Skip to content

Skip to table of contents

ਦੁਨੀਆਂ ਭਰ ਵਿਚ ਲੋਕਾਂ ਦਾ ਵਿਗੜ ਰਿਹਾ ਚਾਲ-ਚਲਣ

ਦੁਨੀਆਂ ਭਰ ਵਿਚ ਲੋਕਾਂ ਦਾ ਵਿਗੜ ਰਿਹਾ ਚਾਲ-ਚਲਣ

ਦੁਨੀਆਂ ਭਰ ਵਿਚ ਲੋਕਾਂ ਦਾ ਵਿਗੜ ਰਿਹਾ ਚਾਲ-ਚਲਣ

ਡੇਵਿਡ ਕੈਲੇਹੈਨ ਨੇ ਹਾਲ ਹੀ ਵਿਚ ਬੇਈਮਾਨੀ ਤੇ ਇਕ ਕਿਤਾਬ ਲਿਖੀ ਜਿਸ ਵਿਚ ਉਸ ਨੇ ਕਿਹਾ: “ਤੁਹਾਨੂੰ ਹਰ ਥਾਂ ਬੇਈਮਾਨੀ ਹੁੰਦੀ ਦਿਸੇਗੀ।” ਅਮਰੀਕਾ ਵਿਚ ਹੋ ਰਹੀ ਬੇਈਮਾਨੀ ਦੀ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ‘ਸਕੂਲਾਂ ਤੇ ਕਾਲਜਾਂ ਵਿਚ ਵਿਦਿਆਰਥੀ ਨਕਲ ਮਾਰਦੇ ਹਨ, ਸੰਗੀਤ ਜਾਂ ਫ਼ਿਲਮਾਂ ਦੀਆਂ ਗ਼ੈਰ-ਕਾਨੂੰਨੀ ਤੌਰ ਤੇ ਕਾਪੀਆਂ ਬਣਾਈਆਂ ਜਾਂਦੀਆਂ ਹਨ, ਲੋਕ ਕੰਮ ਦੀ ਥਾਂ ਤੇ ਕੰਮ ਕਰਨ ਦੀ ਬਜਾਇ ਆਪਣੇ ਕੰਮ ਕਰਦੇ ਹਨ ਜਾਂ ਚੀਜ਼ਾਂ ਚੋਰੀ ਕਰਦੇ ਹਨ, ਸਿਹਤ ਸੰਬੰਧੀ ਬਣਾਈਆਂ ਸਕੀਮਾਂ ਵਿਚ ਹੇਰਾਫੇਰੀ ਕੀਤੀ ਜਾਂਦੀ ਹੈ ਅਤੇ ਜਿੱਤ ਹਾਸਲ ਕਰਨ ਲਈ ਖਿਡਾਰੀ ਸਟੀਰਾਇਡ ਦਵਾਈਆਂ ਲੈਂਦੇ ਹਨ।’ ਅਖ਼ੀਰ ਵਿਚ ਉਸ ਨੇ ਕਿਹਾ ਕਿ ‘ਦੁਨੀਆਂ ਵਿਚ ਇੰਨੀ ਬੇਈਮਾਨੀ ਹੁੰਦੀ ਦੇਖ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਲੋਕਾਂ ਦਾ ਚਾਲ-ਚਲਣ ਬਹੁਤ ਹੀ ਵਿਗੜ ਗਿਆ ਹੈ।’

ਅਗਸਤ 2005 ਵਿਚ ਅਮਰੀਕਾ ਵਿਚ ਕਟਰੀਨਾ ਨਾਂ ਦਾ ਵੱਡਾ ਤੂਫ਼ਾਨ ਆਇਆ ਸੀ। ਨਿਊ ਯਾਰਕ ਟਾਈਮਜ਼ ਅਖ਼ਬਾਰ ਵਿਚ ਇਸ ਬਾਰੇ ਕਿਹਾ ਗਿਆ ਕਿ ‘ਸਰਕਾਰੀ ਅਧਿਕਾਰੀਆਂ ਨੇ ਧੋਖੇ-ਭਰੀਆਂ ਸਕੀਮਾਂ ਬਣਾ ਕੇ ਅਤੇ ਫਰੇਬੀ ਚਾਲਾਂ ਚੱਲ ਕੇ ਲੋਕਾਂ ਨੂੰ ਬਹੁਤ ਧੋਖਾ ਦਿੱਤਾ।’ ਅਮਰੀਕਾ ਦੀ ਇਕ ਸੈਨੇਟਰ ਨੇ ਕਿਹਾ: “ਬੜੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਸ਼ਰੇਆਮ ਧੋਖਾ ਦਿੱਤਾ ਜਾ ਰਿਹਾ ਹੈ। ਹਰ ਕੋਈ ਫਰੇਬੀ ਸਕੀਮਾਂ ਚਲਾਉਣ ਦੀ ਗੁਸਤਾਖ਼ੀ ਕਰ ਰਿਹਾ ਹੈ ਤੇ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ।”

ਹਾਂ, ਇਹ ਸੱਚ ਹੈ ਕਿ ਦੁਨੀਆਂ ਵਿਚ ਅਜੇ ਵੀ ਦੂਜਿਆਂ ਦਾ ਭਲਾ ਕਰਨ ਵਾਲੇ ਬਹੁਤ ਸਾਰੇ ਲੋਕ ਹਨ। (ਰਸੂਲਾਂ ਦੇ ਕਰਤੱਬ 27:3; 28:2) ਪਰ ਲੋਕ ਅਕਸਰ ਇਹੋ ਪੁੱਛਦੇ ਹਨ ਕਿ “ਇਸ ਵਿੱਚੋਂ ਮੈਨੂੰ ਕੀ ਫ਼ਾਇਦਾ ਹੋਵੇਗਾ ਜਾਂ ਮੈਨੂੰ ਕੀ ਮਿਲੇਗਾ?” ਅੱਜ ਲੋਕ ਇੰਨੇ ਖ਼ੁਦਗਰਜ਼ ਹੋ ਗਏ ਹਨ ਕਿ ਉਹ ਆਪਣੇ ਤੋਂ ਸਿਵਾਇ ਹੋਰ ਕਿਸੇ ਬਾਰੇ ਨਹੀਂ ਸੋਚਦੇ।

ਇਤਿਹਾਸ ਗਵਾਹ ਹੈ ਕਿ ਖ਼ੁਦਗਰਜ਼ੀ ਅਤੇ ਬਦਚਲਣੀ ਦੇ ਰਾਹ ਤੇ ਚੱਲਣ ਸਦਕਾ ਕਈ ਸਭਿਅਤਾਵਾਂ ਖ਼ਤਮ ਹੋ ਚੁੱਕੀਆਂ ਹਨ। ਰੋਮੀ ਸਾਮਰਾਜ ਨਾਲ ਇਸੇ ਤਰ੍ਹਾਂ ਹੋਇਆ ਸੀ। ਕੀ ਇੱਦਾਂ ਹੋ ਸਕਦਾ ਹੈ ਕਿ ਅੱਜ ਦੇ ਹਾਲਾਤ ਭਵਿੱਖ ਵਿਚ ਹੋਣ ਵਾਲੀ ਕਿਸੇ ਵੱਡੀ ਘਟਨਾ ਦੀ ਨਿਸ਼ਾਨੀ ਹਨ? ਬਾਈਬਲ ਵਿਚ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ‘ਕੁਧਰਮ ਦਾ ਵਾਧਾ’ ਹੋਵੇਗਾ। (ਮੱਤੀ 24:3-8, 12-14; 2 ਤਿਮੋਥਿਉਸ 3:1-5) ਕੀ ਅਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਸਕਦੇ ਹਾਂ?

ਨੈਤਿਕ ਤੌਰ ਤੇ ਹਰ ਦੇਸ਼ ਦਾ ਬੁਰਾ ਹਾਲ

ਯੂਗਾਂਡਾ ਦੇ ਇਕ ਹਿੱਸੇ ਦੀਆਂ ਗ਼ਰੀਬ ਬਸਤੀਆਂ ਵਿਚ ਹੋ ਰਹੇ “ਬਲਾਤਕਾਰ ਅਤੇ ਅਸ਼ਲੀਲ ਤਸਵੀਰਾਂ ਦੇਖਣ ਦੀ ਆਦਤ” ਬਾਰੇ ਵਿਚਾਰ-ਵਟਾਂਦਰਾ ਕਰਨ ਵਾਲੇ ਇਕ ਗਰੁੱਪ ਬਾਰੇ ਰਿਪੋਰਟ ਕਰਦੇ ਹੋਏ ਇਕ ਅਫ਼ਰੀਕੀ ਅਖ਼ਬਾਰ (22 ਜੂਨ 2006) ਨੇ ਕਿਹਾ: “ਮਾਪਿਆਂ ਦੀ ਲਾਪਰਵਾਹੀ ਕਾਰਨ ਵੇਸਵਾਪੁਣੇ ਅਤੇ ਨਸ਼ਿਆਂ ਦੀ ਕੁਵਰਤੋਂ ਵਿਚ ਵਾਧਾ ਹੋਇਆ ਹੈ।” ਅਖ਼ਬਾਰ ਵਿਚ ਅੱਗੇ ਕਿਹਾ ਗਿਆ: “ਕਾਵੇਮਪੇ ਪਿੰਡ ਦੇ ਥਾਣੇ ਵਿਚ ਬਾਲ ਅਤੇ ਪਰਿਵਾਰ ਸੁਰੱਖਿਆ ਵਿਭਾਗ ਦੇ ਅਫ਼ਸਰ ਸ਼੍ਰੀਮਾਨ ਡਾਬਾਂਜੀ ਸਾਲੌਂਗੋ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਬਦਫ਼ੈਲੀ ਅਤੇ ਘਰੇਲੂ ਹਿੰਸਾ ਵਿਚ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਹੈ।”

ਭਾਰਤ ਦੇ ਇਕ ਡਾਕਟਰ ਦਾ ਕਹਿਣਾ ਹੈ ਕਿ “ਲੋਕ ਆਪਣੀ ਪਰੰਪਰਾ ਤੇ ਚੰਗੇ ਸੰਸਕਾਰ ਭੁੱਲਦੇ ਜਾ ਰਹੇ ਨੇ।” ਇਕ ਫ਼ਿਲਮ ਡਾਇਰੈਕਟਰ ਨੇ ਕਿਹਾ: “ਸਾਰੀਆਂ ਹੱਦਾਂ ਪਾਰ ਕਰ ਕੇ ਕੀਤੇ ਜਾ ਰਹੇ ਬਦਚਲਣੀ ਦੇ ਕੰਮ ਅਤੇ ਨਸ਼ੇ ਕਰਨ ਦੇ ਵਧਦੇ ਰੁਝਾਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਭਾਰਤੀ ਲੋਕ ਪੱਛਮੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਨ।”

ਬੇਜਿੰਗ, ਚੀਨ ਵਿਚ ਆਦਮੀ-ਤੀਵੀਂ ਦੇ ਆਪਸੀ ਰਿਸ਼ਤੇ ਦੀ ਜਾਂਚ ਕਰਨ ਵਾਲੀ ਇਕ ਸੰਸਥਾ ਦੇ ਸੈਕਟਰੀ-ਜਨਰਲ ਹੁ ਪੇਚੰਗ ਨੇ ਕਿਹਾ: “ਪਹਿਲਾਂ ਸਾਨੂੰ ਪਤਾ ਹੁੰਦਾ ਸੀ ਕਿ ਕੀ ਸਹੀ ਹੈ ਤੇ ਕੀ ਗ਼ਲਤ। ਹੁਣ ਹਰ ਕੋਈ ਆਪਣੀ ਮਨ-ਮਰਜ਼ੀ ਕਰਦਾ ਹੈ।” ਚਾਈਨਾ ਟੂਡੇ ਰਸਾਲੇ ਦੇ ਇਕ ਲੇਖ ਵਿਚ ਕਿਹਾ ਗਿਆ: “ਅੱਜ-ਕੱਲ੍ਹ ਲੋਕਾਂ ਨੂੰ ਨਾਜਾਇਜ਼ ਸੰਬੰਧ ਰੱਖਣ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆਉਂਦੀ।”

ਇੰਗਲੈਂਡ ਦੇ ਯਾਰਕਸ਼ਰ ਪੋਸਟ ਅਖ਼ਬਾਰ ਵਿਚ ਦੱਸਿਆ ਗਿਆ ਕਿ ‘ਪੈਸੇ ਦੀ ਖ਼ਾਤਰ ਲੋਕ ਟੈਲੀਵਿਯਨ ਉੱਤੇ ਪ੍ਰੋਗ੍ਰਾਮਾਂ ਵਿਚ ਆਪਣਾ ਜਿਸਮ ਵੇਚਣ ਲਈ ਵੀ ਤਿਆਰ ਹਨ। ਕੁਝ ਸਾਲ ਪਹਿਲਾਂ ਅਜਿਹੀਆਂ ਕਰਤੂਤਾਂ ਦੇਖ ਕੇ ਲੋਕਾਂ ਦਾ ਪਾਰਾ ਚੜ੍ਹ ਜਾਂਦਾ ਸੀ। ਅੱਜ ਜਿੱਥੇ ਕਿਤੇ ਵੀ ਦੇਖੋ, ਤੁਹਾਨੂੰ ਗੰਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਅਤੇ ਪੋਰਨੋਗ੍ਰਾਫੀ ਨੇ ਤਾਂ ਹਰ ਪਾਸੇ ਆਪਣੇ ਪੈਰ ਜਮਾ ਲਏ ਹਨ। ਜਿਹੜੀਆਂ ਫਿਲਮਾਂ ਸਿਰਫ਼ 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦੇ ਦੇਖਣ ਲਈ ਹੁੰਦੀਆਂ ਸਨ, ਉਹ ਅੱਜ ਨਿਆਣਿਆਂ ਸਮੇਤ ਪੂਰਾ ਪਰਿਵਾਰ ਬੈਠ ਕੇ ਦੇਖਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਅਜਿਹੀਆਂ ਗੰਦੀਆਂ ਫਿਲਮਾਂ ਖ਼ਾਸਕਰ ਬੱਚਿਆਂ ਨੂੰ ਲੁਭਾਉਣ ਲਈ ਤਿਆਰ ਕੀਤੀਆਂ ਜਾਂਦੀਆਂ ਹਨ।’

ਦ ਨਿਊ ਯਾਰਕ ਟਾਈਮਜ਼ ਮੈਗਜ਼ੀਨ ਵਿਚ ਕਿਹਾ ਗਿਆ ਸੀ ਕਿ ‘ਅੱਲੜ੍ਹ ਉਮਰ ਦੇ ਕੁਝ ਨੌਜਵਾਨ ਸੈਕਸ ਸੰਬੰਧੀ ਆਪਣੇ ਤਜਰਬਿਆਂ ਦੀ ਖੁੱਲ੍ਹ ਕੇ ਗੱਲ ਕਰਦੇ ਹਨ ਜਿਵੇਂ ਕਿਤੇ ਉਹ ਦੁਪਹਿਰ ਦੀ ਰੋਟੀ ਖਾਣ ਬਾਰੇ ਗੱਲ ਰਹੇ ਹੋਣ।’ 8-12 ਸਾਲ ਦੀ ਉਮਰ ਦੇ ਬੱਚਿਆਂ ਦੀ ਪਰਵਰਿਸ਼ ਸੰਬੰਧੀ ਮਾਪਿਆਂ ਲਈ ਤਿਆਰ ਕੀਤੇ ਗਏ ਇਕ ਰਸਾਲੇ ਨੇ ਦੱਸਿਆ: ‘ਇਕ ਕੁੜੀ ਨੇ ਬੱਚਿਆਂ ਵਰਗੀ ਟੁੱਟੀ-ਫੁੱਟੀ ਲਿਖਾਈ ਵਿਚ ਇਹ ਦਿਲ ਚੀਰਵੀਂ ਗੱਲ ਲਿਖੀ: “ਮੇਰੀ ਮੰਮੀ ਮੈਨੂੰ ਮਜਬੂਰ ਕਰ ਰਹੀ ਹੈ ਕਿ ਮੈਂ ਮੁੰਡਿਆਂ ਨਾਲ ਘੁੰਮਣ-ਫਿਰਨ ਜਾਵਾਂ ਤੇ ਸੈਕਸ ਕਰਾਂ। ਮੈਂ ਸਿਰਫ਼ 12 ਸਾਲਾਂ ਦੀ ਹਾਂ . . . ਕੋਈ ਤਾਂ ਮੇਰੀ ਮਦਦ ਕਰੇ!”’

ਜ਼ਮਾਨਾ ਕਿੰਨਾ ਬਦਲ ਗਿਆ ਹੈ! ਕੈਨੇਡਾ ਦੇ ਟੋਰੌਂਟੋ ਸਟਾਰ ਅਖ਼ਬਾਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ “ਮਰਦਾਂ ਨੂੰ ਮਰਦਾਂ ਨਾਲ ਜਾਂ ਔਰਤਾਂ ਨੂੰ ਔਰਤਾਂ ਨਾਲ ਸਮਲਿੰਗੀਆਂ ਦੇ ਤੌਰ ਤੇ ਇਕੱਠੇ ਰਹਿਣ ਦੇ ਖ਼ਿਆਲ ਨੇ ਹੀ ਲੋਕਾਂ ਨੂੰ ਰੋਹ ਵਿਚ ਲੈ ਆਉਣਾ ਸੀ।” ਪਰ ਓਟਾਵਾ ਦੀ ਕਾਰਲਟਨ ਯੂਨੀਵਰਸਿਟੀ ਵਿਚ ਸਮਾਜਕ ਇਤਿਹਾਸ ਦੀ ਅਧਿਆਪਕਾ ਬਾਰਬਰਾ ਫ੍ਰੀਮਨ ਨੇ ਕਿਹਾ: “ਲੋਕ ਅੱਜ-ਕੱਲ੍ਹ ਕਹਿੰਦੇ ਹਨ, ‘ਮੈਂ ਆਪਣੀ ਨਿੱਜੀ ਜ਼ਿੰਦਗੀ ਵਿਚ ਜੋ ਮਰਜ਼ੀ ਕਰਾਂ। ਦੂਜਿਆਂ ਨੂੰ ਮੇਰੀ ਜ਼ਿੰਦਗੀ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ।’”

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪਿਛਲੇ ਕੁਝ ਹੀ ਦਹਾਕਿਆਂ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਲੋਕਾਂ ਦਾ ਚਾਲ-ਚਲਣ ਬਹੁਤ ਹੀ ਵਿਗੜ ਗਿਆ ਹੈ। ਇਨ੍ਹਾਂ ਗੰਭੀਰ ਤਬਦੀਲੀਆਂ ਦਾ ਕਾਰਨ ਕੀ ਹੈ? ਇਨ੍ਹਾਂ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਇਨ੍ਹਾਂ ਕਾਰਨ ਅਸੀਂ ਭਵਿੱਖ ਬਾਰੇ ਕੀ ਉਮੀਦ ਰੱਖ ਸਕਦੇ ਹਾਂ? (g 4/07)