Skip to content

Skip to table of contents

ਬਾਇਓਕੈਮਿਸਟ ਨਾਲ ਇੰਟਰਵਿਊ

ਬਾਇਓਕੈਮਿਸਟ ਨਾਲ ਇੰਟਰਵਿਊ

ਬਾਇਓਕੈਮਿਸਟ ਨਾਲ ਇੰਟਰਵਿਊ

ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ਵਿਚ ਬਾਇਓਕੈਮਿਸਟਰੀ ਦੇ ਪ੍ਰੋਫ਼ੈਸਰ ਮਾਈਕਲ ਬੀਹੀ ਨੇ 1996 ਵਿਚ ਡਾਰਵਿਨਜ਼ ਬਲੈਕ ਬਾਕਸ—ਦਾ ਬਾਇਓਕੈਮਿਕਲ ਚੈਲੇਂਜ ਟੂ ਈਵਲੂਸ਼ਨ ਨਾਂ ਦੀ ਕਿਤਾਬ ਲਿਖੀ ਸੀ। 8 ਮਈ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਇਨਸਾਨ ਕਿਵੇਂ ਬਣਿਆ? ਆਪਣੇ ਆਪ ਜਾਂ ਕਿਸੇ ਨੇ ਬਣਾਇਆ?” ਨਾਮਕ ਲੇਖ ਛਪੇ ਸਨ ਜਿਨ੍ਹਾਂ ਵਿਚ ਪ੍ਰੋਫ਼ੈਸਰ ਬੀਹੀ ਦੀ ਕਿਤਾਬ ਵਿੱਚੋਂ ਹਵਾਲੇ ਦਿੱਤੇ ਗਏ ਸਨ। ਜਦੋਂ ਤੋਂ ਇਹ ਕਿਤਾਬ ਛਪੀ ਗਈ ਹੈ, ਉਦੋਂ ਤੋਂ ਵਿਕਾਸਵਾਦੀ ਵਿਗਿਆਨੀ ਪ੍ਰੋਫ਼ੈਸਰ ਬੀਹੀ ਦੁਆਰਾ ਪੇਸ਼ ਕੀਤੀਆਂ ਦਲੀਲਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਲੋਚਕ ਉਸ ਉੱਤੇ ਦੋਸ਼ ਲਾ ਰਹੇ ਹਨ ਕਿ ਰੋਮਨ ਕੈਥੋਲਿਕ ਹੋਣ ਕਰਕੇ ਉਹ ਵਿਗਿਆਨ ਨਾਲੋਂ ਧਰਮ ਵਿਚ ਜ਼ਿਆਦਾ ਵਿਸ਼ਵਾਸ ਕਰਦਾ ਹੈ। ਕਈ ਹੋਰ ਕਹਿ ਰਹੇ ਹਨ ਕਿ ਉਸ ਦੀਆਂ ਦਲੀਲਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਜਾਗਰੂਕ ਬਣੋ! ਰਸਾਲੇ ਦੇ ਪੱਤਰਕਾਰਾਂ ਨੇ ਇਹ ਜਾਣਨ ਲਈ ਪ੍ਰੋਫ਼ੈਸਰ ਬੀਹੀ ਦੀ ਇੰਟਰਵਿਊ ਲਈ ਕਿ ਉਸ ਦੇ ਵਿਚਾਰਾਂ ਨੇ ਇੰਨਾ ਤੂਫ਼ਾਨ ਕਿਉਂ ਖੜ੍ਹਾ ਕੀਤਾ ਹੈ।

ਜਾਗਰੂਕ ਬਣੋ!: ਤੁਸੀਂ ਕਿਉਂ ਕਹਿੰਦੇ ਹੋ ਕਿ ਜੀਵ-ਜੰਤੂਆਂ ਨੂੰ ਕਿਸੇ ਨੇ ਸੋਚ-ਸਮਝ ਕੇ ਬਣਾਇਆ ਹੈ?

ਪ੍ਰੋਫ਼ੈਸਰ ਬੀਹੀ: ਜਦੋਂ ਵੀ ਅਸੀਂ ਕਿਸੇ ਮਸ਼ੀਨ ਦੇ ਪੁਰਜਿਆਂ ਨੂੰ ਮੁਸ਼ਕਲ ਕੰਮ ਕਰਦਿਆਂ ਦੇਖਦੇ ਹਾਂ, ਤਾਂ ਅਸੀਂ ਸਿੱਟਾ ਕੱਢਦੇ ਹਾਂ ਕਿ ਇਸ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ। ਅਸੀਂ ਘਾਹ ਕੱਟਣ ਵਾਲੀ ਮਸ਼ੀਨ, ਕਾਰ ਜਾਂ ਹੋਰ ਛੋਟੀਆਂ-ਛੋਟੀਆਂ ਮਸ਼ੀਨਾਂ ਹਰ ਰੋਜ਼ ਵਰਤਦੇ ਹਾਂ। ਮੈਂ ਅਕਸਰ ਕੁੜਿੱਕੀ ਦੀ ਉਦਾਹਰਣ ਵਰਤਦਾ ਹਾਂ। ਕੁੜਿੱਕੀ ਦੇਖ ਕੇ ਤੁਸੀਂ ਸਿੱਟਾ ਕੱਢੋਗੇ ਕਿ ਇਸ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ ਕਿਉਂਕਿ ਚੂਹੇ ਨੂੰ ਫੜਨ ਲਈ ਇਸ ਦੇ ਵੱਖੋ-ਵੱਖਰੇ ਪੁਰਜਿਆਂ ਨੂੰ ਸਹੀ ਢੰਗ ਨਾਲ ਜੋੜਿਆ ਗਿਆ ਹੈ।

ਵਿਗਿਆਨ ਨੇ ਇਸ ਹੱਦ ਤਕ ਤਰੱਕੀ ਕਰ ਲਈ ਹੈ ਕਿ ਇਸ ਦੀ ਮਦਦ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਜੀਵ-ਜੰਤੂਆਂ ਦੇ ਛੋਟੇ ਤੋਂ ਛੋਟੇ ਹਿੱਸੇ ਵੀ ਉਨ੍ਹਾਂ ਨੂੰ ਜੀਉਂਦਾ ਰੱਖਣ ਲਈ ਕਿਵੇਂ ਕੰਮ ਕਰਦੇ ਹਨ। ਵਿਗਿਆਨੀਆਂ ਨੇ ਤਾਂ ਇਨ੍ਹਾਂ ਛੋਟੇ-ਛੋਟੇ ਹਿੱਸਿਆਂ ਵਿਚ ਮਸ਼ੀਨਾਂ ਵਾਂਗ ਕੰਮ ਕਰਨ ਵਾਲਾ ਗੁੰਝਲਦਾਰ ਸਿਸਟਮ ਦੇਖਿਆ ਹੈ। ਸੈੱਲਾਂ ਦੀ ਉਦਾਹਰਣ ਲਓ। ਇਵੇਂ ਲੱਗਦਾ ਹੈ ਜਿਵੇਂ ਸੈੱਲਾਂ ਵਿਚ ਛੋਟੇ-ਛੋਟੇ “ਟਰੱਕ” ਹੁੰਦੇ ਹਨ ਜੋ ਸੈੱਲ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤਕ ਜ਼ਰੂਰੀ ਸਾਮਾਨ ਢੋਂਹਦੇ ਹਨ। “ਸਾਈਨ ਪੋਸਟ” ਵੀ ਲੱਗੇ ਹੁੰਦੇ ਹਨ ਜੋ “ਟਰੱਕਾਂ” ਨੂੰ ਦੱਸਦੇ ਹਨ ਕਿ ਖੱਬੇ ਮੁੜਨਾ ਹੈ ਜਾਂ ਸੱਜੇ। ਕਈ ਸੈੱਲਾਂ ਵਿਚ “ਮੋਟਰ” ਲੱਗੀ ਹੁੰਦੀ ਜੋ ਸੈੱਲ ਨੂੰ ਸਰੀਰ ਦੇ ਦ੍ਰਵ ਵਿਚ ਤੈਰਨ ਵਿਚ ਮਦਦ ਕਰਦੀ ਹੈ। ਭਾਵੇਂ ਡਾਰਵਿਨ ਦੀ ਵਿਕਾਸਵਾਦ ਦੀ ਥਿਊਰੀ ਨੂੰ ਮੰਨਣ ਵਾਲੇ ਲੋਕ ਜੋ ਮਰਜ਼ੀ ਕਹਿਣ, ਪਰ ਇਸ ਗੁੰਝਲਦਾਰ ਡੀਜ਼ਾਈਨ ਨੂੰ ਦੇਖ ਕੇ ਲੋਕ ਇਹੀ ਸਿੱਟਾ ਕੱਢਣਗੇ ਕਿ ਕਿਸੇ ਨੇ ਇਸ ਨੂੰ ਡੀਜ਼ਾਈਨ ਕੀਤਾ ਹੈ। ਸਾਡਾ ਤਾਂ ਹਮੇਸ਼ਾ ਇਹੀ ਤਜਰਬਾ ਰਿਹਾ ਹੈ ਕਿ ਸਾਰੇ ਜੀਵ-ਜੰਤੂਆਂ ਵਿਚ ਡੀਜ਼ਾਈਨ ਹੈ। ਅਤੇ ਇਸ ਦਾ ਮਤਲਬ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਡੀਜ਼ਾਈਨ ਕੀਤਾ ਹੈ।

ਜਾਗਰੂਕ ਬਣੋ!: ਤੁਹਾਡੇ ਸਾਥੀ ਵਿਗਿਆਨੀ ਕਿਉਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਕਿਸੇ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਡੀਜ਼ਾਈਨ ਕੀਤਾ ਹੈ?

ਪ੍ਰੋਫ਼ੈਸਰ ਬੀਹੀ: ਬਹੁਤ ਸਾਰੇ ਵਿਗਿਆਨੀ ਇਸ ਲਈ ਮੇਰੇ ਨਾਲ ਸਹਿਮਤ ਨਹੀਂ ਹਨ ਕਿਉਂਕਿ ਕੁਦਰਤੀ ਚੀਜ਼ਾਂ ਦਾ ਡੀਜ਼ਾਈਨ ਕਿਸੇ ਅਲੌਕਿਕ ਸ਼ਕਤੀ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੂੰ ਇਸ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ। ਪਰ ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਸੀ ਕਿ ਵਿਗਿਆਨ ਵਿਚ ਸਬੂਤਾਂ ਦੇ ਆਧਾਰ ਤੇ ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੇਰੇ ਖ਼ਿਆਲ ਵਿਚ ਜੇ ਸਬੂਤ ਸ੍ਰਿਸ਼ਟੀਕਰਤਾ ਦੀ ਹੋਂਦ ਸਾਬਤ ਕਰਦੇ ਹਨ, ਤਾਂ ਉਸ ਗੱਲ ਨੂੰ ਸਿਰਫ਼ ਇਸੇ ਕਰਕੇ ਸਵੀਕਾਰ ਨਾ ਕਰਨਾ ਕਿ ਉਹ ਵਿਗਿਆਨੀਆਂ ਦੇ ਵਿਚਾਰਾਂ ਦੇ ਵਿਰੁੱਧ ਹੈ, ਕਾਇਰਤਾ ਹੈ।

ਜਾਗਰੂਕ ਬਣੋ!: ਕਈ ਵਿਗਿਆਨੀ ਦਾਅਵਾ ਕਰਦੇ ਹਨ ਕਿ ਜੋ ਲੋਕ ਕਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਕਿਸੇ ਨੇ ਬਣਾਇਆ ਹੈ, ਉਹ ਅਗਿਆਨੀ ਹਨ। ਕੀ ਇਹ ਸੱਚ ਹੈ?

ਪ੍ਰੋਫ਼ੈਸਰ ਬੀਹੀ: ਜੇ ਅਸੀਂ ਕਹਿੰਦੇ ਹਾਂ ਕਿ ਹਰ ਜੀਵ-ਜੰਤੂ ਨੂੰ ਵਧੀਆ ਤਰੀਕੇ ਨਾਲ ਡੀਜ਼ਾਈਨ ਕੀਤਾ ਗਿਆ ਹੈ, ਤਾਂ ਇਹ ਅਸੀਂ ਇਸ ਕਰਕੇ ਨਹੀਂ ਕਹਿੰਦੇ ਕਿਉਂਕਿ ਅਸੀਂ ਅਗਿਆਨੀ ਹਾਂ। ਅਗਿਆਨਤਾ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਬਾਰੇ ਨਹੀਂ ਜਾਣਦੇ। ਜਦੋਂ 150 ਸਾਲ ਪਹਿਲਾਂ ਡਾਰਵਿਨ ਨੇ ਆਪਣੀ ਕਿਤਾਬ ਦ ਔਰਿਜਨ ਆਫ਼ ਸਪੀਸ਼ੀਜ਼ ਲਿਖੀ ਸੀ, ਤਾਂ ਉਸ ਵੇਲੇ ਜੀਵਨ ਬਹੁਤ ਸਾਦਾ ਸੀ। ਵਿਗਿਆਨੀ ਸੋਚਦੇ ਸਨ ਕਿ ਸੈੱਲ ਦੀ ਬਣਤਰ ਇੰਨੀ ਸਾਦੀ ਹੈ ਕਿ ਇਹ ਮਿੱਟੀ ਵਿੱਚੋਂ ਆਪਣੇ ਆਪ ਹੀ ਹੋਂਦ ਵਿਚ ਆ ਗਿਆ। ਪਰ ਅੱਜ ਵਿਗਿਆਨੀਆਂ ਨੇ ਦੇਖਿਆ ਹੈ ਕਿ ਸੈੱਲਾਂ ਦੀ ਬਣਤਰ ਬਹੁਤ ਹੀ ਗੁੰਝਲਦਾਰ ਹੈ। ਇਹ 21ਵੀਂ ਸਦੀ ਦੀ ਮਸ਼ੀਨਰੀ ਨਾਲੋਂ ਵੀ ਗੁੰਝਲਦਾਰ ਹੈ। ਇਸ ਦੇ ਗੁੰਝਲਦਾਰ ਡੀਜ਼ਾਈਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੇ ਇਸ ਨੂੰ ਸੋਚ-ਸਮਝ ਕੇ ਖ਼ਾਸ ਮਕਸਦ ਨਾਲ ਡੀਜ਼ਾਈਨ ਕੀਤਾ ਹੈ।

ਜਾਗਰੂਕ ਬਣੋ!: ਕੀ ਵਿਕਾਸਵਾਦੀਆਂ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਹੈ ਕਿ ਕੁਦਰਤੀ ਚੋਣ ਰਾਹੀਂ ਜੀਵ-ਜੰਤੂ ਬਣੇ?

ਪ੍ਰੋਫ਼ੈਸਰ ਬੀਹੀ: ਜੇ ਤੁਸੀਂ ਵਿਗਿਆਨ ਦੀਆਂ ਕਿਤਾਬਾਂ ਪੜ੍ਹੋ, ਤਾਂ ਤੁਸੀਂ ਦੇਖੋਗੇ ਕਿ ਕਿਸੇ ਵੀ ਵਿਗਿਆਨੀ ਨੇ ਇਹ ਸਾਬਤ ਕਰਨ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ ਕਿ ਡਾਰਵਿਨ ਦੇ ਕਹਿਣ ਅਨੁਸਾਰ ਜੀਵ-ਜੰਤੂਆਂ ਦਾ ਆਪਣੇ ਆਪ ਵਿਕਾਸ ਹੋਇਆ ਸੀ। ਇਸ ਤਰ੍ਹਾਂ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ, ਭਾਵੇਂ ਕਿ ਦਸ ਸਾਲ ਪਹਿਲਾਂ ਮੇਰੀ ਕਿਤਾਬ ਛਪਣ ਤੋਂ ਬਾਅਦ ਨੈਸ਼ਨਲ ਅਕੈਡਮੀ ਆਫ਼ ਸਾਇੰਸ ਤੇ ਹੋਰ ਕਈ ਵਿਗਿਆਨਕ ਸੰਸਥਾਵਾਂ ਨੇ ਆਪਣੇ ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਗੱਲ ਨੂੰ ਝੁਠਲਾਉਣ ਲਈ ਕੁਝ ਵੀ ਕਰਨ ਕਿ ਕਿਸੇ ਨੇ ਦੁਨੀਆਂ ਨੂੰ ਸਿਰਜਿਆ ਹੈ।

ਜਾਗਰੂਕ ਬਣੋ!: ਕਈ ਵਿਗਿਆਨੀ ਕੁਝ ਪੇੜ-ਪੌਦਿਆਂ ਜਾਂ ਜਾਨਵਰਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਡੀਜ਼ਾਈਨ ਨਹੀਂ ਕੀਤਾ ਗਿਆ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?

ਪ੍ਰੋਫ਼ੈਸਰ ਬੀਹੀ: ਜੇ ਅਸੀਂ ਕਿਸੇ ਜਾਨਵਰ ਜਾਂ ਪੌਦੇ ਬਾਰੇ ਕੁਝ ਗੱਲਾਂ ਨਹੀਂ ਜਾਣਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਕੋਈ ਫ਼ਾਇਦਾ ਨਹੀਂ ਹੈ। ਉਦਾਹਰਣ ਲਈ, ਕੁਝ ਸਮਾਂ ਪਹਿਲਾਂ ਕੁਝ ਅੰਗਾਂ ਨੂੰ ਬੇਕਾਰ ਸਮਝਿਆ ਜਾਂਦਾ ਸੀ। ਇਨ੍ਹਾਂ ਅੰਗਾਂ ਤੋਂ ਲੱਗਦਾ ਸੀ ਕਿ ਮਨੁੱਖੀ ਸਰੀਰ ਅਤੇ ਦੂਸਰੇ ਜੀਵਾਂ ਨੂੰ ਘਟੀਆ ਢੰਗ ਨਾਲ ਡੀਜ਼ਾਈਨ ਕੀਤਾ ਗਿਆ ਸੀ। ਅਪੈਂਡਿਕਸ ਤੇ ਟੌਂਸਿਲ ਵਰਗੇ ਅੰਗਾਂ ਨੂੰ ਬੇਕਾਰ ਸਮਝਿਆ ਜਾਂਦਾ ਸੀ ਤੇ ਓਪਰੇਸ਼ਨ ਕਰ ਕੇ ਕੱਢ ਦਿੱਤਾ ਜਾਂਦਾ ਸੀ। ਪਰ ਫਿਰ ਇਹ ਦੇਖਿਆ ਗਿਆ ਕਿ ਇਹ ਅੰਗ ਮਨੁੱਖੀ ਸਰੀਰ ਦੀ ਰੱਖਿਆ ਪ੍ਰਣਾਲੀ ਲਈ ਬਹੁਤ ਜ਼ਰੂਰੀ ਹਨ। ਇਸ ਲਈ ਹੁਣ ਇਨ੍ਹਾਂ ਨੂੰ ਬੇਕਾਰ ਨਹੀਂ ਸਮਝਿਆ ਜਾਂਦਾ।

ਇਕ ਹੋਰ ਗੱਲ ਯਾਦ ਰੱਖਣ ਵਾਲੀ ਹੈ ਕਿ ਜੀਵ-ਵਿਗਿਆਨ ਵਿਚ ਕਈ ਗੱਲਾਂ ਅਚਾਨਕ ਹੋ ਜਾਂਦੀਆਂ ਹਨ। ਜੇ ਮੇਰੀ ਕਾਰ ਵਿਚ ਚਿੱਬ ਪਿਆ ਹੈ ਜਾਂ ਟਾਇਰ ਪੰਚਰ ਹੋ ਗਿਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕਾਰ ਜਾਂ ਟਾਇਰ ਨੂੰ ਡੀਜ਼ਾਈਨ ਨਹੀਂ ਕੀਤਾ ਗਿਆ ਸੀ। ਇਸੇ ਤਰ੍ਹਾਂ, ਜੀਵ-ਵਿਗਿਆਨ ਵਿਚ ਜੇ ਕੁਝ ਗੱਲਾਂ ਅਚਾਨਕ ਹੋ ਜਾਂਦੀਆਂ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜੀਵ-ਜੰਤੂਆਂ ਦਾ ਆਪਣੇ ਆਪ ਵਿਕਾਸ ਹੋ ਗਿਆ। ਇਹ ਦਲੀਲ ਸਹੀ ਨਹੀਂ ਹੈ। (g 9/06)

[ਸਫ਼ਾ 12 ਉੱਤੇ ਸੁਰਖੀ]

“ਮੇਰੇ ਖ਼ਿਆਲ ਵਿਚ ਜੇ ਸਬੂਤ ਸ੍ਰਿਸ਼ਟੀਕਰਤਾ ਦੀ ਹੋਂਦ ਸਾਬਤ ਕਰਦੇ ਹਨ, ਤਾਂ ਉਸ ਗੱਲ ਨੂੰ ਸਿਰਫ਼ ਇਸੇ ਕਰਕੇ ਸਵੀਕਾਰ ਨਾ ਕਰਨਾ ਕਿ ਉਹ ਵਿਗਿਆਨੀਆਂ ਦੇ ਵਿਚਾਰਾਂ ਦੇ ਵਿਰੁੱਧ ਹੈ, ਕਾਇਰਤਾ ਹੈ”