Skip to content

Skip to table of contents

ਉਸ ਨੂੰ ਬਾਈਬਲ ਦੀਆਂ ਗੱਲਾਂ ਬਹੁਤ ਪਸੰਦ ਸਨ

ਉਸ ਨੂੰ ਬਾਈਬਲ ਦੀਆਂ ਗੱਲਾਂ ਬਹੁਤ ਪਸੰਦ ਸਨ

ਉਸ ਨੂੰ ਬਾਈਬਲ ਦੀਆਂ ਗੱਲਾਂ ਬਹੁਤ ਪਸੰਦ ਸਨ

ਸਾਲ 2005 ਦੇ ਅਖ਼ੀਰ ਵਿਚ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੂੰ ਇਕ ਚਿੱਠੀ ਦੀ ਕਾਪੀ ਮਿਲੀ। ਚਿੱਠੀ ਲਿਖਣ ਵਾਲੀ ਦਾ ਨਾਂ ਸੂਜ਼ਨ ਸੀ ਤੇ ਉਸ ਦੀ ਮਾਂ ਨੇ ਇਹ ਚਿੱਠੀ ਹੈੱਡ-ਕੁਆਰਟਰ ਨੂੰ ਭੇਜੀ ਸੀ। ਸੂਜ਼ਨ ਕੈਂਸਰ ਦੀ ਜਕੜ ਵਿਚ ਆ ਕੇ ਮਈ 2004 ਵਿਚ ਦਮ ਤੋੜ ਗਈ ਸੀ ਜਿਸ ਕਰਕੇ ਉਸ ਦੀ ਚਿੱਠੀ ਅਧੂਰੀ ਰਹਿ ਗਈ। ਫਿਰ ਵੀ ਜਿਨ੍ਹਾਂ ਨੇ ਇਸ ਚਿੱਠੀ ਨੂੰ ਪੜ੍ਹਿਆ, ਉਨ੍ਹਾਂ ਦੇ ਦਿਲ ਭਰ ਆਏ ਅਤੇ ਪਰਮੇਸ਼ੁਰ ਉੱਤੇ ਉਨ੍ਹਾਂ ਦੀ ਨਿਹਚਾ ਹੋਰ ਵੀ ਪੱਕੀ ਹੋਈ।

ਇਸ ਚਿੱਠੀ ਤੇ ਨਾ ਕਿਸੇ ਦਾ ਨਾਂ ਸੀ ਤੇ ਨਾ ਹੀ ਪਤਾ ਜਿਸ ਕਰਕੇ ਸੂਜ਼ਨ ਦੀ ਮਾਂ ਨੂੰ ਇਹ ਚਿੱਠੀ ਕਾਫ਼ੀ ਦੇਰ ਬਾਅਦ ਮਿਲੀ। ਇਸ ਵਿਚ ਸੂਜ਼ਨ ਨੇ ਦੱਸਿਆ ਕਿ 1973 ਵਿਚ ਜਦ ਉਹ 14 ਸਾਲਾਂ ਦੀ ਸੀ, ਤਾਂ ਉਸ ਨੇ ਅਮਰੀਕਾ ਦੇ ਕਨੈਟੀਕਟ ਰਾਜ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਬਜ਼ੁਰਗ ਨੂੰ ਫ਼ੋਨ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਹਾਲਾਤ ਕਿਹੋ ਜਿਹੇ ਸਨ।

ਸੂਜ਼ਨ ਨੇ ਲਿਖਿਆ ਕਿ ਉਸ ਨੇ ਉਸ ਬਜ਼ੁਰਗ ਦਾ ਨੰਬਰ ਟੈਲੀਫ਼ੋਨ ਪੁਸਤਕ ਵਿੱਚੋਂ ਲੱਭਿਆ ਸੀ। “ਉਸ ਸਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨ ਤੋਂ ਬਾਅਦ ਮੈਂ ਫ਼ੈਸਲਾ ਕਰ ਲਿਆ ਕਿ ਇਹੀ ਸੱਚਾਈ ਹੈ। ਪਰ ਮੈਂ ਯਹੋਵਾਹ ਦੇ ਗਵਾਹਾਂ ਨੂੰ ਕਦੇ ਨਹੀਂ ਮਿਲੀ ਸੀ। ਇਸ ਲਈ ਮੈਂ ਟੈਲੀਫ਼ੋਨ ਪੁਸਤਕ ਦੀ ਸੂਚੀ ਵਿੱਚੋਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਮੈਂ ਉਹ ਨੰਬਰ ਘੁਮਾਇਆ ਜਿਸ ਦਾ ਕੋਡ ਸਾਡੇ ਇਲਾਕੇ ਦਾ ਸੀ। ਜਦ ਭਰਾ ਗੇਨਰਿਕ ਨੇ ਮੇਰੇ ਨਾਲ ਗੱਲ ਕੀਤੀ, ਤਾਂ ਉਹ ਇਹ ਸੁਣ ਕੇ ਹੈਰਾਨ ਹੋਏ ਕਿ ਮੈਂ ਕਦੀ ਯਹੋਵਾਹ ਦੇ ਗਵਾਹਾਂ ਨੂੰ ਨਹੀਂ ਮਿਲੀ ਸੀ।” *

ਵੱਡੀ ਸਮੱਸਿਆ

ਸੂਜ਼ਨ ਨੇ ਚਿੱਠੀ ਵਿਚ ਦੱਸਿਆ ਕਿ ਜਦ ਉਹ ਦਸਾਂ ਸਾਲਾਂ ਦੀ ਸੀ, ਤਾਂ ਉਸ ਨੂੰ ਕਨੈਟੀਕਟ ਵਿਚ ਆਪਣੀ ਮਾਸੀ ਨਾਲ ਰਹਿਣ ਲਈ ਭੇਜਿਆ ਗਿਆ ਸੀ। ਰਹਿਣਾ ਤਾਂ ਉਸ ਨੇ ਥੋੜ੍ਹੀ ਦੇਰ ਲਈ ਹੀ ਸੀ, ਪਰ ਕੁਝ ਸਮੇਂ ਬਾਅਦ ਸੂਜ਼ਨ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਕਨੈਟੀਕਟ ਵਿਚ ਹੀ ਰਹਿਣਾ ਚਾਹੁੰਦੀ ਸੀ। ਉਸ ਵੇਲੇ ਉਸ ਦੀ ਮਾਂ ਇਕੱਲੀ ਫ਼ਲੋਰਿਡਾ ਵਿਚ ਰਹਿ ਰਹੀ ਸੀ। ਸੂਜ਼ਨ ਦੀ ਮਾਸੀ ਨੇ ਉਸ ਨਾਲ ਬਹੁਤ ਭੈੜਾ ਸਲੂਕ ਕੀਤਾ। ਸੂਜ਼ਨ ਨੇ ਸਮਝਾਇਆ ਕਿ ਉਸ ਦਾ ਹਾਲ ਕੁਝ ਅਜਿਹਾ ਸੀ ਕਿ ਉਹ ਆਪਣੇ ਤੇ ਅਤਿਆਚਾਰ ਕਰਨ ਵਾਲਿਆਂ ਨਾਲ ਹੀ ਨੇੜਤਾ ਮਹਿਸੂਸ ਕਰਨ ਲੱਗ ਪਈ ਸੀ।

ਸੂਜ਼ਨ ਨੇ ਲਿਖਿਆ: “ਮੇਰੀ ਮਾਸੀ ਅਤੇ ਉਸ ਦਾ ਦੋਸਤ ਮੈਨੂੰ ਬਹੁਤ ਗਾਲ੍ਹਾਂ ਕੱਢਦੇ ਸਨ ਤੇ ਮੈਨੂੰ ਮਾਰਦੇ-ਕੁੱਟਦੇ ਸਨ। ਮਾਸੀ ਦੇ ਘਰ ਬਹੁਤ ਘੱਟ ਲੋਕ ਆਉਂਦੇ-ਜਾਂਦੇ ਸਨ। ਜਦ ਮਾਸੀ ਮੈਨੂੰ ਸਕੂਲ ਜਾਣ ਦਿੰਦੀ ਸੀ, ਤਾਂ ਉਹ ਮੈਨੂੰ ਦੁਪਹਿਰ ਨੂੰ ਖਾਣ ਲਈ ਕੁਝ ਨਹੀਂ ਦਿੰਦੀ ਸੀ। ਭਾਵੇਂ ਮੇਰੀ ਮਾਂ ਮੇਰੀ ਦੇਖ-ਭਾਲ ਲਈ ਕਾਫ਼ੀ ਪੈਸਾ ਭੇਜਦੀ ਸੀ, ਫਿਰ ਵੀ ਮਾਸੀ ਮੈਨੂੰ ਨਵੇਂ ਕੱਪੜੇ ਖ਼ਰੀਦ ਕੇ ਨਹੀਂ ਦਿੰਦੀ ਸੀ। ਮੇਰੇ ਕੋਲ ਹੇਠ ਪਾਉਣ ਵਾਲੇ ਕੱਪੜਿਆਂ ਦਾ ਇੱਕੋ ਸੈੱਟ ਸੀ ਜਦ ਕਿ ਮੇਰੇ ਨਾਲੋਂ ਛੋਟੀਆਂ ਮਾਸੀ ਦੀਆਂ ਦੋ ਕੁੜੀਆਂ ਕੋਲ ਸਭ ਕੁਝ ਸੀ।” ਘਰ ਦਾ ਅਜਿਹਾ ਮਾਹੌਲ ਹੋਣ ਕਰਕੇ ਸੂਜ਼ਨ ਜਾਣਦੀ ਸੀ ਕਿ ਜਦ ਉਸ ਦੀ ਮਾਸੀ ਨੂੰ ਪਤਾ ਲੱਗੇਗਾ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ, ਤਾਂ ਉਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ।

ਸੂਜ਼ਨ ਨੇ ਬਾਈਬਲ ਦਾ ਗਿਆਨ ਕਿਵੇਂ ਲਿਆ?

ਸੂਜ਼ਨ ਨੇ ਲਿਖਿਆ: “ਭਰਾ ਗੇਨਰਿਕ ਨੇ ਮੈਨੂੰ ਲੌਰਾ ਨਾਂ ਦੀ ਮਸੀਹੀ ਭੈਣ ਨਾਲ ਮਿਲਾਇਆ ਅਤੇ ਉਸ ਨੇ ਮੇਰੇ ਢੇਰ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ। ਅਸੀਂ ਅਕਸਰ ਘਰ ਤੋਂ ਬਾਹਰ ਇਕ ਲਾਂਡਰੀ ਵਿਚ (ਜਿੱਥੇ ਲੋਕ ਪੈਸਾ ਪਾ ਕੇ ਵਾਸ਼ਿੰਗ-ਮਸ਼ੀਨ ਵਰਤ ਸਕਦੇ ਹਨ) ਇਕ-ਦੂਜੇ ਨੂੰ ਮਿਲਦੀਆਂ ਹੁੰਦੀਆਂ ਸੀ।” ਸੂਜ਼ਨ ਨੇ ਸਮਝਾਇਆ ਕਿ ਉਸ ਸਮੇਂ ਤਕ ਉਸ ਨੇ ਕਦੀ ਵੀ ਕਿਸੇ ਗੱਲ ਬਾਰੇ ਆਪ ਫ਼ੈਸਲਾ ਨਹੀਂ ਕੀਤਾ ਸੀ। ਪਰ ਇਸ ਭੈਣ ਨਾਲ ਗੱਲਾਂ-ਬਾਤਾਂ ਕਰ ਕੇ ਅਤੇ ਬਾਈਬਲ ਤੇ ਆਧਾਰਿਤ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਵਰਗੀਆਂ ਪੁਸਤਕਾਂ ਪੜ੍ਹ ਕੇ ਉਸ ਨੇ ਇਕ ਫ਼ੈਸਲਾ ਕੀਤਾ।

ਸੂਜ਼ਨ ਨੇ ਲਿਖਿਆ: “ਮੈਨੂੰ ਯਾਦ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਸੀ ਜਦ ਮੈਂ ਆਪਣੀ ਮਾਸੀ ਨੂੰ ਦੱਸ ਦਿੱਤਾ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਬਾਰੇ ਗੱਲਬਾਤ ਕਰ ਰਹੀ ਸੀ। ਉਸ ਨੇ ਮੈਨੂੰ ਸਾਰੀ ਰਾਤ ਰਸੋਈ ਵਿਚ ਖੜ੍ਹੀ ਰੱਖਿਆ। ਇਸ ਤੋਂ ਬਾਅਦ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿ ਮੈਂ ਯਹੋਵਾਹ ਦੀ ਗਵਾਹ ਬਣਾਂਗੀ।”

ਭਰਾ ਗੇਨਰਿਕ ਸੂਜ਼ਨ ਨੂੰ ਪੁਸਤਕਾਂ-ਰਸਾਲੇ ਦਿੰਦਾ ਰਿਹਾ ਤਾਂਕਿ ਉਹ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੇ। ਸੂਜ਼ਨ ਨੇ ਕਿਹਾ: “ਮੈਨੂੰ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਦੀ 1974 ਯੀਅਰ ਬੁੱਕ ਯਾਦ ਹੈ ਕਿਉਂਕਿ ਇਸ ਵਿਚ ਦੱਸਿਆ ਗਿਆ ਸੀ ਕਿ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਨਾਜ਼ੀ ਜਰਮਨੀ ਵਿਚ ਗਵਾਹਾਂ ਨੇ ਅਤਿਆਚਾਰ ਕਿਵੇਂ ਸਹੇ ਸਨ। . . . ਉਦੋਂ ਮੈਂ ਭਰਾ ਗੇਨਰਿਕ ਨੂੰ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਗਾਣੇ ਰਿਕਾਰਡ ਕਰ ਕੇ ਮੈਨੂੰ ਦੇ ਦੇਣ ਤਾਂਕਿ ਮੈਂ ਉਨ੍ਹਾਂ ਨੂੰ ਸਿੱਖ ਸਕਾਂ। ਇਕ ਸਾਲ ਦੇ ਅੰਦਰ-ਅੰਦਰ ਮੈਂ 1966 ਦੀ ਗੀਤ ਪੁਸਤਕ ਦੇ ਸਾਰੇ 119 ਗਾਣੇ ਮੂੰਹ-ਜ਼ਬਾਨੀ ਸਿੱਖ ਲਏ।”

“ਭਰਾ ਗੇਨਰਿਕ ਨੇ ਮੈਨੂੰ ਬਾਈਬਲ ਦੇ ਭਾਸ਼ਣ, ਨਾਟਕ ਅਤੇ ਸੰਮੇਲਨ ਪ੍ਰੋਗ੍ਰਾਮ ਵੀ ਰਿਕਾਰਡ ਕਰ ਕੇ ਦਿੱਤੇ। ਉਹ ਇਕ ਖ਼ਾਸ ਸੜਕ ਤੇ ਟੈਲੀਫ਼ੋਨ ਦੇ ਇਕ ਖੰਭੇ ਲਾਗੇ ਇਹ ਚੀਜ਼ਾਂ ਛੱਡ ਜਾਂਦੇ ਸਨ ਅਤੇ ਮੈਂ ਉਨ੍ਹਾਂ ਨੂੰ ਉੱਥੋਂ ਚੁੱਕ ਲੈਂਦੀ ਸੀ। . . . ਮੈਂ ਹਾਲੇ ਤਕ ਯਹੋਵਾਹ ਦੇ ਗਵਾਹਾਂ ਦੀ ਇਕ ਵੀ ਸਭਾ ਵਿਚ ਨਹੀਂ ਗਈ ਸੀ। ਇਸ ਹਾਲਤ ਵਿਚ ਮੈਂ ਬਹੁਤੀ ਤਰੱਕੀ ਨਾ ਕਰ ਸਕੀ। ਇਸ ਗੱਲੋਂ ਨਿਰਾਸ਼ ਹੋ ਕੇ ਮੈਂ ਗਵਾਹਾਂ ਨੂੰ ਮਿਲਣਾ-ਗਿਲਣਾ ਛੱਡ ਦਿੱਤਾ।”

ਸੂਜ਼ਨ ਨੇ ਕਿਹਾ ਕਿ ਅਗਲੇ ਦੋ ਸਾਲ ਬਹੁਤ ਮੁਸ਼ਕਲ ਸਨ। ਉਹ ਸਿਰਫ਼ ਦੋ ਗਵਾਹਾਂ ਨੂੰ ਜਾਣਦੀ ਸੀ ਤੇ ਉਸ ਨੇ ਦੋਹਾਂ ਨੂੰ ਮਿਲਣਾ ਛੱਡ ਦਿੱਤਾ ਸੀ। ਪਰ ਉਸ ਨੇ ਅੱਗੇ ਕਿਹਾ: “ਜਿਹੜੇ ਗਾਣੇ ਮੈਂ ਯਾਦ ਕੀਤੇ ਸਨ, ਉਨ੍ਹਾਂ ਨੇ ਮੇਰਾ ਜੀਣਾ ਔਖਾ ਕਰ ਦਿੱਤਾ।” ਕਿਉਂ? “ਕਿਉਂਕਿ ਗਾਣਿਆਂ ਦੇ ਸ਼ਬਦ ਮੇਰੇ ਮਨ ਵਿਚ ਆਉਂਦੇ ਰਹਿੰਦੇ ਸਨ, ਜਿਵੇਂ ‘ਯਾਹ ਦੇ ਸਿਪਾਹੀਓ, ਆਰਾਮ ਦੀ ਜ਼ਿੰਦਗੀ ਨਾ ਭਾਲੋ।’ ਮੈਂ ਜਾਣਦੀ ਸੀ ਕਿ ਇਕ ਭਰਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੇ ਇਕ ਤਸ਼ੱਦਦ ਕੈਂਪ ਵਿਚ ਇਹ ਸ਼ਬਦ ਲਿਖੇ ਸਨ। ਇਸ ਕਰਕੇ ਮੇਰਾ ਮਨ ਹੋਰ ਵੀ ਦੁਖੀ ਹੋਇਆ। ਮੈਨੂੰ ਲੱਗਦਾ ਸੀ ਕਿ ਮੈਂ ਬੁਜ਼ਦਿਲ ਸੀ ਅਤੇ ਯਹੋਵਾਹ ਮੇਰੇ ਤੋਂ ਨਿਰਾਸ਼ ਹੋ ਚੁੱਕਾ ਸੀ।”

ਮਾਸੀ ਦੇ ਘਰੋਂ ਆਜ਼ਾਦ

“ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਉਸ ਸਮੇਂ ਆਇਆ ਜਦ ਮੈਂ 18 ਸਾਲਾਂ ਦੀ ਹੋਈ। ਕਈ ਸਾਲਾਂ ਤੋਂ ਯਹੋਵਾਹ ਦਾ ਕੋਈ ਵੀ ਗਵਾਹ ਸਾਡੇ ਘਰ ਨਹੀਂ ਆਇਆ ਸੀ ਕਿਉਂਕਿ ਸਾਡਾ ਘਰ ਉਨ੍ਹਾਂ ਘਰਾਂ ਦੀ ਸੂਚੀ ਵਿਚ ਸ਼ਾਮਲ ਸੀ ਜਿੱਥੇ ਗਵਾਹਾਂ ਨੂੰ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਸੀ। ਪਰ ਉਸ ਦਿਨ ਕਿਸੇ ਹੋਰ ਕਲੀਸਿਯਾ ਦੀ ਇਕ ਭੈਣ ਅਣਜਾਣੇ ਵਿਚ ਸਾਡੇ ਘਰ ਆ ਗਈ। ਮੈਂ ਉਸ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕੀ ਕਿਉਂਕਿ ਮੈਂ ਇਕੱਲੀ ਘਰ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਸ਼ਨੀਵਾਰ ਦੇ ਦਿਨ ਮੈਂ ਇਕੱਲੀ ਘਰ ਸੀ। ਇਸ ਤੋਂ ਮੈਨੂੰ ਲੱਗਾ ਕਿ ਯਹੋਵਾਹ ਦਾ ਸਾਥ ਅਜੇ ਵੀ ਮੇਰੇ ਨਾਲ ਸੀ। ਮੈਂ ਭਰਾ ਗੇਨਰਿਕ ਨੂੰ ਫ਼ੋਨ ਕਰ ਕੇ ਦੱਸਿਆ ਕਿ ਮੈਂ ਘਰ ਛੱਡਣ ਲਈ ਤਿਆਰ ਸਾਂ। ਆਖ਼ਰਕਾਰ ਗਵਾਹਾਂ ਦੀ ਮਦਦ ਨਾਲ ਮੈਂ ਮਾਸੀ ਦੇ ਘਰੋਂ ਆਜ਼ਾਦ ਹੋ ਗਈ।”

ਅਪ੍ਰੈਲ 1977 ਵਿਚ ਸੂਜ਼ਨ ਕਿਸੇ ਹੋਰ ਇਲਾਕੇ ਵਿਚ ਰਹਿਣ ਚਲੀ ਗਈ। ਉਸ ਨੇ ਆਪਣੀ ਚਿੱਠੀ ਵਿਚ ਲਿਖਿਆ: “ਫਿਰ ਮੈਂ ਸਾਰੀਆਂ ਸਭਾਵਾਂ ਅਤੇ ਸੰਮੇਲਨਾਂ ਵਿਚ ਜਾ ਸਕੀ ਅਤੇ ਮੈਂ ਪ੍ਰਚਾਰ ਵੀ ਕਰਨ ਲੱਗ ਪਈ। ਮੈਂ ਆਪਣੀ ਮਾਂ ਨਾਲ ਵੀ ਗੱਲ ਕੀਤੀ ਜੋ ਕੁਝ ਸਾਲਾਂ ਤੋਂ ਅਲਾਸਕਾ ਵਿਚ ਰਹਿ ਰਹੀ ਸੀ। ਉਸ ਨੂੰ ਇਸ ਬਾਰੇ ਜ਼ਰਾ ਵੀ ਪਤਾ ਨਹੀਂ ਸੀ ਕਿ ਇੰਨੇ ਸਾਲਾਂ ਦੌਰਾਨ ਮਾਸੀ ਨੇ ਮੇਰੇ ਨਾਲ ਕਿੰਨਾ ਭੈੜਾ ਵਰਤਾਅ ਕੀਤਾ ਸੀ। ਇਸ ਬਾਰੇ ਜਾਣ ਕੇ ਉਹ ਬਹੁਤ ਦੁਖੀ ਹੋਈ। ਉਸ ਨੇ ਇਕਦਮ ਮੇਰੀ ਮਦਦ ਕੀਤੀ ਤੇ ਮੈਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਮੈਨੂੰ ਲੋੜ ਸੀ। ਉਹ ਬਾਈਬਲ ਵਿਚ ਦਿਲਚਸਪੀ ਲੈਂਦੀ ਸੀ, ਇਸ ਲਈ 1978 ਵਿਚ ਮੈਂ ਉਸ ਨਾਲ ਰਹਿਣ ਲਈ ਅਲਾਸਕਾ ਚਲੀ ਗਈ। ਅਖ਼ੀਰ ਵਿਚ ਉਹ ਵੀ ਗਵਾਹ ਬਣ ਗਈ ਅਤੇ ਉਹ ਅੱਜ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਹੈ।

“ਜਦੋਂ ਮੈਂ ਸਭਾਵਾਂ ਵਿਚ ਜਾਣਾ ਸ਼ੁਰੂ ਹੀ ਕੀਤਾ ਸੀ, ਉਦੋਂ ਭਰਾ ਗੇਨਰਿਕ ਨੇ ਕੁਝ ਭੈਣਾਂ-ਭਰਾਵਾਂ ਲਈ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਜਾਣ ਦਾ ਇੰਤਜ਼ਾਮ ਕੀਤਾ। ਉਨ੍ਹਾਂ ਨੇ ਮੈਨੂੰ ਵੀ ਨਾਲ ਜਾਣ ਲਈ ਕਿਹਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫ਼ਾ ਸੀ ਕਿਉਂਕਿ ਉੱਥੇ ਜਾ ਕੇ ਮੈਂ ਯਹੋਵਾਹ ਦੀ ਸੰਸਥਾ ਦੀ ਕਦਰ ਕਰਨੀ ਸਿੱਖੀ। ਬਸ ਇਹੋ ਹੈ ਮੇਰੀ ਦਾਸਤਾਨ। ਇਸ ਤੋਂ ਪਹਿਲਾਂ ਕਿ ਮੇਰਾ ਆਖ਼ਰੀ ਸਾਹ ਨਿਕਲ ਜਾਵੇ, ਮੈਂ ਇਹ ਚਿੱਠੀ ਪੂਰੀ ਕਰਨੀ ਚਾਹੁੰਦੀ ਹਾਂ। ਇਸ ਲਈ ਮੈਂ ਸਾਰਾ ਕੁਝ ਵਿਸਤਾਰ ਨਾਲ ਨਹੀਂ ਲਿਖਿਆ, ਸਗੋਂ ਖ਼ਾਸ-ਖ਼ਾਸ ਗੱਲਾਂ ਹੀ ਦੱਸੀਆਂ ਹਨ।”

ਇਸ ਲੇਖ ਵਿਚ ਅਸੀਂ ਕੁਝ ਹੀ ਗੱਲਾਂ ਦੱਸੀਆਂ ਹਨ ਜੋ ਸੂਜ਼ਨ ਦੀ ਸਾਢੇ ਛੇ ਸਫ਼ਿਆਂ ਵਾਲੀ ਚਿੱਠੀ ਵਿਚ ਲਿਖੀਆਂ ਹਨ। ਚਿੱਠੀ ਦੇ ਅਖ਼ੀਰ ਵਿਚ ਉਸ ਨੇ ਲਿਖਿਆ: “ਪਿੱਛਲੇ ਮਹੀਨੇ ਹਸਪਤਾਲ ਵਿਚ ਮੇਰੀ ਤਬੀਅਤ ਬਹੁਤ ਹੀ ਵਿਗੜ ਗਈ ਤੇ ਮੈਨੂੰ ਲੱਗਾ ਕਿ ਮੇਰੇ ਬਚਣ ਦੀ ਕੋਈ ਉਮੀਦ ਨਹੀਂ। . . . ਮੈਂ ਯਹੋਵਾਹ ਅੱਗੇ ਦੁਆ ਕੀਤੀ ਕਿ ਜੇ ਮੇਰੀ ਸਿਹਤ ਸਿਰਫ਼ ਦੋ ਹਫ਼ਤਿਆਂ ਲਈ ਠੀਕ ਰਹੇ, ਤਾਂ ਮੈਂ ਆਪਣੇ ਕੁਝ ਅਧੂਰੇ ਕੰਮ ਪੂਰੇ ਕਰ ਲਵਾਂਗੀ। . . . ਮੈਂ ਜਾਣਦੀ ਹਾਂ ਕਿ ਮੈਂ ਇਸ ਦੁਨੀਆਂ ਵਿਚ ਕੁਝ ਹੀ ਪਲਾਂ ਦੀ ਮਹਿਮਾਨ ਹਾਂ। ਪਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਸੱਚਾਈ ਵਿਚ ਬਿਤਾਏ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਰਹੇ ਹਨ।”

ਚਿੱਠੀ ਦੇ ਅਖ਼ੀਰ ਵਿਚ ਸੂਜ਼ਨ ਨੇ ਆਪਣਾ ਨਾਂ ਨਹੀਂ ਲਿਖਿਆ ਸੀ ਤੇ ਨਾ ਹੀ ਇਹ ਚਿੱਠੀ ਕਦੀ ਭੇਜੀ ਗਈ ਸੀ। ਜਿਨ੍ਹਾਂ ਨੂੰ ਇਹ ਚਿੱਠੀ ਲੱਭੀ ਸੀ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਕਿਸ ਨੂੰ ਭੇਜੀ ਜਾਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਅਸੀਂ ਸ਼ੁਰੂ ਵਿਚ ਕਿਹਾ ਸੀ, ਉਨ੍ਹਾਂ ਨੇ ਅਖ਼ੀਰ ਵਿਚ ਇਹ ਚਿੱਠੀ ਸੂਜ਼ਨ ਦੀ ਮਾਂ ਨੂੰ ਭੇਜ ਦਿੱਤੀ।

ਸੂਜ਼ਨ ਬਾਰੇ ਹੋਰ ਜਾਣਕਾਰੀ

ਸੂਜ਼ਨ ਨੇ 14 ਅਪ੍ਰੈਲ 1979 ਵਿਚ ਬਪਤਿਸਮਾ ਲਿਆ। ਉਸ ਤੋਂ ਕੁਝ ਸਮੇਂ ਬਾਅਦ ਉਸ ਦੀ ਮਾਂ ਫ਼ਲੋਰਿਡਾ ਵਾਪਸ ਚਲੀ ਗਈ। ਸੂਜ਼ਨ ਅਲਾਸਕਾ ਵਿਚ ਰਹੀ ਕਿਉਂਕਿ ਨੌਰਥ ਪੋਲ ਕਲੀਸਿਯਾ ਵਿਚ ਉਸ ਦੇ ਬਹੁਤ ਸਾਰੇ ਦੋਸਤ-ਮਿੱਤਰ ਸਨ। ਉਸ ਨੇ ਪਾਇਨੀਅਰ ਵਜੋਂ ਸੇਵਾ ਕੀਤੀ। ਫਿਰ ਉਹ ਵੀ ਫ਼ਲੋਰਿਡਾ ਰਹਿਣ ਚਲੀ ਗਈ ਅਤੇ 1991 ਵਿਚ ਉਸ ਨੇ ਇਕ ਪਾਇਨੀਅਰ ਭਰਾ ਨਾਲ ਸ਼ਾਦੀ ਕੀਤੀ ਜੋ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਸੀ। ਸੂਜ਼ਨ ਦਾ ਪਤੀ ਉਸ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਦਮ ਤੋੜ ਗਿਆ ਸੀ।

ਸਾਰੇ ਲੋਕ ਸੂਜ਼ਨ ਤੇ ਉਸ ਦੇ ਪਤੀ ਨੂੰ ਬਹੁਤ ਪਿਆਰ ਕਰਦੇ ਸਨ। ਇਹ ਪਤੀ-ਪਤਨੀ ਉੱਨਾ ਚਿਰ ਇਕੱਠੇ ਪ੍ਰਚਾਰ ਕਰਦੇ ਰਹੇ ਜਿੰਨਾ ਚਿਰ ਸੂਜ਼ਨ ਦੀ ਤਬੀਅਤ ਠੀਕ ਰਹੀ। ਸੂਜ਼ਨ ਨੇ ਪਾਇਨੀਅਰ ਵਜੋਂ ਲਗਭਗ 20 ਸਾਲ ਸੇਵਾ ਕੀਤੀ। ਫ਼ਲੋਰਿਡਾ ਵਿਚ ਉਸ ਦੇ ਅੰਤਿਮ-ਸੰਸਕਾਰ ਤੇ ਦਿੱਤੇ ਭਾਸ਼ਣ ਨੂੰ ਅਲਾਸਕਾ ਦੀ ਨੌਰਥ ਪੋਲ ਕਲੀਸਿਯਾ ਦੇ ਭੈਣ-ਭਰਾਵਾਂ ਨੇ ਟੈਲੀਫ਼ੋਨ ਰਾਹੀਂ ਸੁਣਿਆ।

ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਸੂਜ਼ਨ ਦੀ ਚਿੱਠੀ ਤੋਂ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਿੰਨੀਆਂ ਬਰਕਤਾਂ ਦਿੰਦਾ ਹੈ। ਸਾਡੇ ਕੋਲ ਕਿੰਨੀ ਸ਼ਾਨਦਾਰ ਉਮੀਦ ਹੈ ਕਿ ਯਹੋਵਾਹ ਦੇ ਮਰੇ ਹੋਏ ਵਫ਼ਾਦਾਰ ਸੇਵਕ ਫਿਰ ਤੋਂ ਜੀ ਉੱਠਣਗੇ। (ਰਸੂਲਾਂ ਦੇ ਕਰਤੱਬ 24:15) ਸੂਜ਼ਨ ਦੀ ਜ਼ਿੰਦਗੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਦੇ ਨੇੜੇ ਆਉਂਦੇ ਹਨ।—ਯਾਕੂਬ 4:7, 8. (g 12/06)

[ਫੁਟਨੋਟ]

^ ਪੈਰਾ 4 ਦੁੱਖ ਦੀ ਗੱਲ ਹੈ ਕਿ 1993 ਵਿਚ ਇਕ ਭਿਆਨਕ ਹਾਦਸੇ ਵਿਚ ਭਰਾ ਗੇਨਰਿਕ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।

[ਸਫ਼ੇ 23 ਉੱਤੇ ਸੁਰਖੀ]

“ਸੱਚਾਈ ਵਿਚ ਬਿਤਾਏ ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਰਹੇ ਹਨ”

[ਸਫ਼ੇ 21 ਉੱਤੇ ਤਸਵੀਰ]

ਦਸਾਂ ਸਾਲਾਂ ਦੀ ਸੂਜ਼ਨ

[ਸਫ਼ੇ 23 ਉੱਤੇ ਤਸਵੀਰ]

ਸਜ਼ੂਨ ਆਪਣੇ ਪਤੀ ਜੇਮਜ਼ ਸੀਮੌਰ ਨਾਲ