Skip to content

Skip to table of contents

ਕੀ ਵਿਆਹ ਤੋਂ ਪਹਿਲਾਂ ਪ੍ਰੇਮੀ-ਪ੍ਰੇਮਿਕਾ ਲਈ ਸੈਕਸ ਕਰਨਾ ਸਹੀ ਹੈ?

ਕੀ ਵਿਆਹ ਤੋਂ ਪਹਿਲਾਂ ਪ੍ਰੇਮੀ-ਪ੍ਰੇਮਿਕਾ ਲਈ ਸੈਕਸ ਕਰਨਾ ਸਹੀ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵਿਆਹ ਤੋਂ ਪਹਿਲਾਂ ਪ੍ਰੇਮੀ-ਪ੍ਰੇਮਿਕਾ ਲਈ ਸੈਕਸ ਕਰਨਾ ਸਹੀ ਹੈ?

ਇ ਕ ਸਰਵੇ ਵਿਚ 90 ਫੀ ਸਦੀ ਨੌਜਵਾਨਾਂ ਨੇ ਕਿਹਾ ਕਿ ਜੇ ਮੁੰਡਾ-ਕੁੜੀ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਤਾਂ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਨਹੀਂ ਹੈ। ਅੱਜ-ਕੱਲ੍ਹ ਇਹ ਗੱਲ ਮੀਡੀਆ ਵਿਚ ਵੀ ਦਿਖਾਈ ਜਾਂਦੀ ਹੈ। ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ ਵਿਚ ਇਹੀ ਦਿਖਾਇਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਪ੍ਰੇਮੀ-ਪ੍ਰੇਮਿਕਾ ਲਈ ਸੈਕਸ ਕਰਨਾ ਠੀਕ ਹੈ।

ਪਰ ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਹ ਦੁਨੀਆਂ ਦੇ ਮਗਰ ਨਹੀਂ ਲੱਗਦੇ ਕਿਉਂਕਿ ਸਾਰਾ ਸੰਸਾਰ ਸ਼ਤਾਨ ਦੇ ਵੱਸ ਵਿਚ ਹੈ। (1 ਯੂਹੰਨਾ 5:19) ਨਾ ਹੀ ਉਹ ਸਿਰਫ਼ ਆਪਣੇ ਦਿਲ ਦੀ ਸੁਣਦੇ ਹਨ ਕਿਉਂਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਇਸ ਦੀ ਬਜਾਇ ਬੁੱਧੀਮਾਨ ਲੋਕ ਪਰਮੇਸ਼ੁਰ ਦੀ ਸੁਣਦੇ ਹਨ ਅਤੇ ਬਾਈਬਲ ਦੀ ਸਲਾਹ ਉੱਤੇ ਚੱਲਦੇ ਹਨ।—ਕਹਾਉਤਾਂ 3:5, 6; 2 ਤਿਮੋਥਿਉਸ 3:16.

ਸੈਕਸ ਰੱਬੀ ਦਾਤ ਹੈ

ਯਾਕੂਬ 1:17 ਵਿਚ ਲਿਖਿਆ ਹੈ ਕਿ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” ਵਿਆਹ ਤੋਂ ਬਾਅਦ ਪਤੀ-ਪਤਨੀ ਇਕ-ਦੂਸਰੇ ਤੋਂ ਜੋ ਜਿਨਸੀ ਸੁਖ ਪਾਉਂਦੇ ਹਨ, ਉਹ ਪਰਮੇਸ਼ੁਰ ਦੀ ਇਕ ਦਾਤ ਹੈ। (ਰੂਥ 1:9; 1 ਕੁਰਿੰਥੀਆਂ 7:2, 7) ਪਰਮੇਸ਼ੁਰ ਨੇ ਇਹ ਦਾਤ ਬੱਚੇ ਪੈਦਾ ਕਰਨ ਲਈ ਦਿੱਤੀ ਹੈ। ਇਸ ਤੋਂ ਇਲਾਵਾ, ਇਸ ਨਾਲ ਪਤੀ-ਪਤਨੀ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਤੇ ਪਿਆਰ ਵਧਦਾ ਹੈ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਪ੍ਰਾਚੀਨ ਸਮੇਂ ਦੇ ਰਾਜਾ ਸੁਲੇਮਾਨ ਨੇ ਲਿਖਿਆ: “ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। . . . ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ।”—ਕਹਾਉਤਾਂ 5:18, 19.

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀਆਂ ਦਾਤਾਂ ਤੋਂ ਆਨੰਦ ਪਾਈਏ। ਇਸ ਲਈ ਉਸ ਨੇ ਸਾਨੂੰ ਵਧੀਆ ਅਸੂਲ ਅਤੇ ਨਿਯਮ ਦਿੱਤੇ ਹਨ ਜਿਨ੍ਹਾਂ ਅਨੁਸਾਰ ਚੱਲ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 19:7, 8) ਯਹੋਵਾਹ ਹੀ ਹੈ ਜੋ “ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਉਹ ਪਿਆਰ ਦੀ ਜੀਉਂਦੀ-ਜਾਗਦੀ ਮਿਸਾਲ ਹੈ। ਤਾਂ ਫਿਰ, ਕੀ ਉਹ ਸਾਨੂੰ ਉਸ ਚੀਜ਼ ਤੋਂ ਵਾਂਝਿਆ ਰੱਖੇਗਾ ਜੋ ਸਾਡੇ ਭਲੇ ਲਈ ਹੈ? ਹਰਗਿਜ਼ ਨਹੀਂ!—ਜ਼ਬੂਰਾਂ ਦੀ ਪੋਥੀ 34:10; 37:4; 84:11; 1 ਯੂਹੰਨਾ 4:8.

ਵਿਆਹ ਤੋਂ ਪਹਿਲਾਂ ਸੈਕਸ ਕਰਨਾ ਪਿਆਰ ਦਾ ਅਪਮਾਨ ਹੈ

ਮੁੰਡਾ-ਕੁੜੀ ਵਿਆਹ ਦੇ ਬੰਧਨ ਵਿਚ ਬੱਝ ਕੇ ਮਾਨੋ “ਇੱਕ ਸਰੀਰ” ਹੋ ਜਾਂਦੇ ਹਨ। ਜਦ ਕੁਆਰੇ ਮੁੰਡਾ-ਕੁੜੀ ਸੈਕਸ ਕਰਦੇ ਹਨ, ਤਾਂ ਉਹ ਵੀ “ਇੱਕ ਦੇਹੀ” ਹੋ ਜਾਂਦੇ ਹਨ। ਪਰ ਇਹ ਹਰਾਮਕਾਰੀ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। * ਇਸ ਤੋਂ ਇਲਾਵਾ, ਅਜਿਹੇ ਨਾਜਾਇਜ਼ ਸੰਬੰਧ ਪਿਆਰ ਦਾ ਅਪਮਾਨ ਕਰਦੇ ਹਨ। ਉਹ ਕਿਸ ਤਰ੍ਹਾਂ?—ਮਰਕੁਸ 10:7-9; 1 ਕੁਰਿੰਥੀਆਂ 6:9, 10, 16.

ਇਕ ਗੱਲ ਤਾਂ ਇਹ ਹੈ ਕਿ ਮੁੰਡਾ-ਕੁੜੀ ਸੈਕਸ ਕਰਨ ਲਈ ਤਾਂ ਤਿਆਰ ਹੁੰਦੇ ਹਨ, ਪਰ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ ਤਿਆਰ ਨਹੀਂ ਹੁੰਦੇ। ਵਿਆਹ ਤੋਂ ਪਹਿਲਾਂ ਸੈਕਸ ਕਰ ਕੇ ਮੁੰਡੇ-ਕੁੜੀ ਦੀ ਜ਼ਿੰਦਗੀ ਖ਼ਰਾਬ ਹੋ ਸਕਦੀ ਹੈ। ਮਿਸਾਲ ਲਈ, ਕੁੜੀ ਜਾਂ ਮੁੰਡੇ ਦੇ ਦਿਲ ਨੂੰ ਗਹਿਰੀ ਸੱਟ ਲੱਗ ਸਕਦੀ ਹੈ ਤੇ ਉਹ ਆਪਣੀਆਂ ਨਜ਼ਰਾਂ ਵਿਚ ਡਿੱਗ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕੋਈ ਜਿਨਸੀ ਰੋਗ ਲੱਗ ਸਕਦਾ ਹੈ ਜਾਂ ਅਣਚਾਹਿਆ ਗਰਭ ਠਹਿਰ ਸਕਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਪਰਮੇਸ਼ੁਰ ਦੇ ਧਰਮੀ ਅਸੂਲਾਂ ਨੂੰ ਤੋੜਦੇ ਹਨ। ਸੋ ਸਰੀਰਕ ਸੰਬੰਧ ਬਣਾ ਕੇ ਮੁੰਡਾ-ਕੁੜੀ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਇਕ-ਦੂਜੇ ਦੀ ਭਲਾਈ ਤੇ ਖ਼ੁਸ਼ੀ ਦੀ ਕੋਈ ਪਰਵਾਹ ਨਹੀਂ ਹੈ।

ਸਾਨੂੰ ਇਕ ਹੋਰ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ। ਹਰਾਮਕਾਰੀ ਕਰਨ ਨਾਲ ਅਸੀਂ ਆਪਣੇ ਮਸੀਹੀ ਭਰਾ ਜਾਂ ਭੈਣ ਦੇ “ਹੱਕ ਤੇ ਡਾਕਾ” ਮਾਰ ਰਹੇ ਹੋਵਾਂਗੇ। (1 ਥੱਸਲੁਨੀਕੀਆਂ 4:3-6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ, ਜੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੇ ਮੁੰਡਾ-ਕੁੜੀ ਵਿਆਹ ਕੀਤੇ ਬਿਨਾਂ ਸੈਕਸ ਕਰਦੇ ਹਨ, ਤਾਂ ਉਹ ਮਸੀਹੀ ਕਲੀਸਿਯਾ ਨੂੰ ਅਪਵਿੱਤਰ ਕਰਦੇ ਹਨ। (ਇਬਰਾਨੀਆਂ 12:15, 16) ਜਿਸ ਵਿਅਕਤੀ ਨਾਲ ਉਹ ਨਾਜਾਇਜ਼ ਸੰਬੰਧ ਕਾਇਮ ਕਰਦੇ ਹਨ, ਉਹ ਉਸ ਦੇ ਨੇਕ ਚਾਲ-ਚਲਣ ਨੂੰ ਖ਼ਰਾਬ ਕਰ ਦਿੰਦੇ ਹਨ। ਜੇ ਉਹ ਵਿਅਕਤੀ ਬਾਅਦ ਵਿਚ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝਣਾ ਚਾਹੇਗਾ, ਤਾਂ ਉਸ ਨੂੰ ਇਸ ਗੱਲ ਦਾ ਪਛਤਾਵਾ ਰਹੇਗਾ ਕਿ ਉਸ ਨੇ ਆਪਣੀ ਪਵਿੱਤਰਤਾ ਨੂੰ ਗੁਆ ਕੇ ਆਪਣੇ ਪਤੀ ਜਾਂ ਪਤਨੀ ਨੂੰ ਉਸ ਦੇ ਜਾਇਜ਼ ਹੱਕ ਤੋਂ ਵਾਂਝਾ ਕੀਤਾ ਹੈ। ਮੁੰਡਾ-ਕੁੜੀ ਦੋਹਾਂ ਦੇ ਪਰਿਵਾਰਾਂ ਦੇ ਨਾਂ ਤੇ ਵੀ ਧੱਬਾ ਲੱਗ ਜਾਂਦਾ ਹੈ ਤੇ ਉਨ੍ਹਾਂ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਪਰਮੇਸ਼ੁਰ ਦੇ ਹੁਕਮ ਤੋੜ ਕੇ ਉਸ ਦਾ ਅਪਮਾਨ ਹੀ ਨਹੀਂ ਕਰਦੇ, ਸਗੋਂ ਉਸ ਨੂੰ ਦੁੱਖ ਵੀ ਪਹੁੰਚਾਉਂਦੇ ਹਨ। (ਜ਼ਬੂਰਾਂ ਦੀ ਪੋਥੀ 78:40, 41) ਅਜਿਹੇ ਬੁਰੇ ਕੰਮ ਕਰ ਕੇ ਨਾ ਪਛਤਾਉਣ ਵਾਲਿਆਂ ਦਾ ਯਹੋਵਾਹ ‘ਬਦਲਾ ਲਵੇਗਾ।’ (1 ਥੱਸਲੁਨੀਕੀਆਂ 4:6) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਹੀ ਬਾਈਬਲ ਸਾਨੂੰ ਕਹਿੰਦੀ ਹੈ ਕਿ “ਹਰਾਮਕਾਰੀ ਤੋਂ ਭੱਜੋ।”—1 ਕੁਰਿੰਥੀਆਂ 6:18.

ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਉਸ ਨਾਲ ਸ਼ਾਦੀ ਕਰਨ ਵਾਲੇ ਹੋ? ਤਾਂ ਕਿਉਂ ਨਾ ਇਹ ਸਮਾਂ ਵਿਆਹ ਦੀ ਪੱਕੀ ਨੀਂਹ ਧਰਨ ਲਈ ਵਰਤੋ। ਹੁਣ ਤੋਂ ਹੀ ਇਕ-ਦੂਜੇ ਦੇ ਭਰੋਸੇ ਦੇ ਲਾਇਕ ਬਣੋ ਅਤੇ ਇਕ-ਦੂਜੇ ਦੀ ਇੱਜ਼ਤ ਕਰਨੀ ਸਿੱਖੋ। ਜ਼ਰਾ ਸੋਚੋ: ਇਕ ਕੁੜੀ ਉਸ ਮੁੰਡੇ ਦੀ ਕਿੱਦਾਂ ਕਦਰ ਕਰ ਸਕਦੀ ਹੈ ਜੋ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕਦਾ? ਜਾਂ ਇਕ ਮੁੰਡਾ ਉਸ ਕੁੜੀ ਨੂੰ ਕਿਵੇਂ ਪਿਆਰ ਕਰ ਸਕਦਾ ਹੈ ਜੋ ਆਪਣੀ ਕਾਮ-ਪੂਰਤੀ ਲਈ ਜਾਂ ਮੁੰਡੇ ਨੂੰ ਖ਼ੁਸ਼ ਕਰਨ ਲਈ ਪਰਮੇਸ਼ੁਰ ਦੇ ਨਿਯਮ ਤੋੜਦੀ ਹੈ?

ਯਾਦ ਰੱਖੋ ਕਿ ਪਰਮੇਸ਼ੁਰ ਦੇ ਹੁਕਮ ਤੋੜ ਕੇ ਇਨਸਾਨ ਜੋ ਕੁਝ ਬੀਜਦਾ ਹੈ ਸੋ ਵੱਢੇਗਾ ਵੀ। (ਗਲਾਤੀਆਂ 6:7) ਬਾਈਬਲ ਕਹਿੰਦੀ ਹੈ: “ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” (1 ਕੁਰਿੰਥੀਆਂ 6:18; ਕਹਾਉਤਾਂ 7:5-27) ਇਹ ਸੱਚ ਹੈ ਕਿ ਜੇ ਮੁੰਡਾ-ਕੁੜੀ ਵਿਆਹ ਕੀਤੇ ਬਿਨਾਂ ਸੈਕਸ ਕਰਨ ਤੋਂ ਬਾਅਦ ਸੱਚੇ ਦਿਲੋਂ ਤੋਬਾ ਕਰਨ, ਪਰਮੇਸ਼ੁਰ ਵੱਲ ਮੁੜਨ ਅਤੇ ਫਿਰ ਇਕ-ਦੂਜੇ ਤੇ ਭਰੋਸਾ ਕਰਨਾ ਸਿੱਖ ਜਾਣ, ਤਾਂ ਸ਼ਾਇਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਸੁਖੀ ਹੋ ਸਕਦੀ ਹੈ। ਪਰ ਆਮ ਤੌਰ ਤੇ ਅਤੀਤ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਇਕ ਸ਼ਾਦੀ-ਸ਼ੁਦਾ ਜੋੜਾ ਵਿਆਹ ਤੋਂ ਪਹਿਲਾਂ ਸੈਕਸ ਕਰ ਕੇ ਬਾਅਦ ਵਿਚ ਬਹੁਤ ਪਛਤਾ ਰਿਹਾ ਹੈ। ਉਸ ਪਤੀ ਦਾ ਕਹਿਣਾ ਹੈ ਕਿ ‘ਸਾਡੇ ਵਿਚ ਅਕਸਰ ਅਣਬਣ ਰਹਿੰਦੀ ਹੈ। ਇਹ ਸ਼ਾਇਦ ਵਿਆਹ ਤੋਂ ਪਹਿਲਾਂ ਸਾਡੇ ਵੱਲੋਂ ਕੀਤੀ ਗ਼ਲਤੀ ਦਾ ਨਤੀਜਾ ਹੈ ਜਿਸ ਨੇ ਸਾਡੀ ਵਿਆਹੁਤਾ ਜ਼ਿੰਦਗੀ ਦੀ ਨੀਂਹ ਨੂੰ ਕਮਜ਼ੋਰ ਕਰ ਦਿੱਤਾ।’

ਸੱਚਾ ਪਿਆਰ ਖ਼ੁਦਗਰਜ਼ ਨਹੀਂ ਹੁੰਦਾ

ਸੱਚਾ ਪਿਆਰ ਰੋਮਾਂਟਿਕ ਹੋ ਸਕਦਾ ਹੈ, ਪਰ ਇਹ ਪਿਆਰ “ਕੁਚੱਜਿਆਂ ਨਹੀਂ ਕਰਦਾ” ਜਾਂ “ਆਪ ਸੁਆਰਥੀ ਨਹੀਂ” ਹੁੰਦਾ। (1 ਕੁਰਿੰਥੀਆਂ 13:4, 5) ਇਸ ਦੇ ਉਲਟ, ਸੱਚਾ ਪਿਆਰ ਕਰਨ ਵਾਲੇ ਹਮੇਸ਼ਾ ਇਕ-ਦੂਜੇ ਦੀ ਭਲਾਈ ਅਤੇ ਖ਼ੁਸ਼ੀ ਬਾਰੇ ਸੋਚਦੇ ਹਨ। ਉਹ ਇਕ-ਦੂਜੇ ਦਾ ਆਦਰ-ਮਾਣ ਕਰਦੇ ਹੋਏ ਵਿਆਹ ਤੋਂ ਪਹਿਲਾਂ ਸੈਕਸ ਕਰਨ ਤੋਂ ਪਰਹੇਜ਼ ਕਰਦੇ ਹਨ। ਇਹੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ।—ਇਬਰਾਨੀਆਂ 13:4.

ਪਤੀ-ਪਤਨੀ ਵਿਚ ਪਿਆਰ ਅਤੇ ਭਰੋਸਾ ਉਦੋਂ ਬਹੁਤ ਜ਼ਰੂਰੀ ਹੁੰਦਾ ਹੈ ਜਦ ਬੱਚੇ ਪੈਦਾ ਹੁੰਦੇ ਹਨ। ਪਰਮੇਸ਼ੁਰ ਚਾਹੁੰਦਾ ਹੈ ਕਿ ਬੱਚੇ ਅਜਿਹੇ ਘਰਾਂ ਵਿਚ ਪੈਦਾ ਹੋਣ ਜਿੱਥੇ ਪਿਆਰ, ਭਰੋਸਾ ਅਤੇ ਸੁਰੱਖਿਆ ਹੋਵੇ। (ਅਫ਼ਸੀਆਂ 6:1-4) ਸਿਰਫ਼ ਵਿਆਹ ਦੇ ਬੰਧਨ ਵਿਚ ਬੱਝੇ ਪਤੀ-ਪਤਨੀ ਹੀ ਚੰਗੇ-ਮਾੜੇ ਸਮਿਆਂ ਵਿਚ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਦੀ ਕਸਮ ਖਾਧੀ ਅਤੇ ਪੱਕਾ ਇਰਾਦਾ ਕੀਤਾ ਹੁੰਦਾ ਹੈ।—ਰੋਮੀਆਂ 7:2, 3.

ਪਤੀ-ਪਤਨੀ ਵਿਚਕਾਰ ਜਿਨਸੀ ਸੰਬੰਧ ਉਨ੍ਹਾਂ ਦੇ ਪਿਆਰ ਨੂੰ ਵਧਾ ਸਕਦੇ ਹਨ। ਜਦ ਪਤੀ-ਪਤਨੀ ਵਿਚ ਪਿਆਰ ਹੁੰਦਾ ਹੈ, ਤਾਂ ਸੈਕਸ ਕਰਨ ਤੋਂ ਉਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਾ ਤੇ ਤ੍ਰਿਪਤੀ ਮਿਲਦੀ ਹੈ। ਇਸ ਤਰ੍ਹਾਂ ਉਹ ਆਪਣੇ ਪਵਿੱਤਰ ਰਿਸ਼ਤੇ ਦਾ ਮਾਣ ਕਰਦੇ ਹਨ। ਨਾਲ ਹੀ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰ ਕੇ ਉਨ੍ਹਾਂ ਦੀ ਜ਼ਮੀਰ ਸ਼ੁੱਧ ਰਹਿੰਦੀ ਹੈ। (g 11/06)

[ਫੁਟਨੋਟ]

^ ਪੈਰਾ 9 “ਹਰਾਮਕਾਰੀ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਬਣਾਏ ਗਏ ਸਰੀਰਕ ਸੰਬੰਧਾਂ ਨੂੰ ਸੰਕੇਤ ਕਰਦਾ ਹੈ। ਇਸ ਵਿਚ ਮੌਖਿਕ ਸੰਭੋਗ ਵੀ ਸ਼ਾਮਲ ਹੈ।—ਅਕਤੂਬਰ-ਦਸੰਬਰ 2004 ਦੇ ਜਾਗਰੂਕ ਬਣੋ! ਰਸਾਲੇ ਦਾ ਸਫ਼ਾ 16 ਅਤੇ 15 ਫਰਵਰੀ 2004 ਦੇ ਪਹਿਰਾਬੁਰਜ ਦਾ ਸਫ਼ਾ 13 ਦੇਖੋ। ਇਹ ਰਸਾਲੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਹਨ।

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਵਿਆਹ ਤੋਂ ਪਹਿਲਾਂ ਸੈਕਸ ਕਰਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?—1 ਕੁਰਿੰਥੀਆਂ 6:9, 10.

◼ ਹਰਾਮਕਾਰੀ ਦੇ ਬੁਰੇ ਨਤੀਜੇ ਕੀ ਹਨ?—1 ਕੁਰਿੰਥੀਆਂ 6:18.

◼ ਪ੍ਰੇਮੀ-ਪ੍ਰੇਮਿਕਾ ਸੱਚੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਨ?—1 ਕੁਰਿੰਥੀਆਂ 13:4, 5.