Skip to content

Skip to table of contents

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਕਈ ਵਾਰ ਲੋਕ “ਕਿਉਂ” ਸਵਾਲ ਇਸ ਲਈ ਪੁੱਛਦੇ ਹਨ ਕਿਉਂਕਿ ਉਨ੍ਹਾਂ ਨੂੰ ਦਿਲਾਸੇ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿਚ ਜਦ ਕੋਈ ਵੱਡਾ ਹਾਦਸਾ ਵਾਪਰਦਾ ਹੈ, ਤਾਂ ਉਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਇੱਦਾਂ ਕਿਉਂ ਹੋਇਆ। ਕੀ ਬਾਈਬਲ ਵਿੱਚੋਂ ਉਨ੍ਹਾਂ ਨੂੰ ਦਿਲਾਸਾ ਮਿਲ ਸਕਦਾ ਹੈ? ਇਸ ਸੰਬੰਧੀ ਬਾਈਬਲ ਦੀਆਂ ਤਿੰਨ ਮਹੱਤਵਪੂਰਣ ਸੱਚਾਈਆਂ ਉੱਤੇ ਗੌਰ ਕਰੋ।

ਪਹਿਲੀ ਗੱਲ, ਇਹ ਪੁੱਛਣਾ ਗ਼ਲਤ ਨਹੀਂ ਹੈ ਕਿ ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ। ਕੁਝ ਲੋਕ ਸੋਚਦੇ ਹਨ ਕਿ ਇਹ ਸਵਾਲ ਪੁੱਛਣ ਦਾ ਮਤਲਬ ਹੈ ਕਿ ਤੁਹਾਨੂੰ ਰੱਬ ਤੇ ਭਰੋਸਾ ਨਹੀਂ ਜਾਂ ਤੁਸੀਂ ਰੱਬ ਦਾ ਅਨਾਦਰ ਕਰਦੇ ਹੋ। ਪਰ ਇਹ ਸਵਾਲ ਪੁੱਛਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਹੋਰਨਾਂ ਭਲੇ ਲੋਕਾਂ ਨੇ ਵੀ ਇਹ ਸਵਾਲ ਪੁੱਛਿਆ ਹੈ। ਮਿਸਾਲ ਲਈ, ਹਬੱਕੂਕ ਨਾਂ ਦੇ ਇਕ ਵਫ਼ਾਦਾਰ ਨਬੀ ਨੇ ਪਰਮੇਸ਼ੁਰ ਤੋਂ ਪੁੱਛਿਆ: “ਤੂੰ ਮੈਨੂੰ ਇਹ ਸਭ ਦੁੱਖ ਤੇ ਬਿਪਤਾ ਕਿਉਂ ਦੇਖਣ ਦਿੰਦਾ ਹੈ? ਹਰ ਤਰ੍ਹਾਂ ਦੀ ਬਰਬਾਦੀ ਅਤੇ ਹਿੰਸਾ, ਝਗੜੇ ਤੇ ਫ਼ਸਾਦ ਮੇਰੇ ਸਾਹਮਣੇ ਹੋ ਰਹੇ ਹਨ।” (ਹੱਬਕੂਕ 1:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸਵਾਲ ਪੁੱਛਣ ਤੇ ਯਹੋਵਾਹ ਪਰਮੇਸ਼ੁਰ ਨੇ ਹਬੱਕੂਕ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ, ਉਸ ਨੇ ਉਸ ਵਫ਼ਾਦਾਰ ਆਦਮੀ ਦਾ ਸਵਾਲ ਸਾਡੇ ਪੜ੍ਹਨ ਵਾਸਤੇ ਬਾਈਬਲ ਵਿਚ ਦਰਜ ਕਰਵਾਇਆ।—ਰੋਮੀਆਂ 15:4.

ਦੂਜੀ ਗੱਲ, ਇਹ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸਾਡੇ ਦੁੱਖ ਨੂੰ ਸਮਝਦਾ ਹੈ। ਪਰਮੇਸ਼ੁਰ ਸਾਡੇ ਤੋਂ ਦੂਰ ਨਹੀਂ ਹੈ। ਉਹ “ਨਿਆਉਂ ਨਾਲ ਪ੍ਰੇਮ ਰੱਖਦਾ ਹੈ” ਅਤੇ ਬੁਰਾਈ ਤੇ ਇਸ ਕਾਰਨ ਆਉਂਦੇ ਦੁੱਖਾਂ ਤੋਂ ਘਿਰਣਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 37:28; ਕਹਾਉਤਾਂ 6:16-19) ਸਦੀਆਂ ਪਹਿਲਾਂ ਨੂਹ ਦੇ ਜ਼ਮਾਨੇ ਵਿਚ ਧਰਤੀ ਉੱਤੇ ਬੁਰਾਈ ਬਹੁਤ ਵਧ ਗਈ ਸੀ ਜਿਸ ਕਰਕੇ ਪਰਮੇਸ਼ੁਰ “ਮਨ ਵਿੱਚ ਦੁਖੀ ਹੋਇਆ।” (ਉਤਪਤ 6:5, 6) ਪਰਮੇਸ਼ੁਰ ਬਦਲਿਆ ਨਹੀਂ ਹੈ। ਅੱਜ ਵੀ ਉਸ ਨੂੰ ਦੁੱਖ ਹੁੰਦਾ ਹੈ ਜਦ ਉਹ ਬੁਰੀਆਂ ਗੱਲਾਂ ਹੁੰਦੀਆਂ ਦੇਖਦਾ ਹੈ।—ਮਲਾਕੀ 3:6.

ਤੀਜੀ ਗੱਲ, ਬੁਰਾਈ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਨਹੀਂ ਹੈ। ਬਾਈਬਲ ਵਿਚ ਇਹ ਗੱਲ ਸਾਫ਼-ਸਾਫ਼ ਲਿਖੀ ਹੋਈ ਹੈ। ਜੋ ਲੋਕ ਖ਼ੂਨ-ਖ਼ਰਾਬੇ ਅਤੇ ਅੱਤਵਾਦ ਵਰਗੀਆਂ ਗੱਲਾਂ ਦਾ ਦੋਸ਼ ਪਰਮੇਸ਼ੁਰ ਉੱਤੇ ਲਾਉਂਦੇ ਹਨ, ਉਹ ਪਰਮੇਸ਼ੁਰ ਨੂੰ ਬਦਨਾਮ ਕਰਦੇ ਹਨ। ਅੱਯੂਬ 34:10 ਕਹਿੰਦਾ ਹੈ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!” ਯਾਕੂਬ 1:13 ਕਹਿੰਦਾ ਹੈ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਸੋ ਜੇ ਤੁਸੀਂ ਕਿਸੇ ਬੁਰਾਈ ਕਰਕੇ ਦੁੱਖ ਝੱਲਿਆ ਹੈ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਸ ਦਾ ਕਾਰਨ ਪਰਮੇਸ਼ੁਰ ਨਹੀਂ ਹੈ।

ਦੁਨੀਆਂ ਉੱਤੇ ਕਿਸ ਦੀ ਹਕੂਮਤ ਹੈ?

ਉੱਪਰ ਦਿੱਤੀ ਜਾਣਕਾਰੀ ਦੇ ਬਾਵਜੂਦ ਇਕ ਸਵਾਲ ਖੜ੍ਹਾ ਹੁੰਦਾ ਹੈ। ਜੇ ਪਰਮੇਸ਼ੁਰ ਪ੍ਰੇਮ ਕਰਦਾ ਹੈ, ਇਨਸਾਫ਼-ਪਸੰਦ ਹੈ ਤੇ ਤਾਕਤਵਰ ਹੈ, ਤਾਂ ਇੰਨੀ ਬੁਰਾਈ ਕਿਉਂ ਫੈਲੀ ਹੋਈ ਹੈ? ਪਹਿਲਾਂ ਤਾਂ ਇਕ ਆਮ ਗ਼ਲਤਫ਼ਹਿਮੀ ਨੂੰ ਦੂਰ ਕਰਨ ਦੀ ਲੋੜ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਸ ਦੁਨੀਆਂ ਦਾ ਹਾਕਮ ਹੈ ਤੇ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦੇ ਪਿੱਛੇ ਉਸ ਦਾ ਹੱਥ ਹੈ। ਪਾਦਰੀ ਬਣਨ ਦੀ ਸਿਖਲਾਈ ਦੇਣ ਵਾਲੀ ਇਕ ਸੰਸਥਾ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ “ਬ੍ਰਹਿਮੰਡ ਵਿਚ ਕੋਈ ਵੀ ਐਟਮ ਜਾਂ ਪਰਮਾਣੂ ਉਸ ਦੇ ਬਿਨਾਂ ਕੰਮ ਨਹੀਂ ਕਰਦਾ” ਯਾਨੀ ਰੱਬ ਦੀ ਰਜ਼ਾ ਬਿਨਾਂ ਦੁਨੀਆਂ ਵਿਚ ਕੁਝ ਨਹੀਂ ਹੁੰਦਾ। ਕੀ ਬਾਈਬਲ ਇਹ ਗੱਲ ਸਿਖਾਉਂਦੀ ਹੈ?

ਬਿਲਕੁਲ ਨਹੀਂ। ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਰਹਿ ਜਾਂਦੇ ਹਨ ਜਦ ਉਨ੍ਹਾਂ ਨੂੰ ਬਾਈਬਲ ਵਿੱਚੋਂ ਪਤਾ ਲੱਗਦਾ ਹੈ ਕਿ ਦੁਨੀਆਂ ਉੱਤੇ ਕਿਸ ਦੀ ਹਕੂਮਤ ਹੈ। ਮਿਸਾਲ ਲਈ, 1 ਯੂਹੰਨਾ 5:19 ਦੱਸਦਾ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਹ ਦੁਸ਼ਟ ਕੌਣ ਹੈ? ਯਿਸੂ ਮਸੀਹ ਨੇ ਉਸ ਦੁਸ਼ਟ ਦੀ ਪਛਾਣ ਸ਼ਤਾਨ ਵਜੋਂ ਕਰਾਈ ਸੀ ਤੇ ਉਸ ਨੂੰ ਇਸ “ਜਗਤ ਦਾ ਸਰਦਾਰ” ਕਿਹਾ। (ਯੂਹੰਨਾ 14:30) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਦੁਨੀਆਂ ਵਿਚ ਬੁਰਾਈ ਤੇ ਦੁੱਖ ਕਿਉਂ ਹਨ? ਸ਼ਤਾਨ ਜ਼ਾਲਮ, ਧੋਖੇਬਾਜ਼ ਤੇ ਘਿਣਾਉਣਾ ਹੈ। ਇਸ ਲਈ ਲੋਕਾਂ ਨੂੰ ਦੁੱਖ ਝੱਲਣੇ ਪੈਂਦੇ ਹਨ। ਪਰ ਪਰਮੇਸ਼ੁਰ ਨੇ ਸ਼ਤਾਨ ਨੂੰ ਦੁਨੀਆਂ ਦੀ ਵਾਗਡੋਰ ਕਿਉਂ ਸੰਭਾਲੀ ਹੋਈ ਹੈ?

ਅਦਨ ਦੇ ਬਾਗ਼ ਵਿਚ ਖੜ੍ਹਾ ਹੋਇਆ ਵਾਦ-ਵਿਸ਼ਾ

ਜ਼ਰਾ ਸੋਚੋ ਉਨ੍ਹਾਂ ਪਿਆਰ ਕਰਨ ਵਾਲੇ ਮਾਪਿਆਂ ਤੇ ਕੀ ਬੀਤੇਗੀ ਜੇ ਕੋਈ ਉਨ੍ਹਾਂ ਉੱਤੇ ਸ਼ਰੇਆਮ ਦੋਸ਼ ਲਾਵੇ ਕਿ ਉਹ ਆਪਣੇ ਬੱਚਿਆਂ ਨਾਲ ਝੂਠ ਬੋਲਦੇ ਹਨ, ਉਨ੍ਹਾਂ ਤੇ ਧੌਂਸ ਜਮਾਉਂਦੇ ਹਨ ਤੇ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਤੋਂ ਵਾਂਝਿਆ ਰੱਖਦੇ ਹਨ? ਕੀ ਉਹ ਮਾਪੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਲਈ ਦੋਸ਼ ਲਾਉਣ ਵਾਲਿਆਂ ਦੀ ਮਾਰ-ਕੁਟਾਈ ਕਰਨਗੇ? ਬਿਲਕੁਲ ਨਹੀਂ। ਇਸ ਤਰ੍ਹਾਂ ਕਰਨ ਨਾਲ ਲੱਗੇਗਾ ਕਿ ਉਨ੍ਹਾਂ ਉੱਤੇ ਲਾਏ ਦੋਸ਼ ਸਹੀ ਹਨ।

ਇਹ ਉਦਾਹਰਣ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਵਾਦ-ਵਿਸ਼ੇ ਨੂੰ ਯਹੋਵਾਹ ਪਰਮੇਸ਼ੁਰ ਨੇ ਕਿਸ ਤਰੀਕੇ ਨਾਲ ਸੁਲਝਾਇਆ। ਉੱਥੇ ਪਰਮੇਸ਼ੁਰ ਨੇ ਪਹਿਲੇ ਜੋੜੇ ਆਦਮ ਤੇ ਹੱਵਾਹ ਨੂੰ ਇਕ ਬਹੁਤ ਵਧੀਆ ਕੰਮ ਕਰਨ ਨੂੰ ਦਿੱਤਾ ਸੀ। ਉਨ੍ਹਾਂ ਨੇ ਬੱਚੇ ਪੈਦਾ ਕਰ ਕੇ ਧਰਤੀ ਨੂੰ ਇਨਸਾਨਾਂ ਨਾਲ ਭਰਨਾ ਸੀ, ਇਸ ਦੀ ਦੇਖ-ਰੇਖ ਕਰਨੀ ਸੀ ਅਤੇ ਪੂਰੀ ਧਰਤੀ ਨੂੰ ਇਕ ਹਰਿਆ-ਭਰਿਆ ਬਾਗ਼ ਬਣਾਉਣਾ ਸੀ। (ਉਤਪਤ 1:28) ਇਸ ਵਧੀਆ ਕੰਮ ਵਿਚ ਪਰਮੇਸ਼ੁਰ ਦੇ ਲੱਖਾਂ ਆਤਮਿਕ ਦੂਤ ਬਹੁਤ ਦਿਲਚਸਪੀ ਲੈ ਰਹੇ ਸਨ।—ਅੱਯੂਬ 38:4, 7; ਦਾਨੀਏਲ 7:10.

ਪਰਮੇਸ਼ੁਰ ਨੇ ਆਪਣੀ ਦਰਿਆ-ਦਿਲੀ ਕਰਕੇ ਆਦਮ ਤੇ ਹੱਵਾਹ ਨੂੰ ਇਕ ਖ਼ੂਬਸੂਰਤ ਬਾਗ਼ ਵਿਚ ਰਹਿਣ ਦਿੱਤਾ ਜਿਸ ਵਿਚ ਭਾਂਤ-ਭਾਂਤ ਦੇ ਸੁਆਦੀ ਫਲ ਸਨ। ਉਨ੍ਹਾਂ ਨੇ ਸਿਰਫ਼ ਇਕ ਬਿਰਛ ਦਾ ਫਲ ਨਹੀਂ ਖਾਣਾ ਸੀ ਜੋ ਕਿ ‘ਭਲੇ ਬੁਰੇ ਦੀ ਸਿਆਣ ਦਾ ਬਿਰਛ’ ਸੀ। ਇਸ ਦਰਖ਼ਤ ਦਾ ਫਲ ਨਾ ਖਾ ਕੇ ਆਦਮ ਤੇ ਹੱਵਾਹ ਦਿਖਾ ਸਕਦੇ ਸਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੇ ਪੂਰਾ ਭਰੋਸਾ ਸੀ ਅਤੇ ਉਹੀ ਉਨ੍ਹਾਂ ਵਾਸਤੇ ਸਹੀ ਤੇ ਗ਼ਲਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਰੱਖਦਾ ਸੀ।—ਉਤਪਤ 2:16, 17.

ਪਰ ਦੁੱਖ ਦੀ ਗੱਲ ਹੈ ਕਿ ਇਕ ਦੂਤ ਨੇ ਆਪਣੀ ਭਗਤੀ ਕਰਵਾਉਣੀ ਚਾਹੀ, ਇਸ ਲਈ ਉਸ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਮਨ੍ਹਾ ਕੀਤਾ ਗਿਆ ਫਲ ਖਾ ਲਵੇ, ਤਾਂ ਉਹ ‘ਕਦੀ ਨਹੀਂ ਮਰੇਗੀ।’ (ਉਤਪਤ 2:17; 3:1-5) ਇਸ ਤਰ੍ਹਾਂ ਇਹ ਦੁਸ਼ਟ ਦੂਤ ਪਰਮੇਸ਼ੁਰ ਦੇ ਖ਼ਿਲਾਫ਼ ਹੋ ਗਿਆ ਅਤੇ ਉਸ ਨੇ ਪਰਮੇਸ਼ੁਰ ਨੂੰ ਝੂਠਾ ਕਿਹਾ। ਉਸ ਨੇ ਪਰਮੇਸ਼ੁਰ ਤੇ ਇਹ ਵੀ ਦੋਸ਼ ਲਾਇਆ ਕਿ ਪਰਮੇਸ਼ੁਰ ਆਦਮ ਤੇ ਹੱਵਾਹ ਤੋਂ ਜ਼ਰੂਰੀ ਗੱਲਾਂ ਲੁਕੋ ਰਿਹਾ ਸੀ। ਇਸ ਦੁਸ਼ਟ ਦੂਤ ਦੇ ਕਹਿਣ ਦਾ ਮਤਲਬ ਸੀ ਕਿ ਇਨਸਾਨਾਂ ਨੂੰ ਆਪਣੇ ਭਲੇ-ਬੁਰੇ ਦਾ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਲਈ ਕੀ ਸਹੀ ਤੇ ਕੀ ਗ਼ਲਤ ਹੈ। ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਦੁਸ਼ਟ ਦੂਤ ਦੋਸ਼ ਲਾ ਰਿਹਾ ਸੀ ਕਿ ਪਰਮੇਸ਼ੁਰ ਚੰਗਾ ਹਾਕਮ ਤੇ ਪਿਤਾ ਨਹੀਂ ਸੀ। ਉਸ ਨੇ ਇਹ ਵੀ ਸੰਕੇਤ ਕੀਤਾ ਕਿ ਉਹ ਪਰਮੇਸ਼ੁਰ ਨਾਲੋਂ ਬਿਹਤਰ ਹਾਕਮ ਸੀ।

ਚਤੁਰਾਈ ਨਾਲ ਝੂਠ ਬੋਲ-ਬੋਲ ਕੇ ਇਸ ਦੁਸ਼ਟ ਦੂਤ ਨੇ ਆਪਣੇ ਆਪ ਨੂੰ ਸ਼ਤਾਨ ਯਾਨੀ ਯਹੋਵਾਹ ਦਾ ਵਿਰੋਧੀ ਬਣਾ ਲਿਆ। ਆਦਮ ਤੇ ਹੱਵਾਹ ਨੇ ਕੀ ਕੀਤਾ? ਉਨ੍ਹਾਂ ਨੇ ਸ਼ਤਾਨ ਦਾ ਸਾਥ ਦਿੱਤਾ ਅਤੇ ਪਰਮੇਸ਼ੁਰ ਤੋਂ ਬੇਮੁਖ ਹੋ ਗਏ।—ਉਤਪਤ 3:6.

ਯਹੋਵਾਹ ਚਾਹੁੰਦਾ ਤਾਂ ਉਸੇ ਵੇਲੇ ਇਨ੍ਹਾਂ ਬਾਗ਼ੀਆਂ ਨੂੰ ਖ਼ਤਮ ਕਰ ਸਕਦਾ ਸੀ। ਪਰ ਜਿਵੇਂ ਅਸੀਂ ਉਦਾਹਰਣ ਤੋਂ ਦੇਖਿਆ ਸੀ, ਅਜਿਹੇ ਵਾਦ-ਵਿਸ਼ੇ ਮਾਰਨ-ਕੁੱਟਣ ਨਾਲ ਹੱਲ ਨਹੀਂ ਕੀਤੇ ਜਾ ਸਕਦੇ। ਇਹ ਵੀ ਯਾਦ ਰੱਖੋ ਕਿ ਜਦ ਸ਼ਤਾਨ ਨੇ ਪਰਮੇਸ਼ੁਰ ਤੇ ਦੋਸ਼ ਲਾਏ ਸਨ, ਤਾਂ ਉਸ ਵੇਲੇ ਲੱਖਾਂ ਫ਼ਰਿਸ਼ਤੇ ਇਹ ਸਭ ਸੁਣ ਰਹੇ ਸਨ। ਦਰਅਸਲ, ਸ਼ਤਾਨ ਦੇ ਬਗਾਵਤ ਕਰਨ ਤੋਂ ਬਾਅਦ ਬਹੁਤ ਸਾਰੇ ਫ਼ਰਿਸ਼ਤੇ ਸ਼ਤਾਨ ਨਾਲ ਮਿਲ ਗਏ ਸਨ।—ਮਰਕੁਸ 1:34; ਯਹੂਦਾਹ 6.

ਪਰਮੇਸ਼ੁਰ ਨੇ ਕੁਝ ਕੀਤਾ ਕਿਉਂ ਨਹੀਂ?

ਪਹਿਲੇ ਜੋੜੇ ਨੇ ਸਿਰਜਣਹਾਰ ਤੋਂ ਆਜ਼ਾਦ ਹੋ ਕੇ ਆਪਣੀ ਮਨ-ਮਰਜ਼ੀ ਕੀਤੀ। ਸ਼ਤਾਨ ਨੇ ਉਨ੍ਹਾਂ ਨੂੰ ਕੁਰਾਹੇ ਪਾ ਕੇ ਅਜਿਹੇ ਪਰਿਵਾਰ ਦੀ ਨੀਂਹ ਧਰੀ ਜੋ ਆਜ਼ਾਦ ਹੋਣ ਦੀ ਬਜਾਇ ਉਸ ਦਾ ਗ਼ੁਲਾਮ ਬਣ ਗਿਆ। ਜਾਣੇ-ਅਣਜਾਣੇ ਵਿਚ ਆਪਣੇ “ਪਿਉ” ਸ਼ਤਾਨ ਦੇ ਪ੍ਰਭਾਵ ਹੇਠ ਇਹ ਪਰਿਵਾਰ ਆਪਣੇ ਟੀਚੇ ਖ਼ੁਦ ਰੱਖਣ ਲੱਗ ਪਿਆ ਤੇ ਆਪਣੇ ਮਿਆਰ ਆਪ ਬਣਾ ਕੇ ਉਨ੍ਹਾਂ ਤੇ ਚੱਲਣ ਲੱਗਾ। (ਯੂਹੰਨਾ 8:44) ਪਰ ਇਸ ਤਰ੍ਹਾਂ ਜੀ ਕੇ ਕੀ ਉਨ੍ਹਾਂ ਨੂੰ ਸੱਚੀ ਆਜ਼ਾਦੀ ਤੇ ਖ਼ੁਸ਼ੀ ਮਿਲੀ? ਯਹੋਵਾਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਤੋਂ ਦੂਰ ਹੋ ਕਿ ਉਹ ਸੱਚੀ ਆਜ਼ਾਦੀ ਤੇ ਖ਼ੁਸ਼ੀ ਨਹੀਂ ਪਾ ਸਕਣਗੇ। ਫਿਰ ਵੀ ਉਸ ਨੇ ਇਨ੍ਹਾਂ ਬਾਗ਼ੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਜੀਣ ਦੀ ਇਜਾਜ਼ਤ ਦਿੱਤੀ। ਇਸ ਤਰ੍ਹਾਂ ਕਰ ਕੇ ਹੀ ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਵਾਦ-ਵਿਸ਼ੇ ਨੂੰ ਹਮੇਸ਼ਾ ਲਈ ਸੁਲਝਾਇਆ ਜਾ ਸਕਦਾ ਸੀ।

ਹੁਣ 6,000 ਸਾਲਾਂ ਤੋਂ ਜ਼ਿਆਦਾ ਵਕਤ ਗੁਜ਼ਰ ਚੁੱਕਾ ਹੈ। ਇਨਸਾਨ ਨੇ ਤਰ੍ਹਾਂ-ਤਰ੍ਹਾਂ ਦੀਆਂ ਸਰਕਾਰਾਂ ਅਤੇ ਕਾਨੂੰਨ ਅਜ਼ਮਾ ਕੇ ਦੇਖੇ ਹਨ। ਕੀ ਤੁਸੀਂ ਇਨ੍ਹਾਂ ਦੇ ਸਿੱਟਿਆਂ ਤੋਂ ਖ਼ੁਸ਼ ਹੋ? ਕੀ ਮਨੁੱਖੀ ਪਰਿਵਾਰ ਵਿਚ ਖ਼ੁਸ਼ੀ, ਸ਼ਾਂਤੀ ਅਤੇ ਏਕਤਾ ਹੈ? ਜਵਾਬ ਬਿਲਕੁਲ ਸਾਫ਼ ਹੈ, ਨਹੀਂ। ਇਸ ਦੀ ਬਜਾਇ, ਮਨੁੱਖਜਾਤੀ ਯੁੱਧਾਂ, ਭੁੱਖਮਰੀ, ਕੁਦਰਤੀ ਆਫ਼ਤਾਂ, ਬੀਮਾਰੀਆਂ ਅਤੇ ਮੌਤ ਦਾ ਸ਼ਿਕਾਰ ਹੁੰਦੀ ਆਈ ਹੈ। ਉਹ ਨਿਰਾਸ਼ਾ ਅਤੇ “ਪੀੜਾਂ” ਵਿੱਚੋਂ ਦੀ ਲੰਘ ਰਹੀ ਹੈ ਤੇ “ਹਾਹੁਕੇ ਭਰਦੀ ਹੈ।”—ਰੋਮੀਆਂ 8:19-22; ਉਪਦੇਸ਼ਕ ਦੀ ਪੋਥੀ 8:9.

ਪਰ ਕੁਝ ਲੋਕ ਪੁੱਛ ਸਕਦੇ ਹਨ, ‘ਪਰਮੇਸ਼ੁਰ ਨੇ ਦੁੱਖਾਂ-ਤਕਲੀਫ਼ਾਂ ਨੂੰ ਰੋਕਿਆ ਕਿਉਂ ਨਹੀਂ?’ ਜੇ ਪਰਮੇਸ਼ੁਰ ਇਸ ਤਰ੍ਹਾਂ ਕਰਦਾ, ਤਾਂ ਲੋਕਾਂ ਨੂੰ ਪਤਾ ਨਹੀਂ ਲੱਗਣਾ ਸੀ ਕਿ ਸ਼ਤਾਨ ਦੁਆਰਾ ਖੜ੍ਹੇ ਕੀਤੇ ਵਾਦ-ਵਿਸ਼ੇ ਦਾ ਕੀ ਨਤੀਜਾ ਨਿਕਲਿਆ। ਇਸ ਲਈ ਅਣਆਗਿਆਕਾਰੀ ਦੇ ਨਤੀਜੇ ਵਜੋਂ ਵਾਪਰਦੇ ਅਪਰਾਧਾਂ ਅਤੇ ਦੁਖਾਂਤਾਂ ਨੂੰ ਯਹੋਵਾਹ ਰੋਕਦਾ ਨਹੀਂ। * ਯਹੋਵਾਹ ਕਦੇ ਵੀ ਇਸ ਨੁਕਸਾਨਦੇਹ ਝੂਠ ਦਾ ਸਾਥ ਨਹੀਂ ਦੇਵੇਗਾ ਕਿ ਸ਼ਤਾਨ ਦਾ ਰਾਜ ਸਫ਼ਲ ਹੋ ਸਕਦਾ ਹੈ ਤੇ ਸ਼ਤਾਨ ਨੂੰ ਖ਼ੁਸ਼ੀ ਦਾ ਰਾਜ਼ ਪਤਾ ਹੈ! ਪਰ ਇਸ ਦਾ ਮਤਲਬ ਇਹ ਨਹੀਂ ਕਿ ਯਹੋਵਾਹ ਅੱਜ ਹੋ ਰਹੀਆਂ ਘਟਨਾਵਾਂ ਨੂੰ ਅਣਡਿੱਠ ਕਰ ਰਿਹਾ ਹੈ। ਉਹ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾ ਹੋਇਆ ਜਿਵੇਂ ਆਪਾਂ ਅੱਗੇ ਦੇਖਾਂਗੇ।

“ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ”

ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵਿਹਲਾ ਬੈਠ ਕੇ ਅੱਜ ਹੋ ਰਹੀਆਂ ਘਟਨਾਵਾਂ ਨੂੰ ਨਹੀਂ ਦੇਖ ਰਿਹਾ। (ਯੂਹੰਨਾ 5:17) ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਲੈ ਕੇ ਹੁਣ ਤਕ ਉਹ ਬਹੁਤ ਰੁੱਝਾ ਹੋਇਆ ਹੈ। ਮਿਸਾਲ ਲਈ, ਉਸ ਨੇ ਬਾਈਬਲ ਦੇ ਲਿਖਾਰੀਆਂ ਨੂੰ ਪ੍ਰੇਰਿਆ ਕਿ ਉਹ ਉਸ ਦੇ ਵਾਅਦੇ ਨੂੰ ਦਰਜ ਕਰਨ ਕਿ ਭਵਿੱਖ ਵਿਚ ਇਕ “ਸੰਤਾਨ” ਪੈਦਾ ਹੋਵੇਗੀ ਜੋ ਸ਼ਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਦਾ ਨਾਸ਼ ਕਰੇਗੀ। (ਉਤਪਤ 3:15) ਨਾਲੇ ਇਸ ਸੰਤਾਨ ਦੇ ਜ਼ਰੀਏ ਪਰਮੇਸ਼ੁਰ ਇਕ ਸਰਕਾਰ ਯਾਨੀ ਸਵਰਗੀ ਰਾਜ ਸਥਾਪਿਤ ਕਰੇਗਾ ਜੋ ਵਫ਼ਾਦਾਰ ਇਨਸਾਨਾਂ ਉੱਤੇ ਬਰਕਤਾਂ ਪਾਵੇਗਾ ਅਤੇ ਹਰ ਤਰ੍ਹਾਂ ਦੇ ਦੁੱਖ-ਦਰਦ, ਇੱਥੋਂ ਤਕ ਕਿ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ।—ਉਤਪਤ 22:18; ਜ਼ਬੂਰਾਂ ਦੀ ਪੋਥੀ 46:9; 72:16; ਯਸਾਯਾਹ 25:8; 33:24; ਦਾਨੀਏਲ 7:13, 14.

ਇਨ੍ਹਾਂ ਵਾਅਦਿਆਂ ਦੀ ਪੂਰਤੀ ਲਈ ਯਹੋਵਾਹ ਨੇ ਉਸ ਸ਼ਖ਼ਸ ਨੂੰ ਧਰਤੀ ਤੇ ਭੇਜਿਆ ਜੋ ਉਸ ਦੇ ਰਾਜ ਦਾ ਪ੍ਰਮੁੱਖ ਹਾਕਮ ਹੋਵੇਗਾ। ਇਹ ਸ਼ਖ਼ਸ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਸੀ। (ਗਲਾਤੀਆਂ 3:16) ਪਰਮੇਸ਼ੁਰ ਦੇ ਮਕਸਦ ਅਨੁਸਾਰ ਯਿਸੂ ਨੇ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਸਿੱਖਿਆ ਦਾ ਆਧਾਰ ਬਣਾਇਆ। (ਲੂਕਾ 4:43) ਦਰਅਸਲ, ਯਿਸੂ ਨੇ ਧਰਤੀ ਤੇ ਰਹਿੰਦੇ ਸਮੇਂ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਰਾਜਾ ਬਣਨ ਤੇ ਕੀ ਕੁਝ ਕਰੇਗਾ। ਉਸ ਨੇ ਹਜ਼ਾਰਾਂ ਭੁੱਖੇ ਲੋਕਾਂ ਨੂੰ ਭੋਜਨ ਖਿਲਾਇਆ, ਬੀਮਾਰਾਂ ਨੂੰ ਚੰਗਾ ਕੀਤਾ, ਮੁਰਦਿਆਂ ਨੂੰ ਜੀਉਂਦੇ ਕੀਤਾ ਅਤੇ ਇਕ ਪ੍ਰਚੰਡ ਤੂਫ਼ਾਨ ਨੂੰ ਸ਼ਾਂਤ ਕਰ ਕੇ ਦਿਖਾਇਆ ਕਿ ਕੁਦਰਤੀ ਤਾਕਤਾਂ ਵੀ ਉਸ ਦੇ ਵੱਸ ਵਿਚ ਹਨ। (ਮੱਤੀ 14:14-21; ਮਰਕੁਸ 4:37-39; ਯੂਹੰਨਾ 11:43, 44) ਯਿਸੂ ਬਾਰੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ।”—2 ਕੁਰਿੰਥੀਆਂ 1:20.

ਜੋ ਲੋਕ ਯਿਸੂ ਦੀ ਗੱਲ ਮੰਨ ਕੇ ਸ਼ਤਾਨ ਦੇ “ਜਗਤ” ਵਿੱਚੋਂ ਨਿਕਲ ਆਉਂਦੇ ਹਨ, ਉਨ੍ਹਾਂ ਦਾ ਯਹੋਵਾਹ ਦੇ ਪਰਿਵਾਰ ਵਿਚ ਸੁਆਗਤ ਕੀਤਾ ਜਾਂਦਾ ਹੈ। (ਯੂਹੰਨਾ 15:19) ਸੱਚੇ ਮਸੀਹੀਆਂ ਦਾ ਇਹ ਵਿਸ਼ਵ-ਵਿਆਪੀ ਪਰਿਵਾਰ ਪਿਆਰ ਤੇ ਸ਼ਾਂਤੀ ਨਾਲ ਰਹਿੰਦਾ ਹੈ ਤੇ ਆਪਣੇ ਵਿਚ ਕੋਈ ਜਾਤੀ ਭੇਦ-ਭਾਵ ਨਹੀਂ ਰੱਖਦਾ।—ਮਲਾਕੀ 3:17, 18; ਯੂਹੰਨਾ 13:34, 35.

ਇਸ ਦੁਨੀਆਂ ਦਾ ਸਾਥ ਦੇਣ ਦੀ ਬਜਾਇ ਸੱਚੇ ਮਸੀਹੀ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦੇ ਹਨ ਅਤੇ ਮੱਤੀ 24:14 ਵਿਚ ਦਿੱਤੇ ਯਿਸੂ ਦੇ ਹੁਕਮ ਮੁਤਾਬਕ ਇਸ ਰਾਜ ਦਾ ਪ੍ਰਚਾਰ ਕਰਦੇ ਹਨ। ਜ਼ਰਾ ਇਨ੍ਹਾਂ ਗੱਲਾਂ ਤੇ ਵਿਚਾਰ ਕਰੋ: ਦੁਨੀਆਂ ਭਰ ਵਿਚ “ਖ਼ੁਸ਼ ਖ਼ਬਰੀ ਦਾ ਪਰਚਾਰ” ਕੌਣ ਕਰਦਾ ਹੈ? ਵਿਸ਼ਵ-ਭਾਈਚਾਰੇ ਦੇ ਤੌਰ ਤੇ ਕਿਨ੍ਹਾਂ ਨੇ ਯੁੱਧਾਂ ਵਿਚ ਲੜਨ ਤੇ ਲੋਕਾਂ ਵਿਚ ਫੁੱਟ ਪਾਉਣ ਵਾਲੇ ਰਾਸ਼ਟਰੀ ਅਤੇ ਕਬਾਇਲੀ ਵਾਦ-ਵਿਵਾਦਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੈ? ਕੌਣ ਪਰਮੇਸ਼ੁਰ ਦੇ ਬਚਨ ਅਨੁਸਾਰ ਜੀਵਨ ਬਤੀਤ ਕਰਦੇ ਹਨ ਭਾਵੇਂ ਕਿ ਦੂਸਰੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ? (1 ਯੂਹੰਨਾ 5:3) ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਯਹੋਵਾਹ ਦੇ ਗਵਾਹਾਂ ਵਿਚ ਦੇਖੀਆਂ ਹਨ। ਕਿਉਂ ਨਾ ਤੁਸੀਂ ਖ਼ੁਦ ਇਸ ਦਾ ਸਬੂਤ ਦੇਖੋ?

ਪਰਮੇਸ਼ੁਰ ਦੀ ਹਕੂਮਤ ਚੁਣੋ

ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਅਤੇ ਸ਼ਤਾਨ ਦੁਆਰਾ ਭਰਮਾਈ ਗਈ ਇਸ ਦੁਨੀਆਂ ਵਿਚ ਲੋਕ ਜ਼ਿਆਦਾ ਤੋਂ ਜ਼ਿਆਦਾ ਦੁੱਖਾਂ ਤੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ। ਉਹ ਤਾਂ ਧਰਤੀ ਨੂੰ ਵੀ ਨਾਸ਼ ਕਰੀ ਜਾ ਰਹੇ ਹਨ! ਪਰ ਯਹੋਵਾਹ ਨੇ ਇਕ ਅਜਿਹੀ ਸਰਕਾਰ ਬਣਾਈ ਹੈ ਜਿਸ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਖੀ ਬਣਾਇਆ ਹੈ ਤੇ ਉਨ੍ਹਾਂ ਨੂੰ ਵਧੀਆ ਭਵਿੱਖ ਦੀ ਉਮੀਦ ਦਿੱਤੀ ਹੈ। (1 ਤਿਮੋਥਿਉਸ 4:10) ਤੁਸੀਂ ਕਿਹੜੀ ਹਕੂਮਤ ਚੁਣੋਗੇ?

ਚੋਣ ਕਰਨ ਦਾ ਹੁਣੇ ਵਕਤ ਹੈ ਕਿਉਂਕਿ ਪਰਮੇਸ਼ੁਰ ਸ਼ਤਾਨ ਅਤੇ ਉਸ ਦੀ ਦੁਨੀਆਂ ਨੂੰ ਜ਼ਿਆਦਾ ਦੇਰ ਤਕ ਨਹੀਂ ਰਹਿਣ ਦੇਵੇਗਾ। ਉਹ ਆਪਣੇ ਮੁਢਲੇ ਮਕਸਦ ਅਨੁਸਾਰ ਇਸ ਧਰਤੀ ਨੂੰ ਫਿਰਦੌਸ ਬਣਾ ਕੇ ਹੀ ਦਮ ਲਵੇਗਾ। ਇਹ ਮਕਸਦ ਪੂਰਾ ਹੋਣ ਤਕ ਪਰਮੇਸ਼ੁਰ ਦਾ ਰਾਜ ਅਤੇ ਇਸ ਰਾਜ ਦੇ ਹਿਮਾਇਤੀ ਤਾਕਤਵਰ ਹੁੰਦੇ ਜਾਣਗੇ, ਜਦ ਕਿ ਸ਼ਤਾਨ ਦੀ ਸੱਤਾ ਅਧੀਨ ਰਹਿੰਦੀ ਦੁਨੀਆਂ ਦੀਆਂ “ਪੀੜਾਂ” ਵਧਦੀਆਂ ਜਾਣਗੀਆਂ। ਫਿਰ ਪਰਮੇਸ਼ੁਰ ਇਸ ਦੁਨੀਆਂ ਦਾ ਅੰਤ ਲਿਆਵੇਗਾ। (ਮੱਤੀ 24:3, 7, 8) ਸੋ ਜੇ ਤੁਸੀਂ ਰੱਬ ਨੂੰ ਪੁੱਛਿਆ ਹੈ ਕਿ ਤੁਹਾਡੇ ਨਾਲ “ਕਿਉਂ” ਕੋਈ ਹਾਦਸਾ ਵਾਪਰਿਆ ਹੈ, ਤਾਂ ਬਾਈਬਲ ਵਿੱਚੋਂ ਦਿਲਾਸੇ ਅਤੇ ਉਮੀਦ ਦੇ ਸੰਦੇਸ਼ ਤੇ ਭਰੋਸਾ ਕਰੋ ਅਤੇ ਪਰਮੇਸ਼ੁਰ ਦੀ ਗੱਲ ਸੁਣੋ। ਤੁਹਾਡੇ ਦੁੱਖ ਦੇ ਹੰਝੂ ਖ਼ੁਸ਼ੀਆਂ ਦੇ ਹੰਝੂਆਂ ਵਿਚ ਬਦਲ ਸਕਦੇ ਹਨ।—ਮੱਤੀ 5:4; ਪਰਕਾਸ਼ ਦੀ ਪੋਥੀ 21:3, 4. (g 11/06)

[ਫੁਟਨੋਟ]

^ ਪੈਰਾ 19 ਹਾਲਾਂਕਿ ਪਰਮੇਸ਼ੁਰ ਨੇ ਸਮੇਂ-ਸਮੇਂ ਤੇ ਮਨੁੱਖੀ ਮਾਮਲਿਆਂ ਵਿਚ ਦਖ਼ਲ ਦਿੱਤਾ ਹੈ, ਪਰ ਉਸ ਨੇ ਜੋ ਕੁਝ ਵੀ ਕੀਤਾ, ਉਹ ਮੌਜੂਦਾ ਸ਼ਤਾਨੀ ਰਾਜ ਦੀ ਹਿਮਾਇਤ ਕਰਨ ਲਈ ਨਹੀਂ ਕੀਤਾ। ਉਹ ਸਭ ਉਸ ਨੇ ਆਪਣਾ ਮਕਸਦ ਪੂਰਾ ਕਰਨ ਲਈ ਕੀਤਾ।—ਲੂਕਾ 17:26-30; ਰੋਮੀਆਂ 9:17-24.

[ਸਫ਼ੇ 7 ਉੱਤੇ ਤਸਵੀਰ]

ਕੀ ਤੁਸੀਂ ਮਨੁੱਖੀ ਸ਼ਾਸਨ ਤੋਂ ਸੰਤੁਸ਼ਟ ਹੋ?

[ਕ੍ਰੈਡਿਟ ਲਾਈਨਾਂ]

Baby: © J. B. Russell/​Panos Pictures; crying woman: © Paul Lowe/​Panos Pictures

[ਸਫ਼ੇ 8, 9 ਉੱਤੇ ਤਸਵੀਰ]

ਯਿਸੂ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ ਅਤੇ ਮਰੇ ਲੋਕਾਂ ਨੂੰ ਜ਼ਿੰਦਾ ਕਰੇਗਾ