Skip to content

Skip to table of contents

ਉਦੋਂ ਕੀ ਜਦੋਂ ਮੈਨੂੰ ਕੋਈ ਉਸ ਨਾਲ ਸੈਕਸ ਕਰਨ ਲਈ ਕਹੇ

ਉਦੋਂ ਕੀ ਜਦੋਂ ਮੈਨੂੰ ਕੋਈ ਉਸ ਨਾਲ ਸੈਕਸ ਕਰਨ ਲਈ ਕਹੇ

ਨੌਜਵਾਨ ਪੁੱਛਦੇ ਹਨ . . .

ਉਦੋਂ ਕੀ ਜਦੋਂ ਮੈਨੂੰ ਕੋਈ ਉਸ ਨਾਲ ਸੈਕਸ ਕਰਨ ਲਈ ਕਹੇ

“ਕਈ ਨੌਜਵਾਨਾਂ ਸਿਰਫ਼ ਇਹ ਦੇਖਣ ਲਈ ਦੂਜਿਆਂ ਨਾਲ ਦੋਸਤੀਆਂ ਪਾਉਂਦੇ ਹਨ ਕਿ ਉਹ ਉਨ੍ਹਾਂ ਨਾਲ ਸੈਕਸ ਕਰਨਗੇ ਜਾਂ ਨਹੀਂ ਅਤੇ ਕਿ ਉਹ ਕਿੰਨੇ ਜਣਿਆਂ ਨਾਲ ਸੈਕਸ ਕਰ ਸਕਦੇ ਹਨ।”—ਪੈਨੀ। *

“ਮੁੰਡੇ ਸੈਕਸ ਬਾਰੇ ਖੁੱਲ੍ਹ ਕੇ ਗੱਲਾਂ ਕਰਦੇ ਹਨ। ਉਹ ਸ਼ੇਖ਼ੀਆਂ ਮਾਰਦੇ ਹਨ ਕਿ ਭਾਵੇਂ ਉਨ੍ਹਾਂ ਦੀਆਂ ਗਰਲਫ੍ਰੈਂਡਾਂ ਹਨ, ਫਿਰ ਵੀ ਉਹ ਕਈ ਕੁੜੀਆਂ ਨਾਲ ਸੈਕਸ ਕਰ ਚੁੱਕੇ ਹਨ।”—ਐਡਵਰਡ।

“ਮੁੰਡੇ ਮੈਨੂੰ ਉਨ੍ਹਾਂ ਨਾਲ ਸੈਕਸ ਕਰਨ ਬਾਰੇ ਬਿਨਾਂ ਝਿਜਕੇ ਪੁੱਛਦੇ ਹਨ। ਨਾ ਕਹਿਣ ਤੇ ਵੀ ਪਿੱਛਾ ਨਹੀਂ ਛੱਡਦੇ।”—ਆਇਡਾ।

ਪੱ ਛਮੀ ਦੇਸ਼ਾਂ ਵਿਚ ਮੁੰਡੇ-ਕੁੜੀਆਂ ਕਿਸੇ ਨੂੰ ਸੈਕਸ ਕਰਨ ਲਈ ਪੁੱਛਣ ਵੇਲੇ “ਹੁੱਕ-ਅੱਪ” ਸ਼ਬਦ ਵਰਤਦੇ ਹਨ। ਕਈ ਹੋਰ ਦੇਸ਼ਾਂ ਵਿਚ ਇਸ ਨੂੰ ਵੱਖਰੇ ਨਾਂ ਤੋਂ ਜਾਣਿਆ ਜਾਂਦਾ ਹੈ। ਮਿਸਾਲ ਲਈ, ਜਪਾਨ ਵਿਚ ਮੁੰਡੇ-ਕੁੜੀਆਂ “ਟੇਕ-ਆਉਟਜ਼” ਸ਼ਬਦ ਵਰਤਦੇ ਹਨ। ਅਕੀਕੋ ਨਾਂ ਦੀ ਕੁੜੀ ਕਹਿੰਦੀ ਹੈ, “ਸੈਫ੍ਰ” ਯਾਨੀ “ਸੈਕਸ ਫਰੈਂਡ” ਸ਼ਬਦ ਵੀ ਵਰਤੇ ਜਾਂਦੇ ਹਨ। ਇਸ ਦੋਸਤੀ ਦਾ ਇੱਕੋ-ਇਕ ਮਕਸਦ ਹੁੰਦਾ ਹੈ ਸੈਕਸ ਕਰਨਾ।

ਇਸ ਨੂੰ ਤੁਸੀਂ ਜੋ ਮਰਜ਼ੀ ਨਾਂ ਦੇ ਦਿਓ, ਮਤਲਬ ਤਾਂ ਇਹੀ ਹੈ ਕਿ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਖੁੱਲ੍ਹੇ-ਆਮ ਇਕ-ਦੂਜੇ ਨਾਲ ਸੈਕਸ ਕਰਦੇ ਹਨ, ਪਰ ਆਪਸ ਵਿਚ ਕੋਈ ਜਜ਼ਬਾਤੀ ਰਿਸ਼ਤਾ ਨਹੀਂ ਜੋੜਦੇ। * ਇਕ ਨੌਜਵਾਨ ਕੁੜੀ ਕਹਿੰਦੀ ਹੈ ਕਿ “ਹੁੱਕ-ਅੱਪ ਰਾਹੀਂ ਤੁਸੀਂ ਤੁਰੰਤ ਆਪਣੀ ਕਾਮ ਭੁੱਖ ਮਿਟਾ ਸਕਦੇ ਹੋ। ਕਾਮ ਇੱਛਾ ਪੂਰੀ ਹੋਣ ਤੋਂ ਬਾਅਦ ਤੁਸੀਂ ਆਪਣਾ ਰਾਹ ਫੜੋ।”

ਮਸੀਹੀ ਹੋਣ ਦੇ ਨਾਤੇ ਤੁਹਾਨੂੰ ‘ਹਰਾਮਕਾਰੀ ਤੋਂ ਭੱਜਣਾ’ ਚਾਹੀਦਾ ਹੈ। * (1 ਕੁਰਿੰਥੀਆਂ 6:18) ਇੱਦਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਸ਼ਕਲਾਂ ਤੋਂ ਦੂਰ ਰੱਖ ਸਕੋਗੇ। ਪਰ ਕਈ ਵਾਰ ਗੱਲ ਸਾਡੇ ਵੱਸ ਵਿਚ ਨਹੀਂ ਹੁੰਦੀ, ਦੂਸਰੇ ਸਾਡੇ ਵਾਸਤੇ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੇ ਹਨ। ਸਿੰਡੀ ਕਹਿੰਦੀ ਹੈ, “ਸਕੂਲੇ ਮੈਨੂੰ ਕਈ ਮੁੰਡਿਆਂ ਨੇ ਉਨ੍ਹਾਂ ਨਾਲ ਹੁੱਕ-ਅੱਪ ਕਰਨ ਲਈ ਕਿਹਾ।” ਮਸੀਹੀਆਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੰਮ ਤੇ ਵੀ ਕਰਨਾ ਪੈਂਦਾ ਹੈ। ਮਾਰਗਰਟ ਦੀ ਉਦਾਹਰਣ ਲਓ ਜੋ ਕਹਿੰਦੀ ਹੈ, “ਮੇਰਾ ਮੈਨੇਜਰ ਮੈਨੂੰ ਵਾਰ-ਵਾਰ ਉਸ ਨਾਲ ਸੈਕਸ ਕਰਨ ਲਈ ਕਹਿੰਦਾ ਰਿਹਾ। ਮੈਂ ਉਸ ਤੋਂ ਇੰਨੀ ਤੰਗ ਆ ਗਈ ਸੀ ਕਿ ਮੈਨੂੰ ਨੌਕਰੀ ਛੱਡਣੀ ਪਈ!”

ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦੇ ਜੇ ਕਦੇ ਤੁਹਾਡਾ ਮਨ ਅਜਿਹੇ ਕੰਮ ਕਰਨ ਲਈ ਲਲਚਾਏ। ਬਾਈਬਲ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਲੂਰਦੇਸ ਜਿਸ ਨਾਲ ਇੱਦਾਂ ਹੋਇਆ ਸੀ ਕਹਿੰਦੀ ਹੈ, “ਜਿਸ ਮੁੰਡੇ ਨੇ ਮੈਨੂੰ ਸੈਕਸ ਕਰਨ ਲਈ ਕਿਹਾ, ਮੈਂ ਉਸ ਨੂੰ ਪਸੰਦ ਕਰਦੀ ਸੀ।” ਜੇਨ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ। ਉਹ ਕਹਿੰਦੀ ਹੈ, “ਮੇਰਾ ਦਿਲ ਵੀ ਬਹੁਤ ਕਰਦਾ ਸੀ ਤੇ ਨਾਂਹ ਕਹਿਣੀ ਬਹੁਤ ਹੀ ਔਖੀ ਸੀ।” ਐਡਵਰਡ ਜਿਸ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਸ ਗੱਲ ਨਾਲ ਸਹਿਮਤ ਹੁੰਦਾ ਹੈ ਕਿ ਖ਼ੁਦ ਨੂੰ ਗੰਦੇ ਕੰਮਾਂ ਤੋਂ ਦੂਰ ਰੱਖਣਾ ਆਸਾਨ ਨਹੀਂ ਹੈ। ਉਸ ਨੇ ਕਿਹਾ, “ਕਈ ਕੁੜੀਆਂ ਨੇ ਮੇਰੇ ਨਾਲ ਸੈਕਸ ਕਰਨਾ ਚਾਹਿਆ ਪਰ ਮੈਂ ਹਰੇਕ ਨੂੰ ਨਾਂਹ ਕੀਤੀ। ਮਸੀਹ ਵਜੋਂ, ਨਾਂਹ ਕਰਨੀ ਮੇਰੇ ਲਈ ਆਸਾਨ ਨਹੀਂ ਸੀ।”

ਜੇ ਤੁਸੀਂ ਵੀ ਕਦੇ ਲੂਰਦੇਸ, ਜੇਨ ਤੇ ਐਡਵਰਡ ਵਾਂਗ ਮਹਿਸੂਸ ਕੀਤਾ ਹੈ, ਪਰ ਆਪਣੇ ਦਿਲ ਦੀ ਸੁਣਨ ਦੀ ਬਜਾਇ ਯਹੋਵਾਹ ਦੇ ਅਸੂਲਾਂ ਨੂੰ ਪਹਿਲ ਦਿੱਤੀ ਹੈ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਤੁਹਾਨੂੰ ਇਹ ਜਾਣ ਕੇ ਹੌਸਲਾ ਮਿਲੇਗਾ ਕਿ ਪੌਲੁਸ ਰਸੂਲ ਨੂੰ ਵੀ ਗ਼ਲਤ ਇੱਛਾਵਾਂ ਨਾਲ ਸੰਘਰਸ਼ ਕਰਨਾ ਪਿਆ ਸੀ।—ਰੋਮੀਆਂ 7:21-24.

ਪਰ ਸਵਾਲ ਉੱਠਦਾ ਹੈ ਕਿ ਤੁਹਾਨੂੰ ਕਿਹੜੇ ਬਾਈਬਲ ਸਿਧਾਂਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਦੋਂ ਤੁਹਾਡੇ ਨਾਲ ਕੋਈ ਸੈਕਸ ਕਰਨਾ ਚਾਹੇ?

ਜਾਣੋ ਕਿ ਇਸ ਤਰ੍ਹਾਂ ਦਾ ਸੈਕਸ ਕਿਉਂ ਗ਼ਲਤ ਹੈ

ਵਿਆਹ ਕੀਤੇ ਬਿਨਾਂ ਕਿਸੇ ਨਾਲ ਸਰੀਰਕ ਸੰਬੰਧ ਰੱਖਣੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹਨ। ਇਹ ਇਕ ਗੰਭੀਰ ਪਾਪ ਹੈ ਅਤੇ ਇਹ ਪਾਪ ਕਰਨ ਵਾਲੇ ਲੋਕ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (1 ਕੁਰਿੰਥੀਆਂ 6:9, 10) ਅਜਿਹੇ ਗੰਦੇ ਕੰਮਾਂ ਤੋਂ ਦੂਰ ਰਹਿਣ ਲਈ ਸਾਨੂੰ ਇਨ੍ਹਾਂ ਕੰਮਾਂ ਬਾਰੇ ਉਵੇਂ ਮਹਿਸੂਸ ਕਰਨਾ ਚਾਹੀਦਾ ਹੈ ਜਿਵੇਂ ਯਹੋਵਾਹ ਪਰਮੇਸ਼ੁਰ ਮਹਿਸੂਸ ਕਰਦਾ ਹੈ। ਗੰਦੇ ਕੰਮਾਂ ਤੋਂ ਬਚ ਕੇ ਰਹਿਣਾ ਸਾਡੀ ਖ਼ੁਦ ਦੀ ਚੋਣ ਹੋਣੀ ਚਾਹੀਦੀ ਹੈ।

“ਮੈਂ ਪੂਰੇ ਦਿਲ ਨਾਲ ਮੰਨਦੀ ਹਾਂ ਕਿ ਯਹੋਵਾਹ ਦੇ ਸਿਖਾਏ ਰਸਤੇ ਤੇ ਚੱਲਣ ਨਾਲ ਹੀ ਖ਼ੁਸ਼ੀ ਮਿਲਦੀ ਹੈ।”—ਕੈਰਨ, ਕੈਨੇਡਾ।

“ਪਲ ਦੋ ਪਲ ਦੇ ਮਜ਼ੇ ਲਈ ਯਹੋਵਾਹ ਦੇ ਅਸੂਲਾਂ ਨੂੰ ਤੋੜਨ ਨਾਲ ਸਾਨੂੰ ਜ਼ਿੰਦਗੀ ਭਰ ਮਾਨਸਿਕ ਸੰਤਾਪ ਸਹਿਣਾ ਪੈ ਸਕਦਾ ਹੈ।”—ਵਿਵਿਅਨ, ਮੈਕਸੀਕੋ।

“ਯਾਦ ਰੱਖੋ ਕਿ ਤੁਸੀਂ ਕਿਸੇ ਦੇ ਧੀ-ਪੁੱਤ ਹੋ, ਕਿਸੇ ਦੇ ਦੋਸਤ ਹੋ ਤੇ ਕਲੀਸਿਯਾ ਦਾ ਹਿੱਸਾ ਹੋ। ਤੁਹਾਡਾ ਕੋਈ ਵੀ ਗ਼ਲਤ ਕਦਮ ਇਨ੍ਹਾਂ ਲੋਕਾਂ ਨੂੰ ਦੁੱਖ ਪਹੁੰਚਾ ਸਕਦਾ ਹੈ।”—ਪੀਟਰ, ਬ੍ਰਿਟੇਨ।

ਪੌਲੁਸ ਰਸੂਲ ਨੇ ਲਿਖਿਆ: “ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।” (ਅਫ਼ਸੀਆਂ 5:10) ਵਿਭਚਾਰ ਬਾਰੇ ਯਹੋਵਾਹ ਦੇ ਨਜ਼ਰੀਏ ਨੂੰ ਜਾਣ ਕੇ ਤੁਸੀਂ “ਬੁਰਿਆਈ ਤੋਂ ਘਿਣ” ਕਰੋਗੇ, ਭਾਵੇਂ ਕਿ ਤੁਹਾਡਾ ਦਿਲ ਬੁਰੇ ਕੰਮ ਕਰਨ ਨੂੰ ਲਲਚਾਏ।—ਜ਼ਬੂਰਾਂ ਦੀ ਪੋਥੀ 97:10.

ਪੜ੍ਹਨ ਲਈ ਆਇਤਾਂ: ਉਤਪਤ 39:7-9. ਇਨ੍ਹਾਂ ਆਇਤਾਂ ਵਿਚ ਧਿਆਨ ਦਿਓ ਕਿ ਯੂਸੁਫ਼ ਨੇ ਕਿਵੇਂ ਨਾਜਾਇਜ਼ ਸੈਕਸ ਨੂੰ ਨਾਂਹ ਕਹਿਣ ਦੀ ਹਿੰਮਤ ਕੀਤੀ।

ਆਪਣੇ ਵਿਸ਼ਵਾਸਾਂ ਤੇ ਮਾਣ ਕਰੋ

ਨੌਜਵਾਨ ਅਕਸਰ ਆਪਣੇ ਵਿਸ਼ਵਾਸਾਂ ਵਗੈਰਾ ਦੇ ਹੱਕ ਵਿਚ ਬੋਲਦੇ ਹਨ। ਮਸੀਹੀ ਹੋਣ ਦੇ ਨਾਤੇ ਤੁਹਾਨੂੰ ਇਹ ਸਨਮਾਨ ਮਿਲਿਆ ਹੈ ਕਿ ਤੁਸੀਂ ਆਪਣੇ ਚਾਲ-ਚਲਣ ਰਾਹੀਂ ਪਰਮੇਸ਼ੁਰ ਦੇ ਨਾਂ ਨੂੰ ਰੌਸ਼ਨ ਕਰੋ। ਕਦੇ ਵੀ ਇਸ ਗੱਲ ਤੇ ਸ਼ਰਮਿੰਦੇ ਨਾ ਹੋਵੋ ਕਿ ਤੁਸੀਂ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰੋਗੇ।

“ਸ਼ੁਰੂ ਤੋਂ ਹੀ ਸਾਰਿਆਂ ਨੂੰ ਇਸ ਬਾਰੇ ਸਾਫ਼-ਸਾਫ਼ ਦੱਸ ਦਿਓ ਕਿ ਸੈਕਸ ਬਾਰੇ ਤੁਹਾਡੇ ਕੀ ਵਿਚਾਰ ਹਨ।”—ਐਲਨ, ਜਰਮਨੀ।

“ਆਪਣੇ ਵਿਸ਼ਵਾਸਾਂ ਤੇ ਕਦੇ ਵੀ ਸ਼ਰਮਿੰਦੇ ਨਾ ਹੋਵੋ।”—ਐਸਤਰ, ਨਾਈਜੀਰੀਆ।

“ਤੁਹਾਡੇ ਦੋਸਤ-ਮਿੱਤਰ ਤੁਹਾਡੇ ਤੇ ਹੁੱਕ-ਅੱਪ ਕਰਨ ਦਾ ਦਬਾਅ ਪਾਉਂਦੇ ਰਹਿਣਗੇ ਜੇ ਤੁਸੀਂ ਉਨ੍ਹਾਂ ਨੂੰ ਕਹੋ, ‘ਮੇਰੇ ਮਾਪੇ ਨਹੀਂ ਚਾਹੁੰਦੇ ਕਿ ਮੈਂ ਡੇਟਿੰਗ ਕਰਾਂ।’ ਤੁਹਾਨੂੰ ਇਹ ਗੱਲ ਆਪਣੇ ਹਾਣੀਆਂ ਅੱਗੇ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਤੁਹਾਨੂੰ ਉਨ੍ਹਾਂ ਨਾਲ ਡੇਟਿੰਗ ਕਰਨ ਵਿਚ ਕੋਈ ਦਿਲਚਸਪੀ ਨਹੀਂ।”—ਜੈਨਟ, ਦੱਖਣੀ ਅਫ਼ਰੀਕਾ।

“ਹਾਈ ਸਕੂਲ ਵਿਚ ਮੇਰੇ ਨਾਲ ਪੜ੍ਹਨ ਵਾਲੇ ਮੁੰਡੇ ਮੇਰੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ਼ ਸਨ ਤੇ ਉਹ ਜਾਣਦੇ ਸਨ ਕਿ ਮੈਂ ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਝਾਂਸੇ ਵਿਚ ਨਹੀਂ ਆਉਣ ਵਾਲੀ।”—ਵਿੱਕੀ, ਅਮਰੀਕਾ।

ਆਪਣੇ ਵਿਸ਼ਵਾਸਾਂ ਤੇ ਪੱਕੇ ਰਹਿਣ ਦਾ ਮਤਲਬ ਹੈ ਕਿ ਤੁਸੀਂ ਸਮਝਦਾਰ ਮਸੀਹੀ ਬਣ ਰਹੇ ਹੋ।—1 ਕੁਰਿੰਥੀਆਂ 14:20.

ਪੜ੍ਹਨ ਲਈ ਆਇਤਾਂ: ਕਹਾਉਤਾਂ 27:11. ਇਸ ਆਇਤ ਵਿਚ ਦੇਖਣਾ ਕਿ ਤੁਹਾਡਾ ਚਾਲ-ਚਲਣ ਕਿਵੇਂ ਯਹੋਵਾਹ ਦੇ ਨਾਂ ਨੂੰ ਉੱਚਾ ਕਰ ਸਕਦਾ ਹੈ!

ਆਪਣੀ ਗੱਲ ਤੇ ਪੱਕੇ ਖੜ੍ਹੇ ਰਹੋ

ਨਾਂਹ ਕਹਿਣੀ ਬਹੁਤ ਜ਼ਰੂਰੀ ਹੈ। ਪਰ ਕਈ ਇਹ ਸਮਝ ਬੈਠਦੇ ਹਨ ਕਿ ਤੁਸੀਂ ਉਪਰੋਂ-ਉਪਰੋਂ ਹੀ ਨਾਂਹ ਕਹਿ ਕੇ ਸੈਕਸ ਵਿਚ ਦਿਲਚਸਪੀ ਨਾ ਰੱਖਣ ਦਾ ਢੌਂਗ ਕਰ ਰਹੇ ਹੋ।

“ਤੁਹਾਡੀ ਨਾਂਹ ਨੂੰ ਚੁਣੌਤੀ ਜਾਂ ਰੁਕਾਵਟ ਵੀ ਸਮਝਿਆ ਜਾ ਸਕਦਾ ਹੈ ਤੇ ਸੈਕਸ ਕਰਨ ਦੀ ਇੱਛਾ ਰੱਖਣ ਵਾਲਾ ਤੁਹਾਡਾ ਪਿੱਛਾ ਕਰਨਾ ਸ਼ੁਰੂ ਕਰ ਸਕਦਾ ਹੈ।”—ਲੌਰੇਨ, ਕੈਨੇਡਾ।

“ਤੁਹਾਡੇ ਪਹਿਰਾਵੇ ਤੋਂ, ਬੋਲਚਾਲ ਤੋਂ ਅਤੇ ਦੂਸਰਿਆਂ ਨਾਲ ਗੱਲ ਕਰਨ ਦੇ ਢੰਗ ਤੋਂ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਨਾਜਾਇਜ਼ ਸੈਕਸ ਵਿਚ ਦਿਲਚਸਪੀ ਨਹੀਂ ਰੱਖਦੇ।”—ਜੌਏ, ਨਾਈਜੀਰੀਆ।

“ਤੁਹਾਡੀ ਨਾਂਹ ਤੋਂ ਦੂਜੇ ਵਿਅਕਤੀ ਨੂੰ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਤੁਹਾਡੀ ਨਾਂਹ ਦਾ ਮਤਲਬ ਨਾਂਹ ਹੈ।”—ਡਾਨਿਏਲ, ਆਸਟ੍ਰੇਲੀਆ।

“ਦਲੇਰ ਬਣੋ! ਜਦ ਇਕ ਮੁੰਡੇ ਨੇ ਮੇਰੇ ਤੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਉਸ ਨੂੰ ਗੁੱਸੇ ਭਰੀ ਆਵਾਜ਼ ਵਿਚ ਕਿਹਾ, ‘ਖ਼ਬਰਦਾਰ, ਹੱਥ ਨਾ ਲਾਈਂ ਮੈਨੂੰ’ ਤੇ ਫਿਰ ਮੈਂ ਉਸ ਨੂੰ ਘੂਰਦੀ ਹੋਈ ਉੱਥੋਂ ਚਲੇ ਗਈ।”—ਈਲਨ, ਬ੍ਰਿਟੇਨ।

“ਘੁਮਾ-ਫਿਰਾ ਕੇ ਗੱਲ ਨਾ ਕਰੋ, ਸਿੱਧੀ ਗੱਲ ਕਰੋ ਕਿ ਤੁਸੀਂ ਕਦੇ ਵੀ ਅਜਿਹੇ ਕੰਮ ਵਿਚ ਹਿੱਸਾ ਨਹੀਂ ਲਵੋਗੇ। ਡਰਨ ਦੀ ਕੋਈ ਲੋੜ ਨਹੀਂ!”—ਜੀਨ, ਸਕਾਟਲੈਂਡ।

“ਇਕ ਮੁੰਡਾ ਹਮੇਸ਼ਾ ਮੇਰੇ ਨਾਲ ਛੇੜਖਾਨੀ ਕਰਦਾ ਰਹਿੰਦਾ ਸੀ ਤੇ ਮੇਰੇ ਤੇ ਫਿਕਰੇ ਕੱਸਦਾ ਸੀ। ਇਕ ਦਿਨ ਹਾਰ ਕੇ ਮੈਨੂੰ ਉਸ ਨੂੰ ਮੂੰਹ-ਤੋੜ ਜਵਾਬ ਦੇਣਾ ਹੀ ਪਿਆ। ਉਹ ਦਿਨ ਤੇ ਅੱਜ ਦਾ ਦਿਨ, ਮੁੜ ਕੇ ਉਸ ਨੇ ਮੈਨੂੰ ਨਹੀਂ ਛੇੜਿਆ।”—ਜੁਆਨੀਟਾ, ਮੈਕਸੀਕੋ।

“ਤੁਹਾਨੂੰ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਜੋ ਮਰਜ਼ੀ ਹੋ ਜਾਏ, ਤੁਸੀਂ ਉਨ੍ਹਾਂ ਨਾਲ ਕਦੇ ਵੀ ਸੈਕਸ ਨਹੀਂ ਕਰੋਗੇ। ਮੁੰਡਿਆਂ ਦੇ ਹੱਥੋਂ ਕੋਈ ਵੀ ਤੋਹਫ਼ਾ ਸਵੀਕਾਰ ਨਾ ਕਰੋ ਜੋ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਬਾਅਦ ਵਿਚ ਤੁਹਾਡੇ ਤੇ ਰੋਅਬ ਪਾਉਣਗੇ ਜਿਵੇਂ ਕਿ ਤੁਸੀਂ ਉਸ ਦੇ ਦੇਣਦਾਰ ਹੋ।”—ਲਾਰਾ, ਬ੍ਰਿਟੇਨ।

ਜੇ ਤੁਸੀਂ ਆਪਣੀ ਗੱਲ ਤੇ ਪੱਕੇ ਰਹੋਗੇ, ਤਾਂ ਯਹੋਵਾਹ ਜ਼ਰੂਰ ਤੁਹਾਡੀ ਮਦਦ ਕਰੇਗਾ। ਯਹੋਵਾਹ ਨੇ ਦਾਊਦ ਦੀ ਮਦਦ ਕੀਤੀ ਸੀ ਤਾਹੀਓਂ ਉਹ ਇਹ ਸ਼ਬਦ ਕਹਿ ਸਕਿਆ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।”—ਜ਼ਬੂਰਾਂ ਦੀ ਪੋਥੀ 37:28.

ਪੜ੍ਹਨ ਲਈ ਆਇਤਾਂ: 2 ਇਤਹਾਸ 16:9. ਧਿਆਨ ਦਿਓ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਨ ਲਈ ਕਿੰਨਾ ਤਿਆਰ ਹੈ ਜੋ ਪੂਰੇ ਦਿਲ ਨਾਲ ਉਸ ਦੇ ਰਾਹਾਂ ਤੇ ਚੱਲਦੇ ਹਨ।

ਸਮਝਦਾਰੀ ਵਰਤੋ

ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਤੁਸੀਂ ਇਸ ਸਲਾਹ ਤੇ ਕਿਵੇਂ ਚੱਲ ਸਕਦੇ ਹੋ? ਸਮਝਦਾਰੀ ਵਰਤ ਕੇ!

“ਉਨ੍ਹਾਂ ਨੌਜਵਾਨਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ ਜੋ ਗੰਦੀਆਂ ਗੱਲਾਂ ਕਰਦੇ ਰਹਿੰਦੇ ਹਨ।”—ਨਾਓਮੀ, ਜਪਾਨ।

“ਅਜਿਹੇ ਕਿਸੇ ਵੀ ਮੁੰਡੇ ਨਾਲ ਜਾਣ ਤੋਂ ਅਤੇ ਅਜਿਹੀ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ ਜਿੱਥੇ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਮਿਸਾਲ ਲਈ, ਮੈਨੂੰ ਅਜਿਹੇ ਕਈ ਮੁੰਡੇ-ਕੁੜੀਆਂ ਬਾਰੇ ਪਤਾ ਹੈ ਜੋ ਸ਼ਰਾਬ ਦੇ ਨਸ਼ੇ ਵਿਚ ਗ਼ਲਤ ਕੰਮ ਕਰ ਬੈਠੇ।”—ਈਸ਼ਾ, ਬ੍ਰਾਜ਼ੀਲ।

“ਐਵੇਂ ਕਿਸੇ ਨੂੰ ਆਪਣਾ ਪਤਾ ਜਾਂ ਫ਼ੋਨ ਨੰਬਰ ਨਾ ਦਿਓ।”—ਡਾਏਨਾ, ਬ੍ਰਿਟੇਨ।

“ਆਪਣੀ ਕਲਾਸ ਦੇ ਮੁੰਡਿਆਂ ਨੂੰ ਗੱਲ-ਗੱਲ ਤੇ ਜੱਫੀਆਂ ਨਾ ਪਾਓ।”—ਐਸਤਰ, ਨਾਈਜੀਰੀਆ।

“ਆਪਣੇ ਪਹਿਰਾਵੇ ਵੱਲ ਧਿਆਨ ਦਿਓ। ਤੁਹਾਡੇ ਕੱਪੜੇ ਕਦੇ ਵੀ ਭੜਕਾਉ ਜਾਂ ਤੰਗ ਨਹੀਂ ਹੋਣੇ ਚਾਹੀਦੇ।”—ਹਾਇਡੀ, ਜਰਮਨੀ।

“ਆਪਣੇ ਮਾਂ-ਬਾਪ ਨਾਲ ਖੁੱਲ੍ਹ ਕੇ ਗੱਲ ਕਰਨ ਨਾਲ ਤੇ ਉਨ੍ਹਾਂ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ।”—ਅਕੀਕੋ, ਜਪਾਨ।

ਤੁਹਾਨੂੰ ਖ਼ੁਦ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਤੁਹਾਡੀ ਬੋਲਚਾਲ ਕਿਹੋ ਜਿਹੀ ਹੈ, ਤੁਸੀਂ ਕਿਸ ਨਾਲ ਉੱਠਦੇ-ਬੈਠਦੇ ਹੋ ਤੇ ਕਿਹੜੀ-ਕਿਹੜੀ ਜਗ੍ਹਾ ਜਾਂਦੇ ਹੋ। ਫਿਰ ਆਪਣੇ ਆਪ ਨੂੰ ਇਹ ਸਵਾਲ ਪੁੱਛੋ: ‘ਕੀ ਮੈਂ ਜਾਣ-ਅਣਜਾਣੇ ਵਿਚ ਆਪਣੇ ਆਪ ਨੂੰ ਕਿਤੇ ਖ਼ਤਰੇ ਵਿਚ ਤਾਂ ਨਹੀਂ ਪਾ ਰਿਹਾ ਜਾਂ ਕਿਤੇ ਮੈਂ ਆਪਣੀ ਗੱਲਬਾਤ ਵਿਚ ਕਿਸੇ ਨੂੰ ਇਹ ਇਸ਼ਾਰੇ ਤਾਂ ਨਹੀਂ ਦੇ ਰਿਹਾ ਕਿ ਮੈਂ ਸੈਕਸ ਵਿਚ ਦਿਲਚਸਪੀ ਰੱਖਦਾ ਹਾਂ?’

ਪੜ੍ਹਨ ਲਈ ਆਇਤਾਂ: ਉਤਪਤ 34:1, 2. ਇਹ ਆਇਤਾਂ ਪੜ੍ਹ ਕੇ ਦੇਖੋ ਕਿ ਦੀਨਾਹ ਨਾਂ ਦੀ ਕੁੜੀ ਨੇ ਗ਼ਲਤ ਜਗ੍ਹਾ ਜਾ ਕੇ ਕਿਵੇਂ ਆਪਣੇ ਆਪ ਨੂੰ ਮੁਸੀਬਤ ਵਿਚ ਪਾਇਆ।

ਯਾਦ ਰੱਖੋ, ਭਾਵੇਂ ਲੋਕਾਂ ਦੀਆਂ ਨਜ਼ਰਾਂ ਵਿਚ ਕਿਸੇ ਨਾਲ ਵੀ ਸੈਕਸ ਕਰਨਾ ਮਾਮੂਲੀ ਜਿਹੀ ਗੱਲ ਹੈ, ਪਰ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਕੋਈ ਮਾਮੂਲੀ ਗੱਲ ਨਹੀਂ ਹੈ। ਬਾਈਬਲ ਕਹਿੰਦੀ ਹੈ: ‘ਹਰਾਮਕਾਰ ਯਾ ਭ੍ਰਿਸ਼ਟ ਮਨੁੱਖ ਨੂੰ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਕਾਰ ਨਹੀਂ।’ (ਅਫ਼ਸੀਆਂ 5:5) ਸਹੀ ਕੰਮ ਕਰ ਕੇ ਤੁਸੀਂ ਆਪਣੀ ਜ਼ਮੀਰ ਨੂੰ ਸ਼ੁੱਧ ਰੱਖੋਗੇ ਅਤੇ ਆਪਣੀਆਂ ਨਜ਼ਰਾਂ ਵਿਚ ਵੀ ਇੱਜ਼ਤ ਪਾਓਗੇ। ਕਾਰਲੀ ਨਾਂ ਦੀ ਕੁੜੀ ਨੇ ਠੀਕ ਕਿਹਾ, “ਕਿਉਂ ਤੁਸੀਂ ਆਪਣੇ ਆਪ ਨੂੰ ਕਿਸੇ ਦੂਸਰੇ ਦੀ ਹਵਸ ਦਾ ਸ਼ਿਕਾਰ ਹੋਣ ਦਿਓ? ਯਹੋਵਾਹ ਨਾਲ ਆਪਣੇ ਅਨਮੋਲ ਰਿਸ਼ਤੇ ਨੂੰ ਪਲ ਵਿਚ ਮਿੱਟੀ ਵਿਚ ਨਾ ਮਿਲਣ ਦਿਓ!” (g 3/07)

“ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 7 ਹੁੱਕ-ਅੱਪ, ਟੇਕ-ਆਉਟਜ਼ ਤੇ ਹੋਰ ਇਹੋ ਜਿਹੇ ਸ਼ਬਦਾਂ ਦਾ ਮਤਲਬ ਸੈਕਸ ਕਰਨ ਤੋਂ ਇਲਾਵਾ ਹੋਰ ਵੀ ਅਸ਼ਲੀਲ ਹਰਕਤਾਂ ਹੋ ਸਕਦੀਆਂ ਹਨ ਜਿਵੇਂ ਇਕ-ਦੂਜੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਅਤੇ ਉਤੇਜਕ ਹੋ ਕੇ ਚੁੰਮਾ-ਚੱਟੀ ਕਰਨੀ।

^ ਪੈਰਾ 8 ਹਰਾਮਕਾਰੀ ਕਰਨ ਦਾ ਮਤਲਬ ਹੈ ਦੋ ਵਿਅਕਤੀਆਂ ਦੁਆਰਾ, ਜੋ ਪਤੀ-ਪਤਨੀ ਨਹੀਂ ਹਨ, ਸਰੀਰਕ ਸੰਬੰਧ ਕਾਇਮ ਕਰਨੇ, ਮੌਖਿਕ ਸੰਭੋਗ ਅਤੇ ਗੁਦਾ-ਸੰਭੋਗ ਕਰਨਾ (oral and anal sex), ਸਮਲਿੰਗੀ ਸੰਬੰਧ ਕਾਇਮ ਕਰਨੇ ਤੇ ਇਕ ਦੂਸਰੇ ਦੇ ਗੁਪਤ ਅੰਗਾਂ ਨੂੰ ਪਲੋਸਣਾ ਅਤੇ ਹੋਰ ਕੰਮ ਕਰਨੇ ਜਿਨ੍ਹਾਂ ਵਿਚ ਗੁਪਤ ਅੰਗਾਂ ਦੀ ਗ਼ਲਤ ਵਰਤੋਂ ਕਰਨੀ ਸ਼ਾਮਲ ਹੈ।

ਇਸ ਬਾਰੇ ਸੋਚੋ

◼ ਪਾਪੀ ਹੋਣ ਕਰਕੇ ਭਾਵੇਂ ਸਾਡਾ ਦਿਲ ਨਾਜਾਇਜ਼ ਸੈਕਸ ਕਰਨ ਨੂੰ ਕਰਦਾ ਹੈ, ਪਰ ਇਹ ਗ਼ਲਤ ਕਿਉਂ ਹੈ?

◼ ਤੁਸੀਂ ਕੀ ਜਵਾਬ ਦਿਓਗੇ ਜੇ ਕੋਈ ਤੁਹਾਡੇ ਨਾਲ ਸੈਕਸ ਕਰਨ ਲਈ ਕਹੇ?

[ਸਫ਼ਾ 27 ਉੱਤੇ ਡੱਬੀ]

◼ ਬਾਈਬਲ ਕਹਿੰਦੀ ਹੈ ਕਿ ਜੋ ਇਨਸਾਨ ਵਿਭਚਾਰ ਕਰਦਾ ਹੈ, “ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” (1 ਕੁਰਿੰਥੀਆਂ 6:18) ਇਹ ਕਿੱਦਾਂ ਹੋ ਸਕਦਾ ਹੈ? ਇਸ ਸਵਾਲ ਦੇ ਵੱਖੋ-ਵੱਖਰੇ ਜਵਾਬ ਸੋਚੋ ਅਤੇ ਫਿਰ ਹੇਠਾਂ ਦਿੱਤੀ ਜਗ੍ਹਾ ਵਿਚ ਲਿਖੋ।

..................

ਮਦਦ: ਜਵਾਬ ਲੱਭਣ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਪਹਿਰਾਬੁਰਜ 15 ਜੂਨ 2006 ਸਫ਼ਾ 28, ਪੈਰਾ 14 ਅਤੇ 15 ਜੂਨ 2002 ਸਫ਼ਾ 21, ਪੈਰਾ 17 ਦੇਖ ਸਕਦੇ ਹੋ।

[ਸਫ਼ਾ 29 ਉੱਤੇ ਡੱਬੀ]

ਮਾਪੇ ਧਿਆਨ ਦੇਣ

“ਕਲਾਸ ਵਿਚ ਇਕ ਮੁੰਡੇ ਨੇ ਮੈਨੂੰ ‘ਹੁੱਕ ਅੱਪ’ ਕਰਨ ਲਈ ਕਿਹਾ। ਪਹਿਲਾਂ ਤਾਂ ਮੈਂ ਸਮਝ ਨਹੀਂ ਪਾਈ ਕਿ ਉਹ ਕੀ ਪੁੱਛ ਰਿਹਾ ਸੀ। ਮੈਂ ਉਦੋਂ ਸਿਰਫ਼ 11 ਸਾਲਾਂ ਦੀ ਸੀ।”—ਲੀਆਹ।

ਅੱਜ-ਕੱਲ੍ਹ ਬੱਚਿਆਂ ਨੂੰ ਸੈਕਸ ਬਾਰੇ ਛੋਟੀ ਉਮਰ ਵਿਚ ਹੀ ਪਤਾ ਲੱਗ ਜਾਂਦਾ ਹੈ। ਸਦੀਆਂ ਪਹਿਲਾਂ ਹੀ ਬਾਈਬਲ ਵਿਚ ਇਹ ਗੱਲ ਦੱਸ ਦਿੱਤੀ ਗਈ ਸੀ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ” ਅਤੇ ਲੋਕ “ਅਸੰਜਮੀ” ਅਤੇ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1, 3, 4) ਇਸ ਲੇਖ ਵਿਚ ਜਿਵੇਂ ਦੱਸਿਆ ਹੈ, ਅੱਜ-ਕੱਲ੍ਹ ਨੌਜਵਾਨ ਨਾਜਾਇਜ਼ ਸੈਕਸ ਕਰਦੇ ਹਨ। ਇਹ ਉਨ੍ਹਾਂ ਗੱਲਾਂ ਦੀ ਸਿਰਫ਼ ਇਕ ਮਿਸਾਲ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੱਚ-ਮੁੱਚ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ।

ਯਾਦ ਰੱਖੋ ਕਿ ਅੱਜ ਦਾ ਜ਼ਮਾਨਾ ਤੁਹਾਡੇ ਜ਼ਮਾਨੇ ਨਾਲੋਂ ਕਿਤੇ ਵੱਖਰਾ ਹੈ। ਪਰ ਦੇਖਿਆ ਜਾਵੇ ਤਾਂ ਕੁਝ ਮੁਸ਼ਕਲਾਂ ਅੱਜ ਵੀ ਪਹਿਲਾਂ ਵਰਗੀਆਂ ਹੀ ਹਨ। ਇਸ ਲਈ ਹੌਸਲਾ ਨਾ ਹਾਰੋ ਜਾਂ ਇਹ ਨਾ ਸੋਚੋ ਕਿ ਤੁਸੀਂ ਆਪਣੇ ਬੱਚਿਆਂ ਦੀ ਮਦਦ ਨਹੀਂ ਕਰ ਸਕਦੇ। ਲਗਭਗ 2,000 ਸਾਲ ਪਹਿਲਾਂ ਜੋ ਸਲਾਹ ਪੌਲੁਸ ਰਸੂਲ ਨੇ ਦਿੱਤੀ ਸੀ, ਉਸ ਤੇ ਚੱਲ ਕੇ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹੋ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” (ਅਫ਼ਸੀਆਂ 6:11) ਅਸਲ ਵਿਚ ਇੰਨੇ ਭੈੜੇ ਸਮੇਂ ਵਿਚ ਰਹਿੰਦੇ ਹੋਏ ਵੀ ਬਹੁਤ ਸਾਰੇ ਮਸੀਹੀ ਨੌਜਵਾਨ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਸਿਧਾਂਤਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੀ ਇਨ੍ਹਾਂ ਸਿਧਾਂਤਾਂ ਉੱਤੇ ਚੱਲਣ ਵਿਚ ਕਿਵੇਂ ਮਦਦ ਕਰ ਸਕਦੇ ਹੋ?

ਇਕ ਤਰੀਕਾ ਹੈ ਕਿ ਤੁਸੀਂ ਇਸ ਲੇਖ ਵਿਚ ਦਿੱਤੀ ਜਾਣਕਾਰੀ ਬਾਰੇ ਆਪਣੇ ਮੁੰਡੇ ਜਾਂ ਕੁੜੀ ਨਾਲ ਗੱਲ ਕਰੋ। ਲੇਖ ਵਿਚ ਪੜ੍ਹਨ ਲਈ ਦਿੱਤੇ ਹਵਾਲਿਆਂ ਤੇ ਸੋਚ-ਵਿਚਾਰ ਕਰੋ। ਇਨ੍ਹਾਂ ਹਵਾਲਿਆਂ ਵਿਚ ਪੁਰਾਣੇ ਜ਼ਮਾਨੇ ਦੇ ਇਨਸਾਨਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕੁਝ ਇਨਸਾਨਾਂ ਨੇ ਪਰਮੇਸ਼ੁਰ ਦੇ ਅਸੂਲਾਂ ਤੇ ਚੱਲ ਕੇ ਬਰਕਤਾਂ ਪਾਈਆਂ ਅਤੇ ਕੁਝ ਨੇ ਨਾ ਚੱਲ ਕੇ ਮਾੜੇ ਨਤੀਜੇ ਭੁਗਤੇ। ਇਨ੍ਹਾਂ ਆਇਤਾਂ ਵਿਚ ਕਈ ਅਸੂਲ ਹਨ ਜੋ ਤੁਹਾਡੇ ਬੱਚਿਆਂ ਦੀ ਸਹੀ ਕਦਮ ਚੁੱਕਣ ਵਿਚ ਮਦਦ ਕਰ ਸਕਦੇ ਹਨ। ਉਹ ਇਨ੍ਹਾਂ ਤੋਂ ਇਹ ਵੀ ਦੇਖ ਪਾਉਣਗੇ ਕਿ ਤੁਹਾਡੇ ਲਈ ਅਤੇ ਉਨ੍ਹਾਂ ਲਈ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣਾ ਕਿੱਡਾ ਵੱਡਾ ਸਨਮਾਨ ਹੈ। ਕਿਉਂ ਨਾ ਤੁਸੀਂ ਵੀ ਕੋਈ ਸਮਾਂ ਤੈ ਕਰ ਕੇ ਉਨ੍ਹਾਂ ਨਾਲ ਇਨ੍ਹਾਂ ਆਇਤਾਂ ਤੇ ਚਰਚਾ ਕਰੋ?

ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਣ ਨਾਲ ਸਾਡਾ ਹੀ ਭਲਾ ਹੁੰਦਾ ਹੈ। (ਯਸਾਯਾਹ 48:17, 18) ਉਸ ਦੇ ਅਸੂਲਾਂ ਤੇ ਨਾ ਚੱਲਣ ਨਾਲ ਸਾਨੂੰ ਦੁੱਖ ਭੋਗਣੇ ਪੈਣਗੇ। ਜਾਗਰੂਕ ਬਣੋ! ਰਸਾਲੇ ਦੇ ਪ੍ਰਕਾਸ਼ਕਾਂ ਦੀ ਇਹੀ ਦੁਆ ਹੈ ਕਿ ਆਪਣੇ ਬੱਚਿਆਂ ਦੇ ਦਿਲਾਂ ਤੇ ਦਿਮਾਗਾਂ ਵਿਚ ਪਰਮੇਸ਼ੁਰ ਦੇ ਅਸੂਲਾਂ ਨੂੰ ਬਿਠਾਉਣ ਦੀਆਂ ਕੋਸ਼ਿਸ਼ਾਂ ਉੱਤੇ ਯਹੋਵਾਹ ਬਰਕਤਾਂ ਪਾਵੇ।—ਬਿਵਸਥਾ ਸਾਰ 6:6, 7.

[ਸਫ਼ਾ 28 ਉੱਤੇ ਤਸਵੀਰ]

ਤੁਹਾਨੂੰ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਜੋ ਮਰਜ਼ੀ ਹੋ ਜਾਏ, ਤੁਸੀਂ ਕਦੇ ਨਾਜਾਇਜ਼ ਸੈਕਸ ਨਹੀਂ ਕਰੋਗੇ