Skip to content

Skip to table of contents

ਰਾਤ ਨੂੰ ਜਗਮਗਾਉਂਦੀ “ਛੋਟੀ ਗੱਡੀ”

ਰਾਤ ਨੂੰ ਜਗਮਗਾਉਂਦੀ “ਛੋਟੀ ਗੱਡੀ”

ਰਾਤ ਨੂੰ ਜਗਮਗਾਉਂਦੀ “ਛੋਟੀ ਗੱਡੀ”

◼ ਬ੍ਰਾਜ਼ੀਲ ਦੇ ਪੇਂਡੂ ਇਲਾਕਿਆਂ ਵਿਚ ਸ਼ਾਮ ਦੇ ਵੇਲੇ ਸਿੱਲ੍ਹੀ ਜ਼ਮੀਨ ਤੇ ਪਏ ਪੱਤਿਆਂ ਹੇਠੋਂ ਇਕ ਛੋਟੀ ਜਿਹੀ “ਗੱਡੀ” ਨਿਕਲਦੀ ਹੈ। ਦੋ ਲਾਲ “ਹੈੱਡ-ਲਾਈਟਾਂ” ਨਾਲ ਇਹ ਆਪਣੇ ਅੱਗੇ ਰਾਹ ਦੇਖਦੀ ਹੈ ਤੇ ਇਸ ਦੇ ਪਿੱਛੇ 11 ਡੱਬਿਆਂ ਦੇ ਸੱਜੇ-ਖੱਬੇ ਪਾਸੇ ਹਰੀਆਂ-ਪੀਲ਼ੀਆਂ ਲਾਈਟਾਂ ਜਗਦੀਆਂ ਹਨ। ਇਹ ਕੋਈ ਸਾਧਾਰਣ ਗੱਡੀ ਨਹੀਂ ਹੈ, ਸਗੋਂ ਇਹ ਦੋ ਇੰਚ ਲੰਬਾ ਭੂੰਡ ਹੈ ਜੋ ਉੱਤਰੀ ਤੇ ਦੱਖਣੀ ਅਮਰੀਕਾ ਵਿਚ ਪਾਇਆ ਜਾਂਦਾ ਹੈ। ਮਾਦਾ ਭੂੰਡ ਨਰ ਭੂੰਡ ਵਾਂਗ ਆਪਣਾ ਰੂਪ ਨਹੀਂ ਬਦਲਦੀ, ਸਗੋਂ ਲਾਰਵੇ ਦੇ ਰੂਪ ਵਿਚ ਹੀ ਰਹਿੰਦੀ ਹੈ। ਇਹ ਲਾਈਟਾਂ ਨਾਲ ਜਗਮਗਾਉਂਦੀ ਰੇਲ-ਗੱਡੀ ਵਰਗੀ ਲੱਗਦੀ ਹੈ, ਇਸ ਲਈ ਇਸ ਨੂੰ “ਰੇਲ-ਰੋਡ ਵਰਮ” ਕਿਹਾ ਜਾਂਦਾ ਹੈ। ਬ੍ਰਾਜ਼ੀਲ ਵਿਚ ਪੇਂਡੂ ਲੋਕ ਇਸ ਭੂੰਡ ਨੂੰ ਛੋਟੀ ਗੱਡੀ ਕਹਿੰਦੇ ਹਨ।

ਇਹ ਭੂਰੇ ਰੰਗ ਦਾ ਭੂੰਡ ਦਿਨੇ ਨਜ਼ਰ ਨਹੀਂ ਆਉਂਦਾ। ਪਰ ਰਾਤ ਨੂੰ ਆਪਣੀਆਂ ਲਾਈਟਾਂ ਕਰਕੇ ਝੱਟ ਦਿੱਸ ਪੈਂਦਾ ਹੈ। ਇਹ ਲਾਈਟਾਂ ਭੂੰਡ ਦੇ ਸਰੀਰ ਵਿਚ ਪਾਏ ਜਾਂਦੇ ਲੁਸਿਫ਼ਰਨ ਅਤੇ ਲੁਸਿਫ਼ਰੇਸ ਨਾਂ ਦੇ ਰਸਾਇਣਾਂ ਨਾਲ ਜਗਦੀਆਂ ਹਨ। ਲਾਈਟਾਂ ਲਾਲ, ਪੀਲ਼ੇ, ਸੰਤਰੀ ਤੇ ਹਰੇ ਰੰਗ ਦੀਆਂ ਹੁੰਦੀਆਂ ਹਨ।

ਲਾਲ ਹੈੱਡ-ਲਾਈਟਾਂ ਹਮੇਸ਼ਾ ਜਗਦੀਆਂ ਰਹਿੰਦੀਆਂ ਹਨ, ਪਰ ਦੋਵਾਂ ਪਾਸੇ ਦੀਆਂ ਹਰੀਆਂ-ਪੀਲ਼ੀਆਂ ਲਾਈਟਾਂ ਕਦੇ-ਕਦੇ ਹੀ ਜਗਦੀਆਂ ਹਨ। ਰਿਸਰਚਰ ਕਹਿੰਦੇ ਹਨ ਕਿ ਹੈੱਡ-ਲਾਈਟਾਂ ਭੂੰਡ ਦੀ ਸੁੰਡੀਆਂ ਲੱਭਣ ਵਿਚ ਮਦਦ ਕਰਦੀਆਂ ਹਨ ਜੋ ਉਨ੍ਹਾਂ ਦਾ ਮਨ-ਪਸੰਦ ਭੋਜਨ ਹੈ। ਦੋਵੇਂ ਪਾਸੇ ਦੀਆਂ ਲਾਈਟਾਂ ਕੀੜੀਆਂ, ਡੱਡੂਆਂ ਤੇ ਮੱਕੜੀਆਂ ਵਰਗੇ ਸ਼ਿਕਾਰੀਆਂ ਨੂੰ ਦੂਰ ਰੱਖਦੀਆਂ ਹਨ। ਇਹ ਆਪਣੀਆਂ ਲਾਈਟਾਂ ਜਗਾ ਕੇ ਉਨ੍ਹਾਂ ਨੂੰ ਕਹਿੰਦੀ ਹੈ ਕਿ “ਮੈਨੂੰ ਖਾ ਕੇ ਤੁਹਾਡੇ ਮੂੰਹ ਦਾ ਸੁਆਦ ਖ਼ਰਾਬ ਹੋ ਜਾਊ!” ਇਸ ਤਰ੍ਹਾਂ ਲਾਈਟਾਂ ਉਦੋਂ ਵੀ ਜਗਦੀਆਂ ਹਨ ਜਦੋਂ ਕੋਈ ਸ਼ਿਕਾਰੀ ਜੀਵ-ਜੰਤੂ ਲਾਗੇ ਆਉਂਦਾ ਹੈ। ਇਹ ਉਦੋਂ ਵੀ ਜਗਦੀਆਂ ਹਨ ਜਦੋਂ ਭੂੰਡ ਸੁੰਡੀਆਂ ਖਾਂਦਾ ਹੈ ਤੇ ਜਦੋਂ ਮਾਦਾ ਭੂੰਡ ਆਪਣੇ ਆਂਡਿਆਂ ਦੇ ਆਲੇ-ਦੁਆਲੇ ਲਿਪਟੀ ਹੁੰਦੀ ਹੈ। ਆਮ ਤੌਰ ਤੇ ਦੋਵੇਂ ਪਾਸੇ ਦੀਆਂ ਲਾਈਟਾਂ ਸਕਿੰਟਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਜਗ ਪੈਂਦੀਆਂ ਹਨ ਤੇ ਫਿਰ ਬੁੱਝ ਜਾਂਦੀਆਂ ਹਨ। ਇਹ ਲੋੜ ਅਨੁਸਾਰ ਜਗਦੀਆਂ-ਬੁੱਝਦੀਆਂ ਰਹਿੰਦੀਆਂ ਹਨ।

ਸੱਚ-ਮੁੱਚ ਹੀ ਅਸੀਂ ਜ਼ਮੀਨ ਉੱਤੇ ਪਏ ਸਿੱਲ੍ਹੇ ਪੱਤਿਆਂ ਵਿਚ ਵੀ ਕਮਾਲ ਦੀ ਸੁੰਦਰਤਾ ਦੇਖ ਸਕਦੇ ਹਾਂ। ਸਾਨੂੰ ਸ੍ਰਿਸ਼ਟੀਕਰਤਾ ਦੀ ਉਸਤਤ ਵਿਚ ਲਿਖੇ ਗਏ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਚੇਤੇ ਆਉਂਦੇ ਹਨ: “ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”—ਜ਼ਬੂਰਾਂ ਦੀ ਪੋਥੀ 104:24. (g 11/06)

[ਸਫ਼ੇ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Robert F. Sisson/​National Geographic Image Collection