Skip to content

Skip to table of contents

ਦੁਨੀਆਂ ਦਾ ਇਲਾਜ ਕਿਸ ਦੇ ਹੱਥ ਵਿਚ?

ਦੁਨੀਆਂ ਦਾ ਇਲਾਜ ਕਿਸ ਦੇ ਹੱਥ ਵਿਚ?

ਦੁਨੀਆਂ ਦਾ ਇਲਾਜ ਕਿਸ ਦੇ ਹੱਥ ਵਿਚ?

ਕੀ ਸਾਇੰਸਦਾਨ ਸਾਰੀਆਂ ਬੀਮਾਰੀਆਂ ਦਾ ਖ਼ਾਤਮਾ ਕਰ ਸਕਣਗੇ? ਕੀ ਬਾਈਬਲ ਦੀਆਂ ਭਵਿੱਖਬਾਣੀਆਂ ਅਜਿਹੇ ਜ਼ਮਾਨੇ ਬਾਰੇ ਦੱਸਦੀਆਂ ਹਨ ਜਦੋਂ ਇਨਸਾਨ ਆਪ ਬੀਮਾਰੀਆਂ ਨੂੰ ਖ਼ਤਮ ਕਰੇਗਾ? ਡਾਕਟਰੀ ਖੇਤਰ ਵਿਚ ਹੋਈਆਂ ਪ੍ਰਾਪਤੀਆਂ ਨੂੰ ਦੇਖ ਕੇ ਕਈਆਂ ਦਾ ਮੰਨਣਾ ਹੈ ਕਿ ਇਹ ਗੱਲ ਵਾਕਈ ਸੰਭਵ ਹੈ।

ਅੱਜ ਸੰਯੁਕਤ ਰਾਸ਼ਟਰ ਸੰਘ ਕਈ ਸਰਕਾਰਾਂ ਅਤੇ ਖ਼ੈਰਾਤੀ ਸੰਸਥਾਵਾਂ ਨਾਲ ਮਿਲ ਕੇ ਬੀਮਾਰੀਆਂ ਦੀ ਰੋਕਥਾਮ ਲਈ ਵਿਸ਼ਵ ਪੱਧਰ ਤੇ ਮੁਹਿੰਮ ਚਲਾ ਰਿਹਾ ਹੈ। ਮਿਸਾਲ ਲਈ, ਗ਼ਰੀਬ ਦੇਸ਼ਾਂ ਵਿਚ ਬੱਚਿਆਂ ਨੂੰ ਰੋਗ ਲੱਗਣ ਤੋਂ ਬਚਾਉਣ ਲਈ ਟੀਕੇ ਲਗਾਉਣ ਦੀ ਮੁਹਿੰਮ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ। ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਦੀ ਰਿਪੋਰਟ ਮੁਤਾਬਕ ਜੇਕਰ ਸਾਰੇ ਦੇਸ਼ ਮਿਲ ਕੇ ਮਿਹਨਤ ਕਰਨ, ਤਾਂ “ਸਾਲ 2015 ਤਕ ਦੁਨੀਆਂ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿਚ ਹਰ ਸਾਲ 7 ਕਰੋੜ ਬੱਚਿਆਂ ਨੂੰ ਟੀ. ਬੀ., ਡਿਫਥੀਰੀਆ, ਟੈਟਨਸ, ਕਾਲੀ ਖੰਘ, ਖਸਰਾ, ਚੇਚਕ, ਪੀਲਾ ਤਾਪ, ਹੇਮੋਫਿਲਸ ਇਨਫਲੂਐਂਜ਼ਾ ਟਾਈਪ ਬੀ, ਹੈਪੀਟਾਇਟਿਸ ਬੀ, ਪੋਲੀਓ, ਰੋਟਾਵਾਇਰਸ, ਨਿਉਮੋਕਾਕਸ, ਮੈਨਿਨਜੋਕਾਕਸ ਅਤੇ ਜੈਪਨੀਜ਼ ਇਨਸੈਫ਼ਲਾਇਟਸ ਤੋਂ ਬਚਾਉਣ ਲਈ ਟੀਕੇ ਲਾਏ ਜਾ ਸਕਣਗੇ।” ਲੋਕਾਂ ਨੂੰ ਸਿਹਤ-ਸਫ਼ਾਈ ਬਾਰੇ ਜਾਣਕਾਰੀ, ਪੀਣ ਲਈ ਸਾਫ਼ ਪਾਣੀ ਅਤੇ ਚੰਗੀ ਖ਼ੁਰਾਕ ਦੇਣ ਦੀ ਵੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰ ਸਾਇੰਸਦਾਨ ਸਿਰਫ਼ ਬੀਮਾਰੀਆਂ ਦਾ ਇਲਾਜ ਲੱਭ ਕੇ ਹੀ ਸੰਤੁਸ਼ਟ ਨਹੀਂ ਹਨ, ਸਗੋਂ ਨਵੀਂ ਤੋਂ ਨਵੀਂ ਤਕਨਾਲੋਜੀ ਡਾਕਟਰੀ ਖੇਤਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤਕ ਪਹੁੰਚਾ ਰਹੀ ਹੈ। ਕਿਹਾ ਜਾਂਦਾ ਹੈ ਕਿ ਲਗਭਗ ਹਰ ਅੱਠਾਂ ਸਾਲਾਂ ਵਿਚ ਡਾਕਟਰੀ ਵਿਗਿਆਨੀਆਂ ਦਾ ਗਿਆਨ ਦੁਗੁਣਾ ਹੋ ਰਿਹਾ ਹੈ। ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਹਨ ਕਿ ਬੀਮਾਰੀਆਂ ਦਾ ਮੁਕਾਬਲਾ ਕਰਨ ਲਈ ਡਾਕਟਰੀ ਜਗਤ ਵਿਚ ਕੀ-ਕੀ ਕੀਤਾ ਜਾ ਰਿਹਾ ਹੈ ਤੇ ਕੀ-ਕੀ ਕਰਨ ਦੀ ਉਮੀਦ ਰੱਖੀ ਜਾਂਦੀ ਹੈ।

ਐਕਸ-ਰੇ ਇਮੇਜਰੀ: ਪਿਛਲੇ 30 ਕੁ ਸਾਲਾਂ ਤੋਂ ਡਾਕਟਰ ਅਤੇ ਹਸਪਤਾਲ ਕੰਪਿਊਟਿਡ ਟੋਮੋਗ੍ਰਾਫ਼ੀ (ਸੀ. ਟੀ.) ਸਕੈਨਰ ਵਰਤ ਰਹੇ ਹਨ। ਸੀ. ਟੀ. ਸਕੈਨਰ ਦੇ ਜ਼ਰੀਏ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਿੰਨ ਧਿਰੀ (3-D) ਐਕਸ-ਰੇ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਬੀਮਾਰੀ ਦਾ ਪਤਾ ਲਗਾਉਣ ਤੋਂ ਇਲਾਵਾ ਬੀਮਾਰ ਅੰਗਾਂ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ।

ਹਾਲਾਂਕਿ ਕੁਝ ਲੋਕ ਕਹਿੰਦੇ ਹਨ ਕਿ ਐਕਸ-ਰੇ ਮਸ਼ੀਨ ਦੇ ਰੇਡੀਏਸ਼ਨ ਤੋਂ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਲਗਾਤਾਰ ਸੁਧਾਰੀ ਜਾ ਰਹੀ ਹੈ ਤੇ ਭਵਿੱਖ ਵਿਚ ਇਸ ਦੇ ਫ਼ਾਇਦੇ ਹੀ ਫ਼ਾਇਦੇ ਹੋਣਗੇ। ਸ਼ਿਕਾਗੋ ਦੀ ਯੂਨੀਵਰਸਿਟੀ ਦੇ ਹਸਪਤਾਲ ਵਿਚ ਰੇਡੀਓਲਜੀ ਦਾ ਪ੍ਰੋਫ਼ੈਸਰ ਮਾਈਕਲ ਵੈਨੀਰ ਕਹਿੰਦਾ ਹੈ: “ਪਿਛਲੇ ਕੁਝ ਸਾਲਾਂ ਵਿਚ ਡਾਕਟਰੀ ਖੇਤਰ ਵਿਚ ਇੰਨੀ ਤਰੱਕੀ ਹੋਈ ਹੈ ਕਿ ਇਸ ਨੂੰ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ ਹੈ।”

ਸੀ. ਟੀ. ਸਕੈਨਰ ਹੁਣ ਪਹਿਲਾਂ ਨਾਲੋਂ ਘੱਟ ਸਮੇਂ ਵਿਚ ਜ਼ਿਆਦਾ ਸਪੱਸ਼ਟ ਐਕਸ-ਰੇ ਤਸਵੀਰਾਂ ਖਿੱਚਦੇ ਹਨ। ਇਨ੍ਹਾਂ ਦਾ ਖ਼ਰਚਾ ਵੀ ਪਹਿਲਾਂ ਨਾਲੋਂ ਕਾਫ਼ੀ ਘੱਟ ਹੈ। ਨਵੇਂ ਸਕੈਨਰਾਂ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਸਕਿੰਟਾਂ ਵਿਚ ਹੀ ਤਸਵੀਰਾਂ ਖਿੱਚ ਲੈਂਦੇ ਹਨ। ਇਹ ਖ਼ਾਸਕਰ ਦਿਲ ਨੂੰ ਸਕੈਨ ਕਰਨ ਵੇਲੇ ਬਹੁਤ ਫ਼ਾਇਦੇਮੰਦ ਸਾਬਤ ਹੋਏ ਹਨ। ਦਿਲ ਦੇ ਲਗਾਤਾਰ ਧੜਕਣ ਕਰਕੇ ਇਸ ਦੀਆਂ ਐਕਸ-ਰੇ ਤਸਵੀਰਾਂ ਧੁੰਦਲੀਆਂ ਬਣਦੀਆਂ ਸਨ ਅਤੇ ਡਾਕਟਰ ਦਿਲ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਪਾਉਂਦੇ। ਪਰ ਨਵੇਂ ਸਕੈਨਰਾਂ ਬਾਰੇ ਨਿਊ ਸਾਇੰਟਿਸਟ ਰਸਾਲਾ ਕਹਿੰਦਾ ਹੈ ਕਿ ਇਹ ਮਸ਼ੀਨਾਂ “ਦਿਲ ਦੀ ਧੜਕਣ ਤੋਂ ਵੀ ਤੇਜ਼ ਹਨ ਅਤੇ ਸਿਰਫ਼ ਇਕ-ਤਿਹਾਈ ਸਕਿੰਟ ਵਿਚ ਸਰੀਰ ਦੇ ਦੁਆਲੇ ਘੁੰਮ  ਕੇ  ਦਿਲ ਦੀਆਂ ਸਾਫ਼ ਤੇ ਸਪੱਸ਼ਟ ਤਸਵੀਰਾਂ ਖਿੱਚ ਲੈਂਦੀਆਂ ਹਨ।”

ਨਵੇਂ ਸਕੈਨਰਾਂ ਦੀ ਮਦਦ ਨਾਲ ਹੁਣ ਡਾਕਟਰ ਨਾ ਕੇਵਲ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਂਚ ਕਰ ਸਕਦੇ ਹਨ, ਸਗੋਂ ਉਹ ਵੱਖ-ਵੱਖ ਅੰਗਾਂ ਵਿਚ ਰਸਾਇਣਾਂ ਦਾ ਅਸਰ ਵੀ ਦੇਖ ਸਕਦੇ ਹਨ। ਇਸ ਤਕਨੀਕ ਰਾਹੀਂ ਸ਼ਾਇਦ ਕੈਂਸਰ ਦੀ ਸ਼ੁਰੂਆਤ ਬਾਰੇ ਪਤਾ ਲਗਾਇਆ ਜਾ ਸਕੇਗਾ।

ਰੋਬੋਟਾਂ ਦੇ ਜ਼ਰੀਏ ਸਰਜਰੀ: ਡਾਕਟਰੀ ਜਗਤ ਵਿਚ ਰੋਬੋਟ ਹੁਣ ਹਕੀਕਤ ਬਣ ਚੁੱਕੇ ਹਨ। ਅੱਜ-ਕੱਲ੍ਹ ਹਜ਼ਾਰਾਂ ਓਪਰੇਸ਼ਨ ਰੋਬੋਟਾਂ ਦੀ ਮਦਦ ਨਾਲ ਕੀਤੇ ਜਾ ਰਹੇ ਹਨ। ਕਈ ਵਾਰ ਤਾਂ ਸਰਜਨ ਦੂਰ ਬੈਠਿਆਂ ਹੀ ਰਿਮੋਟ-ਕੰਟ੍ਰੋਲ ਦੁਆਰਾ ਓਪਰੇਸ਼ਨ ਥੀਏਟਰ ਵਿਚ ਲੱਗੇ ਮਸ਼ੀਨੀ ਹੱਥਾਂ ਨੂੰ ਚਲਾ ਸਕਦੇ ਹਨ। ਇਹ ਹੱਥ ਛੁਰੀਆਂ, ਕੈਂਚੀਆਂ, ਕੈਮਰੇ ਅਤੇ ਹੋਰ ਯੰਤਰਾਂ ਨਾਲ ਲੈਸ ਹੁੰਦੇ ਹਨ। ਰੋਬੋਟਾਂ ਦੇ ਜ਼ਰੀਏ ਡਾਕਟਰ ਔਖੀ ਤੋਂ ਔਖੀ ਸਰਜਰੀ ਵੀ ਨਿਪੁੰਨਤਾ ਨਾਲ ਕਰ ਰਹੇ ਹਨ। ਨਿਊਜ਼ਵੀਕ ਰਸਾਲੇ ਦੀ ਇਕ ਰਿਪੋਰਟ ਬਿਆਨ ਕਰਦੀ ਹੈ: “ਡਾਕਟਰਾਂ ਨੇ ਦੇਖਿਆ ਹੈ ਕਿ ਰੋਬੋਟਾਂ ਦੁਆਰਾ ਸਰਜਰੀ ਕਰਨ ਨਾਲ ਘੱਟ ਖ਼ੂਨ ਵਹਿੰਦਾ ਹੈ ਤੇ ਮਰੀਜ਼ਾਂ ਨੂੰ ਵੀ ਘੱਟ ਤਕਲੀਫ਼ ਹੁੰਦੀ ਹੈ। ਆਮ ਸਰਜਰੀ ਨਾਲੋਂ ਇਸ ਸਰਜਰੀ ਦੇ ਘੱਟ ਖ਼ਤਰੇ ਹਨ ਤੇ ਮਰੀਜ਼ ਛੇਤੀ ਹੀ ਠੀਕ ਹੋ ਕੇ ਘਰ ਚਲੇ ਜਾਂਦੇ ਹਨ।”

ਨੈਨੋਮੈਡੀਸਨ: ਨੈਨੋਤਕਨਾਲੋਜੀ ਦੇ ਜ਼ਰੀਏ ਇਲਾਜ ਕਰਨ ਦੀ ਵਿਧੀ ਨੂੰ ਨੈਨੋਮੈਡੀਸਨ ਕਹਿੰਦੇ ਹਨ। ਨੈਨੋਤਕਨਾਲੋਜੀ ਵਿਗਿਆਨ ਦਾ ਉਹ ਖੇਤਰ ਹੈ ਜਿਸ ਵਿਚ ਅਜਿਹੀਆਂ ਛੋਟੀਆਂ ਚੀਜ਼ਾਂ ਦੀ ਖੋਜ ਅਤੇ ਵਰਤੋਂ ਬਾਰੇ ਅਧਿਐਨ ਕੀਤਾ ਜਾਂਦਾ ਹੈ ਜੋ ਅੱਖਾਂ ਨਾਲ ਵੀ ਨਜ਼ਰ ਨਹੀਂ ਆਉਂਦੀਆਂ। ਇਸ ਤਕਨਾਲੋਜੀ ਵਿਚ ਚੀਜ਼ਾਂ ਨੂੰ ਨੈਨੋਮੀਟਰ ਵਿਚ ਮਾਪਿਆ ਜਾਂਦਾ ਹੈ। ਇਕ ਮੀਟਰ ਦੇ ਖਰਬਵੇਂ ਹਿੱਸੇ ਨੂੰ ਨੈਨੋਮੀਟਰ ਕਹਿੰਦੇ ਹਨ। *

ਨੈਨੋਮੀਟਰ ਕਿੰਨਾ ਕੁ ਛੋਟਾ ਹੈ, ਇਸ ਨੂੰ ਸਮਝਣ ਲਈ ਆਓ ਆਪਾਂ ਕੁਝ ਉਦਾਹਰਣਾਂ ਦੇਖੀਏ। ਇਸ ਰਸਾਲੇ ਦਾ ਸਫ਼ਾ ਲਗਭਗ 1,00,000 ਨੈਨੋਮੀਟਰ ਮੋਟਾ ਹੈ ਅਤੇ ਤੁਹਾਡਾ ਇਕ ਵਾਲ ਤਕਰੀਬਨ 80,000 ਨੈਨੋਮੀਟਰ ਮੋਟਾ ਹੈ। ਲਹੂ ਦੇ ਇਕ ਲਾਲ ਸੈੱਲ ਦੀ ਚੌੜਾਈ ਲਗਭਗ 2,500 ਨੈਨੋਮੀਟਰ ਹੈ। ਇਕ ਬੈਕਟੀਰੀਆ ਕਰੀਬ 1,000 ਨੈਨੋਮੀਟਰ ਅਤੇ ਵਾਇਰਸ ਤਕਰੀਬਨ 100 ਨੈਨੋਮੀਟਰ ਲੰਬਾ ਹੁੰਦਾ ਹੈ। ਤੁਹਾਡੇ ਡੀ. ਐੱਨ. ਏ. ਦੀ ਚੌੜਾਈ ਤਕਰੀਬਨ 2.5 ਨੈਨੋਮੀਟਰ ਹੈ।

ਨੈਨੋਤਕਨਾਲੋਜੀ ਵਿਚ ਵਿਸ਼ਵਾਸ ਕਰਨ ਵਾਲੇ ਮੰਨਦੇ ਹਨ ਕਿ ਜਲਦੀ ਹੀ ਵਿਗਿਆਨੀ ਇੰਨੇ ਛੋਟੇ ਮਸ਼ੀਨੀ ਯੰਤਰ ਬਣਾ ਲੈਣਗੇ ਜੋ ਮਰੀਜ਼ ਦੇ ਸਰੀਰ ਵਿਚ ਜਾ ਕੇ ਉਸ ਦਾ ਇਲਾਜ ਕਰ ਸਕਣਗੇ। ਇਨ੍ਹਾਂ ਛੋਟੇ-ਛੋਟੇ ਰੋਬੋਟਾਂ ਨੂੰ ਨੈਨੋਮਸ਼ੀਨ ਕਿਹਾ ਜਾਂਦਾ ਹੈ। ਇਨ੍ਹਾਂ ਰੋਬੋਟਾਂ ਅੰਦਰ ਕੰਪਿਊਟਰ ਹੋਣਗੇ ਜੋ ਵੱਖ-ਵੱਖ ਕੰਮ ਕਰਨ ਲਈ ਪ੍ਰੋਗ੍ਰਾਮ ਕੀਤੇ ਗਏ ਹੋਣਗੇ। ਇਨ੍ਹਾਂ ਗੁੰਝਲਦਾਰ ਮਸ਼ੀਨਾਂ ਦੇ ਪੁਰਜੇ 100 ਨੈਨੋਮੀਟਰ ਤੋਂ ਵੀ ਛੋਟੇ ਹੋਣਗੇ, ਯਾਨੀ ਲਹੂ ਦੇ ਇਕ ਲਾਲ ਸੈੱਲ ਤੋਂ 25 ਗੁਣਾ ਛੋਟੇ!

ਵਿਗਿਆਨੀਆਂ ਦੀ ਉਮੀਦ ਹੈ ਕਿ ਇਕ ਦਿਨ ਇੰਨੇ ਛੋਟੇ-ਛੋਟੇ ਰੋਬੋਟ ਬਣਾਏ ਜਾਣਗੇ ਜੋ ਲਹੂ-ਨਾੜੀਆਂ ਰਾਹੀਂ ਸਰੀਰ ਦੇ ਕਮਜ਼ੋਰ ਅੰਗਾਂ ਤਕ ਆਕਸੀਜਨ ਪਹੁੰਚਾ ਸਕਣਗੇ। ਇਹ ਬੰਦ ਹੋਈਆਂ ਲਹੂ-ਨਾੜੀਆਂ ਨੂੰ ਖੋਲ੍ਹਣ ਜਾਂ ਦਿਮਾਗ਼ ਦੇ ਸੈੱਲਾਂ ਤੇ ਜੰਮੀ ਪੇਪੜੀ ਨੂੰ ਉਤਾਰਨ ਵਿਚ ਵੀ ਮਦਦਗਾਰ ਹੋਣਗੇ। ਇਸ ਤੋਂ ਇਲਾਵਾ, ਇਹ ਰੋਬੋਟ ਸਰੀਰ ਵਿਚ ਵਾਇਰਸਾਂ ਜਾਂ ਬੈਕਟੀਰੀਆ ਨੂੰ ਲੱਭ ਕੇ ਨਸ਼ਟ ਕਰ ਸਕਣਗੇ। ਨਾਲੇ ਨੈਨੋਮਸ਼ੀਨਾਂ ਦਵਾਈਆਂ ਨੂੰ ਸਿੱਧਾ ਸੈੱਲਾਂ ਤਕ ਪਹੁੰਚਾ ਸਕਣਗੀਆਂ।

ਵਿਗਿਆਨੀਆਂ ਨੂੰ ਵਿਸ਼ਵਾਸ ਹੈ ਕਿ ਨੈਨੋਮੈਡੀਸਨ ਦੀ ਮਦਦ ਨਾਲ ਸਰੀਰ ਵਿਚ ਕੈਂਸਰ ਦਾ ਪਤਾ ਲਗਾਉਣਾ ਕਾਫ਼ੀ ਸੌਖਾ ਹੋ ਜਾਵੇਗਾ। ਡਾਕਟਰੀ ਖੇਤਰ ਦੇ ਇਕ ਵੱਡੇ ਵਿਗਿਆਨੀ ਅਤੇ ਪ੍ਰੋਫ਼ੈਸਰ ਸੈਮੂਏਲ ਵਿਕਲਾਇਨ ਨੇ ਕਿਹਾ: “ਨੈਨੋਮੈਡੀਸਨ ਦੀ ਮਦਦ ਨਾਲ ਕੈਂਸਰ ਦੇ ਸੈੱਲ ਕੈਂਸਰ ਦੇ ਫੈਲਣ ਤੋਂ ਪਹਿਲਾਂ ਲੱਭੇ ਜਾ ਸਕਣਗੇ। ਫਿਰ ਅਸੀਂ ਜ਼ਬਰਦਸਤ ਦਵਾਈਆਂ ਨਾਲ ਸਿੱਧਾ ਇਨ੍ਹਾਂ ਸੈੱਲਾਂ ਤੇ ਵਾਰ ਕਰ ਕੇ ਇਨ੍ਹਾਂ ਨੂੰ ਨਸ਼ਟ ਕਰ ਸਕਾਂਗੇ। ਇਸ ਤਰ੍ਹਾਂ ਮਰੀਜ਼ ਦੇ ਪੂਰੇ ਸਰੀਰ ਤੇ ਦਵਾਈਆਂ ਦਾ ਬੁਰਾ ਅਸਰ ਨਹੀਂ ਪਵੇਗਾ।”

ਭਾਵੇਂ ਨੈਨੋਮੈਡੀਸਨ ਇਸ ਵੇਲੇ ਸਾਨੂੰ ਨਾਮੁਮਕਿਨ ਲੱਗੇ, ਪਰ ਕੁਝ ਵਿਗਿਆਨੀ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। ਇਲਾਜ ਦੀ ਇਸ ਤਕਨੀਕ ਦੇ ਮੁੱਖ ਖੋਜਕਾਰਾਂ ਦਾ ਕਹਿਣਾ ਹੈ ਕਿ ਅਗਲੇ ਦਸਾਂ ਸਾਲਾਂ ਵਿਚ ਨੈਨੋਤਕਨਾਲੋਜੀ ਦੇ ਜ਼ਰੀਏ ਮਨੁੱਖੀ ਸੈੱਲਾਂ ਦੀ ਮੁਰੰਮਤ ਤੇ ਜੋੜ-ਤੋੜ ਕੀਤੀ ਜਾ ਸਕੇਗੀ। ਇਕ ਖੋਜਕਾਰ ਇਹ ਦਾਅਵਾ ਕਰਦਾ ਹੈ: “ਨੈਨੋਮੈਡੀਸਨ ਸਦਕਾ 20ਵੀਂ ਸਦੀ ਦੀਆਂ ਲਗਭਗ ਸਾਰੀਆਂ ਆਮ ਬੀਮਾਰੀਆਂ ਦਾ ਛੇਤੀ ਹੀ ਖ਼ਾਤਮਾ ਕਰ ਦਿੱਤਾ ਜਾਵੇਗਾ, ਮਰੀਜ਼ਾਂ ਨੂੰ ਦਰਦ ਨਹੀਂ ਸਹਿਣਾ ਪਵੇਗਾ ਅਤੇ ਮਨੁੱਖੀ ਸਰੀਰ ਨੂੰ ਚੁਸਤ-ਦਰੁਸਤ ਰੱਖਿਆ ਜਾ ਸਕੇਗਾ।” ਇਸ ਵੇਲੇ ਕੁਝ ਵਿਗਿਆਨੀ ਜਾਨਵਰਾਂ ਉੱਤੇ  ਨੈਨੋਮੈਡੀਸਨ  ਵਰਤ ਕੇ ਕਾਫ਼ੀ ਹੱਦ ਤਕ ਸਫ਼ਲਤਾ ਪਾ ਰਹੇ ਹਨ।

ਜੀਨੌਮਿਕਸ: ਮਨੁੱਖੀ ਜੀਨ ਦੇ ਅਧਿਐਨ ਨੂੰ ਜੀਨੌਮਿਕਸ ਕਹਿੰਦੇ ਹਨ। ਇਨਸਾਨੀ ਸਰੀਰ ਦੇ ਹਰ ਸੈੱਲ ਦੇ ਕਈ ਹਿੱਸੇ ਹੁੰਦੇ ਹਨ ਜੋ ਜੀਵਨ ਲਈ ਜ਼ਰੂਰੀ ਹੁੰਦੇ ਹਨ। ਇਨ੍ਹਾਂ ਵਿੱਚੋਂ ਇਕ ਹੈ ਜੀਨ। ਹਰ ਇਨਸਾਨ ਵਿਚ ਲਗਭਗ 35,000 ਜੀਨ ਹੁੰਦੇ ਹਨ ਜੋ ਉਸ ਦੇ ਰੰਗ-ਰੂਪ ਨੂੰ ਜਨਮ ਤੋਂ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੇ ਹਨ, ਜਿਵੇਂ ਕਿ ਉਸ ਦੇ ਵਾਲ ਘੁੰਗਰਾਲੇ ਹੋਣਗੇ ਜਾਂ ਸਿੱਧੇ, ਚਮੜੀ, ਅੱਖਾਂ ਤੇ ਵਾਲਾਂ ਦਾ ਕੀ ਰੰਗ ਹੋਵੇਗਾ ਤੇ ਉਸ ਦਾ ਕੱਦ ਕਿੰਨਾ ਕੁ ਹੋਵੇਗਾ। ਇਹੋ ਜੀਨ ਨਿਸ਼ਚਿਤ ਕਰਦੇ ਹਨ ਕਿ ਸਾਡੇ ਸਰੀਰ ਦੇ ਅੰਦਰੂਨੀ ਅੰਗ ਕਿੰਨੇ ਤੰਦਰੁਸਤ ਹਨ।

ਜੀਨਾਂ ਵਿਚ ਨੁਕਸ ਪੈਣ ਤੇ ਸਾਡੀ ਸਿਹਤ ਖ਼ਰਾਬ ਹੋ ਜਾਂਦੀ ਹੈ। ਕੁਝ ਡਾਕਟਰੀ ਖੋਜਕਾਰਾਂ ਦਾ ਮੰਨਣਾ ਹੈ ਕਿ ਹਰ ਬੀਮਾਰੀ ਲਈ ਜੀਨਾਂ ਵਿਚ ਪਿਆ ਨੁਕਸ ਹੀ ਜ਼ਿੰਮੇਵਾਰ ਹੈ। ਕਈ ਨੁਕਸਦਾਰ ਜੀਨ ਸਾਨੂੰ ਮਾਪਿਆਂ ਤੋਂ ਵਿਰਸੇ ਵਿਚ ਮਿਲਦੇ ਹਨ। ਜਾਂ ਹੋ ਸਕਦਾ ਹੈ ਕਿ ਵਾਤਾਵਰਣ ਵਿਚ ਫੈਲੇ ਪ੍ਰਦੂਸ਼ਣ ਕਰਕੇ ਸਾਡੇ ਜੀਨਾਂ ਵਿਚ ਨੁਕਸ ਪੈ ਜਾਂਦੇ ਹਨ।

ਵਿਗਿਆਨੀਆਂ ਦੀ ਆਸ ਹੈ ਕਿ ਜਲਦੀ ਹੀ ਉਹ ਇਹ ਪਤਾ ਲਗਾਉਣ ਵਿਚ ਕਾਮਯਾਬ ਹੋ ਜਾਣਗੇ ਕਿ ਕਿਹੜੇ ਜੀਨਾਂ ਕਰਕੇ ਕੋਈ ਬੀਮਾਰੀ ਲੱਗ ਸਕਦੀ ਹੈ। ਇਸ ਜਾਣਕਾਰੀ ਨਾਲ ਉਹ ਇਹ ਸਮਝ ਸਕਣਗੇ ਕਿ ਕੁਝ ਲੋਕਾਂ ਨੂੰ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਕਿਉਂ ਹੁੰਦਾ ਹੈ ਅਤੇ ਕੋਈ ਕੈਂਸਰ ਕੁਝ ਲੋਕਾਂ ਵਿਚ ਜ਼ਿਆਦਾ ਤੇਜ਼ੀ ਨਾਲ ਕਿਉਂ ਫੈਲਦਾ ਹੈ। ਜੀਨਾਂ ਦਾ ਅਧਿਐਨ ਇਸ ਗੱਲ ਤੇ ਵੀ ਰੌਸ਼ਨੀ ਪਾ ਸਕਦਾ ਹੈ ਕਿ ਕੁਝ ਦਵਾਈਆਂ ਕੁਝ ਲੋਕਾਂ ਉੱਤੇ ਅਸਰ ਕਿਉਂ ਕਰਦੀਆਂ ਹਨ, ਪਰ ਹੋਰਨਾਂ ਤੇ ਨਹੀਂ।

ਜੀਨੌਮਿਕਸ ਦੇ ਜ਼ਰੀਏ ਹਰ ਇਨਸਾਨ ਦੇ ਜੀਨਾਂ ਨੂੰ ਧਿਆਨ ਵਿਚ ਰੱਖ ਕੇ ਉਸ ਦਾ ਇਲਾਜ ਕੀਤਾ ਜਾ ਸਕੇਗਾ। ਮਿਸਾਲ ਲਈ, ਜੇ ਤੁਹਾਡੇ ਜੀਨਾਂ ਦੀ ਜਾਂਚ ਕਰਨ ਤੇ ਪਤਾ ਲੱਗਦਾ ਹੈ ਕਿ ਤੁਹਾਨੂੰ ਕੋਈ ਬੀਮਾਰੀ ਲੱਗਣ ਦਾ ਖ਼ਤਰਾ ਹੈ, ਤਾਂ ਡਾਕਟਰ ਬੀਮਾਰੀ ਦੇ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਹੀ ਤੁਹਾਡਾ ਇਲਾਜ ਸ਼ੁਰੂ ਕਰ ਦੇਣਗੇ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇ ਬੀਮਾਰੀ ਅਜੇ ਨਹੀਂ ਲੱਗੀ ਹੈ, ਤਾਂ ਸਹੀ ਖ਼ੁਰਾਕ, ਇਲਾਜ ਅਤੇ ਰਹਿਣ-ਸਹਿਣ ਦੁਆਰਾ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ।

ਤੁਹਾਡੇ ਜੀਨ ਡਾਕਟਰਾਂ ਨੂੰ ਸਾਵਧਾਨ ਵੀ ਕਰ ਸਕਦੇ ਹਨ ਕਿ ਕਿਨ੍ਹਾਂ ਦਵਾਈਆਂ ਦਾ ਤੁਹਾਡੇ ਸਰੀਰ ਉੱਤੇ ਬੁਰਾ ਅਸਰ ਪਵੇਗਾ। ਇਸ ਜਾਣਕਾਰੀ ਸਦਕਾ ਡਾਕਟਰ ਤੁਹਾਨੂੰ ਸਹੀ ਮਾਤਰਾ ਵਿਚ ਸਹੀ ਕਿਸਮ ਦੀ ਦਵਾਈ ਦੇ ਸਕਣਗੇ। ਬੌਸਟਨ ਗਲੋਬ ਅਖ਼ਬਾਰ ਦੀ ਰਿਪੋਰਟ ਦੱਸਦੀ ਹੈ: “ਹਰ ਮਰੀਜ਼ ਦੇ ਜੀਨਾਂ ਦੀ ਬਣਤਰ ਮੁਤਾਬਕ ਉਸ ਦਾ ਇਲਾਜ ਕਰਨ ਦੀ ਇਹ ਤਕਨੀਕ ਸਾਲ 2020 ਤਕ ਸ਼ਾਇਦ ਸਾਡੀਆਂ ਸਾਰੀਆਂ ਆਸਾਂ ਨਾਲੋਂ ਕਿਤੇ ਵੱਧ ਤਰੱਕੀ ਕਰ ਜਾਵੇਗੀ। ਮਰੀਜ਼ਾਂ ਦੀ ਨਿੱਜੀ ਲੋੜ ਮੁਤਾਬਕ ਉਨ੍ਹਾਂ ਲਈ ਦਵਾਈਆਂ ਬਣਾਈਆਂ ਜਾਣਗੀਆਂ। ਇਸ ਤਰ੍ਹਾਂ ਅਸੀਂ ਅੱਜ ਦੀਆਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਾਂਗੇ ਜਿਵੇਂ ਸ਼ੱਕਰ ਰੋਗ, ਦਿਲ ਦੀਆਂ ਬੀਮਾਰੀਆਂ, ਅਲਜ਼ਹਾਏਮੀਰ, ਸ਼ਾਈਜ਼ੋਫਰੀਨੀਆ ਆਦਿ।”

ਉੱਪਰ ਦੱਸੀਆਂ ਤਕਨੀਕਾਂ ਸਿਰਫ਼ ਕੁਝ ਕੁ ਉਦਾਹਰਣਾਂ ਹਨ ਕਿ ਸਾਇੰਸਦਾਨ ਭਵਿੱਖ ਵਿਚ ਕੀ ਕੁਝ ਕਰ ਦਿਖਾਉਣ ਦੀ ਆਸ ਰੱਖਦੇ ਹਨ। ਇਲਾਜ ਦੇ ਖੇਤਰ ਵਿਚ ਦਿਨ-ਬ-ਦਿਨ ਤਰੱਕੀ ਹੋ ਰਹੀ ਹੈ। ਪਰ ਸਾਇੰਸਦਾਨ ਮੰਨਦੇ ਹਨ ਕਿ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਜੇ ਬਹੁਤ ਸਮਾਂ ਲੱਗੇਗਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਅਜੇ ਕਈ ਰੁਕਾਵਟਾਂ ਨੂੰ ਪਾਰ ਕਰਨਾ ਹੈ।

ਪਹਾੜ ਜਿੱਡੀਆਂ ਰੁਕਾਵਟਾਂ

ਬੀਮਾਰੀਆਂ ਦੇ ਖ਼ਾਤਮੇ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਇਨਸਾਨ ਆਪ ਹੈ। ਮਿਸਾਲ ਲਈ, ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਤਾਵਰਣ ਵਿਚ ਇਨਸਾਨਾਂ ਦੀ ਦਖ਼ਲਅੰਦਾਜ਼ੀ ਕਰਕੇ ਕਈ ਨਵੀਆਂ ਖ਼ਤਰਨਾਕ ਬੀਮਾਰੀਆਂ ਨੇ ਜਨਮ ਲਿਆ ਹੈ। ਜੰਗਲੀ ਜੀਵਾਂ ਦੀ ਰਾਖੀ ਕਰਨ ਲਈ ਬਣਾਈ ਗਈ ਇਕ ਸੰਸਥਾ ਦੀ ਪ੍ਰਧਾਨ ਮੈਰੀ ਪਰਲ ਨੇ ਨਿਊਜ਼ਵੀਕ ਰਸਾਲੇ ਨੂੰ ਇਕ ਮੁਲਾਕਾਤ ਵਿਚ ਦੱਸਿਆ: “1975 ਤੋਂ ਲੈ ਕੇ ਹੁਣ ਤਕ 30 ਤੋਂ ਜ਼ਿਆਦਾ ਨਵੀਆਂ ਬੀਮਾਰੀਆਂ ਪੈਦਾ ਹੋਈਆਂ ਹਨ ਜਿਵੇਂ ਏਡਜ਼, ਈਬੋਲਾ, ਲਾਈਮ ਰੋਗ ਅਤੇ ਸਾਰਸ (SARS)। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੀਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਵਿਚ ਆਈਆਂ ਹਨ।”

ਅੱਜ-ਕੱਲ੍ਹ ਲੋਕ ਫਲ-ਸਬਜ਼ੀਆਂ ਦੀ ਬਜਾਇ ਚੀਨੀ, ਲੂਣ ਤੇ ਚਰਬੀ ਜ਼ਿਆਦਾ ਖਾਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਰਹਿਣੀ-ਬਹਿਣੀ ਵਿਚ ਵੀ ਕਾਫ਼ੀ ਫ਼ਰਕ ਆ ਗਿਆ ਹੈ। ਲੋਕ ਘੱਟ ਕਸਰਤ ਕਰਦੇ ਹਨ ਤੇ ਉਨ੍ਹਾਂ ਨੇ ਕਈ ਭੈੜੀਆਂ ਆਦਤਾਂ ਪਾ ਲਈਆਂ ਹਨ। ਸਿੱਟੇ ਵਜੋਂ ਦਿਲ ਦੀਆਂ ਬੀਮਾਰੀਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜ਼ਿਆਦਾ ਸਿਗਰਟਾਂ ਪੀਣ ਕਰਕੇ ਦੁਨੀਆਂ ਭਰ ਵਿਚ ਲੱਖਾਂ ਲੋਕ ਬੀਮਾਰ ਹੋ ਜਾਂਦੇ ਹਨ ਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹਰ ਸਾਲ ਤਕਰੀਬਨ 2 ਕਰੋੜ ਲੋਕ ਸੜਕ ਹਾਦਸਿਆਂ ਵਿਚ ਬੁਰੀ ਤਰ੍ਹਾਂ ਫੱਟੜ ਹੋ ਜਾਂਦੇ ਹਨ ਜਾਂ ਆਪਣੀ ਜਾਨ ਗੁਆ ਬੈਠਦੇ ਹਨ। ਯੁੱਧ ਤੇ ਹੋਰ ਹਿੰਸਕ ਘਟਨਾਵਾਂ ਲੱਖਾਂ ਹੋਰ ਲੋਕਾਂ ਦੀਆਂ ਜਾਨਾਂ ਲੈ ਲੈਂਦੀਆਂ ਹਨ ਜਾਂ ਜ਼ਿੰਦਗੀ ਭਰ ਲਈ ਉਨ੍ਹਾਂ ਨੂੰ ਅਪਾਹਜ ਬਣਾ ਦਿੰਦੀਆਂ ਹਨ। ਜ਼ਿਆਦਾ ਸ਼ਰਾਬ ਪੀਣ ਜਾਂ ਨਸ਼ੇ ਕਰਨ ਕਰਕੇ ਹੋਰ ਲੱਖਾਂ ਲੋਕ ਆਪਣੇ ਆਪ ਨੂੰ ਬੀਮਾਰ ਕਰ ਲੈਂਦੇ ਹਨ।

ਅਸੀਂ ਇਸ ਹਕੀਕਤ ਨੂੰ ਨਹੀਂ ਠੁਕਰਾ ਸਕਦੇ ਕਿ ਭਾਵੇਂ ਅੱਜ ਡਾਕਟਰੀ ਤਕਨਾਲੋਜੀ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਬੀਮਾਰੀਆਂ ਦਾ ਪਲੜਾ ਅਜੇ ਵੀ ਭਾਰੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ‘ਔਸਤਨ 15 ਕਰੋੜ ਲੋਕ ਡਿਪਰੈਸ਼ਨ ਦੀ ਮਾਰ ਸਹਿ ਰਹੇ ਹਨ, ਜਦ ਕਿ ਲਗਭਗ 2 ਕਰੋੜ 50 ਲੱਖ ਲੋਕ ਸ਼ਾਈਜ਼ੋਫਰੀਨੀਆ ਅਤੇ 3 ਕਰੋੜ 80 ਲੱਖ ਲੋਕ ਮਿਰਗੀ ਨਾਲ ਪੀੜਿਤ ਹਨ।’ ਐੱਚ. ਆਈ. ਵੀ./ਏਡਜ਼, ਦਸਤ, ਮਲੇਰੀਆ, ਖਸਰਾ, ਨਮੂਨੀਆ ਅਤੇ ਟੀ. ਬੀ. ਵਰਗੀਆਂ ਬੀਮਾਰੀਆਂ ਲੱਖਾਂ ਲੋਕਾਂ ਤੇ ਆਪਣਾ ਕਹਿਰ ਢਾਹ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਕਰਕੇ ਲੱਖਾਂ ਬੱਚੇ ਤੇ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।

ਬੀਮਾਰੀਆਂ ਦੇ ਮੁਕੰਮਲ ਖ਼ਾਤਮੇ ਦੇ ਰਾਹ ਵਿਚ ਹੋਰ ਵੀ ਕਈ ਪਹਾੜ ਜਿੱਡੀਆਂ ਰੁਕਾਵਟਾਂ ਖੜ੍ਹੀਆਂ ਹਨ। ਦੋ ਵੱਡੀਆਂ ਅੜਚਣਾਂ ਹਨ ਗ਼ਰੀਬੀ ਅਤੇ ਨਿਕੰਮੀ ਸਰਕਾਰ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਹਾਲ ਹੀ ਦੀ ਇਕ ਰਿਪੋਰਟ ਵਿਚ ਕਿਹਾ ਕਿ ਸਰਕਾਰ ਦੀ ਬੁਰੀ ਕਾਰਗੁਜ਼ਾਰੀ ਅਤੇ ਫ਼ੰਡਾਂ ਦੀ ਘਾਟ ਕਰਕੇ ਹੀ ਲੱਖਾਂ ਲੋਕ ਛੂਤ ਦੀਆਂ ਬੀਮਾਰੀਆਂ ਕਰਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।

ਕੀ ਵਿਗਿਆਨਕ ਗਿਆਨ ਅਤੇ ਡਾਕਟਰੀ ਤਕਨਾਲੋਜੀ ਦੀਆਂ ਪ੍ਰਾਪਤੀਆਂ ਇਨ੍ਹਾਂ ਅੜਚਣਾਂ ਨੂੰ ਦੂਰ ਕਰ ਸਕਦੀਆਂ ਹਨ? ਕੀ ਅਸੀਂ ਕਦੇ ਅਜਿਹਾ ਸਮਾਂ ਦੇਖਾਂਗੇ ਜਦੋਂ ਬੀਮਾਰੀਆਂ ਨਹੀਂ ਰਹਿਣਗੀਆਂ? ਉੱਪਰ ਦੱਸੀਆਂ ਗਈਆਂ ਗੱਲਾਂ ਤੋਂ ਇਸ ਸਵਾਲ ਦਾ ਕੋਈ ਪੱਕਾ ਜਵਾਬ ਨਹੀਂ ਮਿਲਦਾ, ਪਰ ਬਾਈਬਲ ਇਸ ਦਾ ਜਵਾਬ ਦਿੰਦੀ ਹੈ। ਆਓ ਆਪਾਂ ਅਗਲੇ ਲੇਖ ਵਿਚ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। (g 1/07)

[ਫੁਟਨੋਟ]

^ ਪੈਰਾ 10 ਬੌਣੇ ਲਈ ਵਰਤੇ ਜਾਂਦੇ ਯੂਨਾਨੀ ਸ਼ਬਦ ਤੋਂ “ਨੈਨੋ” ਸ਼ਬਦ ਬਣਿਆ ਹੈ। ਨੈਨੋ ਦਾ ਮਤਲਬ ਹੈ “ਖਰਬਵਾਂ ਹਿੱਸਾ।”

[ਸਫ਼ਾ 7 ਉੱਤੇ ਡੱਬੀ/ਤਸਵੀਰਾਂ]

ਐਕਸ-ਰੇ ਇਮੇਜਰੀ

ਮਨੁੱਖੀ ਅੰਗਾਂ ਦੀਆਂ ਬਹੁਤ ਹੀ ਸਾਫ਼ ਤਸਵੀਰਾਂ ਖਿੱਚਣ ਕਰਕੇ ਬੀਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਇਆ ਜਾ ਸਕਦਾ ਹੈ

[ਕ੍ਰੈਡਿਟ ਲਾਈਨਾਂ]

© Philips

Siemens AG

ਰੋਬੋਟਾਂ ਦੇ ਜ਼ਰੀਏ ਸਰਜਰੀ

ਸਰਜਰੀ ਦੇ ਵੱਖ-ਵੱਖ ਯੰਤਰਾਂ ਨਾਲ ਲੈਸ ਰੋਬੋਟਾਂ ਦੀ ਮਦਦ ਨਾਲ ਡਾਕਟਰ ਮੁਸ਼ਕਲ ਤੋਂ ਮੁਸ਼ਕਲ ਓਪਰੇਸ਼ਨ ਵੀ ਨਿਪੁੰਨਤਾ ਨਾਲ ਕਰ ਸਕਦੇ ਹਨ

[ਕ੍ਰੈਡਿਟ ਲਾਈਨ]

© 2006 Intuitive Surgical, Inc.

ਜੀਨੌਮਿਕਸ

ਸਾਇੰਸਦਾਨਾਂ ਦੀ ਉਮੀਦ ਹੈ ਕਿ ਜਲਦੀ ਹੀ ਹਰ ਮਰੀਜ਼ ਦੇ ਜੀਨ ਦੀ ਬਣਤਰ ਦਾ ਅਧਿਐਨ ਕਰ ਕੇ ਬੀਮਾਰੀ ਦੇ ਲੱਛਣ ਉਭਰਨ ਤੋਂ ਪਹਿਲਾਂ ਹੀ ਇਸ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ

[ਕ੍ਰੈਡਿਟ ਲਾਈਨਾਂ]

ਕਲਾਕਾਰ: Vik Olliver (vik@diamondage.co.nz)/ਡੀਜ਼ਾਈਨਰ: Robert Freitas

ਨੈਨੋਮੈਡੀਸਨ

ਮਨੁੱਖਾਂ ਦੁਆਰਾ ਬਣਾਈਆਂ ਗਈਆਂ ਛੋਟੀਆਂ-ਛੋਟੀਆਂ ਮਸ਼ੀਨਾਂ ਦੀ ਮਦਦ ਨਾਲ ਡਾਕਟਰ ਮਰੀਜ਼ ਦੇ ਸਰੀਰ ਵਿਚਲੇ ਬੀਮਾਰ ਸੈੱਲਾਂ ਦਾ ਇਲਾਜ ਕਰ ਸਕਣਗੇ। ਇਕ ਚਿੱਤਰਕਾਰ ਨੇ ਆਪਣੀ ਕਲਪਨਾ ਅਨੁਸਾਰ ਇਕ ਨੈਨੋਮਸ਼ੀਨ ਦੀ ਤਸਵੀਰ ਬਣਾਈ ਹੈ ਜੋ ਲਹੂ ਦੇ ਸੈੱਲ ਵਾਂਗ ਕੰਮ ਕਰ ਸਕੇਗੀ

[ਕ੍ਰੈਡਿਟ ਲਾਈਨ]

ਕ੍ਰੋਮੋਸੋਮਜ਼: © Phanie/Photo Researchers, Inc.

[ਸਫ਼ਾ 8, 9 ਉੱਤੇ ਡੱਬੀ]

ਛੇ ਬੀਮਾਰੀਆਂ ਅਜੇ ਵੀ ਪੈਰ ਪਸਾਰੀ ਬੈਠੀਆਂ ਹਨ

ਇਲਾਜ ਦੇ ਖੇਤਰ ਅਤੇ ਡਾਕਟਰੀ ਤਕਨੀਕਾਂ ਵਿਚ ਦਿਨ-ਬ-ਦਿਨ ਤਰੱਕੀ ਹੋ ਰਹੀ ਹੈ। ਪਰ ਫਿਰ ਵੀ ਛੂਤ ਦੀਆਂ ਬੀਮਾਰੀਆਂ ਇਨਸਾਨਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਨ। ਹੇਠਾਂ ਕੁਝ ਘਾਤਕ ਬੀਮਾਰੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ਉੱਤੇ ਇਨਸਾਨ ਅਜੇ ਵੀ ਕਾਬੂ ਨਹੀਂ ਪਾ ਸਕਿਆ।

ਐੱਚ. ਆਈ. ਵੀ./ਏਡਜ਼

ਲਗਭਗ 6 ਕਰੋੜ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ ਅਤੇ ਹੁਣ ਤਕ ਤਕਰੀਬਨ 2 ਕਰੋੜ ਲੋਕ ਏਡਜ਼ ਕਰਕੇ ਮਰ ਚੁੱਕੇ ਹਨ। ਸਾਲ 2005 ਵਿਚ 50 ਲੱਖ ਹੋਰ ਲੋਕ ਇਸ ਛੂਤ ਦੀ ਲਪੇਟ ਵਿਚ ਆ ਗਏ ਸਨ ਅਤੇ ਏਡਜ਼ ਨੇ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਵਿਚ 5 ਲੱਖ ਤੋਂ ਜ਼ਿਆਦਾ ਬੱਚੇ ਸਨ। ਐੱਚ. ਆਈ. ਵੀ. ਨਾਲ ਪੀੜਿਤ ਜ਼ਿਆਦਾਤਰ ਲੋਕਾਂ ਨੂੰ ਦਵਾਈ ਉਪਲਬਧ ਨਹੀਂ ਹੈ।

ਦਸਤ

ਇਸ ਨੂੰ ਗ਼ਰੀਬਾਂ ਦਾ ਵੱਡਾ ਕਾਤਲ ਕਿਹਾ ਜਾਂਦਾ ਹੈ। ਹਰ ਸਾਲ ਕਰੀਬ 4 ਅਰਬ ਲੋਕਾਂ ਨੂੰ ਦਸਤ ਲੱਗਦੇ ਹਨ। ਇਸ ਦਾ ਕਾਰਨ ਕਈ ਪ੍ਰਕਾਰ ਦੀਆਂ ਛੂਤ ਦੀਆਂ ਬੀਮਾਰੀਆਂ ਹੁੰਦੀਆਂ ਹਨ ਜੋ ਗੰਦੇ ਪਾਣੀ ਅਤੇ ਭੋਜਨ ਕਰਕੇ ਜਾਂ ਗੰਦੇ ਹੱਥਾਂ ਨਾਲ ਖਾਣਾ ਬਣਾਉਣ ਤੇ ਖਾਣ ਨਾਲ ਫੈਲਦੀਆਂ ਹਨ। ਹਰ ਸਾਲ 20 ਲੱਖ ਤੋਂ ਜ਼ਿਆਦਾ ਲੋਕ ਦਸਤ ਲੱਗਣ ਕਰਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।

ਮਲੇਰੀਆ

ਹਰ ਸਾਲ ਲਗਭਗ 30 ਕਰੋੜ ਲੋਕਾਂ ਨੂੰ ਮਲੇਰੀਆ ਹੁੰਦਾ ਹੈ। ਇਹ ਬੀਮਾਰੀ ਸਾਲ ਵਿਚ ਤਕਰੀਬਨ 10 ਲੱਖ ਜਾਨਾਂ ਲੈ ਲੈਂਦੀ ਹੈ ਜਿਨ੍ਹਾਂ ਵਿਚ ਬਹੁਤ ਸਾਰੇ ਬੱਚੇ ਹੁੰਦੇ ਹਨ। ਅਫ਼ਰੀਕਾ ਵਿਚ ਮਲੇਰੀਆ ਲਗਭਗ ਹਰ 30 ਸਕਿੰਟਾਂ ਵਿਚ ਇਕ ਬੱਚੇ ਨੂੰ ਨਿਗਲ ਲੈਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ “ਮਲੇਰੀਏ ਨੂੰ ਖ਼ਤਮ ਕਰਨ ਲਈ ਸਾਇੰਸ ਅਜੇ ਵੀ ਕੋਈ ਜਾਦੂਈ ਦਵਾਈ ਨਹੀਂ ਖੋਜ ਸਕੀ। ਕਈ ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਬੀਮਾਰੀ ਨੂੰ ਖ਼ਤਮ ਕਰਨ ਦਾ ਕੋਈ ਇਕ ਆਸਾਨ ਤਰੀਕਾ ਨਹੀਂ ਹੈ।”

ਖਸਰਾ

ਇਸ ਬੀਮਾਰੀ ਨੇ ਸਾਲ 2003 ਵਿਚ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ। ਖਸਰਾ ਬਹੁਤ ਹੀ ਛੇਤੀ ਫੈਲਣ ਵਾਲੀ ਬੀਮਾਰੀ ਹੈ ਜੋ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਹੈ। ਹਰ ਸਾਲ ਤਕਰੀਬਨ 3 ਕਰੋੜ ਲੋਕਾਂ ਨੂੰ ਖਸਰਾ ਹੁੰਦਾ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਖਸਰੇ ਦਾ ਸਸਤਾ ਤੇ ਅਸਰਕਾਰੀ ਟੀਕਾ ਪਿਛਲੇ 40 ਸਾਲਾਂ ਤੋਂ ਉਪਲਬਧ ਹੈ।

ਨਮੂਨੀਆ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਛੂਤ ਦੀਆਂ ਹੋਰ ਬੀਮਾਰੀਆਂ ਦੀ ਤੁਲਨਾ ਵਿਚ ਜ਼ਿਆਦਾ ਬੱਚੇ ਨਮੂਨੀਆ ਹੋਣ ਕਰਕੇ ਮਰਦੇ ਹਨ। ਪੰਜ ਸਾਲ ਤੋਂ ਛੋਟੇ ਤਕਰੀਬਨ 20 ਲੱਖ ਬੱਚੇ ਹਰ ਸਾਲ ਨਮੂਨੀਆ ਹੋਣ ਕਾਰਨ ਮਰਦੇ ਹਨ। ਜ਼ਿਆਦਾਤਰ ਮੌਤਾਂ ਅਫ਼ਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਹੁੰਦੀਆਂ ਹਨ। ਦੁਨੀਆਂ ਦੇ ਕਈ ਹਿੱਸਿਆਂ ਵਿਚ ਡਾਕਟਰੀ ਸਹੂਲਤਾਂ ਉਪਲਬਧ ਨਾ ਹੋਣ ਕਰਕੇ ਮਰੀਜ਼ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ।

ਟੀ. ਬੀ.

ਸਾਲ 2003 ਦੌਰਾਨ ਟੀ. ਬੀ. ਨੇ 17,00,000 ਤੋਂ ਜ਼ਿਆਦਾ ਲੋਕਾਂ ਦੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਹੁਣ ਟੀ. ਬੀ. ਦੇ ਅਜਿਹੇ ਜੀਵਾਣੂ ਉੱਭਰ ਕੇ ਸਾਮ੍ਹਣੇ ਆ ਰਹੇ ਹਨ ਜਿਨ੍ਹਾਂ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ। ਇਹ ਗੱਲ ਸਿਹਤ ਅਧਿਕਾਰੀਆਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਈ ਹੈ। ਕਈ ਜੀਵਾਣੂ ਤਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੇ, ਸਗੋਂ ਹਰ ਟੀ. ਬੀ. ਵਿਰੋਧੀ ਦਵਾਈ ਦੇ ਆਦੀ ਹੋ ਗਏ ਹਨ। ਇਨ੍ਹਾਂ ਜੀਵਾਣੂਆਂ ਦੇ ਵਧਣ-ਫੁੱਲਣ ਦਾ ਮੁੱਖ ਕਾਰਨ ਹੈ ਕਿ ਮਰੀਜ਼ ਦਵਾਈ ਲੈਣ ਵਿਚ ਲਾਪਰਵਾਹੀ ਵਰਤਦਾ ਹੈ ਜਾਂ ਸਮੇਂ ਤੋਂ ਪਹਿਲਾਂ ਹੀ ਦਵਾਈ ਲੈਣੀ ਛੱਡ ਦਿੰਦਾ ਹੈ।

[ਸਫ਼ਾ 9 ਉੱਤੇ ਡੱਬੀ/ਤਸਵੀਰ]

ਗ਼ੈਰ-ਰਵਾਇਤੀ ਇਲਾਜ

ਦੁਨੀਆਂ ਵਿਚ ਅੱਜ ਕਈ ਡਾਕਟਰ ਹਨ ਜੋ ਗ਼ੈਰ-ਰਵਾਇਤੀ ਤਰੀਕੇ ਨਾਲ ਇਲਾਜ ਕਰਦੇ ਹਨ। ਗ਼ਰੀਬ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਦੇਸੀ ਦਵਾਈਆਂ ਨਾਲ ਇਲਾਜ ਕਰਾਉਂਦੇ ਹਨ ਕਿਉਂਕਿ ਉਨ੍ਹਾਂ ਵਿਚ ਦੂਜੀਆਂ ਦਵਾਈਆਂ ਅਤੇ ਇਲਾਜ ਦਾ ਖ਼ਰਚਾ ਕੱਢਣ ਦੀ ਸਮਰਥਾ ਨਹੀਂ ਹੁੰਦੀ। ਪਰ ਕਈ ਲੋਕ ਪੈਸੇ ਪੱਖੋਂ ਮਜਬੂਰ ਨਾ ਹੋ ਕੇ ਵੀ ਦੇਸੀ ਦਵਾਈਆਂ ਨੂੰ ਪਸੰਦ ਕਰਦੇ ਹਨ।

ਅਮੀਰ ਦੇਸ਼ਾਂ ਵਿਚ ਵੀ ਐਕਿਊਪੰਕਚਰ, ਕਾਇਰੋਪ੍ਰੈਕਟਿਕ, ਹੋਮਿਓਪਥੀ, ਨੇਚਰੌਪਥੀ ਅਤੇ ਇਲਾਜ ਵਿਚ ਜੜੀ-ਬੂਟੀਆਂ ਦੀ ਵਰਤੋਂ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ। ਸਾਇੰਸਦਾਨਾਂ ਨੇ ਇਨ੍ਹਾਂ ਵਿੱਚੋਂ ਕਈਆਂ ਦਾ ਅਧਿਐਨ ਕਰ ਕੇ ਪਤਾ ਲਗਾਇਆ ਹੈ ਕਿ ਇਹ ਕੁਝ ਬੀਮਾਰੀਆਂ ਲਈ ਲਾਹੇਵੰਦ ਹਨ। ਪਰ ਹੋਰਨਾਂ ਵਿਧੀਆਂ ਦੇ ਫ਼ਾਇਦਿਆਂ ਨੂੰ ਸਾਬਤ ਨਹੀਂ ਕੀਤਾ ਗਿਆ ਹੈ। ਸੋ ਡਾਕਟਰੀ ਸਲਾਹ ਭਾਲਣ ਵੇਲੇ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਜਿਨ੍ਹਾਂ ਦੇਸ਼ਾਂ ਵਿਚ ਗ਼ੈਰ-ਰਵਾਇਤੀ ਇਲਾਜ ਸੰਬੰਧੀ ਕਾਨੂੰਨ ਨਹੀਂ ਬਣਾਏ ਗਏ ਹਨ, ਉਨ੍ਹਾਂ ਦੇਸ਼ਾਂ ਵਿਚ ਅਕਸਰ ਨਕਲੀ ਦਵਾਈਆਂ ਅਤੇ ਨੀਮ-ਹਕੀਮਾਂ ਦਾ ਬੋਲਬਾਲਾ ਹੁੰਦਾ ਹੈ। ਜਾਂ ਹੋ ਸਕਦਾ ਹੈ ਕਿ ਲੋਕ ਦੇਸੀ ਦਵਾਈਆਂ ਨਾਲ ਆਪਣਾ ਦਵਾ-ਦਾਰੂ ਆਪੇ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਹੁਤੀ ਡਾਕਟਰੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਅਕਸਰ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਦੂਸਰਿਆਂ ਦੀ ਮਦਦ ਕਰਨ ਦੇ ਉਦੇਸ਼ ਨਾਲ ਕੋਈ ਦਵਾਈ ਲੈਣ ਦਾ ਮਸ਼ਵਰਾ ਦਿੰਦੇ ਹਨ। ਇਹ ਸਭ ਬਹੁਤ ਖ਼ਤਰਨਾਕ ਹੈ ਕਿਉਂਕਿ ਇਸ ਨਾਲ ਸਿਹਤ ਸੁਧਰਨ ਦੀ ਬਜਾਇ ਹੋਰ ਵਿਗੜ ਸਕਦੀ ਹੈ।

ਕਈ ਦੇਸ਼ਾਂ ਵਿਚ ਗ਼ੈਰ-ਰਵਾਇਤੀ ਇਲਾਜ ਨੂੰ ਕਾਨੂੰਨੀ ਮਾਨਤਾ ਹਾਸਲ ਹੈ ਅਤੇ ਕਈ ਡਾਕਟਰ ਮਰੀਜ਼ਾਂ ਨੂੰ ਇਸ ਤਰ੍ਹਾਂ ਦੇ ਇਲਾਜ ਕਰਾਉਣ ਦੀ ਵੀ ਸਲਾਹ ਦਿੰਦੇ ਹਨ। ਪਰ ਇਲਾਜ ਦੀਆਂ ਇਨ੍ਹਾਂ ਸਾਰੀਆਂ ਵਿਧੀਆਂ ਦੇ ਬਾਵਜੂਦ ਬੀਮਾਰੀਆਂ ਦੇ ਖ਼ਾਤਮੇ ਦੀ ਕੋਈ ਆਸ਼ਾ ਨਜ਼ਰ ਨਹੀਂ ਆਉਂਦੀ।