Skip to content

Skip to table of contents

ਇਕੱਠੇ ਖਾਣਾ ਖਾਣ ਨਾਲ ਪਿਆਰ ਵਧਦਾ ਹੈ

ਇਕੱਠੇ ਖਾਣਾ ਖਾਣ ਨਾਲ ਪਿਆਰ ਵਧਦਾ ਹੈ

ਇਕੱਠੇ ਖਾਣਾ ਖਾਣ ਨਾਲ ਪਿਆਰ ਵਧਦਾ ਹੈ

ਕੀ ਤੁਹਾਡਾ ਪਰਿਵਾਰ ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠਾ ਬੈਠ ਕੇ ਰੋਟੀ ਖਾਂਦਾ ਹੈ? ਦੁੱਖ ਦੀ ਗੱਲ ਹੈ ਕਿ ਜ਼ਿੰਦਗੀ ਇੰਨੀ ਰੁਝੇਵਿਆਂ ਭਰੀ ਹੋ ਗਈ ਹੈ ਕਿ ਕਿਸੇ ਕੋਲ ਆਰਾਮ ਨਾਲ ਬੈਠ ਕੇ ਖਾਣਾ ਖਾਣ ਦੀ ਵੀ ਫ਼ੁਰਸਤ ਨਹੀਂ ਹੈ। ਜਦੋਂ ਕਿਸੇ ਨੂੰ ਵਿਹਲ ਮਿਲਦਾ ਹੈ, ਖਾਣਾ ਖਾ ਲੈਂਦਾ ਹੈ। ਇਕੱਠੇ ਬੈਠ ਕੇ ਖਾਣਾ ਖਾਣ ਨਾਲ ਸਿਰਫ਼ ਢਿੱਡ ਦੀ ਹੀ ਭੁੱਖ ਨਹੀਂ ਮਿਟਦੀ, ਸਗੋਂ ਪਿਆਰ ਦੀ ਭੁੱਖ ਵੀ ਮਿਟਦੀ ਹੈ ਜਦ ਸਾਰੇ ਜੀਅ ਬੈਠ ਕੇ ਆਪਣੇ ਦਿਲ ਦੀਆਂ ਕਹਿੰਦੇ ਤੇ ਦੂਏ ਦੀਆਂ ਸੁਣਦੇ ਹਨ।

ਅਲਗਿਰਡਸ ਤੇ ਉਸ ਦੀ ਪਤਨੀ ਰੀਮਾ ਆਪਣੀਆਂ ਤਿੰਨ ਧੀਆਂ ਨਾਲ ਉੱਤਰੀ ਯੂਰਪ ਦੇ ਲਿਥੁਆਨੀਆ ਦੇਸ਼ ਵਿਚ ਰਹਿੰਦੇ ਹਨ। ਅਲਗਿਰਡਸ ਕਹਿੰਦਾ ਹੈ ਕਿ “ਭਾਵੇਂ ਮੈਂ ਨੌਕਰੀ ਕਰਦਾ ਹਾਂ ਤੇ ਮੇਰੀਆਂ ਕੁੜੀਆਂ ਸਕੂਲੇ ਜਾਂਦੀਆਂ ਹਨ, ਫਿਰ ਵੀ ਅਸੀਂ ਆਪਣੇ ਕੰਮ-ਕਾਰਾਂ ਤੋਂ ਵਿਹਲ ਕੱਢ ਕੇ ਰਾਤ ਦੀ ਰੋਟੀ ਇਕੱਠੇ ਬੈਠ ਕੇ ਖਾਂਦੇ ਹਾਂ। ਖਾਣੇ ਦੌਰਾਨ ਅਸੀਂ ਇਕ-ਦੂਜੇ ਨੂੰ ਆਪਣੇ ਦਿਨ ਦਾ ਹਾਲ ਦੱਸਦੇ ਹਾਂ ਤੇ ਆਪਣੀਆਂ ਮੁਸ਼ਕਲਾਂ, ਵਿਚਾਰ, ਪਸੰਦਾਂ ਤੇ ਨਾਪਸੰਦਾਂ ਵੀ ਸਾਂਝੀਆਂ ਕਰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਬਾਰੇ ਵੀ ਗੱਲਾਂ ਕਰਦੇ ਹਾਂ। ਇਕੱਠੇ ਖਾਣਾ ਖਾਣ ਨਾਲ ਸਾਡਾ ਆਪਸ ਵਿਚ ਪਿਆਰ ਵਧਦਾ ਹੈ ਤੇ ਅਸੀਂ ਇਕ-ਦੂਜੇ ਨੂੰ ਬਿਹਤਰ ਜਾਣ ਪਾਉਂਦੇ ਹਾਂ।”

ਰੀਮਾ ਕਹਿੰਦੀ ਹੈ: “ਕੁੜੀਆਂ ਨਾਲ ਮਿਲ ਕੇ ਖਾਣਾ ਤਿਆਰ ਕਰਨ ਨਾਲ ਸਾਨੂੰ ਇਕ-ਦੂਜੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ। ਕੁੜੀਆਂ ਵੀ ਰਸੋਈ ਵਿਚ ਇਕੱਠੀਆਂ ਕੰਮ ਕਰਨਾ ਪਸੰਦ ਕਰਦੀਆਂ ਹਨ ਤੇ ਇਸੇ ਬਹਾਨੇ ਉਹ ਰੋਟੀ-ਟੁੱਕ ਕਰਨਾ ਵੀ ਸਿੱਖ ਰਹੀਆਂ ਹਨ। ਇੱਦਾਂ ਘਰ ਦਾ ਕੰਮ ਵੀ ਹੋ ਜਾਂਦਾ ਹੈ ਤੇ ਹਾਸਾ-ਮਜ਼ਾਕ ਵੀ।”

ਅਲਗਿਰਡਸ, ਰੀਮਾ ਤੇ ਉਨ੍ਹਾਂ ਦੀਆਂ ਕੁੜੀਆਂ ਨੂੰ ਇਕੱਠੇ ਬੈਠ ਕੇ ਖਾਣਾ ਖਾਣ ਦੇ ਕਈ ਫ਼ਾਇਦੇ ਹੋ ਰਹੇ ਹਨ। ਜੇ ਤੁਹਾਨੂੰ ਅਜੇ ਇਕੱਠੇ ਬੈਠ ਕੇ ਖਾਣ ਦੀ ਆਦਤ ਨਹੀਂ ਹੈ, ਤਾਂ ਕਿਉਂ ਨਾ ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਬੈਠ ਕੇ ਖਾਣਾ ਖਾਓ। ਜਿਸ ਪਰਿਵਾਰ ਵਿਚ ਸਿਰਫ਼ ਇਕੱਲੀ ਮਾਂ ਜਾਂ ਪਿਓ ਬੱਚਿਆਂ ਦੀ ਦੇਖ-ਭਾਲ ਕਰਦਾ ਹੈ, ਉਹ ਵੀ ਇਸ ਤਰ੍ਹਾਂ ਕਰ ਸਕਦਾ ਹੈ। ਇਹ ਸੱਚ ਹੈ ਕਿ ਤੁਹਾਨੂੰ ਸ਼ਾਇਦ ਆਪਣੇ ਕੰਮਾਂ-ਕਾਰਾਂ ਵਿਚ ਕੁਝ ਤਬਦੀਲੀਆਂ  ਕਰਨੀਆਂ ਪੈਣ, ਪਰ ਇਸ  ਨਾਲ ਤੁਹਾਨੂੰ ਉੱਨੇ ਹੀ ਫ਼ਾਇਦੇ ਹੋਣਗੇ। (g 11/06)