Skip to content

Skip to table of contents

ਕੈਲਿਪਸੋ—ਤ੍ਰਿਨੀਦਾਦ ਦਾ ਲੋਕਪ੍ਰਿਯ ਸੰਗੀਤ

ਕੈਲਿਪਸੋ—ਤ੍ਰਿਨੀਦਾਦ ਦਾ ਲੋਕਪ੍ਰਿਯ ਸੰਗੀਤ

ਕੈਲਿਪਸੋ—ਤ੍ਰਿਨੀਦਾਦ ਦਾ ਲੋਕਪ੍ਰਿਯ ਸੰਗੀਤ

ਤ੍ਰਿਨੀਦਾਦ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਤ੍ਰਿਨੀਦਾਦ ਅਤੇ ਟੋਬੇਗੋ ਦੇ ਟਾਪੂ ਕਿਸ ਚੀਜ਼ ਲਈ ਮਸ਼ਹੂਰ ਹਨ? ਇਹ ਟਾਪੂ ਕੈਲਿਪਸੋ ਨਾਂ ਦੇ ਸੰਗੀਤ ਲਈ ਮਸ਼ਹੂਰ ਹਨ। ਇਹ ਨਾਂ ਸੁਣਦਿਆਂ ਹੀ ਕਈਆਂ ਦੇ ਕੰਨਾਂ ਵਿਚ ਸਟੀਲ ਡਰੰਮਾਂ ਦੀ ਧੁਨ ਵਜਣ ਲੱਗ ਪੈਂਦੀ ਹੈ। ਇਨ੍ਹਾਂ ਡਰੰਮਾਂ ਦੀ ਤਰਜ਼ ਇੰਨੀ ਵੱਖਰੀ, ਜੋਸ਼ੀਲੀ ਤੇ ਲੈਅ ਭਰੀ ਹੁੰਦੀ ਹੈ ਕਿ ਤੁਸੀਂ ਨੱਚਣ ਲਈ ਮਜਬੂਰ ਹੋ ਜਾਂਦੇ ਹੋ। ਇਹ ਸੰਗੀਤ ਸੰਸਾਰ ਦੇ ਕਈ ਦੇਸ਼ਾਂ ਵਿਚ ਮਸ਼ਹੂਰ ਹੈ। *

ਇਕ ਪੁਸਤਕ ਅਨੁਸਾਰ ਕੈਲਿਪਸੋ ‘ਕਿਸੇ ਵੀ ਸੰਗੀਤ ਨੂੰ ਕਿਹਾ ਜਾ ਸਕਦਾ ਹੈ ਜੋ ਤ੍ਰਿਨੀਦਾਦ ਵਿਚ 1898 ਤੋਂ ਬਾਅਦ ਸੜਕਾਂ ਉੱਤੇ ਜਸ਼ਨ ਮਨਾਉਣ ਵਾਲਿਆਂ ਜਾਂ ਸਟੇਜ ਉੱਤੇ ਕਲਾਕਾਰਾਂ ਦੁਆਰਾ ਕਾਰਨੀਵਲ ਸਮੇਂ ਵਜਾਇਆ ਜਾਂਦਾ ਸੀ।’ ਇਨ੍ਹਾਂ ਟਾਪੂਆਂ ਤੇ ਅਫ਼ਰੀਕਾ ਤੋਂ ਆਏ ਗ਼ੁਲਾਮ ਆਪਣੇ ਰਿਵਾਜ ਮੁਤਾਬਕ ਇਕ ਦੂਜੇ ਨੂੰ ਲੋਕ ਕਹਾਣੀਆਂ ਸੁਣਾਉਂਦੇ ਹੁੰਦੇ ਸਨ। ਕੈਲਿਪਸੋ ਸ਼ਾਇਦ ਇਸੇ ਰਿਵਾਜ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ, ਕੈਲਿਪਸੋ ਉੱਤੇ ਅਫ਼ਰੀਕਨ ਨਾਚ, ਗੀਤਾਂ ਅਤੇ ਡਰੰਮ ਵਜਾਉਣ ਦਾ ਪ੍ਰਭਾਵ ਵੀ ਪਿਆ ਅਤੇ ਇਸ ਤੇ ਫਰਾਂਸੀਸੀ, ਸਪੇਨੀ, ਅੰਗ੍ਰੇਜ਼ੀ ਤੇ ਹੋਰ ਦੇਸ਼ਾਂ ਦੇ ਸੰਗੀਤ ਦਾ ਪ੍ਰਭਾਵ ਵੀ ਪਿਆ।

ਪੱਕਾ ਨਹੀਂ ਕਿਹਾ ਜਾ ਸਕਦਾ ਕਿ ਇਸ ਸੰਗੀਤ ਦਾ ਨਾਂ ਕੈਲਿਪਸੋ ਕਿਵੇਂ ਪਿਆ। ਕਈ ਕਹਿੰਦੇ ਹਨ ਕਿ ਇਹ ਇਕ ਪੱਛਮੀ ਅਫ਼ਰੀਕੀ ਕਾਏਸੋ ਸ਼ਬਦ ਤੋਂ ਬਣਿਆ ਹੈ ਜੋ ਮਹਾਨ ਕਲਾਕਾਰਾਂ ਦੀ ਤਾਰੀਫ਼ ਕਰਨ ਲਈ ਵਰਤਿਆ ਜਾਂਦਾ ਸੀ। 1830 ਦੇ ਦਹਾਕੇ ਵਿਚ ਤ੍ਰਿਨੀਦਾਦ ਅਤੇ ਟੋਬੇਗੋ ਵਿਚ ਗ਼ੁਲਾਮੀ ਖ਼ਤਮ ਹੋਣ ਤੋਂ ਵੀ ਪਹਿਲਾਂ ਲੋਕ ਸਾਲਾਨਾ ਕਾਰਨੀਵਲਾਂ ਵਿਚ ਗਾਇਕਾਂ ਨੂੰ ਆਪਣੀਆਂ ਖੂਬੀਆਂ ਦੀਆਂ ਫੜਾਂ ਮਾਰਦੇ ਅਤੇ ਇਕ ਦੂਜੇ ਦੀ ਖਿਲੀ ਉਡਾਉਂਦੇ ਸੁਣਨ ਲਈ ਜਾਂਦੇ ਹੁੰਦੇ ਸਨ। ਕੈਲਿਪਸੋ ਕਲਾਕਾਰ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਦਿਖਾਉਣ ਲਈ ਆਪਣਾ ਅਨੋਖਾ ਨਾਂ ਰੱਖਦੇ ਸਨ ਤੇ ਆਪੋ-ਆਪਣਾ ਸਟਾਈਲ ਵੀ ਅਪਣਾਉਂਦੇ ਸਨ।

ਕੈਲਿਪਸੋ ਦਾ ਸਟਾਈਲ ਤੇ ਪ੍ਰਭਾਵ

ਕੈਲਿਪਸੋ ਕਲਾਕਾਰ ਮਖੌਲੀਏ ਤਾਂ ਹੁੰਦੇ ਹੀ ਹਨ, ਇਸ ਤੋਂ ਇਲਾਵਾ ਉਹ ਚੁਟਕਲੇ ਵੀ ਮਸਾਲੇ ਲਾ-ਲਾ ਕੇ ਸੁਣਾਉਂਦੇ ਹਨ। ਕਈ ਖੜ੍ਹੇ-ਪੈਰ ਹੀ ਵਧੀਆ ਤੋਂ ਵਧੀਆ ਗਾਣੇ ਬਣਾ ਲੈਂਦੇ ਹਨ ਤੇ ਇਸ ਨਾਲ ਫੱਬਦੀ ਧੁਨ ਵੀ ਬਣਾ ਲੈਂਦੇ ਹਨ। ਉਹ ਘਟਨਾਵਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਸਨ ਕਿ ਲੋਕਾਂ ਦੇ ਮਨਾਂ ਵਿਚ ਇਸ ਦੀ ਤਸਵੀਰ ਸਾਫ਼ ਬਣ ਜਾਂਦੀ ਹੈ। ਪਹਿਲਾਂ-ਪਹਿਲ ਕੈਲਿਪਸੋ ਕਲਾਕਾਰ ਸਿਰਫ਼ ਅਫ਼ਰੀਕੀ ਮੂਲ ਦੇ ਲੋਕ ਅਤੇ ਗ਼ਰੀਬ ਲੋਕ ਹੀ ਹੁੰਦੇ ਸਨ, ਪਰ ਅੱਜ-ਕੱਲ੍ਹ ਸਮਾਜ ਦੇ ਹਰ ਵਰਗ ਦੇ ਲੋਕ ਕੈਲਿਪਸੋ ਕਲਾਕਾਰ ਹਨ।

ਤ੍ਰਿਨੀਦਾਦ ਤੇ ਟੋਬੇਗੋ ਦੇ ਸਭਿਆਚਾਰ ਦੇ ਸਾਬਕਾ ਡਾਇਰੈਕਟਰ ਜੋ ਹੁਣ ਇਕ ਇਤਿਹਾਸਕਾਰ ਅਤੇ ਕੈਲਿਪਸੋ ਕਲਾਕਾਰ ਹੈ, ਨੇ ਪਹਿਲਾਂ ਦੇ ਕੈਲਿਪਸੋ ਕਲਾਕਾਰਾਂ ਬਾਰੇ ਜਾਗਰੂਕ ਬਣੋ! ਦੇ ਸੰਪਾਦਕਾਂ ਨੂੰ ਦੱਸਿਆ: ‘ਉਹ ਬੜੇ ਮਖੌਲੀਏ ਬੰਦੇ ਸਨ। ਲੋਕੀਂ ਹਾਸੇ-ਮਜ਼ਾਕ, ਗੱਪਾਂ-ਛੱਪਾਂ ਮਾਰਨ ਤੇ ਆਪਣੇ ਆਲੇ-ਦੁਆਲੇ ਜੋ ਹੋ ਰਿਹਾ, ਉਸ ਬਾਰੇ ਜਾਣਨ ਲਈ ਕੈਲਿਪਸੋ ਪ੍ਰੋਗ੍ਰਾਮਾਂ ਵਿਚ ਜਾਂਦੇ ਹੁੰਦੇ ਸਨ। ਅਮੀਰ ਲੋਕ ਇਹ ਪਤਾ ਕਰਨ ਲਈ ਆਉਂਦੇ ਸਨ ਕਿ ਆਮ ਲੋਕ ਕੀ ਕਰ ਰਹੇ ਹਨ ਅਤੇ ਗਵਰਨਰ ਤੇ ਉਸ ਦੇ ਕਰਮਚਾਰੀ ਇਹ ਦੇਖਣ ਲਈ ਆਉਂਦੇ ਸਨ ਕਿ ਹੋਣ ਵਾਲੀਆਂ ਇਲੈਕਸ਼ਨਾਂ ਵਿਚ ਲੋਕ ਕਿਸ ਨੂੰ ਵੋਟਾਂ ਪਾਉਣਗੇ।’

ਕੈਲਿਪਸੋ ਕਲਾਕਾਰ ਅਫ਼ਸਰਾਂ ਅਤੇ ਹੋਰ ਵੱਡੇ ਲੋਕਾਂ ਦਾ ਮਖੌਲ ਉਡਾਉਂਦੇ ਸਨ। ਇਸ ਕਰਕੇ ਆਮ ਜਨਤਾ ਉਨ੍ਹਾਂ ਨੂੰ ਆਪਣੇ ਹੀਰੋ ਸਮਝਦੀ ਸੀ, ਪਰ ਉਹ ਵੱਡੇ ਲੋਕਾਂ ਦੀਆਂ ਅੱਖਾਂ ਵਿਚ ਰੜਕਦੇ ਸਨ। ਕਈ ਵਾਰ ਕਲਾਕਾਰਾਂ ਨੇ ਆਪਣੇ ਗਾਣਿਆਂ ਵਿਚ ਸਰਕਾਰੀ ਅਫ਼ਸਰਾਂ ਦੀ ਇੰਨੀ ਬੇਇੱਜ਼ਤੀ ਕੀਤੀ ਕਿ ਸਰਕਾਰ ਨੂੰ ਇਨ੍ਹਾਂ ਨੂੰ ਠੱਲ ਪਾਉਣ ਲਈ ਕਾਨੂੰਨ ਬਣਾਉਣਾ ਪਿਆ। ਇਸ ਕਰਕੇ ਕਲਾਕਾਰ ਐਸੀਆਂ ਬੋਲੀਆਂ ਪਾਉਣ ਲੱਗ ਪਏ ਜਿਨ੍ਹਾਂ ਦੇ ਦੂਹਰੇ ਮਤਲਬ ਹੁੰਦੇ ਸਨ ਤੇ ਉਹ ਇਹ ਕਰਨ ਵਿਚ ਮਾਹਰ ਬਣ ਗਏ। ਇਹ ਸਟਾਈਲ ਅੱਜ ਵੀ ਉਨ੍ਹਾਂ ਦੀ ਪਛਾਣ ਹੈ।

ਇਨ੍ਹਾਂ ਕਲਾਕਾਰਾਂ ਨੇ ਭਾਸ਼ਾ ਨੂੰ ਵਰਤਿਆ ਹੀ ਨਹੀਂ, ਸਗੋਂ ਨਵੇਂ ਤੋਂ ਨਵੇਂ ਸ਼ਬਦ ਘੜ ਕੇ ਇਸ ਨੂੰ ਨਿਖਾਰਿਆ ਵੀ। ਅਸਲ ਵਿਚ ਉਨ੍ਹਾਂ ਨੇ ਵੈੱਸਟ ਇੰਡੀਜ਼ ਦੀ ਭਾਸ਼ਾ ਵਿਚ ਬਹੁਤ ਯੋਗਦਾਨ ਪਾਇਆ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਨੇਤਾ ਵੀ ਆਪਣੀ ਗੱਲ ਉੱਤੇ ਜ਼ੋਰ ਦੇਣ ਲਈ ਇਨ੍ਹਾਂ ਕਲਾਕਾਰਾਂ ਦੀ ਬੋਲੀ ਵਰਤਦੇ ਹਨ।

ਅੱਜ ਕੈਲਿਪਸੋ

ਅੱਜ-ਕੱਲ੍ਹ ਕੈਲਿਪਸੋ ਦੇ ਕਈ ਪੁਰਾਣੇ ਤੇ ਨਵੇਂ ਸਟਾਈਲ ਹਨ ਤੇ ਇਹ ਵੱਖ-ਵੱਖ ਲੋਕਾਂ ਨੂੰ ਪਸੰਦ ਹਨ। ਕਈ ਦੂਜੇ ਸੰਗੀਤਾਂ ਵਾਂਗ ਕੈਲਿਪਸੋ ਦੇ ਬੋਲ ਵੀ ਅਸ਼ਲੀਲ ਹੋ ਸਕਦੇ ਹਨ। ਇਸ ਲਈ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਕਿੱਦਾਂ ਦੇ ਗੀਤ ਸੁਣਦੇ ਹਾਂ। (ਅਫ਼ਸੀਆਂ 5:3, 4) ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ ਕਿ ‘ਜੇ ਮੈਨੂੰ ਆਪਣੇ ਮਨ-ਪਸੰਦ ਗੀਤ ਦੇ ਬੋਲ ਆਪਣੇ ਬੱਚਿਆਂ ਜਾਂ ਕਿਸੇ ਹੋਰ ਨੂੰ ਸਮਝਾਉਣੇ ਪੈਣ, ਤਾਂ ਕੀ ਮੈਨੂੰ ਸ਼ਰਮ ਆਵੇਗੀ?’

ਜਦ ਕਦੇ ਤੁਸੀਂ ਤ੍ਰਿਨੀਦਾਦ ਅਤੇ ਟੋਬੇਗੋ ਜਾਵੋਗੇ, ਤਾਂ ਉੱਥੇ ਦੇ ਸੋਹਣੇ ਸਮੁੰਦਰੀ ਕਿਨਾਰੇ ਤੇ ਸਮੁੰਦਰੀ ਚਟਾਨਾਂ ਤੁਹਾਡਾ ਮਨ ਮੋਹ ਲੈਣਗੀਆਂ। ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਕਿੰਨੀਆਂ ਨਸਲਾਂ ਦੇ ਲੋਕ ਹਨ। ਤੁਸੀਂ ਸਟੀਲ ਬੈਂਡ ਤੇ ਕੈਲਿਪਸੋ ਦਾ ਵੀ ਮਜ਼ਾ ਲੈ ਸਕਦੇ ਹੋ ਜਿਸ ਦੀਆਂ ਮਨਭਾਉਂਦੀਆਂ ਧੁਨਾਂ  ਛੋਟਿਆਂ-ਵੱਡਿਆਂ ਸਾਰੀਆਂ ਨੂੰ ਮੰਤਰ-ਮੁਗਧ ਕਰਦੀਆਂ ਹਨ। (g 12/06)

[ਫੁਟਨੋਟ]

^ ਪੈਰਾ 3 ਸਟੀਲ ਬੈਂਡ ਸੰਗੀਤਕਾਰ ਅਕਸਰ ਕੈਲਿਪਸੋ ਧੁਨ ਵਜਾਉਂਦੇ ਹਨ, ਪਰ ਕੈਲਿਪਸੋ ਗਾਇਕ ਦੇ ਨਾਲ-ਨਾਲ ਗਿਟਾਰ, ਤੁਰ੍ਹੀ, ਸੈਕਸੋਫੋਨ ਤੇ ਡਰੰਮ ਵੀ ਵਜਾਏ ਜਾਂਦੇ ਹਨ।

[ਸਫ਼ੇ 29 ਉੱਤੇ ਤਸਵੀਰਾਂ]

ਸਟੀਲ ਡਰੰਮ