Skip to content

Skip to table of contents

ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓ

ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓ

ਬਾਈਬਲ ਦਾ ਦ੍ਰਿਸ਼ਟੀਕੋਣ

ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓ

ਬਾਈਬਲ ਕਹਿੰਦੀ ਹੈ ਕਿ ‘ਧਨ ਸਾਯੇ ਵਰਗਾ ਹੈ।’ (ਉਪਦੇਸ਼ਕ ਦੀ ਪੋਥੀ 7:12) ਜੇ ਪੈਸਾ ਹੋਵੇ, ਤਾਂ ਅਸੀਂ ਰੋਟੀ, ਕੱਪੜੇ ਤੇ ਮਕਾਨ ਦਾ ਇੰਤਜ਼ਾਮ ਕਰ ਸਕਦੇ ਹਾਂ। ਪੈਸਾ ਸਾਨੂੰ ਗ਼ਰੀਬੀ ਅਤੇ ਜ਼ਿੰਦਗੀ ਦੀਆਂ ਹੋਰ ਤੰਗੀਆਂ ਤੋਂ ਵੀ ਬਚਾ ਸਕਦਾ ਹੈ। ਪੈਸੇ ਨਾਲ ਵਾਕਈ ਹਰ ਭੌਤਿਕ ਚੀਜ਼ ਖ਼ਰੀਦੀ ਜਾ ਸਕਦੀ ਹੈ। ਉਪਦੇਸ਼ਕ ਦੀ ਪੋਥੀ 10:19 ਵਿਚ ਲਿਖਿਆ ਹੈ ਕਿ “ਰੋਕੜ ਸਭ ਕਾਸੇ ਦਾ ਉੱਤਰ ਹੈ।”

ਪਰਮੇਸ਼ੁਰ ਦਾ ਬਚਨ ਸਾਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂਕਿ ਅਸੀਂ ਆਪਣੀਆਂ ਤੇ ਆਪਣੇ ਪਰਿਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ। (1 ਤਿਮੋਥਿਉਸ 5:8) ਈਮਾਨਦਾਰੀ ਨਾਲ ਕੀਤੀ ਗਈ ਮਿਹਨਤ ਦਾ ਫਲ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਹੈ।—ਉਪਦੇਸ਼ਕ ਦੀ ਪੋਥੀ 3:12, 13.

ਇਸ ਤੋਂ ਇਲਾਵਾ ਜੇ ਅਸੀਂ ਸਖ਼ਤ ਮਿਹਨਤ ਕਰਾਂਗਾ, ਤਾਂ ਅਸੀਂ ਦਿਲ ਖੋਲ੍ਹ ਕੇ ਦੂਸਰਿਆਂ ਨੂੰ ਦੇ ਸਕਾਂਗੇ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਹਾਂ, ਅਸੀਂ ਮੁਬਾਰਕ ਜਾਂ ਖ਼ੁਸ਼ ਉਦੋਂ ਹੋਵਾਂਗੇ ਜਦੋਂ ਅਸੀਂ ਦੂਸਰਿਆਂ ਦੇ ਭਲੇ ਲਈ, ਖ਼ਾਸ ਕਰਕੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ, ਖ਼ੁਸ਼ੀ-ਖ਼ੁਸ਼ੀ ਆਪਣਾ ਧਨ ਵਰਤਾਂਗੇ ਜਾਂ ਜਦੋਂ ਅਸੀਂ ਆਪਣੇ ਕਿਸੇ ਅਜ਼ੀਜ਼ ਲਈ ਤੋਹਫ਼ਾ ਖ਼ਰੀਦਾਂਗੇ।—2 ਕੁਰਿੰਥੀਆਂ 9:7; 1 ਤਿਮੋਥਿਉਸ 6:17-19.

ਯਿਸੂ ਨੇ ਆਪਣੇ ਚੇਲਿਆਂ ਨੂੰ ਦਰਿਆ-ਦਿਲ ਇਨਸਾਨ ਬਣਨ ਲਈ ਉਤਸ਼ਾਹਿਤ ਕੀਤਾ ਸੀ। ਪਰ ਯਿਸੂ ਦੂਸਰਿਆਂ ਨੂੰ ਸਿਰਫ਼ ਕਦੇ-ਕਦਾਈਂ ਦੇਣ ਦੀ ਗੱਲ ਨਹੀਂ ਕਰ ਰਿਹਾ ਸੀ। ਉਸ ਨੇ ਕਿਹਾ ਸੀ ਕਿ ਦਰਿਆ-ਦਿਲੀ ਸਾਡੀ ਜ਼ਿੰਦਗੀ ਦੀ ਰੀਤ ਹੋਣੀ ਚਾਹੀਦੀ ਸੀ। (ਲੂਕਾ 6:38) ਇਹੀ ਗੱਲ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਕਰਨ ਉੱਤੇ ਵੀ ਲਾਗੂ ਹੁੰਦੀ ਹੈ। (ਕਹਾਉਤਾਂ 3:9) ਪਰਮੇਸ਼ੁਰ ਦੀ ਸੇਵਾ ਵਿਚ ਦਰਿਆ-ਦਿਲੀ ਦਿਖਾ ਕੇ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦੇ ‘ਮਿੱਤਰ ਬਣ’ ਸਕਦੇ ਹਾਂ।—ਲੂਕਾ 16:9.

‘ਮਾਇਆ ਦੇ ਲੋਭ’ ਤੋਂ ਬਚੋ

ਖ਼ੁਦਗਰਜ਼ ਤੇ ਸੁਆਰਥੀ ਲੋਕ ਬਹੁਤ ਹੀ ਘੱਟ ਆਪਣਾ ਹੱਥ ਖੋਲ੍ਹ ਕੇ ਕਿਸੇ ਨੂੰ ਕੁਝ ਦਿੰਦੇ ਹਨ। ਜਦ ਕਦੀ ਉਨ੍ਹਾਂ ਦੇ ਦਿਲ ਵਿਚ ਕਿਸੇ ਨੂੰ ਕੁਝ ਦੇਣ ਦੀ ਇੱਛਾ ਜਾਗਦੀ ਹੈ, ਤਾਂ ਅਕਸਰ ਉਨ੍ਹਾਂ ਦੇ ਇਰਾਦੇ ਬੁਰੇ ਹੁੰਦੇ ਹਨ। ਉਨ੍ਹਾਂ ਦੇ ਦਿਲ ਵਿਚ ਲਾਲਚ ਹੁੰਦਾ ਹੈ। ਉਹ ਸੋਚਦੇ ਹਨ ਕਿ ਪੈਸਾ ਹੀ ਸਭ ਕੁਝ ਹੈ ਅਤੇ ਪੈਸਾ ਹੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਵੇਗਾ, ਪਰ ਖ਼ੁਸ਼ੀ ਦੀ ਬਜਾਇ ਉਨ੍ਹਾਂ ਦੀ ਜ਼ਿੰਦਗੀ ਨਿਰਾਸ਼ਾ ਨਾਲ ਭਰ ਜਾਂਦੀ ਹੈ। 1 ਤਿਮੋਥਿਉਸ 6:10 ਵਿਚ ਲਿਖਿਆ ਹੈ ਕਿ “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” ਪਰ ਮਾਇਆ ਦੇ ਲੋਭ ਤੋਂ ਇੰਨਾ ਦੁੱਖ ਕਿਉਂ ਮਿਲਦਾ ਹੈ?

ਇਕ ਗੱਲ ਇਹ ਹੈ ਕਿ ਪੈਸੇ ਦੀ ਭੁੱਖ ਕਦੀ ਮਿਟਦੀ ਨਹੀਂ। ਉਪਦੇਸ਼ਕ ਦੀ ਪੋਥੀ 5:10 ਵਿਚ ਲਿਖਿਆ ਹੈ ਕਿ “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ।” ਇਸ ਲਈ ਪੈਸੇ ਦੇ ਪ੍ਰੇਮੀ ਆਪਣੇ ਆਪ ਨੂੰ ਨਿਰਾਸ਼ਾ ਤੇ ਮਾਯੂਸੀ ਦੇ ‘ਤੀਰਾਂ ਨਾਲ ਵਿੰਨ੍ਹ’ ਲੈਂਦੇ ਹਨ। ਇਸ ਦੇ ਨਾਲ-ਨਾਲ ਜਿਹੜੇ ਲੋਕ ਪੈਸੇ ਪਿੱਛੇ ਭੱਜਦੇ ਹਨ ਉਨ੍ਹਾਂ ਦੇ ਰਿਸ਼ਤਿਆਂ ਵਿਚ ਦਰਾੜ ਪੈ ਜਾਂਦੀ ਹੈ, ਉਨ੍ਹਾਂ ਦਾ ਪਰਿਵਾਰਕ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਰਾਮ ਕਰਨ ਦਾ ਮੌਕਾ ਨਹੀਂ ਮਿਲਦਾ। “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।” (ਉਪਦੇਸ਼ਕ ਦੀ ਪੋਥੀ 5:12) ਪਰ ਇਨ੍ਹਾਂ ਸਭ ਗੱਲਾਂ ਤੋਂ ਵੱਧ ਪੈਸੇ ਦਾ ਲਾਲਚ ਸਾਨੂੰ ਯਹੋਵਾਹ ਤੋਂ ਦੂਰ ਕਰ ਦਿੰਦਾ ਹੈ। ਅਜਿਹਾ ਰਵੱਈਆ  ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦਾ ਹੈ।—ਅੱਯੂਬ 31:24, 28.

ਬਾਈਬਲ ਅਤੇ ਹੋਰ ਇਤਿਹਾਸਕ ਕਿਤਾਬਾਂ ਵਿਚ ਉਨ੍ਹਾਂ ਲੋਕਾਂ ਦੀਆਂ ਉਦਾਹਰਣਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੇ ਪੈਸੇ ਦੇ ਲਾਲਚ ਕਾਰਨ ਚੋਰੀ ਤੇ ਬੇਈਮਾਨੀ ਕੀਤੀ, ਆਪਣੇ ਸਰੀਰ ਵੇਚੇ, ਖ਼ੂਨ ਕੀਤਾ, ਦੂਸਰਿਆਂ ਨੂੰ ਧੋਖਾ ਦਿੱਤਾ ਅਤੇ ਝੂਠ ਬੋਲਿਆ। ਹਾਂ, ਉਨ੍ਹਾਂ ਨੇ ਇਹ ਸਭ ਕੁਝ ਪੈਸੇ ਦੀ ਖ਼ਾਤਰ ਕੀਤਾ ਸੀ। (ਯਹੋਸ਼ੁਆ 7:1, 20-26; ਮੀਕਾਹ 3:11; ਮਰਕੁਸ 14:10, 11; ਯੂਹੰਨਾ 12:6) ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਇਕ ਨੌਜਵਾਨ ਸਰਦਾਰ ਨੂੰ ਉਸ ਦਾ ਚੇਲਾ ਬਣਨ ਲਈ ਕਿਹਾ ਜੋ “ਵੱਡਾ ਧਨਵਾਨ ਸੀ।” ਅਫ਼ਸੋਸ ਦੀ ਗੱਲ ਹੈ ਕਿ ਉਸ ਆਦਮੀ ਨੇ ਯਿਸੂ ਦੇ ਸੱਦੇ ਨੂੰ ਕਬੂਲ ਨਹੀਂ ਕੀਤਾ ਕਿਉਂਕਿ ਉਹ ਆਪਣੀ ਧਨ-ਦੌਲਤ ਨੂੰ ਬਹੁਤ ਪਿਆਰ ਕਰਦਾ ਸੀ। ਇਹ ਦੇਖ ਕੇ ਯਿਸੂ ਨੇ ਕਿਹਾ: “ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ!”—ਲੂਕਾ 18:23, 24.

ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਮਸੀਹੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ ਲੋਕ ਆਮ ਤੌਰ ਤੇ “ਮਾਇਆ ਦੇ ਲੋਭੀ” ਹੀ ਹਨ। (2 ਤਿਮੋਥਿਉਸ 3:1, 2) ਰੂਹਾਨੀ ਤੌਰ ਤੇ ਜਾਗਦੇ ਰਹਿਣ ਵਾਲੇ ਸੱਚੇ ਮਸੀਹੀ ਦੁਨੀਆਂ ਦੇ ਲੋਕਾਂ ਵਾਂਗ ਲੋਭੀ ਨਹੀਂ ਬਣਦੇ ਕਿਉਂਕਿ ਉਨ੍ਹਾਂ ਕੋਲ ਅਜਿਹੀ ਚੀਜ਼ ਹੈ ਜੋ ਪੈਸੇ ਨਾਲੋਂ ਕਿਤੇ ਕੀਮਤੀ ਹੈ।

ਪੈਸੇ ਨਾਲੋਂ ਕੀਮਤੀ ਚੀਜ਼

ਭਾਵੇਂ ਕਿ ਰਾਜਾ ਸੁਲੇਮਾਨ ਨੇ ਕਿਹਾ ਸੀ ਕਿ ਪੈਸਾ ਸਾਏ ਵਰਗਾ ਹੈ ਜਾਂ ਤੰਗੀਆਂ ਤੋਂ ਬਚਾਉਂਦਾ ਹੈ, ਉਸ ਨੇ ਇਹ ਵੀ ਕਿਹਾ ਸੀ ਕਿ ‘ਬੁੱਧ ਇਕ ਸਾਯਾ’ ਹੈ ਕਿਉਂਕਿ ਉਹ “ਆਪਣੇ ਰੱਖਦਿਆਂ [ਮਾਲਕਾਂ] ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਇਹ ਕਹਿਣ ਵਿਚ ਉਸ ਦਾ ਕੀ ਮਤਲਬ ਸੀ? ਸੁਲੇਮਾਨ ਇੱਥੇ ਉਸ ਬੁੱਧ ਦੀ ਗੱਲ ਕਰ ਰਿਹਾ ਸੀ ਜੋ ਬਾਈਬਲ ਦੇ ਸਹੀ ਗਿਆਨ ਅਤੇ ਪਰਮੇਸ਼ੁਰ ਦੇ ਭੈ ਤੇ ਆਧਾਰਿਤ ਹੈ। ਇਹ ਬੁੱਧ ਪੈਸੇ ਨਾਲੋਂ ਉੱਤਮ ਹੈ। ਅਜਿਹੀ ਬੁੱਧ ਜ਼ਿੰਦਗੀ ਵਿਚ ਆਉਣ ਵਾਲੇ ਖ਼ਤਰਿਆਂ ਤੋਂ ਇਨਸਾਨ ਨੂੰ ਬਚਾ ਸਕਦੀ ਹੈ ਅਤੇ ਅਣਿਆਈ ਮੌਤ ਤੋਂ ਵੀ ਬਚਾ ਸਕਦੀ ਹੈ। ਜਿਸ ਤਰ੍ਹਾਂ ਇਕ ਤਾਜ ਵਡਿਆਈ ਤੇ ਆਦਰ ਦੀ ਨਿਸ਼ਾਨੀ ਹੈ, ਉਸੇ ਤਰ੍ਹਾਂ ਜੇ ਸਾਡੇ ਕੋਲ ਸੱਚੀ ਬੁੱਧ ਹੋਵੇ, ਤਾਂ ਸਾਡੀ ਵਡਿਆਈ ਹੋਵੇਗੀ ਅਤੇ ਸਾਡਾ ਆਦਰ ਹੋਵੇਗਾ। (ਕਹਾਉਤਾਂ 2:10-22; 4:5-9) ਬੁੱਧ ਹਾਸਲ ਕਰ ਕੇ ਅਸੀਂ ਪਰਮੇਸ਼ੁਰ ਦੀ ਮਿਹਰ ਵੀ ਪਾਉਂਦੇ ਹਾਂ ਜਿਸ ਲਈ ਇਸ ਬੁੱਧ ਨੂੰ “ਜੀਉਣ ਦਾ ਬਿਰਛ” ਵੀ ਕਿਹਾ ਗਿਆ ਹੈ।—ਕਹਾਉਤਾਂ 3:18.

ਜੇ ਤੁਸੀਂ ਸੱਚ-ਮੁੱਚ ਬੁੱਧ ਹਾਸਲ ਕਰਨੀ ਚਾਹੁੰਦੇ ਹੋ ਅਤੇ ਦਿਲੋਂ ਉਸ ਦੀ ਭਾਲ ਕਰਨ ਲਈ ਤਿਆਰ ਹੋ, ਤਾਂ ਤੁਸੀਂ ਜ਼ਰੂਰ ਉਸ ਨੂੰ ਪਾ ਸਕਦੇ ਹੋ। “ਹੇ ਮੇਰੇ ਪੁੱਤ੍ਰ, ਜੇ ਤੂੰ . . . ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”—ਕਹਾਉਤਾਂ 2:1-6.

ਸੱਚੇ ਮਸੀਹੀ ਪੈਸੇ ਨਾਲੋਂ ਬੁੱਧ ਨੂੰ ਜ਼ਿਆਦਾ ਅਨਮੋਲ ਤੇ ਕੀਮਤੀ ਸਮਝਦੇ ਹਨ। ਇਸੇ ਲਈ ਉਹ ਮਨ ਦੀ ਅਜਿਹੀ ਸ਼ਾਂਤੀ, ਖ਼ੁਸ਼ੀ ਤੇ ਸੁਰੱਖਿਆ ਪਾਉਂਦੇ ਹਨ ਜੋ ਪੈਸੇ ਦੇ ਪ੍ਰੇਮੀਆਂ ਦੇ ਹੱਥ ਨਹੀਂ ਆਉਂਦੀ। ਇਬਰਾਨੀਆਂ 13:5 ਵਿਚ ਲਿਖਿਆ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ [ਪਰਮੇਸ਼ੁਰ] ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” ਧਨ-ਦੌਲਤ ਤੁਹਾਨੂੰ ਅਜਿਹੀ ਗਾਰੰਟੀ ਨਹੀਂ ਦਿੰਦੀ। (g 6/07)

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਪੈਸਾ ਸਾਡੀ ਰਾਖੀ ਕਿਵੇਂ ਕਰਦਾ ਹੈ?—ਉਪਦੇਸ਼ਕ ਦੀ ਪੋਥੀ 7:12.

◼ ਪਰਮੇਸ਼ੁਰ ਤੋਂ ਮਿਲੀ ਬੁੱਧ ਪੈਸੇ ਨਾਲੋਂ ਉੱਤਮ ਕਿਉਂ ਹੈ?—ਕਹਾਉਤਾਂ 2:10-22; 3:13-18.

◼ ਮਾਇਆ ਦਾ ਲੋਭ ਕਰਨ ਤੋਂ ਸਾਨੂੰ ਕਿਉਂ ਬਚਣਾ ਚਾਹੀਦਾ ਹੈ?—ਮਰਕੁਸ 10:23, 25; ਲੂਕਾ 18:23, 24; 1 ਤਿਮੋਥਿਉਸ 6:9, 10.