Skip to content

Skip to table of contents

ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?

ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?

ਕਈ ਲੋਕ ਦਾਅਵਾ ਕਰਦੇ ਹਨ ਕਿ ਵਿਗਿਆਨ ਬਾਈਬਲ ਵਿਚ ਪਾਏ ਜਾਂਦੇ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਗ਼ਲਤ ਸਾਬਤ ਕਰਦਾ ਹੈ। ਪਰ ਅਸਲ ਵਿਚ ਵਿਗਿਆਨ, ਬਾਈਬਲ ਦਾ ਨਹੀਂ, ਸਗੋਂ ਉਨ੍ਹਾਂ ਈਸਾਈਆਂ ਦੇ ਵਿਚਾਰਾਂ ਦਾ ਖੰਡਨ ਕਰਦਾ ਹੈ ਜੋ ਸ੍ਰਿਸ਼ਟੀ ਦੇ ਬਿਰਤਾਂਤ ਦਾ ਗ਼ਲਤ ਮਤਲਬ ਕੱਢਦੇ ਹਨ। ਕਈ ਈਸਾਈ ਕਹਿੰਦੇ ਹਨ ਕਿ ਬਾਈਬਲ ਅਨੁਸਾਰ ਤਕਰੀਬਨ 10,000 ਸਾਲ ਪਹਿਲਾਂ ਸਾਰਾ ਵਿਸ਼ਵ 24 ਘੰਟਿਆਂ ਵਾਲੇ 6 ਦਿਨਾਂ ਵਿਚ ਬਣਾਇਆ ਗਿਆ ਸੀ।

ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ। ਜੇ ਬਾਈਬਲ ਇਸ ਦਾਅਵੇ ਨਾਲ ਸਹਿਮਤ ਹੁੰਦੀ, ਤਾਂ ਪਿੱਛਲੇ ਸੌ ਸਾਲਾਂ ਵਿਚ ਕੀਤੀਆਂ ਗਈਆਂ ਵਿਗਿਆਨਕ ਖੋਜਾਂ ਨੇ ਬਾਈਬਲ ਨੂੰ ਗ਼ਲਤ ਸਾਬਤ ਕਰ ਦੇਣਾ ਸੀ। ਇਸ ਦੀ ਬਜਾਇ ਬਾਈਬਲ ਦਾ ਅਧਿਐਨ ਕਰਨ ਨਾਲ ਪਤਾ ਲੱਗਦਾ ਹੈ ਕਿ ਇਹ ਵਿਗਿਆਨ ਦਾ ਵਿਰੋਧ ਨਹੀਂ ਕਰਦੀ। ਇਸ ਕਰਕੇ ਯਹੋਵਾਹ ਦੇ ਗਵਾਹ ਕੱਟੜ ਈਸਾਈਆਂ ਅਤੇ ਕਈ ਸ੍ਰਿਸ਼ਟੀਵਾਦੀਆਂ ਨਾਲ ਸਹਿਮਤ ਨਹੀਂ ਹਨ। ਆਓ ਆਪਾਂ ਦੇਖੀਏ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ।

ਸ੍ਰਿਸ਼ਟੀ ਦਾ ਇਤਿਹਾਸ

ਉਤਪਤ ਦੀ ਕਿਤਾਬ ਦੀ ਪਹਿਲੀ ਆਇਤ ਵਿਚ ਸਾਫ਼ ਦੱਸਿਆ ਗਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਬਾਈਬਲ ਦੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਸ੍ਰਿਸ਼ਟੀ ਦੇ ਛੇ ਦਿਨਾਂ ਤੋਂ ਪਹਿਲਾਂ ਬਣਾਇਆ ਸੀ। ਇਸ ਤੋਂ ਬਾਅਦ ਤੀਜੀ ਆਇਤ ਤੋਂ ਦੱਸਿਆ ਗਿਆ ਹੈ ਕਿ ਉਸ ਨੇ ਛੇ ਦਿਨਾਂ ਦੌਰਾਨ ਕੀ-ਕੀ ਸ੍ਰਿਸ਼ਟ ਕੀਤਾ। ਇਸ ਦਾ ਮਤਲਬ ਹੈ ਕਿ ਪੂਰਾ ਵਿਸ਼ਵ, ਜਿਸ ਵਿਚ ਧਰਤੀ ਵੀ ਸ਼ਾਮਲ ਸੀ, ਸ੍ਰਿਸ਼ਟੀ ਦੇ ਇਨ੍ਹਾਂ ਛੇ ਦਿਨਾਂ ਤੋਂ ਬਹੁਤ ਚਿਰ ਪਹਿਲਾਂ ਹੋਂਦ ਵਿਚ ਸੀ।

ਭੂ-ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਧਰਤੀ ਲਗਭਗ 4 ਅਰਬ ਸਾਲਾਂ ਤੋਂ ਹੋਂਦ ਵਿਚ ਹੈ ਅਤੇ ਖਗੋਲ-ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਵਿਸ਼ਵ ਲਗਭਗ 15 ਅਰਬ ਸਾਲ ਪੁਰਾਣਾ ਹੈ। ਕੀ ਵਿਗਿਆਨੀਆਂ ਦੇ ਇਹ ਸਿੱਟੇ ਉਤਪਤ 1:1 ਦਾ ਖੰਡਨ ਕਰਦੇ ਹਨ? ਜੇ ਵਿਗਿਆਨੀਆਂ ਨੂੰ ਭਵਿੱਖ ਵਿਚ ਧਰਤੀ ਦੀ ਉਮਰ ਬਾਰੇ ਹੋਰ ਸਬੂਤ ਲੱਭਣ, ਤਾਂ ਕੀ ਇਹ ਬਾਈਬਲ ਦਾ ਖੰਡਨ ਕਰਨਗੇ? ਨਹੀਂ। ਵਿਗਿਆਨ ਬਾਈਬਲ ਦਾ ਖੰਡਨ ਨਹੀਂ ਕਰਦਾ ਕਿਉਂਕਿ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ “ਅਕਾਸ਼ ਤੇ ਧਰਤੀ” ਕਿੰਨੇ ਚਿਰ ਤੋਂ ਹੋਂਦ ਵਿਚ ਹਨ।

ਸ੍ਰਿਸ਼ਟੀ ਦੇ ਦਿਨ ਕਿੰਨੇ ਕੁ ਲੰਬੇ ਸਨ?

ਕੀ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਦਿਨ ਸਨ? ਕਈ ਲੋਕ ਕਹਿੰਦੇ ਹਨ ਕਿ ਉਤਪਤ ਦੀ ਕਿਤਾਬ ਦੇ ਲਿਖਾਰੀ ਮੂਸਾ ਨੇ ਕਿਹਾ ਸੀ ਕਿ ਸਬਤ ਦਾ ਪ੍ਰਬੰਧ ਸ੍ਰਿਸ਼ਟੀ ਦੇ ਦਿਨਾਂ ਤੇ ਆਧਾਰਿਤ ਸੀ ਯਾਨੀ ਰੱਬ ਨੇ ਛੇ ਦਿਨਾਂ ਵਿਚ ਸਭ ਕੁਝ ਬਣਾਇਆ ਅਤੇ ਸੱਤਵੇਂ ਦਿਨ ਆਰਾਮ ਕੀਤਾ। (ਕੂਚ 20:11) ਇਸ ਤੋਂ ਉਹ ਇਹ ਸਿੱਟਾ ਕੱਢਦੇ ਹਨ ਕਿ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਦਿਨ ਸਨ। ਪਰ ਕੀ ਇਹ ਗੱਲ ਉਤਪਤ ਦੀ ਕਿਤਾਬ ਨਾਲ ਸਹਿਮਤ ਹੈ?

ਬਿਲਕੁਲ ਨਹੀਂ। “ਦਿਨ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹਮੇਸ਼ਾ 24 ਘੰਟਿਆਂ ਵਾਲਾ ਦਿਨ ਨਹੀਂ ਹੁੰਦਾ, ਸਗੋਂ ਇਸ ਦਿਨ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ। ਮਿਸਾਲ ਲਈ, ਮੂਸਾ ਨੇ ਕਿਹਾ ਕਿ ਪਰਮੇਸ਼ੁਰ ਨੇ ਇਕ ਦਿਨ ਵਿਚ ਸਭ ਕੁਝ ਬਣਾਇਆ ਜਦ ਕਿ ਸ੍ਰਿਸ਼ਟੀ ਛੇਆਂ ਦਿਨਾਂ ਵਿਚ ਕੀਤੀ ਗਈ ਸੀ। (ਉਤਪਤ 2:4) ਇਸ ਦੇ ਨਾਲ-ਨਾਲ, ਸ੍ਰਿਸ਼ਟੀ ਦੇ ਪਹਿਲੇ ਦਿਨ “ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਤੇ ਅਨ੍ਹੇਰੇ ਨੂੰ ਰਾਤ ਆਖਿਆ।” (ਉਤਪਤ 1:5) ਇੱਥੇ “ਦਿਨ” ਸਿਰਫ਼ ਦਿਨ ਦੇ ਉਨ੍ਹਾਂ ਘੰਟਿਆਂ ਨੂੰ ਕਿਹਾ ਗਿਆ ਹੈ ਜਦੋਂ ਰੌਸ਼ਨੀ ਹੁੰਦੀ ਹੈ। ਬਾਈਬਲ ਵਿਚ ਕਿਤੇ ਨਹੀਂ ਕਿਹਾ ਗਿਆ ਕਿ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਸਨ।

ਤਾਂ ਫਿਰ, ਸ੍ਰਿਸ਼ਟੀ ਦੇ ਛੇ ਦਿਨ ਕਿੰਨੇ ਲੰਬੇ ਸਨ? ਉਤਪਤ ਦੇ ਪਹਿਲੇ ਅਤੇ ਦੂਜੇ ਅਧਿਆਇ ਤੋਂ ਪਤਾ ਲੱਗਦਾ ਹੈ ਕਿ ਹਰ ਦਿਨ 24 ਘੰਟਿਆਂ ਨਾਲੋਂ ਕਿਤੇ ਲੰਬਾ ਸੀ।

ਚੀਜ਼ਾਂ ਹੌਲੀ-ਹੌਲੀ ਸ੍ਰਿਸ਼ਟ ਕੀਤੀਆਂ ਗਈਆਂ

ਮੂਸਾ ਨੇ ਸ੍ਰਿਸ਼ਟੀ ਦਾ ਬਿਰਤਾਂਤ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ। ਉਸ ਨੇ ਇਸ ਬਿਰਤਾਂਤ ਵਿਚ ਉਹ ਹੀ ਦੱਸਿਆ ਜੋ ਇਨਸਾਨੀ ਨਜ਼ਰਾਂ ਤੋਂ ਦੇਖਿਆ ਜਾ ਸਕਦਾ ਸੀ। ਇਨ੍ਹਾਂ ਦੋ ਗੱਲਾਂ ਦੇ ਨਾਲ-ਨਾਲ ਇਹ ਵੀ ਯਾਦ ਰੱਖੋ ਕਿ ਵਿਸ਼ਵ ਦੀ ਰਚਨਾ ਸ੍ਰਿਸ਼ਟੀ ਦੇ ਦਿਨਾਂ ਤੋਂ ਪਹਿਲਾਂ ਹੋਈ ਸੀ। ਇਨ੍ਹਾਂ ਕਾਰਨਾਂ ਕਰਕੇ ਸ੍ਰਿਸ਼ਟੀ ਦੇ ਦਿਨਾਂ ਦੀ ਲੰਬਾਈ ਉੱਤੇ ਬਹਿਸ ਕਰਨੀ ਫ਼ਜ਼ੂਲ ਹੈ। ਕਿਉਂ?

ਜਦ ਅਸੀਂ ਉਤਪਤ ਦੇ ਬਿਰਤਾਂਤ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਜੋ ਕੰਮ ਇਕ “ਦਿਨ” ਵਿਚ ਸ਼ੁਰੂ ਹੋਇਆ, ਉਹ ਅਗਲੇ ਦਿਨ ਜਾਂ ਕਈ ਦਿਨ ਜਾਰੀ ਰਿਹਾ। ਮਿਸਾਲ ਲਈ, ਪਹਿਲੇ “ਦਿਨ” ਦੀ ਸ਼ੁਰੂਆਤ ਤੋਂ ਪਹਿਲਾਂ ਸੂਰਜ ਦੀ ਰਚਨਾ ਹੋ ਚੁੱਕੀ ਸੀ। ਪਰ ਇਸ ਦੀ ਰੌਸ਼ਨੀ ਹਾਲੇ ਧਰਤੀ ਉੱਤੇ ਨਹੀਂ ਪਹੁੰਚ ਰਹੀ ਸੀ। ਇਸ ਦਾ ਕਾਰਨ ਸੰਘਣੇ ਬੱਦਲ ਹੋ ਸਕਦੇ ਸਨ। (ਅੱਯੂਬ 38:9) ਪਹਿਲੇ “ਦਿਨ” ਦੌਰਾਨ ਇਹ ਬੱਦਲ ਹਟਣ ਲੱਗੇ ਅਤੇ ਰੌਸ਼ਨੀ ਧਰਤੀ ਤਕ ਪਹੁੰਚਣ ਲੱਗੀ। *

ਦੂਜੇ “ਦਿਨ” ਵਾਤਾਵਰਣ ਹੋਰ ਵੀ ਸਾਫ਼ ਹੁੰਦਾ ਗਿਆ, ਸੰਘਣੇ ਬੱਦਲ ਸਮੁੰਦਰ ਤੋਂ ਉੱਠ ਗਏ। ਫਿਰ ਚੌਥੇ “ਦਿਨ” ਤੇ ਵਾਤਾਵਰਣ ਇੰਨਾ ਸਾਫ਼ ਹੋ ਗਿਆ ਕਿ “ਅਕਾਸ਼ ਦੇ ਅੰਬਰ ਵਿੱਚ” ਸੂਰਜ ਤੇ ਚੰਨ ਨਜ਼ਰ ਆਉਣ ਲੱਗ ਪਏ। (ਉਤਪਤ 1:14-16) ਇਸ ਦਾ ਮਤਲਬ ਹੈ ਕਿ ਧਰਤੀ ਤੋਂ ਇਨਸਾਨ ਇਨ੍ਹਾਂ ਜੋਤਾਂ ਨੂੰ ਦੇਖ ਸਕਦੇ ਸਨ। ਇਹ ਸਭ ਕੁਝ ਹੌਲੀ-ਹੌਲੀ ਹੋਇਆ।

ਉਤਪਤ ਦੇ ਬਿਰਤਾਂਤ ਵਿਚ ਅੱਗੇ ਦੱਸਿਆ ਹੈ ਕਿ ਪੰਜਵੇਂ “ਦਿਨ” ਤੇ ਵੀ ਵਾਤਾਵਰਣ ਸਾਫ਼ ਹੁੰਦਾ ਗਿਆ ਅਤੇ ਉਸ ਦਿਨ ਪੰਛੀ ਤੇ ਕੀੜੇ-ਮਕੌੜੇ ਬਣਾਏ ਗਏ ਸਨ। ਲੇਕਿਨ, ਬਾਈਬਲ ਦੱਸਦੀ ਹੈ ਕਿ ਛੇਵੇਂ “ਦਿਨ” ਤੇ ਵੀ ਪਰਮੇਸ਼ੁਰ “ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ” ਸ੍ਰਿਸ਼ਟ ਕਰਦਾ ਰਿਹਾ।—ਉਤਪਤ 2:19.

ਬਾਈਬਲ ਦੇ ਇਸ ਬਿਰਤਾਂਤ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਹਰ “ਦਿਨ” ਕੋਈ-ਨ-ਕੋਈ ਵੱਡੀ ਚੀਜ਼ ਬਣਾਈ ਗਈ ਸੀ। ਇਹ ਸਭ ਚੀਜ਼ਾਂ ਇਕਦਮ ਨਹੀਂ ਪੈਦਾ ਹੋਈਆਂ ਸਨ, ਸਗੋਂ ਇਹ ਹੌਲੀ-ਹੌਲੀ ਪੈਦਾ ਹੋਈਆਂ। ਇਹ ਵੀ ਹੋ ਸਕਦਾ ਹੈ ਕਿ ਕੁਝ ਚੀਜ਼ਾਂ ਨੂੰ ਬਣਾਉਣ ਲਈ ਸ੍ਰਿਸ਼ਟੀ ਦੇ ਇਕ ਦਿਨ ਤੋਂ ਜ਼ਿਆਦਾ ਸਮਾਂ ਲੱਗਾ ਹੋਵੇ।

ਆਪੋ-ਆਪਣੀ ਜਿਨਸ ਅਨੁਸਾਰ

ਕੀ ਜਾਨਵਰਾਂ ਦੇ ਹੌਲੀ-ਹੌਲੀ ਪੈਦਾ ਹੋਣ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੇ ਵਿਕਾਸਵਾਦ ਦੁਆਰਾ ਵੱਖ-ਵੱਖ ਜੀਵਾਂ ਨੂੰ ਪੈਦਾ ਕੀਤਾ ਸੀ? ਨਹੀਂ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਹੀ ਸਾਰੇ ਪੌਦੇ ਅਤੇ ਜਾਨਵਰ ਬਣਾਏ ਸਨ। (ਉਤਪਤ 1:11, 12, 20-25) ਕੀ ਇਨ੍ਹਾਂ ਪੌਦਿਆਂ ਤੇ ਜਾਨਵਰਾਂ ਦੀਆਂ ਮੁਢਲੀਆਂ ‘ਜਿਨਸਾਂ’ ਨੂੰ ਵਾਤਾਵਰਣ ਅਨੁਸਾਰ ਢਲਦਿਆਂ ਹੋਰ ਜਿਨਸ ਵਿਚ ਤਬਦੀਲ ਹੋਣ ਦੀ ਯੋਗਤਾ ਨਾਲ ਬਣਾਇਆ ਗਿਆ ਸੀ? ਵੱਖੋ-ਵੱਖਰੀਆਂ ‘ਜਿਨਸਾਂ’ ਕਿੱਦਾਂ ਤੈਅ ਹੁੰਦੀਆਂ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਨਹੀਂ ਪਾਏ ਜਾਂਦੇ। ਲੇਕਿਨ ਬਾਈਬਲ ਦੱਸਦੀ ਹੈ ਕਿ ਜੀਉਂਦੇ ਪ੍ਰਾਣੀ ਆਪਣੀ ਜਿਨਸ ਅਨੁਸਾਰ ਪੈਦਾ ਹੋਏ ਸਨ। (ਉਤਪਤ 1:21) ਇਸ ਤੋਂ ਸੰਕੇਤ ਮਿਲਦਾ ਹੈ ਕਿ ਇਕ ਜਿਨਸ ਦੇ ਜਾਨਵਰ ਇਕ-ਦੂਜੇ ਤੋਂ ਕੁਝ ਹੱਦ ਤਕ ਵੱਖਰੇ ਜ਼ਰੂਰ ਹੋ ਸਕਦੇ ਹਨ, ਪਰ ਉਨ੍ਹਾਂ ਦੀ “ਜਿਨਸ” ਨਹੀਂ ਬਦਲਦੀ। ਫਾਸਿਲ ਰਿਕਾਰਡ ਅਤੇ ਨਵੀਆਂ ਵਿਗਿਆਨਕ ਖੋਜਾਂ ਤੋਂ ਇਹੀ ਸਬੂਤ ਮਿਲਿਆ ਹੈ ਕਿ ਸਦੀਆਂ ਦੌਰਾਨ ਪੌਦਿਆਂ ਤੇ ਜਾਨਵਰਾਂ ਦੀਆਂ ਮੁੱਖ ਸ਼੍ਰੇਣੀਆਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ।

ਉਤਪਤ ਦੀ ਕਿਤਾਬ ਇਹ ਨਹੀਂ ਦੱਸਦੀ ਕਿ ਇਹ ਵਿਸ਼ਵ, ਸਾਡੀ ਧਰਤੀ ਅਤੇ ਸਾਰੇ ਜੀਵ-ਜੰਤੂ ਤਕਰੀਬਨ 10 ਹਜ਼ਾਰ ਸਾਲ ਪਹਿਲਾਂ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਸ੍ਰਿਸ਼ਟ ਕੀਤੇ ਗਏ ਸਨ। ਇਸ ਦੀ ਬਜਾਇ, ਉਤਪਤ ਦਾ ਬਿਰਤਾਂਤ ਵਿਸ਼ਵ ਦੀ ਸ੍ਰਿਸ਼ਟੀ ਬਾਰੇ ਅਤੇ ਜੀਵ-ਜੰਤੂਆਂ ਦੇ ਪੈਦਾ ਹੋਣ ਬਾਰੇ ਜੋ ਦੱਸਦਾ ਹੈ, ਉਹ ਵਿਗਿਆਨਕ ਲੱਭਤਾਂ ਨਾਲ ਬਿਲਕੁਲ ਸਹਿਮਤ ਹੈ।

ਮਨੁੱਖੀ ਫ਼ਲਸਫ਼ਿਆਂ ਕਾਰਨ ਬਹੁਤ ਸਾਰੇ ਵਿਗਿਆਨੀ ਬਾਈਬਲ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ। ਪਰ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਉਤਪਤ ਦੀ ਕਿਤਾਬ ਦੇ ਲਿਖਾਰੀ ਮੂਸਾ ਨੇ ਲਿਖਿਆ ਕਿ ਵਿਸ਼ਵ ਦੀ ਇਕ ਸ਼ੁਰੂਆਤ ਹੈ ਅਤੇ ਲੰਬੇ ਸਮੇਂ ਦੌਰਾਨ ਜੀਵ-ਜੰਤੂ ਹੌਲੀ-ਹੌਲੀ ਪੈਦਾ ਹੋਏ ਸਨ। ਮੂਸਾ ਨੂੰ 3,500 ਸਾਲ ਪਹਿਲਾਂ ਇਹ ਜਾਣਕਾਰੀ ਕਿੱਥੋਂ ਮਿਲੀ ਜੋ ਅੱਜ ਵਿਗਿਆਨਕ ਤੌਰ ਤੇ ਸਹੀ ਹੈ? ਇਸ ਦਾ ਸਿਰਫ਼ ਇੱਕੋ ਜਵਾਬ ਹੋ ਸਕਦਾ ਹੈ। ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਹੀ ਉਸ ਨੂੰ ਇਹ ਜਾਣਕਾਰੀ ਦਿੱਤੀ ਸੀ। ਇਹ ਗੱਲ ਬਾਈਬਲ ਦੇ ਇਸ ਦਾਅਵੇ ਨੂੰ ਸੱਚ ਸਾਬਤ ਕਰਦੀ ਹੈ ਕਿ ਬਾਈਬਲ ‘ਪਰਮੇਸ਼ੁਰ ਤੋਂ ਹੈ’ ਯਾਨੀ ਉਸ ਨੇ ਹੀ ਇਸ ਦੀ ਹਰ ਗੱਲ ਲਿਖਵਾਈ ਹੈ।—2 ਤਿਮੋਥਿਉਸ 3:16. (g 9/06)

[ਫੁਟਨੋਟ]

^ ਪੈਰਾ 14 ਪਹਿਲੇ “ਦਿਨ” ਦਾ ਵਰਣਨ ਕਰਨ ਵੇਲੇ ਰੌਸ਼ਨੀ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਸੀ, ਉਸ ਦਾ ਮਤਲਬ ਸਿਰਫ਼ ਲੋਅ ਸੀ; ਪਰ ਚੌਥੇ “ਦਿਨ” ਬਾਰੇ ਗੱਲ ਕਰਦੇ ਹੋਏ ਰੌਸ਼ਨੀ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਸੀ, ਉਸ ਦਾ ਮਤਲਬ ਰੌਸ਼ਨੀ ਦਾ ਸੋਮਾ ਸੀ ਯਾਨੀ ਸੂਰਜ ਜਾਂ ਚੰਨ।

ਕੀ ਤੁਸੀਂ ਕਦੇ ਸੋਚਿਆ ਹੈ ਕਿ:

▪ ਪਰਮੇਸ਼ੁਰ ਨੇ ਕਿੰਨਾ ਚਿਰ ਪਹਿਲਾਂ ਵਿਸ਼ਵ ਨੂੰ ਸ੍ਰਿਸ਼ਟ ਕੀਤਾ ਸੀ?—ਉਤਪਤ 1:1.

▪ ਕੀ ਧਰਤੀ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ?—ਉਤਪਤ 2:4.

▪ ਧਰਤੀ ਦੀ ਸ੍ਰਿਸ਼ਟੀ ਬਾਰੇ ਜੋ ਮੂਸਾ ਨੇ ਲਿਖਿਆ ਸੀ, ਉਹ ਵਿਗਿਆਨਕ ਤੌਰ ਤੇ ਕਿਉਂ ਸਹੀ ਹੈ?—2 ਤਿਮੋਥਿਉਸ 3:16.

[ਸਫ਼ਾ 19 ਉੱਤੇ ਸੁਰਖੀ]

ਉਤਪਤ ਦੀ ਕਿਤਾਬ ਇਹ ਨਹੀਂ ਦੱਸਦੀ ਕਿ ਇਹ ਵਿਸ਼ਵ ਤਕਰੀਬਨ 10 ਹਜ਼ਾਰ ਸਾਲ ਪਹਿਲਾਂ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਸ੍ਰਿਸ਼ਟ ਕੀਤਾ ਗਿਆ ਸੀ

[ਸਫ਼ਾ 20 ਉੱਤੇ ਸੁਰਖੀ]

“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”—ਉਤਪਤ 1:1

[ਸਫ਼ਾ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Universe: IAC/RGO/David Malin Images

[ਸਫ਼ਾ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA photo