Skip to content

Skip to table of contents

ਸਭ ਤੋਂ ਔਖਾ ਸਵਾਲ

ਸਭ ਤੋਂ ਔਖਾ ਸਵਾਲ

ਸਭ ਤੋਂ ਔਖਾ ਸਵਾਲ

“ਆਖ਼ਰ ਕਿਉਂ?” ਇਨ੍ਹਾਂ ਸੌਖੇ ਜਿਹੇ ਲਫ਼ਜ਼ਾਂ ਵਿਚ ਅਕਸਰ ਕਿੰਨੀ ਬੇਬੱਸੀ ਅਤੇ ਕਿੰਨਾ ਦਰਦ ਲੁਕਿਆ ਹੁੰਦਾ ਹੈ। ਲੋਕ ਅਕਸਰ ਇਹੀ ਸਵਾਲ ਪੁੱਛਦੇ ਹਨ ਜਦੋਂ ਕੋਈ ਵੱਡੀ ਤਬਾਹੀ ਆਉਂਦੀ ਹੈ ਜਾਂ ਦੁਖਦਾਈ ਘਟਨਾ ਵਾਪਰਦੀ ਹੈ। ਮਿਸਾਲ ਲਈ, ਜਦੋਂ ਕੋਈ ਤੂਫ਼ਾਨ ਪੂਰੇ ਇਲਾਕੇ ਨੂੰ ਤਬਾਹ ਕਰ ਕੇ ਜਾਨ-ਮਾਲ ਦਾ ਵੱਡਾ ਨੁਕਸਾਨ ਕਰਦਾ ਹੈ। ਜਾਂ ਭੁਚਾਲ ਸ਼ਹਿਰ ਨੂੰ ਢਹਿ-ਢੇਰੀ ਕਰ ਦਿੰਦਾ ਹੈ। ਜਾਂ ਅੱਤਵਾਦੀ ਹਮਲੇ ਕਾਰਨ ਸਾਰੇ ਸ਼ਹਿਰ ਵਿਚ ਦਹਿਸ਼ਤ ਫੈਲ ਜਾਂਦੀ ਹੈ। ਜਾਂ ਕਿਸੇ ਭਿਆਨਕ ਹਾਦਸੇ ਵਿਚ ਕਿਸੇ ਸਕੇ ਦੀ ਜਾਨ ਚਲੀ ਜਾਂਦੀ ਹੈ ਜਾਂ ਉਹ ਜ਼ਖ਼ਮੀ ਹੋ ਜਾਂਦਾ ਹੈ।

ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੁਖਾਂਤਾਂ ਤੇ ਤਬਾਹੀਆਂ ਦੇ ਸ਼ਿਕਾਰ ਅਕਸਰ ਨਿਰਦੋਸ਼ ਤੇ ਬੇਬੱਸ ਲੋਕ ਹੁੰਦੇ ਹਨ। ਹਾਲ ਹੀ ਵਿਚ ਬਹੁਤ ਸਾਰੀਆਂ ਆਫ਼ਤਾਂ ਆਈਆਂ ਜਿਨ੍ਹਾਂ ਕਾਰਨ ਲੋਕ ਰੱਬ ਨੂੰ ਸਵਾਲ ਕਰਨ ਲਈ ਮਜਬੂਰ ਹੋਏ ਹਨ ਕਿ “ਹੇ ਰੱਬਾ, ਆਖ਼ਰ ਕਿਉਂ?” ਇਸ ਦੀਆਂ ਕੁਝ ਉਦਾਹਰਣਾਂ ਦੇਖੋ।

▪ “ਰੱਬਾ, ਤੂੰ ਸਾਡੇ ਤੇ ਇਹ ਕਹਿਰ ਕਿਉਂ ਢਾਹਿਆ? ਅਸੀਂ ਤੇਰਾ ਕੀ ਵਿਗਾੜਿਆ ਕਿ ਤੂੰ ਨਾਰਾਜ਼ ਹੋ ਗਿਆ?” ਰੌਏਟਰਜ਼ ਨਿਊਜ਼ ਏਜੰਸੀ ਨੇ ਦੱਸਿਆ ਕਿ ਭਾਰਤ ਵਿਚ ਇਕ ਬਜ਼ੁਰਗ ਔਰਤ ਨੇ ਇਹ ਸਵਾਲ ਤਦ ਕੀਤੇ ਸਨ ਜਦ ਉਸ ਦਾ ਪਿੰਡ ਸੁਨਾਮੀ ਆਉਣ ਨਾਲ ਤਹਿਸ-ਨਹਿਸ ਹੋ ਗਿਆ ਸੀ।

▪ “ਉਦੋਂ ਰੱਬ ਕਿੱਥੇ ਸੀ ਜਦ ਇਹ ਸਭ ਕੁਝ ਹੋ ਰਿਹਾ ਸੀ? ਜੇ ਸਾਰਾ ਕੁਝ ਰੱਬ ਦੇ ਹੱਥ-ਵੱਸ ਹੈ, ਤਾਂ ਉਹ ਨੇ ਇਹ ਕਿਉਂ ਹੋਣ ਦਿੱਤਾ?” ਇਹ ਸਵਾਲ ਅਮਰੀਕਾ ਦੇ ਸ਼ਹਿਰ ਟੈਕਸਸ ਦੀ ਇਕ ਅਖ਼ਬਾਰ ਵਿਚ ਪੁੱਛੇ ਗਏ ਸਨ ਜਦੋਂ ਇਕ ਬੰਦੂਕਧਾਰੀ ਨੇ ਇਕ ਗਿਰਜੇ ਵਿਚ ਗੋਲੀਆਂ ਦੀ ਬਰਸਾਤ ਕਰ ਕੇ ਕਈਆਂ ਨੂੰ ਜ਼ਖ਼ਮੀ ਕੀਤਾ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

▪ “ਰੱਬ ਨੇ ਉਹ ਨੂੰ ਕਿਉਂ ਚੁੱਕ ਲਿਆ?” ਇਹ ਸਵਾਲ ਇਕ ਤੀਵੀਂ ਨੇ ਉਦੋਂ ਪੁੱਛਿਆ ਜਦ ਉਸ ਦੀ ਸਹੇਲੀ ਕੈਂਸਰ ਕਾਰਨ ਮਰ ਗਈ। ਹੁਣ ਉਸ ਦੀ ਸਹੇਲੀ ਦੇ ਪਤੀ ਨੂੰ ਇਕੱਲਿਆਂ ਆਪਣੇ ਪੰਜ ਬੱਚਿਆਂ ਦੀ ਦੇਖ-ਭਾਲ ਕਰਨੀ ਪੈ ਰਹੀ ਹੈ।

ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਇਹ ਸੋਚਦੇ ਹਨ ਕਿ ਉਨ੍ਹਾਂ ਦੇ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ। ਮਿਸਾਲ ਲਈ, ਕੁਦਰਤੀ ਆਫ਼ਤਾਂ ਸੰਬੰਧੀ ਹਾਲ ਹੀ ਵਿਚ ਇੰਟਰਨੈੱਟ ਤੇ ਕੀਤੇ ਸਰਵੇ ਵਿਚ ਤਕਰੀਬਨ ਅੱਧੇ ਲੋਕਾਂ ਨੇ ਕਿਹਾ ਕਿ ਤੂਫ਼ਾਨ ਜਾਂ ਸੁਨਾਮੀ ਵਰਗੀਆਂ ਆਫ਼ਤਾਂ ਰੱਬ ਵੱਲੋਂ ਆਉਂਦੀਆਂ ਹਨ। ਲੋਕ ਇਸ ਤਰ੍ਹਾਂ ਕਿਉਂ ਸੋਚਦੇ ਹਨ?

ਧਾਰਮਿਕ ਆਗੂ ਲੋਕਾਂ ਨੂੰ ਉਲਝਣ ਵਿਚ ਪਾਉਂਦੇ ਹਨ

ਲੋਕਾਂ ਨੂੰ ਤਸੱਲੀਬਖ਼ਸ਼ ਜਵਾਬ ਦੇਣ ਦੀ ਬਜਾਇ ਧਾਰਮਿਕ ਆਗੂ ਅਕਸਰ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੰਦੇ ਹਨ। ਆਓ ਆਪਾਂ ਦੇਖੀਏ ਕਿ ਉਹ ਕਿਹੜੇ ਤਿੰਨ ਆਮ ਜਵਾਬ ਦਿੰਦੇ ਹਨ।

ਪਹਿਲਾ, ਧਾਰਮਿਕ ਆਗੂ ਕਹਿੰਦੇ ਹਨ ਕਿ ਰੱਬ ਭੈੜੇ ਲੋਕਾਂ ਨੂੰ ਸਜ਼ਾ ਦੇਣ ਲਈ ਆਫ਼ਤਾਂ ਘੱਲਦਾ ਹੈ। ਮਿਸਾਲ ਲਈ, ਅਮਰੀਕਾ ਵਿਚ ਹਰੀਕੇਨ ਕੈਟਰੀਨਾ ਨਾਮਕ ਤੂਫ਼ਾਨ ਨਾਲ ਲੂਜ਼ੀਆਨਾ ਦੇ ਸ਼ਹਿਰ ਨਿਊ ਓਰਲੀਨਜ਼ ਦੇ ਤਬਾਹ ਹੋਣ ਤੋਂ ਬਾਅਦ ਕੁਝ ਆਗੂਆਂ ਨੇ ਕਿਹਾ ਕਿ ਸ਼ਹਿਰ ਨੂੰ ਰੱਬ ਨੇ ਸਜ਼ਾ ਦਿੱਤੀ ਹੈ। ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਲੋਕ ਜੂਆ ਖੇਡਦੇ ਤੇ ਬਦਚਲਣ ਕੰਮ ਕਰਦੇ ਸਨ, ਇਸ ਲਈ ਰੱਬ ਨੇ ਲੋਕਾਂ ਉੱਤੇ ਇਹ ਕਹਿਰ ਢਾਹਿਆ। ਕੁਝ ਲੋਕਾਂ ਨੇ ਤਾਂ ਬਾਈਬਲ ਦੇ ਹਵਾਲੇ ਦਿੰਦੇ ਹੋਏ ਕਿਹਾ ਕਿ ਬੀਤੇ ਸਮਿਆਂ ਵਿਚ ਰੱਬ ਨੇ ਜਲ-ਪਰਲੋ ਲਿਆ ਕੇ ਅਤੇ ਅੱਗ ਵਰਸਾ ਕੇ ਬੁਰਾਈ ਦਾ ਨਾਸ਼ ਕੀਤਾ ਸੀ। ਪਰ ਉਨ੍ਹਾਂ ਦੀ ਇਹ ਸੋਚਣੀ ਬਾਈਬਲ ਮੁਤਾਬਕ ਨਹੀਂ ਹੈ।—“ਰੱਬੀ ਕਹਿਰ?” ਨਾਂ ਦੀ ਡੱਬੀ ਦੇਖੋ।

ਦੂਜਾ, ਕੁਝ ਪਾਦਰੀ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਕੋਈ-ਨ-ਕੋਈ ਜਾਇਜ਼ ਕਾਰਨ ਕਰਕੇ ਇਨਸਾਨਾਂ ਉੱਤੇ ਆਫ਼ਤਾਂ ਲਿਆਉਂਦਾ ਹੈ ਤੇ ਇਨ੍ਹਾਂ ਕਾਰਨਾਂ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ। ਪਰ ਕਈ ਲੋਕਾਂ ਨੂੰ ਇਸ ਜਵਾਬ ਤੋਂ ਤਸੱਲੀ ਨਹੀਂ ਮਿਲਦੀ। ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਸ ਲਈ ਲੋਕ ਸੋਚਦੇ ਹਨ, ‘ਕੀ ਪਿਆਰ ਕਰਨ ਵਾਲਾ ਪਰਮੇਸ਼ੁਰ ਬਿਪਤਾਵਾਂ ਲਿਆ ਕੇ ਲੋਕਾਂ ਨੂੰ ਦੁਖੀ ਕਰ ਸਕਦਾ ਹੈ? ਜੇ ਉਹ ਕਿਸੇ ਕਾਰਨ ਕਰਕੇ ਲੋਕਾਂ ਉੱਤੇ ਦੁੱਖ ਲਿਆਉਂਦਾ ਵੀ ਹੈ, ਤਾਂ ਇਹ ਕਿੱਥੇ ਦਾ ਇਨਸਾਫ਼ ਹੈ ਕਿ ਉਹ ਦੁੱਖਾਂ ਕਾਰਨ ਵਿਲਕ ਰਹੇ ਲੋਕਾਂ ਨੂੰ ਇਨ੍ਹਾਂ ਦੁੱਖਾਂ ਦਾ ਕਾਰਨ ਨਾ ਦੱਸੇ?’

ਤੀਜਾ, ਕੁਝ ਧਾਰਮਿਕ ਆਗੂ ਕਹਿੰਦੇ ਹਨ ਕਿ ਰੱਬ ਵਿਚ ਆਫ਼ਤਾਂ ਨੂੰ ਰੋਕਣ ਦੀ ਤਾਕਤ ਨਹੀਂ ਹੈ ਤੇ ਨਾ ਹੀ ਉਹ ਸਾਨੂੰ ਪਿਆਰ ਕਰਦਾ ਹੈ। ਪਰ ਇਸ ਨਾਲ ਵੀ ਕਈ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਕੀ ਜਿਸ ਨੇ ਬ੍ਰਹਿਮੰਡ ਅਤੇ ਬਾਕੀ “ਸਾਰੀਆਂ ਵਸਤਾਂ ਰਚੀਆਂ,” ਉਹ ਦੁਖਾਂਤਾਂ ਨੂੰ ਰੋਕ ਨਹੀਂ ਸਕਦਾ? (ਪਰਕਾਸ਼ ਦੀ ਪੋਥੀ 4:11) ਜਿਸ ਨੇ ਸਾਡੇ ਵਿਚ ਪਿਆਰ ਕਰਨ ਦਾ ਗੁਣ ਪਾਇਆ ਹੈ, ਜਿਸ ਦੇ ਬਚਨ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਪਿਆਰ ਦੀ ਮੂਰਤ ਹੈ, ਕੀ ਉਹ ਪੱਥਰ-ਦਿਲ ਬਣ ਕੇ ਸਾਡੇ ਦੁੱਖਾਂ ਨੂੰ ਦੇਖਦਾ ਰਹੇਗਾ? ਕੀ ਉਹ ਸਾਡੇ ਲਈ ਕੁਝ ਨਹੀਂ ਕਰੇਗਾ?—ਉਤਪਤ 1:27; 1 ਯੂਹੰਨਾ 4:8.

ਇਨ੍ਹਾਂ ਤਿੰਨ ਗੱਲਾਂ ਰਾਹੀਂ ਲੋਕ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਰੱਬ ਦੁੱਖਾਂ ਨੂੰ ਕਿਉਂ ਰਹਿਣ ਦਿੰਦਾ ਹੈ। ਇਸ ਸਵਾਲ ਨੇ ਸਦੀਆਂ ਤੋਂ ਲੋਕਾਂ ਨੂੰ ਉਲਝਣ ਵਿਚ ਪਾਇਆ ਹੋਇਆ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਇਸ ਮਹੱਤਵਪੂਰਣ ਵਿਸ਼ੇ ਬਾਰੇ ਕੀ ਕਹਿੰਦੀ ਹੈ। ਤੁਸੀਂ ਦੇਖੋਗੇ ਕਿ ਬਾਈਬਲ ਦੁੱਖਾਂ ਦਾ ਕਾਰਨ ਦੱਸ ਕੇ ਲੋਕਾਂ ਦੀ ਉਲਝਣ ਦੂਰ ਕਰਦੀ ਹੈ। ਨਾਲੇ ਬਾਈਬਲ ਤੋਂ ਉਨ੍ਹਾਂ ਸਾਰਿਆਂ ਨੂੰ ਦਿਲਾਸਾ ਮਿਲਦਾ ਹੈ ਜਿਨ੍ਹਾਂ ਨੇ ਜ਼ਿੰਦਗੀ ਵਿਚ ਕਿਸੇ-ਨ-ਕਿਸੇ ਦੁਖਾਂਤ ਨੂੰ ਸਹਿਆ ਹੈ। (g 11/06)

[ਸਫ਼ੇ 4 ਉੱਤੇ ਡੱਬੀ/ਤਸਵੀਰ]

ਰੱਬੀ ਕਹਿਰ?

ਕੀ ਬਾਈਬਲ ਕਹਿੰਦੀ ਹੈ ਕਿ ਕੁਦਰਤੀ ਆਫ਼ਤਾਂ ਪਿੱਛੇ ਰੱਬ ਦਾ ਹੱਥ ਹੈ? ਬਿਲਕੁਲ ਨਹੀਂ! ਬਾਈਬਲ ਵਿਚ ਦੱਸੀਆਂ ਪਰਮੇਸ਼ੁਰ ਦੀਆਂ ਸਜ਼ਾਵਾਂ ਕੁਦਰਤੀ ਆਫ਼ਤਾਂ ਨਾਲੋਂ ਬਿਲਕੁਲ ਵੱਖਰੀਆਂ ਹਨ। ਇਕ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਸਿਰਫ਼ ਦੁਸ਼ਟਾਂ ਨੂੰ ਸਜ਼ਾ ਦਿੰਦਾ ਹੈ। ਉਹ ਦਿਲਾਂ ਨੂੰ ਪੜ੍ਹ ਲੈਂਦਾ ਹੈ ਤੇ ਸਿਰਫ਼ ਉਨ੍ਹਾਂ ਨੂੰ ਨਾਸ਼ ਕਰਦਾ ਹੈ ਜੋ ਨਾਸ਼ ਦੇ ਲਾਇਕ ਹਨ। (ਉਤਪਤ 18:23-32) ਇਸ ਤੋਂ ਇਲਾਵਾ, ਕੁਝ ਵੀ ਕਰਨ ਤੋਂ ਪਹਿਲਾਂ ਪਰਮੇਸ਼ੁਰ ਚੇਤਾਵਨੀਆਂ ਦਿੰਦਾ ਹੈ। ਇਸ ਤਰ੍ਹਾਂ ਉਹ ਧਰਮੀਆਂ ਨੂੰ ਬਚਣ ਦਾ ਮੌਕਾ ਦਿੰਦਾ ਹੈ।

ਦੂਜੇ ਪਾਸੇ, ਕੁਦਰਤੀ ਆਫ਼ਤਾਂ ਆਮ ਤੌਰ ਤੇ ਚੇਤਾਵਨੀ ਦੇ ਕੇ ਨਹੀਂ ਆਉਂਦੀਆਂ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਜਾਨਾਂ ਵੀ ਲੈ ਲੈਂਦੀਆਂ ਹਨ। ਕੁਝ ਹੱਦ ਤਕ ਇਨ੍ਹਾਂ ਤਬਾਹੀਆਂ ਦਾ ਜ਼ਿੰਮੇਵਾਰ ਇਨਸਾਨ ਆਪ ਹੁੰਦਾ ਹੈ ਜਿਸ ਨੇ ਕੁਦਰਤੀ ਵਾਤਾਵਰਣ ਨੂੰ ਖ਼ਰਾਬ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਲੋਕ ਅਜਿਹੇ ਇਲਾਕਿਆਂ ਵਿਚ ਘਰ ਜਾਂ ਇਮਾਰਤਾਂ ਬਣਾਉਂਦੇ ਹਨ ਜਿੱਥੇ ਜ਼ਿਆਦਾ ਭੁਚਾਲ ਤੇ ਹੜ੍ਹ ਆਉਂਦੇ ਹਨ ਅਤੇ ਮੌਸਮ ਖ਼ਰਾਬ ਰਹਿੰਦਾ ਹੈ।

[ਕ੍ਰੈਡਿਟ ਲਾਈਨ]

SENA VIDANAGAMA/AFP/Getty Images

[ਸਫ਼ੇ 4 ਉੱਤੇ ਤਸਵੀਰ]

ਧਾਰਮਿਕ ਆਗੂਆਂ ਨੇ ਵੱਖੋ-ਵੱਖਰੇ ਜਵਾਬ ਦੇ ਕੇ ਲੋਕਾਂ ਨੂੰ ਉਲਝਣ ਵਿਚ ਪਾਇਆ ਹੈ