Skip to content

Skip to table of contents

ਕਾਮਚਟਕਾ ਰੂਸ ਦੀ ਸ਼ਾਨ

ਕਾਮਚਟਕਾ ਰੂਸ ਦੀ ਸ਼ਾਨ

ਕਾਮਚਟਕਾ ਰੂਸ ਦੀ ਸ਼ਾਨ

ਰੂਸ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਰੂਸੀ ਖੋਜਕਾਰ ਅੱਜ ਤੋਂ ਤਕਰੀਬਨ 300 ਸਾਲ ਪਹਿਲਾਂ ਪੂਰਬ ਵੱਲ ਏਸ਼ੀਆ ਰਾਹੀਂ ਕਾਮਚਟਕਾ ਗਏ ਸਨ। ਇਹ ਪਹਾੜੀ ਇਲਾਕਾ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਇਹ ਪੱਛਮ ਵਿਚ ਓਖੋਤਸਕ ਸਾਗਰ ਅਤੇ ਪੂਰਬ ਵਿਚ ਸ਼ਾਂਤ ਮਹਾਂਸਾਗਰ ਤੇ ਬੇਰਿੰਗ ਸਾਗਰ ਦੇ ਵਿਚਕਾਰ ਸਥਿਤ ਹੈ। ਇਹ ਇਲਾਕਾ ਇਟਲੀ ਨਾਲੋਂ ਥੋੜ੍ਹਾ ਵੱਡਾ ਹੈ। ਪਰ ਜ਼ਿਆਦਾਤਰ ਲੋਕ ਇਸ ਖੂਬਸੂਰਤ ਇਲਾਕੇ ਤੋਂ ਅਣਜਾਣ ਹਨ।

ਭੂਮੱਧ-ਰੇਖਾ ਤੋਂ ਜਿੰਨਾ ਦੂਰ ਬ੍ਰਿਟੇਨ ਹੈ ਉੱਨਾ ਹੀ ਦੂਰ ਕਾਮਚਟਕਾ ਹੈ। ਇੱਥੇ ਦਾ ਮੌਸਮ ਠੰਢਾ ਹੈ। ਸਮੁੰਦਰੀ ਕੰਢੇ ਦੇ ਨੇੜੇ ਸਰਦੀਆਂ ਵਿਚ ਇੰਨੀ ਠੰਢ ਨਹੀਂ ਹੁੰਦੀ, ਪਰ ਅੰਦਰੂਨੀ ਇਲਾਕਿਆਂ ਵਿਚ 6 ਮੀਟਰ ਤਕ ਬਰਫ਼ ਪੈਂਦੀ ਹੈ ਤੇ ਕਦੇ-ਕਦਾਈਂ 12 ਮੀਟਰ ਤਕ ਵੀ! ਇਹ ਇਲਾਕਾ ਤਿੰਨ ਪਾਸਿਓਂ ਪਾਣੀ ਨਾਲ ਘਿਰਿਆ ਹੋਣ ਕਰਕੇ ਇੱਥੇ ਅਕਸਰ ਸੰਘਣੀ ਧੁੰਦ ਪੈਂਦੀ ਹੈ ਅਤੇ ਤੇਜ਼ ਹਵਾਵਾਂ ਵਗਦੀਆਂ ਰਹਿੰਦੀਆਂ ਹਨ। ਕਾਮਚਟਕਾ ਦੀ ਜੁਆਲਾਮੁਖੀ ਮਿੱਟੀ ਬਹੁਤ ਉਪਜਾਊ ਹੈ ਤੇ ਕਾਫ਼ੀ ਮੀਂਹ ਪੈਣ ਕਰਕੇ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ ਜੋ ਮਨ ਨੂੰ ਮੋਹ ਲੈਂਦੀ ਹੈ। ਇੱਥੇ ਤਰ੍ਹਾਂ-ਤਰ੍ਹਾਂ ਦੇ ਬੇਰ, ਆਦਮੀ ਜਿੰਨਾ ਲੰਬਾ ਘਾਹ ਤੇ ਸੋਹਣੇ-ਸੋਹਣੇ ਫੁੱਲ ਦੇਖਣ ਨੂੰ ਮਿਲਦੇ ਹਨ। ਇੱਥੇ ਇਕ ਸ਼ਾਨਦਾਰ ਗੁਲਾਬ ਨੂੰ ਬਾਗ਼ ਦੀ ਮਲਕਾ ਕਿਹਾ ਜਾਂਦਾ ਹੈ।

ਇਸ ਇਲਾਕੇ ਦਾ ਤਕਰੀਬਨ ਤੀਜਾ ਹਿੱਸਾ ਸ਼ਾਨਦਾਰ ਦਰਖ਼ਤਾਂ ਨਾਲ ਭਰਿਆ ਹੋਇਆ ਹੈ। ਜ਼ੋਰਦਾਰ ਹਵਾਵਾਂ ਤੇ ਬਹੁਤ ਬਰਫ਼ ਪੈਣ ਕਾਰਨ ਇਨ੍ਹਾਂ ਰੁੱਖਾਂ ਦੀ ਸ਼ਕਲ ਹੀ ਬਦਲ ਗਈ ਹੈ, ਇਹ ਵਿੰਗੇ-ਤੜਿੰਗੇ ਨਜ਼ਰ ਆਉਂਦੇ ਹਨ। ਇਹ ਦਰਖ਼ਤ ਹੌਲੀ-ਹੌਲੀ ਉੱਗਦੇ ਹਨ ਅਤੇ ਇਨ੍ਹਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ। ਇਹ ਦਰਖ਼ਤ ਤਕਰੀਬਨ ਜਿੱਥੇ ਮਰਜ਼ੀ ਉੱਗ ਸਕਦੇ ਹਨ, ਕੁਝ ਤਾਂ ਲੇਟਵੇਂ ਦਾਅ ਵਿਚ ਪਹਾੜੀਆਂ ਦੀਆਂ ਤਰੇੜਾਂ ਵਿੱਚੋਂ ਵੀ ਉੱਗ ਜਾਂਦੇ ਹਨ। ਜ਼ਮੀਨ ਤੇ ਅਜੇ ਵੀ ਬਰਫ਼ ਹੁੰਦੀ ਹੈ ਜਦੋਂ ਜੂਨ ਦੇ ਮਹੀਨੇ ਵਿਚ ਇਨ੍ਹਾਂ ਰੁੱਖਾਂ ਦੇ ਪੱਤੇ ਨਿਕਲਣ ਲੱਗਦੇ ਹਨ ਅਤੇ ਅਗਸਤ ਵਿਚ ਸਰਦੀਆਂ ਦਾ ਐਲਾਨ ਕਰਦੇ ਹੋਏ ਇਹ ਪੀਲੇ ਪੈ ਜਾਂਦੇ ਹਨ।

ਜੁਆਲਾਮੁਖੀ, ਗੀਜ਼ਰ ਅਤੇ ਗਰਮ ਪਾਣੀ ਦੇ ਚਸ਼ਮੇ

ਸ਼ਾਂਤ ਮਹਾਂਸਾਗਰ ਦੇ ਕਿਨਾਰੇ ਤੇ ਜ਼ਮੀਨ ਥੱਲੇ ਬਹੁਤ ਜ਼ਿਆਦਾ ਹਲਚਲ ਹੁੰਦੀ ਰਹਿੰਦੀ ਹੈ, ਇਸ ਲਈ ਇੱਥੇ ਜੁਆਲਾਮੁਖੀਆਂ ਦੇ ਫਟਣ ਦਾ ਡਰ ਰਹਿੰਦਾ ਹੈ। ਇਸ ਇਲਾਕੇ ਨੂੰ ਅੱਗ ਦਾ ਘੇਰਾ ਕਿਹਾ ਜਾਂਦਾ ਹੈ। ਇੱਥੇ ਕੁਝ 30 ਚੇਤਨ ਜੁਆਲਾਮੁਖੀ ਹਨ। ਯੂਰਪ ਅਤੇ ਏਸ਼ੀਆ ਵਿਚ ਸਭ ਤੋਂ ਵਿਸ਼ਾਲ ਜੁਆਲਾਮੁਖੀ ਪਹਾੜ ਕਲਾਈਊਚੈਫਸਕਾਯਾ ਹੈ ਜਿਸ ਦੀ ਉਚਾਈ ਸਮੁੰਦਰ ਦੀ ਸਤਹ ਤੋਂ 4,750 ਮੀਟਰ ਤਕ ਪਹੁੰਚ ਜਾਂਦੀ ਹੈ। ਸਾਲ 1697 ਤੋਂ, ਜਦ ਰੂਸੀ ਖੋਜਕਾਰ ਕਾਮਚਟਕਾ ਪਹੁੰਚੇ, ਇਸ ਇਲਾਕੇ ਵਿਚ 600 ਤੋਂ ਜ਼ਿਆਦਾ ਜੁਆਲਾਮੁਖੀ ਫਟੇ ਹਨ।

ਟੋਲਬਾਚਿਕ ਇਲਾਕੇ ਵਿਚ ਡੇਢ ਸਾਲ ਤਕ (1975/76) ਪਹਾੜ ਦੀਆਂ ਤਰੇੜਾਂ ਵਿੱਚੋਂ 2,500 ਮੀਟਰ ਲੰਬੀਆਂ ਲਾਟਾਂ ਨਿਕਲਦੀਆਂ ਰਹੀਆਂ! ਸੁਆਹ ਦੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਰਹੀ। ਇਸ ਇਲਾਕੇ ਵਿਚ ਪਹਾੜਾਂ ਦੇ ਫਟਣ ਕਰਕੇ ਚਾਰ ਨਵੇਂ ਜੁਆਲਾਮੁਖੀ ਪਹਾੜ ਬਣ ਗਏ। ਝੀਲਾਂ ਤੇ ਨਦੀਆਂ ਦਾ ਪਾਣੀ ਸੁੱਕ ਗਿਆ ਤੇ ਜੰਗਲ ਭਸਮ ਹੋ ਗਏ। ਆਲੇ-ਦੁਆਲੇ ਦਾ ਸਾਰਾ ਇਲਾਕਾ ਵਿਰਾਨ ਹੋ ਗਿਆ।

ਸ਼ੁਕਰ ਹੈ ਕਿ ਜ਼ਿਆਦਾਤਰ ਜੁਆਲਾਮੁਖੀਆਂ ਦੇ ਨੇੜੇ ਲੋਕ ਨਹੀਂ ਰਹਿੰਦੇ, ਇਸ ਲਈ ਬਹੁਤ ਘੱਟ ਲੋਕਾਂ ਦੀਆਂ ਜਾਨਾਂ ਗਈਆਂ ਹਨ। ਪਰ ਸੈਲਾਨੀਆਂ ਨੂੰ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਖ਼ਾਸ ਕਰਕੇ ਜੇ ਉਹ ਮੌਤ ਦੀ ਵਾਦੀ ਵੱਲ ਜਾਂਦੇ ਹਨ ਜੋ ਕਿ ਕਿੱਖਪਿੰਚ ਨਾਂ ਦੀ ਜੁਆਲਾਮੁਖੀ ਦੇ ਸਾਮ੍ਹਣੇ ਸਥਿਤ ਹੈ। ਇਸ ਇਲਾਕੇ ਵਿਚ ਜਦ ਹਵਾ ਥੰਮ੍ਹ ਜਾਂਦੀ ਹੈ ਅਤੇ ਬਰਫ਼ ਪਿਘਲਣੀ ਸ਼ੁਰੂ ਹੁੰਦੀ ਹੈ, ਤਾਂ ਜੁਆਲਾਮੁਖੀ ਦੀਆਂ ਜ਼ਹਿਰੀਲੀਆਂ ਗੈਸਾਂ ਵਾਦੀ ਵਿਚ ਜਮ੍ਹਾ ਹੋ ਜਾਂਦੀਆਂ ਹਨ ਜੋ ਜਾਨਵਰਾਂ ਲਈ ਜਾਨਲੇਵਾ ਸਾਬਤ ਹੁੰਦੀਆਂ ਹਨ। ਇਕ ਵਾਰ ਵਾਦੀ ਵਿਚ ਦਸ ਰਿੱਛਾਂ ਅਤੇ ਅਨੇਕ ਛੋਟੇ-ਛੋਟੇ ਜਾਨਵਰਾਂ ਦੀਆਂ ਲਾਸ਼ਾਂ ਇੱਧਰ-ਉੱਧਰ ਖਿਲਰੀਆਂ ਪਈਆਂ ਸਨ।

ਯੂਜ਼ੋਨ ਨਾਂ ਦੀ ਵਿਸ਼ਾਲ ਘਾਟੀ ਵਿਚ ਸਥਿਤ ਕਈ ਜੁਆਲਾਮੁਖੀ ਪਹਾੜ ਨਜ਼ਰ ਆਉਂਦੇ ਹਨ। ਪਹਾੜਾਂ ਦੀਆਂ ਟੀਸੀਆਂ ਵਿੱਚੋਂ ਉਬਲਦਾ ਲਾਵਾ ਤੇ ਰਾਖ ਦੀ ਵਰਖਾ ਅਤੇ ਹੇਠਾਂ ਰੰਗ-ਬਰੰਗੇ ਪੌਦਿਆਂ ਨਾਲ ਭਰੀਆਂ ਸੁੰਦਰ ਝੀਲਾਂ ਦਾ ਨਜ਼ਾਰਾ ਦੇਖਣ ਦੇ ਲਾਇਕ ਹੁੰਦਾ ਹੈ। ਇਸ ਇਲਾਕੇ ਵਿਚ ਗੀਜ਼ਰਾਂ ਦੀ ਵਾਦੀ ਵੀ ਹੈ ਜਿਸ ਦੀ ਖੋਜ 1941 ਵਿਚ ਕੀਤੀ ਗਈ ਸੀ। ਕਈ ਗੀਜ਼ਰ ਹਰ ਦੋ ਜਾਂ ਤਿੰਨ ਮਿੰਟਾਂ ਬਾਅਦ ਫੁੱਟਦੇ ਹਨ ਅਤੇ ਕਈ ਦੋ-ਤਿੰਨ ਦਿਨਾਂ ਬਾਅਦ। ਇਹ ਇਲਾਕਾ ਪੇਟ੍ਰੋਪਾਵਲੋਵਸਕ-ਕਾਮਚਾਤਸਕੀਏ ਸ਼ਹਿਰ ਤੋਂ ਲਗਭਗ 180 ਕਿਲੋਮੀਟਰ ਉੱਤਰ ਵੱਲ ਹੈ। ਸੈਲਾਨੀਆਂ ਨੂੰ ਇਹ ਸ਼ਾਨਦਾਰ ਨਜ਼ਾਰਾ ਦਿਖਾਉਣ ਲਈ ਹੈਲੀਕਾਪਟਰ ਵਿਚ ਲੈ ਜਾਇਆ ਜਾਂਦਾ ਹੈ। ਪਰ, ਸੈਲਾਨੀਆਂ ਦੀ ਗਿਣਤੀ ਉੱਤੇ ਧਿਆਨ ਰੱਖਿਆ ਜਾਂਦਾ ਹੈ, ਤਾਂਕਿ ਇੱਥੇ ਦੇ ਵਾਤਾਵਰਣ ਦਾ ਬਾਹਲਾ ਨੁਕਸਾਨ ਨਾ ਹੋਵੇ। ਕਾਮਚਟਕਾ ਦੇ ਛੇ ਖ਼ਾਸ ਇਲਾਕਿਆਂ ਨੂੰ ਦੁਨੀਆਂ ਦਾ ਵਿਰਸਾ ਸਮਝਿਆ ਜਾਂਦਾ ਹੈ ਅਤੇ ਇਨ੍ਹਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।

ਕਾਮਚਟਕਾ ਵਿਚ ਗਰਮ ਪਾਣੀ ਦੇ ਅਨੇਕ ਚਸ਼ਮੇ ਵੀ ਹਨ। ਕਈਆਂ ਚਸ਼ਮਿਆਂ ਵਿਚ ਪਾਣੀ ਦਾ ਤਾਪਮਾਨ 30-40 ਡਿਗਰੀ ਸੈਲਸੀਅਸ ਹੁੰਦਾ ਹੈ। ਸੈਲਾਨੀ ਅਤੇ ਕਾਮਚਟਕਾ ਦੇ ਰਹਿਣ ਵਾਲੇ ਇਨ੍ਹਾਂ ਚਸ਼ਮਿਆਂ ਦਾ ਬਹੁਤ ਮਜ਼ਾ ਲੈਂਦੇ ਹਨ ਕਿਉਂਕਿ ਸਰਦੀਆਂ ਬਹੁਤ ਲੰਬੀਆਂ ਤੇ ਬਰਫ਼ੀਲੀਆਂ ਹੁੰਦੀਆਂ ਹਨ। ਜੋ ਭਾਫ਼ ਜ਼ਮੀਨ ਥੱਲਿਓਂ ਨਿਕਲਦੀ ਹੈ, ਉਸ ਤੋਂ ਬਿਜਲੀ ਵੀ ਪੈਦਾ ਕੀਤੀ ਜਾਂਦੀ ਹੈ। ਦਰਅਸਲ ਰੂਸ ਵਿਚ ਇਸ ਤਰ੍ਹਾਂ ਬਿਜਲੀ ਪੈਦਾ ਕਰਨ ਵਾਲਾ ਪਹਿਲਾ ਪਾਵਰ ਪਲਾਂਟ ਕਾਮਚਟਕਾ ਤੇ ਹੀ ਬਣਾਇਆ ਗਿਆ ਸੀ।

ਰਿੱਛ, ਸਾਮਨ ਮੱਛੀਆਂ ਤੇ ਸਮੁੰਦਰੀ ਉਕਾਬ

ਕਾਮਚਟਕਾ ਵਿਚ ਕੁਝ 10,000 ਭੂਰੇ ਰੰਗ ਦੇ ਰਿੱਛ ਹਨ ਜਿਨ੍ਹਾਂ ਦਾ ਭਾਰ 150-200 ਕਿਲੋਗ੍ਰਾਮ ਹੈ। ਇਨ੍ਹਾਂ ਰਿੱਛਾਂ ਦਾ ਭਾਰ ਇਸ ਤੋਂ ਤਿੰਨ ਗੁਣਾ ਜ਼ਿਆਦਾ ਵਧ ਸਕਦਾ ਹੈ। ਇਟਲਮੈਨ ਲੋਕ ਆਪਣੀਆਂ ਲੋਕ-ਕਥਾਵਾਂ ਵਿਚ ਰਿੱਛਾਂ ਨੂੰ ਆਪਣੇ ਭਰਾ ਸਮਝਦੇ ਸਨ ਅਤੇ ਰਿੱਛਾਂ ਦੀ ਇੱਜ਼ਤ ਕਰਦੇ ਸਨ। ਪਰ ਜਦ ਕੁਝ ਲੋਕ ਇਸ ਇਲਾਕੇ ਵਿਚ ਬੰਦੂਕਾਂ ਚਲਾਉਣ ਲੱਗ ਪਏ, ਤਾਂ ਜਾਨਵਰਾਂ ਅਤੇ ਲੋਕਾਂ ਵਿਚਕਾਰ ਸ਼ਾਂਤੀ ਦਾ ਰਿਸ਼ਤਾ ਖ਼ਤਮ ਹੋ ਗਿਆ। ਹੁਣ ਜੰਗਲੀ-ਜੀਵਾਂ ਦੇ ਰੱਖਿਅਕਾਂ ਨੂੰ ਇਹ ਡਰ ਹੈ ਕਿ ਰਿੱਛਾਂ ਦੀ ਹੋਂਦ ਖ਼ਤਮ ਹੋ ਜਾਵੇਗੀ।

ਇਹ ਰਿੱਛ ਸ਼ਰਮੀਲੇ ਸੁਭਾਅ ਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਘੱਟ ਹੀ ਆਉਂਦੇ ਹਨ। ਪਰ ਜੂਨ ਦੇ ਮਹੀਨੇ ਵਿਚ ਇਹ ਆਪਣੇ ਘੁਰਨਿਆਂ ਵਿੱਚੋਂ ਬਾਹਰ ਨਿਕਲਦੇ ਹਨ। ਕਿਉਂ? ਕਿਉਂਕਿ ਇਸ ਸਮੇਂ ਨਦੀਆਂ ਸਾਮਨ ਮੱਛੀਆਂ ਨਾਲ ਭਰ ਜਾਂਦੀਆਂ ਹਨ ਅਤੇ ਰਿੱਛ ਇਹ ਮੱਛੀਆਂ ਖਾਣੀਆਂ ਪਸੰਦ ਕਰਦੇ ਹਨ। ਇਕ ਰਿੱਛ ਇਕ ਵੇਲੇ ਦੇ ਖਾਣੇ ਦੌਰਾਨ 24 ਸਾਮਨ ਮੱਛੀਆਂ ਖਾ ਸਕਦਾ ਹੈ। ਇਹ ਰਿੱਛ ਇੰਨਾ ਕਿਉਂ ਖਾਂਦੇ ਹਨ? ਗਰਮੀਆਂ ਵਿਚ ਉਨ੍ਹਾਂ ਨੂੰ ਪੇਟ ਭਰ ਕੇ ਖਾਣਾ ਪੈਂਦਾ ਹੈ ਤਾਂਕਿ ਸਿਆਲ ਦੌਰਾਨ ਉਹ ਆਪਣੇ ਘੁਰਨਿਆਂ ਵਿਚ ਸੁੱਤੇ ਰਹਿ ਸਕਣ।

ਸਮੁੰਦਰੀ ਉਕਾਬ ਵੀ ਸਾਮਨ ਮੱਛੀਆਂ ਖਾਣੀਆਂ ਪਸੰਦ ਕਰਦੇ ਹਨ। ਇਸ ਪੰਛੀ ਦੇ ਖੰਭਾਂ ਦੀ ਲੰਬਾਈ 2.5 ਮੀਟਰ ਤੋਂ ਜ਼ਿਆਦਾ ਹੁੰਦੀ ਹੈ। ਇਸ ਕਾਲੇ ਪੰਛੀ ਦੇ ਮੋਢਿਆਂ ਤੇ ਚਿੱਟਾ ਡੱਬ ਹੁੰਦਾ ਹੈ ਅਤੇ ਇਸ ਦੀ ਚੌਰਸ ਪੂਛ ਵੀ ਚਿੱਟੀ ਹੁੰਦੀ ਹੈ। ਦੁਨੀਆਂ ਦੀ ਇਹੋ ਇੱਕੋ-ਇਕ ਥਾਂ ਹੈ ਜਿੱਥੇ ਕੁਝ 5,000 ਸਮੁੰਦਰੀ ਉਕਾਬ ਰਹਿੰਦੇ ਹਨ, ਪਰ ਇਹ ਗਿਣਤੀ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਕਦੇ-ਕਦਾਈਂ ਇਹ ਉਕਾਬ ਅਲਾਸਕਾ ਦੇ ਅਲਉਸ਼ੀਅਨ ਅਤੇ ਪ੍ਰਿਵੀਲੋਫ ਟਾਪੂਆਂ ਤੇ ਵੀ ਮਿਲਦੇ ਹਨ। ਉਕਾਬ ਹਰ ਸਾਲ ਇੱਕੋ ਹੀ ਆਲ੍ਹਣਾ ਵਰਤਦਾ ਹੈ ਤੇ ਇਸ ਵਿਚ ਹੋਰ ਘਾਹ-ਫੂਸ ਜੋੜ ਕੇ ਇਸ ਦੀ ਥੋੜ੍ਹੀ-ਬਹੁਤੀ ਮੁਰੰਮਤ ਕਰਦਾ ਰਹਿੰਦਾ ਹੈ। ਇਕ ਆਲ੍ਹਣਾ, ਜੋ 3 ਮੀਟਰ ਚੌੜਾ ਹੋ ਗਿਆ ਸੀ, ਇੰਨਾ ਭਾਰਾ ਸੀ ਕਿ ਜਿਸ ਦਰਖ਼ਤ  ਉੱਤੇ ਉਹ ਟਿਕਿਆ ਹੋਇਆ ਸੀ, ਉਹ ਦਰਖ਼ਤ ਹੀ ਪਾਟ ਗਿਆ!

ਕਾਮਚਟਕਾ ਦੇ ਲੋਕ

ਅੱਜ ਕਾਮਚਟਕਾ ਵਿਚ ਜ਼ਿਆਦਾਤਰ ਰੂਸੀ ਲੋਕ ਰਹਿੰਦੇ ਹਨ। ਪਰ ਕਈ ਹਜ਼ਾਰ ਲੋਕ ਕਾਮਚਟਕਾ ਦੇ ਹੀ ਜੰਮਪਲ ਹਨ। ਸਭ ਤੋਂ ਜ਼ਿਆਦਾ ਲੋਕ ਕਾਰਯਕ ਜਾਤੀ ਦੇ ਹਨ ਜੋ ਕਾਮਚਟਕਾ ਦੇ ਉੱਤਰ ਵਿਚ ਰਹਿੰਦੇ ਹਨ। ਕਈ ਲੋਕ ਚੁਕਚੀ ਅਤੇ ਇਟਲਮੈਨ ਜਾਤੀਆਂ ਦੇ ਹਨ ਜੋ ਆਪਣੀ-ਆਪਣੀ ਭਾਸ਼ਾ ਬੋਲਦੇ ਹਨ। ਕਾਮਚਟਕਾ ਦੇ ਲਗਭਗ ਸਾਰੇ ਲੋਕ ਪੇਟ੍ਰੋਪਾਵਲੋਵਸਕ-ਕਾਮਚਾਤਸਕੀਏ ਸ਼ਹਿਰ ਵਿਚ ਰਹਿੰਦੇ ਹਨ ਜੋ ਕਿ ਕਾਮਚਟਕਾ ਦਾ ਕੇਂਦਰ ਹੈ। ਬਾਕੀ ਦੇ ਪ੍ਰਾਇਦੀਪ ਉੱਤੇ ਥੋੜ੍ਹੇ ਹੀ ਲੋਕ ਰਹਿੰਦੇ ਹਨ। ਜ਼ਿਆਦਾਤਰ ਤਟਵਰਤੀ ਅਤੇ ਨਦੀ ਦੇ ਲਾਗਲੇ ਪਿੰਡਾਂ ਵਿਚ ਸਿਰਫ਼ ਕਿਸ਼ਤੀ ਜਾਂ ਜਹਾਜ਼ ਰਾਹੀਂ ਹੀ ਜਾਇਆ ਜਾ ਸਕਦਾ ਹੈ।

ਕਾਮਚਟਕਾ ਆਰਥਿਕ ਪੱਖੋਂ ਮੱਛੀਆਂ ਅਤੇ ਕੇਕੜੇ ਫੜਨ ਦੇ ਕਿੱਤੇ ਤੇ ਨਿਰਭਰ ਕਰਦਾ ਹੈ। ਇੱਥੇ ਵੱਡੇ-ਵੱਡੇ ਲਾਲ ਕੇਕੜੇ ਬਹੁਤ ਮਸ਼ਹੂਰ ਹਨ। ਲਗਭਗ 1.7 ਮੀਟਰ ਚੌੜੇ ਇਹ ਰੰਗ-ਬਰੰਗੇ ਕੇਕੜੇ ਦੁਕਾਨਾਂ ਵਿਚ ਪਏ ਬਹੁਤ ਸੋਹਣੇ ਲੱਗਦੇ ਹਨ।

ਯਹੋਵਾਹ ਦੇ ਗਵਾਹ 1989 ਤੋਂ ਕਾਮਚਟਕਾ ਵਿਚ ਵੱਖਰੇ ਕਿਸਮ ਦੀਆਂ ਮੱਛੀਆਂ ਫੜਨ ਦਾ ਕੰਮ ਕਰਦੇ ਆਏ ਹਨ। ‘ਮਨੁੱਖਾਂ ਦੇ ਸ਼ਿਕਾਰੀਆਂ’ ਵਜੋਂ ਉਹ ਕਾਮਚਟਕਾ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ। (ਮੱਤੀ 4:19; 24:14) ਕੁਝ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣੀ ਅਤੇ ਉਹ ਵੀ ਹੋਰਨਾਂ ਲੋਕਾਂ ਨੂੰ ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਬਾਰੇ ਗਿਆਨ ਦਿੰਦੇ ਹਨ ਤੇ ਲੋਕਾਂ ਨੂੰ ਸ੍ਰਿਸ਼ਟੀ ਦੀ ਭਗਤੀ ਕਰਨ ਦੀ ਬਜਾਇ ਯਹੋਵਾਹ ਦੀ ਭਗਤੀ ਕਰਨੀ ਸਿਖਾ ਰਹੇ ਹਨ। ਨਤੀਜੇ ਵਜੋਂ, ਉੱਥੋਂ ਦੇ ਕਈ ਲੋਕ ਬੁਰੀਆਂ ਆਤਮਾਵਾਂ ਦੇ ਡਰ ਤੋਂ ਆਜ਼ਾਦ ਹੋ ਰਹੇ ਹਨ। (ਯਾਕੂਬ 4:7) ਉਹ ਸੁਨਹਿਰੇ ਭਵਿੱਖ ਬਾਰੇ ਵੀ ਸਿੱਖ ਰਹੇ ਹਨ ਜਦ ਸਾਰੀ ਬੁਰਾਈ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਨਾਸ਼ ਕਰ ਦਿੱਤਾ ਜਾਵੇਗਾ ਅਤੇ ਸਾਰੀ ਧਰਤੀ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:9. (g 3/07)

[ਸਫ਼ਾ 18 ਉੱਤੇ ਡੱਬੀ/ਤਸਵੀਰਾਂ]

ਇਕ ਲਾਜਵਾਬ ਘਾਟੀ

ਯੂਜ਼ੋਨ ਘਾਟੀ ਇਕ ਪ੍ਰਾਚੀਨ ਜੁਆਲਾਮੁਖੀ ਦੇ ਸਾਮ੍ਹਣੇ ਸਥਿਤ ਹੈ। ਇਹ ਘਾਟੀ ਲਗਭਗ 10 ਕਿਲੋਮੀਟਰ ਚੌੜੀ ਹੈ ਤੇ ਇਸ ਦੇ ਚਾਰੇ ਪਾਸੇ ਦੀਆਂ ਚਟਾਨਾਂ ਸਿੱਧੀਆਂ ਖੜ੍ਹੀਆਂ ਹਨ। ਇਕ ਕਿਤਾਬ ਮੁਤਾਬਕ, “ਇਸ ਵਾਦੀ ਵਿਚ ਉਹ ਸਭ ਕੁਝ ਦੇਖਣ ਨੂੰ ਮਿਲਦਾ ਹੈ ਜਿਸ ਲਈ ਕਾਮਚਟਕਾ ਮਸ਼ਹੂਰ ਹੈ।” ਵੰਨ-ਸੁਵੰਨੇ ਪੇੜ-ਪੌਦਿਆਂ ਨਾਲ ਸ਼ਿੰਗਾਰੀ ਗਈ ਯੂਜ਼ੋਨ ਵਾਦੀ ਆਪਣੇ ਬੇਸ਼ੁਮਾਰ ਠੰਢੇ ਤੇ ਗਰਮ ਚਸ਼ਮਿਆਂ ਤੇ ਫੁਹਾਰਿਆਂ ਲਈ ਪ੍ਰਸਿੱਧ ਹੈ। ਦਲਦਲੀ ਇਲਾਕਿਆਂ ਵਿਚ ਜ਼ਮੀਨ ਹੇਠੋਂ ਗਰਮ ਗੈਸਾਂ ਦੇ ਨਿਕਲਣ ਕਰਕੇ ਗਾਰਾ ਉਬਲਦਾ ਹੋਇਆ ਨਜ਼ਰ ਆਉਂਦਾ ਹੈ। ਇੱਥੇ ਸਾਫ਼ ਪਾਣੀ ਦੀਆਂ ਕਈ ਝਿਲਮਿਲ ਕਰਦੀਆਂ ਝੀਲਾਂ ਵੀ ਹਨ ਜਿਨ੍ਹਾਂ ਵਿਚ ਬੇਸ਼ੁਮਾਰ ਮੱਛੀਆਂ ਤੇ ਹੰਸ ਤੈਰਦੇ ਨਜ਼ਰ ਆਉਂਦੇ ਹਨ।

ਕਾਮਚਟਕਾ ਪ੍ਰਾਇਦੀਪ ਦੀ ਲਾਜਵਾਬ ਮਿਸਾਲ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ ਕਿ “ਪਤਝੜ ਵਿਚ ਯੂਜ਼ੋਨ ਘਾਟੀ ਦਾ ਨਜ਼ਾਰਾ ਕੁਝ ਵੱਖਰਾ ਹੀ ਹੁੰਦਾ ਹੈ।” ਹਾਲਾਂਕਿ ਇਹ ਰੁੱਤ ਕੁਝ ਹੀ ਸਮੇਂ ਲਈ ਰਹਿੰਦੀ ਹੈ, ਪਰ ਇਸ ਦੌਰਾਨ ਚਾਰੇ ਪਾਸੇ ਦਰਖ਼ਤਾਂ ਦੇ ਪੱਤਿਆਂ ਦਾ ਰੰਗ ਬਦਲ ਕੇ ਗੂੜ੍ਹਾ ਲਾਲ-ਪੀਲਾ ਹੋ ਜਾਂਦਾ ਹੈ। ਨੀਲੇ ਆਕਾਸ਼ ਹੇਠ ਰੰਗ-ਬਰੰਗੇ ਦਰਖ਼ਤਾਂ ਦਾ ਇਹ ਨਜ਼ਾਰਾ ਬਹੁਤ ਹੀ ਮਨਮੋਹਣਾ ਲੱਗਦਾ ਹੈ। ਜਦ ਗਰਮ ਚਸ਼ਮਿਆਂ ਦੀ ਭਾਫ਼ ਠੰਢੇ ਵਾਤਾਵਰਣ ਵਿਚ ਉੱਡਦੀ ਹੈ, ਤਾਂ ਥਾਂ-ਥਾਂ ਚਿੱਟੇ ਬੱਦਲਾਂ ਦੇ ਥੰਮ੍ਹ ਬਣ ਜਾਂਦੇ ਹਨ। ਰਾਤ ਵੇਲੇ ਇੰਨੀ ਠੰਢ ਹੁੰਦੀ ਹੈ ਕਿ ਪੇੜ-ਪੌਦਿਆਂ ਦੇ ਪੱਤਿਆਂ ਉੱਤੇ ਬਰਫ਼ ਦੀ ਚਾਦਰ ਜੰਮ ਜਾਂਦੀ ਹੈ। ਸਵੇਰੇ ਤੜਕੇ ਜਦ ਪੱਤੇ ਹੇਠਾਂ ਡਿੱਗਦੇ ਹਨ, ਤਾਂ ਇਨ੍ਹਾਂ ਦੀ ਛਣਕਾਰ ਨਾਲ ਪੂਰੀ ਵਾਦੀ ਗੂੰਜ ਉੱਠਦੀ ਹੈ, ਮਾਨੋ ਇਹ ਸਰਦ ਰੁੱਤ ਦੇ ਆਉਣ ਦਾ ਐਲਾਨ ਕਰ ਰਹੀ ਹੋਵੇ।

[ਸਫ਼ਾ 19 ਉੱਤੇ ਡੱਬੀ]

ਜ਼ਹਿਰੀਲੇ ਪਾਣੀ ਦੀ ਝੀਲ

ਕਾਰਿਮਸਕੀ ਝੀਲ ਦੇ ਹੇਠਾਂ ਸੁੱਤਾ ਪਿਆ ਜੁਆਲਾਮੁਖੀ 1996 ਵਿਚ ਫਟ ਗਿਆ। ਜੁਆਲਾਮੁਖੀ ਦੇ ਫਟਣ ਨਾਲ ਝੀਲ ਵਿਚ ਆਈਆਂ 10 ਮੀਟਰ ਉੱਚੀਆਂ ਲਹਿਰਾਂ ਨੇ ਆਲੇ-ਦੁਆਲੇ ਦੇ ਜੰਗਲ ਤਹਿਸ-ਨਹਿਸ ਕਰ ਦਿੱਤੇ। ਮਿੰਟਾਂ ਵਿਚ ਹੀ ਝੀਲ ਦਾ ਪਾਣੀ ਇੰਨਾ ਜ਼ਹਿਰੀਲਾ ਹੋ ਗਿਆ ਕਿ ਮੱਛੀਆਂ ਵਗੈਰਾ ਲਈ ਇਸ ਵਿਚ ਜ਼ਿੰਦਾ ਰਹਿਣਾ ਨਾਮੁਮਕਿਨ ਹੋ ਗਿਆ। ਪਰ ਖੋਜਕਾਰ ਐਂਡਰੂ ਲੋਗਨ ਮੁਤਾਬਕ ਲਾਵੇ, ਸੁਆਹ ਤੇ ਲਹਿਰਾਂ ਦੁਆਰਾ ਮਚਾਈ ਤਬਾਹੀ ਦੇ ਬਾਵਜੂਦ ਝੀਲ ਦੇ ਲਾਗੇ ਕੋਈ ਮਰਿਆ ਜਾਨਵਰ ਨਹੀਂ ਮਿਲਿਆ। ਉਹ ਕਹਿੰਦਾ ਹੈ ਕਿ “ਜੁਆਲਾਮੁਖੀ ਫਟਣ ਤੋਂ ਪਹਿਲਾਂ ਝੀਲ ਵਿਚ ਲੱਖਾਂ ਮੱਛੀਆਂ (ਜ਼ਿਆਦਾ ਕਰਕੇ ਸਾਮਨ ਤੇ ਟ੍ਰਾਊਟ ਮੱਛੀਆਂ) ਰਹਿੰਦੀਆਂ ਸਨ। ਪਰ ਜੁਆਲਾਮੁਖੀ ਫਟਣ ਤੋਂ ਬਾਅਦ ਇਸ ਝੀਲ ਵਿਚ ਇਕ ਵੀ ਮੱਛੀ ਨਹੀਂ ਮਿਲੀ।” ਪਰ ਹੋ ਸਕਦਾ ਹੈ ਕਿ ਕੁਝ ਮੱਛੀਆਂ ਬਚ ਗਈਆਂ ਕਿਉਂਕਿ ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਕਿ ਮੱਛੀਆਂ ਨੂੰ ਪਹਿਲਾਂ ਹੀ ਕਿਸੇ ਕਿਸਮ ਦੀ ਚੇਤਾਵਨੀ ਮਿਲ ਗਈ ਸੀ। ਸ਼ਾਇਦ ਧਮਾਕਾ ਹੋਣ ਤੋਂ ਪਹਿਲਾਂ ਪਾਣੀ ਵਿਚ ਜ਼ਹਿਰ ਫੈਲ ਗਿਆ ਸੀ। ਇਸ ਕਰਕੇ ਸਾਰੀਆਂ ਮੱਛੀਆਂ ਕਾਰਿਮਸਕੀ ਦਰਿਆ ਵਿਚ ਚਲੀਆਂ ਗਈਆਂ।

[ਸਫ਼ਾ 16 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਰੂਸ

ਕਾਮਚਟਕਾ