Skip to content

Skip to table of contents

ਟਾਵਰ ਬ੍ਰਿਜ ਲੰਡਨ ਦੀ ਸ਼ਾਨ

ਟਾਵਰ ਬ੍ਰਿਜ ਲੰਡਨ ਦੀ ਸ਼ਾਨ

ਟਾਵਰ ਬ੍ਰਿਜ ਲੰਡਨ ਦੀ ਸ਼ਾਨ

ਬ੍ਰਿਟੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਦੂਜੇ ਦੇਸ਼ਾਂ ਦੇ ਲੋਕ ਭਾਵੇਂ ਲੰਡਨ ਕਦੇ ਆਏ ਵੀ ਨਾ ਹੋਣ, ਪਰ ਫਿਰ ਵੀ ਉਹ ਇਸ ਬਾਰੇ ਜਾਣਦੇ ਹਨ। ਹਰ ਸਾਲ ਦੂਰੋਂ-ਦੂਰੋਂ ਹਜ਼ਾਰਾਂ ਲੋਕ ਇਸ ਨੂੰ ਦੇਖਣ ਆਉਂਦੇ ਹਨ। ਲੰਡਨ ਦੇ ਲੋਕ ਵੀ ਇਸ ਦੇ ਉੱਪਰ ਦੀ ਰੋਜ਼ ਲੰਘਦੇ ਹਨ, ਪਰ ਸ਼ਾਇਦ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ ਤੇ ਨਾ ਹੀ ਇਸ ਦੇ ਇਤਿਹਾਸ ਬਾਰੇ ਬਹੁਤਾ ਜਾਣਦੇ ਹਨ। ਇਹ ਹੈ ਲੰਡਨ ਦਾ ਟਾਵਰ ਬ੍ਰਿਜ ਜੋ ਦੁਨੀਆਂ ਭਰ ਵਿਚ ਮਸ਼ਹੂਰ ਹੈ।

ਟਾਵਰ ਬ੍ਰਿਜ ਲੰਡਨ ਬ੍ਰਿਜ ਦੇ ਨੇੜੇ ਬਣਿਆ ਹੋਇਆ ਹੈ। ਇੰਗਲੈਂਡ ਦੀ ਪਾਰਲੀਮੈਂਟ ਨੇ 1872 ਵਿਚ ਟਾਵਰ ਆਫ਼ ਲੰਡਨ ਲਾਗੇ ਟੇਮਜ਼ ਦਰਿਆ ਉੱਪਰ ਇਕ ਹੋਰ ਪੁਲ ਬਣਾਉਣ ਬਾਰੇ ਗੱਲਬਾਤ ਕੀਤੀ, ਪਰ ਟਾਵਰ ਦੇ ਗਵਰਨਰ ਨੇ ਇਸ ਤੇ ਇਤਰਾਜ਼ ਕੀਤਾ। ਉਸ ਦੇ ਇਤਰਾਜ਼ ਦੇ ਬਾਵਜੂਦ ਪਾਰਲੀਮੈਂਟ ਨੇ ਇਹ ਬ੍ਰਿਜ ਬਣਾਇਆ। ਪਰ ਉਨ੍ਹਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਸੀ ਕਿ ਬ੍ਰਿਜ ਦਾ ਡੀਜ਼ਾਈਨ ਟਾਵਰ ਆਫ਼ ਲੰਡਨ ਦੀ ਹੀ ਨਿਰਮਾਣ-ਸ਼ੈਲੀ ਨਾਲ ਮੇਲ ਖਾਵੇ। ਸੋ ਅੱਜ ਅਸੀਂ ਜੋ ਟਾਵਰ ਬ੍ਰਿਜ ਦੇਖਦੇ ਹਾਂ, ਉਹ ਇਸੇ ਪਾਰਲੀਮੈਂਟ ਦੀ ਦੇਣ ਹੈ।

18ਵੀਂ ਤੇ 19ਵੀਂ ਸਦੀ ਦੌਰਾਨ ਬਹੁਤ ਸਾਰਿਆਂ ਪੁਲਾਂ ਨੇ ਟੇਮਜ਼ ਦਰਿਆ ਦੇ ਕੰਢਿਆਂ ਨੂੰ ਇਕ-ਦੂਜੇ ਨਾਲ ਜੋੜਿਆ ਹੋਇਆ ਸੀ। ਪਰ ਸਭ ਤੋਂ ਮਸ਼ਹੂਰ ਪੁਲ ਸੀ ਪੁਰਾਣਾ ਲੰਡਨ ਬ੍ਰਿਜ। 1750 ਵਿਚ ਇਹ ਪੁਲ ਕਮਜ਼ੋਰ ਹੋ ਗਿਆ ਸੀ ਅਤੇ ਇਸ ਤੇ ਅਕਸਰ ਟ੍ਰੈਫਿਕ ਜਾਮ ਹੋ ਜਾਂਦੀ ਸੀ। ਇਸ ਦੇ ਦੋਵੇਂ ਪਾਸਿਆਂ ਤੇ ਬਣੀ ਬੰਦਰਗਾਹ ਤੇ ਦੁਨੀਆਂ ਭਰ ਦੇ ਜਹਾਜ਼ ਆਉਂਦੇ ਸਨ ਜਿਸ ਕਰਕੇ ਬਹੁਤ ਭੀੜ ਹੋ ਜਾਂਦੀ ਸੀ। ਬੰਦਰਗਾਹ ਉੱਤੇ ਜਹਾਜ਼ ਇਕ-ਦੂਜੇ ਦੇ ਇੰਨੇ ਨੇੜੇ ਲੱਗੇ ਹੁੰਦੇ ਸਨ ਕਿ ਇਕ ਵਿਅਕਤੀ ਇਨ੍ਹਾਂ ਉੱਪਰ ਦੀ ਕਈ ਮੀਲ ਤੁਰ ਕੇ ਜਾ ਸਕਦਾ ਸੀ।

ਲੰਡਨ ਦੀ ਕਾਰਪੋਰੇਸ਼ਨ ਦੇ ਕਹਿਣ ਤੇ ਸ਼ਹਿਰੀ ਆਰਕੀਟੈਕਟ ਹੋਰੇਸ ਜੋਨਜ਼ ਨੇ ਉਨ੍ਹਾਂ ਅੱਗੇ ਲੰਡਨ ਬ੍ਰਿਜ ਤੋਂ ਥੋੜ੍ਹੀ ਦੂਰ ਗਾਥੀ ਨਿਰਮਾਣ-ਸ਼ੈਲੀ ਵਿਚ ਅਜਿਹਾ ਪੁਲ ਬਣਾਉਣ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਖੋਲ੍ਹਿਆ ਤੇ ਬੰਦ ਕੀਤਾ ਜਾ ਸਕਦਾ ਸੀ। ਅਜਿਹਾ ਪੁਲ ਬਣਾਉਣ ਨਾਲ ਸਮੁੰਦਰੀ ਜਹਾਜ਼ਾਂ ਨੂੰ ਪੱਛਮ ਵਿਚ ਪੈਂਦੀ ਬੰਦਰਗਾਹ ਨੂੰ ਜਾਣ ਵਿਚ ਕੋਈ ਮੁਸ਼ਕਲ ਨਹੀਂ ਆਉਣੀ ਸੀ। ਜੋਨਜ਼ ਦੁਆਰਾ ਪੇਸ਼ ਕੀਤਾ ਬ੍ਰਿਜ ਦਾ ਵਿਲੱਖਣ ਡੀਜ਼ਾਈਨ ਕਈਆਂ ਨੂੰ ਬਹੁਤ ਪਸੰਦ ਆਇਆ।

ਬਿਹਤਰੀਨ ਡੀਜ਼ਾਈਨ

ਜੋਨਜ਼ ਦੁਨੀਆਂ ਘੁੰਮਿਆ ਸੀ। ਨੀਦਰਲੈਂਡਜ਼ ਵਿਚ ਉਸ ਨੇ ਅਜਿਹੇ ਕਈ ਛੋਟੇ-ਛੋਟੇ ਪੁਲ ਦੇਖੇ ਸਨ ਜੋ ਦੋ ਹਿੱਸਿਆਂ ਵਿਚ ਖੁੱਲ੍ਹ ਜਾਂਦੇ ਸਨ। ਇਨ੍ਹਾਂ ਦੇ ਆਧਾਰ ਤੇ ਹੀ ਜੋਨਜ਼ ਨੇ ਟਾਵਰ ਬ੍ਰਿਜ ਬਣਾਉਣ ਦਾ ਵਿਚਾਰ ਕੀਤਾ। ਟਾਵਰ ਬ੍ਰਿਜ ਦਾ ਢਾਂਚਾ ਸਟੀਲ ਦਾ ਬਣਾਇਆ ਗਿਆ ਤੇ ਫਿਰ ਉਸ ਨੂੰ ਇੱਟਾਂ ਤੇ ਸੀਮਿੰਟ ਨਾਲ ਢਕਿਆ ਗਿਆ। ਰਾਜ ਮਿਸਤਰੀਆਂ ਨੇ ਆਪਣੀ ਕਲਾ ਦਾ ਸਬੂਤ ਦਿੰਦਿਆਂ ਇਸ ਨੂੰ ਖ਼ੂਬਸੂਰਤ ਬਣਾਇਆ।

ਟਾਵਰ ਬ੍ਰਿਜ ਦੇ ਦੋ ਮੁੱਖ ਟਾਵਰ ਜਾਂ ਮੀਨਾਰ ਹਨ। ਇਨ੍ਹਾਂ ਨੂੰ ਇਕ-ਦੂਜੇ ਨਾਲ ਜੋੜਨ ਲਈ ਮੀਨਾਰਾਂ ਦੇ ਉੱਪਰ ਇਕ ਰਾਹ ਬਣਾਇਆ ਗਿਆ ਹੈ। ਇਹ ਰਾਹ ਬ੍ਰਿਜ ਤੋਂ 34 ਮੀਟਰ ਉੱਪਰ ਹੈ ਅਤੇ ਪਾਣੀ ਦੀ ਸਤਹ ਤੋਂ ਤਕਰੀਬਨ 42 ਮੀਟਰ ਉੱਪਰ ਹੈ। ਬ੍ਰਿਜ ਦੇ ਦੋਵੇਂ ਪਾਸੇ ਦੀਆਂ ਸੜਕਾਂ ਮੀਨਾਰਾਂ ਤੇ ਆ ਕੇ ਖ਼ਤਮ ਹੁੰਦੀਆਂ ਹਨ। ਪੁਲ ਦੇ ਦੋਵੇਂ ਹਿੱਸੇ ਉੱਪਰ ਨੂੰ 86 ਡਿਗਰੀ ਤੇ ਖੁੱਲ੍ਹਦੇ ਹਨ। ਹਰ ਹਿੱਸੇ ਦਾ ਭਾਰ ਤਕਰੀਬਨ 1,200 ਟਨ ਹੈ। 10,000 ਟਨ ਭਾਰੇ ਜਹਾਜ਼ ਵੀ ਬੜੀ ਆਸਾਨੀ ਨਾਲ ਪੁਲ ਦੇ ਹੇਠੋਂ ਦੀ ਲੰਘ ਸਕਦੇ ਹਨ।

ਪੁਲ ਕਿਵੇਂ ਖੁੱਲ੍ਹਦਾ ਸੀ

ਬ੍ਰਿਜ ਦੇ ਦੋ ਹਿੱਸਿਆਂ ਨੂੰ ਖੋਲ੍ਹਣ ਅਤੇ ਆਵਾਜਾਈ ਰੋਕਣ ਦੇ ਸਿਗਨਲ ਦੇਣ ਲਈ ਜਲ-ਸ਼ਕਤੀ (hydraulic power) ਵਰਤੀ ਜਾਂਦੀ ਸੀ। ਇਸੇ ਸ਼ਕਤੀ ਨਾਲ ਲਿਫਟ ਚੱਲਦੀ ਸੀ ਜਿਸ ਰਾਹੀਂ ਲੋਕ ਬ੍ਰਿਜ ਦੇ ਉੱਪਰ ਬਣੇ ਰਸਤੇ ਤੇ ਜਾ ਸਕਦੇ ਸਨ। ਜੀ ਹਾਂ, ਲਿਫਟ ਨੂੰ ਚਲਾਉਣ ਤੇ ਬ੍ਰਿਜ ਨੂੰ ਖੋਲ੍ਹਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ! ਪਾਣੀ ਦੀ ਮਦਦ ਨਾਲ ਜਿੰਨੀ ਊਰਜਾ ਪੈਦਾ ਕੀਤੀ ਜਾਂਦੀ ਸੀ, ਇਹ ਲੋੜ ਨਾਲੋਂ ਦੋ ਗੁਣਾ ਜ਼ਿਆਦਾ ਹੁੰਦੀ ਸੀ।

ਬ੍ਰਿਜ ਦੇ ਦੱਖਣੀ ਹਿੱਸੇ ਥੱਲੇ ਪਾਣੀ ਉਬਾਲਣ ਲਈ ਚਾਰ ਕੋਲੇ ਦੀਆਂ ਭੱਠੀਆਂ ਸਨ। ਇਹ ਭੱਠੀਆਂ 5 ਤੋਂ 6 ਕਿਲੋ ਪ੍ਰਤੀ ਵਰਗ ਸੈਂਟੀਮੀਟਰ ਪ੍ਰੈਸ਼ਰ ਦੇ ਹਿਸਾਬ ਨਾਲ ਭਾਫ਼ ਪੈਦਾ ਕਰਦੀਆਂ ਸਨ। ਇਸ ਭਾਫ਼ ਨਾਲ ਦੋ ਵੱਡੇ-ਵੱਡੇ ਪੰਪ ਚੱਲਦੇ ਸਨ। ਇਹ ਪੰਪ 60 ਕਿਲੋ ਪ੍ਰਤੀ ਵਰਗ ਸੈਂਟੀਮੀਟਰ ਦੇ ਜ਼ੋਰ ਨਾਲ ਪਾਣੀ ਛੱਡਦਾ ਸੀ। ਬ੍ਰਿਜ ਨੂੰ ਖੋਲ੍ਹਣ ਲਈ ਲੋੜੀਂਦੀ ਊਰਜਾ ਕਾਇਮ ਰੱਖਣ ਲਈ ਪਾਣੀ ਨੂੰ ਦਬਾਅ ਹੇਠ ਛੇ ਵੱਡੀਆਂ-ਵੱਡੀਆਂ ਟੈਂਕੀਆਂ ਵਿਚ ਰੱਖਿਆ ਜਾਂਦਾ ਸੀ। ਇਹ ਊਰਜਾ ਉਨ੍ਹਾਂ ਅੱਠ ਇੰਜਣਾਂ ਨੂੰ ਚਲਾਉਂਦੀ ਹੈ ਜੋ ਬ੍ਰਿਜ ਨੂੰ ਖੋਲ੍ਹਣ ਦਾ ਕੰਮ ਕਰਦੇ ਹਨ। ਸਵਿੱਚ ਦੱਬਣ ਸਾਰ ਹੀ ਪੁਲ ਦੇ ਦੋਵੇਂ ਹਿੱਸੇ ਇਕ ਮਿੰਟ ਵਿਚ ਖੁੱਲ੍ਹ ਜਾਂਦੇ ਹਨ।

ਟਾਵਰ ਬ੍ਰਿਜ ਦੀ ਸੈਰ

ਅੱਜ ਭਾਫ਼ ਇੰਜਣ ਦੀ ਜਗ੍ਹਾ ਬਿਜਲੀ ਨੇ ਲੈ ਲਈ ਹੈ। ਪਰ ਪਹਿਲਾਂ ਵਾਂਗ ਅੱਜ ਵੀ ਟਾਵਰ ਬ੍ਰਿਜ ਦੇ ਖੁੱਲ੍ਹਦਿਆਂ ਸਾਰ ਸਾਰੀ ਆਵਾਜਾਈ ਥੰਮ੍ਹ ਜਾਂਦੀ ਹੈ। ਹਰ ਰਾਹ ਜਾਂਦਾ ਵਿਅਕਤੀ ਇਹ ਨਜ਼ਾਰਾ ਦੇਖਣ ਖੜ੍ਹ ਜਾਂਦਾ ਹੈ।

ਟ੍ਰੈਫਿਕ ਨੂੰ ਰੋਕਣ ਲਈ ਬਣੇ ਫਾਟਕਾਂ ਨੂੰ ਬੰਦ ਕਰਨ ਲਈ ਇਕ ਸਿਗਨਲ ਦਿੱਤਾ ਜਾਂਦਾ ਹੈ। ਬ੍ਰਿਜ ਉੱਪਰੋਂ ਦੀ ਅਖ਼ੀਰਲੀ ਗੱਡੀ ਲੰਘਣ ਤੋਂ ਬਾਅਦ ਫਾਟਕ ਨੂੰ ਬੰਦ ਕਰਨ ਦਾ ਇਸ਼ਾਰਾ ਦਿੱਤਾ ਜਾਂਦਾ ਹੈ। ਬਿਨਾਂ ਕੋਈ ਆਵਾਜ਼ ਕੀਤਿਆਂ ਬ੍ਰਿਜ ਦੇ ਦੋਵੇਂ ਹਿੱਸੇ ਉੱਪਰ ਉੱਠ ਜਾਂਦੇ ਹਨ। ਫਿਰ ਹਰ ਕਿਸੇ ਦੀ ਨਜ਼ਰ ਬ੍ਰਿਜ ਦੇ ਹੇਠੋਂ ਲੰਘ ਰਹੇ ਸਮੁੰਦਰੀ ਜਹਾਜ਼ ਤੇ ਟਿਕ ਜਾਂਦੀ ਹੈ। ਮਿੰਟਾਂ ਵਿਚ ਹੀ ਸਿਗਨਲ ਬਦਲ ਜਾਂਦਾ ਹੈ। ਬ੍ਰਿਜ ਹੇਠਾਂ ਆ ਜਾਂਦਾ ਹੈ ਤੇ ਫਾਟਕ ਖੁੱਲ੍ਹ ਜਾਂਦੇ ਹਨ। ਫਿਰ ਆਵਾਜਾਈ ਸ਼ੁਰੂ ਹੋ ਜਾਂਦੀ ਹੈ ਤੇ ਸਾਈਕਲ ਸਵਾਰ ਫਟਾਫਟ ਗੱਡੀਆਂ ਦੇ ਮੁਹਰਿਓਂ ਦੀ ਲੰਘ ਜਾਂਦੇ ਹਨ। ਸਕਿੰਟਾਂ ਵਿਚ ਹੀ ਟਾਵਰ ਬ੍ਰਿਜ ਮੁੜ ਆਪਣੀ ਥਾਂ ਤੇ ਆ ਜਾਂਦਾ ਹੈ ਤੇ ਬ੍ਰਿਜ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਹਿੰਦਾ ਹੈ।

ਜੋ ਲੋਕ ਵਾਕਈ ਹੀ ਟਾਵਰ ਬ੍ਰਿਜ ਬਾਰੇ ਜਾਣਨਾ ਚਾਹੁੰਦੇ ਹਨ, ਉਹ ਇੱਥੇ ਇਸ ਨੂੰ ਖੁੱਲ੍ਹਦਿਆਂ ਤੇ ਬੰਦ ਹੁੰਦਿਆਂ ਹੀ ਦੇਖਣ ਨਹੀਂ ਆਉਂਦੇ। ਉਹ ਕਈ ਹੋਰ ਲੋਕਾਂ ਵਾਂਗ ਲਿਫਟ ਰਾਹੀਂ ਉੱਤਰੀ ਟਾਵਰ ਵਿਚ ਬਣੇ ਪ੍ਰਦਰਸ਼ਨੀ ਹਾਲ ਵਿਚ ਜਾਂਦੇ ਹਨ। ਇੱਥੇ “ਟਾਵਰ ਬ੍ਰਿਜ ਦਾ ਤਜਰਬਾ” ਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇੱਥੇ ਇਕ ਰੋਬੋਟ ਰੱਖਿਆ ਗਿਆ ਹੈ ਜੋ ਦੱਸਦਾ ਹੈ ਕਿ ਲੰਡਨ ਦੀ ਵਧਦੀ ਆਬਾਦੀ ਕਰਕੇ ਨਵੇਂ ਪੁਲ ਦੀ ਕਿਉਂ ਜ਼ਰੂਰਤ ਪਈ ਸੀ। ਇਸ ਤੋਂ ਇਲਾਵਾ ਇੱਥੇ ਟਾਵਰ ਬ੍ਰਿਜ ਦੇ ਸ਼ਾਨਦਾਰ ਉਦਘਾਟਨ ਸਮਾਰੋਹ ਦੇ ਚਿੱਤਰ ਅਤੇ ਫੋਟੋਆਂ ਰੱਖੀਆਂ ਗਈਆਂ ਹਨ।

ਬ੍ਰਿਜ ਦੇ ਉਪਰਲੇ ਰਸਤੇ ਤੋਂ ਲੰਡਨ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਪੱਛਮ ਵਿਚ ਸੇਂਟ ਪੌਲ ਕੈਥੀਡ੍ਰਲ ਅਤੇ ਕਈ ਬੈਂਕਾਂ ਦੀਆਂ ਇਮਾਰਤਾਂ ਹਨ ਤੇ ਥੋੜ੍ਹੀ ਕੁ ਦੂਰੀ ਤੇ ਪੋਸਟ ਆਫ਼ਿਸ ਟਾਵਰ ਹੈ। ਪੂਰਬ ਵੱਲ ਸ਼ਾਇਦ ਤੁਸੀਂ ਬੰਦਰਗਾਹ ਨੂੰ ਦੇਖਣ ਦੀ ਉਮੀਦ ਕੀਤੀ ਹੋਵੇ, ਪਰ ਬੰਦਰਗਾਹ ਹੁਣ ਪਹਿਲਾਂ ਵਾਲੀ ਥਾਂ ਤੋਂ ਹਟਾ ਕੇ ਕਿਤੇ ਹੋਰ ਬਣਾ ਦਿੱਤੀ ਗਈ ਹੈ। ਇਸ ਦੀ ਜਗ੍ਹਾ ਹੁਣ ਆਧੁਨਿਕ ਡੀਜ਼ਾਈਨ ਵਾਲੀਆਂ ਵੱਡੀਆਂ-ਵੱਡੀਆਂ ਇਮਾਰਤਾਂ ਬਣਾਈਆਂ ਗਈਆਂ ਹਨ। ਇਹ ਇਲਾਕਾ “ਡੌਕਲੰਡਜ਼” ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਜੀ ਹਾਂ, ਇਹ ਸਭ ਲਾਜਵਾਬ ਨਜ਼ਾਰੇ ਤੁਸੀਂ ਲੰਡਨ ਦੇ ਮਸ਼ਹੂਰ ਟਾਵਰ ਬ੍ਰਿਜ ਤੋਂ ਦੇਖ ਸਕਦੇ ਹੋ।

ਜਦ ਕਦੇ ਤੁਸੀਂ ਲੰਡਨ ਆਓ, ਤਾਂ ਇੰਜੀਨੀਅਰੀ ਦੇ ਇਸ ਬੇਮਿਸਾਲ ਨਮੂਨੇ ਨੂੰ ਦੇਖਣਾ ਨਾ ਭੁੱਲਿਓ। ਇਹ ਨਜ਼ਾਰਾ ਦੇਖ ਕੇ ਵਾਕਈ ਹੀ ਤੁਸੀਂ ਵਾਹ-ਵਾਹ ਕਰ ਉਠੋਗੇ। (g 10/06)

[ਸਫ਼ੇ 16 ਉੱਤੇ ਤਸਵੀਰ]

ਭਾਫ਼ ਦੇ ਉਨ੍ਹਾਂ ਦੋ ਪੰਪਾਂ ਵਿੱਚੋਂ ਇਕ ਜਿਨ੍ਹਾਂ ਨਾਲ ਪਹਿਲਾਂ ਪੁਲ ਨੂੰ ਖੋਲ੍ਹਣ ਵਾਲੇ ਇੰਜਣ ਚਲਾਏ ਜਾਂਦੇ ਸਨ

[ਕ੍ਰੈਡਿਟ ਲਾਈਨ]

Copyright Tower Bridge Exhibition

[ਸਫ਼ੇ 16, 17 ਉੱਤੇ ਤਸਵੀਰ]

ਬ੍ਰਿਜ ਦੇ ਦੋਵੇਂ ਹਿੱਸੇ ਇਕ ਮਿੰਟ ਦੇ ਅੰਦਰ-ਅੰਦਰ ਖੁੱਲ੍ਹ ਜਾਂਦੇ ਹਨ

[ਕ੍ਰੈਡਿਟ ਲਾਈਨ]

©Alan Copson/Agency Jon Arnold Images/age fotostock

[ਸਫ਼ੇ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Brian Lawrence/SuperStock