Skip to content

Skip to table of contents

ਪਹਿਲੀ ਸਦੀ ਵਿਚ ਲੋਕਾਂ ਦਾ ਮਨੋਰੰਜਨ

ਪਹਿਲੀ ਸਦੀ ਵਿਚ ਲੋਕਾਂ ਦਾ ਮਨੋਰੰਜਨ

ਪਹਿਲੀ ਸਦੀ ਵਿਚ ਲੋਕਾਂ ਦਾ ਮਨੋਰੰਜਨ

ਬੇਸ਼ੁਮਾਰ ਲੋਕ ਜ਼ਖ਼ਮੀ ਹੋਏ ਤੇ ਕਈ ਮਾਰੇ ਗਏ, ਇਨ੍ਹਾਂ ਵਿੱਚੋਂ ਕਈ ਤਾਂ ਅਜੇ ਬੱਚੇ ਹੀ ਸਨ। ਇਹ ਸਭ ਕੁਝ ਉਸ ਝਗੜੇ ਵਿਚ ਹੋਇਆ ਜੋ ਦੱਖਣੀ ਇਟਲੀ ਵਿਚ ਹੋਈਆਂ ਖੇਡਾਂ ਦੌਰਾਨ ਦੋ ਸ਼ਹਿਰਾਂ ਦੇ ਖੇਡ ਪ੍ਰੇਮੀਆਂ ਵਿਚ ਹੋਇਆ ਸੀ। ਇਸ ਝਗੜੇ ਕਰਕੇ ਖੇਡ ਅਧਿਕਾਰੀਆਂ ਨੇ ਅਗਲੇ ਦਸਾਂ ਸਾਲਾਂ ਲਈ ਇਸ ਖੇਡ ਮਦਾਨ ਨੂੰ ਬੰਦ ਕਰ ਦਿੱਤਾ।

ਇਸ ਤਰ੍ਹਾਂ ਦੇ ਦੰਗੇ-ਫ਼ਸਾਦ ਅੱਜ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਮ ਦੇਖੇ ਜਾ ਸਕਦੇ ਹਨ। ਉੱਪਰ ਜ਼ਿਕਰ ਕੀਤਾ ਗਿਆ ਝਗੜਾ ਤਕਰੀਬਨ 2000 ਸਾਲ ਪਹਿਲਾਂ ਰੋਮੀ ਸਮਰਾਟ ਨੀਰੋ ਦੇ ਰਾਜ ਦੌਰਾਨ ਹੋਇਆ ਸੀ। ਇਸ ਬਾਰੇ ਰੋਮੀ ਇਤਿਹਾਸਕਾਰ ਟੈਸੀਟਸ ਦਾ ਕਹਿਣਾ ਹੈ ਕਿ ਇਹ ਫ਼ਸਾਦ ਪੌਂਪੇ ਦੇ ਖੇਡ ਮਦਾਨ ਵਿਚ ਤਲਵਾਰਬਾਜ਼ੀ ਦੇ ਮੁਕਾਬਲੇ ਦੌਰਾਨ ਹੋਇਆ ਸੀ। ਮੁਕਾਬਲੇ ਦੌਰਾਨ ਪੌਂਪੇ ਦੇ ਲੋਕ ਅਤੇ ਲਾਗਲੇ ਸ਼ਹਿਰ ਨੁਕੇਰੀਆ ਤੋਂ ਆਏ ਖੇਡ ਪ੍ਰੇਮੀ ਆਪਸ ਵਿਚ ਲੜ ਪਏ ਸਨ।

ਪਹਿਲੀ ਸਦੀ ਵਿਚ ਮਨੋਰੰਜਨ ਦਾ ਲੋਕਾਂ ਉੱਤੇ ਕਾਫ਼ੀ ਅਸਰ ਪੈਂਦਾ ਸੀ। ਰੋਮੀ ਸਾਮਰਾਜ ਦੇ ਹਰ ਵੱਡੇ ਸ਼ਹਿਰ ਵਿਚ ਥੀਏਟਰ, ਖੇਡ ਮਦਾਨ ਜਾਂ ਸਰਕਸ ਸ਼ੋਅ ਹੋਇਆ ਕਰਦੇ ਸਨ। ਕਈ ਸ਼ਹਿਰਾਂ ਵਿਚ ਇਹ ਤਿੰਨੇ ਹੋਇਆ ਕਰਦੇ ਸਨ। ਰੋਮੀ ਸੰਸਾਰ ਦਾ ਨਕਸ਼ਾ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ ‘ਖੇਡਾਂ ਖ਼ਤਰਨਾਕ ਹੁੰਦੀਆਂ ਸਨ ਤੇ ਲੋਕਾਂ ਤੇ ਪਾਗਲਪਣ ਸਵਾਰ ਹੁੰਦਾ ਸੀ। ਖ਼ੂਨ-ਖ਼ਰਾਬਾ ਤਾਂ ਆਮ ਗੱਲ ਸੀ।’ ਰਥਵਾਨਾਂ ਦੇ ਕੱਪੜਿਆਂ ਦਾ ਰੰਗ ਇਕ-ਦੂਜੇ ਤੋਂ ਵੱਖਰਾ ਹੁੰਦਾ ਸੀ। ਹਰ ਟੀਮ ਸਮਾਜ ਦੇ ਕਿਸੇ-ਨ-ਕਿਸੇ ਵਰਗ ਵੱਲੋਂ ਖੇਡਾਂ ਵਿਚ ਹਿੱਸਾ ਲੈਂਦੀ ਸੀ। ਇਹ ਵਰਗ ਸਿਆਸੀ ਜਾਂ ਸਮਾਜਕ ਹੋ ਸਕਦਾ ਸੀ। ਖੇਡਾਂ ਦੇਖਣ ਆਏ ਲੋਕ ਆਪਣੀ ਟੀਮ ਦੇ ਖਿਡਾਰੀਆਂ ਨੂੰ ਖੇਡ ਮਦਾਨ ਵਿਚ ਆਉਂਦਿਆਂ ਦੇਖ ਕੇ ਹੁਲਾਰੇ ਮਾਰਨ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪੈਂਦੇ ਸਨ। ਰਥਵਾਨ ਇੰਨੇ ਮਸ਼ਹੂਰ ਹੋ ਗਏ ਸਨ ਕਿ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਆਪਣੇ ਘਰਾਂ ਵਿਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਥਵਾਨਾਂ ਨੂੰ ਧਨ-ਦੌਲਤ ਨਾਲ ਲੱਦ ਦਿੱਤਾ ਜਾਂਦਾ ਸੀ।

ਸ਼ਹਿਰਾਂ ਵਿਚ ਅਜਿਹੇ ਸਟੇਜ ਸ਼ੋਅ ਵੀ ਕੀਤੇ ਜਾਂਦੇ ਸਨ ਜਿਨ੍ਹਾਂ ਵਿਚ ਤਲਵਾਰਬਾਜ਼ ਇਕ-ਦੂਸਰੇ ਨਾਲ ਜਾਂ ਫਿਰ ਜਾਨਵਰਾਂ ਨਾਲ ਲੜਦੇ ਸਨ। ਕਈ ਵਾਰ ਖਿਡਾਰੀ ਜਾਨਵਰ ਨਾਲ ਬਿਨਾਂ ਕਿਸੇ ਹਥਿਆਰ ਦੇ ਲੜਦੇ ਸਨ। ਇਤਿਹਾਸਕਾਰ ਵਿਲ ਡੁਰੈਂਟ ਕਹਿੰਦਾ ਹੈ: ‘ਅਪਰਾਧੀਆਂ ਨੂੰ ਜਾਨਵਰਾਂ ਦੀ ਖੱਲ ਪਹਿਨਾ ਕੇ ਭੁੱਖੇ ਜਾਨਵਰਾਂ ਦੇ ਅੱਗੇ ਸੁੱਟ ਦਿੱਤਾ ਜਾਂਦਾ ਸੀ। ਇਨ੍ਹਾਂ ਹਾਲਤਾਂ ਵਿਚ ਮੌਤ ਬੇਹੱਦ ਭਿਆਨਕ ਹੁੰਦੀ ਸੀ ਤੇ ਅਪਰਾਧੀ ਸਹਿਕ-ਸਹਿਕ ਕੇ ਮਰਦੇ ਸਨ।’

ਇਨ੍ਹਾਂ ਖੇਡਾਂ ਨੂੰ ਜੋ ਲੋਕ ਮਜ਼ੇ ਨਾਲ ਦੇਖਦੇ ਸਨ, ਸੱਚ-ਮੁੱਚ ਉਨ੍ਹਾਂ ਦੀ “ਬੁੱਧ ਅਨ੍ਹੇਰੀ” ਹੋ ਚੁੱਕੀ ਸੀ ਅਤੇ “ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ” ਸੀ। (ਅਫ਼ਸੀਆਂ 4:17-19) ਦੂਜੀ ਸਦੀ ਵਿਚ ਟਰਟੂਲੀਅਨ ਨੇ ਲਿਖਿਆ: ‘ਪਰ ਕੋਈ ਵੀ ਮਸੀਹੀ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਲੈਂਦਾ ਸੀ। ਸਰਕਸ ਦਾ ਪਾਗਲਪੁਣਾ, ਖੇਡ ਮੈਦਾਨਾਂ ਵਿਚ ਹੁੰਦਾ ਖ਼ੂਨ-ਖ਼ਰਾਬਾ ਤੇ ਥੀਏਟਰ ਦੇ ਗੰਦੇ ਨਾਟਕ ਦੇਖਣ ਸੰਬੰਧੀ ਮਸੀਹੀਆਂ ਵਿਚ ਕਦੇ ਜ਼ਿਕਰ ਤਕ ਨਹੀਂ ਹੁੰਦਾ ਸੀ।’ ਅੱਜ ਵੀ ਸੱਚੇ ਮਸੀਹ ਹਰ ਤਰ੍ਹਾਂ ਦੇ ਹਿੰਸਕ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਚਾਹੇ ਇਹ ਕਿਤਾਬਾਂ ਵਿਚ, ਟੀ. ਵੀ. ਉੱਤੇ ਜਾਂ ਫਿਰ ਕੰਪਿਊਟਰ ਗੇਮਾਂ ਵਿਚ ਹੀ ਕਿਉਂ ਨਾ ਹੋਵੇ। ਉਹ ਹਮੇਸ਼ਾ ਯਾਦ ਰੱਖਦੇ ਹਨ ਕਿ ਪਰਮੇਸ਼ੁਰ “ਹਿੰਸਾ ਪਰਸਤਾਂ” ਨੂੰ ਨਫ਼ਰਤ ਕਰਦਾ ਹੈ।—ਭਜਨ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ। (g 11/06)

[ਸਫ਼ੇ 14 ਉੱਤੇ ਤਸਵੀਰ]

ਇਕ ਜੇਤੂ ਰਥਵਾਨ ਦਾ ਚਿੱਤਰ

[ਸਫ਼ੇ 14 ਉੱਤੇ ਤਸਵੀਰ]

ਸ਼ੇਰਨੀ ਨਾਲ ਲੜ ਰਹੇ ਇਕ ਖਿਡਾਰੀ ਦੀ ਤਸਵੀਰ

[ਸਫ਼ੇ 14 ਉੱਤੇ ਤਸਵੀਰ]

ਪਹਿਲੀ ਸਦੀ ਦਾ ਇਕ ਰੋਮੀ ਥੀਏਟਰ

[ਕ੍ਰੈਡਿਟ ਲਾਈਨ]

Ciudad de Mérida

[ਸਫ਼ੇ 14 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Top and bottom left: Museo Nacional de Arte Romano, Mérida