ਦੰਦਾਂ ਦੇ ਡਾਕਟਰ ਨੂੰ ਕਿਉਂ ਮਿਲੀਏ?
ਦੰਦਾਂ ਦੇ ਡਾਕਟਰ ਨੂੰ ਕਿਉਂ ਮਿਲੀਏ?
ਪੁਰਾਣੇ ਜ਼ਮਾਨਿਆਂ ਵਿਚ ਦੰਦਾਂ ਦੇ ਇਲਾਜ ਦੇ ਵਧੀਆ ਪ੍ਰਬੰਧ ਨਹੀਂ ਸਨ। ਜਵਾਨੀ ਵਿਚ ਹੀ ਲੋਕਾਂ ਦੇ ਦੰਦਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੀ ਤੇ ਦੰਦ ਟੁੱਟ ਜਾਂਦੇ ਸਨ। ਬਹੁਤ ਸਾਰੇ ਲੋਕ ਕਾਲੇ-ਪੀਲੇ, ਟੇਢੇ-ਮੇਢੇ ਜਾਂ ਟੁੱਟੇ ਦੰਦਾਂ ਕਰਕੇ ਬਦਸੂਰਤ ਨਜ਼ਰ ਆਉਂਦੇ ਸਨ। ਵਡੇਰੀ ਉਮਰ ਵਿਚ ਦੰਦ ਨਾ ਹੋਣ ਕਰਕੇ ਬਜ਼ੁਰਗ ਰੋਟੀ ਵਗੈਰਾ ਚਿੱਥ ਨਹੀਂ ਸਕਦੇ ਸਨ ਜਿਸ ਕਰਕੇ ਉਹ ਕਮਜ਼ੋਰ ਹੋ ਕੇ ਜਲਦੀ ਮਰ ਜਾਂਦੇ ਸਨ। ਅੱਜ ਦੰਦਾਂ ਦੇ ਜ਼ਿਆਦਾਤਰ ਮਰੀਜ਼ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ, ਦੰਦਾਂ ਨੂੰ ਟੁੱਟਣੋਂ ਬਚਾ ਸਕਦੇ ਹਨ ਅਤੇ ਚਿਹਰੇ ਤੇ ਮੁਸਕਰਾਹਟ ਬਰਕਰਾਰ ਰੱਖ ਸਕਦੇ ਹਨ। ਇਨ੍ਹਾਂ ਤਿੰਨਾਂ ਗੱਲਾਂ ਵਿਚ ਦੰਦਾਂ ਦੇ ਡਾਕਟਰ ਕਿਵੇਂ ਮਦਦ ਕਰਦੇ ਹਨ?
ਅੱਜ-ਕੱਲ੍ਹ ਦੰਦਾਂ ਦੀ ਸਹੀ ਦੇਖ-ਭਾਲ ਕਰਨ ਅਤੇ ਬਾਕਾਇਦਾ ਜਾਂਚ ਕਰਾਉਣ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਯਿਸੂ ਨੇ ਕਿਹਾ ਸੀ: ‘ਨਵੇਂ ਨਰੋਇਆਂ ਨੂੰ ਹਕੀਮ ਦੀ ਲੋੜ ਨਹੀਂ ਹੈ।’ (ਲੂਕਾ 5:31) ਇਸ ਲਈ ਕੁਝ ਲੋਕ ਆਪਣੇ ਦੰਦਾਂ ਦਾ ਬਹੁਤ ਧਿਆਨ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਦੀ-ਕਦਾਈਂ ਹੀ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਹੈ। * ਪਰ ਕਈ ਜਾਣ-ਬੁੱਝ ਕੇ ਦੰਦਾਂ ਦੇ ਡਾਕਟਰ ਕੋਲ ਨਹੀਂ ਜਾਂਦੇ। ਕੁਝ ਲੋਕ ਆਪਣੇ ਦੰਦਾਂ ਦਾ ਇਲਾਜ ਕਰਾਉਣ ਵਿਚ ਘੌਲ ਕਰਦੇ ਹਨ। ਕਈ ਇਲਾਜ ਮਹਿੰਗਾ ਹੋਣ ਕਰਕੇ ਡਾਕਟਰ ਕੋਲ ਨਹੀਂ ਜਾਂਦੇ। ਕਈਆਂ ਨੂੰ ਇਲਾਜ ਕਰਾਉਣ ਤੋਂ ਡਰ ਲੱਗਦਾ ਹੈ। ਜੋ ਵੀ ਹੈ, ਸਾਡੇ ਵਾਸਤੇ ਇਨ੍ਹਾਂ ਦੋ ਸਵਾਲਾਂ ਦੇ ਜਵਾਬ ਜਾਣਨੇ ਫ਼ਾਇਦੇਮੰਦ ਹੋਣਗੇ: ਮੈਨੂੰ ਦੰਦਾਂ ਦੇ ਡਾਕਟਰ ਕੋਲ ਕਿਉਂ ਜਾਣਾ ਚਾਹੀਦਾ ਹੈ? ਉਹ ਮੇਰੀ ਕਿੱਦਾਂ ਮਦਦ ਕਰ ਸਕਦਾ ਹੈ? ਦੰਦਾਂ ਦੀ ਦੇਖ-ਭਾਲ ਕਰਨ ਦੀ ਅਹਿਮੀਅਤ ਜਾਣਨ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਡਾਕਟਰ ਸਾਡੇ ਦੰਦਾਂ ਨੂੰ ਕਿਨ੍ਹਾਂ ਨੁਕਸਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।
ਦੰਦਾਂ ਦੇ ਖ਼ਰਾਬ ਹੋਣ ਦੇ ਕਾਰਨ
ਡਾਕਟਰ ਤੁਹਾਨੂੰ ਦੰਦਾਂ ਦੇ ਦਰਦ ਤੋਂ ਜਾਂ ਦੰਦਾਂ ਨੂੰ ਟੁੱਟਣੋਂ ਬਚਾ ਸਕਦੇ ਹਨ। ਤੁਹਾਡੀ ਮਦਦ ਨਾਲ ਡਾਕਟਰ ਦੰਦਾਂ ਤੇ ਜੰਮੀ ਮੈਲ ਦੀ ਪਰਤ (ਪਲਾਕ) ਦੇ ਬੁਰੇ ਅਸਰ ਨੂੰ ਖ਼ਤਮ ਕਰ ਸਕਦੇ ਹਨ। ਇਸ ਮੈਲ ਵਿਚ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਦੰਦਾਂ ਵਿਚ ਫਸੇ ਭੋਜਨ ਦੇ ਟੁਕੜਿਆਂ ਉੱਤੇ ਪਲਦੇ ਹਨ। ਇਹ ਭੋਜਨ ਵਿਚਲੀ ਸ਼ੱਕਰ ਨੂੰ ਰਸਾਇਣਾਂ ਵਿਚ ਬਦਲ ਦਿੰਦੇ ਹਨ ਜੋ ਦੰਦਾਂ ਦੀ ਅਨੈਮਲ ਜਾਂ ਉੱਪਰਲੀ ਤਹਿ ਨੂੰ ਨੁਕਸਾਨ ਪਹੁੰਚਾਉਂਦੇ ਹਨ। ਦੰਦ ਸੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਵਿਚ ਖੋੜ ਪੈ ਜਾਂਦੀ ਹੈ। ਇਸ ਵੇਲੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਪਰ ਜਦੋਂ ਦੰਦ ਅੰਦਰਲੇ ਗੁੱਦੇ ਤਕ ਸੜ੍ਹ ਜਾਂਦਾ ਹੈ, ਤਾਂ ਫਿਰ ਦਰਦ ਸਹਿਣੋਂ ਬਾਹਰ ਹੋ ਜਾਂਦਾ ਹੈ।
ਬੈਕਟੀਰੀਆ ਇਕ ਹੋਰ ਤਰੀਕੇ ਨਾਲ ਵੀ ਪਰੇਸ਼ਾਨ ਕਰਦਾ ਹੈ। ਜੇ ਚੰਗੀ ਤਰ੍ਹਾਂ ਬੁਰਸ਼ ਕਰ ਕੇ ਪਲਾਕ ਦੀ ਪਰਤ ਨੂੰ ਸਾਫ਼ ਨਹੀਂ ਕੀਤਾ ਜਾਂਦਾ, ਤਾਂ ਇਹ ਸਖ਼ਤ ਹੋ ਕੇ ਕਰੇੜਾ ਬਣ ਜਾਂਦੀ ਹੈ। ਕਰੇੜੇ ਕਰਕੇ ਮਸੂੜਿਆਂ ਵਿਚ ਸੋਜ ਪੈ ਸਕਦੀ ਹੈ ਜਿਸ ਕਰਕੇ ਦੰਦਾਂ ਉੱਤੇ ਇਨ੍ਹਾਂ ਦੀ ਜਕੜ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਦੰਦਾਂ ਤੇ ਮਸੂੜਿਆਂ ਵਿਚ ਜਗ੍ਹਾ ਬਣ ਜਾਂਦੀ ਹੈ ਜਿਸ ਵਿਚ ਫਸੇ ਭੋਜਨ ਤੇ ਬੈਕਟੀਰੀਆ ਦਾਅਵਤ ਉਡਾਉਂਦੇ ਹਨ। ਬੈਕਟੀਰੀਆ ਕਾਰਨ ਮਸੂੜਿਆਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਡਾਕਟਰ ਇਸ ਦਾ ਇਲਾਜ ਕਰ ਸਕਦਾ ਹੈ। ਪਰ ਜੇ ਤੁਸੀਂ ਇਸ ਇਨਫੈਕਸ਼ਨ ਬਾਰੇ ਕੁਝ ਕਰੋਗੇ ਨਹੀਂ, ਤਾਂ ਤੁਹਾਡੇ ਦੰਦਾਂ ਦੇ ਤੰਤੂ ਇਸ ਹੱਦ ਤਕ ਨੁਕਸਾਨੇ ਜਾਣਗੇ ਕਿ ਦੰਦ ਟੁੱਟ ਕੇ ਡਿੱਗ ਸਕਦੇ ਹਨ।
ਥੁੱਕ ਕਾਫ਼ੀ ਹੱਦ ਤਕ ਬੈਕਟੀਰੀਆ ਦੇ ਹਮਲਿਆਂ ਤੋਂ ਦੰਦਾਂ ਦੀ
ਰਾਖੀ ਕਰਦਾ ਹੈ। ਭਾਵੇਂ ਤੁਸੀਂ ਖਾਣਾ ਖਾਧਾ ਹੈ ਜਾਂ ਫਿਰ ਸਿਰਫ਼ ਇਕ ਬਿਸਕੁਟ, ਦੰਦਾਂ ਵਿਚ ਫਸੇ ਭੋਜਨ ਨੂੰ ਹਟਾਉਣ ਅਤੇ ਬੈਕਟੀਰੀਆ ਦੁਆਰਾ ਪੈਦਾ ਕੀਤੇ ਰਸਾਇਣਾਂ ਦੇ ਅਸਰ ਨੂੰ ਖ਼ਤਮ ਕਰਨ ਲਈ ਥੁੱਕ ਨੂੰ 15 ਤੋਂ 45 ਮਿੰਟ ਲੱਗਦੇ ਹਨ। ਇਹ ਸਭ ਕੁਝ ਕਰਨ ਲਈ ਥੁੱਕ ਨੂੰ ਕਿੰਨਾ ਸਮਾਂ ਲੱਗਦਾ ਹੈ, ਇਹ ਗੱਲ ਇਸ ਤੇ ਨਿਰਭਰ ਕਰਦੀ ਹੈ ਕਿ ਤੁਹਾਡੇ ਭੋਜਨ ਵਿਚ ਸ਼ੱਕਰ ਕਿੰਨੀ ਕੁ ਸੀ ਜਾਂ ਦੰਦਾਂ ਵਿਚ ਕਿੰਨਾ ਕੁ ਭੋਜਨ ਫਸਿਆ ਹੋਇਆ ਹੈ। ਇਨ੍ਹਾਂ ਮਿੰਟਾਂ ਦੌਰਾਨ ਹੀ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ। ਤੁਹਾਡੇ ਦੰਦਾਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਵਾਰ ਖਾਣਾ ਜਾਂ ਮਿੱਠੀਆਂ ਚੀਜ਼ਾਂ ਖਾਂਦੇ ਹੋ, ਨਾ ਕਿ ਕਿੰਨੀ ਕੁ ਮਾਤਰਾ ਵਿਚ। ਸੌਣ ਵੇਲੇ ਥੁੱਕ ਘੱਟ ਬਣਦਾ ਹੈ, ਇਸ ਲਈ ਜੇ ਤੁਸੀਂ ਕੋਈ ਮਿੱਠੀ ਚੀਜ਼ ਖਾ ਕੇ ਜਾਂ ਪੀ ਕੇ ਬਿਨਾਂ ਬੁਰਸ਼ ਕੀਤਿਆਂ ਸੌਂ ਜਾਂਦੇ ਹੋ, ਤਾਂ ਇਹ ਗੱਲ ਤੁਹਾਡੇ ਦੰਦਾਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗੀ। ਦੂਜੇ ਪਾਸੇ, ਖਾਣੇ ਤੋਂ ਬਾਅਦ ਫਿੱਕੀ ਚਿਊਇੰਗ-ਗਮ ਚਬਾਉਣ ਨਾਲ ਥੁੱਕ ਜ਼ਿਆਦਾ ਬਣੇਗਾ ਤੇ ਦੰਦਾਂ ਦੀ ਰਾਖੀ ਹੋਵੇਗੀ।ਦੰਦਾਂ ਦੀ ਮੁਰੰਮਤ
ਡਾਕਟਰ ਦੰਦਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਲ ਵਿਚ ਇਕ ਜਾਂ ਦੋ ਵਾਰ ਜਾਂਚ ਕਰਾਉਣ ਦੀ ਸਲਾਹ ਦਿੰਦੇ ਹਨ। ਜਾਂਚ ਕਰਦੇ ਵੇਲੇ ਡਾਕਟਰ ਦੇਖੇਗਾ ਕਿ ਦੰਦ ਕਿਤੇ ਸੜੇ ਤਾਂ ਨਹੀਂ ਹਨ ਅਤੇ ਸ਼ਾਇਦ ਇਕ-ਅੱਧ ਐਕਸ-ਰੇ ਵੀ ਲਵੇ। ਫਿਰ ਤੁਹਾਡੇ ਮੂੰਹ ਨੂੰ ਸੁੰਨ ਕਰ ਕੇ ਤੇ ਤੇਜ਼ ਰਫ਼ਤਾਰ ਡਰਿੱਲ ਇਸਤੇਮਾਲ ਕਰ ਕੇ ਉਹ ਤੁਹਾਨੂੰ ਦਰਦ ਪਹੁੰਚਾਏ ਬਿਨਾਂ ਖੋੜ ਭਰ ਦੇਵੇਗਾ। ਜਿਨ੍ਹਾਂ ਨੂੰ ਇਹ ਕਰਾਉਣ ਤੋਂ ਡਰ ਲੱਗਦਾ ਹੈ, ਉਨ੍ਹਾਂ ਤੇ ਡਾਕਟਰ ਲੇਜ਼ਰ ਜਾਂ ਪਲਾਕ ਨੂੰ ਖੋਰਨ ਵਾਲੀ ਜੈੱਲ ਇਸਤੇਮਾਲ ਕਰਦੇ ਹਨ। ਇਸ ਦੇ ਲਈ ਮੂੰਹ ਨੂੰ ਸੁੰਨ ਨਹੀਂ ਕਰਨਾ ਪੈਂਦਾ। ਡਾਕਟਰ ਬੱਚਿਆਂ ਦੀਆਂ ਨਵੀਆਂ ਉੱਗੀਆਂ ਦਾੜ੍ਹਾਂ ਵੱਲ ਖ਼ਾਸ ਤੌਰ ਤੇ ਧਿਆਨ ਦਿੰਦੇ ਹਨ। ਜੇ ਉਹ ਦਾੜ੍ਹਾਂ ਦੇ ਉੱਪਰਲੇ ਹਿੱਸੇ ਉੱਤੇ ਤਰੇੜਾਂ ਦੇਖਦਾ ਹੈ, ਤਾਂ ਉਹ ਉਨ੍ਹਾਂ ਨੂੰ ਸੀਲੈਂਟ ਨਾਲ ਭਰ ਦਿੰਦਾ ਹੈ। ਇਸ ਨਾਲ ਦਾੜ੍ਹਾਂ ਦਾ ਉੱਪਰਲਾ ਪਾਸਾ ਪੱਧਰਾ ਹੋ ਜਾਂਦਾ ਹੈ ਜਿਸ ਨੂੰ ਸਾਫ਼ ਕਰਨਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਦਾੜ੍ਹਾਂ ਖ਼ਰਾਬ ਨਹੀਂ ਹੁੰਦੀਆਂ।
ਵੱਡਿਆਂ ਵਿਚ ਡਾਕਟਰ ਖ਼ਾਸ ਤੌਰ ਤੇ ਮਸੂੜਿਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਡਾਕਟਰ ਦੰਦਾਂ ਤੇ ਕਰੇੜਾ ਜੰਮਿਆ ਹੋਇਆ ਦੇਖਦਾ ਹੈ, ਤਾਂ ਉਹ ਉਸ ਨੂੰ ਖੁਰਚ ਕੇ ਸਾਫ਼ ਕਰ ਦਿੰਦਾ ਹੈ। ਜ਼ਿਆਦਾਤਰ ਲੋਕ ਬੁਰਸ਼ ਕਰਦੇ ਵੇਲੇ ਦੰਦਾਂ ਦੇ ਕੁਝ ਹਿੱਸਿਆਂ ਨੂੰ ਸਾਫ਼ ਨਹੀਂ ਕਰਦੇ। ਇਸ ਲਈ ਡਾਕਟਰ ਤੁਹਾਨੂੰ ਦੱਸ ਸਕਦਾ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਬੁਰਸ਼ ਕਿਵੇਂ ਕਰ ਸਕਦੇ ਹੋ। ਕੁਝ ਡਾਕਟਰ ਦੰਦਾਂ ਦੀ ਸਫ਼ਾਈ ਦੇ ਸਪੈਸ਼ਲਿਸਟ ਨੂੰ ਮਿਲਣ ਦੀ ਸਲਾਹ ਦਿੰਦੇ ਹਨ।
ਨੁਕਸਾਨੇ ਗਏ ਦੰਦਾਂ ਦੀ ਮੁਰੰਮਤ
ਜੇ ਤੁਹਾਡੇ ਦੰਦ ਨੁਕਸਾਨੇ ਗਏ ਹਨ, ਟੁੱਟ ਗਏ ਹਨ ਜਾਂ ਟੇਢੇ-ਮੇਢੇ ਉੱਗੇ ਹਨ, ਤਾਂ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਡਾਕਟਰ ਨਵੀਆਂ ਤਕਨੀਕਾਂ ਇਸਤੇਮਾਲ ਕਰ ਕੇ ਦੰਦ ਠੀਕ ਕਰ ਸਕਦੇ ਹਨ। ਪਰ ਇਹ ਇਲਾਜ ਮਹਿੰਗਾ ਹੈ ਇਸ ਲਈ ਸੋਚ-ਸਮਝ ਕੇ ਇਲਾਜ ਉੱਤੇ ਪੈਸਾ ਖ਼ਰਚ ਕਰੋ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਇਲਾਜ ਭਾਵੇਂ ਮਹਿੰਗਾ ਹੈ, ਪਰ ਫ਼ਾਇਦੇਮੰਦ ਹੈ। ਇਲਾਜ ਕਰਾਉਣ ਤੋਂ ਬਾਅਦ ਤੁਸੀਂ ਖਾਣਾ ਚਿੱਥ ਸਕੋਗੇ। ਜਾਂ ਤੁਹਾਡੀ ਮੁਸਕਰਾਹਟ ਹੋਰ ਮਨਮੋਹਣੀ ਬਣ ਜਾਵੇਗੀ। ਇਹ ਕੋਈ ਮਾਮੂਲੀ ਗੱਲ ਨਹੀਂ ਹੈ ਕਿਉਂਕਿ ਬਦਸੂਰਤ ਦੰਦਾਂ ਦਾ ਤੁਹਾਡੀ ਸਮਾਜਕ ਜ਼ਿੰਦਗੀ ਉੱਤੇ ਅਸਰ ਪੈ ਸਕਦਾ ਹੈ।
ਡਾਕਟਰ ਮੋਹਰਲੇ ਟੁੱਟੇ ਜਾਂ ਕਾਲੇ ਹੋਏ ਦੰਦਾਂ ਉੱਤੇ ਅਨੈਮਲ ਵਰਗੀ ਨਜ਼ਰ ਆਉਂਦੀ ਚੀਨੀ ਮਿੱਟੀ ਦੀ ਝਾਲ ਫੇਰਨ ਦੀ ਸਲਾਹ ਦੇ ਸਕਦਾ ਹੈ। ਚੀਨੀ ਮਿੱਟੀ ਨੁਕਸਾਨੇ ਹੋਏ ਦੰਦ ਉੱਤੇ ਚੰਗੀ ਤਰ੍ਹਾਂ ਜੰਮ ਜਾਂਦੀ ਹੈ ਤੇ ਦੰਦ ਨੂੰ ਨਵਾਂ ਆਕਾਰ ਤੇ ਦਿੱਖ ਪ੍ਰਦਾਨ ਕਰਦੀ ਹੈ। ਜ਼ਿਆਦਾ ਖ਼ਰਾਬ ਹੋਏ ਦੰਦਾਂ ਲਈ ਡਾਕਟਰ ਕੈਪ ਜਾਂ ਕ੍ਰਾਊਨ ਚੜ੍ਹਾਉਣ ਦੀ ਸਲਾਹ ਦੇਵੇਗਾ। ਇਹ ਦੰਦ ਦੇ
ਬਚੇ ਹੋਏ ਹਿੱਸੇ ਨੂੰ ਪੂਰੀ ਤਰ੍ਹਾਂ ਢੱਕ ਦਿੰਦਾ ਹੈ। ਕ੍ਰਾਊਨ ਸੋਨੇ ਜਾਂ ਫਿਰ ਅਨੈਮਲ ਵਰਗੀ ਨਜ਼ਰ ਆਉਣ ਵਾਲੀ ਚੀਜ਼ ਦਾ ਬਣਾਇਆ ਜਾਂਦਾ ਹੈ।ਟੁੱਟੇ ਦੰਦਾਂ ਦੇ ਮਾਮਲੇ ਵਿਚ ਡਾਕਟਰ ਕੀ ਕਰ ਸਕਦੇ ਹਨ? ਉਹ ਜਾਂ ਤਾਂ ਲਾਹੇ ਜਾ ਸਕਣ ਵਾਲੇ ਨਕਲੀ ਦੰਦ ਲਾ ਸਕਦਾ ਹੈ ਜਾਂ ਫਿਰ ਬ੍ਰਿਜ ਲਾ ਸਕਦਾ ਹੈ ਜਿਸ ਵਿਚ ਨਕਲੀ ਦੰਦਾਂ ਨੂੰ ਸਹੀ ਥਾਂ ਤੇ ਜੋੜੀ ਰੱਖਣ ਲਈ ਦੋਵੇਂ ਪਾਸਿਆਂ ਦੇ ਇਕ-ਇਕ ਦੰਦ ਉੱਤੇ ਕੈਪ ਚੜ੍ਹਾਈ ਜਾਂਦੀ ਹੈ। ਜਾਂ ਅੱਜ-ਕੱਲ੍ਹ ਟੁੱਟੇ ਦੰਦ ਦੀ ਜਗ੍ਹਾ ਨਕਲੀ ਦੰਦ ਪੱਕੇ ਤੌਰ ਤੇ ਇੰਪਲਾਂਟ ਕੀਤਾ ਜਾਂਦਾ ਹੈ। ਡਾਕਟਰ ਟੁੱਟੇ ਦੰਦ ਵਾਲੀ ਥਾਂ ਤੇ ਜਬਾੜੇ ਦੀ ਹੱਡੀ ਵਿਚ ਟਾਈਟੇਨੀਅਮ ਦਾ ਇਕ ਪੇਚ ਪਾਉਂਦਾ ਹੈ। ਜਦੋਂ ਹੱਡੀ ਤੇ ਬੁੱਟ ਦੁਬਾਰਾ ਵਧ ਕੇ ਪੇਚ ਨੂੰ ਜਕੜ ਲੈਂਦੇ ਹਨ, ਤਾਂ ਡਾਕਟਰ ਉਸ ਪੇਚ ਉੱਤੇ ਨਕਲੀ ਦੰਦ ਜੋੜ ਦਿੰਦਾ ਹੈ। ਇਹ ਦੰਦ ਹੂ-ਬਹੂ ਅਸਲੀ ਦੰਦ ਨਜ਼ਰ ਆਉਂਦਾ ਹੈ।
ਦੰਦ ਟੇਢੇ-ਮੇਢੇ ਹੋਣ ਕਰਕੇ ਸਾਨੂੰ ਮੁਸਕਰਾਉਂਦਿਆਂ ਵੀ ਸ਼ਰਮ ਆਉਂਦੀ ਹੈ ਅਤੇ ਇਨ੍ਹਾਂ ਨੂੰ ਸਾਫ਼ ਕਰਨਾ ਮੁਸ਼ਕਲ ਹੋਣ ਕਰਕੇ ਬੀਮਾਰੀਆਂ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਟੇਢੇ-ਮੇਢੇ ਦੰਦਾਂ ਨਾਲ ਭੋਜਨ ਚਿੱਥਣਾ ਮੁਸ਼ਕਲ ਹੁੰਦਾ ਹੈ ਤੇ ਦੰਦਾਂ ਵਿਚ ਦਰਦ ਵੀ ਹੋ ਸਕਦਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਡਾਕਟਰ ਤਾਰਾਂ (braces) ਲਾ ਕੇ ਦੰਦ ਸਿੱਧੇ ਕਰ ਦਿੰਦੇ ਹਨ। ਅੱਜ-ਕੱਲ੍ਹ ਨਵੇਂ-ਨਵੇਂ ਡੀਜ਼ਾਈਨ ਦੀਆਂ ਤਾਰਾਂ ਮੂੰਹ ਵਿਚ ਲਾਈਆਂ ਜ਼ਿਆਦਾ ਨਜ਼ਰ ਨਹੀਂ ਆਉਂਦੀਆਂ ਤੇ ਇਨ੍ਹਾਂ ਨੂੰ ਵਾਰ-ਵਾਰ ਕੱਸਣ ਦੀ ਵੀ ਘੱਟ ਲੋੜ ਪੈਂਦੀ ਹੈ।
ਕੁਝ ਡਾਕਟਰ ਮੂੰਹ ਵਿੱਚੋਂ ਆਉਂਦੀ ਬੋ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਜ਼ਿਆਦਾਤਰ ਲੋਕਾਂ ਦੇ ਮੂੰਹ ਵਿੱਚੋਂ ਕਦੀ-ਕਦਾਈਂ ਬੋ ਆਉਂਦੀ ਹੈ, ਪਰ ਕੁਝ ਲੋਕਾਂ ਦੇ ਮੂੰਹੋਂ ਆਉਂਦੀ ਰਹਿੰਦੀ ਹੈ। ਇਸ ਦੇ ਕਈ ਕਾਰਨ ਹਨ। ਕਈ ਡਾਕਟਰ ਮੂੰਹ ਦੀ ਬੋ ਦਾ ਖ਼ਾਸ ਕਾਰਨ ਲੱਭਣ ਵਿਚ ਸਪੈਸ਼ਲਿਸਟ ਹੁੰਦੇ ਹਨ। ਆਮ ਤੌਰ ਤੇ ਬੋ ਬੈਕਟੀਰੀਆ ਕਾਰਨ ਆਉਂਦੀ ਹੈ ਜੋ ਜੀਭ ਦੇ ਪਿਛਲੇ ਹਿੱਸੇ ਵਿਚ ਪਲਦਾ ਹੈ। ਜੀਭ ਨੂੰ ਸਾਫ਼ ਕਰਨ ਜਾਂ ਚਿਊਇੰਗ-ਗਮ ਚਬਾਉਣ ਨਾਲ ਬੋ ਘੱਟ ਆਉਂਦੀ ਹੈ ਕਿਉਂਕਿ ਇਸ ਨਾਲ ਥੁੱਕ ਜ਼ਿਆਦਾ ਬਣਦਾ ਹੈ। ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਮੀਟ-ਮੱਛੀ ਖਾਣ ਤੋਂ ਬਾਅਦ ਮੂੰਹ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ।
ਡਰ ਤੇ ਕਾਬੂ ਪਾਓ
ਜੇ ਤੁਹਾਨੂੰ ਡਾਕਟਰ ਕੋਲ ਜਾਣ ਤੋਂ ਡਰ ਲੱਗਦਾ ਹੈ, ਤਾਂ ਡਾਕਟਰ ਤੁਹਾਡਾ ਡਰ ਘਟਾ ਸਕਦਾ ਹੈ। ਇਸ ਲਈ ਉਸ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਉਸ ਨੂੰ ਦੱਸੋ ਕਿ ਇਲਾਜ ਦੌਰਾਨ ਤੁਸੀਂ ਕਿਵੇਂ ਇਸ਼ਾਰੇ ਨਾਲ ਉਸ ਨੂੰ ਦੱਸੋਗੇ ਕਿ ਤੁਹਾਨੂੰ ਦਰਦ ਹੋ ਰਿਹਾ ਹੈ ਜਾਂ ਤੁਹਾਨੂੰ ਡਰ ਲੱਗ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਮਰੀਜ਼ਾਂ ਨੇ ਆਪਣੇ ਡਰ ਉੱਤੇ ਕਾਬੂ ਪਾਇਆ ਹੈ।
ਜਾਂ ਤੁਹਾਨੂੰ ਡਰ ਹੋਣਾ ਕਿ ਦੰਦਾਂ ਦੀ ਦੇਖ-ਭਾਲ ਨਾ ਕਰਨ ਕਰਕੇ ਡਾਕਟਰ ਤੁਹਾਨੂੰ ਝਿੜਕੇਗਾ ਜਾਂ ਸ਼ਰਮਿੰਦਾ ਕਰੇਗਾ। ਪਰ ਡਾਕਟਰ ਇਸ ਤਰ੍ਹਾਂ ਕਰ ਕੇ ਆਪਣਾ ਧੰਦਾ ਠੱਪ ਨਹੀਂ ਕਰਨਾ ਚਾਹੇਗਾ। ਇਸ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਜ਼ਿਆਦਾਤਰ ਡਾਕਟਰ ਆਪਣੇ ਮਰੀਜ਼ਾਂ ਨਾਲ ਪਿਆਰ ਨਾਲ ਗੱਲ ਕਰਦੇ ਹਨ।
ਬਹੁਤ ਸਾਰੇ ਲੋਕ ਇਲਾਜ ਮਹਿੰਗਾ ਹੋਣ ਕਰਕੇ ਡਾਕਟਰ ਕੋਲ ਨਹੀਂ ਜਾਂਦੇ। ਪਰ ਜੇ ਤੁਸੀਂ ਹੁਣ ਆਪਣੇ ਦੰਦਾਂ ਦੀ ਜਾਂਚ ਕਰਾ ਲਓ, ਤਾਂ ਬਾਅਦ ਵਿਚ ਤੁਹਾਨੂੰ ਸਮੱਸਿਆਵਾਂ ਨਹੀਂ ਆਉਣਗੀਆਂ ਤੇ ਮਹਿੰਗਾ ਇਲਾਜ ਨਹੀਂ ਕਰਾਉਣਾ ਪਵੇਗਾ। ਬਹੁਤ ਸਾਰੀਆਂ ਥਾਵਾਂ ਤੇ ਮਰੀਜ਼ ਦੀ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਡਾਕਟਰ ਵੱਖਰੇ-ਵੱਖਰੇ ਤਰੀਕਿਆਂ ਨਾਲ ਇਲਾਜ ਕਰਦੇ ਹਨ। ਛੋਟੇ ਕਲਿਨਿਕਾਂ ਵਿਚ ਵੀ ਆਮ ਤੌਰ ਤੇ ਐਕਸ-ਰੇ ਮਸ਼ੀਨ ਤੇ ਤੇਜ਼ ਰਫ਼ਤਾਰ ਡਰਿੱਲ ਜ਼ਰੂਰ ਹੁੰਦੀ ਹੈ। ਡਾਕਟਰ ਮਰੀਜ਼ ਨੂੰ ਜ਼ਿਆਦਾ ਦਰਦ ਦਿੱਤੇ ਬਿਨਾਂ ਦੰਦਾਂ ਦੀ ਮੁਰੰਮਤ ਕਰ ਸਕਦੇ ਹਨ। ਸੁੰਨ ਕਰਨ ਵਾਲੀ ਦਵਾਈ ਵੀ ਸਸਤੀ ਹੈ ਸੋ ਗ਼ਰੀਬ ਲੋਕ ਵੀ ਇਲਾਜ ਕਰਾ ਸਕਦੇ ਹਨ।
ਦੰਦਾਂ ਦੇ ਡਾਕਟਰਾਂ ਦਾ ਕੰਮ ਹੁੰਦਾ ਹੈ ਦਰਦ ਘਟਾਉਣਾ, ਨਾ ਕਿ ਵਧਾਉਣਾ। ਦਾਦਿਆਂ-ਪੜਦਾਦਿਆਂ ਦੇ ਜ਼ਮਾਨੇ ਵਿਚ ਦੰਦਾਂ ਦਾ ਇਲਾਜ ਕਰਾਉਣਾ ਬਹੁਤ ਦਰਦਨਾਕ ਹੁੰਦਾ ਸੀ। ਪਰ ਅੱਜ ਇਹ ਦਰਦਨਾਕ ਨਹੀਂ ਰਿਹਾ। ਤੰਦਰੁਸਤ ਦੰਦਾਂ ਦਾ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਤੇ ਤੁਸੀਂ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹੋ, ਇਸ ਲਈ ਕਿਉਂ ਨਹੀਂ ਤੁਸੀਂ ਦੰਦਾਂ ਦੇ ਡਾਕਟਰ ਨੂੰ ਮਿਲਦੇ? ਤੁਸੀਂ ਉਸ ਨੂੰ ਮਿਲ ਕੇ ਪਛਤਾਓਗੇ ਨਹੀਂ! (g 5/07)
[ਫੁਟਨੋਟ]
^ ਪੈਰਾ 3 ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਦੰਦਾਂ ਦਾ ਡਾਕਟਰ ਮਰੀਜ਼ ਦੀ ਕਿਵੇਂ ਮਦਦ ਕਰ ਸਕਦਾ ਹੈ। ਤੁਸੀਂ ਖ਼ੁਦ ਆਪਣੇ ਦੰਦਾਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹੋ, ਇਸ ਬਾਰੇ ਜਾਣਨ ਲਈ ਕਿਰਪਾ ਕਰ ਕੇ 8 ਨਵੰਬਰ 2005 (ਅੰਗ੍ਰੇਜ਼ੀ) ਦੇ ਜਾਗਰੂਕ ਬਣੋ! ਵਿਚ “ਤੁਸੀਂ ਆਪਣੀ ਮੁਸਕਾਨ ਬਰਕਰਾਰ ਰੱਖ ਸਕਦੇ ਹੋ” ਨਾਂ ਦਾ ਲੇਖ ਦੇਖੋ।
[ਸਫ਼ਾ 29 ਉੱਤੇ ਡਾਇਆਗ੍ਰਾਮ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸਿਹਤਮੰਦ ਦੰਦਾਂ ਦੀ ਬਣਤਰ
ਕ੍ਰਾਊਨ
ਅਨੈਮਲ
ਡੈਂਟਨ
ਗੁੱਦਾ ਅਤੇ ਨਸਾਂ ਤੇ ਰੱਤ-ਨਾੜਾਂ
ਜੜ੍ਹ
ਮਸੂੜੇ
ਹੱਡੀ
[ਸਫ਼ਾ 29 ਉੱਤੇ ਡਾਇਆਗ੍ਰਾਮ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਦੰਦਾਂ ਦਾ ਸੜਨਾ
ਖੋੜ
ਭਰੀ ਹੋਈ ਖੋੜ ਜਿਸ ਕਰਕੇ ਦੰਦ ਹੋਰ ਖ਼ਰਾਬ ਨਹੀਂ ਹੁੰਦਾ
[ਸਫ਼ਾ 29 ਉੱਤੇ ਡਾਇਆਗ੍ਰਾਮ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਮਸੂੜਿਆਂ ਦੀ ਬੀਮਾਰੀ
ਪਲਾਕ ਨੂੰ ਬੁਰਸ਼ ਨਾਲ ਜਾਂ ਡੈਂਟਲ ਫਲਾਸ ਧਾਗੇ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ
ਕਰੇੜੇ ਨੂੰ ਸਾਫ਼ ਕਰਨਾ ਮੁਸ਼ਕਲ ਹੁੰਦਾ ਹੈ ਤੇ ਇਸ ਕਰਕੇ ਮਸੂੜੇ ਦੰਦਾਂ ਤੋਂ ਵੱਖ ਹੋ ਜਾਂਦੇ ਹਨ
ਦੰਦਾਂ ਨਾਲੋਂ ਵੱਖ ਹੋ ਰਹੇ ਮਸੂੜੇ
[ਸਫ਼ਾ 30 ਉੱਤੇ ਡਾਇਆਗ੍ਰਾਮ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਦੰਦਾਂ ਦੀ ਮੁਰੰਮਤ
ਚੀਨੀ ਮਿੱਟੀ ਦੀ ਝਾਲ ਦੰਦਾਂ ਨਾਲ ਚਿਪਕ ਜਾਂਦੀ ਹੈ
ਕੈਪ
ਕ੍ਰਾਊਨ
ਨਕਲੀ ਦੰਦ ਨੂੰ ਸਹੀ ਥਾਂ ਤੇ ਜੋੜੀ ਰੱਖਣ ਲਈ ਦੋਵੇਂ ਪਾਸਿਆਂ ਦੇ ਇਕ-ਇਕ ਦੰਦ ਉੱਤੇ ਕੈਪ ਚੜ੍ਹਾਈ ਜਾਂਦੀ ਹੈ