Skip to content

Skip to table of contents

ਤੁਸੀਂ ਹੋਰ ਭਾਸ਼ਾ ਸਿੱਖ ਸਕਦੇ ਹੋ!

ਤੁਸੀਂ ਹੋਰ ਭਾਸ਼ਾ ਸਿੱਖ ਸਕਦੇ ਹੋ!

ਤੁਸੀਂ ਹੋਰ ਭਾਸ਼ਾ ਸਿੱਖ ਸਕਦੇ ਹੋ!

ਮਾਈਕ ਦੱਸਦਾ ਹੈ ਕਿ ਉਸ ਲਈ ਭਾਸ਼ਾ ਸਿੱਖਣ ਦਾ “ਤਜਰਬਾ ਬਹੁਤ ਮਜ਼ੇਦਾਰ ਰਿਹਾ।” ਫੈੱਲਪਸ ਕਹਿੰਦਾ ਹੈ: “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ।” ਇਨ੍ਹਾਂ ਦੋਹਾਂ ਨੇ ਨਵੀਂ ਭਾਸ਼ਾ ਸਿੱਖਣ ਦੀ ਚੁਣੌਤੀ ਖ਼ੁਸ਼ੀ-ਖ਼ੁਸ਼ੀ ਕਬੂਲ ਕੀਤੀ।

ਦੁਨੀਆਂ ਭਰ ਵਿਚ ਕਈ ਲੋਕ ਵੱਖੋ-ਵੱਖਰੇ ਕਾਰਨਾਂ ਕਰਕੇ ਨਵੀਆਂ ਬੋਲੀਆਂ ਸਿੱਖ ਰਹੇ ਹਨ। ਕਈ ਆਪਣੇ ਸ਼ੌਕ ਲਈ ਜਾਂ ਕਿਸੇ ਨਿੱਜੀ ਕਾਰਨ ਕਰਕੇ ਸਿੱਖਦੇ ਹਨ, ਕਈ ਕੰਮ-ਕਾਜ ਲਈ ਤੇ ਕਈ ਧਾਰਮਿਕ ਕਾਰਨਾਂ ਕਰਕੇ ਸਿੱਖਦੇ ਹਨ। ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ ਕੁਝ ਲੋਕਾਂ ਦੀ ਇੰਟਰਵਿਊ ਲਈ ਜੋ ਨਵੀਂ ਭਾਸ਼ਾ ਸਿੱਖ ਰਹੇ ਹਨ। ਉਨ੍ਹਾਂ ਨੂੰ ਇਹ ਸਵਾਲ ਪੁੱਛੇ ਗਏ ਸਨ: ਵੱਡੀ ਉਮਰੇ ਨਵੀਂ ਬੋਲੀ ਸਿੱਖਣੀ ਕਿੱਦਾਂ ਲੱਗਦੀ ਹੈ ਅਤੇ ਨਵੀਂ ਬੋਲੀ ਸਿੱਖਣ ਵਿਚ ਤੁਹਾਡੀ ਕਿੱਦਾਂ ਮਦਦ ਹੋ ਸਕਦੀ ਹੈ? ਹੇਠਾਂ ਦਿੱਤੀ ਜਾਣਕਾਰੀ ਉਨ੍ਹਾਂ ਦੇ ਜਵਾਬਾਂ ਉੱਤੇ ਆਧਾਰਿਤ ਹੈ। ਜੇ ਤੁਸੀਂ ਨਵੀਂ ਭਾਸ਼ਾ ਸਿੱਖ ਰਹੇ ਹੋ ਜਾਂ ਸਿੱਖਣ ਬਾਰੇ ਸੋਚ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੀ ਬਹੁਤ ਮਦਦ ਕਰੇਗੀ ਅਤੇ ਇਸ ਤੋਂ ਤੁਹਾਡਾ ਹੌਸਲਾ ਵਧੇਗਾ। ਮਿਸਾਲ ਲਈ, ਧਿਆਨ ਦਿਓ ਕਿ ਜਿਨ੍ਹਾਂ ਦੀ ਇੰਟਰਵਿਊ ਲਈ ਗਈ ਸੀ ਉਨ੍ਹਾਂ ਨੇ ਨਵੀਂ ਬੋਲੀ ਸਿੱਖਣ ਲਈ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨੇ ਜ਼ਰੂਰੀ ਸਮਝੇ।

ਧੀਰਜ ਰੱਖੋ, ਨਿਮਰ ਹੋਵੋ ਤੇ ਸਿੱਖਣ ਲਈ ਤਿਆਰ ਰਹੋ

ਛੋਟੇ ਬੱਚੇ ਤਾਂ ਹੋਰਨਾਂ ਨੂੰ ਸੁਣ ਕੇ ਹੀ ਆਸਾਨੀ ਨਾਲ ਇਕ ਤੋਂ ਜ਼ਿਆਦਾ ਭਾਸ਼ਾਵਾਂ ਸਿੱਖ ਲੈਂਦੇ ਹਨ, ਪਰ ਵੱਡਿਆਂ ਲਈ ਨਵੀਂ ਭਾਸ਼ਾ ਸਿੱਖਣੀ ਇੰਨੀ ਆਸਾਨ ਨਹੀਂ। ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਨਵੀਂ ਭਾਸ਼ਾ ਸਿੱਖਣ ਵਿਚ ਉਨ੍ਹਾਂ ਨੂੰ ਕਈ ਸਾਲ ਲੱਗ ਸਕਦੇ ਹਨ। ਵੱਡਿਆਂ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਹਨ, ਇਸ ਲਈ ਭਾਸ਼ਾ ਸਿੱਖਦੇ ਹੋਏ ਸ਼ਾਇਦ ਉਨ੍ਹਾਂ ਨੂੰ ਆਪਣੇ ਨਿੱਜੀ ਸ਼ੌਕ ਪੂਰੇ ਕਰਨ ਦਾ ਸਮਾਂ ਨਾ ਮਿਲੇ।

ਜੋਰਜ ਕਹਿੰਦਾ ਹੈ: “ਜਦ ਤੁਸੀਂ ਨਵੀਂ ਭਾਸ਼ਾ ਸਿੱਖਣੀ ਸ਼ੁਰੂ ਕਰਦੇ ਹੋ, ਤਾਂ ਤੁਸੀਂ ਬੱਚਿਆਂ ਵਾਂਗ ਹੁੰਦੇ ਹੋ। ਤੁਸੀਂ ਵਾਰ-ਵਾਰ ਗ਼ਲਤੀਆਂ ਕਰੋਗੇ। ਅਤੇ ਕਈ ਵਾਰ ਤਾਂ ਤੁਹਾਡੇ ਨਾਲ ਸਲੂਕ ਵੀ ਬੱਚਿਆਂ ਵਾਂਗ ਹੀ ਕੀਤਾ ਜਾਂਦਾ ਹੈ। ਇਸ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ।” ਨਵੀਂ ਭਾਸ਼ਾ ਸਿੱਖਣ ਬਾਰੇ ਇਕ ਕਿਤਾਬ ਕਹਿੰਦੀ ਹੈ: “ਜੇ ਤੁਸੀਂ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣੀ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਸ਼ਾਨ ਬਾਰੇ ਫ਼ਿਕਰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਇਵੇਂ ਨਹੀਂ ਸੋਚਣਾ ਚਾਹੀਦਾ ਕਿ ਜੇ ਤੁਹਾਡੇ ਤੋਂ ਕੁਝ ਗ਼ਲਤ ਬੋਲ ਹੋ ਗਿਆ, ਤਾਂ ਲੋਕ ਕੀ ਕਹਿਣਗੇ।” ਬੈਨ ਕਹਿੰਦਾ ਹੈ: “ਜੇ ਤੁਸੀਂ ਨਵੀਂ ਭਾਸ਼ਾ ਸਿੱਖਦੇ ਹੋਏ ਗ਼ਲਤੀਆਂ ਨਹੀਂ ਕਰਦੇ, ਤਾਂ ਇਸ ਦਾ ਮਤਲਬ ਹੈ ਤੁਸੀਂ ਨਵੀਂ ਭਾਸ਼ਾ ਨੂੰ ਚੰਗੀ ਤਰ੍ਹਾਂ ਨਹੀਂ ਵਰਤ ਰਹੇ।”

ਜਦ ਦੂਸਰੇ ਤੁਹਾਡੀ ਕਿਸੇ ਗ਼ਲਤੀ ਤੇ ਹੱਸਦੇ ਹਨ, ਤਾਂ ਤੁਸੀਂ ਵੀ ਉਨ੍ਹਾਂ ਦੇ ਨਾਲ ਹੱਸਣਾ ਸਿੱਖੋ। ਉਹ ਦਿਨ ਜ਼ਰੂਰ ਆਵੇਗਾ ਜਦ ਤੁਸੀਂ ਆਪ ਆਪਣੀਆਂ ਗ਼ਲਤੀਆਂ ਯਾਦ ਕਰ-ਕਰ ਕੇ ਹੱਸੋਗੇ ਅਤੇ ਦੂਸਰਿਆਂ ਨੂੰ ਇਨ੍ਹਾਂ ਬਾਰੇ ਦੱਸ ਕੇ ਹਸਾਓਗੇ। ਇਸ ਦੇ ਨਾਲ-ਨਾਲ ਸਵਾਲ ਪੁੱਛਣ ਤੋਂ ਵੀ ਤੁਹਾਨੂੰ ਝਿਜਕਣਾ ਨਹੀਂ ਚਾਹੀਦਾ। ਭਾਸ਼ਾ ਦੀ ਸ਼ੈਲੀ ਸਮਝਣ ਨਾਲ ਤੁਹਾਨੂੰ ਗੱਲਾਂ ਯਾਦ ਰੱਖਣ ਵਿਚ ਮਦਦ ਮਿਲੇਗੀ।

ਵਿਦੇਸ਼ੀ ਭਾਸ਼ਾ ਸਿੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੇਸ਼ ਦੇ ਰੀਤਾਂ-ਰਿਵਾਜਾਂ ਤੇ ਆਦਤਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰੋ। ਜੂਲੀ ਦੱਸਦੀ ਹੈ: “ਨਵੀਂ ਭਾਸ਼ਾ ਸਿੱਖਣ ਨਾਲ ਮੈਨੂੰ ਅਹਿਸਾਸ ਹੋਇਆ ਹੈ ਕਿ ਹਰ ਗੱਲ ਦਾ ਇੱਕੋ ਹੀ ਮਤਲਬ ਨਹੀਂ ਹੁੰਦਾ ਅਤੇ ਹਰ ਕੰਮ ਕਰਨ ਦੇ ਵੱਖੋ-ਵੱਖਰੇ ਤਰੀਕੇ ਹੋ ਸਕਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਇਕ ਤਰੀਕਾ ਦੂਸਰੇ ਨਾਲੋਂ ਬਿਹਤਰ ਹੈ, ਸਭ ਤਰੀਕੇ ਚੰਗੇ ਹਨ, ਬਸ ਇਹ ਇਕ-ਦੂਜੇ ਤੋਂ ਵੱਖਰੇ ਹਨ।” ਜੈ ਸਲਾਹ ਦਿੰਦਾ ਹੈ ਕਿ “ਵਿਦੇਸ਼ੀ ਲੋਕਾਂ ਨਾਲ ਦੋਸਤੀ ਕਰਨ ਅਤੇ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।” ਲੇਕਿਨ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਲੋਕਾਂ ਨਾਲ ਤੁਸੀਂ ਦੋਸਤੀ ਕਰਦੇ ਹੋ, ਉਨ੍ਹਾਂ ਦਾ ਚਾਲ-ਚੱਲਣ ਤੇ ਉਨ੍ਹਾਂ ਦੀ ਬੋਲੀ ਚੰਗੀ ਹੋਵੇ। (1 ਕੁਰਿੰਥੀਆਂ 15:33; ਅਫ਼ਸੀਆਂ 5:3, 4) ਜੈ ਅੱਗੇ ਕਹਿੰਦਾ ਹੈ: “ਜਦ ਲੋਕ ਦੇਖਦੇ ਹਨ ਕਿ ਤੁਸੀਂ ਉਨ੍ਹਾਂ ਵਿਚ ਦਿਲਚਸਪੀ ਰੱਖਦੇ ਹੋ ਅਤੇ ਉਨ੍ਹਾਂ ਦਾ ਖਾਣਾ-ਪੀਣਾ, ਸੰਗੀਤ ਵਗੈਰਾ ਪਸੰਦ ਕਰਦੇ ਹੋ, ਤਾਂ ਉਹ ਤੁਹਾਡੇ ਵੱਲ ਖਿੱਚੇ ਜਾਂਦੇ ਹਨ।”

ਜਿੰਨਾ ਜ਼ਿਆਦਾ ਸਮਾਂ ਤੁਸੀਂ ਨਵੀਂ ਬੋਲੀ ਸਿੱਖਣ ਵਿਚ ਲਾਉਂਦੇ ਹੋ ਅਤੇ ਨਵੀਂ ਬੋਲੀ ਬੋਲਦੇ ਹੋ, ਉੱਨੀ ਹੀ ਛੇਤੀ ਤੁਸੀਂ ਤਰੱਕੀ ਕਰੋਗੇ। ਜੋਰਜ ਦੱਸਦਾ ਹੈ: “ਸਾਨੂੰ ਕੁੱਕੜ ਵਾਂਗ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕੁੱਕੜ ਇਕ-ਇਕ ਦਾਣਾ ਖਾ ਕੇ ਆਪਣਾ ਪੇਟ ਭਰਦਾ ਹੈ, ਉਸੇ ਤਰ੍ਹਾਂ ਸਾਨੂੰ ਨਵੀਂ ਬੋਲੀ ਦਾ ਇਕ-ਇਕ ਸ਼ਬਦ ਸਿੱਖਣਾ ਪੈਂਦਾ ਹੈ।” ਬਿਲ ਦੀ ਉਦਾਹਰਣ ਉੱਤੇ ਗੌਰ ਕਰੋ। ਬਿਲ ਮਿਸ਼ਨਰੀ ਵਜੋਂ ਸੇਵਾ ਕਰਦਾ ਹੈ ਅਤੇ ਉਸ ਨੇ ਕਈ ਭਾਸ਼ਾਵਾਂ ਸਿੱਖੀਆਂ ਹਨ। ਉਹ ਕਹਿੰਦਾ ਹੈ: “ਮੈਂ ਜਿੱਥੇ ਵੀ ਜਾਂਦਾ ਸੀ, ਸ਼ਬਦਾਂ ਦੀ ਸੂਚੀ ਬਣਾ ਕੇ ਆਪਣੇ ਨਾਲ ਲੈ ਜਾਂਦਾ ਸੀ ਤੇ ਜਦ ਵੀ ਮੈਨੂੰ ਮੌਕਾ ਮਿਲਦਾ ਮੈਂ ਉਨ੍ਹਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਸੀ।” ਕਈਆਂ ਦਾ ਇਹ ਤਜਰਬਾ ਰਿਹਾ ਹੈ ਕਿ ਜੇ ਨਵੀਂ ਭਾਸ਼ਾ ਸਿੱਖਣ ਵਿਚ ਹਰ ਦਿਨ ਥੋੜ੍ਹਾ-ਥੋੜ੍ਹਾ ਸਮਾਂ ਲਗਾਇਆ ਜਾਵੇ, ਤਾਂ ਇਹ ਲੰਬੇ ਸਮੇਂ ਤਕ ਬੈਠ ਕੇ ਸਿੱਖਣ ਨਾਲੋਂ ਬਿਹਤਰ ਹੋ ਸਕਦਾ ਹੈ।

ਨਵੀਂ ਭਾਸ਼ਾ ਸਿੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਉਪਲਬਧ ਹਨ। ਮਿਸਾਲ ਲਈ, ਅਨੇਕ ਕਿਤਾਬਾਂ, ਕੈਸਟਾਂ, ਡੀ. ਵੀ. ਡੀ. ਅਤੇ ਛੋਟੇ-ਛੋਟੇ ਕਾਰਡ ਜਿਨ੍ਹਾਂ ਦੇ ਇਕ ਪਾਸੇ ਕੁਝ ਸ਼ਬਦ ਲਿਖੇ ਹੁੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦਾ ਤਰਜਮਾ ਦਿੱਤਾ ਹੁੰਦਾ ਹੈ। ਪਰ ਇਨ੍ਹਾਂ ਸਭ ਚੀਜ਼ਾਂ ਦੇ ਬਾਵਜੂਦ ਵੀ ਕਈ ਲੋਕ ਤਦ ਹੀ ਸਿੱਖਦੇ ਹਨ ਜਦ ਉਹ ਦੂਜਿਆਂ ਨਾਲ ਕਲਾਸ ਵਿਚ ਬੈਠ ਕੇ ਭਾਸ਼ਾ ਸਿੱਖਦੇ ਹਨ। ਇਸ ਲਈ, ਜਿਸ ਤਰੀਕੇ ਨਾਲ ਤੁਹਾਡੀ ਸਭ ਤੋਂ ਵਧ ਮਦਦ ਹੁੰਦੀ ਹੈ, ਤੁਸੀਂ ਉਹ ਵਰਤੋ। ਯਾਦ ਰੱਖੋ ਕਿ ਨਵੀਂ ਭਾਸ਼ਾ ਸਿੱਖਣ ਲਈ ਧੀਰਜ ਰੱਖਣ ਤੇ ਮਿਹਨਤ ਕਰਨ ਦੀ ਲੋੜ ਹੈ। ਫਿਰ ਵੀ, ਤੁਸੀਂ ਕੁਝ ਤਰੀਕਿਆਂ ਨਾਲ ਨਵੀਂ ਬੋਲੀ ਜ਼ਿਆਦਾ ਆਸਾਨੀ ਨਾਲ ਸਿੱਖ ਸਕਦੇ ਹੋ ਅਤੇ ਸਿੱਖਣ ਦੇ ਤਜਰਬੇ ਨੂੰ ਮਜ਼ੇਦਾਰ ਬਣਾ ਸਕਦੇ ਹੋ। ਇਕ ਤਰੀਕਾ ਹੈ ਕਿ ਤੁਸੀਂ ਇਸ ਬੋਲੀ ਬੋਲਣ ਵਾਲਿਆਂ ਲੋਕਾਂ ਨਾਲ ਜ਼ਿਆਦਾ ਸਮਾਂ ਗੁਜ਼ਾਰੋ ਅਤੇ ਉਨ੍ਹਾਂ ਦੇ ਸਭਿਆਚਾਰ ਬਾਰੇ ਸਿੱਖੋ।

ਜੋਰਜ ਦੱਸਦਾ ਹੈ: “ਇਹ ਬਹੁਤ ਚੰਗੀ ਗੱਲ ਹੈ ਜੇ ਤੁਸੀਂ ਨਵੀਂ ਭਾਸ਼ਾ ਵਿਚ ਮੁੱਖ ਗੱਲਾਂ ਸਿੱਖ ਕੇ ਉਸ ਦੇਸ਼ ਵਿਚ ਕੁਝ ਸਮਾਂ ਬਿਤਾਓ ਜਿੱਥੇ ਇਹ ਭਾਸ਼ਾ ਬੋਲੀ ਜਾਂਦੀ ਹੈ।” ਬਾਰਬ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ: “ਉਸ ਦੇਸ਼ ਵਿਚ ਜਾ ਕੇ ਜਿੱਥੇ ਇਹ ਭਾਸ਼ਾ ਬੋਲੀ ਜਾਂਦੀ ਹੈ ਤੁਸੀਂ ਇਸ ਭਾਸ਼ਾ ਦੀ ਸ਼ੈਲੀ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ।” ਸਭ ਤੋਂ ਵਧੀਆ ਗੱਲ ਇਹ ਹੈ ਕਿ ਅਜਿਹੇ ਲੋਕਾਂ ਨਾਲ ਮਿਲ-ਜੁਲ ਕੇ ਤੁਸੀਂ ਨਵੀਂ ਭਾਸ਼ਾ ਵਿਚ ਸੋਚਣਾ ਸਿੱਖੋਗੇ। ਜੇ ਤੁਹਾਡੇ ਲਈ ਵਿਦੇਸ਼ ਜਾਣਾ ਮੁਮਕਿਨ ਨਹੀਂ, ਤਾਂ ਫ਼ਿਕਰ ਨਾ ਕਰੋ। ਤੁਸੀਂ ਆਪਣੇ ਹੀ ਦੇਸ਼ ਵਿਚ ਨਵੀਂ ਭਾਸ਼ਾ ਅਤੇ ਵਿਦੇਸ਼ੀ ਲੋਕਾਂ ਬਾਰੇ ਸਿੱਖ ਸਕਦੇ ਹੋ। ਮਿਸਾਲ ਲਈ, ਤੁਹਾਨੂੰ ਨਵੀਂ ਭਾਸ਼ਾ ਵਿਚ ਕਈ ਕਿਤਾਬਾਂ ਮਿਲ ਸਕਦੀਆਂ ਹਨ ਜਾਂ ਤੁਸੀਂ ਉਸ ਭਾਸ਼ਾ ਵਿਚ ਰੇਡੀਓ ਅਤੇ ਟੈਲੀਵਿਯਨ ਪ੍ਰੋਗ੍ਰਾਮ ਸੁਣ ਸਕਦੇ ਹੋ। ਪਰ ਧਿਆਨ ਰੱਖੋ ਕਿ ਇਨ੍ਹਾਂ ਪ੍ਰੋਗ੍ਰਾਮਾਂ ਵਿਚ ਦੱਸੀਆਂ ਜਾਂਦੀਆਂ ਗੱਲਾਂ ਪਰਮੇਸ਼ੁਰ ਦੇ ਅਸੂਲਾਂ ਦੇ ਉਲਟ ਨਾ ਹੋਣ। ਆਪਣੇ ਇਲਾਕੇ ਵਿਚ ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ ਜੋ ਇਹ ਬੋਲੀ ਚੰਗੀ ਤਰ੍ਹਾਂ ਬੋਲ ਸਕਦੇ ਹਨ। ਨਵੀਂ ਭਾਸ਼ਾ ਸਿੱਖਣ ਬਾਰੇ ਇਕ ਕਿਤਾਬ ਦੱਸਦੀ ਹੈ: “ਕਾਮਯਾਬ ਹੋਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਨਵੀਂ ਭਾਸ਼ਾ ਵਿਚ ਗੱਲ ਕਰੋ।” *

ਨਿਰਾਸ਼ਾ ਦਾ ਦੌਰ

ਨਵੀਂ ਭਾਸ਼ਾ ਸਿੱਖਦੇ ਹੋਏ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਅੱਗੇ ਨਹੀਂ ਵਧ ਰਹੇ। ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਮਿਹਨਤ ਜ਼ਾਇਆ ਜਾ ਰਹੀ ਹੈ। ਇਹ ਤੁਹਾਡੇ ਲਈ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਪਹਿਲਾਂ ਤਾਂ ਆਪਣੇ ਆਪ ਨੂੰ ਇਹ ਯਾਦ ਦਿਲਾਓ ਕਿ ਸ਼ੁਰੂ ਵਿਚ ਨਵੀਂ ਭਾਸ਼ਾ ਸਿੱਖਣ ਦਾ ਤੁਹਾਡਾ ਮਕਸਦ ਕੀ ਸੀ। ਅਨੇਕ ਯਹੋਵਾਹ ਦੇ ਗਵਾਹ ਬਾਈਬਲ ਦੀ ਸੱਚਾਈ ਸਿੱਖਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਨਵੀਂ ਭਾਸ਼ਾ ਸਿੱਖ ਰਹੇ ਹਨ। ਤਾਂ ਫਿਰ, ਤੁਸੀਂ ਨਵੀਂ ਭਾਸ਼ਾ ਸਿੱਖਣ ਦੇ ਆਪਣੇ ਮੁਢਲੇ ਮਕਸਦ ਨੂੰ ਯਾਦ ਕਰ ਕੇ ਇਸ ਨੂੰ ਸਿੱਖਦੇ ਰਹਿਣ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰ ਸਕਦੇ ਹੋ।

ਦੂਜੀ ਗੱਲ ਹੈ ਕਿ ਆਪਣੇ ਤੋਂ ਉੱਚੀਆਂ-ਉੱਚੀਆਂ ਆਸਾਂ ਨਾ ਰੱਖੋ। ਨਵੀਂ ਭਾਸ਼ਾ ਸਿੱਖਣ ਬਾਰੇ ਇਕ ਕਿਤਾਬ ਦੱਸਦੀ ਹੈ: “ਹੋ ਸਕਦਾ ਹੈ ਕਿ ਤੁਸੀਂ ਨਵੀਂ ਭਾਸ਼ਾ ਉਨ੍ਹਾਂ ਲੋਕਾਂ ਵਾਂਗ ਕਦੇ ਨਹੀਂ ਬੋਲ ਸਕੋਗੇ ਜਿਨ੍ਹਾਂ ਦੀ ਇਹ ਮਾਂ-ਬੋਲੀ ਹੈ। ਪਰ ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਇਹੀ ਚਾਹੁੰਦੇ ਹੋ ਕਿ ਲੋਕ ਤੁਹਾਡੀ ਗੱਲਬਾਤ ਸਮਝ ਸਕਣ।” ਤਾਂ ਫਿਰ, ਇਹੀ ਰਾਗ ਗਾਈ ਜਾਣ ਦੀ ਬਜਾਇ ਕਿ ਤੁਸੀਂ ਨਵੀਂ ਭਾਸ਼ਾ ਆਪਣੀ ਮਾਂ-ਬੋਲੀ ਵਾਂਗ ਨਹੀਂ ਬੋਲ ਸਕਦੇ, ਕਿਉਂ ਨਾ ਤੁਸੀਂ ਸਿੱਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਬੋਲਣ ਉੱਤੇ ਜ਼ੋਰ ਦਿਓ!

ਤੀਜੀ ਗੱਲ ਹੈ ਕਿ ਤੁਹਾਨੂੰ ਸਮੇਂ-ਸਮੇਂ ਤੇ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਕਿ ਤੁਸੀਂ ਭਾਸ਼ਾ ਸਿੱਖਣ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ। ਨਵੀਂ ਭਾਸ਼ਾ ਸਿੱਖਣੀ ਘਾਹ ਨੂੰ ਵਧਦੇ ਹੋਏ ਦੇਖਣ ਦੇ ਬਰਾਬਰ ਹੈ। ਘਾਹ ਇੰਨੀ ਹੌਲੀ-ਹੌਲੀ ਵਧਦਾ ਹੈ ਕਿ ਤੁਹਾਨੂੰ ਮਾਲੂਮ ਵੀ ਨਹੀਂ ਹੁੰਦਾ ਕਿ ਘਾਹ ਵਧ ਰਿਹਾ ਹੈ, ਪਰ ਸਮੇਂ ਦੇ ਬੀਤਣ ਨਾਲ ਘਾਹ ਕਾਫ਼ੀ ਵੱਡਾ ਹੋ ਜਾਂਦਾ ਹੈ। ਇਸੇ ਤਰ੍ਹਾਂ, ਜੇ ਤੁਸੀਂ ਉਹ ਸਮਾਂ ਯਾਦ ਕਰੋ ਜਦ ਤੁਸੀਂ ਨਵੀਂ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਸੀ, ਤਾਂ ਤੁਸੀਂ ਜ਼ਰੂਰ ਦੇਖੋਗੇ ਕਿ ਤੁਸੀਂ ਕਾਫ਼ੀ ਤਰੱਕੀ ਕੀਤੀ ਹੈ। ਹਰ ਕੋਈ ਆਪਣੀ ਰਫ਼ਤਾਰ ਨਾਲ ਨਵੀਂ ਭਾਸ਼ਾ ਸਿੱਖਦਾ ਹੈ, ਇਸ ਲਈ ਤੁਹਾਨੂੰ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਕਰਨੀ ਚਾਹੀਦੀ। ਚੰਗਾ ਹੋਵੇਗਾ ਜੇ ਤੁਸੀਂ ਗਲਾਤੀਆਂ 6:4 ਵਿਚ ਦਿੱਤੀ ਵਧੀਆ ਸਲਾਹ ਵੱਲ ਧਿਆਨ ਦਿਓ: “ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।”—ਈਜ਼ੀ ਟੂ ਰੀਡ ਵਰਯਨ।

ਚੌਥੀ ਗੱਲ ਹੈ, ਯਾਦ ਰੱਖੋ ਕਿ ਨਵੀਂ ਭਾਸ਼ਾ ਸਿੱਖਣ ਵਿਚ ਕਾਫ਼ੀ ਸਮਾਂ ਲੱਗੇਗਾ ਜਿਸ ਦੇ ਬਹੁਤ ਫ਼ਾਇਦੇ ਹੋਣਗੇ। ਕਿਸੇ ਤਿੰਨ ਜਾਂ ਚਾਰ ਸਾਲਾਂ ਬੱਚੇ ਬਾਰੇ ਸੋਚੋ। ਕੀ ਉਹ ਗੱਲ ਕਰਦਿਆਂ ਬਹੁਤ ਹੀ ਔਖੇ-ਔਖੇ ਸ਼ਬਦ ਅਤੇ ਗੁੰਝਲਦਾਰ ਵਾਕ ਵਰਤਦਾ ਹੈ? ਬਿਲਕੁਲ ਨਹੀਂ! ਲੇਕਿਨ ਫਿਰ ਵੀ ਉਹ ਦੂਸਰਿਆਂ ਨਾਲ ਸੌਖੇ ਸ਼ਬਦਾਂ ਵਿਚ ਗੱਲਬਾਤ ਕਰ ਸਕਦਾ ਹੈ। ਜੀ ਹਾਂ, ਬੱਚਿਆਂ ਨੂੰ ਵੀ ਭਾਸ਼ਾ ਸਿੱਖਣ ਵਿਚ ਕਈ ਸਾਲ ਲੱਗ ਸਕਦੇ ਹਨ।

ਪੰਜਵੀਂ ਗੱਲ ਹੈ ਕਿ ਨਵੀਂ ਭਾਸ਼ਾ ਵਿਚ ਬੋਲਣ ਦੀ ਕੋਸ਼ਿਸ਼ ਕਰੋ। ਬੈਨ ਦੱਸਦਾ ਹੈ: “ਜਦ ਮੈਂ ਨਵੀਂ ਬੋਲੀ ਵਿਚ ਘੱਟ ਗੱਲਬਾਤ ਕਰਦਾ ਸੀ, ਤਾਂ ਮੈਨੂੰ ਲੱਗਦਾ ਸੀ ਕਿ ਮੈਂ ਤਰੱਕੀ ਨਹੀਂ ਕਰ ਰਿਹਾ।” ਇਸ ਲਈ ਹਰ ਰੋਜ਼ ਨਵੀਂ ਬੋਲੀ ਵਿਚ ਥੋੜ੍ਹਾ-ਥੋੜ੍ਹਾ ਬੋਲਣ ਦੀ ਕੋਸ਼ਿਸ਼ ਕਰਦੇ ਰਹੋ। ਇਹ ਸੱਚ ਹੈ ਕਿ ਜਦ ਤੁਹਾਨੂੰ ਕਿਸੇ ਭਾਸ਼ਾ ਦੇ ਬਹੁਤ ਥੋੜ੍ਹੇ ਸ਼ਬਦ ਆਉਂਦੇ ਹੋਣ, ਤਾਂ ਉਸ ਬੋਲੀ ਵਿਚ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ। ਮਿਲਾਵੀ ਕਹਿੰਦੀ ਹੈ: “ਮੇਰੇ ਲਈ ਸਭ ਤੋਂ ਔਖੀ ਗੱਲ ਇਹ ਸੀ ਕਿ ਜੋ ਮੈਂ ਕਹਿਣਾ ਚਾਹੁੰਦੀ ਸੀ ਕਹਿ ਨਹੀਂ ਪਾਉਂਦੀ ਸੀ।” ਪਰ ਅਜਿਹੀ ਨਿਰਾਸ਼ਾ ਤੋਂ ਵੀ ਤੁਹਾਨੂੰ ਧੀਰਜ ਨਾਲ ਸਿੱਖਦੇ ਰਹਿਣ ਦੀ ਪ੍ਰੇਰਣਾ ਮਿਲ ਸਕਦੀ ਹੈ। ਮਾਈਕ ਯਾਦ ਕਰਦਾ ਹੈ: “ਮੈਨੂੰ ਇਹ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਜਦ ਮੈਨੂੰ ਕੋਈ ਕਹਾਣੀ ਜਾਂ ਚੁਟਕਲਾ ਸਮਝ ਨਹੀਂ ਆਉਂਦਾ ਸੀ। ਇਸ ਤਰ੍ਹਾਂ ਮਹਿਸੂਸ ਕਰਨ ਨਾਲ ਮੇਰੇ ਵਿਚ ਜ਼ਿਆਦਾ ਮਿਹਨਤ ਕਰਨ ਦਾ ਜੋਸ਼ ਪੈਦਾ ਹੋਇਆ।”

ਦੂਸਰੇ ਵੀ ਤੁਹਾਡੀ ਮਦਦ ਕਰ ਸਕਦੇ ਹਨ

ਨਵੀਂ ਭਾਸ਼ਾ ਸਿੱਖਣ ਵਿਚ ਦੂਸਰੇ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ? ਬਿਲ ਇਹ ਸਲਾਹ ਦਿੰਦਾ ਹੈ: “ਸਾਰੇ ਸ਼ਬਦ ਚੰਗੀ ਤਰ੍ਹਾਂ ਉਚਾਰਦੇ ਹੋਏ ਹੌਲੀ-ਹੌਲੀ ਬੋਲੋ।” ਜੂਲੀ ਕਹਿੰਦੀ ਹੈ: “ਧੀਰਜ ਰੱਖੋ। ਜੋ ਵਿਅਕਤੀ ਨਵੀਂ ਬੋਲੀ ਸਿੱਖਦਾ ਹੈ, ਉਸ ਨੂੰ ਖ਼ੁਦ ਆਪਣੀ ਗੱਲ ਪੂਰੀ ਕਰਨ ਦਿਓ। ਤੁਸੀਂ ਉਸ ਦੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਨਾ ਕਰੋ।” ਟੋਨੀ ਯਾਦ ਕਰਦਾ ਹੈ: “ਜੋ ਲੋਕ ਇਕ ਤੋਂ ਜ਼ਿਆਦਾ ਬੋਲੀਆਂ ਬੋਲ ਸਕਦੇ ਸਨ, ਉਹ ਮੇਰੇ ਨਾਲ ਮੇਰੀ ਮਾਂ-ਬੋਲੀ ਵਿਚ ਹੀ ਗੱਲ ਕਰਦੇ ਸਨ। ਪਰ ਇਸ ਤਰ੍ਹਾਂ ਮੇਰੇ ਲਈ ਨਵੀਂ ਭਾਸ਼ਾ ਸਿੱਖਣ ਵਿਚ ਰੁਕਾਵਟ ਪੈ ਰਹੀ ਸੀ।” ਇਸ ਲਈ, ਕਈਆਂ ਨੇ ਆਪਣੇ ਦੋਸਤ-ਮਿੱਤਰਾਂ ਨੂੰ ਉਨ੍ਹਾਂ ਦੇ ਨਾਲ ਨਵੀਂ ਬੋਲੀ ਵਿਚ ਹੀ ਗੱਲ ਕਰਨ ਲਈ ਕਿਹਾ ਹੈ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣ ਲਈ ਕਿਹਾ ਹੈ ਜਿਨ੍ਹਾਂ ਵਿਚ ਉਹ ਸੁਧਾਰ ਕਰ ਸਕਣ। ਨਵੀਂ ਬੋਲੀ ਸਿੱਖਣ ਵਾਲਿਆਂ ਨੂੰ ਹੌਸਲੇ ਦੀ ਵੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਮਿਹਨਤ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਜੋਰਜ ਦੱਸਦਾ ਹੈ: “ਦੋਸਤ-ਮਿੱਤਰਾਂ ਦੇ ਪਿਆਰ ਅਤੇ ਹੱਲਾਸ਼ੇਰੀ ਤੋਂ ਬਿਨਾਂ ਮੈਂ ਨਵੀਂ ਬੋਲੀ ਕਦੇ ਨਹੀਂ ਸੀ ਸਿੱਖ ਪਾਉਣੀ।”

ਤਾਂ ਫਿਰ, ਕੀ ਨਵੀਂ ਬੋਲੀ ਸਿੱਖਣ ਦਾ ਕੋਈ ਫ਼ਾਇਦਾ ਹੈ? “ਬਿਲਕੁਲ!” ਬਿਲ ਜਵਾਬ ਦਿੰਦਾ ਹੈ, ਜਿਸ ਨੇ ਕਈ ਭਾਸ਼ਾਵਾਂ ਸਿੱਖੀਆਂ ਹਨ। ਉਹ ਅੱਗੇ ਕਹਿੰਦਾ ਹੈ: “ਨਵੀਂ ਬੋਲੀ ਸਿੱਖਣ ਦੀ ਚੁਣੌਤੀ ਨੇ ਮੈਨੂੰ ਜ਼ਿੰਦਗੀ ਬਾਰੇ ਬਹੁਤ ਕੁਝ ਸਿਖਾਇਆ ਹੈ। ਪਰ ਸਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੈਂ ਦੂਸਰਿਆਂ ਨਾਲ ਉਨ੍ਹਾਂ ਦੀ ਮਾਂ-ਬੋਲੀ ਵਿਚ ਗੱਲ ਕਰ ਕੇ ਉਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਦੇ ਸਕਦਾ ਹਾਂ। ਜਦ ਉਹ ਬਾਈਬਲ ਦੀਆਂ ਸਿੱਖਿਆਵਾਂ ਮੰਨ ਕੇ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਜੋੜਨ ਲੱਗਦੇ ਹਨ, ਤਾਂ ਮੈਨੂੰ ਆਪਣੀ ਲਗਨ ਤੇ ਮਿਹਨਤ ਦਾ ਫਲ ਮਿਲਦਾ ਹੈ। ਇਕ ਵਾਰ ਮੈਨੂੰ ਇਕ ਆਦਮੀ, ਜਿਸ ਨੇ 12 ਭਾਸ਼ਾਵਾਂ ਸਿੱਖੀਆਂ ਸਨ, ਨੇ ਕਿਹਾ: ‘ਮੈਂ ਤਾਂ ਆਪਣੇ ਸ਼ੌਕ ਲਈ ਭਾਸ਼ਾਵਾਂ ਸਿੱਖਦਾ ਹਾਂ, ਪਰ ਤੁਸੀਂ ਤਾਂ ਲੋਕਾਂ ਦੀ ਮਦਦ ਕਰਨ ਲਈ ਭਾਸ਼ਾ ਸਿੱਖਦੇ ਹੋ। ਤੁਸੀਂ ਵਾਕਈ ਕਾਬਲ-ਏ-ਤਾਰੀਫ਼ ਹੋ।’” (g 3/07)

[ਫੁਟਨੋਟ]

[ਸਫ਼ੇ 13 ਉੱਤੇ ਸੁਰਖੀ]

ਦੂਸਰਿਆਂ ਦੀ ਮਦਦ ਕਰਨ ਦੀ ਤਮੰਨਾ ਨਵੀਂ ਬੋਲੀ ਸਿੱਖਣ ਲਈ ਵੱਡੀ ਪ੍ਰੇਰਣਾ ਹੋ ਸਕਦੀ ਹੈ