Skip to content

Skip to table of contents

ਸੁੱਤੇ ਪਏ ਜੁਆਲਾਮੁਖੀ ਦੇ ਲਾਗੇ ਰਹਿਣਾ

ਸੁੱਤੇ ਪਏ ਜੁਆਲਾਮੁਖੀ ਦੇ ਲਾਗੇ ਰਹਿਣਾ

ਸੁੱਤੇ ਪਏ ਜੁਆਲਾਮੁਖੀ ਦੇ ਲਾਗੇ ਰਹਿਣਾ

ਜੁਆਲਾਮੁਖੀ ਹਮੇਸ਼ਾ ਤੋਂ ਇਨਸਾਨ ਲਈ ਰਾਜ਼ ਬਣੇ ਰਹੇ ਹਨ। ਉਹ ਕਈ-ਕਈ ਸਦੀਆਂ ਸ਼ਾਂਤੀ ਨਾਲ ਸੁੱਤੇ ਪਏ ਰਹਿੰਦੇ ਹਨ, ਫਿਰ ਅਚਾਨਕ ਇਕ ਦਿਨ ਇਕ ਦੈਂਤ ਵਾਂਗ ਭੜਕ ਉੱਠਦੇ ਹਨ ਅਤੇ ਤਬਾਹੀ ਮਚਾ ਦਿੰਦੇ ਹਨ। ਮਿੰਟਾਂ ਵਿਚ ਹੀ ਹਰੀ-ਭਰੀ ਧਰਤੀ ਤੇ ਉਸ ਉੱਤੇ ਜੀਵ-ਜੰਤੂ ਸੜ ਕੇ ਸੁਆਹ ਹੋ ਜਾਂਦੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜੁਆਲਾਮੁਖੀ ਖ਼ਤਰਨਾਕ ਹਨ। ਪਿੱਛਲੀਆਂ ਤਿੰਨ ਸਦੀਆਂ ਵਿਚ ਲੱਖਾਂ ਹੀ ਲੋਕ ਇਨ੍ਹਾਂ ਦੇ ਸ਼ਿਕਾਰ ਹੋਏ ਹਨ। ਭਾਵੇਂ ਜ਼ਿਆਦਾਤਰ ਲੋਕ ਇਨ੍ਹਾਂ ਸੁੱਤੇ ਪਏ ਦੈਂਤਾਂ ਤੋਂ ਦੂਰ ਹੀ ਵੱਸਦੇ ਹਨ, ਪਰ ਲੱਖਾਂ ਲੋਕ ਸਰਗਰਮ ਜੁਆਲਾਮੁਖੀਆਂ ਦੇ ਲਾਗੇ ਵੀ ਰਹਿੰਦੇ ਹਨ। ਮਿਸਾਲ ਲਈ ਪੀਚੀਨਚਾ ਨਾਂ ਦਾ ਜੁਆਲਾਮੁਖੀ ਇਕਵੇਡਾਰ ਦੀ ਰਾਜਧਾਨੀ ਕੀਟੋ ਤੋਂ ਥੋੜ੍ਹੇ ਹੀ ਫ਼ਾਸਲੇ ਤੇ ਹੈ। ਪੋਪੋਕੈਟੀਪਟੇਲ ਨਾਂ ਦਾ ਪਰਬਤ, ਜਿਸ ਦਾ ਐਜ਼ਟੈਕ ਭਾਸ਼ਾ ਵਿਚ ਮਤਲਬ ਹੈ “ਧੂੰਆਂ ਛੱਡਦਾ ਪਹਾੜ” ਮੈਕਸੀਕੋ ਸ਼ਹਿਰ ਤੋਂ 60 ਕਿਲੋਮੀਟਰ (40 ਮੀਲ) ਹੀ ਦੂਰ ਹੈ। ਨਿਊਜ਼ੀਲੈਂਡ ਦਾ ਆੱਕਲੈਂਡ ਸ਼ਹਿਰ ਤੇ ਇਟਲੀ ਦਾ ਨੇਪਲਜ਼ ਸ਼ਹਿਰ ਦੋਵੇਂ ਜੁਆਲਾਮੁਖੀਆਂ ਦੇ ਉੱਤੇ ਜਾਂ ਉਨ੍ਹਾਂ ਦੇ ਲਾਗੇ ਸਥਿਤ ਹਨ। ਇਨ੍ਹਾਂ ਸਾਰੇ ਜੁਆਲਾਮੁਖੀਆਂ ਦੇ ਲਾਗੇ ਰਹਿ ਰਹੇ ਲੱਖਾਂ ਲੋਕਾਂ ਨੂੰ ਪਤਾ ਹੈ ਕਿ ਕਿਸੇ ਵੀ ਦਿਨ ਧਰਤੀ ਦੇ ਗਰਭ ਵਿਚ ਮੌਜੂਦ ਸ਼ਕਤੀ ਜ਼ੋਰ ਨਾਲ ਜ਼ਮੀਨ ਨੂੰ ਹਿਲਾ ਕੇ ਇਕ ਸੁੱਤੇ ਪਏ ਦੈਂਤ ਨੂੰ ਜਗਾ ਸਕਦੀ ਹੈ।

ਵਿਸੂਵੀਅਸ—ਇਕ ਖ਼ਤਰਨਾਕ ਜੁਆਲਾਮੁਖੀ

ਨੇਪਲਜ਼ ਦੇ ਵਸਨੀਕ ਤਕਰੀਬਨ 3,000 ਸਾਲਾਂ ਤੋਂ ਵਿਸੂਵੀਅਸ ਪਰਬਤ ਦੇ ਲਾਗੇ ਰਹਿ ਰਹੇ ਹਨ। ਇਹ ਪਰਬਤ ਨੇਪਲਜ਼ ਤੋਂ ਸਿਰਫ਼ 11 ਕਿਲੋਮੀਟਰ (7 ਮੀਲ) ਦੂਰ ਹੈ। ਵਿਸੂਵੀਅਸ ਅਸਲ ਵਿਚ ਸੋਮਾ ਨਾਂ ਦੇ ਪ੍ਰਾਚੀਨ ਪਰਬਤ ਉੱਪਰ ਇਕ ਕੋਨ ਹੈ। ਵਿਸੂਵੀਅਸ ਜੁਆਲਾਮੁਖੀ ਧਰਤੀ ਉੱਤੇ ਸਭ ਤੋਂ ਖ਼ਤਰਨਾਕ ਜੁਆਲਾਮੁਖੀਆਂ ਵਿੱਚੋਂ ਇਕ ਹੈ। ਪਰਬਤ ਦਾ ਕਾਫ਼ੀ ਹਿੱਸਾ ਸਮੁੰਦਰੀ ਤਲ ਦੇ ਹੇਠਾਂ ਹੈ ਜਿਸ ਕਰਕੇ ਪਰਬਤ ਜਿੰਨਾ ਵੱਡਾ ਲੱਗਦਾ ਹੈ, ਉਸ ਨਾਲੋਂ ਇਹ ਕਿਤੇ ਜ਼ਿਆਦਾ ਵੱਡਾ ਹੈ।

ਵਿਸੂਵੀਅਸ ਜੁਆਲਾਮੁਖੀ ਕਾਫ਼ੀ ਸਰਗਰਮ ਰਿਹਾ ਹੈ। 79 ਈ. ਤੋਂ ਹੁਣ ਤਕ ਇਹ ਜੁਆਲਾਮੁਖੀ 50 ਤੋਂ ਜ਼ਿਆਦਾ ਵਾਰ ਫਟ ਚੁੱਕਾ ਹੈ। 79 ਈ. ਵਿਚ ਹੋਏ ਧਮਾਕੇ ਵਿਚ ਪੌਂਪੇ ਤੇ ਹਰਕੁਲੈਨੀਅਮ ਨਾਂ ਦੇ ਸ਼ਹਿਰ ਤਬਾਹ ਹੋ ਗਏ ਸਨ। 1631 ਵਿਚ ਹੋਏ ਵਿਨਾਸ਼ਕ ਵਿਸਫੋਟ ਵਿਚ ਤਕਰੀਬਨ 4,000 ਲੋਕ ਮਾਰੇ ਗਏ ਸਨ। ਉਸ ਸਮੇਂ ਤੋਂ “ਲਾਵਾ” ਸ਼ਬਦ ਵਰਤਿਆ ਜਾਣ ਲੱਗਾ। ਲਾਵਾ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਲਾਬੀ ਤੋਂ ਬਣਿਆ ਹੈ ਕਿਉਂਕਿ ਇਸ ਦਾ ਮਤਲਬ ਹੈ “ਖਿਸਕਣਾ।” ਜੁਆਲਾਮੁਖੀ ਦੇ ਮੂੰਹੋਂ ਉਬਲਦਾ ਲਾਵਾ ਥੱਲੇ ਨੂੰ ਖਿਸਕਦਾ ਹੈ ਤੇ ਆਪਣੇ ਰਸਤੇ ਵਿਚ ਆਈ ਹਰ ਚੀਜ਼ ਨੂੰ ਭਸਮ ਕਰ ਦਿੰਦਾ ਹੈ।

ਵਿਸੂਵੀਅਸ ਜੁਆਲਾਮੁਖੀ ਸਦੀਆਂ ਦੌਰਾਨ ਹੌਲੀ-ਹੌਲੀ ਉਬਲਦਾ ਰਿਹਾ। ਇਹ 1944 ਵਿਚ ਦੂਸਰੇ ਵਿਸ਼ਵ ਯੁੱਧ ਦੌਰਾਨ ਫੱਟਿਆ ਤੇ ਇਸ ਤੋਂ ਉੱਠੀ ਸੁਆਹ ਨੇ ਇੱਥੇ ਆਏ ਅਮਰੀਕਨ ਫ਼ੌਜੀਆਂ ਦਾ ਸੁਆਗਤ ਕੀਤਾ। ਮਾਸਾ ਤੇ ਸਾਨ ਸਬੈਸਟੀਆਨੋ ਨਾਂ ਦੇ ਦੋ ਲਾਗਲੇ ਸ਼ਹਿਰ ਅਤੇ ਪਹਾੜੀ ਰੋਪਵੇ ਵੀ ਸੁਆਹ ਨਾਲ ਢਕੇ ਗਏ। ਇਕ ਇਤਾਲਵੀ ਲੋਕ ਗੀਤ ਇਸ ਘਟਨਾ ਦਾ ਜ਼ਿਕਰ ਕਰਦਾ ਹੈ।

ਅੱਜ ਨੇਪਲਜ਼ ਦੇ ਵਸਨੀਕ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਹਨ ਤੇ ਵਿਸੂਵੀਅਸ ਦੇ ਖ਼ਤਰੇ ਤੋਂ ਬੇਫ਼ਿਕਰ ਹੋ ਕੇ ਰਹਿੰਦੇ ਹਨ। ਸੈਲਾਨੀ ਇੱਥੇ ਦੀਆਂ ਇਤਿਹਾਸਕ ਤੇ ਸੋਹਣੀਆਂ-ਸੋਹਣੀਆਂ ਇਮਾਰਤਾਂ ਦੇਖ ਕੇ ਹੈਰਾਨ ਹੁੰਦੇ ਹਨ। ਦੁਕਾਨਾਂ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਤੇ ਨੇਪਲਜ਼ ਦੇ ਸਮੁੰਦਰ ਵਿਚ ਕਿਸ਼ਤੀਆਂ ਦੇਖੀਆਂ ਜਾ ਸਕਦੀਆਂ ਹਨ। ਸੈਲਾਨੀਆਂ ਲਈ ਵਿਸੂਵੀਅਸ ਬਹੁਤ ਹੀ ਲੋਕਪ੍ਰਿਯ ਸਥਾਨ ਹੈ। ਕੁਦਰਤੀ ਸੁੰਦਰ ਨਜ਼ਾਰਾ ਦੇਖਣ ਆਉਂਦੇ ਲੋਕਾਂ ਦੇ ਮਨਾਂ ਵਿਚ ਇਸ ਸੁੱਤੇ ਪਏ ਖ਼ਤਰਨਾਕ ਦੈਂਤ ਦਾ ਕੋਈ ਡਰ ਨਹੀਂ ਹੁੰਦਾ।

ਆੱਕਲੈਂਡ—ਜੁਆਲਾਮੁਖੀਆਂ ਦਾ ਸ਼ਹਿਰ

ਨਿਊਜ਼ੀਲੈਂਡ ਦੇ ਬੰਦਰਗਾਹ ਸ਼ਹਿਰ ਆੱਕਲੈਂਡ ਵਿਚ 48 ਛੋਟੇ-ਛੋਟੇ ਜੁਆਲਾਮੁਖੀ ਹਨ। ਇਸ ਸ਼ਹਿਰ ਦੀ ਆਬਾਦੀ 10 ਲੱਖ ਤੋਂ ਜ਼ਿਆਦਾ ਹੈ। ਸ਼ਹਿਰ ਦੀਆਂ ਦੋ ਬੰਦਰਗਾਹਾਂ ਪੁਰਾਣੇ ਸਮਿਆਂ ਵਿਚ ਆਏ ਜੁਆਲਾਮੁਖੀਆਂ ਨਾਲ ਬਣੀਆਂ ਦੋ ਘਾਟੀਆਂ ਹਨ। ਸਦੀਆਂ ਪਹਿਲਾਂ ਸਾਗਰ ਤਲ ਦੇ ਜੁਆਲਾਮੁਖੀਆਂ ਦੇ ਫੱਟਣ ਕਰਕੇ ਕਈ ਟਾਪੂ ਹੋਂਦ ਵਿਚ ਆਏ। ਸਭ ਤੋਂ ਵੱਡਾ ਟਾਪੂ ਰੰਗੀਟੋਟੋ 600 ਸਾਲ ਪੁਰਾਣਾ ਹੈ। ਇਸ ਦਾ ਆਕਾਰ ਵਿਸੂਵੀਅਸ ਪਹਾੜ ਵਰਗਾ ਹੈ। ਜਦੋਂ ਜੁਆਲਾਮੁਖੀ ਦੇ ਫੱਟਣ ਕਰਕੇ ਰੰਗੀਟੋਟੋ ਟਾਪੂ ਦਾ ਜਨਮ ਹੋਇਆ ਸੀ, ਉਦੋਂ ਜੁਆਲਾਮੁਖੀ ਵਿੱਚੋਂ ਨਿਕਲੀ ਰਾਖ ਦੇ ਥੱਲੇ ਇਕ ਨੇੜਲਾ ਮਾਉਰੀ ਟਾਪੂ ਪੂਰੀ ਤਰ੍ਹਾਂ ਦੱਬਿਆ ਗਿਆ ਸੀ।

ਆੱਕਲੈਂਡ ਦੇ ਲੋਕ ਜੁਆਲਾਮੁਖੀਆਂ ਦੇ ਸਾਏ ਹੇਠ ਰਹਿਣ ਦੇ ਆਦੀ ਹੋ ਚੁੱਕੇ ਹਨ। ਕੋਨ ਵਰਗਾ ਮਾਉਂਗਾਕੀਕੀ ਜੁਆਲਾਮੁਖੀ ਅੱਜ ਆੱਕਲੈਂਡ ਦੇ ਵਿਚਕਾਰ ਸਥਿਤ ਹੈ ਅਤੇ ਇਸ ਉੱਤੇ ਇਕ ਪਾਰਕ ਅਤੇ ਭੇਡਾਂ ਦਾ ਇਕ ਫਾਰਮ ਹੈ। ਕਈ ਜੁਆਲਾਮੁਖੀ ਪਹਾੜਾਂ ਉੱਤੇ ਹੁਣ ਝੀਲਾਂ, ਪਾਰਕਾਂ ਜਾਂ ਖੇਡ ਦੇ ਮੈਦਾਨ ਹਨ। ਇਕ ਪਹਾੜ ਤੇ ਕਬਰਸਤਾਨ ਵੀ ਹੈ। ਕਈ ਲੋਕ ਆਪਣਾ ਘਰ ਇਨ੍ਹਾਂ ਪਹਾੜਾਂ ਦੀਆਂ ਢਲਾਣਾਂ ਤੇ ਬਣਾਉਂਦੇ ਹਨ ਜਿੱਥੋਂ ਉਹ ਆਪਣੇ ਚਾਰੇ ਪਾਸੇ ਬਹੁਤ ਹੀ ਸੁਹਾਵਣਾ ਨਜ਼ਾਰਾ ਦੇਖ ਸਕਦੇ ਹਨ।

ਆੱਕਲੈਂਡ ਵਿਚ ਆ ਕੇ ਵੱਸਣ ਵਾਲੇ ਪਹਿਲੇ ਲੋਕ ਮਾਊਰੀ ਸਨ। ਫਿਰ ਯੂਰਪੀ ਲੋਕ ਅੱਜ ਤੋਂ 180 ਸਾਲ ਪਹਿਲਾਂ ਇੱਥੇ ਆ ਕੇ ਰਹਿਣ ਲੱਗ ਪਏ ਸਨ। ਉਨ੍ਹਾਂ ਨੇ ਇਸ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਕਿ ਇਹ ਇਲਾਕਾ ਜੁਆਲਾਮੁਖੀਆਂ ਨਾਲ ਭਰਿਆ ਪਿਆ ਸੀ, ਸਗੋਂ ਉਨ੍ਹਾਂ ਨੇ ਸਿਰਫ਼ ਇਹੀ ਦੇਖਿਆ ਕਿ ਇਹ ਜਗ੍ਹਾ ਸਮੁੰਦਰ ਦੇ ਨੇੜੇ ਸੀ ਅਤੇ ਇਸ ਦੀ ਮਿੱਟੀ ਉਪਜਾਊ ਸੀ। ਜੁਆਲਾਮੁਖੀ ਇਲਾਕਿਆਂ ਦੀ ਮਿੱਟੀ ਹਮੇਸ਼ਾ ਉਪਜਾਊ ਹੁੰਦੀ ਹੈ। ਮਿਸਾਲ ਲਈ, ਇੰਡੋਨੇਸ਼ੀਆ ਵਿਚ ਕਿਸਾਨ ਆਮ ਤੌਰ ਤੇ ਸਰਗਰਮ ਜੁਆਲਾਮੁਖੀਆਂ ਦੇ ਨੇੜੇ-ਤੇੜੇ ਝੋਨਾ ਬੀਜਦੇ ਹਨ। ਇਸੇ ਤਰ੍ਹਾਂ, ਪੱਛਮੀ ਅਮਰੀਕਾ ਵਿਚ ਵੀ ਖੇਤੀਬਾੜੀ ਮੁੱਖ ਤੌਰ ਤੇ ਉਨ੍ਹਾਂ ਜੁਆਲਾਮੁਖੀ ਇਲਾਕਿਆਂ ਵਿਚ ਕੀਤੀ ਜਾਂਦੀ ਹੈ ਜਿੱਥੇ ਮਿੱਟੀ ਬਹੁਤ ਉਪਜਾਊ ਹੁੰਦੀ ਹੈ। ਦੇਖਿਆ ਗਿਆ ਹੈ ਕਿ ਸਹੀ ਹਾਲਾਤ ਪੈਦਾ ਹੋਣ ਤੇ ਲਾਵੇ ਹੇਠ ਦੱਬੀ ਜ਼ਮੀਨ ਤੇ ਇਕ ਸਾਲ ਦੇ ਅੰਦਰ-ਅੰਦਰ ਘਾਹ ਤੇ ਪੇੜ-ਪੌਦੇ ਉੱਗ ਪੈਂਦੇ ਹਨ।

ਖ਼ਤਰੇ ਦੀ ਘੰਟੀ

ਤੁਸੀਂ ਸ਼ਾਇਦ ਸੋਚੋ, ‘ਕੀ ਜੁਆਲਾਮੁਖੀ ਦੇ ਨੇੜੇ ਰਹਿਣਾ ਖ਼ਤਰਨਾਕ ਨਹੀਂ?’ ਹਾਂ, ਖ਼ਤਰਨਾਕ ਤਾਂ ਹੈ। ਪਰ ਸਾਇੰਸਦਾਨ ਧਰਤੀ ਦੇ ਗਰਭ ਵਿਚ ਹੁੰਦੀ ਹਲਚਲ ਅਤੇ ਜੁਆਲਾਮੁਖੀਆਂ ਉੱਤੇ ਸਖ਼ਤ ਨਜ਼ਰ ਰੱਖਦੇ ਹਨ। ਉਦਾਹਰਣ ਲਈ, ਯੂ. ਐੱਸ. ਜੀਓਲਾਜੀਕਲ ਸਰਵੇ ਸੰਸਥਾ ਦੁਨੀਆਂ ਭਰ ਦੇ ਸਰਗਰਮ ਜੁਆਲਾਮੁਖੀਆਂ ਤੇ ਨਜ਼ਰ ਰੱਖਦੀ ਹੈ ਜਿਨ੍ਹਾਂ ਵਿਚ ਨੇਪਲਜ਼ ਅਤੇ ਆੱਕਲੈਂਡ ਦੇ ਜੁਆਲਾਮੁਖੀ ਵੀ ਸ਼ਾਮਲ ਹਨ। ਜੇ ਕਿੱਧਰੇ ਜੁਆਲਾਮੁਖੀ ਫੱਟਣ ਦਾ ਖ਼ਦਸ਼ਾ ਹੁੰਦਾ ਹੈ, ਤਾਂ ਤੁਰੰਤ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ। ਸੈਟੇਲਾਈਟ ਗਲੋਬਲ ਪਜ਼ੀਸ਼ਨਿੰਗ ਪ੍ਰਣਾਲੀਆਂ ਅਤੇ ਭੁਚਾਲ ਦਾ ਪਤਾ ਲਗਾਉਣ ਵਾਲੇ ਯੰਤਰ 24 ਘੰਟੇ ਸਰਗਰਮ ਰਹਿੰਦੇ ਹਨ। ਇਨ੍ਹਾਂ ਦੀ ਮਦਦ ਨਾਲ ਵਿਗਿਆਨੀ ਧਰਤੀ ਹੇਠ ਹੁੰਦੀ ਕਿਸੇ ਵੀ ਕਿਸਮ ਦੀ ਹਲਚਲ ਦਾ ਪਤਾ ਲਗਾ ਸਕਦੇ ਹਨ।

ਵਿਸੂਵੀਅਸ ਜੁਆਲਾਮੁਖੀ 1631 ਵਿਚ ਵੱਡੇ ਧਮਾਕੇ ਨਾਲ ਫੱਟਿਆ ਸੀ ਜਿਸ ਵਿਚ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਸੀ। ਸੋ ਇਸ ਜੁਆਲਾਮੁਖੀ ਤੇ ਲਗਾਤਾਰ ਨਿਗਰਾਨੀ ਰੱਖੀ ਜਾਂਦੀ ਹੈ। ਇਤਾਲਵੀ ਸਰਕਾਰ ਨੇ ਪਹਿਲਾਂ ਹੀ ਸੋਚ ਰੱਖਿਆ ਹੈ ਕਿ ਜੁਆਲਾਮੁਖੀ ਦੇ ਫੱਟਣ ਦੀ ਹੰਗਾਮੀ ਸਥਿਤੀ ਵਿਚ ਲੋਕਾਂ ਦੇ ਬਚਾਅ ਲਈ ਕਿਹੜੇ ਜ਼ਰੂਰੀ ਕਦਮ ਚੁੱਕੇ ਜਾਣਗੇ। ਮਾਹਰਾਂ ਦਾ ਦਾਅਵਾ ਹੈ ਕਿ ਵਿਸੂਵੀਅਸ ਦੇ ਫੱਟਣ ਤੋਂ ਪਹਿਲਾਂ ਹੀ ਨੇੜੇ-ਤੇੜੇ ਦੇ ਇਲਾਕਿਆਂ ਵਿਚ ਰਹਿ ਰਹੇ ਸਾਰੇ ਲੋਕਾਂ ਨੂੰ ਉੱਥੋਂ ਕੱਢ ਲਿਆ ਜਾਵੇਗਾ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਆੱਕਲੈਂਡ ਅਜਿਹੇ ਜੁਆਲਾਮੁਖੀ ਖੇਤਰ ਵਿਚ ਸਥਿਤ ਹੈ ਜਿੱਥੇ ਮੌਜੂਦਾ ਜੁਆਲਾਮੁਖੀਆਂ ਦੇ ਫੱਟਣ ਦੀ ਬਜਾਇ ਹੋ ਸਕਦਾ ਹੈ ਕਿ ਇਕ ਨਵੀਂ ਥਾਂ ਤੇ ਇਕ ਬਿਲਕੁਲ ਹੀ ਨਵਾਂ ਜੁਆਲਾਮੁਖੀ ਪਹਾੜ ਬਣ ਜਾਵੇ। ਪਰ ਮਾਹਰ ਇਹ ਵੀ ਕਹਿੰਦੇ ਹਨ ਕਿ ਇੱਦਾਂ ਹੋਣ ਤੋਂ ਪਹਿਲਾਂ ਭੁਚਾਲ ਦੇ ਝਟਕੇ ਕਈ ਦਿਨਾਂ ਜਾਂ ਹਫ਼ਤਿਆਂ ਤਕ ਮਹਿਸੂਸ ਕੀਤੇ ਜਾ ਸਕਣਗੇ। ਇਹ ਖ਼ਤਰੇ ਦੀ ਘੰਟੀ ਹੋਵੇਗੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਲਈ ਕਾਫ਼ੀ ਸਮਾਂ ਹੋਵੇਗਾ।

ਖ਼ਤਰੇ ਨੂੰ ਹਮੇਸ਼ਾ ਚੇਤੇ ਰੱਖਣ ਦੀ ਲੋੜ

ਜੁਆਲਾਮੁਖੀਆਂ ਤੇ ਨਜ਼ਰ ਰੱਖਣ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ, ਬਸ਼ਰਤੇ ਕਿ ਲੋਕ ਚੇਤਾਵਨੀਆਂ ਵੱਲ ਧਿਆਨ ਦੇਣ। ਸਾਲ 1985 ਵਿਚ ਕੋਲੰਬੀਆ ਦੇ ਆਰਮੇਰੋ ਸ਼ਹਿਰ ਦੇ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਗਿਆ ਸੀ ਕਿ ਨੇਵਾਡੋ ਡੈੱਲ ਰੂਈਜ਼ ਪਹਾੜ ਫੱਟਣ ਵਾਲਾ ਸੀ। ਲਗਭਗ 50 ਕਿਲੋਮੀਟਰ (30 ਮੀਲ) ਦੂਰ ਖੜ੍ਹਾ ਇਹ ਪਹਾੜ ਕਈ ਦਿਨਾਂ ਤੋਂ ਕੰਬ ਰਿਹਾ ਸੀ, ਪਰ ਫਿਰ ਵੀ ਲੋਕਾਂ ਨੂੰ ਤਸੱਲੀ ਦਿੱਤੀ ਗਈ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਸੀ। ਜਦੋਂ ਇਹ ਪਹਾੜ ਫੱਟਿਆ, ਤਾਂ ਇਸ ਵਿੱਚੋਂ ਨਿਕਲੇ ਲਾਵੇ ਥੱਲੇ ਪੂਰਾ ਸ਼ਹਿਰ ਦੱਬਿਆ ਗਿਆ। ਉਸ ਵੇਲੇ 21,000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

ਇੱਦਾਂ ਦੀਆਂ ਘਟਨਾਵਾਂ ਕਦੇ-ਕਦਾਰ ਹੀ ਵਾਪਰਦੀਆਂ ਹਨ। ਜਦੋਂ ਜੁਆਲਾਮੁਖੀ ਸ਼ਾਂਤ ਹੁੰਦੇ ਹਨ, ਉਦੋਂ ਵੀ ਸਾਇੰਸਦਾਨ ਇਨ੍ਹਾਂ ਬਾਰੇ ਖੋਜ ਕਰਨ ਅਤੇ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰੀਆਂ ਕਰਨ ਵਿਚ ਲੱਗੇ ਰਹਿੰਦੇ ਹਨ। ਜੁਆਲਾਮੁਖੀਆਂ ਤੇ ਲਗਾਤਾਰ ਨਿਗਰਾਨੀ ਰੱਖਣ ਤੋਂ ਇਲਾਵਾ ਉਹ ਲੋਕਾਂ ਵਿਚ ਜਾਗਰੂਕਤਾ ਵੀ ਪੈਦਾ ਕਰਦੇ ਹਨ। ਇਨ੍ਹਾਂ ਸਾਰੀਆਂ ਤਿਆਰੀਆਂ ਸਦਕਾ ਜੇ ਕਦੇ ਕੋਈ ਸੁੱਤਾ ਜੁਆਲਾਮੁਖੀ ਜਾਗ ਵੀ ਪਿਆ, ਤਾਂ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਵੇਗਾ। (g 2/07)

[ਸਫ਼ਾ 24 ਉੱਤੇ ਡੱਬੀ/ਤਸਵੀਰ]

ਤਿਆਰ ਰਹੋ!

ਕੀ ਤੁਸੀਂ ਕਿਸੇ ਕੁਦਰਤੀ ਆਫ਼ਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਆਪਣੇ ਇਲਾਕੇ ਵਿਚ ਆਉਣ ਵਾਲੇ ਖ਼ਤਰਿਆਂ ਤੋਂ ਸਾਵਧਾਨ ਰਹੋ। ਪਹਿਲਾਂ ਹੀ ਪਲੈਨ ਕਰੋ ਕਿ ਜੇ ਪਰਿਵਾਰ ਦੇ ਮੈਂਬਰ ਜੁਦਾ ਹੋ ਜਾਣ, ਤਾਂ ਤੁਸੀਂ ਸਾਰੇ ਇਕੱਠੇ ਕਿੱਥੇ ਮਿਲੋਗੇ ਤੇ ਕਿਸ ਨੂੰ ਆਪਣਾ ਅਤਾ-ਪਤਾ ਦੱਸੋਗੇ। ਆਪਣੇ ਕੋਲ ਖਾਣ ਦੀਆਂ ਚੀਜ਼ਾਂ, ਪਾਣੀ, ਫ਼ਸਟ ਏਡ, ਕੱਪੜੇ, ਰੇਡੀਓ, ਵਾਟਰ-ਪਰੂਫ ਟਾਰਚਾਂ ਤੇ ਵਾਧੂ ਬੈਟਰੀਆਂ ਵਰਗੀਆਂ ਚੀਜ਼ਾਂ ਰੱਖੋ। ਚੋਖਾ ਸਮਾਨ ਰੱਖੋ ਤਾਂਕਿ ਤੁਸੀਂ ਰਾਹਤ ਤੋਂ ਬਿਨਾਂ ਕਈ ਦਿਨ ਜੀਉਂਦੇ ਰਹਿ ਸਕੋ।

[ਸਫ਼ਾ 23 ਉੱਤੇ ਤਸਵੀਰ]

ਵਿਸੂਵੀਅਸ ਦੇ ਮੁੱਖ ਕ੍ਰੇਟਰ ਦੇ ਲਾਗੇ ਤੁਰ-ਫਿਰ ਰਹੇ ਸੈਲਾਨੀ

[ਕ੍ਰੈਡਿਟ ਲਾਈਨ]

©Danilo Donadoni/Marka/age fotostock

[ਸਫ਼ਾ 23 ਉੱਤੇ ਤਸਵੀਰ]

ਇਟਲੀ ਵਿਚ ਵਿਸੂਵੀਅਸ ਪਰਬਤ ਦੇ ਸਾਮ੍ਹਣੇ ਨੇਪਲਜ਼ ਸ਼ਹਿਰ

[ਕ੍ਰੈਡਿਟ ਲਾਈਨ]

© Tom Pfeiffer

[ਸਫ਼ਾ 23 ਉੱਤੇ ਤਸਵੀਰ]

79 ਈ. ਵਿਚ ਫਟੇ ਜੁਆਲਾਮੁਖੀ ਦਾ ਚਿੱਤਰ ਜਿਸ ਵਿਚ ਪੌਂਪੇ ਅਤੇ ਹਰਕੁਲੈਨੀਅਮ ਸ਼ਹਿਰ ਤਬਾਹ ਹੋਏ ਸਨ

[ਕ੍ਰੈਡਿਟ ਲਾਈਨ]

© North Wind Picture Archives

[ਸਫ਼ਾ 24 ਉੱਤੇ ਤਸਵੀਰ]

ਆੱਕਲੈਂਡ ਦਾ ਰੰਗੀਟੋਟੋ ਨਾਂ ਦਾ ਇਕ ਜੁਆਲਾਮੁਖੀ ਟਾਪੂ

[ਸਫ਼ਾ 24, 25 ਉੱਤੇ ਤਸਵੀਰਾਂ]

ਉੱਪਰ ਅਤੇ ਸੱਜੇ ਪਾਸੇ: ਪੋਪੋਕੈਟੀਪਟੇਲ ਪਰਬਤ, ਮੈਕਸੀਕੋ

[ਕ੍ਰੈਡਿਟ ਲਾਈਨਾਂ]

AFP/Getty Images

Jorge Silva/AFP/Getty Images

[ਸਫ਼ਾ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

USGS, Cascades Volcano Observatory