Skip to content

Skip to table of contents

ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ

ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ

ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ

ਅਨੇਕ ਵਿਗਿਆਨੀਆਂ ਨੇ ਜੀਵ-ਜੰਤੂਆਂ ਦੇ ਸੋਹਣੇ ਤੇ ਗੁੰਝਲਦਾਰ ਡੀਜ਼ਾਈਨ ਤੋਂ ਸਾਫ਼ ਦੇਖਿਆ ਹੈ ਕਿ ਇਨ੍ਹਾਂ ਨੂੰ ਕਿਸੇ ਨੇ ਬਣਾਇਆ ਹੈ। ਉਹ ਮੰਨਦੇ ਹਨ ਕਿ ਇਹ ਸਭ ਚੀਜ਼ਾਂ ਆਪਣੇ ਆਪ ਕਦੇ ਪੈਦਾ ਨਹੀਂ ਹੋ ਸਕਦੀਆਂ ਸਨ। ਇਸ ਲਈ ਕਈ ਵਿਗਿਆਨੀ ਤੇ ਖੋਜਕਾਰ ਸਿਰਜਣਹਾਰ ਦੀ ਹੋਂਦ ਵਿਚ ਵਿਸ਼ਵਾਸ ਕਰਦੇ ਹਨ।

ਇਨ੍ਹਾਂ ਵਿਗਿਆਨੀਆਂ ਵਿੱਚੋਂ ਕੁਝ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਹੀ ਇਸ ਵਿਸ਼ਵ ਨੂੰ ਡੀਜ਼ਾਈਨ ਕੀਤਾ ਅਤੇ ਬਣਾਇਆ ਹੈ। ਉਹ ਇਸ ਸਿੱਟੇ ਤੇ ਕਿਵੇਂ ਪਹੁੰਚੇ? ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ ਇਨ੍ਹਾਂ ਵਿੱਚੋਂ ਕੁਝ ਵਿਗਿਆਨੀਆਂ ਦੀ ਇੰਟਰਵਿਊ ਲਈ। ਆਓ ਆਪਾਂ ਇਸ ਬਾਰੇ ਉਨ੍ਹਾਂ ਦੇ ਵਿਚਾਰ ਜਾਣੀਏ। *

‘ਜੀਵਾਂ ਦੀ ਗੁੰਝਲਦਾਰ ਬਣਤਰ ਸਾਡੀ ਸਮਝ ਤੋਂ ਬਾਹਰ ਹੈ’

▪ ਵੁਲਫ਼-ਇੱਕੀਹਾਰਡ ਲੌਨਿਗ ਦੀ ਨਿੱਜੀ ਜਾਣਕਾਰੀ:

ਮੈਂ 28 ਸਾਲ ਤੋਂ ਪੌਦਿਆਂ ਦੀਆਂ ਜੀਨਾਂ ਵਿਚ ਹੋ ਰਹੀਆਂ ਤਬਦੀਲੀਆਂ ਦਾ ਅਧਿਐਨ ਕਰ ਰਿਹਾ ਹਾਂ। ਇਨ੍ਹਾਂ ਵਿੱਚੋਂ 21 ਸਾਲ ਮੈਂ ਜਰਮਨੀ ਦੇ ਕੋਲੋਨ ਸ਼ਹਿਰ ਵਿਚ ਅਜਿਹੀ ਸੰਸਥਾ ਲਈ ਕੰਮ ਕੀਤਾ ਹੈ ਜੋ ਪੌਦਿਆਂ ਦੇ ਪਾਲਣ-ਪੋਸਣ ਉੱਤੇ ਰਿਸਰਚ ਕਰਦੀ ਹੈ। ਮੈਂ 30 ਸਾਲ ਪਹਿਲਾਂ ਯਹੋਵਾਹ ਦਾ ਗਵਾਹ ਬਣਿਆ ਸੀ ਅਤੇ ਮੈਂ ਹੁਣ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ।

ਮੈਂ ਪੌਦਿਆਂ ਦੀਆਂ ਜੀਨਾਂ ਤੇ ਬਣਤਰ ਦਾ ਅਤੇ ਸਰੀਰ-ਵਿਗਿਆਨ ਦਾ ਅਧਿਐਨ ਕੀਤਾ ਹੈ। ਮੈਨੂੰ ਆਪਣੀਆਂ ਖੋਜਾਂ ਤੋਂ ਇਹੀ ਪਤਾ ਲੱਗਾ ਹੈ ਕਿ ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੀ ਬਣਤਰ ਇੰਨੀ ਗੁੰਝਲਦਾਰ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਬਹੁਤ ਔਖਾ ਹੈ। ਇਨ੍ਹਾਂ ਵਿਸ਼ਿਆਂ ਦਾ ਅਧਿਐਨ ਕਰਨ ਨਾਲ ਮੇਰਾ ਯਕੀਨ ਹੋਰ ਪੱਕਾ ਹੋ ਗਿਆ ਹੈ ਕਿ ਆਮ ਜੀਵਾਂ ਨੂੰ ਵੀ ਇਕ ਬੁੱਧੀਮਾਨ ਡੀਜ਼ਾਈਨਕਾਰ ਨੇ ਹੀ ਬਣਾਇਆ ਹੈ।

ਵਿਗਿਆਨੀਆਂ ਨੂੰ ਪਤਾ ਹੈ ਕਿ ਜੀਵ-ਜੰਤੂਆਂ ਤੇ ਪੇੜ-ਪੌਦਿਆਂ ਦੀ ਬਣਤਰ ਬਹੁਤ ਗੁੰਝਲਦਾਰ ਹੈ। ਪਰ ਆਮ ਤੌਰ ਤੇ ਵਿਗਿਆਨੀ ਇਹ ਸਿਖਾਉਂਦੇ ਹਨ ਕਿ ਜੀਵਨ ਦੀ ਸ਼ੁਰੂਆਤ ਵਿਕਾਸਵਾਦ ਦੁਆਰਾ ਹੋਈ ਹੈ। ਕਈ ਵਿਗਿਆਨੀ ਬਾਈਬਲ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਗ਼ਲਤ ਸਾਬਤ ਕਰਨ ਲਈ ਆਪਣੀਆਂ ਦਲੀਲਾਂ ਪੇਸ਼ ਕਰਦੇ ਹਨ। ਲੇਕਿਨ ਮੈਂ ਦੇਖਿਆ ਹੈ ਕਿ ਵਿਗਿਆਨਕ ਤੌਰ ਤੇ ਉਨ੍ਹਾਂ ਦੀਆਂ ਸਭ ਦਲੀਲਾਂ ਖੋਖਲੀਆਂ ਸਾਬਤ ਹੋਈਆਂ ਹਨ। ਮੈਂ ਕਈ ਸਾਲਾਂ ਤੋਂ ਪੌਦਿਆਂ ਤੇ ਜੀਵ-ਜੰਤੂਆਂ ਅਤੇ ਇਨ੍ਹਾਂ ਨੂੰ ਜੀਉਂਦੇ ਰੱਖਣ ਵਾਲੇ ਕੁਦਰਤੀ ਨਿਯਮਾਂ ਦਾ ਅਧਿਐਨ ਕਰ ਰਿਹਾ ਹਾਂ। ਆਪਣੀ ਰਿਸਰਚ ਤੋਂ ਮੈਂ ਇਹੀ ਸਿੱਟਾ ਕੱਢਿਆ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਜ਼ਰੂਰ ਹੈ।

‘ਜੋ ਹੁੰਦਾ ਹੈ ਉਸ ਦੇ ਪਿੱਛੇ ਕੋਈ-ਨ-ਕੋਈ ਕਾਰਨ ਹੁੰਦਾ ਹੈ’

ਬਾਏਰਨ ਲੀਓਨ ਮੇਡੋਜ਼ ਦੀ ਨਿੱਜੀ ਜਾਣਕਾਰੀ:

ਮੈਂ ਅਮਰੀਕਾ ਵਿਚ ਰਹਿੰਦਾ ਹਾਂ ਅਤੇ ਪੁਲਾੜ ਏਜੰਸੀ ਨਾਸਾ (NASA) ਵਿਚ ਲੇਜ਼ਰ ਭੌਤਿਕ ਵਿਗਿਆਨ (laser physics) ਦੇ ਖੇਤਰ ਵਿਚ ਖੋਜ ਕਰਦਾ ਹਾਂ। ਮੈਂ ਅਜਿਹੇ ਉਪਕਰਣ ਬਣਾਉਣ ਲਈ ਨਵੀਂ ਤਕਨਾਲੋਜੀ ਦੀ ਖੋਜ ਕਰ ਰਿਹਾ ਹਾਂ ਜਿਨ੍ਹਾਂ ਦੀ ਮਦਦ ਨਾਲ ਧਰਤੀ ਦੇ ਵਾਤਾਵਰਣ, ਮੌਸਮ ਅਤੇ ਹੋਰ ਕੁਦਰਤੀ ਪ੍ਰਕ੍ਰਿਆਵਾਂ ਵਿਚ ਹੁੰਦੀਆਂ ਤਬਦੀਲੀਆਂ ਤੇ ਨਜ਼ਰ ਰੱਖੀ ਜਾ ਸਕੇਗੀ। ਮੈਂ ਵਰਜੀਨੀਆ ਦੇ ਕਿਲਮਾਨਕ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ।

ਮੈਂ ਕੁਦਰਤ ਦੇ ਨਿਯਮਾਂ ਦਾ ਅਧਿਐਨ ਕਰ ਕੇ ਹਰ ਘਟਨਾ ਪਿੱਛੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਅਧਿਐਨ ਤੋਂ ਮੈਨੂੰ ਸਬੂਤ ਮਿਲਿਆ ਹੈ ਕਿ ਜੋ ਹੁੰਦਾ ਹੈ, ਉਸ ਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਮੈਂ ਵਿਸ਼ਵਾਸ ਕਰਦਾ ਹੈ ਕਿ ਵਿਗਿਆਨਕ ਤੌਰ ਤੇ ਇਹ ਮੰਨਣਾ ਜਾਇਜ਼ ਹੈ ਕਿ ਕੁਦਰਤ ਦੀ ਹਰ ਚੀਜ਼ ਪਿੱਛੇ ਰੱਬ ਦਾ ਹੱਥ ਹੈ। ਕੁਦਰਤ ਦੇ ਨਿਯਮ ਇੰਨੇ ਅਟੱਲ ਹਨ ਕਿ ਇਹ ਮੰਨਣਾ ਮੇਰੇ ਲਈ ਨਾਮੁਮਕਿਨ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਕੋਈ ਨਹੀਂ।

ਜੇ ਇਹ ਗੱਲ ਇੰਨੀ ਸਾਫ਼ ਹੈ, ਤਾਂ ਫਿਰ ਬਹੁਤ ਸਾਰੇ ਵਿਗਿਆਨੀ ਵਿਕਾਸਵਾਦ ਨੂੰ ਕਿਉਂ ਮੰਨਦੇ ਹਨ? ਲੱਗਦਾ ਹੈ ਕਿ ਵਿਕਾਸਵਾਦੀ ਆਪਣੀ ਰਿਸਰਚ ਤੋਂ ਉਹੀ ਸਿੱਟੇ ਕੱਢਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨਾਲ ਮਿਲਦੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਜੋ ਅੱਖੀਂ ਦੇਖੀ ਘਟਨਾ ਤੋਂ ਸਿੱਟਾ ਕੱਢਿਆ ਜਾਂਦਾ ਹੈ ਉਹ ਹਮੇਸ਼ਾ ਸਹੀ ਹੁੰਦਾ ਹੈ। ਮਿਸਾਲ ਲਈ, ਲੇਜ਼ਰ ਭੌਤਿਕ ਵਿਗਿਆਨ ਦੀ ਖੋਜ ਕਰਨ ਵਾਲਾ ਸ਼ਾਇਦ ਇਹ ਦਾਅਵਾ ਕਰੇ ਕਿ ਆਵਾਜ਼ ਦੀ ਲਹਿਰ ਵਾਂਗ ਰੌਸ਼ਨੀ ਵੀ ਲਹਿਰਾਂ ਵਿਚ ਚੱਲਦੀ ਹੈ। ਲੇਕਿਨ ਉਸ ਦਾ ਇਹ ਦਾਅਵਾ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ ਕਿਉਂਕਿ ਸਬੂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੌਸ਼ਨੀ ਛੋਟੇ-ਛੋਟੇ ਕਣਾਂ ਦੀ ਬਣੀ ਹੋਈ ਹੈ। ਇਸੇ ਤਰ੍ਹਾਂ ਜੋ ਵਿਗਿਆਨੀ ਵਿਕਾਸਵਾਦ ਨੂੰ ਹਕੀਕਤ ਮੰਨਦੇ ਹਨ, ਉਹ ਸਾਰਿਆਂ ਸਬੂਤਾਂ ਵੱਲ ਧਿਆਨ ਨਹੀਂ ਦਿੰਦੇ। ਉਹ ਸਿਰਫ਼ ਉਨ੍ਹਾਂ ਸਬੂਤ ਵੱਲ ਧਿਆਨ ਦਿੰਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨੂੰ ਸਾਬਤ ਕਰਦੇ ਜਾਪਦੇ ਹਨ।

ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਕਿ ਲੋਕਾਂ ਨੇ ਵਿਕਾਸਵਾਦ ਦੀ ਥਿਊਰੀ ਨੂੰ ਹਕੀਕਤ ਮੰਨ ਕਿਵੇਂ ਲਿਆ, ਜਦ ਕਿ ਵਿਕਾਸਵਾਦੀ ਅਜੇ ਤਕ ਇਹ ਨਹੀਂ ਸਮਝਾ ਪਾਏ ਕਿ ਵਿਕਾਸਵਾਦ ਦੁਆਰਾ ਜੀਵਨ ਹੋਂਦ ਵਿਚ ਕਿਵੇਂ ਆਇਆ। ਮਿਸਾਲ ਲਈ, ਕੀ ਤੁਸੀਂ ਇਸ ਨੂੰ ਸਹੀ ਹਿਸਾਬ ਮੰਨੋਗੇ ਜੇ ਕੁਝ ਮਾਹਰ ਕਹਿਣ ਕਿ ਦੋ ਜਮ੍ਹਾ ਦੋ ਚਾਰ ਹੁੰਦੇ ਹਨ, ਜਦ ਕਿ ਦੂਸਰੇ ਕਹਿਣ ਕਿ ਦੋ ਜਮ੍ਹਾ ਦੋ ਚਾਰ ਨਹੀਂ, ਤਿੰਨ ਜਾਂ ਛੇ ਹੁੰਦੇ ਹਨ? ਵਿਗਿਆਨਕ ਤੌਰ ਤੇ ਉਨ੍ਹਾਂ ਹੀ ਗੱਲਾਂ ਨੂੰ ਸੱਚ ਮੰਨਿਆ ਜਾਂਦਾ ਹੈ ਜੋ ਤਜਰਬਾ ਕਰ ਕੇ ਸਾਬਤ ਕੀਤੀਆਂ ਜਾ ਸਕਦੀਆਂ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਥਿਊਰੀ ਕਿ ਇਨਸਾਨਾਂ ਦਾ ਵਿਕਾਸ ਮੱਛੀਆਂ ਤੇ ਬਾਂਦਰਾਂ ਤੋਂ ਹੋਇਆ ਹੈ, ਵਿਗਿਆਨਕ ਤੌਰ ਤੇ ਗ਼ਲਤ ਹੈ ਕਿਉਂਕਿ ਤਜਰਬਾ ਕਰ ਕੇ ਇਸ ਨੂੰ ਅਜੇ ਤਕ ਸਾਬਤ ਨਹੀਂ ਕੀਤਾ ਜਾ ਸਕਿਆ। (g 9/06)

“ਕੋਈ ਵੀ ਚੀਜ਼ ਆਪਣੇ ਆਪ ਪੈਦਾ ਨਹੀਂ ਹੋ ਸਕਦੀ”

ਕੈੱਨਥ ਲੋਈਡ ਟਾਨਾਕਾ ਦੀ ਨਿੱਜੀ ਜਾਣਕਾਰੀ:

ਮੈਂ ਭੂ-ਵਿਗਿਆਨੀ ਵਜੋਂ ਐਰੀਜ਼ੋਨਾ ਦੇ ਫਲੈਗਸਟਾਫ਼ ਸ਼ਹਿਰ ਵਿਚ ਕੰਮ ਕਰਦਾ ਹਾਂ। ਤਕਰੀਬਨ 30 ਸਾਲਾਂ ਤੋਂ ਮੈਂ ਭੂ-ਵਿਗਿਆਨ ਦੇ ਵੱਖੋ-ਵੱਖਰੇ ਖੇਤਰਾਂ ਵਿਚ ਰਿਸਰਚ ਦਾ ਕੰਮ ਕਰ ਰਿਹਾ ਹਾਂ। ਮੈਂ ਗ੍ਰਹਿਆਂ ਦੀ ਬਣਤਰ ਉੱਤੇ ਵੀ ਰਿਸਰਚ ਕੀਤੀ ਹੈ। ਮੇਰੀ ਰਿਸਰਚ ਦੇ ਕਈ ਲੇਖ ਅਤੇ ਮੰਗਲ ਗ੍ਰਹਿ ਦੇ ਨਕਸ਼ੇ ਮਾਨਤਾ-ਪ੍ਰਾਪਤ ਵਿਗਿਆਨਕ ਰਸਾਲਿਆਂ ਵਿਚ ਛਾਪੇ ਗਏ ਹਨ। ਯਹੋਵਾਹ ਦੇ ਗਵਾਹ ਵਜੋਂ ਮੈਂ ਹਰ ਮਹੀਨੇ ਲਗਭਗ 70 ਘੰਟੇ ਦੂਸਰਿਆਂ ਨੂੰ ਬਾਈਬਲ ਬਾਰੇ ਦੱਸਣ ਵਿਚ ਲਗਾਉਂਦਾ ਹਾਂ।

ਮੈਨੂੰ ਸਿਖਾਇਆ ਗਿਆ ਸੀ ਕਿ ਵਿਕਾਸਵਾਦ ਹੀ ਹਕੀਕਤ ਹੈ। ਪਰ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਵਿਸ਼ਵ ਨੂੰ ਬਣਾਉਣ ਲਈ ਇੰਨੀ ਊਰਜਾ ਕਿੱਥੋਂ ਆਈ ਜੇ ਕੋਈ ਸ਼ਕਤੀਸ਼ਾਲੀ ਸ੍ਰਿਸ਼ਟੀਕਰਤਾ ਨਹੀਂ ਸੀ। ਕੋਈ ਵੀ ਚੀਜ਼ ਆਪਣੇ ਆਪ ਪੈਦਾ ਨਹੀਂ ਹੋ ਸਕਦੀ। ਬਾਈਬਲ ਵਿਚ ਵੀ ਸਬੂਤ ਪਾਇਆ ਜਾਂਦਾ ਹੈ ਕਿ ਸ੍ਰਿਸ਼ਟੀਕਰਤਾ ਹੈ। ਬਾਈਬਲ ਵਿਚ ਕਈ ਗੱਲਾਂ ਹਨ ਜੋ ਭੂ-ਵਿਗਿਆਨ ਨਾਲ ਸਹਿਮਤ ਹਨ। ਮਿਸਾਲ ਲਈ, ਬਾਈਬਲ ਸਾਨੂੰ ਦੱਸਦੀ ਹੈ ਕਿ ਧਰਤੀ ਗੋਲ ਹੈ ਅਤੇ “ਬਿਨਾ ਸਹਾਰੇ” ਦੇ ਲਟਕੀ ਹੋਈ ਹੈ। (ਅੱਯੂਬ 26:7; ਯਸਾਯਾਹ 40:22) ਇਹ ਗੱਲਾਂ ਵਿਗਿਆਨਕ ਖੋਜਾਂ ਤੋਂ ਸਦੀਆਂ ਪਹਿਲਾਂ ਬਾਈਬਲ ਵਿਚ ਲਿਖੀਆਂ ਗਈਆਂ ਸਨ।

ਜ਼ਰਾ ਸੋਚੋ ਕਿ ਇਨਸਾਨ ਅੰਦਰ ਕਿਹੜੀਆਂ ਯੋਗਤਾਵਾਂ ਹਨ। ਸਾਡੇ ਅੰਦਰ ਪੰਜ ਗਿਆਨ-ਇੰਦਰੀਆਂ ਹਨ। ਅਸੀਂ ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਨੂੰ ਪਛਾਣਦੇ ਹਾਂ। ਸਾਡੇ ਵਿਚ ਸੋਚ-ਵਿਚਾਰ ਕਰਨ ਤੇ ਗੱਲਬਾਤ ਕਰਨ ਦੀ ਯੋਗਤਾ ਹੈ। ਇਸ ਦੇ ਨਾਲ-ਨਾਲ ਅਸੀਂ ਇਕ-ਦੂਜੇ ਨਾਲ ਪਿਆਰ ਕਰਨ ਦੇ ਵੀ ਕਾਬਲ ਹਾਂ। ਵਿਕਾਸਵਾਦ ਦੀ ਸਿੱਖਿਆ ਇਹ ਨਹੀਂ ਸਮਝਾ ਸਕਦੀ ਕਿ ਇਹ ਸਾਰੇ ਗੁਣ ਇਨਸਾਨਾਂ ਵਿਚ ਕਿੱਦਾਂ ਪੈਦਾ ਹੋਏ।

ਆਪਣੇ ਆਪ ਤੋਂ ਪੁੱਛੋ, ‘ਵਿਕਾਸਵਾਦ ਨੂੰ ਸਹੀ ਸਾਬਤ ਕਰਨ ਲਈ ਦਿੱਤੀ ਜਾਂਦੀ ਜਾਣਕਾਰੀ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ?’ ਇਸ ਸੰਬੰਧ ਵਿਚ ਪੇਸ਼ ਕੀਤੇ ਗਏ ਭੂ-ਵਿਗਿਆਨਕ ਸਬੂਤ ਅਧੂਰੇ ਅਤੇ ਗੁੰਝਲਦਾਰ ਹਨ ਤੇ ਇਹ ਲੋਕਾਂ ਨੂੰ ਉਲਝਣ ਵਿਚ ਪਾਉਂਦੇ ਹਨ। ਵਿਕਾਸਵਾਦ ਨੂੰ ਮੰਨਣ ਵਾਲੇ ਵਿਗਿਆਨੀਆਂ ਨੇ ਵਿਕਾਸਵਾਦ ਦੇ ਸਿਧਾਂਤ ਨੂੰ ਸਹੀ ਸਾਬਤ ਕਰਨ ਲਈ ਲੈਬਾਰਟਰੀਆਂ ਵਿਚ ਕਈ ਤਜਰਬੇ ਕੀਤੇ ਹਨ, ਪਰ ਉਹ ਇਸ ਨੂੰ ਸਾਬਤ ਕਰਨ ਵਿਚ ਅਸਫ਼ਲ ਰਹੇ ਹਨ। ਅਤੇ ਭਾਵੇਂ ਕਿ ਆਮ ਤੌਰ ਤੇ ਵਿਗਿਆਨੀ ਜਾਣਕਾਰੀ ਇਕੱਠੀ ਕਰਨ ਲਈ ਚੰਗੀ ਰਿਸਰਚ ਕਰਦੇ ਹਨ, ਪਰ ਉਹ ਆਪਣੀ ਰਿਸਰਚ ਤੋਂ ਅਕਸਰ ਉਹੀ ਸਿੱਟੇ ਕੱਢਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨਾਲ ਮਿਲਦੇ-ਜੁਲਦੇ ਹਨ। ਕਈ ਵਿਗਿਆਨੀ ਆਪਣੇ ਖ਼ਿਆਲਾਂ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਦੇ ਹਨ, ਭਾਵੇਂ ਉਨ੍ਹਾਂ ਦੇ ਖ਼ਿਆਲਾਂ ਦਾ ਕੋਈ ਪੱਕਾ ਸਬੂਤ ਨਾ ਵੀ ਹੋਵੇ। ਉਹ ਆਪਣੇ ਕੈਰੀਅਰ, ਰੁਤਬੇ ਅਤੇ ਜਜ਼ਬਾਤਾਂ ਨੂੰ ਸੱਚਾਈ ਜਾਣਨ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ।

ਇਕ ਵਿਗਿਆਨੀ ਵਜੋਂ ਅਤੇ ਇਕ ਬਾਈਬਲ ਵਿਦਿਆਰਥੀ ਵਜੋਂ ਮੈਂ ਹਮੇਸ਼ਾ ਸੱਚਾਈ ਦੀ ਤਲਾਸ਼ ਕਰਦਾ ਹਾਂ, ਉਹ ਸੱਚਾਈ ਜੋ ਸਬੂਤਾਂ ਤੇ ਟਿਕੀ ਹੋਵੇ। ਮੈਨੂੰ ਲੱਗਦਾ ਹੈ ਕਿ ਬਾਈਬਲ ਸਹੀ ਹੈ ਅਤੇ ਸਾਨੂੰ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ।

ਸੈੱਲ ਦਾ ਅਨੋਖਾ ਡੀਜ਼ਾਈਨ

ਪੌਲਾ ਕਿੰਚੀਲੋ ਦੀ ਨਿੱਜੀ ਜਾਣਕਾਰੀ:

ਕਈਆਂ ਸਾਲਾਂ ਤੋਂ ਮੈਂ ਸੈੱਲ, ਅਣੂ-ਵਿਗਿਆਨ ਅਤੇ ਜੀਵਾਣੂ-ਵਿਗਿਆਨ ਦੇ ਖੇਤਰਾਂ ਵਿਚ ਰਿਸਰਚ ਕਰ ਰਹੀ ਹਾਂ। ਇਸ ਵੇਲੇ ਮੈਂ ਅਮਰੀਕਾ ਦੇ ਐਟਲਾਂਟਾ, ਜਾਰਜੀਆ ਵਿਚ ਐਮੋਰੀ ਯੂਨੀਵਰਸਿਟੀ ਵਿਚ ਕੰਮ ਕਰ ਰਹੀ ਹਾਂ। ਇਸ ਦੇ ਨਾਲ-ਨਾਲ ਮੈਂ ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਬਾਈਬਲ ਸਿਖਾਉਂਦੀ ਹਾਂ।

ਜੀਵ-ਵਿਗਿਆਨ ਦੀ ਪੜ੍ਹਾਈ ਕਰਦੇ ਹੋਏ ਮੈਂ ਚਾਰ ਸਾਲ ਸੈੱਲ ਅਤੇ ਇਸ ਦੇ ਮੁੱਖ ਹਿੱਸਿਆਂ ਉੱਤੇ ਡੂੰਘੀ ਖੋਜ ਕੀਤੀ। ਜਿੰਨਾ ਜ਼ਿਆਦਾ ਮੈਂ ਸੈੱਲ ਦੇ ਡੀ. ਐੱਨ. ਏ., ਆਰ. ਐੱਨ. ਏ., ਪ੍ਰੋਟੀਨ ਅਤੇ ਪਾਚਣ-ਪ੍ਰਣਾਲੀਆਂ ਬਾਰੇ ਸਿੱਖਦੀ ਸੀ, ਉੱਨਾ ਹੀ ਜ਼ਿਆਦਾ ਮੈਂ ਸੈੱਲ ਦੀ ਗੁੰਝਲਦਾਰ ਬਣਤਰ ਉੱਤੇ ਹੈਰਾਨ ਹੁੰਦੀ ਸੀ। ਹਰ ਇਕ ਸੈੱਲ ਆਪੋ-ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹੈ। ਭਾਵੇਂ ਇਨਸਾਨਾਂ ਨੇ ਸੈੱਲ ਬਾਰੇ ਬਹੁਤ ਕੁਝ ਸਿੱਖਿਆ ਹੈ, ਪਰ ਹਾਲੇ ਬਹੁਤ ਕੁਝ ਸਿੱਖਣਾ ਬਾਕੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੈੱਲ ਨੂੰ ਕਿਸੇ ਨੇ ਤਾਂ ਡੀਜ਼ਾਈਨ ਕੀਤਾ ਹੈ ਅਤੇ ਮੇਰੇ ਮੁਤਾਬਕ ਇਹ ਰੱਬ ਤੋਂ ਸਿਵਾਇ ਹੋਰ ਕੋਈ ਨਹੀਂ ਹੋ ਸਕਦਾ।

ਬਾਈਬਲ ਪੜ੍ਹ ਕੇ ਮੈਂ ਜਾਣ ਸਕੀ ਹਾਂ ਕਿ ਸ੍ਰਿਸ਼ਟੀਕਰਤਾ ਕੌਣ ਹੈ। ਉਸ ਦਾ ਨਾਂ ਯਹੋਵਾਹ ਹੈ। ਉਹ ਸਿਰਫ਼ ਬੁੱਧੀਮਾਨ ਡੀਜ਼ਾਈਨਕਾਰ ਹੀ ਨਹੀਂ, ਸਗੋਂ ਦਿਆਲੂ ਤੇ ਪਿਆਰ ਕਰਨ ਵਾਲਾ ਪਿਤਾ ਵੀ ਹੈ ਜੋ ਮੇਰੀ ਪਰਵਾਹ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਕਿਉਂ ਸ੍ਰਿਸ਼ਟ ਕੀਤਾ ਅਤੇ ਬਾਈਬਲ ਸਾਨੂੰ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਵੀ ਦਿੰਦੀ ਹੈ।

ਸਕੂਲ ਵਿਚ ਜਦੋਂ ਬੱਚਿਆਂ ਨੂੰ ਵਿਕਾਸਵਾਦ ਦੀ ਥਿਊਰੀ ਸਿਖਾਈ ਜਾਂਦੀ ਹੈ, ਤਾਂ ਉਹ ਉਲਝਣ ਵਿਚ ਪੈ ਜਾਂਦੇ ਹਨ। ਜੋ ਬੱਚੇ ਰੱਬ ਨੂੰ ਮੰਨਦੇ ਹਨ, ਉਨ੍ਹਾਂ ਦੀ ਨਿਹਚਾ ਦੀ ਪਰਖ ਹੁੰਦੀ ਹੈ। ਕਈਆਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਰੱਬ ਨੂੰ ਮੰਨਣ ਜਾਂ ਫਿਰ ਵਿਕਾਸਵਾਦ ਨੂੰ। ਪਰ ਉਹ ਆਪਣੀ ਉਲਝਣ ਦੂਰ ਕਰ ਸਕਦੇ ਹਨ ਜੇ ਉਹ ਕੁਦਰਤ ਦੇ ਅਨੇਕ ਅਜੂਬਿਆਂ ਨੂੰ ਧਿਆਨ ਨਾਲ ਦੇਖਣ ਅਤੇ ਆਪਣੇ ਸ੍ਰਿਸ਼ਟੀਕਰਤਾ ਤੇ ਉਸ ਦੇ ਗੁਣਾਂ ਬਾਰੇ ਸਿੱਖਣ। ਮੈਂ ਖ਼ੁਦ ਇਸ ਤਰ੍ਹਾਂ ਕੀਤਾ ਹੈ ਅਤੇ ਇਹ ਸਿੱਟਾ ਕੱਢਿਆ ਹੈ ਕਿ ਬਾਈਬਲ ਸ੍ਰਿਸ਼ਟੀ ਬਾਰੇ ਜੋ ਕਹਿੰਦੀ ਹੈ, ਉਹ ਬਿਲਕੁਲ ਸੱਚ ਹੈ ਅਤੇ ਵਿਗਿਆਨਕ ਗੱਲਾਂ ਨਾਲ ਸਹਿਮਤ ਹੈ।

ਕੁਦਰਤ ਦੇ ਸ਼ਾਨਦਾਰ ਨਿਯਮ

ਐਂਰੀਕੇ ਅਰਨਾਨਦੇਸ ਲੇਮਸ ਦੀ ਨਿੱਜੀ ਜਾਣਕਾਰੀ:

ਮੈਂ ਯਹੋਵਾਹ ਦਾ ਗਵਾਹ ਹਾਂ। ਇਸ ਦੇ ਨਾਲ-ਨਾਲ ਮੈਂ ਮੈਕਸੀਕੋ ਦੀ ਨੈਸ਼ਨਲ ਯੂਨੀਵਰਸਿਟੀ ਵਿਚ ਭੌਤਿਕ-ਵਿਗਿਆਨੀ ਵੀ ਹਾਂ। ਮੈਂ ਪੁਲਾੜ ਵਿਚ ਗੁਰੂਤਾ-ਖਿੱਚ ਦਾ ਤਾਰਿਆਂ ਤੇ ਪੈਣ ਵਾਲੇ ਅਸਰ ਅਤੇ ਤਾਰਿਆਂ ਦੇ ਵਿਕਾਸ ਦਾ ਅਧਿਐਨ ਕਰਦਾ ਹਾਂ। ਮੈਂ ਡੀ. ਐੱਨ. ਏ. ਦਾ ਅਧਿਐਨ ਵੀ ਕੀਤਾ ਹੈ।

ਜੀਵ-ਜੰਤੂਆਂ ਦੀ ਬਣਤਰ ਇੰਨੀ ਗੁੰਝਲਦਾਰ ਹੈ ਕਿ ਉਹ ਆਪਣੇ ਆਪ ਪੈਦਾ ਹੋ ਹੀ ਨਹੀਂ ਸਕਦੇ। ਮਿਸਾਲ ਲਈ, ਜ਼ਰਾ ਡੀ. ਐੱਨ. ਏ. ਵਿਚ ਪਾਈ ਜਾਂਦੀ ਜਾਣਕਾਰੀ ਦੇ ਭੰਡਾਰ ਬਾਰੇ ਸੋਚੋ। ਕਿਸੇ ਨੇ ਹਿਸਾਬ ਲਾਇਆ ਹੈ ਕਿ ਇਕ ਕ੍ਰੋਮੋਸੋਮ ਦੇ ਆਪਣੇ ਆਪ ਪੈਦਾ ਹੋਣ ਦੀ ਸੰਭਾਵਨਾ 90 ਖਰਬ ਵਿੱਚੋਂ ਇਕ ਤੋਂ ਵੀ ਘੱਟ ਹੈ ਯਾਨੀ ਇਹ ਨਾਮੁਮਕਿਨ ਹੈ। ਜਦ ਇਕ ਛੋਟਾ ਜਿਹਾ ਕ੍ਰੋਮੋਸੋਮ ਆਪਣੇ ਆਪ ਨਹੀਂ ਪੈਦਾ ਹੋ ਸਕਦਾ, ਤਾਂ ਇਹ ਮੰਨਣਾ ਕਿੰਨੀ ਮੂਰਖਤਾ ਹੋਵੇਗੀ ਕਿ ਇੰਨੇ ਗੁੰਝਲਦਾਰ ਡੀਜ਼ਾਈਨਾਂ ਵਾਲੇ ਸਾਰੇ ਜੀਵ-ਜੰਤੂ ਆਪਣੇ ਆਪ ਪੈਦਾ ਹੋ ਗਏ।

ਇਸ ਤੋਂ ਇਲਾਵਾ, ਜਦ ਮੈਂ ਭੌਤਿਕ ਤੱਤਾਂ ਦਾ ਅਧਿਐਨ ਕਰਦਾ ਹਾਂ, ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ। ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਗਲੈਕਸੀਆਂ ਤਕ ਸਾਰੀਆਂ ਚੀਜ਼ਾਂ ਸਾਧਾਰਣ ਕੁਦਰਤੀ ਨਿਯਮਾਂ ਅਨੁਸਾਰ ਚੱਲਦੀਆਂ ਹਨ। ਇਨ੍ਹਾਂ ਨਿਯਮਾਂ ਨੂੰ ਬਣਾਉਣ ਵਾਲਾ ਸਿਰਫ਼ ਮਾਹਰ ਹਿਸਾਬਦਾਨ ਹੀ ਨਹੀਂ, ਸਗੋਂ ਉਹ ਮਹਾਨ ਕਲਾਕਾਰ ਵੀ ਹੈ ਜਿਸ ਨੇ ਸ੍ਰਿਸ਼ਟੀ ਉੱਤੇ ਆਪਣੀ ਮੁਹਰ ਲਾਈ ਹੈ।

ਜਦ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ, ਤਾਂ ਉਹ ਬਹੁਤ ਹੈਰਾਨ ਹੁੰਦੇ ਹਨ। ਕਦੇ-ਕਦੇ ਉਹ ਮੈਨੂੰ ਪੁੱਛਦੇ ਹਨ ਕਿ ਵਿਗਿਆਨੀ ਹੋ ਕੇ ਮੈਂ ਰੱਬ ਨੂੰ ਕਿੱਦਾਂ ਮੰਨ ਸਕਦਾ ਹਾਂ। ਮੈਂ ਸਮਝ ਸਕਦਾ ਹਾਂ ਕਿ ਉਹ ਮੈਨੂੰ ਇਹ ਸਵਾਲ ਕਿਉਂ ਪੁੱਛਦੇ ਹਨ। ਜ਼ਿਆਦਾਤਰ ਧਰਮਾਂ ਵਿਚ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਨੂੰ ਸਾਬਤ ਕਰਨ ਲਈ ਖੋਜ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ। ਲੇਕਿਨ ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ ਕਿ ਜੋ ਸਾਨੂੰ ਸਿਖਾਇਆ ਜਾਂਦਾ ਹੈ, ਉਸ ਉੱਤੇ ਸਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਕਹਾਉਤਾਂ 3:21) ਕੁਦਰਤ ਅਤੇ ਬਾਈਬਲ ਵਿਚ ਮੈਂ ਇਕ ਬੁੱਧੀਮਾਨ ਡੀਜ਼ਾਈਨਕਾਰ ਦਾ ਸਬੂਤ ਦੇਖਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰੱਬ ਸੱਚ-ਮੁੱਚ ਹੈ ਅਤੇ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਮਾਹਰਾਂ ਨੇ ਜੋ ਕਿਹਾ ਹੈ ਉਹ ਉਨ੍ਹਾਂ ਦੇ ਆਪਣੇ ਵਿਚਾਰ ਹਨ, ਨਾ ਕਿ ਉਸ ਕੰਪਨੀ ਜਾਂ ਸੰਸਥਾ ਦੇ ਜਿਸ ਲਈ ਉਹ ਕੰਮ ਕਰਦੇ ਹਨ।

[ਸਫ਼ਾ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Mars in background: Courtesy USGS Astrogeology Research Program, http://astrogeology.usgs.gov