Skip to content

Skip to table of contents

ਕਿਵੇਂ ਸਰੂ ਗਧਿਆਂ ਤੋਂ ਬਗੈਰ?

ਕਿਵੇਂ ਸਰੂ ਗਧਿਆਂ ਤੋਂ ਬਗੈਰ?

ਕਿਵੇਂ ਸਰੂ ਗਧਿਆਂ ਤੋਂ ਬਗੈਰ?

ਇਥੋਪੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇਥੋਪੀਆ ਜਨਸੰਖਿਆ ਦੇ ਮਾਮਲੇ ਵਿਚ ਦੁਨੀਆਂ ਵਿਚ 16ਵੇਂ ਨੰਬਰ ਤੇ ਹੈ। ਇਸ ਦੀ ਰਾਜਧਾਨੀ ਅਦਿਸ ਅਬਾਬਾ ਹੈ ਜਿਸ ਵਿਚ ਗਧੇ ਆਵਾਜਾਈ ਦਾ ਮੁੱਖ ਸਾਧਨ ਹਨ। ਗਧਿਆਂ ਨੂੰ ਆਪਣਾ ਰਾਹ ਤੇ ਮੰਜ਼ਲ ਪਤਾ ਹੁੰਦੀ ਹੈ ਅਤੇ ਇਹ ਆਪਣੀ ਮੰਜ਼ਲ ਵੱਲ ਬੇਖ਼ੌਫ਼ ਵਧਦੇ ਹਨ। ਇਸ ਲਈ ਆਮ ਕਰਕੇ ਕਾਰਾਂ ਵਗੈਰਾ ਦੇ ਡ੍ਰਾਈਵਰ ਇਨ੍ਹਾਂ ਦੇ ਪਾਸਿਓਂ ਦੀ ਆਪਣੀਆਂ ਗੱਡੀਆਂ ਲੰਘਾ ਕੇ ਲੈ ਜਾਂਦੇ ਹਨ। ਭਾਵੇਂ ਗਧੇ ਟ੍ਰੈਫਿਕ ਵਿਚ ਜ਼ਰਾ ਵੀ ਨਹੀਂ ਘਬਰਾਉਂਦੇ, ਪਰ ਉਨ੍ਹਾਂ ਤੇ ਲੱਦਿਆ ਮਾਲ ਦੋਵੇਂ ਪਾਸਿਆਂ ਨੂੰ ਫੈਲਿਆ ਹੁੰਦਾ ਹੈ ਜਿਸ ਕਰਕੇ ਮਾਲ ਨੂੰ ਟ੍ਰੈਫਿਕ ਵਿੱਚੋਂ ਦੀ ਲੈ ਕੇ ਜਾਣਾ ਕੋਈ ਸੌਖਾ ਕੰਮ ਨਹੀਂ। ਇਹ ਪਿਛਾਹਾਂ ਮੁੜ ਕੇ ਨਹੀਂ ਦੇਖਦੇ। ਇਸ ਲਈ ਜੇ ਤੁਸੀਂ ਇਨ੍ਹਾਂ ਤੇ ਲੱਦੇ ਕੋਲਿਆਂ, ਪਾਥੀਆਂ ਜਾਂ ਹੋਰ ਸਾਮਾਨ ਤੋਂ ਬਚ ਕੇ ਰਹਿਣਾ ਚਾਹੁੰਦੇ ਹੋ, ਤਾਂ ਇਨ੍ਹਾਂ ਤੋਂ ਪਰੇ ਰਹੋ। ਇਸ ਵਿਚ ਤੁਹਾਡਾ ਹੀ ਭਲਾ ਹੈ!

ਇਥੋਪੀਆ ਵਿਚ ਗਧਿਆਂ ਦੀ ਸੰਖਿਆ ਅੰਦਾਜ਼ਨ ਪੰਜਾਹ ਲੱਖ ਹੈ, ਮਤਲਬ ਕਿ ਹਰ 12 ਬੰਦਿਆਂ ਪ੍ਰਤਿ ਇਕ ਗਧਾ। ਇਥੋਪੀਆ ਵਿਚ ਲੱਖਾਂ ਹੀ ਲੋਕ ਪਹਾੜੀ ਇਲਾਕਿਆਂ ਵਿਚ ਰਹਿੰਦੇ ਹਨ ਜਿਨ੍ਹਾਂ ਵਿਚ ਡੂੰਘੀਆਂ-ਡੂੰਘੀਆਂ ਖਾਈਆਂ ਹਨ। ਇਸ ਦੇ ਮੱਧ ਵਿਚ ਪੈਂਦੇ ਪਠਾਰ ਵਿੱਚੋਂ ਕਾਫ਼ੀ ਛੋਟੀਆਂ-ਛੋਟੀਆਂ ਨਦੀਆਂ ਲੰਘਦੀਆਂ ਹਨ। ਐਸੇ ਇਲਾਕਿਆਂ ਵਿਚ ਇਥੋਪੀਆ ਦੀ ਸਰਕਾਰ ਲਈ ਪੁਲ ਜਾਂ ਇੱਥੋਂ ਤਕ ਕਿ ਕੱਚੀਆਂ ਸੜਕਾਂ ਵੀ ਬਣਾਉਣੀਆਂ ਬਹੁਤ ਮਹਿੰਗੀਆਂ ਹਨ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਤਕੜੇ ਪੈਰਾਂ ਵਾਲੇ ਗਧੇ ਆਵਾਜਾਈ ਦਾ ਵਧੀਆ ਸਾਧਨ ਹਨ।

ਗਧੇ ਇਥੋਪੀਆ ਦੇ ਹਰ ਮੌਸਮ ਵਿਚ ਰਹਿ ਸਕਦੇ ਹਨ, ਚਾਹੇ ਇਹ ਖੁੱਲ੍ਹੇ ਮੈਦਾਨਾਂ ਦਾ ਖ਼ੁਸ਼ਕ ਤੇ ਗਰਮ ਮੌਸਮ ਹੋਵੇ ਜਾਂ ਫਿਰ ਪਹਾੜੀਆਂ ਦੀ ਸਰਦੀ ਹੋਵੇ। ਗਧਿਆਂ ਲਈ ਸਿੱਧੀਆਂ ਢਲਾਣਾਂ, ਭੀੜੀਆਂ ਜਾਂ ਚਿੱਕੜ ਵਾਲੀਆਂ ਪਗਡੰਡੀਆਂ, ਪੱਥਰਾਂ ਨਾਲ ਭਰੇ ਦਰਿਆਵਾਂ ਤੇ ਉੱਚੀਆਂ-ਨੀਵੀਆਂ ਥਾਵਾਂ ਤੇ ਚੜ੍ਹਨਾ-ਉੱਤਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ। ਗਧੇ ਉਨ੍ਹਾਂ ਥਾਵਾਂ ਤੇ ਪਹੁੰਚ ਸਕਦੇ ਹਨ ਜਿੱਥੇ ਨਾ ਘੋੜੇ ਤੇ ਨਾ ਹੀ ਊਠ ਪਹੁੰਚ ਸਕਦੇ ਹਨ। ਲੱਖਾਂ ਹੀ ਲੋਕ ਮਾਲ ਢੋਹਣ ਲਈ ਗਧਿਆਂ ਨੂੰ ਵਰਤਦੇ ਹਨ, ਖ਼ਾਸ ਕਰਕੇ ਉਦੋਂ ਜਦੋਂ ਘਰ ਅਜਿਹੇ ਇਲਾਕੇ ਵਿਚ ਹੋਵੇ ਜਿੱਥੇ ਗੱਡੀ ਦਾ ਆਉਣਾ ਮੁਸ਼ਕਲ ਹੁੰਦਾ ਹੈ।

ਗਧਿਆਂ ਲਈ ਵਾੜਾਂ ਜਾਂ ਭੀੜੇ ਮੋੜਾਂ ਵਾਲੀਆਂ ਗਲ਼ੀਆਂ ਵਿੱਚੋਂ ਲੰਘਣਾ ਵੀ ਕੋਈ ਔਖਾ ਕੰਮ ਨਹੀਂ। ਉਨ੍ਹਾਂ ਨੂੰ ਮਹਿੰਗੇ ਟਾਇਰਾਂ ਦੀ ਲੋੜ ਵੀ ਨਹੀਂ ਪੈਂਦੀ ਤੇ ਤਿਲਕਵੀਆਂ ਥਾਵਾਂ ਤੇ ਵੀ ਚੱਲਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਗਧਿਆਂ ਨੂੰ ਕਾਰਖ਼ਾਨਿਆਂ ਵਗੈਰਾ ਦਾ ਮਾਲ ਢੋਹਣ ਲਈ ਵੀ ਵਰਤਿਆ ਜਾਂਦਾ ਹੈ। ਉਹ ਕਿਸੇ ਵੀ ਜਗ੍ਹਾ ਹਰ ਤਰ੍ਹਾਂ ਦਾ ਛੋਟਾ-ਵੱਡਾ ਮਾਲ ਢੋਅ ਸਕਦੇ ਹਨ। ਜਦ ਕਿ ਟ੍ਰੈਫਿਕ ਵਿਚ ਫਸੇ ਡ੍ਰਾਈਵਰ ਗੁੱਸੇ ਵਿਚ ਹਾਰਨ ਹੀ ਵਜਾ ਸਕਦੇ ਹਨ, ਗਧੇ ਟ੍ਰੈਫਿਕ ਵਿੱਚੋਂ ਦੀ ਫੱਟਾ-ਫੱਟ ਕਿਤੇ ਦੀ ਕਿਤੇ ਪਹੁੰਚ ਜਾਂਦੇ ਹਨ। ਪੁਲਸ ਵੀ ਕਿਸੇ ਗਧੇ ਨੂੰ ਜੁਰਮਾਨਾ ਨਹੀਂ ਲਾ ਸਕਦੀ ਜਦ ਕੋਈ ਗਧਾ ਵਨ-ਵੇ ਸੜਕ ਤੇ ਉਲਟੀ ਦਿਸ਼ਾ ਤੋਂ ਆ ਜਾਵੇ। ਗਧਿਆਂ ਲਈ ਤਾਂ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਹੁੰਦੀ। ਇਕ ਗਧੇ ਦਾ ਭਾਅ ਤਕਰੀਬਨ 50 ਡਾਲਰ (2,250 ਰੁਪਏ) ਹੁੰਦਾ ਹੈ, ਪਰ ਗੱਡੀ ਦੀ ਕੀਮਤ ਦੇ ਮੁਕਾਬਲੇ ਇਹ ਕੁਝ ਵੀ ਨਹੀਂ।

ਅਦਿਸ ਅਬਾਬਾ ਵਿਚ ਗਧੇ

ਰੋਜ਼ ਸਵੇਰ ਨੂੰ ਹਜ਼ਾਰਾਂ ਹੀ ਗਧੇ 25 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਕਰ ਕੇ ਅਦਿਸ ਅਬਾਬਾ ਜਾਂਦੇ ਹਨ ਜਿਸ ਦੀ ਆਬਾਦੀ 30 ਲੱਖ ਹੈ। ਬੁੱਧਵਾਰ ਤੇ ਸਿਨੱਚਰਵਾਰ ਬਹੁਤ ਆਵਾਜਾਈ ਹੁੰਦੀ ਹੈ ਕਿਉਂਕਿ ਇਨ੍ਹੀ ਦਿਨੀਂ ਮਾਰਕਿਟ ਲੱਗਦੀ ਹੈ। ਇਨ੍ਹਾਂ ਨੂੰ ਮੰਡੀ ਪਹੁੰਚਣ ਵਿਚ ਘੱਟੋ-ਘੱਟ ਤਿੰਨ ਘੰਟੇ ਲੱਗ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਘਰੋਂ ਸੁਵਖਤੇ ਨਿਕਲਣਾ ਪੈਂਦਾ ਹੈ। ਕਈ ਵਾਰ ਗਧਿਆਂ ਦੇ ਮਾਲਕ ਉਨ੍ਹਾਂ ਦੇ ਨਾਲ-ਨਾਲ ਤੁਰਦੇ ਹਨ ਪਰ ਜ਼ਿਆਦਾਤਰ ਉਨ੍ਹਾਂ ਨੂੰ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਦੌੜਨਾ ਪੈਂਦਾ ਹੈ।

ਉਹ ਦਾਣਿਆਂ ਦੀਆਂ ਬੋਰੀਆਂ, ਸਬਜ਼ੀਆਂ, ਬਾਲਣ, ਸੀਮਿੰਟ, ਕੋਲੇ, ਤੇਲ ਦੇ ਡਰੰਮ ਤੇ ਪਾਣੀ ਦੀਆਂ ਬੋਤਲਾਂ ਦੇ ਬਕਸੇ ਢੋਂਦੇ ਹਨ। ਕਈ ਗਧੇ 90 ਕਿਲੋ ਤੋਂ ਵੀ ਜ਼ਿਆਦਾ ਭਾਰ ਢੋਂਦੇ ਹਨ। ਬਾਂਸ ਜਾਂ ਸਫ਼ੈਦੇ ਦੀਆਂ ਬੱਲੀਆਂ ਗਧਿਆਂ ਦੇ ਪਾਸਿਆਂ ਤੇ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਉਹ ਆਪਣੇ ਪਿੱਛੇ-ਪਿੱਛੇ ਸੜਕ ਤੇ ਘੜੀਸਦੇ ਹਨ। ਨਜ਼ਾਰਾ ਤਾਂ ਉਦੋਂ ਦੇਖਣ ਵਾਲਾ ਹੁੰਦਾ ਜਦੋਂ ਗਧੇ ਉੱਤੇ ਇੰਨਾ ਘਾਹ-ਫੂਸ ਲੱਦਿਆ ਹੋਇਆ ਹੁੰਦਾ ਹੈ ਕਿ ਉਹ ਹੇਠਾਂ ਨਜ਼ਰ ਹੀ ਨਹੀਂ ਆਉਂਦਾ!

ਭਾਰ ਨਾਲ ਲੱਦਿਆ ਗਧਾ ਸਵੇਰ ਨੂੰ ਮੰਡੀ ਵੱਲ ਤੇਜ਼-ਤੇਜ਼ ਨੱਠਦਾ ਹੈ। ਮਾਲ ਮੰਡੀ ਵਿਚ ਵਿਕਣ ਤੋਂ ਬਾਅਦ ਜਦ ਗਧਾ ਆਪਣੇ ਮਾਲਕ ਨਾਲ ਘਰ ਨੂੰ ਵਾਪਸ ਆਉਂਦਾ ਹੈ, ਤਾਂ ਇਹ ਸੜਕ ਤੇ ਆਪਣੀ ਮਸਤ ਚਾਲੇ ਚੱਲਦਾ ਹੈ ਤੇ ਆਸੇ-ਪਾਸੇ ਚਰਨ ਲਈ ਮੂੰਹ ਮਾਰਦਾ ਰਹਿੰਦਾ ਹੈ। ਜਿਸ ਦਿਨ ਗਧਾ ਮੰਡੀ ਨਹੀਂ ਜਾਂਦਾ ਉਸ ਦਿਨ ਵੀ ਘਰੇ ਪਾਣੀ ਤੇ ਬਾਲਣ ਢੋਂਹਦਾ ਹੈ। ਕਈ ਲੋਕ ਗਧਿਆਂ ਨੂੰ ਭਾੜੇ ਤੇ ਦਿੰਦੇ ਹਨ। ਕਈਆਂ ਕੋਲ ਕਈ-ਕਈ ਗਧੇ ਹੁੰਦੇ ਹਨ ਤੇ ਕਿਸੇ ਫੈਕਟਰੀ ਵਗੈਰਾ ਦਾ ਮਾਲ ਢੋਹਣ ਲਈ ਇਨ੍ਹਾਂ ਨੂੰ ਵਰਤਦੇ ਹਨ। ਕਈਆਂ ਇਲਾਕਿਆਂ ਵਿਚ ਗਧੇ ਰੇੜ੍ਹੇ ਖਿੱਚਦੇ ਹਨ ਤੇ ਕਈ ਵਾਰ ਦੋ-ਦੋ ਕਰਕੇ ਕਰ ਕੇ ਗੱਡੇ ਵੀ ਖਿੱਚਦੇ ਹਨ।

ਕਾਬਲ-ਏ-ਤਾਰੀਫ਼

ਗਧਿਆਂ ਦੀ ਸਾਂਭ-ਸੰਭਾਲ ਤੇ ਕੋਈ ਖ਼ਾਸ ਖ਼ਰਚਾ ਨਹੀਂ ਆਉਂਦਾ। ਇਨ੍ਹਾਂ ਦੇ ਖਾਣੇ-ਪੀਣੇ ਦੀ ਚਿੰਤਾ ਵੀ ਨਹੀਂ ਕਰਨੀ ਪੈਂਦੀ, ਇਹ ਜੋ ਮੂੰਹ ਲੱਗੇ ਖਾ ਲੈਂਦੇ ਹਨ। ਚੰਗੀ ਦੇਖ-ਭਾਲ ਕੀਤੀ ਜਾਵੇ, ਤਾਂ ਇਨ੍ਹਾਂ ਦਾ ਆਪਣੇ ਮਾਲਕਾਂ ਨਾਲ ਮੋਹ ਪੈ ਜਾਂਦਾ ਹੈ। ਇਹ ਘੋੜਿਆਂ ਨਾਲੋਂ ਜ਼ਿਆਦਾ ਸਮਝਦਾਰ ਹਨ। ਇਹ ਕਦੇ ਵੀ ਰਾਹ ਨਹੀਂ ਭੁੱਲਦੇ। ਇਹ ਤਕਰੀਬਨ ਅੱਠ ਕਿਲੋਮੀਟਰ ਦੇ ਫ਼ਾਸਲੇ ਤੋਂ ਇਕੱਲੇ ਪਾਣੀ ਲਿਆ ਸਕਦੇ ਹਨ। ਲੋੜ ਬਸ ਇਹ ਹੁੰਦੀ ਹੈ ਕਿ ਕੋਈ ਜਣਾ ਇਨ੍ਹਾਂ ਤੇ ਪਾਣੀ ਲੱਦਣ ਤੇ ਲਾਹੁਣ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਗਲਾਂ ਵਿਚ ਘੰਟੀਆਂ ਟੰਗੀਆਂ ਜਾਂਦੀਆਂ ਹਨ ਤਾਂਕਿ ਲੋਕ ਜਾਣ ਸਕਣ ਕਿ ਗਧਾ ਸਮਾਨ ਲੈ ਕੇ ਆ ਰਿਹਾ ਹੈ।

ਗਧੇ ਹੈ ਤਾਂ ਮਿਹਨਤੀ ਪਸ਼ੂ ਪਰ ਥੋੜ੍ਹੇ ਢੀਠ ਵੀ ਹੁੰਦੇ ਹਨ। ਹੱਦੋਂ ਵਧ ਮਾਲ ਲੱਦਣ ਤੇ ਇਹ ਅੜ ਜਾਂਦੇ ਹਨ। ਆਰਾਮ ਕਰਨ ਦੇ ਸੰਬੰਧ ਵਿਚ ਵੀ ਇਹ ਆਪਣੀ ਮਰਜ਼ੀ ਦੇ ਮਾਲਕ ਹਨ। ਜਦ ਕਦੀ ਮਾਲ ਚੰਗੀ ਤਰ੍ਹਾਂ ਨਾ ਬੰਨ੍ਹਿਆ ਹੋਵੇ ਤੇ ਗਧੇ ਨੂੰ ਤਕਲੀਫ਼ ਹੁੰਦੀ ਹੋਵੇ, ਤਾਂ ਇਹ ਬੈਠ ਜਾਂਦਾ ਹੈ। ਮਾਲਕ ਭੁਲੇਖੇ ਨਾਲ ਇਹ ਸਮਝ ਬੈਠਦਾ ਹੈ ਕਿ ਗਧਾ ਅੜੀ ਕਰ ਰਿਹਾ ਹੈ ਜਿਸ ਕਰਕੇ ਉਹ ਇਸ ਨੂੰ ਗਾਲ਼ਾਂ ਕੱਢਣ ਜਾਂ ਕੁੱਟਣ-ਮਾਰਨ ਲੱਗ ਪੈਂਦਾ ਹੈ। ਤੁਹਾਨੂੰ ਸ਼ਾਇਦ ਬਾਈਬਲ ਦੀ ਕਹਾਣੀ ਯਾਦ ਹੋਵੇ ਜਿਸ ਵਿਚ ਇਵੇਂ ਹੀ ਹੋਇਆ ਸੀ।—ਗਿਣਤੀ 22:20-31.

ਮਾਲਕਾਂ ਨੂੰ ਗਧਿਆਂ ਦੀ ਕਦਰ ਅਤੇ ਦੇਖ-ਭਾਲ ਕਰਨ ਦੀ ਲੋੜ ਹੈ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਗਧੇ ਉੱਤੇ ਮਾਲ ਚੰਗੀ ਤਰ੍ਹਾਂ ਬੰਨ੍ਹਿਆਂ ਨਾ ਹੋਣ ਕਰਕੇ ਮਾਲ ਖਿਸਕ ਜਾਂਦਾ ਹੈ ਤੇ ਗਧਾ ਟੋਏ ਵਿਚ ਜਾ ਡਿੱਗਦਾ ਹੈ। ਉਸ ਦੀਆਂ ਲੱਤਾਂ ਟੁੱਟ ਜਾਂਦੀਆਂ ਹਨ! ਇਨ੍ਹਾਂ ਮਿਹਨਤੀ ਪਸ਼ੂਆਂ ਨੂੰ ਫੋੜ੍ਹੇ, ਤਰ੍ਹਾਂ-ਤਰ੍ਹਾਂ ਦੇ ਕੀੜੇ, ਗਲ਼ੇ ਹੋਏ ਪੈਰ, ਨਮੂਨੀਆ ਤੇ ਦੂਸਰੀਆਂ ਤਕਲੀਫ਼ਾਂ ਕਮਜ਼ੋਰ ਕਰ ਸਕਦੀਆਂ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਦਿਸ ਅਬਾਬਾ ਤੋਂ ਥੋੜ੍ਹੀ ਦੂਰ ਡਬਰੀ ਜ਼ੇਤ ਸ਼ਹਿਰ ਵਿਚ ਹੁਣ ਗਧਿਆਂ ਦਾ ਨਵਾਂ ਹਸਪਤਾਲ ਖੋਲ੍ਹਿਆ ਗਿਆ ਹੈ। ਉੱਥੇ ਕੰਪਿਊਟਰ, ਇਲਾਜ ਲਈ ਕਮਰੇ, ਐਂਬੂਲੈਂਸਾਂ ਤੇ ਓਪਰੇਸ਼ਨ ਰੂਮ ਹੈ। ਸਾਲ 2002 ਵਿਚ ਇੱਥੇ ਤਕਰੀਬਨ 40,000 ਗਧਿਆਂ ਦਾ ਇਲਾਜ ਕੀਤਾ ਗਿਆ ਸੀ।

ਅਬਰਾਹਾਮ ਆਪਣੇ ਗਧੇ ਉੱਤੇ ਸਵਾਰ ਹੋ ਕੇ ਪਹਾੜੀ ਇਲਾਕੇ ਵਿੱਚੋਂ ਲੰਘ ਕੇ ਮੋਰੀਆਹ ਪਹਾੜ ਤੇ ਗਿਆ ਸੀ। (ਉਤਪਤ 22:3) ਇਸਰਾਏਲ ਵਿਚ ਗਧਿਆਂ ਨੂੰ ਕਾਫ਼ੀ ਕੰਮਾਂ ਲਈ ਵਰਤਿਆ ਜਾਂਦਾ ਸੀ। ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਜਦ ਯਿਸੂ ਮਸੀਹ ਯਰੂਸ਼ਲਮ ਆਇਆ ਸੀ, ਤਾਂ ਉਹ ਇਕ ਗਧੇ ਤੇ ਸਵਾਰ ਹੋ ਕੇ ਆਇਆ ਸੀ।—ਮੱਤੀ 21:1-9.

ਇਥੋਪੀਆ ਵਿਚ ਵੀ ਲੋਕ ਗਧਿਆਂ ਨੂੰ ਬਹੁਤ ਚਿਰ ਤੋਂ ਆਪਣੇ ਕੰਮਾਂ-ਕਾਰਾਂ ਲਈ ਵਰਤਦੇ ਆਏ ਹਨ ਤੇ ਅੱਜ ਵੀ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਵਰਤ ਰਹੇ ਹਨ। ਸਮੇਂ ਦੌਰਾਨ ਭਾਵੇਂ ਟਰੱਕਾਂ ਤੇ ਗੱਡੀਆਂ ਦੇ ਮਾਡਲ ਬਦਲ ਗਏ ਹਨ, ਪਰ ਗਧੇ ਦਾ ਮਾਡਲ ਨਹੀਂ ਬਦਲਿਆ। ਵਾਕਈ ਹੀ ਇਹ ਜਾਨਵਰ ਕਾਬਲ-ਏ-ਤਾਰੀਫ਼ ਹੈ! (g 12/06)

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

‘The Donkey Sanctuary’, Sidmouth, Devon, UK