ਨਿਮਰਤਾ—ਕਮਜ਼ੋਰੀ ਜਾਂ ਖੂਬੀ
ਬਾਈਬਲ ਦਾ ਦ੍ਰਿਸ਼ਟੀਕੋਣ
ਨਿਮਰਤਾ—ਕਮਜ਼ੋਰੀ ਜਾਂ ਖੂਬੀ
ਅੱਜ-ਕੱਲ੍ਹ ਦੁਨੀਆਂ ਘਮੰਡੀ ਤੇ ਹੈਂਕੜਬਾਜ਼ ਲੋਕਾਂ ਦੀ ਨਕਲ ਕਰਦੀ ਹੈ। ਨਿਮਰ ਲੋਕਾਂ ਨੂੰ ਆਮ ਤੋਰ ਤੇ ਕਮਜ਼ੋਰ, ਡਰਪੋਕ ਤੇ ਜੀ-ਹਜ਼ੂਰੀਏ ਮੰਨਿਆ ਜਾਂਦਾ ਹੈ। ਪਰ ਕੀ ਸੱਚੀ ਨਿਮਰਤਾ ਕਮਜ਼ੋਰੀ ਹੈ? ਤੇ ਕੀ ਘਮੰਡ ਸੱਚ-ਮੁੱਚ ਇਕ ਖੂਬੀ ਹੈ? ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?
ਇਹ ਗੱਲ ਠੀਕ ਹੈ ਕਿ ਬਾਈਬਲ ਵਿਚ ਲਿਖੀਆਂ ਕਈ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਹਰ ਪ੍ਰਕਾਰ ਦਾ ਘਮੰਡ ਜਾਂ ਅਭਿਮਾਨ ਗ਼ਲਤ ਨਹੀਂ ਹੈ। ਮਿਸਾਲ ਲਈ, ਮਸੀਹੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ ਤੇ ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ। (ਯਿਰਮਿਯਾਹ 9:24; 2 ਥੱਸਲੁਨੀਕੀਆਂ 1:3, 4) ਮਾਪੇ ਆਪਣੇ ਬੱਚਿਆਂ ਤੇ ਮਾਣ ਕਰਦੇ ਹਨ ਜਦੋਂ ਉਹ ਮਸੀਹੀ ਚਾਲ-ਚਲਣ ਰੱਖ ਕੇ ਦ੍ਰਿੜ੍ਹਤਾ ਨਾਲ ਸੱਚਾਈ ਉੱਤੇ ਚੱਲਦੇ ਹਨ। (ਕਹਾਉਤਾਂ 27:11) ਪਰ ਘਮੰਡ ਆਮ ਤੌਰ ਤੇ ਨੁਕਸਾਨਦੇਹ ਹੁੰਦਾ ਹੈ।
ਘਮੰਡ ਤੇ ਨਿਮਰਤਾ
ਘਮੰਡੀ ਜਾਂ ਹੰਕਾਰੀ ਇਨਸਾਨ ਨੂੰ ਆਪਣੀ ਸੁੰਦਰਤਾ, ਨਸਲ, ਉੱਚੀ ਪਦਵੀ, ਯੋਗਤਾ ਜਾਂ ਧਨ-ਦੌਲਤ ਤੇ ਬਹੁਤ ਗ਼ੁਮਾਨ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਹਰ ਤਰ੍ਹਾਂ ਬਿਹਤਰ ਸਮਝਦਾ ਹੈ। (ਯਾਕੂਬ 4:13-16) ਬਾਈਬਲ ਵਿਚ “ਘਮੰਡੀ” ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ। (2 ਤਿਮੋਥਿਉਸ 3:4) ਇੱਦਾਂ ਦੇ ਲੋਕ ਐਵੇਂ ਦੂਜਿਆਂ ਸਾਮ੍ਹਣੇ ਆਕੜ-ਆਕੜ ਕੇ ਤੁਰਦੇ ਹਨ।
ਦੂਜੇ ਪਾਸੇ, ਨਿਮਰ ਲੋਕ ਆਪਣੇ ਆਪ ਨੂੰ ਸਹੀ ਨਜ਼ਰੀਏ ਨਾਲ ਦੇਖਦੇ ਹਨ। ਉਹ ਆਪਣੀਆਂ ਕਮਜ਼ੋਰੀਆਂ ਜਾਣਦੇ ਹਨ ਤੇ ਆਪਣੇ ਆਪ ਨੂੰ ਰੱਬ ਦੇ ਸਾਮ੍ਹਣੇ ਨੀਵਾਂ ਸਮਝਦੇ ਹਨ। (1 ਪਤਰਸ 5:6) ਇਸ ਤੋਂ ਇਲਾਵਾ, ਉਹ ਦੂਸਰਿਆਂ ਵਿਚ ਵਧੀਆ ਗੁਣ ਦੇਖ ਕੇ ਖ਼ੁਸ਼ ਹੁੰਦੇ ਹਨ। (ਫ਼ਿਲਿੱਪੀਆਂ 2:3) ਇਸ ਤਰ੍ਹਾਂ ਉਹ ਈਰਖਾ ਵਿਚ ਸੜਦੇ ਨਹੀਂ ਰਹਿੰਦੇ। (ਗਲਾਤੀਆਂ 5:26) ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਦਿਲੋਂ ਨਿਮਰ ਬਣਨ ਨਾਲ ਸਾਡਾ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਦਾ ਹੈ ਤੇ ਅਸੀਂ ਖ਼ੁਸ਼ ਹੋ ਕੇ ਜ਼ਿੰਦਗੀ ਜੀ ਸਕਦੇ ਹਾਂ।
ਯਿਸੂ ਦੀ ਮਿਸਾਲ ਉੱਤੇ ਗੌਰ ਕਰੋ। ਧਰਤੀ ਉੱਤੇ ਆਉਣ ਤੋਂ ਪਹਿਲਾਂ ਉਹ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਸੀ। ਜਦੋਂ ਉਹ ਧਰਤੀ ਉੱਤੇ ਸੀ, ਉਹ ਮੁਕੰਮਲ ਇਨਸਾਨ ਸੀ ਯਾਨੀ ਉਸ ਵਿਚ ਕੋਈ ਪਾਪ ਨਹੀਂ ਸੀ। (ਯੂਹੰਨਾ 17:5; 1 ਪਤਰਸ 2:21, 22) ਉਸ ਦੀ ਯੋਗਤਾ, ਬੁੱਧ ਤੇ ਗਿਆਨ ਬੇਮਿਸਾਲ ਸਨ। ਪਰ ਉਸ ਨੇ ਕਦੇ ਵੀ ਆਪਣੀਆਂ ਕਾਬਲੀਅਤਾਂ ਬਾਰੇ ਸ਼ੇਖ਼ੀਆਂ ਨਹੀਂ ਮਾਰੀਆਂ ਸਗੋਂ ਹਮੇਸ਼ਾ ਨਿਮਰ ਰਿਹਾ। (ਫ਼ਿਲਿੱਪੀਆਂ 2:6) ਇਕ ਵਾਰ ਉਸ ਨੇ ਆਪਣੇ ਰਸੂਲਾਂ ਦੇ ਪੈਰ ਵੀ ਧੋਤੇ। ਉਹ ਨਿਆਣਿਆਂ ਨਾਲ ਵੀ ਬਹੁਤ ਪਿਆਰ ਕਰਦਾ ਸੀ। (ਲੂਕਾ 18:15, 16; ਯੂਹੰਨਾ 13:4, 5) ਇਕ ਮੌਕੇ ਤੇ ਯਿਸੂ ਨੇ ਇਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਆਪਣੇ ਚੇਲਿਆਂ ਨੂੰ ਕਿਹਾ: “ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।” (ਮੱਤੀ 18:2-4) ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਯਿਸੂ ਤੇ ਉਸ ਦੇ ਪਿਤਾ ਦੀਆਂ ਨਜ਼ਰਾਂ ਵਿਚ ਘਮੰਡੀ ਇਨਸਾਨ ਵੱਡਾ ਨਹੀਂ ਹੈ, ਸਗੋਂ ਨਿਮਰ ਇਨਸਾਨ ਵੱਡਾ ਹੈ।—ਯਾਕੂਬ 4:10.
ਨਿਮਰਤਾ ਇਕ ਖੂਬੀ ਹੈ
ਭਾਵੇਂ ਯਿਸੂ ਨਿਮਰ ਇਨਸਾਨ ਸੀ, ਉਹ ਡਰਪੋਕ ਜਾਂ ਕਮਜ਼ੋਰ ਨਹੀਂ ਸੀ। ਉਹ ਦਲੇਰੀ ਨਾਲ ਸੱਚੀਆਂ-ਸੱਚੀਆਂ ਗੱਲਾਂ ਕਹਿੰਦਾ ਸੀ ਕਿਉਂਕਿ ਉਹ ਕਿਸੇ ਇਨਸਾਨ ਤੋਂ ਨਹੀਂ ਸੀ ਡਰਦਾ। (ਮੱਤੀ 23:1-33; ਯੂਹੰਨਾ 8:13, 44-47; 19:10, 11) ਇਸ ਕਰਕੇ ਉਸ ਦੇ ਕੁਝ ਦੁਸ਼ਮਣ ਵੀ ਇਸ ਗੱਲੋਂ ਉਸ ਦੀ ਇੱਜ਼ਤ ਕਰਦੇ ਸਨ। (ਮਰਕੁਸ 12:13, 17; 15:5) ਪਰ ਯਿਸੂ ਕਦੇ ਵੀ ਦੂਸਰਿਆਂ ਉੱਤੇ ਰੋਅਬ ਨਹੀਂ ਪਾਉਂਦਾ ਸੀ। ਇਸ ਦੀ ਬਜਾਇ, ਉਹ ਆਪਣੇ ਪਿਆਰ ਤੇ ਨਿੱਘੇ
ਸੁਭਾਅ ਨਾਲ ਲੋਕਾਂ ਦੇ ਦਿਲ ਜਿੱਤ ਲੈਂਦਾ ਸੀ। ਜੇ ਉਹ ਘਮੰਡੀ ਹੁੰਦਾ, ਤਾਂ ਲੋਕਾਂ ਨੇ ਉਸ ਕੋਲ ਨਹੀਂ ਆਉਣਾ ਸੀ। (ਮੱਤੀ 11:28-30; ਯੂਹੰਨਾ 13:1; 2 ਕੁਰਿੰਥੀਆਂ 5:14, 15) ਅੱਜ ਵੀ ਲੱਖਾਂ ਹੀ ਲੋਕ ਆਪਣੇ ਆਪ ਨੂੰ ਮਸੀਹ ਦੇ ਅਧੀਨ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਦਿਲਾਂ ਵਿਚ ਉਸ ਲਈ ਸੱਚਾ ਪਿਆਰ ਤੇ ਆਦਰ ਹੈ।—ਪਰਕਾਸ਼ ਦੀ ਪੋਥੀ 7:9, 10.
ਬਾਈਬਲ ਨਿਮਰ ਬਣਨ ਲਈ ਉਤਸ਼ਾਹਿਤ ਕਰਦੀ ਹੈ ਕਿਉਂਕਿ ਮਨ ਦੇ ਹਲੀਮ ਲੋਕ ਝੱਟ ਪਰਮੇਸ਼ੁਰ ਦੀ ਸਿੱਖਿਆ ਨੂੰ ਮੰਨ ਲੈਂਦੇ ਹਨ ਤੇ ਉਨ੍ਹਾਂ ਨੂੰ ਸਿੱਖਿਆ ਦੇਣ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ। (ਲੂਕਾ 10:21; ਕੁਲੁੱਸੀਆਂ 3:10, 12) ਪਹਿਲੀ ਸਦੀ ਦੇ ਬਹੁਤ ਵਧੀਆ ਮਸੀਹੀ ਸਿੱਖਿਅਕ ਅਪੁੱਲੋਸ ਵਾਂਗ ਨਿਮਰ ਲੋਕ ਸਹੀ ਤੇ ਨਵੀਂ ਜਾਣਕਾਰੀ ਮਿਲਣ ਤੇ ਆਪਣੇ ਵਿਚਾਰ ਬਦਲ ਲੈਂਦੇ ਹਨ। (ਰਸੂਲਾਂ ਦੇ ਕਰਤੱਬ 18:24-26) ਉਹ ਸਵਾਲ ਪੁੱਛਣ ਤੋਂ ਵੀ ਨਹੀਂ ਘਬਰਾਉਂਦੇ, ਜਦ ਕਿ ਹੰਕਾਰੀ ਬੰਦੇ ਅਕਸਰ ਕੁਝ ਵੀ ਨਹੀਂ ਪੁੱਛਦੇ ਕਿਉਂਕਿ ਉਨ੍ਹਾਂ ਨੂੰ ਆਪਣੀ ਅਗਿਆਨਤਾ ਦੇ ਪਤਾ ਲੱਗ ਜਾਣ ਦਾ ਡਰ ਹੁੰਦਾ ਹੈ।
ਪਹਿਲੀ ਸਦੀ ਵਿਚ ਇਕ ਇਥੋਪੀਆਈ ਅਫ਼ਸਰ ਦੀ ਮਿਸਾਲ ਉੱਤੇ ਗੌਰ ਕਰੋ ਜੋ ਬਾਈਬਲ ਦੀਆਂ ਕੁਝ ਆਇਤਾਂ ਸਮਝ ਨਹੀਂ ਪਾ ਰਿਹਾ ਸੀ। ਫ਼ਿਲਿੱਪੁਸ ਨਾਂ ਦੇ ਮਸੀਹੀ ਚੇਲੇ ਨੇ ਉਸ ਨੂੰ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਉਸ ਬੰਦੇ ਨੇ ਉੱਤਰ ਦਿੱਤਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਭਾਵੇਂ ਆਪਣੇ ਦੇਸ਼ ਵਿਚ ਉਹ ਬੰਦਾ ਵੱਡਾ ਅਫ਼ਸਰ ਸੀ, ਪਰ ਉਹ ਮਨ ਦਾ ਕਿੰਨਾ ਨਿਮਰ ਸੀ! ਉਸ ਨੂੰ ਆਪਣੇ ਨਿਮਰ ਮਨ ਸਦਕਾ ਬਾਈਬਲ ਦਾ ਗਿਆਨ ਹਾਸਲ ਹੋਇਆ।—ਰਸੂਲਾਂ ਦੇ ਕਰਤੱਬ 8:26-38.
ਉਸ ਇਥੋਪੀਆਈ ਅਫ਼ਸਰ ਅਤੇ ਉਨ੍ਹਾਂ ਯਹੂਦੀ ਗ੍ਰੰਥੀਆਂ ਤੇ ਫ਼ਰੀਸੀਆਂ ਵਿਚ ਕਿੰਨਾ ਫ਼ਰਕ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਚਨ ਦੇ ਗਿਆਨੀ ਸਮਝਦੇ ਸਨ। (ਮੱਤੀ 23:5-7) ਉਨ੍ਹਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਦੀ ਗੱਲ ਸੁਣਨ ਦੀ ਬਜਾਇ, ਉਨ੍ਹਾਂ ਨੂੰ ਤਿਰਸਕਾਰਿਆ ਤੇ ਉਨ੍ਹਾਂ ਦੀ ਨੁਕਤਾਚੀਨੀ ਕੀਤੀ। ਆਪਣੇ ਹੰਕਾਰ ਕਰਕੇ ਉਹ ਪਰਮੇਸ਼ੁਰ ਦੀ ਇੱਛਾ ਤੇ ਮਕਸਦਾਂ ਬਾਰੇ ਅਣਜਾਣ ਹੀ ਰਹੇ।—ਯੂਹੰਨਾ 7:32, 47-49; ਰਸੂਲਾਂ ਦੇ ਕਰਤੱਬ 5:29-33.
ਕੀ ਤੁਸੀਂ ਨਰਮ ਮਿੱਟੀ ਹੋ ਜਾਂ ਸਖ਼ਤ ਮਿੱਟੀ?
ਬਾਈਬਲ ਯਹੋਵਾਹ ਨੂੰ ਘੁਮਿਆਰ ਅਤੇ ਸਾਨੂੰ ਚਿਕਣੀ ਮਿੱਟੀ ਨਾਲ ਦਰਸਾਉਂਦੀ ਹੀ। (ਯਸਾਯਾਹ 64:8) ਨਿਮਰ ਇਨਸਾਨ ਪਰਮੇਸ਼ੁਰ ਦੇ ਹੱਥਾਂ ਵਿਚ ਨਰਮ ਮਿੱਟੀ ਵਾਂਗ ਹੁੰਦਾ ਹੈ ਜਿਸ ਨੂੰ ਉਹ ਮਨਭਾਉਂਦੇ ਭਾਂਡੇ ਵਿਚ ਬਦਲ ਸਕਦਾ ਹੈ। ਇਸ ਦੇ ਉਲਟ, ਹੰਕਾਰੀ ਇਨਸਾਨ ਸਖ਼ਤ ਚਿਕਣੀ ਮਿੱਟੀ ਜਿਹੇ ਹੁੰਦੇ ਹਨ ਜਿਸ ਤੋਂ ਕੁਝ ਨਹੀਂ ਬਣਾਇਆ ਜਾ ਸਕਦਾ। ਇਹ ਬਸ ਸੁੱਟੇ ਜਾਣ ਦੇ ਲਾਇਕ ਹੁੰਦੀ ਹੈ। ਪ੍ਰਾਚੀਨ ਮਿਸਰ ਦਾ ਹੰਕਾਰੀ ਫ਼ਿਰਊਨ ਸਖ਼ਤ ਮਿੱਟੀ ਵਾਂਗ ਸਾਬਤ ਹੋਇਆ। ਉਸ ਨੇ ਯਹੋਵਾਹ ਦਾ ਸਾਮ੍ਹਣਾ ਕਰ ਕੇ ਆਪਣੀ ਜਾਨ ਗੁਆਈ। (ਕੂਚ 5:2; 9:17; ਜ਼ਬੂਰਾਂ ਦੀ ਪੋਥੀ 136:15) ਫ਼ਿਰਊਨ ਦੀ ਮਿਸਾਲ ਇਸ ਕਹਾਵਤ ਨੂੰ ਸੱਚ ਸਾਬਤ ਕਰਦੀ ਹੈ ਕਿ “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”—ਕਹਾਉਤਾਂ 16:18.
ਇਹ ਮਿਸਾਲ ਜ਼ਿਕਰ ਕਰਨ ਦਾ ਇਹ ਅਰਥ ਨਹੀਂ ਹੈ ਕਿ ਪਰਮੇਸ਼ੁਰ ਦੇ ਲੋਕਾਂ ਵਿਚ ਕਦੇ ਘਮੰਡ ਨਹੀਂ ਆਉਂਦਾ। ਮਿਸਾਲ ਲਈ ਯਿਸੂ ਦੇ ਚੇਲੇ ਅਕਸਰ ਆਪਸ ਵਿਚ ਲੜਦੇ ਰਹਿੰਦੇ ਸਨ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। (ਲੂਕਾ 22:24-27) ਪਰ ਉਹ ਹਮੇਸ਼ਾ ਘਮੰਡੀ ਨਹੀਂ ਰਹੇ ਕਿਉਂਕਿ ਉਨ੍ਹਾਂ ਨੇ ਯਿਸੂ ਦੀ ਸਲਾਹ ਲਾਗੂ ਕਰ ਕੇ ਆਪਣਾ ਰਵੱਈਆ ਬਦਲ ਲਿਆ ਸੀ।
ਸੁਲੇਮਾਨ ਨੇ ਲਿਖਿਆ ਸੀ ਕਿ “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” (ਕਹਾਉਤਾਂ 22:4) ਅਧੀਨਗੀ ਜਾਂ ਨਿਮਰਤਾ ਪੈਦਾ ਕਰਨ ਦੇ ਇਹ ਕਿੰਨੇ ਵਧੀਆ ਕਾਰਨ ਹਨ! ਨਿਮਰਤਾ ਸਿਰਫ਼ ਇਕ ਮਨਭਾਉਂਦਾ ਗੁਣ ਹੀ ਨਹੀਂ ਹੈ ਬਲਕਿ ਇਸ ਨਾਲ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਤੇ ਸਦਾ ਦੀ ਜ਼ਿੰਦਗੀ ਦਾ ਇਨਾਮ ਵੀ ਮਿਲੇਗਾ।—2 ਸਮੂਏਲ 22:28; ਯਾਕੂਬ 4:10. (g 3/07)
ਕੀ ਤੁਸੀਂ ਕਦੇ ਸੋਚਿਆ ਹੈ ਕਿ:
◼ ਕੀ ਹਰ ਤਰ੍ਹਾਂ ਦਾ ਅਭਿਮਾਨ ਮਾੜਾ ਹੁੰਦਾ ਹੈ?—2 ਥੱਸਲੁਨੀਕੀਆਂ 1:3, 4.
◼ ਨਿਮਰਤਾ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਕਿਵੇਂ ਮਦਦ ਕਰਦੀ ਹੈ?—ਰਸੂਲਾਂ ਦੇ ਕਰਤੱਬ 8:26-38.
◼ ਕੀ ਪਰਮੇਸ਼ੁਰ ਦੇ ਸੇਵਕਾਂ ਨੂੰ ਨਿਮਰਤਾ ਪੈਦਾ ਕਰਨ ਦੀ ਲੋੜ ਹੈ?—ਲੂਕਾ 22:24-27.
◼ ਨਿਮਰ ਲੋਕਾਂ ਦਾ ਕੀ ਭਵਿੱਖ ਹੈ?—ਕਹਾਉਤਾਂ 22:4.
[ਸਫ਼ੇ 20, 21 ਉੱਤੇ ਤਸਵੀਰ]
ਯਿਸੂ ਦੀ ਨਿਮਰਤਾ ਕਰਕੇ ਨਿਆਣੇ ਉਸ ਵੱਲ ਖਿੱਚੇ ਚਲੇ ਆਉਂਦੇ ਸਨ