ਕੱਪੜਿਆਂ ਦੀ ਰੰਗਾਈ ਪ੍ਰਾਚੀਨ ਕਾਲ ਵਿਚ ਅਤੇ ਅੱਜ
ਕੱਪੜਿਆਂ ਦੀ ਰੰਗਾਈ ਪ੍ਰਾਚੀਨ ਕਾਲ ਵਿਚ ਅਤੇ ਅੱਜ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਰੰਗਾਂ ਦਾ ਸਾਡੀਆਂ ਭਾਵਨਾਵਾਂ ਉੱਤੇ ਅਸਰ ਪੈਂਦਾ ਹੈ? ਤਾਹੀਓਂ ਇਤਿਹਾਸ ਦੇ ਮੁੱਢ ਤੋਂ ਹੀ ਇਨਸਾਨ ਕੱਪੜਿਆਂ ਨੂੰ ਰੰਗਦਾ ਆਇਆ ਹੈ।
ਜਦੋਂ ਅਸੀਂ ਰੰਗੀਨ ਕੱਪੜੇ ਅਤੇ ਪਰਦੇ ਵਗੈਰਾ ਖ਼ਰੀਦਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਕਿ ਇਨ੍ਹਾਂ ਦਾ ਰੰਗ ਲੱਥੇ ਜਾਂ ਫਿੱਕਾ ਪਵੇ। ਕੱਪੜੇ ਦਾ ਰੰਗ ਪੱਕਾ ਕਰਨ ਲਈ ਕਿਹੜੇ ਤਰੀਕੇ ਵਰਤੇ ਜਾਂਦੇ ਹਨ? ਪੁਰਾਣੇ ਸਮਿਆਂ ਵਿਚ ਕੱਪੜਿਆਂ ਨੂੰ ਕਿਨ੍ਹਾਂ ਚੀਜ਼ਾਂ ਨਾਲ ਰੰਗਿਆ ਜਾਂਦਾ ਸੀ? ਇਹੋ ਜਾਣਨ ਲਈ ਅਸੀਂ ਇੰਗਲੈਂਡ ਦੇ ਉੱਤਰ ਵਿਚ ਬਰੈਡਫ਼ਰਡ ਵਿਖੇ ਐੱਸ. ਡੀ. ਸੀ. ਕਲਰ ਮਿਊਜ਼ੀਅਮ ਗਏ। * ਉੱਥੇ ਅਸੀਂ ਨੁਮਾਇਸ਼ ਲਈ ਰੱਖੀਆਂ ਕਈ ਅਨੋਖੀਆਂ ਚੀਜ਼ਾਂ ਦੇਖੀਆਂ ਜੋ ਸਦੀਆਂ ਤਾਈਂ ਕੱਪੜਿਆਂ ਨੂੰ ਰੰਗਣ ਲਈ ਵਰਤੀਆਂ ਜਾਂਦੀਆਂ ਰਹੀਆਂ।
ਪੁਰਾਣੇ ਸਮਿਆਂ ਵਿਚ ਰੰਗ ਕਿਨ੍ਹਾਂ ਚੀਜ਼ਾਂ ਤੋਂ ਬਣਾਏ ਜਾਂਦੇ ਸਨ?
19ਵੀਂ ਸਦੀ ਦੇ ਅੱਧ ਤਕ ਲੋਕ ਕੱਪੜਿਆਂ ਨੂੰ ਰੰਗਣ ਲਈ ਸਿਰਫ਼ ਕੁਦਰਤੀ ਰੰਗ ਵਰਤਦੇ ਸਨ। ਉਹ ਪੌਦਿਆਂ, ਕੀੜੇ-ਮਕੌੜਿਆਂ ਅਤੇ ਸਮੁੰਦਰੀ ਜੀਵਾਂ ਤੋਂ ਰੰਗ ਹਾਸਲ ਕਰਦੇ ਸਨ, ਜਿਵੇਂ ਨੀਲ ਬੂਟੇ (woad plant) ਤੋਂ ਨੀਲਾ ਰੰਗ (1), ਵੈੱਲਡ ਬੂਟੇ ਤੋਂ ਪੀਲਾ ਰੰਗ (2) ਅਤੇ ਮਜੀਠ ਬੂਟੇ (madder plant) ਤੋਂ ਲਾਲ ਰੰਗ। ਕਾਲਾ ਰੰਗ ਲਾਗਵੁਡ ਦਰਖ਼ਤ ਤੋਂ ਬਣਦਾ ਸੀ, ਜਦ ਕਿ ਜਾਮਣੀ ਰੰਗ ਆਰਕਿਲ ਨਾਂ ਦੀ ਕਾਈ ਤੋਂ ਪ੍ਰਾਪਤ ਕੀਤਾ ਜਾਂਦਾ ਸੀ। ਘੋਗਾ ਮੱਛੀ (murex shellfish) ਵਿੱਚੋਂ ਨਿਕਲਦਾ ਬੈਂਗਣੀ ਰੰਗ ਬਹੁਤ ਹੀ ਮਹਿੰਗਾ ਹੁੰਦਾ ਸੀ (3)। ਇਸ ਨੂੰ ਸ਼ਾਹੀ ਰੰਗ ਵੀ ਕਿਹਾ ਜਾਂਦਾ ਸੀ ਕਿਉਂਕਿ ਰੋਮੀ ਸ਼ਾਸਕ ਇਸ ਰੰਗ ਨਾਲ ਰੰਗੇ ਵਸਤਰ ਪਾਉਂਦੇ ਸਨ।
ਪਰ ਰੋਮੀਆਂ ਤੋਂ ਵੀ ਬਹੁਤ ਚਿਰ ਪਹਿਲਾਂ ਅਮੀਰ ਤੇ ਵੱਡੇ ਖ਼ਾਨਦਾਨ ਦੇ ਲੋਕ ਕੁਦਰਤੀ ਚੀਜ਼ਾਂ ਨਾਲ ਰੰਗੇ ਕੱਪੜੇ ਪਾਉਂਦੇ ਸਨ। (ਅਸਤਰ 8:15) ਮਿਸਾਲ ਲਈ, ਮਾਦਾ ਕਿਰਮਿਜ਼ ਕੀੜਿਆਂ ਤੋਂ ਕਿਰਮਚੀ ਰੰਗ ਬਣਦਾ ਸੀ (4)। ਪ੍ਰਾਚੀਨ ਇਸਰਾਏਲ ਵਿਚ ਮੁੱਖ ਪੁਜਾਰੀ ਦੇ ਵਸਤਰਾਂ ਅਤੇ ਪੂਜਾ ਸਥਾਨ ਦੇ ਪਰਦਿਆਂ ਨੂੰ ਸ਼ਾਇਦ ਇਸੇ ਕੀੜੇ ਤੋਂ ਬਣਦੇ ਕਿਰਮਚੀ ਰੰਗ ਨਾਲ ਰੰਗਿਆ ਜਾਂਦਾ ਸੀ।—ਕੂਚ 28:5; 36:8.
ਰੰਗਾਈ ਕਿਵੇਂ ਕੀਤੀ ਜਾਂਦੀ ਹੈ?
ਮਿਊਜ਼ੀਅਮ ਵਿਚ ਨੁਮਾਇਸ਼ ਲਈ ਰੱਖੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਧਾਗਿਆਂ ਜਾਂ ਕੱਪੜਿਆਂ ਨੂੰ ਰੰਗਣਾ ਕਾਫ਼ੀ ਗੁੰਝਲਦਾਰ ਕੰਮ ਹੈ। ਇਨ੍ਹਾਂ ਚੀਜ਼ਾਂ ਨੂੰ ਰੰਗ ਵਿਚ ਡੋਬਣਾ ਹੀ ਕਾਫ਼ੀ ਨਹੀਂ ਹੁੰਦਾ। ਰੰਗ ਪੱਕਾ ਕਰਨ ਲਈ ਇਸ ਵਿਚ ਖ਼ਾਸ ਰਸਾਇਣ ਵੀ ਮਿਲਾਉਣੇ ਪੈਂਦੇ ਹਨ ਜੋ ਰੰਗ ਨੂੰ ਧਾਗੇ ਉੱਤੇ ਚੰਗੀ ਤਰ੍ਹਾਂ ਚਾੜ੍ਹ ਦਿੰਦੇ ਹਨ। ਇਨ੍ਹਾਂ ਵਿੱਚੋਂ ਕਈ ਰਸਾਇਣ ਖ਼ਤਰਨਾਕ ਹੁੰਦੇ ਹਨ।
ਕੁਝ ਰੰਗਾਂ ਨੂੰ ਚਾੜ੍ਹਦੇ ਸਮੇਂ ਬੜੀ ਬਦਬੂ ਆਉਂਦੀ ਹੈ। ਇਸ ਦੀ ਇਕ ਮਿਸਾਲ ਹੈ ਤੁਰਕੀ ਲਾਲ ਰੰਗ ਚਾੜ੍ਹਨ ਦਾ ਲੰਬਾ-ਚੌੜਾ ਤੇ ਗੁੰਝਲਦਾਰ ਤਰੀਕਾ। ਇਸ ਭੜਕੀਲੇ ਲਾਲ ਰੰਗ ਵਿਚ ਸੂਤੀ ਕੱਪੜੇ ਰੰਗੇ ਜਾਂਦੇ ਹਨ ਜਿਨ੍ਹਾਂ ਦਾ ਧੁੱਪੇ ਸੁਕਾਉਣ, ਪਾਣੀ ਨਾਲ ਧੋਣ ਜਾਂ ਬਲੀਚ ਕਰਨ ਨਾਲ ਵੀ ਰੰਗ ਨਹੀਂ ਲੱਥਦਾ। ਪੁਰਾਣੇ ਸਮਿਆਂ ਵਿਚ ਇਸ ਕਿਸਮ ਦੀ ਰੰਗਾਈ ਦੇ 38 ਵੱਖ-ਵੱਖ
ਪੜਾਅ ਸਨ ਅਤੇ ਕੱਪੜੇ ਨੂੰ ਰੰਗਣ ਲਈ ਚਾਰ ਮਹੀਨੇ ਲੱਗ ਜਾਂਦੇ ਸਨ! ਮਿਊਜ਼ੀਅਮ ਵਿਚ ਇਸ ਤੁਰਕੀ ਲਾਲ ਰੰਗ (5) ਨਾਲ ਰੰਗੇ ਕਈ ਕੱਪੜਿਆਂ ਦੀ ਨੁਮਾਇਸ਼ ਲੱਗੀ ਹੋਈ ਹੈ ਜੋ ਕਮਾਲ ਦੇ ਨਜ਼ਰ ਆਉਂਦੇ ਹਨ।ਨਕਲੀ ਰੰਗ
ਗ਼ੈਰ-ਕੁਦਰਤੀ ਰੰਗ ਬਣਾਉਣ ਦਾ ਸਿਹਰਾ ਵਿਲਿਅਮ ਹੈਨਰੀ ਪਰਕਿਨ ਨਾਂ ਦੇ ਸ਼ਖ਼ਸ ਨੂੰ ਜਾਂਦਾ ਹੈ। ਮਿਊਜ਼ੀਅਮ ਦੀ ਇਕ ਨੁਮਾਇਸ਼ ਵਿਚ ਦੱਸਿਆ ਗਿਆ ਹੈ ਕਿ ਸ਼੍ਰੀਮਾਨ ਪਰਕਿਨ ਨੇ 1856 ਵਿਚ ਕਾਸ਼ਨੀ ਯਾਨੀ ਚਮਕਦਾਰ ਜਾਮਣੀ ਰੰਗ ਬਣਾਇਆ ਸੀ। 19ਵੀਂ ਸਦੀ ਦੇ ਅੰਤ ਤਕ ਕਈ ਹੋਰ ਭੜਕੀਲੇ ਰੰਗ ਬਣਾਏ ਜਾ ਚੁੱਕੇ ਸਨ। ਅੱਜ 8,000 ਤੋਂ ਜ਼ਿਆਦਾ ਗ਼ੈਰ-ਕੁਦਰਤੀ ਰੰਗ ਤਿਆਰ ਕੀਤੇ ਜਾਂਦੇ ਹਨ (6)। ਪਰ ਲਾਗਵੁਡ ਅਤੇ ਇਕ ਕਿਸਮ ਦੇ ਲਾਖ ਕੀੜੇ ਅਜੇ ਵੀ ਰੰਗ ਬਣਾਉਣ ਲਈ ਵਰਤੇ ਜਾਂਦੇ ਹਨ।
ਮਿਊਜ਼ੀਅਮ ਦੀ ਰੰਗ ਅਤੇ ਕੱਪੜਿਆਂ ਦੀ ਗੈਲਰੀ ਵਿਚ ਲੱਗੀ ਨੁਮਾਇਸ਼ ਤੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਅੱਜ-ਕੱਲ੍ਹ ਰੇਅਨ ਵਰਗੇ ਨਕਲੀ ਰੇਸ਼ਮੀ ਕੱਪੜੇ ਨੂੰ ਰੰਗਣ ਲਈ ਕਿਹੜੇ ਖ਼ਾਸ ਤਰੀਕੇ ਵਰਤੇ ਜਾਂਦੇ ਹਨ। ਵਿਸਕੌਸ ਰੇਅਨ ਨਾਂ ਦਾ ਕੱਪੜਾ 1905 ਵਿਚ ਪਹਿਲੀ ਵਾਰ ਬਾਜ਼ਾਰ ਵਿਚ ਆਇਆ ਸੀ ਅਤੇ ਅੱਜ ਇਹ ਬਹੁਤ ਸਾਰਿਆਂ ਦਾ ਮਨਪਸੰਦ ਕੱਪੜਾ ਹੈ। ਰਸਾਇਣਕ ਤੌਰ ਤੇ ਵਿਸਕੌਸ ਰੇਅਨ ਕਾਫ਼ੀ ਹੱਦ ਤਕ ਸੂਤੀ ਕੱਪੜੇ ਨਾਲ ਰਲਦਾ-ਮਿਲਦਾ ਹੈ, ਸੋ ਉਸ ਸਮੇਂ ਸੂਤੀ ਕੱਪੜਿਆਂ ਲਈ ਵਰਤੇ ਜਾਂਦੇ ਰੰਗਾਂ ਨਾਲ ਇਸ ਨੂੰ ਵੀ ਸੌਖਿਆਂ ਹੀ ਰੰਗਿਆ ਜਾ ਸਕਦਾ ਸੀ। ਪਰ ਐਸੀਟੇਟ ਰੇਅਨ, ਪੌਲੀਐਸਟਰ, ਨਾਇਲੋਨ ਅਤੇ ਐਕ੍ਰਿਲਿਕ ਆਦਿ ਕੱਪੜਿਆਂ ਨੂੰ ਰੰਗਣ ਲਈ ਕਈ ਨਵੇਂ ਰੰਗ ਤਿਆਰ ਕਰਨੇ ਪਏ ਹਨ।
ਰੰਗ ਪੱਕਾ ਕਰਨ ਦੀ ਚੁਣੌਤੀ
ਸਾਡੇ ਵਿੱਚੋਂ ਕੋਈ ਵੀ ਕੱਚੇ ਰੰਗ ਵਾਲੇ ਕੱਪੜੇ ਨਹੀਂ ਖ਼ਰੀਦਣਾ ਚਾਹੇਗਾ। ਕਈ ਕੱਪੜਿਆਂ ਦਾ ਰੰਗ ਧੁੱਪ ਵਿਚ ਰੱਖੇ-ਰੱਖੇ ਜਾਂ ਵਾਰ-ਵਾਰ ਧੋਣ ਨਾਲ ਫਿੱਕਾ ਪੈ ਜਾਂਦਾ ਹੈ, ਖ਼ਾਸਕਰ ਜੇ ਅਸੀਂ ਡਿਟਰਜੈਂਟ ਜਾਂ ਸਾਬਣ ਦਾ ਇਸਤੇਮਾਲ ਕਰਦੇ ਹਾਂ। ਕਈ ਵਾਰ ਪਸੀਨੇ ਕਰਕੇ ਵੀ ਕੱਪੜੇ ਦਾ ਰੰਗ ਲੱਥ ਜਾਂਦਾ ਹੈ ਜਾਂ ਕਈ ਕੱਪੜਿਆਂ ਨੂੰ ਇਕੱਠੇ ਧੋਣ ਨਾਲ ਦੂਸਰੇ ਕੱਪੜਿਆਂ ਦਾ ਰੰਗ ਚੜ੍ਹ ਜਾਂਦਾ ਹੈ। ਧੁਆਈ ਸਮੇਂ ਕੱਪੜੇ ਦਾ ਰੰਗ ਕਿੰਨਾ ਕੁ ਪੱਕਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਰੰਗ ਦੇ ਕਣ ਕੱਪੜੇ ਦੇ ਧਾਗੇ ਨਾਲ ਕਿੰਨੀ ਕੁ ਪੱਕੀ ਤਰ੍ਹਾਂ ਜੁੜਦੇ ਹਨ। ਜਦੋਂ ਅਸੀਂ ਡਿਟਰਜੈਂਟ ਜਾਂ ਸਾਬਣ ਨਾਲ ਵਾਰ-ਵਾਰ ਕੱਪੜੇ ਧੋਂਦੇ ਹਾਂ, ਤਾਂ ਇਹ ਦਾਗ਼-ਧੱਬਿਆਂ ਦੇ ਨਾਲ-ਨਾਲ ਰੰਗ ਨੂੰ ਵੀ ਲਾਹ ਦਿੰਦਾ ਹੈ। ਸੋ ਰੰਗ ਬਣਾਉਣ ਵਾਲੇ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਧੁੱਪ, ਪਾਣੀ, ਡਿਟਰਜੈਂਟ ਅਤੇ ਪਸੀਨੇ ਨਾਲ ਕੱਪੜੇ ਦਾ ਰੰਗ ਨਾ ਲੱਥੇ।
ਇਸ ਮਿਊਜ਼ੀਅਮ ਦੀ ਸੈਰ ਕਰ ਕੇ ਸਾਨੂੰ ਕੱਪੜੇ ਦੀਆਂ ਕਿਸਮਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਪਰ ਖ਼ਾਸਕਰ ਅਸੀਂ ਇਹ ਸਿੱਖਿਆ ਕਿ ਕੱਪੜਿਆਂ ਦੇ ਰੰਗਾਂ ਨੂੰ ਪੱਕਾ ਕਰਨ ਲਈ ਕਿਹੜੇ ਅਨੋਖੇ ਤਰੀਕੇ ਵਰਤੇ ਜਾਂਦੇ ਹਨ ਤਾਂਕਿ ਵਾਰ-ਵਾਰ ਧੋਣ ਤੇ ਵੀ ਰੰਗ ਨਾ ਲੱਥੇ। (g 4/07)
[ਫੁਟਨੋਟ]
^ ਪੈਰਾ 4 ਐੱਸ. ਡੀ. ਸੀ. (ਸੁਸਾਇਟੀ ਆਫ਼ ਡਾਇਅਰਜ਼ ਐਂਡ ਕਲਰਿਸਟਸ) ਰੰਗ ਬਣਾਉਣ ਦੇ ਨਵੇਂ-ਨਵੇਂ ਤਰੀਕਿਆਂ ਦੀ ਖੋਜ ਕਰਦੀ ਹੈ।
[ਸਫ਼ਾ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photos 1-4: Courtesy of the Colour Museum, Bradford (www.colour-experience.org)
[ਸਫ਼ਾ 27 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Photo 5: Courtesy of the Colour Museum, Bradford (www.colour-experience.org); Photo 6: Clariant International Ltd., Switzerland