Skip to content

Skip to table of contents

ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ?

ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ?

ਨੌਜਵਾਨ ਪੁੱਛਦੇ ਹਨ . . .

ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ?

“ਜਦ ਮੇਰੀ ਕਲਾਸ ਵਿਚ ਵਿਕਾਸਵਾਦ ਦੇ ਵਿਸ਼ੇ ਉੱਤੇ ਗੱਲ ਚੱਲਦੀ ਸੀ, ਤਾਂ ਜੋ ਵੀ ਮੈਨੂੰ ਬਚਪਨ ਤੋਂ ਸਿਖਾਇਆ ਗਿਆ ਸੀ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਸਵਾਲ ਉਠਾਏ ਜਾਂਦੇ ਸਨ। ਵਿਕਾਸਵਾਦ ਨੂੰ ਹਕੀਕਤ ਵਜੋਂ ਪੇਸ਼ ਕੀਤਾ ਜਾਂਦਾ ਸੀ। ਇਸ ਕਰਕੇ ਮੈਂ ਆਪਣੇ ਵਿਸ਼ਵਾਸ ਜ਼ਾਹਰ ਕਰਨ ਤੋਂ ਡਰਦਾ ਸੀ।”—ਰਾਇਨ, 18.

“ਜਦ ਮੈਂ 12 ਕੁ ਸਾਲਾਂ ਦਾ ਸੀ, ਤਾਂ ਮੇਰੀ ਟੀਚਰ ਇਕ ਕੱਟੜ ਵਿਕਾਸਵਾਦੀ ਸੀ। ਉਸ ਨੇ ਆਪਣੀ ਕਾਰ ਤੇ ਡਾਰਵਿਨ ਦਾ ਸਾਈਨ ਵੀ ਲਗਾਇਆ ਹੋਇਆ ਸੀ! ਇਸ ਲਈ ਮੈਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸਾਂ ਬਾਰੇ ਉਸ ਨਾਲ ਗੱਲ ਕਰਨ ਤੋਂ ਹਿਚਕਿਚਾਉਂਦਾ ਸੀ।”—ਟਾਈਲਰ, 19.

“ਮੈਂ ਬਹੁਤ ਹੀ ਡਰ ਗਈ ਜਦ ਮੇਰੀ ਟੀਚਰ ਨੇ ਕਿਹਾ ਕਿ ਸਾਡਾ ਅਗਲਾ ਸਬਕ ਵਿਕਾਸਵਾਦ ਉੱਤੇ ਹੋਵੇਗਾ। ਮੈਨੂੰ ਪਤਾ ਸੀ ਕਿ ਇਸ ਵਿਸ਼ੇ ਬਾਰੇ ਮੈਨੂੰ ਸਾਰੀ ਕਲਾਸ ਸਾਮ੍ਹਣੇ ਆਪਣੀ ਰਾਇ ਪੇਸ਼ ਕਰਨੀ ਪਵੇਗੀ।”—ਰਾਕੇਲ, 14.

ਸ਼ਾਇਦ ਤੁਸੀਂ ਵੀ ਰਾਇਨ, ਟਾਈਲਰ ਅਤੇ ਰਾਕੇਲ ਵਾਂਗ ਘਬਰਾ ਜਾਂਦੇ ਹੋ ਜਦ ਤੁਹਾਡੀ ਕਲਾਸ ਵਿਚ ਵਿਕਾਸਵਾਦ ਦੇ ਵਿਸ਼ੇ ਉੱਤੇ ਗੱਲ ਹੁੰਦੀ ਹੈ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ੁਰ ਨੇ “ਸਾਰੀਆਂ ਵਸਤਾਂ ਰਚੀਆਂ।” (ਪਰਕਾਸ਼ ਦੀ ਪੋਥੀ 4:11) ਇਸ ਗੱਲ ਦਾ ਸਬੂਤ ਤੁਸੀਂ ਕੁਦਰਤ ਵਿਚ ਦੇਖ ਸਕਦੇ ਹੋ। ਪਰ ਸਕੂਲ ਦੀਆਂ ਪੁਸਤਕਾਂ ਕਹਿੰਦੀਆਂ ਹਨ ਕਿ ਸਾਡਾ ਵਿਕਾਸ ਹੋਇਆ ਹੈ ਅਤੇ ਤੁਹਾਡੀ ਟੀਚਰ ਵੀ ਇਹੀ ਕਹਿੰਦੀ ਹੈ। ਕੀ ਮਾਹਰਾਂ ਨਾਲ ਬਹਿਸ ਕਰਨ ਦਾ ਕੋਈ ਫ਼ਾਇਦਾ ਹੋਵੇਗਾ? ਨਾਲੇ ਤੁਹਾਡੀ ਕਲਾਸ ਦੇ ਦੂਸਰੇ ਵਿਦਿਆਰਥੀ ਕੀ ਸੋਚਣਗੇ ਜੇ ਤੁਸੀਂ ਰੱਬ ਬਾਰੇ ਗੱਲ ਕਰੋਗੇ?

ਜੇ ਅਜਿਹੇ ਸਵਾਲ ਤੁਹਾਨੂੰ ਪਰੇਸ਼ਾਨ ਕਰਦੇ ਹਨ, ਤਾਂ ਫ਼ਿਕਰ ਨਾ ਕਰੋ! ਤੁਹਾਡੇ ਵਾਂਗ ਹੋਰ ਵੀ ਬਹੁਤ ਸਾਰੇ ਨੌਜਵਾਨ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ। ਅਸਲ ਵਿਚ ਕਈ ਵਿਗਿਆਨੀ ਵੀ ਵਿਕਾਸਵਾਦ ਦੀ ਥਿਊਰੀ ਨੂੰ ਨਹੀਂ ਮੰਨਦੇ। ਅਤੇ ਕਈ ਟੀਚਰ ਵੀ ਇਸ ਵਿਚ ਵਿਸ਼ਵਾਸ ਨਹੀਂ ਕਰਦੇ। ਸਕੂਲ ਦੀਆਂ ਪੁਸਤਕਾਂ ਵਿਚ ਚਾਹੇ ਜੋ ਮਰਜ਼ੀ ਲਿਖਿਆ ਹੋਵੇ, ਫਿਰ ਵੀ ਕਈ ਨੌਜਵਾਨ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ। ਮਿਸਾਲ ਲਈ, ਅਮਰੀਕਾ ਦੇ ਹਰ ਪੰਜ ਵਿਦਿਆਰਥੀਆਂ ਵਿੱਚੋਂ ਚਾਰ ਸਿਰਜਣਹਾਰ ਵਿਚ ਵਿਸ਼ਵਾਸ ਕਰਦੇ ਹਨ।

ਪਰ ਸ਼ਾਇਦ ਤੁਸੀਂ ਸੋਚ ਰਹੇ ਹੋਵੋ, ‘ਜੇ ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਪਵੇ, ਤਾਂ ਮੈਂ ਕੀ ਕਹਾਂਗਾ?’ ਭਾਵੇਂ ਤੁਹਾਨੂੰ ਡਰ ਲੱਗਦਾ ਹੋਵੇ, ਪਰ ਤੁਸੀਂ ਚੰਗੀ ਤਿਆਰੀ ਕਰ ਕੇ ਆਪਣੇ ਵਿਸ਼ਵਾਸਾਂ ਬਾਰੇ ਜ਼ਰੂਰ ਦੱਸ ਸਕੋਗੇ।

ਆਪਣੇ ਵਿਸ਼ਵਾਸਾਂ ਨੂੰ ਪਰਖੋ!

ਤੁਸੀਂ ਸ਼ਾਇਦ ਸ੍ਰਿਸ਼ਟੀਕਰਤਾ ਵਿਚ ਇਸ ਲਈ ਵਿਸ਼ਵਾਸ ਕਰਦੇ ਹੋ ਕਿਉਂਕਿ ਛੋਟੀ ਉਮਰ ਤੋਂ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹੀ ਸਿਖਾਇਆ ਹੈ। ਪਰ ਹੁਣ ਤੁਸੀਂ ਵੱਡੇ ਹੋ ਗਏ ਹੋ, ਤੁਹਾਨੂੰ ਰੱਬ ਦੀ ਭਗਤੀ ਕਰਨ ਦਾ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਤੁਹਾਡੇ ਵਿਸ਼ਵਾਸ ਇਕ ਪੱਕੀ ਨੀਂਹ ਉੱਤੇ ਆਧਾਰਿਤ ਹੋਣੇ ਚਾਹੀਦੇ ਹਨ। ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ ਸੀ: “ਸਭਨਾਂ ਗੱਲਾਂ ਨੂੰ ਪਰਖੋ।” (1 ਥੱਸਲੁਨੀਕੀਆਂ 5:21) ਤੁਸੀਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸ ਨੂੰ ਕਿਵੇਂ ਪਰਖ ਸਕਦੇ ਹੋ?

ਪਹਿਲਾਂ ਜ਼ਰਾ ਇਸ ਗੱਲ ਵੱਲ ਧਿਆਨ ਦਿਓ ਜੋ ਪੌਲੁਸ ਨੇ ਪਰਮੇਸ਼ੁਰ ਬਾਰੇ ਕਹੀ ਸੀ: “ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਇਨ੍ਹਾਂ ਸ਼ਬਦਾਂ ਨੂੰ ਮਨ ਵਿਚ ਰੱਖਦੇ ਹੋਏ ਜ਼ਰਾ ਆਪਣੇ ਸਰੀਰ, ਖ਼ੂਬਸੂਰਤ ਧਰਤੀ, ਵਿਸ਼ਾਲ ਵਿਸ਼ਵ-ਮੰਡਲ ਅਤੇ ਡੂੰਘੇ ਸਮੁੰਦਰਾਂ ਬਾਰੇ ਸੋਚੋ। ਕੀੜੇ-ਮਕੌੜਿਆਂ, ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੇ ਜਗਤ ਜਾਂ ਅਜਿਹੀ ਕਿਸੇ ਵੀ ਚੀਜ਼ ਵੱਲ ਧਿਆਨ ਦਿਓ ਜਿਸ ਵਿਚ ਤੁਹਾਨੂੰ ਦਿਲਚਸਪੀ ਹੈ। ਫਿਰ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕਿਹੜੀ ਗੱਲ ਮੈਨੂੰ ਵਿਸ਼ਵਾਸ ਦਿਲਾਉਂਦੀ ਹੈ ਕਿ ਸ੍ਰਿਸ਼ਟੀਕਰਤਾ ਹੈ?’

ਇਸ ਸਵਾਲ ਦਾ ਜਵਾਬ ਦੇਣ ਲਈ 14 ਸਾਲਾਂ ਦੇ ਸੈਮ ਨੇ ਇਨਸਾਨੀ ਸਰੀਰ ਦੀ ਉਦਾਹਰਣ ਦਿੱਤੀ। ਉਸ ਨੇ ਕਿਹਾ: “ਸਰੀਰ ਬਹੁਤ ਹੀ ਗੁੰਝਲਦਾਰ ਹੈ ਅਤੇ ਇਸ ਦੇ ਸਾਰੇ ਹਿੱਸੇ ਇਕੱਠੇ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਦੇ ਹਨ। ਸਾਡਾ ਸਰੀਰ ਆਪਣੇ ਆਪ ਕਦੀ ਵੀ ਪੈਦਾ ਨਹੀਂ ਹੋ ਸਕਦਾ ਸੀ!” ਸੈਮ ਦੀ ਗੱਲ ਨਾਲ ਹਾਮੀ ਭਰਦੀ ਹੋਈ ਸੋਲਾਂ ਸਾਲਾਂ ਦੀ ਹੌਲੀ ਕਹਿੰਦੀ ਹੈ: “ਜਦੋਂ ਤੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਡਾਈਬੀਟੀਜ਼ ਹੈ, ਉਦੋਂ ਤੋਂ ਮੈਂ ਮਨੁੱਖੀ ਸਰੀਰ ਬਾਰੇ ਬਹੁਤ ਕੁਝ ਸਿੱਖਿਆ ਹੈ। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਮਿਸਾਲ ਲਈ, ਪੈਨਕ੍ਰੀਅਸ ਨਾਂ ਦਾ ਅੰਗ ਖ਼ੂਨ ਅਤੇ ਦੂਸਰੇ ਅੰਗਾਂ ਦੇ ਚੰਗੀ ਤਰ੍ਹਾਂ ਕੰਮ ਕਰਨ ਲਈ ਬਹੁਤ ਹੀ ਜ਼ਰੂਰੀ ਹੈ।”

ਕਈ ਨੌਜਵਾਨ ਇਸ ਮਾਮਲੇ ਨੂੰ ਹੋਰ ਨਜ਼ਰੀਏ ਤੋਂ ਦੇਖਦੇ ਹਨ। ਉੱਨੀਆਂ ਸਾਲਾਂ ਦਾ ਜੈਰਡ ਕਹਿੰਦਾ ਹੈ: “ਮੇਰੇ ਲਈ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਾਡੇ ਵਿਚ ਰੱਬ ਦੀ ਭਗਤੀ ਕਰਨ ਦੀ ਇੱਛਾ ਹੈ। ਇਸ ਦੇ ਨਾਲ-ਨਾਲ ਅਸੀਂ ਖ਼ੂਬਸੂਰਤੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਨਵੀਆਂ ਗੱਲਾਂ ਸਿੱਖ ਸਕਦੇ ਹਾਂ। ਜੀਉਂਦੇ ਰਹਿਣ ਲਈ ਸਾਨੂੰ ਇਨ੍ਹਾਂ ਗੱਲਾਂ ਦੀ ਕੋਈ ਜ਼ਰੂਰਤ ਨਹੀਂ, ਇਸ ਲਈ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਿਸੇ ਨੇ ਸਾਨੂੰ ਇਨ੍ਹਾਂ ਸਾਰੀਆਂ ਯੋਗਤਾਵਾਂ ਨਾਲ ਬਣਾਇਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣੀਏ।” ਟਾਈਲਰ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਇਸੇ ਸਿੱਟੇ ਤੇ ਪਹੁੰਚਿਆ। ਉਹ ਕਹਿੰਦਾ ਹੈ: “ਜਦੋਂ ਮੈਂ ਦੇਖਦਾ ਹਾਂ ਕਿ ਪੌਦੇ ਜੀਵਨ ਨੂੰ ਜਾਰੀ ਰੱਖਣ ਲਈ ਕਿੰਨੇ ਜ਼ਰੂਰੀ ਹਨ ਅਤੇ ਉਨ੍ਹਾਂ ਦੀ ਬਣਤਰ ਕਿੰਨੀ ਗੁੰਝਲਦਾਰ ਹੈ, ਤਾਂ ਮੈਂ ਹੱਕਾ-ਬੱਕਾ ਰਹਿ ਜਾਂਦਾ ਹਾਂ। ਇਸ ਤੋਂ ਮੈਨੂੰ ਪੱਕਾ ਸਬੂਤ ਮਿਲਦਾ ਹੈ ਕਿ ਸ੍ਰਿਸ਼ਟੀਕਰਤਾ ਹੈ।”

ਜੇ ਅਸੀਂ ਕੁਦਰਤ ਦੀਆਂ ਚੀਜ਼ਾਂ ਬਾਰੇ ਗਹਿਰਾਈ ਨਾਲ ਸੋਚਿਆ ਹੈ ਅਤੇ ਸਾਡਾ ਵਿਸ਼ਵਾਸ ਸ੍ਰਿਸ਼ਟੀਕਰਤਾ ਵਿਚ ਪੱਕਾ ਹੈ, ਤਾਂ ਫਿਰ ਅਸੀਂ ਭਰੋਸੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਸਕਾਂਗੇ। ਇਸ ਲਈ, ਸੈਮ, ਹੌਲੀ, ਜੈਰਡ ਅਤੇ ਟਾਈਲਰ ਵਾਂਗ ਸਮਾਂ ਕੱਢ ਕੇ ਪਰਮੇਸ਼ੁਰ ਦੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਬਾਰੇ ਸੋਚੋ। ਅਤੇ ਫਿਰ “ਸੁਣੋ” ਕਿ ਇਹ ਚੀਜ਼ਾਂ ਤੁਹਾਨੂੰ ਕੀ “ਕਹਿ” ਰਹੀਆਂ ਹਨ। ਬਿਨਾਂ ਸ਼ੱਕ ਤੁਸੀਂ ਵੀ ਉਸੇ ਸਿੱਟੇ ਤੇ ਪਹੁੰਚੋਗੇ ਜਿਸ ਤੇ ਪੌਲੁਸ ਰਸੂਲ ਪਹੁੰਚਿਆ ਸੀ ਕਿ “ਉਹ ਦੀ ਰਚਨਾ ਤੋਂ” ਸਿਰਫ਼ ਉਸ ਦੀ ਹੋਂਦ ਦਾ ਸਬੂਤ ਹੀ ਨਹੀਂ ਮਿਲਦਾ ਬਲਕਿ ਉਸ ਦੇ ਗੁਣ ਵੀ ‘ਚੰਗੀ ਤਰਾਂ ਦਿੱਸ ਪੈਂਦੇ’ ਹਨ। *

ਜਾਣੋ ਕਿ ਬਾਈਬਲ ਕੀ ਸਿਖਾਉਂਦੀ ਹੈ

ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵੱਲ ਦੇਖਣ ਦੇ ਨਾਲ-ਨਾਲ ਤੁਹਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਬਾਈਬਲ ਸ੍ਰਿਸ਼ਟੀ ਬਾਰੇ ਕੀ ਸਿਖਾਉਂਦੀ ਹੈ। ਉਨ੍ਹਾਂ ਗੱਲਾਂ ਉੱਤੇ ਬਹਿਸ ਕਰਨ ਦੀ ਕੋਈ ਲੋੜ ਨਹੀਂ ਜਿਨ੍ਹਾਂ ਬਾਰੇ ਬਾਈਬਲ ਕੁਝ ਕਹਿੰਦੀ ਹੀ ਨਹੀਂ। ਜ਼ਰਾ ਕੁਝ ਮਿਸਾਲਾਂ ਵੱਲ ਧਿਆਨ ਦਿਓ।

ਮੇਰੀ ਵਿਗਿਆਨ ਦੀ ਪੁਸਤਕ ਕਹਿੰਦੀ ਹੈ ਕਿ ਧਰਤੀ ਅਤੇ ਸੂਰਜ ਪਰਿਵਾਰ ਅਰਬਾਂ ਸਾਲਾਂ ਤੋਂ ਹੋਂਦ ਵਿਚ ਹਨ। ਬਾਈਬਲ ਧਰਤੀ ਅਤੇ ਸੂਰਜ ਪਰਿਵਾਰ ਦੀ ਉਮਰ ਬਾਰੇ ਕੁਝ ਵੀ ਨਹੀਂ ਕਹਿੰਦੀ। ਦਰਅਸਲ, ਜੋ ਬਾਈਬਲ ਕਹਿੰਦੀ ਹੈ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਵਿਸ਼ਵ-ਮੰਡਲ ਨੂੰ ਸ੍ਰਿਸ਼ਟੀ ਦੇ ਛੇ ‘ਦਿਨਾਂ’ ਤੋਂ ਅਰਬਾਂ ਸਾਲ ਪਹਿਲਾਂ ਬਣਾਇਆ ਗਿਆ ਸੀ।—ਉਤਪਤ 1:1, 2.

ਮੇਰਾ ਟੀਚਰ ਕਹਿੰਦਾ ਹੈ ਕਿ ਧਰਤੀ ਸਿਰਫ਼ ਛੇ ਦਿਨਾਂ ਵਿਚ ਸ੍ਰਿਸ਼ਟ ਨਹੀਂ ਕੀਤੀ ਜਾ ਸਕਦੀ ਸੀ। ਬਾਈਬਲ ਇਹ ਨਹੀਂ ਕਹਿੰਦੀ ਕਿ ਸ੍ਰਿਸ਼ਟੀ ਦੇ ਛੇ “ਦਿਨ” 24 ਘੰਟਿਆਂ ਦੇ ਦਿਨ ਸਨ। ਇਸ ਬਾਰੇ ਹੋਰ ਜਾਣਕਾਰੀ ਲਈ ਇਸ ਰਸਾਲੇ ਦੇ ਸਫ਼ੇ 18-20 ਉੱਤੇ ਲੇਖ ਦੇਖੋ।

ਸਾਡੀ ਕਲਾਸ ਵਿਚ ਇਹ ਸਾਬਤ ਕਰਨ ਲਈ ਕਈ ਉਦਾਹਰਣਾਂ ਦਿੱਤੀਆਂ ਗਈਆਂ ਕਿ ਸਮੇਂ ਦੇ ਬੀਤਣ ਨਾਲ ਜਾਨਵਰਾਂ ਤੇ ਇਨਸਾਨਾਂ ਵਿਚ ਤਬਦੀਲੀਆਂ ਆਈਆਂ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ “ਉਨ੍ਹਾਂ ਦੀ ਜਿਨਸ ਅਨੁਸਾਰ” ਬਣਾਇਆ ਸੀ। (ਉਤਪਤ 1:20, 21) ਇਹ ਗੱਲ ਬਾਈਬਲ ਵਿਚ ਨਹੀਂ ਪਾਈ ਜਾਂਦੀ ਕਿ ਜੀਵਨ ਕਿਸੇ ਬੇਜਾਨ ਚੀਜ਼ ਤੋਂ ਆਪਣੇ ਆਪ ਸ਼ੁਰੂ ਹੋਇਆ ਜਾਂ ਪਰਮੇਸ਼ੁਰ ਨੇ ਇਕ ਸੈੱਲ ਬਣਾ ਕੇ ਇਸ ਨੂੰ ਵੱਖ-ਵੱਖ ਜਿਨਸਾਂ ਵਿਚ ਵਿਕਸਿਤ ਹੋਣ ਦਿੱਤਾ। ਬਾਈਬਲ ਇਹ ਵੀ ਨਹੀਂ ਕਹਿੰਦੀ ਕਿ “ਜਿਨਸ” ਵਿਚ ਕੋਈ ਤਬਦੀਲੀ ਨਹੀਂ ਆ ਸਕਦੀ। “ਜਿਨਸ” ਵਿਚ ਵੱਖ-ਵੱਖ ਤਬਦੀਲੀਆਂ ਆ ਸਕਦੀਆਂ ਹਨ, ਪਰ ਜਿਨਸ ਉਹੀ ਰਹਿੰਦੀ ਹੈ।

ਆਪਣੇ ਵਿਸ਼ਵਾਸਾਂ ਤੇ ਪੱਕਾ ਯਕੀਨ ਕਰੋ!

ਸ੍ਰਿਸ਼ਟੀ ਵਿਚ ਵਿਸ਼ਵਾਸ ਕਰਨ ਕਾਰਨ ਤੁਹਾਨੂੰ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ। ਇਹ ਵਿਸ਼ਵਾਸ ਕਰਨਾ ਕਿ ਕਿਸੇ ਬੁੱਧੀਮਾਨ ਡੀਜ਼ਾਈਨਕਾਰ ਨੇ ਸਾਨੂੰ ਬਣਾਇਆ ਹੈ ਬਿਲਕੁਲ ਜਾਇਜ਼ ਹੈ ਕਿਉਂਕਿ ਵਿਗਿਆਨਕ ਸਬੂਤ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਅਸਲ ਵਿਚ ਵਿਕਾਸਵਾਦ ਨੂੰ ਮੰਨਣ ਲਈ ਤੁਹਾਨੂੰ ਉਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਨਾ ਪਵੇਗਾ ਜਿਨ੍ਹਾਂ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ। ਕੀ ਇਹ ਮੰਨਣਾ ਬੇਤੁਕੀ ਗੱਲ ਨਹੀਂ ਹੋਵੇਗੀ ਕਿ ਕੁਦਰਤ ਦੀਆਂ ਸ਼ਾਨਦਾਰ ਚੀਜ਼ਾਂ ਬਿਨਾਂ ਕਿਸੇ ਡੀਜ਼ਾਈਨਕਾਰ ਦੇ ਆਪਣੇ ਆਪ ਹੀ ਬਣ ਗਈਆਂ ਸਨ? ਇਸ ਰਸਾਲੇ ਦੇ ਦੂਸਰੇ ਲੇਖ ਪੜ੍ਹਨ ਤੋਂ ਬਾਅਦ ਤੁਸੀਂ ਜ਼ਰੂਰ ਇਹੀ ਸਿੱਟਾ ਕੱਢੋਗੇ ਕਿ ਸਾਰੇ ਸਬੂਤ ਸ੍ਰਿਸ਼ਟੀ ਦੇ ਹੱਕ ਵਿਚ ਹਨ। ਅਤੇ ਜਦੋਂ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਆਪਣੀ ਕਲਾਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦਲੇਰੀ ਨਾਲ ਸਮਝਾ ਸਕੋਗੇ।

ਰਾਕੇਲ ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਸੀ, ਨੇ ਇਹੋ ਹੀ ਕੀਤਾ। ਉਹ ਕਹਿੰਦੀ ਹੈ: “ਇਹ ਸਮਝਣ ਵਿਚ ਮੈਨੂੰ ਕੁਝ ਦਿਨ ਲੱਗੇ ਕਿ ਮੈਨੂੰ ਆਪਣੇ ਵਿਸ਼ਵਾਸਾਂ ਨੂੰ ਲੁਕਾਉਣਾ ਨਹੀਂ ਚਾਹੀਦਾ। ਇਸ ਲਈ ਮੈਂ ਆਪਣੀ ਟੀਚਰ ਨੂੰ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਨਾਂ ਦੀ ਅੰਗ੍ਰੇਜ਼ੀ ਕਿਤਾਬ ਦਿੱਤੀ। ਮੈਂ ਕਿਤਾਬ ਵਿਚ ਉਨ੍ਹਾਂ ਹਿੱਸਿਆਂ ਤੇ ਨਿਸ਼ਾਨ ਲਾਏ ਜਿਨ੍ਹਾਂ ਤੇ ਮੈਂ ਚਾਹੁੰਦੀ ਸੀ ਕਿ ਉਹ ਧਿਆਨ ਦੇਵੇ। ਬਾਅਦ ਵਿਚ ਉਸ ਨੇ ਮੈਨੂੰ ਦੱਸਿਆ ਕਿ ਕਿਤਾਬ ਪੜ੍ਹ ਕੇ ਉਸ ਦਾ ਪੂਰਾ ਨਜ਼ਰੀਆ ਹੀ ਬਦਲ ਗਿਆ ਅਤੇ ਜਦ ਉਹ ਦੁਬਾਰਾ ਇਸ ਵਿਸ਼ੇ ਤੇ ਕਲਾਸ ਨੂੰ ਸਿਖਾਵੇਗੀ, ਤਾਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖੇਗੀ!” (g 9/06)

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 14 ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਨਾਮਕ ਅੰਗ੍ਰੇਜ਼ੀ ਦੀਆਂ ਕਿਤਾਬਾਂ ਪੜ੍ਹ ਕੇ ਕਈ ਨੌਜਵਾਨਾਂ ਨੂੰ ਫ਼ਾਇਦਾ ਹੋਇਆ ਹੈ। ਇਹ ਦੋਵੇਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

ਇਸ ਬਾਰੇ ਸੋਚੋ

▪ ਸਕੂਲੇ ਤੁਸੀਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ?

▪ ਤੁਸੀਂ ਉਸ ਸਿਰਜਣਹਾਰ ਦੀ ਕਦਰ ਕਿਵੇਂ ਕਰ ਸਕਦੇ ਹੋ ਜਿਸ ਨੇ ਸਭ ਕੁਝ ਰਚਿਆ?—ਰਸੂਲਾਂ ਦੇ ਕਰਤੱਬ 17:26, 27.

[ਸਫ਼ਾ 27 ਉੱਤੇ ਡੱਬੀ]

“ਸਬੂਤ ਤਾਂ ਬਹੁਤ ਹਨ”

“ਤੁਸੀਂ ਉਸ ਨੌਜਵਾਨ ਨੂੰ ਕੀ ਕਹੋਗੇ ਜਿਸ ਨੂੰ ਛੋਟੀ ਉਮਰ ਤੋਂ ਸਿਖਾਇਆ ਗਿਆ ਹੈ ਕਿ ਸ੍ਰਿਸ਼ਟੀਕਰਤਾ ਹੈ, ਪਰ ਸਕੂਲੇ ਹੁਣ ਉਸ ਨੂੰ ਵਿਕਾਸਵਾਦ ਬਾਰੇ ਸਿਖਾਇਆ ਜਾ ਰਿਹਾ ਹੈ?” ਇਹ ਸਵਾਲ ਇਕ ਮਾਈਕ੍ਰੋਬਾਇਓਲਾਜਿਸਟ ਨੂੰ ਕੀਤਾ ਗਿਆ ਸੀ ਜੋ ਯਹੋਵਾਹ ਦੀ ਗਵਾਹ ਹੈ। ਉਸ ਨੇ ਕੀ ਜਵਾਬ ਦਿੱਤਾ? “ਇਸ ਮੌਕੇ ਦਾ ਫ਼ਾਇਦਾ ਉਠਾ ਕੇ ਤੁਸੀਂ ਪਰਮੇਸ਼ੁਰ ਦੀ ਹੋਂਦ ਵਿਚ ਆਪਣੇ ਵਿਸ਼ਵਾਸ ਨੂੰ ਪੱਕਾ ਕਰ ਸਕਦੇ ਹੋ। ਤੁਸੀਂ ਇਹ ਗੱਲ ਸਿਰਫ਼ ਇਸ ਲਈ ਨਾ ਮੰਨੋ ਕਿਉਂਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਹੈ। ਇਸ ਦੀ ਬਜਾਇ, ਤੁਸੀਂ ਆਪ ਸਬੂਤਾਂ ਨੂੰ ਪਰਖ ਕੇ ਦੇਖੋ। ਕਦੀ-ਕਦੀ ਜਦ ਟੀਚਰਾਂ ਨੂੰ ਵਿਕਾਸਵਾਦ ਦੀ ਥਿਊਰੀ ਨੂੰ ‘ਸਾਬਤ’ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਕੋਈ ਸਬੂਤ ਪੇਸ਼ ਨਹੀਂ ਕਰ ਪਾਉਂਦੇ। ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਇਹ ਗੱਲਾਂ ਸਿਰਫ਼ ਇਸ ਲਈ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਇਹੀ ਸਿਖਾਇਆ ਗਿਆ ਸੀ। ਤੁਸੀਂ ਵੀ ਇਸੇ ਜਾਲ ਵਿਚ ਫਸ ਸਕਦੇ ਹੋ। ਤਾਂ ਫਿਰ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਪਰਖ ਦੇ ਦੇਖੋ ਕਿ ਪਰਮੇਸ਼ੁਰ ਸੱਚ-ਮੁੱਚ ਹੋਂਦ ਵਿਚ ਹੈ। ਸਬੂਤ ਤਾਂ ਬਹੁਤ ਹਨ। ਇਨ੍ਹਾਂ ਨੂੰ ਲੱਭਣਾ ਕੋਈ ਮੁਸ਼ਕਲ ਕੰਮ ਨਹੀਂ।”

[ਸਫ਼ਾ 28 ਉੱਤੇ ਤਸਵੀਰ/ਡੱਬੀ]

ਕਿਹੜੀ ਗੱਲ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਹੈ?

ਹੇਠਾਂ ਤਿੰਨ ਗੱਲਾਂ ਲਿਖੋ ਜੋ ਤੁਹਾਨੂੰ ਵਿਸ਼ਵਾਸ ਦਿਲਾਉਂਦੀਆਂ ਹਨ ਕਿ ਸ੍ਰਿਸ਼ਟੀਕਰਤਾ ਹੈ:

1. ........................

2. ........................

3. ........................