੍ਹਾਂ ਨੇ “ਕੁਦਰਤੀ ਚੋਣ ਦਾ ਰੁੱਖ ਬਦਲਦਾ ਦੇਖਿਆ।” ਫਿਰ 1991 ਵਿਚ ਗ੍ਰਾਂਟ ਨੇ ਲਿਖਿਆ ਕਿ ਜਦ ਵੀ ਵਾਤਾਵਰਣ ਬਦਲਦਾ ਹੈ, ਤਾਂ ਇਸ ਦਾ ਅਸਰ ਫਿੰਚਾਂ ਦੀ ਗਿਣਤੀ ਉੱਤੇ ਪੈਂਦਾ ਹੈ, ‘ਕਦੇ ਛੋਟੀ ਚੁੰਝ ਵਾਲੀਆਂ ਦੀ ਗਿਣਤੀ ਵਧ ਜਾਂਦੀ ਹੈ ਤੇ ਕਦੇ ਵੱਡੀ ਚੁੰਝ ਵਾਲੀਆਂ ਦੀ।’ ਖੋਜਕਾਰਾਂ ਨੇ ਇਹ ਵੀ ਦੇਖਿਆ ਹੈ ਕਿ ਵੱਖ-ਵੱਖ ਕਿਸਮਾਂ ਦੀਆਂ ਫਿੰਚਾਂ ਆਪਸ ਵਿਚ ਮੇਲ ਕਰਨ ਲੱਗ ਪਈਆਂ, ਨਤੀਜੇ ਵਜੋਂ ਉਨ੍ਹਾਂ ਦੀ ਔਲਾਦ ਉਨ੍ਹਾਂ ਨਾਲੋਂ ਜ਼ਿਆਦਾ ਸਮੇਂ ਤਕ ਜੀਉਂਦੀ ਰਹੀ। ਪੀਟਰ ਤੇ ਰੋਜ਼ਮੇਰੀ ਗ੍ਰਾਂਟ ਨੇ ਇਹ ਸਿੱਟਾ ਕੱਢਿਆ ਕਿ ਜੇ ਇਸ ਤਰ੍ਹਾਂ ਹੁੰਦਾ ਰਿਹਾ, ਤਾਂ 200 ਸਾਲਾਂ ਵਿਚ ਦੋ ਕਿਸਮਾਂ ਤੋਂ ਇਕ ਨਵੀਂ ਨਸਲ ਦੀ ਫਿੰਚ ਪੈਦਾ ਹੋਵੇਗੀ।

ਵਿਕਾਸਵਾਦ ਨੂੰ ਮੰਨਣ ਵਾਲੇ ਵਿਗਿਆਨੀ ਜੋਰਜ ਕ੍ਰਿਸਟਿਫਰ ਵਿਲੀਅਮਜ਼ ਨੇ 1966 ਵਿਚ ਲਿਖਿਆ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਵਿਗਿਆਨੀਆਂ ਨੇ ਵਿਕਾਸਵਾਦ ਨੂੰ ਸਮਝਾਉਣ ਲਈ ਕੁਦਰਤੀ ਚੋਣ ਦੀ ਥਿਊਰੀ ਦਾ ਸਹਾਰਾ ਲਿਆ ਹੈ। ਕੁਦਰਤੀ ਚੋਣ ਤੋਂ ਸਾਨੂੰ ਸਿਰਫ਼ ਇਹ ਪਤਾ ਲੱਗਦਾ ਹੈ ਕਿ ਜਾਨਵਰ ਜੀਉਂਦੇ ਰਹਿਣ ਲਈ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਣ ਦੇ ਯੋਗ ਹਨ।” ਵਿਕਾਸਵਾਦੀ ਜੈਫ਼ਰੀ ਸ਼ਵਿਟਜ਼ ਨੇ 1999 ਵਿਚ ਲਿਖਿਆ ਕਿ ਜੇ ਵਿਲੀਅਮਜ਼ ਦੀ ਗੱਲ ਸਹੀ ਹੈ, ਤਾਂ ਕੁਦਰਤੀ ਚੋਣ ਦੀ ਮਦਦ ਨਾਲ ਜੀਵ ਜੀਉਂਦੇ ਰਹਿਣ ਲਈ ਆਪਣੇ ਵਿਚ ਛੋਟੀਆਂ-ਮੋਟੀਆਂ ਤਬਦੀਲੀਆਂ ਜ਼ਰੂਰ ਲਿਆ ਸਕਦੇ ਹਨ, ਪਰ “ਉਨ੍ਹਾਂ ਤੋਂ ਕੋਈ ਨਵੀਂ ਨਸਲ ਨਹੀਂ ਪੈਦਾ ਹੁੰਦੀ।”

ਵਾਕਈ, ਡਾਰਵਿਨ ਦੀਆਂ ਫਿੰਚਾਂ ਫਿੰਚਾਂ ਹੀ ਰਹੀਆਂ, ਉਨ੍ਹਾਂ ਤੋਂ ਨਵੀਆਂ ਨਸਲਾਂ ਨਹੀਂ ਪੈਦਾ ਹੋਈਆਂ। ਵਿਕਾਸਵਾਦ ਦੀ ਥਿਊਰੀ ਉੱਤੇ ਸ਼ੱਕ ਪੈਦਾ ਹੁੰਦਾ ਹੈ ਕਿਉਂਕਿ ਇਨ੍ਹਾਂ ਫਿੰਚਾਂ ਵਿਚ ਤਬਦੀਲੀਆਂ ਵਿਕਾਸ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਆਪਸ ਵਿਚ ਮੇਲ ਕਰਨ ਕਰਕੇ ਆਈਆਂ। ਇਸ ਤੋਂ ਇਲਾਵਾ, ਇਸ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੰਨੀਆਂ-ਪ੍ਰਮੰਨੀਆਂ ਵਿਗਿਆਨਕ ਸੰਸਥਾਵਾਂ ਵਿਕਾਸਵਾਦ ਦੀ ਸਿੱਖਿਆ ਦਾ ਸਮਰਥਨ ਕਰਨ ਵਾਲੀਆਂ ਹੀ ਗੱਲਾਂ ਦੱਸਦੀਆਂ ਹਨ।

ਕੀ ਫਾਸਿਲ ਰਿਕਾਰਡ ਤੋਂ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਦਾ ਸਬੂਤ ਮਿਲਦਾ ਹੈ?

ਅਮਰੀਕਾ ਦਾ ਇਕ ਵਿਗਿਆਨਕ ਬਰੋਸ਼ਰ ਇਹ ਖ਼ਿਆਲ ਪੇਸ਼ ਕਰਦਾ ਹੈ ਕਿ ਫਾਸਿਲ ਯਾਨੀ ਪਥਰਾਟ ਮੈਕ੍ਰੋ-ਈਵਲੂਸ਼ਨ ਨੂੰ ਸੱਚ ਸਾਬਤ ਕਰਨ ਲਈ ਕਾਫ਼ੀ ਹਨ। ਬਰੋਸ਼ਰ ਵਿਚ ਲਿਖਿਆ ਹੈ: “ਮੱਛੀਆਂ ਬਦਲ ਕੇ ਜਲਥਲੀ ਜੀਵ ਬਣੀਆਂ, ਜਲਥਲੀ ਜੀਵ ਬਦਲ ਕੇ ਰੀਂਗਣ ਵਾਲੇ ਜੀਵ ਬਣੇ, ਰੀਂਗਣ ਵਾਲੇ ਜੀਵ ਦੁਧਾਰੂ ਜੀਵ ਬਣੇ ਅਤੇ ਬਾਂਦਰ ਬਦਲ ਕੇ ਇਨਸਾਨ ਬਣੇ। ਇਨ੍ਹਾਂ ਨਸਲਾਂ ਦੇ ਵਿਚਕਾਰਲੇ ਰੂਪ ਫਾਸਿਲ ਰਿਕਾਰਡ ਵਿਚ ਮੌਜੂਦ ਹਨ। ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਕ ਜੀਵ ਦੂਸਰੇ ਜੀਵ ਵਿਚ ਕਦੋਂ ਬਦਲਿਆ।”

ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਬਰੋਸ਼ਰ ਵਿਚ ਇੰਨਾ ਵੱਡਾ ਦਾਅਵਾ ਕੀਤਾ ਗਿਆ ਸੀ, ਜਦ ਕਿ 2004 ਵਿਚ ਨੈਸ਼ਨਲ ਜੀਓਗਰਾਫਿਕ ਰਸਾਲੇ ਨੇ ਫਾਸਿਲ ਰਿਕਾਰਡ ਦੀ ਤੁਲਨਾ ‘ਅਜਿਹੀ ਫ਼ਿਲਮ ਨਾਲ ਕੀਤੀ ਜਿਸ ਦੀਆਂ 1,000 ਤਸਵੀਰਾਂ ਵਿੱਚੋਂ ਸਿਰਫ਼ ਇਕ ਬਚੀ, ਬਾਕੀ 999 ਗੁੰਮ ਹੋ ਗਈਆਂ।’ ਕੀ 1,000 ਤਸਵੀਰਾਂ ਵਿੱਚੋਂ ਸਿਰਫ਼ ਇਕ ਤਸਵੀਰ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਨੂੰ ਸੱਚ ਸਾਬਤ ਕਰ ਸਕਦੀ ਹੈ? ਫਾਸਿਲ ਰਿਕਾਰਡ ਤੋਂ ਅਸਲ ਵਿਚ ਕੀ ਪਤਾ ਲੱਗਦਾ ਹੈ? ਨਾਈਲਜ਼ ਐਲਡਰੈੱਜ ਨਾਂ ਦਾ ਇਕ ਪੱਕਾ ਵਿਕਾਸਵਾਦੀ ਸਵੀਕਾਰ ਕਰਦਾ ਹੈ ਕਿ ਫਾਸਿਲ ਰਿਕਾਰਡ ਤੋਂ ਉਨ੍ਹਾਂ ਨੂੰ ਇਹੀ ਪਤਾ ਲੱਗਾ ਹੈ ਕਿ “ਜ਼ਿਆਦਾਤਰ ਜੀਵਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਉਂਦੀ।”

ਅੱਜ ਤਕ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਲਗਭਗ 20 ਕਰੋੜ ਵੱਡੇ ਫਾਸਿਲ ਅਤੇ ਅਰਬਾਂ ਹੀ ਛੋਟੇ-ਛੋਟੇ ਫਾਸਿਲ ਲੱਭੇ ਹਨ। ਬਹੁਤ ਸਾਰੇ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਸਭ ਲੱਭਤਾਂ ਇਹ ਸਬੂਤ ਦਿੰਦੀਆਂ ਹਨ ਕਿ ਜਾਨਵਰਾਂ ਦੀਆਂ ਵੱਡੀਆਂ ਨਸਲਾਂ ਇਕਦਮ ਪੈਦਾ ਹੋਈਆਂ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ। ਫਿਰ ਉਨ੍ਹਾਂ ਵਿੱਚੋਂ ਕਈ ਨਸਲਾਂ ਅਚਾਨਕ ਹੀ ਅਲੋਪ ਹੋ ਗਈਆਂ। ਫਾਸਿਲ ਰਿਕਾਰਡ ਬਾਰੇ ਜੀਵ-ਵਿਗਿਆਨੀ ਜੋਨਾਥਨ ਵੈੱਲਜ਼ ਨੇ ਲਿਖਿਆ: ‘ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਨੂੰ ਸੱਚ ਸਾਬਤ ਕਰਨ ਲਈ ਫਾਸਿਲ ਰਿਕਾਰਡ ਤੋਂ ਕੋਈ ਠੋਸ ਸਬੂਤ ਨਹੀਂ ਮਿਲਦਾ।’

ਵਿਕਾਸਵਾਦ—ਸੱਚ ਜਾਂ ਝੂਠ?

ਕਈ ਮਸ਼ਹੂਰ ਵਿਕਾਸਵਾਦੀ ਮੈਕ੍ਰੋ-ਈਵਲੂਸ਼ਨ ਨੂੰ ਹਕੀਕਤ ਵਜੋਂ ਕਿਉਂ ਪੇਸ਼ ਕਰਦੇ ਹਨ? ਪ੍ਰੋਫ਼ੈਸਰ ਰਿਚਰਡ ਡੌਕਿੰਨਸ ਦੇ ਖ਼ਿਆਲਾਂ ਦੀ ਨੁਕਤਾਚੀਨੀ ਕਰਨ ਤੋਂ ਬਾਅਦ, ਵਿਕਾਸਵਾਦੀ ਰਿਚਰਡ ਲੂਵੰਟਿਨ ਨੇ ਲਿਖਿਆ ਕਿ ਕਈ ਵਿਗਿਆਨੀ ਉਲਟੇ-ਪੁਲਟੇ ਦਾਅਵੇ ਕਬੂਲ ਕਰ ਲੈਂਦੇ ਹਨ ਕਿਉਂਕਿ ‘ਉਹ ਸਿਰਫ਼ ਉਨ੍ਹਾਂ ਚੀਜ਼ਾਂ ਵਿਚ ਵਿਸ਼ਵਾਸ ਕਰਦੇ ਹਨ ਜੋ ਉਹ ਅੱਖੀਂ ਦੇਖ ਸਕਦੇ ਹਨ। ਉਹ ਸਿਰਜਣਹਾਰ ਵਿਚ ਵਿਸ਼ਵਾਸ ਨਹੀਂ ਕਰਦੇ।’ ਕਈ ਵਿਗਿਆਨੀ ਇਹ ਸੋਚਣ ਤੋਂ ਇਨਕਾਰ ਕਰਦੇ ਹਨ ਕਿ ਕੋਈ ਬੁੱਧੀਮਾਨ ਡੀਜ਼ਾਈਨਕਾਰ ਹੋ ਸਕਦਾ ਹੈ। ਕਿਉਂ? ਇਸ ਬਾਰੇ ਲੂਵੰਟਿਨ ਕਹਿੰਦਾ ਹੈ: “ਅਸੀਂ ਵਿਗਿਆਨੀ ਹਾਂ। ਅਸੀਂ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਦੇ ਨਹੀਂ ਕਰ ਸਕਦੇ।”

ਇਸ ਬਾਰੇ ਇਕ ਵਿਗਿਆਨਕ ਰਸਾਲੇ ਵਿਚ ਸਮਾਜ-ਵਿਗਿਆਨੀ ਰੋਡਨੀ ਸਟਾਕ ਨੇ ਇਹ ਕਿਹਾ: ‘ਤਕਰੀਬਨ 200 ਸਾਲਾਂ ਤੋਂ ਵਿਗਿਆਨੀ ਇਹੀ ਪਾਠ ਪੜ੍ਹਾਉਂਦੇ ਆਏ ਹਨ ਕਿ ਵਿਗਿਆਨ ਤੇ ਧਰਮ ਦਾ ਕੋਈ ਮੇਲ ਨਹੀਂ। ਵਿਗਿਆਨੀਆਂ ਨੂੰ ਧਰਮ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।’ ਉਸ ਨੇ ਅੱਗੇ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਵਿਚ ਜੋ “ਲੋਕ ਰੱਬ ਵਿਚ ਵਿਸ਼ਵਾਸ ਕਰਦੇ ਹਨ, ਉਹ ਦੂਸਰਿਆਂ ਸਾਮ੍ਹਣੇ ਇਹ ਦਾ ਜ਼ਿਕਰ ਤਕ ਨਹੀਂ ਕਰਦੇ,” ਜਦ ਕਿ “ਜੋ ਰੱਬ ਨੂੰ ਨਹੀਂ ਮੰਨਦੇ, ਉਹ ਮੰਨਣ ਵਾਲਿਆਂ ਨੂੰ ਨੀਵਾਂ ਦਿਖਾਉਂਦੇ ਹਨ।” ਸਟਾਕ ਅਨੁਸਾਰ ‘ਵਿਗਿਆਨ ਜਗਤ ਵਿਚ ਉਹੀ ਲੋਕ ਕਾਮਯਾਬ ਹੁੰਦੇ ਜਾਂ ਤਰੱਕੀ ਕਰਦੇ ਹਨ ਜੋ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ।’

ਅਸੀਂ ਦੇਖਿਆ ਹੈ ਕਿ ਅਗਿਆਤਵਾਦ ਜਾਂ ਨਾਸਤਿਕਵਾਦ ਨੂੰ ਮੰਨਣ ਵਾਲੇ ਵਿਗਿਆਨੀ ਵਿਗਿਆਨਕ ਲੱਭਤਾਂ ਵਿਚ ਫੇਰ-ਬਦਲ ਕਰ ਕੇ ਉਨ੍ਹਾਂ ਨੂੰ ਆਪਣੇ ਨਿੱਜੀ ਖ਼ਿਆਲਾਂ ਮੁਤਾਬਕ ਪੇਸ਼ ਕਰਦੇ ਹਨ। ਜੇ ਤੁਸੀਂ ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਨੂੰ ਸੱਚ ਮੰਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਜੋ ਅਜਿਹੇ ਵਿਗਿਆਨੀ ਸਿਖਾਉਂਦੇ ਹਨ, ਉਹ ਸੱਚ ਹੈ। ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਮਿਊਟੇਸ਼ਨ ਤੇ ਕੁਦਰਤੀ ਚੋਣ ਤੋਂ ਹੀ ਸਭ ਜੀਵ-ਜੰਤੂ ਪੈਦਾ ਹੋਏ ਹਨ, ਭਾਵੇਂ ਕਿ ਅਸੀਂ ਦੇਖਿਆ ਹੈ ਕਿ ਸੌ ਸਾਲਾਂ ਦੀ ਰਿਸਰਚ ਤੋਂ ਬਾਅਦ ਵੀ ਵਿਗਿਆਨੀ ਇਸ ਨੂੰ ਸਹੀ ਸਾਬਤ ਨਹੀਂ ਕਰ ਪਾਏ। ਇਸ ਦੇ ਨਾਲ-ਨਾਲ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਇਕ ਜੀਵ ਤੋਂ ਬਾਕੀ ਸਾਰੇ ਜੀਵ ਪੈਦਾ ਹੋਏ ਹਨ, ਭਾਵੇਂ ਕਿ ਫਾਸਿਲ ਰਿਕਾਰਡ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਾ ਹੈ ਕਿ ਇਹ ਗੱਲ ਝੂਠੀ ਹੈ। ਕੀ ਇਸ ਤੋਂ ਤੁਹਾਨੂੰ ਲੱਗਦਾ ਹੈ ਕਿ ਵਿਕਾਸਵਾਦ ਦੀ ਸਿੱਖਿਆ ਪੱਕੀ ਨੀਂਹ ਤੇ ਟਿਕੀ ਹੋਈ ਹੈ? ਕੀ ਵਿਕਾਸਵਾਦ ਸੱਚ ਹੈ ਜਾਂ ਝੂਠ? (g 9/06)

[ਫੁਟਨੋਟ]

^ ਪੈਰਾ 3 ਕੁੱਤਿਆਂ ਦੇ ਪਾਲਕ ਕੁੱਤਿਆਂ ਦੀਆਂ ਵੱਖ-ਵੱਖ ਕਿਸਮਾਂ ਦਾ ਮੇਲ ਕਰਾ ਕੇ ਅਜਿਹੇ ਕੁੱਤੇ ਪੈਦਾ ਕਰ ਸਕਦੇ ਹਨ ਜਿਨ੍ਹਾਂ ਦੀ ਸ਼ਕਲ-ਸੂਰਤ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖਰੀ ਹੁੰਦੀ ਹੈ। ਮਿਸਾਲ ਲਈ, ਉਨ੍ਹਾਂ ਦੀਆਂ ਲੱਤਾਂ ਛੋਟੀਆਂ ਜਾਂ ਉਨ੍ਹਾਂ ਦੇ ਵਾਲ ਲੰਬੇ ਹੋ ਸਕਦੇ ਹਨ। ਪਰ ਇਹ ਤਬਦੀਲੀਆਂ ਜੀਨਾਂ ਵਿਚ ਕਮੀ ਰਹਿ ਜਾਣ ਕਾਰਨ ਹੁੰਦੀਆਂ ਹਨ। ਉਦਾਹਰਣ ਲਈ, ਡੈਕਸਹੁੰਡ ਨਾਂ ਦੇ ਜਰਮਨ ਕੁੱਤੇ ਦੀਆਂ ਲੱਤਾਂ ਇਸ ਲਈ ਛੋਟੀਆਂ ਰਹਿ ਜਾਂਦੀਆਂ ਹਨ ਕਿਉਂਕਿ ਕਰਕਰੀ (cartilage) ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਬੌਣਾ ਰਹਿ ਜਾਂਦਾ ਹੈ।

^ ਪੈਰਾ 6 “ਜੀਵ-ਜੰਤੂਆਂ ਦਾ ਵਰਗੀਕਰਣ” ਨਾਮਕ ਡੱਬੀ ਦੇਖੋ।

^ ਪੈਰਾ 11 ਖੋਜਕਾਰਾਂ ਨੇ ਪਤਾ ਕੀਤਾ ਹੈ ਕਿ ਸੈੱਲ ਦੇ ਹੋਰ ਹਿੱਸਿਆਂ ਦਾ ਵੀ ਜੀਵਾਂ ਦੀ ਸ਼ਕਲ-ਸੂਰਤ ਉੱਤੇ ਅਸਰ ਪੈਂਦਾ ਹੈ।

^ ਪੈਰਾ 13 ਇਸ ਲੇਖ ਵਿਚ ਲੌਨਿਗ ਨੇ ਜੋ ਕਿਹਾ, ਉਹ ਉਸ ਦੇ ਆਪਣੇ ਵਿਚਾਰ ਹਨ, ਨਾ ਕਿ ਉਸ ਸੰਸਥਾ ਦੇ ਜਿਸ ਲਈ ਉਹ ਕੰਮ ਕਰਦਾ ਹੈ।

^ ਪੈਰਾ 14 ਮਿਊਟੇਸ਼ਨ ਦੇ ਤਜਰਬਿਆਂ ਤੋਂ ਇਹ ਹੀ ਪਤਾ ਲੱਗਾ ਹੈ ਕਿ ਨਵੇਂ ਪੌਦਿਆਂ ਵਿਚ ਵਾਰ-ਵਾਰ ਉਹੀ ਤਬਦੀਲੀਆਂ ਆ ਰਹੀਆਂ ਸਨ। ਇਸ ਤੋਂ ਲੌਨਿਗ ਨੇ ਦੇਖਿਆ ਕਿ ਜਿੰਨੇ ਜ਼ਿਆਦਾ ਤਜਰਬੇ ਕੀਤੇ ਗਏ ਸਨ, ਉੱਨੀਆਂ ਹੀ ਘੱਟ ਤਬਦੀਲੀਆਂ ਆ ਰਹੀਆਂ ਸਨ। ਇਸ ਦੇ ਨਾਲ-ਨਾਲ, ਨਵੇਂ ਪੌਦਿਆਂ ਵਿੱਚੋਂ ਸਿਰਫ਼ 1 ਫੀ ਸਦੀ ਪੌਦਿਆਂ ਉੱਤੇ ਹੋਰ ਰਿਸਰਚ ਕੀਤੀ ਜਾ ਸਕਦੀ ਸੀ ਅਤੇ ਇਨ੍ਹਾਂ ਵਿੱਚੋਂ ਸਿਰਫ਼ 1 ਫੀ ਸਦੀ ਵੇਚਣਯੋਗ ਸਨ। ਜਾਨਵਰਾਂ ਵਿਚ ਅਜਿਹੀਆਂ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਹੋਰ ਵੀ ਅਸਫ਼ਲ ਰਹੀਆਂ, ਇਸ ਲਈ ਇਹ ਪ੍ਰੋਗ੍ਰਾਮ ਬੰਦ ਕਰ ਦਿੱਤਾ ਗਿਆ।

[ਸਫ਼ਾ 15 ਉੱਤੇ ਸੁਰਖੀ]

ਮਿਊਟੇਸ਼ਨ ਰਾਹੀਂ ਵਿਗਿਆਨੀ ਕੁਦਰਤੀ ਜੀਵਾਂ ਦੀਆਂ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ

[ਸਫ਼ਾ 16 ਉੱਤੇ ਸੁਰਖੀ]

ਡਾਰਵਿਨ ਦੀਆਂ ਫਿੰਚਾਂ ਤੋਂ ਇਹ ਹੀ ਪਤਾ ਲੱਗਦਾ ਹੈ ਕਿ ਜਾਨਵਰ ਜੀਉਂਦੇ ਰਹਿਣ ਲਈ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲਣ ਦੇ ਯੋਗ ਹਨ

[ਸਫ਼ਾ 17 ਉੱਤੇ ਸੁਰਖੀ]

ਫਾਸਿਲ ਰਿਕਾਰਡ ਅਨੁਸਾਰ ਜਾਨਵਰਾਂ ਦੀਆਂ ਵੱਡੀਆਂ ਨਸਲਾਂ ਇਕਦਮ ਪੈਦਾ ਹੋਈਆਂ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ

[ਸਫ਼ਾ 14 ਉੱਤੇ ਚਾਰਟ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਜੀਵ-ਜੰਤੂਆਂ ਦਾ ਵਰਗੀਕਰਣ

ਜੀਵ-ਜੰਤੂਆਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡਿਆ ਗਿਆ ਹੈ। * ਮਿਸਾਲ ਲਈ ਹੇਠਾਂ ਦਿੱਤੀ ਗਈ ਇਨਸਾਨਾਂ ਤੇ ਫਲ-ਮੱਖੀਆਂ ਦੇ ਵਰਗਾਂ ਦੀ ਸੂਚੀ ਉੱਤੇ ਗੌਰ ਕਰੋ।

ਇਨਸਾਨ ਫਲ-ਮੱਖੀਆਂ

ਕਿਸਮ ਸੇਪੀਅਨਜ਼ ਮੈਲਾਨੋਗੈਸਟਰ

ਪ੍ਰਜਾਤੀ ਹੋਮੋ ਡ੍ਰੋਸੋਫ਼ਲਾ

ਪਰਿਵਾਰ ਹੋਮੀਨਿਡੀਜ਼ ਡ੍ਰੋਸੋਫ਼ਲਿਡਜ਼

ਵਰਗ ਪ੍ਰਾਇਮੇਟਜ਼ ਡਿਪਟਰਾ

ਸ਼੍ਰੇਣੀ ਥਣਧਾਰੀ ਕੀੜੇ-ਮਕੌੜੇ

ਜਾਤੀ ਰੀੜ੍ਹ ਵਾਲੇ ਜੀਵ ਜੁੜੇ ਪੈਰਾਂ ਵਾਲੇ

ਪ੍ਰਾਣੀ-ਜਗਤ ਜਾਨਵਰ ਜਾਨਵਰ

[ਫੁਟਨੋਟ]

^ ਪੈਰਾ 47 ਨੋਟ: ਉਤਪਤ ਦੀ ਪੋਥੀ ਦੇ ਪਹਿਲੇ ਅਧਿਆਇ ਵਿਚ ਲਿਖਿਆ ਹੈ ਕਿ ਪੌਦੇ ਤੇ ਜਾਨਵਰ ਸਭ ਆਪਣੀ “ਜਿਨਸ ਅਨੁਸਾਰ” ਪੈਦਾ ਹੋਣਗੇ। (ਉਤਪਤ 1:12, 21, 24, 25) ਪਰ ਉਤਪਤ ਦੀ ਪੋਥੀ ਵਿਚ ਜੀਵਾਂ ਦਾ ਵਿਗਿਆਨਕ ਤੌਰ ਤੇ ਵਰਗੀਕਰਣ ਨਹੀਂ ਕੀਤਾ ਗਿਆ।

[ਕ੍ਰੈਡਿਟ ਲਾਈਨ]

ਇਹ ਚਾਰਟ ਜੋਨਾਥਨ ਵੈੱਲਜ਼ ਦੀ ਕਿਤਾਬ ਤੇ ਅਧਾਰਿਤ ਹੈ।Icons of EvolutionScience or Myth? Why Much of What We Teach About Evolution Is Wrong

[ਸਫ਼ਾ 15 ਉੱਤੇ ਤਸਵੀਰ]

ਇਕ ਮੱਖੀ (ਉੱਪਰ)—ਭਾਵੇਂ ਇਸ ਮੱਖੀ ਵਿਚ ਤਬਦੀਲੀ ਆਈ, ਫਿਰ ਵੀ ਉਹ ਇਕ ਮੱਖੀ ਹੀ ਰਹੀ

[ਕ੍ਰੈਡਿਟ ਲਾਈਨ]

© Dr. Jeremy Burgess/Photo Researchers, Inc.

[ਸਫ਼ਾ 15 ਉੱਤੇ ਤਸਵੀਰ]

ਪੌਦਿਆਂ ਵਿਚ ਮਿਊਟੇਸ਼ਨ ਦੇ ਤਜਰਬਿਆਂ ਤੋਂ ਪਤਾ ਲੱਗਾ ਕਿ ਜਿਹੜੀਆਂ ਨਵੀਆਂ ਕਿਸਮਾਂ ਪੈਦਾ ਕੀਤੀਆਂ ਗਈਆਂ ਸਨ, ਉਹ ਹੌਲੀ-ਹੌਲੀ ਕਮਜ਼ੋਰ ਹੋ ਕੇ ਘੱਟਦੀਆਂ ਗਈਆਂ (ਨਵੇਂ ਪੌਦੇ ਦੇ ਫੁੱਲ ਵੱਡੇ ਹਨ)

[ਸਫ਼ਾ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From a Photograph by Mrs. J. M. Cameron/ U.S. National Archives photo

[ਸਫ਼ਾ 16 ਉੱਤੇ ਤਸਵੀਰ]

Finch heads: © Dr. Jeremy Burgess/ Photo Researchers, Inc.

[ਸਫ਼ਾ 17 ਉੱਤੇ ਤਸਵੀਰ]

Dinosaur: © Pat Canova/Index Stock Imagery; fossils: GOH CHAI HIN/AFP/Getty Images