Skip to content

Skip to table of contents

ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

“ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਨ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।”—ਇਬਰਾਨੀਆਂ 3:4.

ਕੀ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੇ ਇਸ ਲਿਖਾਰੀ ਦੀ ਗੱਲ ਵਿਚ ਸੱਚਾਈ ਹੈ? ਇਹ ਗੱਲ ਅੱਜ ਤੋਂ ਤਕਰੀਬਨ 2,000 ਸਾਲ ਪਹਿਲਾਂ ਲਿਖੀ ਗਈ ਸੀ। ਉਸ ਸਮੇਂ ਤੋਂ ਅੱਜ ਤਕ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਕੀ ਅਜੇ ਵੀ ਕੋਈ ਮੰਨਦਾ ਹੈ ਕਿ ਪਰਮੇਸ਼ੁਰ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਬਣਾਇਆ ਹੈ?

ਹਾਂ, ਕਈ ਦੇਸ਼ਾਂ ਦੇ ਲੋਕ ਹਾਲੇ ਵੀ ਇਸ ਗੱਲ ਨੂੰ ਮੰਨਦੇ ਹਨ। ਉਦਾਹਰਣ ਲਈ, ਅਮਰੀਕਾ ਵਿਚ 2005 ਵਿਚ ਨਿਊਜ਼ਵੀਕ ਰਸਾਲੇ ਦੁਆਰਾ ਇਕ ਸਰਵੇਖਣ ਕਰਾਇਆ ਗਿਆ ਸੀ। ਇਸ ਤੋਂ ਪਤਾ ਲੱਗਾ ਕਿ 80 ਪ੍ਰਤਿਸ਼ਤ ਲੋਕ “ਮੰਨਦੇ ਹਨ ਕਿ ਪਰਮੇਸ਼ੁਰ ਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ ਹੈ।” ਕੀ ਇਹ ਲੋਕ ਇਸ ਕਰਕੇ ਇਸ ਗੱਲ ਨੂੰ ਮੰਨਦੇ ਹਨ ਕਿਉਂਕਿ ਉਹ ਘੱਟ ਪੜ੍ਹੇ-ਲਿਖੇ ਹਨ? ਕੀ ਵਿਗਿਆਨੀ ਵੀ ਪਰਮੇਸ਼ੁਰ ਨੂੰ ਮੰਨਦੇ ਹਨ? 1997 ਵਿਚ ਨੇਚਰ ਰਸਾਲੇ ਨੇ ਕੁਝ ਵਿਗਿਆਨੀਆਂ ਤੋਂ ਇਸ ਸੰਬੰਧੀ ਪੁੱਛਿਆ ਸੀ। ਰਸਾਲੇ ਨੇ ਦੱਸਿਆ ਕਿ 40 ਪ੍ਰਤਿਸ਼ਤ ਜੀਵ-ਵਿਗਿਆਨੀ, ਭੌਤਿਕ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਮੰਨਦੇ ਹਨ ਕਿ ਪਰਮੇਸ਼ੁਰ ਹੈ ਅਤੇ ਉਹ ਪ੍ਰਾਰਥਨਾਵਾਂ ਸੁਣਦਾ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ।

ਪਰ ਕਈ ਵਿਗਿਆਨੀ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਨ। ਨੋਬਲ ਪੁਰਸਕਾਰ ਵਿਜੇਤਾ ਡਾਕਟਰ ਹਰਬਰਟ ਹਾਉਪਟਮੌਨ ਨੇ ਹਾਲ ਹੀ ਵਿਚ ਇਕ ਵਿਗਿਆਨਕ ਸੰਮੇਲਨ ਵਿਚ ਕਿਹਾ ਕਿ ਕਿਸੇ ਅਲੌਕਿਕ ਸ਼ਕਤੀ, ਖ਼ਾਸ ਕਰਕੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਵਿਗਿਆਨ ਦੇ ਉਲਟ ਹੈ। ਉਸ ਨੇ ਕਿਹਾ: “ਇਹ ਵਿਸ਼ਵਾਸ ਮਨੁੱਖੀ ਸਮਾਜ ਲਈ ਨੁਕਸਾਨਦੇਹ ਹੈ।” ਜਿਹੜੇ ਵਿਗਿਆਨੀ ਪਰਮੇਸ਼ੁਰ ਨੂੰ ਮੰਨਦੇ ਵੀ ਹਨ, ਉਹ ਵੀ ਇਹ ਕਹਿਣ ਤੋਂ ਹਿਚਕਿਚਾਉਂਦੇ ਹਨ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ। ਕਿਉਂ? ਡਗਲਸ ਅਰਵਿਨ ਨਾਂ ਦੇ ਇਕ ਵਿਗਿਆਨੀ ਨੇ ਇਸ ਦਾ ਇਕ ਕਾਰਨ ਦੱਸਦੇ ਹੋਏ ਕਿਹਾ: “ਵਿਗਿਆਨ ਵਿਚ ਕਿਸੇ ਕਰਾਮਾਤ ਲਈ ਕੋਈ ਥਾਂ ਨਹੀਂ ਹੈ।”

ਤੁਸੀਂ ਨਹੀਂ ਚਾਹੋਗੇ ਕਿ ਦੂਸਰੇ ਤੁਹਾਨੂੰ ਦੱਸਣ ਕਿ ਤੁਹਾਨੂੰ ਕਿਸ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਕਿਸ ਤੇ ਨਹੀਂ। ਤੁਸੀਂ ਆਪ ਸਬੂਤਾਂ ਦੀ ਜਾਂਚ ਕਰ ਕੇ ਇਸ ਗੱਲ ਦਾ ਫ਼ੈਸਲਾ ਕਰਨਾ ਚਾਹੋਗੇ। ਅਗਲੇ ਲੇਖਾਂ ਵਿਚ ਨਵੀਆਂ ਵਿਗਿਆਨਕ ਖੋਜਾਂ ਬਾਰੇ ਦਿੱਤੀ ਜਾਣਕਾਰੀ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ, ‘ਕੀ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਵਾਜਬ ਹੈ?’ (g 9/06)

[ਸਫ਼ਾ 3 ਉੱਤੇ ਤਸਵੀਰ]

ਤੁਸੀਂ ਆਪ ਸਬੂਤਾਂ ਦੀ ਜਾਂਚ ਕਰੋ

[ਸਫ਼ਾ 3 ਉੱਤੇ ਡੱਬੀ]

ਕੀ ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਹਨ?

ਯਹੋਵਾਹ ਦੇ ਗਵਾਹ ਬਾਈਬਲ ਦੀ ਉਤਪਤ ਦੀ ਪੋਥੀ ਵਿਚ ਦੱਸੇ ਗਏ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦੇ ਹਨ। ਪਰ, ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਨਹੀਂ ਹਨ। ਕਿਉਂ ਨਹੀਂ? ਪਹਿਲਾ ਕਾਰਨ ਇਹ ਹੈ ਕਿ ਬਹੁਤ ਸਾਰੇ ਸ੍ਰਿਸ਼ਟੀਵਾਦੀ ਮੰਨਦੇ ਹਨ ਕਿ ਬ੍ਰਹਿਮੰਡ ਅਤੇ ਧਰਤੀ ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ ਤਕਰੀਬਨ 10,000 ਸਾਲ ਪਹਿਲਾਂ 6 ਦਿਨਾਂ ਵਿਚ ਬਣਾਇਆ ਗਿਆ ਸੀ ਤੇ ਹਰ ਦਿਨ 24 ਘੰਟੇ ਲੰਬਾ ਸੀ। ਪਰ ਬਾਈਬਲ ਵਿਚ ਇਸ ਤਰ੍ਹਾਂ ਨਹੀਂ ਦੱਸਿਆ ਗਿਆ। * ਇਸ ਤੋਂ ਇਲਾਵਾ ਸ੍ਰਿਸ਼ਟੀਵਾਦੀ ਅਜਿਹੀਆਂ ਹੋਰ ਕਈ ਗੱਲਾਂ ਮੰਨਦੇ ਹਨ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਵਿੱਚੋਂ ਹਨ।

ਕਈ ਦੇਸ਼ਾਂ ਵਿਚ ਸ੍ਰਿਸ਼ਟੀਵਾਦੀਆਂ ਨੂੰ ਕੱਟੜਪੰਥੀ ਧੜਿਆਂ ਵਿਚ ਗਿਣਿਆ ਜਾਂਦਾ ਹੈ ਜੋ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਧੜੇ ਸਿਆਸਤਦਾਨਾਂ, ਜੱਜਾਂ ਤੇ ਸਿੱਖਿਆ-ਸ਼ਾਸਤਰੀਆਂ ਉੱਤੇ ਜ਼ੋਰ ਪਾਉਂਦੇ ਹਨ ਕਿ ਉਹ ਸ੍ਰਿਸ਼ਟੀਵਾਦੀਆਂ ਦੀਆਂ ਧਾਰਮਿਕ ਸਿੱਖਿਆਵਾਂ ਦੇ ਮੁਤਾਬਕ ਕਾਨੂੰਨ ਤੇ ਪਾਠ-ਪੁਸਤਕਾਂ ਤਿਆਰ ਕਰਨ।

ਪਰ ਯਹੋਵਾਹ ਦੇ ਗਵਾਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ। ਉਹ ਮੰਨਦੇ ਹਨ ਕਿ ਸਰਕਾਰ ਕੋਲ ਕਾਨੂੰਨ ਬਣਾਉਣ ਤੇ ਲਾਗੂ ਕਰਨ ਦਾ ਅਧਿਕਾਰ ਹੈ। (ਰੋਮੀਆਂ 13:1-7) ਪਰ ਉਹ ਯਿਸੂ ਦੀ ਇਸ ਗੱਲ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹਨ ਕਿ ਉਸ ਦੇ ਚੇਲੇ “ਜਗਤ ਦੇ ਨਹੀਂ ਹਨ।” (ਯੂਹੰਨਾ 17:14-16) ਪ੍ਰਚਾਰ ਕਰ ਕੇ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਣ ਦੇ ਫ਼ਾਇਦਿਆਂ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਨ। ਪਰ ਉਹ ਸਿਆਸੀ ਤੌਰ ਤੇ ਨਿਰਪੱਖ ਰਹਿੰਦੇ ਹੋਏ ਉਨ੍ਹਾਂ ਕੱਟੜਪੰਥੀ ਧੜਿਆਂ ਦਾ ਸਮਰਥਨ ਨਹੀਂ ਕਰਦੇ ਜੋ ਕਾਨੂੰਨ ਦਾ ਸਹਾਰਾ ਲੈ ਕੇ ਲੋਕਾਂ ਨੂੰ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਲਈ ਮਜਬੂਰ ਕਰਨਾ ਚਾਹੁੰਦੇ ਹਨ।—ਯੂਹੰਨਾ 18:36.

[ਫੁਟਨੋਟ]

^ ਪੈਰਾ 11 ਕਿਰਪਾ ਕਰ ਕੇ ਇਸ ਰਸਾਲੇ ਦੇ ਸਫ਼ਾ 18 ਉੱਤੇ ਲੇਖ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?” ਪੜ੍ਹੋ।