Skip to content

Skip to table of contents

ਵਿਸ਼ਾਲ ਮੇਕਾਂਗ ਨਦੀ ਨੂੰ ਮਿਲੋ

ਵਿਸ਼ਾਲ ਮੇਕਾਂਗ ਨਦੀ ਨੂੰ ਮਿਲੋ

ਵਿਸ਼ਾਲ ਮੇਕਾਂਗ ਨਦੀ ਨੂੰ ਮਿਲੋ

ਮੇਕਾਂਗ ਨਦੀ ਛੇ ਏਸ਼ੀਆਈ ਦੇਸ਼ਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ। ਇਹ ਲਗਭਗ 100 ਨਸਲਾਂ ਤੇ ਜਾਤਾਂ ਦੇ 10 ਕਰੋੜ ਲੋਕਾਂ ਦੀ ਜਾਨ ਹੈ। ਹਰ ਸਾਲ ਇਸ ਨਦੀ ਤੋਂ 13 ਲੱਖ ਟਨ ਮੱਛੀਆਂ ਮਿਲਦੀਆਂ ਹਨ। ਇਹ ਗਿਣਤੀ ਉੱਤਰੀ ਸਾਗਰ ਵਿੱਚੋਂ ਫੜੀਆਂ ਜਾਂਦੀਆਂ ਮੱਛੀਆਂ ਨਾਲੋਂ ਚਾਰ ਗੁਣਾ ਜ਼ਿਆਦਾ ਹੈ! ਇਸ ਨਦੀ ਦਾ ਪੈਂਡਾ 4,350 ਕਿਲੋਮੀਟਰ ਹੈ ਜਿਸ ਕਰਕੇ ਮੇਕਾਂਗ ਨੂੰ ਦੱਖਣ-ਪੂਰਬੀ ਏਸ਼ੀਆ ਵਿਚ ਸਭ ਤੋਂ ਲੰਬੀ ਨਦੀ ਹੋਣ ਦਾ ਮਾਣ ਪ੍ਰਾਪਤ ਹੈ। ਇੰਨੇ ਸਾਰੇ ਦੇਸ਼ਾਂ ਵਿਚ ਦੀ ਲੰਘਣ ਕਰਕੇ ਇਸ ਨਦੀ ਦੇ ਕਈ ਨਾਂ ਹਨ। ਪਰ ਆਮ ਕਰਕੇ ਇਸ ਨੂੰ ਮੇਕਾਂਗ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਥਾਈ ਭਾਸ਼ਾ ਵਿਚ ਮੇ ਨਾਮ ਕੋਂਗ ਨਾਂ ਦਾ ਸੰਖੇਪ ਰੂਪ ਹੈ।

ਮੇਕਾਂਗ ਦਾ ਜਨਮ ਹਿਮਾਲੀਆ ਪਰਬਤ ਵਿੱਚੋਂ ਹੁੰਦਾ ਹੈ। ਇਹ ਡੂੰਘੀਆਂ ਘਾਟੀਆਂ ਵਿਚ ਤੰਗ ਚਟਾਨਾਂ ਵਿੱਚੋਂ ਛਾਲਾਂ ਮਾਰਦੀ ਲੰਘਦੀ ਹੈ। ਇਹ ਆਪਣਾ ਲਗਭਗ ਅੱਧਾ ਕੁ ਪੈਂਡਾ ਚੀਨ ਵਿਚ ਪੂਰਾ ਕਰਦੀ ਹੈ ਜਿੱਥੇ ਇਸ ਨੂੰ ਲਾਂਟਸਾਂਗ ਕਿਹਾ ਜਾਂਦਾ ਹੈ। ਚੀਨ ਵਿਚ ਮੇਕਾਂਗ ਦੀ ਉਤਰਾਈ 4,500 ਮੀਟਰ ਮਾਪੀ ਗਈ ਹੈ! ਪਰ ਇਸ ਤੋਂ ਹੇਠਾਂ ਨਦੀ ਦੀ ਉਤਰਾਈ ਇੰਨੀ ਤੇਜ਼ ਨਹੀਂ ਰਹਿੰਦੀ। ਘਾਟੀ ਕੁਝ ਪੱਧਰੀ ਹੋ ਜਾਂਦੀ ਹੈ ਜਿਸ ਕਰਕੇ ਮੇਕਾਂਗ ਦੀ ਉਤਰਾਈ ਸਿਰਫ਼ 500 ਮੀਟਰ ਹੁੰਦੀ ਹੈ। ਚੀਨ ਦੀ ਭੂਮੀ ਵਿੱਚੋਂ ਲੰਘ ਕੇ ਮੇਕਾਂਗ ਨਦੀ ਮਨਮਾਰ ਅਤੇ ਲਾਓਸ ਦੀ ਸੀਮਾ ਬਣ ਕੇ ਵਹਿੰਦੀ ਹੈ। ਇਹ ਕਾਫ਼ੀ ਹੱਦ ਤਕ ਲਾਓਸ ਤੇ ਥਾਈਲੈਂਡ ਦੀ ਸੀਮਾ ਵੀ ਬਣਦੀ ਹੈ। ਕੰਬੋਡੀਆ ਵਿਚ ਜਾ ਕੇ ਇਹ ਦੋ ਸ਼ਾਖਾਂ ਵਿਚ ਵੰਡੀ ਜਾਂਦੀ ਹੈ ਤੇ ਫਿਰ ਵੀਅਤਨਾਮ ਵਿੱਚੋਂ ਵਹਿੰਦੀ ਹੋਈ ਆਖ਼ਰਕਾਰ ਦੱਖਣੀ ਚੀਨ ਸਮੁੰਦਰ ਦੀਆਂ ਲਹਿਰਾਂ ਵਿਚ ਜਾ ਰਲਦੀ ਹੈ।

1860 ਦੇ ਦਹਾਕੇ ਦੇ ਅੰਤ ਵਿਚ ਫਰਾਂਸੀਸੀ ਲੋਕਾਂ ਨੇ ਚੀਨ ਜਾਣ ਲਈ ਮੇਕਾਂਗ ਨੂੰ ਆਵਾਜਾਈ ਲਈ ਵਰਤਣ ਦੀ ਕੋਸ਼ਿਸ਼ ਕੀਤੀ। ਪਰ ਕੰਬੋਡੀਆ ਦੇ ਕਰਾਟਏ ਸ਼ਹਿਰ ਲਾਗੇ ਚਟਾਨਾਂ ਵਿੱਚੋਂ ਛਾਲਾਂ ਮਾਰਦੀ ਨਦੀ ਦੀ ਤੇਜ਼ ਰਫ਼ਤਾਰ ਅਤੇ ਦੱਖਣੀ ਲਾਓਸ ਵਿਚ ਕੋਨ ਫਾਲਜ਼ ਨਾਂ ਦੇ ਝਰਨਿਆਂ ਨੇ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ। ਕੋਨ ਫਾਲਜ਼ ਤੋਂ ਦੁਨੀਆਂ ਦੇ ਹੋਰ ਕਿਸੇ ਵੀ ਝਰਨੇ ਨਾਲੋਂ ਜ਼ਿਆਦਾ ਪਾਣੀ ਡਿੱਗਦਾ ਹੈ। ਇਹ ਕੈਨੇਡਾ ਤੇ ਅਮਰੀਕਾ ਵਿਚਕਾਰ ਨਿਆਗਰਾ ਫਾਲਜ਼ ਦੇ ਪਾਣੀਆਂ ਤੋਂ ਦੁਗਣਾ ਹੈ।

ਜੀਵਨ ਦਾ ਦਾਨ ਵੰਡਦੀ ਨਦੀ

ਮੇਕਾਂਗ ਦੱਖਣੀ-ਪੂਰਬੀ ਏਸ਼ੀਆ ਦੀ ਆਰਥਿਕ ਖ਼ੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ। ਲਾਓਸ ਦੀ ਰਾਜਧਾਨੀ ਵੀਅਨ ਤਿਆਨ ਅਤੇ ਕੰਬੋਡੀਆ ਦੀ ਰਾਜਧਾਨੀ ਨਾਮ ਪੇਨ ਇਸ ਨਦੀ ਦੇ ਕਿਨਾਰੇ ਵਸੇ ਬੰਦਰਗਾਹ ਨਗਰ ਹਨ। ਮੇਕਾਂਗ ਨਦੀ ਤਾਂ ਵੀਅਤਨਾਮ ਦੀ ਜਾਨ ਹੀ ਹੈ। ਇੱਥੇ ਨਦੀ ਸੱਤ ਸ਼ਾਖਾਂ ਵਿਚ ਵੰਡੀ ਜਾਂਦੀ ਹੈ ਅਤੇ 25,000 ਵਰਗ ਕਿਲੋਮੀਟਰ ਦਾ ਡੈਲਟਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਸੱਤਾਂ ਸ਼ਾਖਾਂ ਦਾ ਕੁੱਲ ਪੈਂਡਾ ਲਗਭਗ 3,200 ਕਿਲੋਮੀਟਰ ਲੰਬਾ ਹੈ। ਇਨ੍ਹਾਂ ਸ਼ਾਖਾਂ ਤੋਂ ਝੋਨਿਆਂ ਤੇ ਹੋਰਨਾਂ ਕਿਸਮਾਂ ਦੀਆਂ ਫ਼ਸਲਾਂ ਨੂੰ ਭਰਪੂਰ ਪਾਣੀ ਮਿਲਣ ਦੇ ਨਾਲ-ਨਾਲ ਕਾਲੀ ਉਪਜਾਊ ਮਿੱਟੀ ਵੀ ਮਿਲਦੀ ਹੈ ਜਿਸ ਕਰਕੇ ਹਰ ਸਾਲ ਕਿਸਾਨ ਚਾਵਲ ਦੀਆਂ ਤਿੰਨ ਫ਼ਸਲਾਂ ਵੱਢਦੇ ਹਨ। ਇਸੇ ਕਰਕੇ ਥਾਈਲੈਂਡ ਤੋਂ ਬਾਅਦ ਵੀਅਤਨਾਮ ਸਭ ਤੋਂ ਜ਼ਿਆਦਾ ਚਾਵਲ ਐਕਸਪੋਰਟ ਕਰਨ ਵਾਲਾ ਦੇਸ਼ ਹੈ।

ਅੰਦਾਜ਼ਾ ਲਾਇਆ ਗਿਆ ਹੈ ਕਿ ਮੇਕਾਂਗ ਨਦੀ ਵਿਚ ਮੱਛੀਆਂ ਦੀਆਂ 1,200 ਕਿਸਮਾਂ ਹਨ। ਇਨ੍ਹਾਂ ਵਿੱਚੋਂ ਕੁਝ ਕਿਸਮਾਂ ਦੀਆਂ ਮੱਛੀਆਂ ਤੇ ਝੀਂਗਿਆਂ ਨੂੰ ਵੱਡੇ ਛੰਭਾਂ ਵਿਚ ਪਾਲਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਇਕ ਟ੍ਰੇ ਰਿਆਲ ਮੱਛੀ ਹੈ ਜਿਸ ਦੇ ਨਾਂ ਤੇ ਹੀ ਕੰਬੋਡੀਆ ਦੀ ਕਰੰਸੀ ਨੂੰ ਰਿਆਲ ਕਿਹਾ ਜਾਂਦਾ ਹੈ। ਮੇਕਾਂਗ ਵਿਚ ਇਕ ਕਿਸਮ ਦੀ ਕੈਟਫ਼ਿਸ਼ ਹੈ ਜੋ ਨੌਂ ਫੁੱਟ ਲੰਬੀ ਹੋ ਸਕਦੀ ਹੈ। ਅਫ਼ਸੋਸ ਕਿ ਇਸ ਮੱਛੀ ਦੀ ਹੋਂਦ ਖ਼ਤਰੇ ਵਿਚ ਹੈ। ਸਾਲ 2005 ਵਿਚ ਮਛਿਆਰਿਆਂ ਨੇ 290 ਕਿਲੋ ਭਾਰੀ ਕੈਟਫਿਸ਼ ਫੜੀ ਜਿਸ ਜਿੱਡੀ ਸ਼ਾਇਦ ਹੁਣ ਤਕ ਦੁਨੀਆਂ ਦੀ ਕਿਸੇ ਵੀ ਨਦੀ ਵਿਚ ਨਾ ਫੜੀ ਗਈ ਹੋਵੇ! ਮੇਕਾਂਗ ਵਿਚ ਇਰਾਵਦੀ ਡਾਲਫਿਨ ਨਾਂ ਦੀ ਮੱਛੀ ਦੇ ਖ਼ਤਮ ਹੋਣ ਦਾ ਵੀ ਖ਼ਤਰਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸ਼ਾਇਦ ਪੂਰੀ ਨਦੀ ਵਿਚ 100 ਤੋਂ ਵੀ ਘੱਟ ਡਾਲਫਿਨਾਂ ਰਹਿ ਗਈਆਂ ਹਨ।

ਕਰੋੜਾਂ ਲੋਕਾਂ ਦਾ ਢਿੱਡ ਭਰਨ ਤੋਂ ਇਲਾਵਾ ਮੇਕਾਂਗ ਆਵਾਜਾਈ ਦਾ ਮੁੱਖ ਜ਼ਰੀਆ ਵੀ ਹੈ। ਇਸ ਨਦੀ ਰਾਹੀਂ ਲੋਕ ਛੋਟੀਆਂ ਬੇੜੀਆਂ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ ਅਤੇ ਮਾਲ ਦੀ ਢੋਆ-ਢੁਆਈ ਕਰਨ ਵਾਸਤੇ ਵੱਡੀਆਂ ਕਿਸ਼ਤੀਆਂ ਤੇ ਸਮੁੰਦਰੀ ਜਹਾਜ਼ਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਇਸ ਨਦੀ ਰਾਹੀਂ ਸੈਲਾਨੀ ਕੋਨ ਫਾਲਜ਼ ਦੇ ਪਰਲੇ ਪਾਸੇ ਪੈਂਦੇ ਵੀਅਨ ਤਿਆਨ ਸ਼ਹਿਰ ਜਾਂਦੇ ਹਨ। ਇਹ ਸ਼ਹਿਰ ਆਪਣੀਆਂ ਨਹਿਰਾਂ, ਬੋਧੀ ਮੰਦਰਾਂ ਅਤੇ ਬਾਂਸ ਦੀਆਂ ਥੰਮ੍ਹੀਆਂ ਦੇ ਕੇ ਬਣਾਏ ਘਰਾਂ ਲਈ ਮਸ਼ਹੂਰ ਹੈ ਅਤੇ 1,000 ਸਾਲਾਂ ਤੋਂ ਇਹ ਵਪਾਰ, ਸਿਆਸਤ ਤੇ ਧਰਮ ਦਾ ਕੇਂਦਰ ਰਿਹਾ ਹੈ। ਵੀਅਨ ਤਿਆਨ ਤੋਂ ਸੈਲਾਨੀ ਲੁਆਂਗ ਪ੍ਰਬਾਂਗ ਨਾਂ ਦੇ ਬੰਦਰਗਾਹ ਨਗਰ ਨੂੰ ਜਾ ਸਕਦੇ ਹਨ। ਇਕ ਸਮਾਂ ਸੀ ਜਦ ਇਹ ਨਗਰ ਥਾਈ-ਲਾਓ ਰਾਜ ਦੀ ਰਾਜਧਾਨੀ ਸੀ ਅਤੇ ਫਰਾਂਸੀਸੀ ਰਾਜ ਦੌਰਾਨ ਇਹ ਲਾਓਸ ਦੀ ਸ਼ਾਹੀ ਰਾਜਧਾਨੀ ਹੋਇਆ ਕਰਦਾ ਸੀ। ਇੱਥੇ ਫਰਾਂਸੀਸੀ ਨਿਰਮਾਣ ਕਲਾ ਦੇ ਨਮੂਨੇ ਅਜੇ ਵੀ ਦੇਖੇ ਜਾ ਸਕਦੇ ਹਨ।

ਹਾਲ ਹੀ ਦੇ ਸਮਿਆਂ ਵਿਚ ਮੇਕਾਂਗ ਨਦੀ ਦੇ ਆਲੇ-ਦੁਆਲੇ ਤਬਾਹਕੁਨ ਤਬਦੀਲੀਆਂ ਹੋਈਆਂ ਹਨ। ਇਨ੍ਹਾਂ ਵਿਚ ਹੱਦੋਂ ਵੱਧ ਮੱਛੀਆਂ ਦਾ ਸ਼ਿਕਾਰ ਕਰਨਾ, ਜੰਗਲਾਂ ਦੀ ਕਟਾਈ ਤੇ ਬਿਜਲੀ ਪੈਦਾ ਕਰਨ ਲਈ ਬਣਾਏ ਗਏ ਵੱਡੇ-ਵੱਡੇ ਡੈਮ ਸ਼ਾਮਲ ਹਨ। ਦੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਇਨ੍ਹਾਂ ਹਾਨੀਕਾਰਕ ਤਬਦੀਲੀਆਂ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਅਜੇ ਵੀ ਇਕ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ।

ਬਾਈਬਲ ਵਿਚ ਸਾਡਾ ਕਰਤਾਰ ਵਾਅਦਾ ਕਰਦਾ ਹੈ ਕਿ ਉਹ ਧਰਤੀ ਉੱਤੇ ਆਪਣਾ ਰਾਜ ਸਥਾਪਿਤ ਕਰੇਗਾ। (ਦਾਨੀਏਲ 2:44; 7:13, 14; ਮੱਤੀ 6:10) ਇਹ ਰਾਜ ਇਕ ਨਵੀਂ ਸਰਕਾਰ ਹੈ ਜਿਸ ਦੇ ਅਧੀਨ ਧਰਤੀ ਦੀ ਸ਼ਕਲ ਬਦਲ ਦਿੱਤੀ ਜਾਵੇਗੀ। ਉਸ ਵੇਲੇ ਕਿਹਾ ਜਾ ਸਕਦਾ ਹੈ ਕਿ ਨਦੀਆਂ ਖ਼ੁਸ਼ੀ ਨਾਲ ਉਛਲ ਉੱਠਣਗੀਆਂ ਤੇ ‘ਤਾਲ ਦੇਣਗੀਆਂ।’ (ਜ਼ਬੂਰਾਂ ਦੀ ਪੋਥੀ 98:7-9) ਉਮੀਦ ਹੈ ਕਿ ਇਸ ਖ਼ੁਸ਼ੀ ਵਿਚ ਵਿਸ਼ਾਲ ਮੇਕਾਂਗ ਨਦੀ ਵੀ ਸ਼ਾਮਲ ਹੋਵੇਗੀ। (g 11/06)

[ਸਫ਼ੇ 24 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਚੀਨ

ਮਨਮਾਰ

ਲਾਓਸ

ਥਾਈਲੈਂਡ

ਕੰਬੋਡੀਆ

ਵੀਅਤਨਾਮ

ਮੇਕਾਂਗ ਨਦੀ

[ਸਫ਼ੇ 24 ਉੱਤੇ ਤਸਵੀਰ]

ਮੇਕਾਂਗ ਡੈਲਟਾ ਵਿਚ ਝੋਨੇ ਦੇ ਖੇਤ

[ਸਫ਼ੇ 24 ਉੱਤੇ ਤਸਵੀਰ]

ਮੇਕਾਂਗ ਨਦੀ ਵਿਚ ਮੱਛੀਆਂ ਦੀਆਂ 1,200 ਕਿਸਮਾਂ ਹਨ

[ਸਫ਼ੇ 25 ਉੱਤੇ ਤਸਵੀਰ]

ਨਦੀ ਉੱਤੇ ਲੱਗਦੀ ਮੰਡੀ, ਵੀਅਤਨਾਮ

[ਸਫ਼ੇ 24 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Rice paddies: ©Jordi Camí/​age fotostock; fishing: ©Stuart Pearce/​World Pictures/​age fotostock; background: © Chris Sattlberger/​Panos Pictures

[ਸਫ਼ੇ 25 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Market: ©Lorne Resnick/​age fotostock; woman: ©Stuart Pearce/​World Pictures/​age fotostock